You’re viewing a text-only version of this website that uses less data. View the main version of the website including all images and videos.
ਡੌਨਲਡ ਟਰੰਪ 'ਤੇ ਮੁੜ ਹਮਲੇ ਦੀ ਕੋਸ਼ਿਸ਼, ਜਾਣੋ ਹੁਣ ਤੱਕ ਕੀ-ਕੀ ਪਤਾ
ਅਮਰੀਕਾ ਦੀ ਖੂਫ਼ੀਆ ਏਜੰਸੀ ਐੱਫਬੀਆਈ ਨੇ ਕਿਹਾ ਹੈ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਉੱਤੇ ਫਿਰ ਤੋਂ ਹਮਲੇ ਦੀ ਕੋਸ਼ਿਸ਼ ਹੋਈ ਹੈ।
ਇਹ ਕੋਸ਼ਿਸ਼ ਫਲੋਰੀਡਾ ਦੇ ਗੋਲਫ ਕੋਰਸ 'ਤੇ ਬਾਹਰ ਕੀਤੀ ਗਈ।
ਐੱਫਬੀਆਈ ਨੇ ਇਸ ਨੂੰ ਟਰੰਪ ਦੇ ਕਤਲ ਦੀ ਕੋਸ਼ਿਸ਼ ਵਜੋਂ ਵਰਣਿਤ ਕੀਤਾ ਹੈ ਅਤੇ ਇਸ ਤੋਂ ਬਾਅਦ ਟਰੰਪ ਨੂੰ ਸੁਰੱਖਿਆ ਦੇ ਮੱਦੇਨਜ਼ਰ ਉੱਥੋਂ ਤੁਰੰਤ ਲੈ ਕੇ ਗਏ।
ਇਸ ਦੌਰਾਨ ਉਨ੍ਹਾਂ ਦੇ ਮੁਹਿੰਮ ਸੰਚਾਰ ਨਿਰਦੇਸ਼ਕ ਸਟੀਵਨ ਚਿਓਂਗ ਨੇ ਕਿਹਾ, "ਟਰੰਪ ਸੁਰੱਖਿਅਤ ਹਨ।"
ਅਧਿਕਾਰੀਆਂ ਨੇ ਦੱਸਿਆ ਕਿ ਸੀਕਰੇਟ ਸਰਵਿਸ ਦੇ ਏਜੰਸਟਸ ਨੂੰ ਝਾੜੀਆਂ ਵਿੱਚ ਇੱਕ ਰਾਈਫਲ ਦੀ ਨਲੀ ਦਿਖਾਈ ਦਿੱਤੀ। ਇਸ ਤੋਂ ਬਾਅਦ ਏਜੰਟ ਵੱਲੋਂ ਉਸ ਸ਼ੱਕੀ ਉੱਤੇ ਗੋਲੀ ਚਲਾਈ ਗਈ।
ਇਹ ਘਟਨਾ ਪੈਨਸਿਲਵੇਨੀਆ ਵਿੱਚ ਇੱਕ ਰੈਲੀ ਵਿੱਚ ਹੋਈ ਟਰੰਪ ਕਤਲ ਦੀ ਕੋਸ਼ਿਸ਼ ਦੇ ਲਗਭਗ ਦੋ ਮਹੀਨੇ ਬਾਅਦ ਵਾਪਰੀ ਹੈ ਜਦੋਂ ਇੱਕ ਬਟਲਰ ਨਾਮ ਦੇ ਬੰਦੂਕਧਾਰੀ ਨੇ ਟਰੰਪ ʼਤੇ ਗੋਲੀ ਚਲਾਈ ਸੀ।
ਉਸ ਵੇਲੇ ਗੋਲੀ ਟਰੰਪ ਦੇ ਕੰਨ ਨੂੰ ਜਖ਼ਮੀ ਕਰ ਕੇ ਨਿਕਲ ਗਈ ਸੀ।
ਕਤਲ ਦੀ ਕੋਸ਼ਿਸ਼ ਕਿਵੇਂ ਹੋਈ?
ਇਹ ਘਟਨਾ ਫਲੋਰੀਡਾ ਦੇ ਵੈਸਟ ਪਾਮ ਬੀਚ ਸਥਿਤ ਟਰੰਪ ਇੰਟਰਨੈਸ਼ਨਲ ਗੋਲਫ ਕਲੱਬ ਵਿੱਚ ਵਾਪਰੀ।
ਬੰਦੂਕਧਾਰੀ ਨੂੰ ਸੀਕਰੇਟ ਸਰਵਿਸ ਏਜੰਟਾਂ ਦੁਆਰਾ ਦੇਖਿਆ ਗਿਆ ਸੀ, ਜੋ ਟਰੰਪ ਦੇ ਅੱਗੇ ਗੋਲਫ ਗੋਲ ਦੀਆਂ ਮੋਰੀਆਂ ਦੀ ਜਾਂਚ ਲਈ ਜਾ ਰਹੇ ਸਨ।
ਕਾਉਂਟੀ ਸ਼ੈਰਿਫ ਰਿਕ ਬ੍ਰੈਡਸ਼ੌ ਨੇ ਕਿਹਾ ਕਿ ਨਿਸ਼ਾਨੇਬਾਜ਼ ਨੂੰ ਗੋਲਫ ਕੋਰਸ ਦੇ ਕਿਨਾਰੇ 'ਤੇ ਝਾੜੀਆਂ ਵਿੱਚ ਮੋਰੀ ਪੰਜ, ਛੇ ਅਤੇ ਸੱਤ ਦੇ ਨੇੜੇ ਖੜ੍ਹਾ ਕੀਤਾ ਗਿਆ ਸੀ।
ਏਜੰਟਾਂ ਨੇ ਸਥਾਨਕ ਸਮੇਂ ਅਨੁਸਾਰ ਲਗਭਗ 13:30 ਵਜੇ (17:30 ਜੀਐੱਮਟੀ) ਝਾੜੀਆਂ ਵਿੱਚੋਂ ਇੱਕ ਰਾਈਫਲ ਬੈਰਲ ਨੂੰ ਬਾਹਰ ਕੱਢਦੇ ਹੋਏ ਦੇਖਿਆ ਸੀ।
ਉਨ੍ਹਾਂ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਬੰਦੂਕਧਾਰੀ "ਝਾੜੀਆਂ ਵਿਚਾਲੇ ਅਜਿਹੇ ਖੇਤਰ ਵਿੱਚ ਸੀ ਜਿੱਥੇ ਉਹ ਦੋਵੇਂ ਮੋਰੀਆਂ (ਗੋਲਫ ਕੋਰਸ ਦੀਆਂ) ਦੇਖ ਸਕਦਾ ਸੀ।"
ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਟਰੰਪ ਸ਼ੂਟਰ ਤੋਂ ਲਗਭਗ 300-500 ਗਜ਼ (274-557 ਮੀਟਰ) ਦੂਰ ਸਨ।
ਟਰੰਪ ਨੇ ਕੀ ਕਿਹਾ
ਹਾਲਾਂਕਿ, ਇਸ ਘਟਨਾ ਦੌਰਾਨ ਟਰੰਪ ਨੂੰ ਕੋਈ ਸੱਟ ਨਹੀਂ ਲੱਗੀ। ਉਨ੍ਹਾਂ ਦੀ ਮੁਹਿੰਮ ਟੀਮ ਨੇ ਸ਼ੁਰੂ ਵਿੱਚ ਕਿਹਾ ਸੀ ਕਿ "ਉਨ੍ਹਾਂ ਦੇ ਆਸ-ਪਾਸ ਗੋਲੀਬਾਰੀ" ਹੋਈ ਸੀ।
ਆਪਣੀ ਮੁਹਿੰਮ ਟੀਮ ਦੁਆਰਾ ਘਟਨਾ ਦੀ ਪੁਸ਼ਟੀ ਹੋਣ ਤੋਂ ਥੋੜ੍ਹੀ ਦੇਰ ਬਾਅਦ, ਟਰੰਪ ਨੇ ਆਪਣੀ ਫੰਡਰੇਜ਼ਿੰਗ ਸੂਚੀ ਵਿੱਚ ਇੱਕ ਬਿਆਨ ਜਾਰੀ ਕੀਤਾ, ਜਿਸ ਵਿੱਚ ਲਿਖਿਆ, "ਮੇਰੇ ਆਸ-ਪਾਸ ਗੋਲੀਆਂ ਚੱਲੀਆਂ, ਪਰ ਅਫ਼ਵਾਹਾਂ ਦੇ ਕਾਬੂ ਤੋਂ ਬਾਹਰ ਹੋਣ ਤੋਂ ਪਹਿਲਾਂ, ਮੈਂ ਚਾਹੁੰਦਾ ਸੀ ਕਿ ਤੁਸੀਂ ਪਹਿਲਾਂ ਇਹ ਸੁਣੋ, ʻਮੈਂ ਸੁਰੱਖਿਅਤ ਅਤੇ ਠੀਕ ਹਾਂʼ।"
ਬਾਅਦ ਵਿੱਚ ਇੱਕ ਮੁਹਿੰਮ ਈਮੇਲ ਵਿੱਚ ਟਰੰਪ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਸੀ ਕਿ "ਮੇਰੀ ਜ਼ਿੰਦਗੀ 'ਤੇ ਇੱਕ ਹੋਰ ਹਮਲੇ ਮਗਰੋਂ ਮੇਰਾ ਸੰਕਲਪ ਹੋਰ ਮਜ਼ਬੂਤ ਹੋਇਆ ਹੈ।"
ਇੱਕ ਸ਼ੱਕੀ ਕਾਬੂ
ਕੁਝ ਸਮੇਂ ਪਹਿਲਾਂ ਨਿਊਜ਼ ਬ੍ਰੀਫਿੰਗ ਵਿੱਚ ਸ਼ੈਰਿਫ ਤੇ ਹੋਰ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਕਿਵੇਂ ਪੁਲਿਸ, ਗੋਲੀਬਾਰੀ ਵਿੱਚ ਸ਼ਾਮਿਲ ਸ਼ੱਕੀਆਂ ਨੂੰ ਜਲਦੀ ਲੱਭਣ ਵਿਚ ਕਾਮਯਾਬ ਹੋਈ।
ਘਟਨਾ ਵਾਲੀ ਥਾਂ ʼਤੇ ਮੌਜੂਦ ਇੱਕ ਚਸ਼ਮਦੀਦ ਨੇ ਇੱਕ ਵਾਹਨ ਅਤੇ ਉਸਦੀ ਨੰਬਰ ਪਲੇਟ ਦਾ ਵੇਰਵਾ ਸਾਂਝਾ ਕੀਤਾ।
ਥੋੜ੍ਹੀ ਦੇਰ ਬਾਅਦ, ਉਹੀ ਵਾਹਨ ਨੇੜਲੇ ਮਾਰਟਿਨ ਕਾਉਂਟੀ, ਫਲੋਰੀਡਾ ਵੱਲ ਜਾਣ ਵਾਲੇ ਨੇੜਲੇ ਹਾਈਵੇਅ 'ਤੇ ਮਿਲਿਆ।
ਮਾਰਟਿਨ ਕਾਉਂਟੀ ਦੇ ਅਧਿਕਾਰੀਆਂ ਨੂੰ ਸੁਚੇਤ ਕੀਤਾ ਗਿਆ ਅਤੇ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲੈਣ ਲਈ ਵਾਹਨ ਨੂੰ ਰੋਕਿਆ।
ਚਸ਼ਮਦੀਦ ਨੂੰ ਬਾਅਦ ਵਿੱਚ ਮਾਰਟਿਨ ਕਾਉਂਟੀ ਲੈ ਕੇ ਗਏ, ਜਿੱਥੇ ਉਸ ਨੇ ਡਰਾਈਵਰ ਦੀ ਪਛਾਣ ਉਸੇ ਵਿਅਕਤੀ ਵਜੋਂ ਕੀਤੀ ਜਿਸ ਨੂੰ ਉਸਨੇ ਘਟਨਾ ਵਾਲੀ ਥਾਂ 'ਤੇ ਦੇਖਿਆ ਸੀ।
ਇੱਥੇ ਸਿਆਸੀ ਹਿੰਸਾ ਲਈ ਕੋਈ ਥਾਂ ਨਹੀਂ ਹੈ- ਜੋਅ ਬਾਇਡਨ
ਕਮਲਾ ਹੈਰਿਸ ਨੇ ਵੀ ਸੋਸ਼ਲ ਮੀਡੀਆ 'ਤੇ ਲਿਖਿਆ, "ਅਮਰੀਕਾ ਵਿੱਚ ਹਿੰਸਾ ਲਈ ਕੋਈ ਥਾਂ ਨਹੀਂ ਹੈ।"
ਉਧਰ, ਘਟਨਾ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵੀ ਇੱਕ ਬਿਆਨ ਜਾਰੀ ਕੀਤਾ ਹੈ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਡੌਲਨਡ ਟਰੰਪ ਦੀ ਕਤਲ ਦੀ ਕੋਸ਼ਿਸ਼ ਬਾਰੇ ਜਾਣਕਾਰੀ ਮਿਲੀ ਹੈ। ਬਾਇਡਨ ਨੇ ਸਾਬਕਾ ਰਾਸ਼ਟਰਪਤੀ ਨੂੰ ਸੁਰੱਖਿਅਤ ਰੱਖਣ ਲਈ ਸੀਕ੍ਰੇਟ ਸਰਵਿਸ ਅਤੇ ਕਾਨੂੰਨ ਲਾਗੂ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਹੈ।
ਬਾਇਡਨ ਨੇ ਕਿਹਾ, "ਮੇਰੇ ਲਈ ਰਾਹਤ ਦੀ ਗੱਲ ਹੈ ਕਿ ਸਾਬਕਾ ਰਾਸ਼ਟਰਪਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਮੈਂ ਪਹਿਲਾਂ ਵੀ ਕਈ ਵਾਰ ਕਿਹਾ ਹੈ ਕਿ ਸਾਡੇ ਦੇਸ਼ ਵਿੱਚ ਸਿਆਸੀ ਹਿੰਸਾ ਜਾਂ ਕਿਸੇ ਵੀ ਹਿੰਸਾ ਲਈ ਕੋਈ ਥਾਂ ਨਹੀਂ ਹੈ।"
ਬਾਇਡਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਟੀਮ ਨੂੰ ਨਿਰਦੇਸ਼ ਦਿੱਤੇ ਹਨ ਕਿ ਸੀਕ੍ਰੇਟ ਸਰਵਿਸ ਕੋਲ ਸਾਬਕਾ ਰਾਸ਼ਟਰਪਤੀ ਦੀ ਨਿਰੰਤਰ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਸਰੋਤ, ਸਮਰੱਥਾ ਅਤੇ ਸੁਰੱਖਿਆ ਉਪਲੱਬਧ ਹੋਵੇ।
ਟਰੰਪ ਦੇ ਪਰਿਵਾਰ ਨੇ ਕੀ ਕਿਹਾ
ਸਾਬਕਾ ਰਾਸ਼ਟਰਪਤੀ ਦੇ ਪੁੱਤਰ ਐਰਿਕ ਟਰੰਪ ਨੇ ਫੌਕਸ ਨਿਊਜ਼ ਨੂੰ ਦੱਸਿਆ, “ਮੇਰੇ ਪਿਤਾ ਦੀ ਜ਼ਿੰਦਗੀ ਨੂੰ ਖ਼ਤਰਾ ਹੈ। ਮੇਰੇ ਪਿਤਾ ਦੇ ਕਤਲ ਦੀ ਕੋਸ਼ਿਸ਼ 'ਚ ਹੋਰ ਕਿੰਨੀਆਂ ਰਾਈਫਲਾਂ ਆਉਣ ਵਾਲੀਆਂ ਹਨ?"
ਸਾਬਕਾ ਰਾਸ਼ਟਰਪਤੀ ਦੇ ਵੱਡੇ ਪੁੱਤਰ, ਡੌਨਲਡ ਟਰੰਪ ਜੂਨੀਅਰ ਨੇ ਵੀ ਇਸ ਘਟਨਾ ਨੂੰ "ਖੱਬੇਪੱਖੀ ਪ੍ਰਚਾਰ" ਨਾਲ ਜੋੜਦੇ ਹੋਏ ਟਵੀਟ ਦੀ ਇੱਕ ਲੜੀ ਲਿਖੀ ਅਤੇ ਰਿਪੋਸਟ ਕੀਤੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ