You’re viewing a text-only version of this website that uses less data. View the main version of the website including all images and videos.
ਟਰੰਪ 'ਤੇ ਜਾਨਲੇਵਾ ਹਮਲਾ: ਕੌਣ ਹੈ 20 ਸਾਲਾ ਥੌਮਸ ਮੈਥਿਊ ਕਰੂਕਸ, ਜਿਸ ਨੇ ਚਲਾਈ ਸੀ ਗੋਲੀ
- ਲੇਖਕ, ਬ੍ਰਨਡ ਡੀਬਸਮੈਨ , ਟੌਮ ਬੇਟਮੈਨ ਅਤੇ ਟੌਮ ਮੈਕਔਰਥਰ
- ਰੋਲ, ਬੀਬੀਸੀ ਪੱਤਰਕਾਰ
ਅਮਰੀਕਾ ਦੇ ਪੈਨਸਿਲਵੇਨੀਆ ਦੇ ਪਿਟਸਬਰਗ ਦਾ ਬੈਥਲ ਪਾਰਕ ਉਦੋਂ ਤੋਂ ਚਰਚਾ ਵਿੱਚ ਹੈ ਜਦੋਂ ਤੋਂ ਐਫਬੀਆਈ ਨੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ 'ਤੇ ਹਮਲਾ ਕਰਨ ਵਾਲੇ ਥੌਮਸ ਮੈਥਿਊ ਕਰੂਕਸ ਦਾ ਨਾਮ ਦੱਸਿਆ ਹੈ ।
ਜਾਂਚ ਵਿੱਚ ਇਹ ਮੰਨਿਆ ਜਾ ਰਿਹਾ ਹੈ ਕਿ ਕਰੂਕਸ ਕੋਲ ਸੈਮੀ ਆਟੋਮੈਟਿਕ ਏਆਰ-15 ਰਾਇਫਲ ਸੀ, ਜਿਸ ਨਾਲ ਉਸ ਨੇ ਸਾਬਕਾ ਰਾਸ਼ਟਰਪਤੀ 'ਤੇ ਉਦੋਂ ਗੋਲੀਆਂ ਚਲਾਈਆਂ ਜਦੋਂ ਉਹ ਪੈਨਸਿਲਵੇਨੀਆ ਦੇ ਬਟਲਰ ਵਿੱਚ ਭੀੜ ਨੂੰ ਸੰਬੋਧਨ ਕਰ ਰਹੇ ਸਨ, ਹਮਲੇ ਵਿੱਚ ਇੱਕ ਦਰਸ਼ਕ ਦੀ ਮੌਤ ਹੋ ਗਈ ਜਦੋਂ ਕਿ 2 ਫੱਟੜ ਹਨ ।
ਅਧਿਕਾਰੀਆਂ ਨੇ ਦੱਸਿਆ ਕਿ ਰਸੋਈ ਵਿੱਚ ਕੰਮ ਕਰਨ ਵਾਲੇ 20 ਸਾਲ ਦੇ ਮੁੰਡੇ ਨੂੰ ਸੀਕ੍ਰੇਟ ਸਰਵਿਸ ਸਨਾਇਪਰ ਨੇ ਮੌਕੇ 'ਤੇ ਗੋਲੀ ਮਾਰਕੇ ਮਾਰ ਦਿੱਤਾ ਸੀ ।
ਹਾਲਾਂਕਿ, ਉਸਦੇ ਜੱਦੀ ਸ਼ਹਿਰ ਵਿੱਚ ਗੁਆਂਢੀ ਸਦਮੇ ਵਿੱਚ ਹਨ। ਉਹ ਇਹ ਸਮਝਣ ਵਿੱਚ ਅਸਮਰੱਥ ਹਨ ਕਿ ਆਖ਼ਿਰ ਇੱਕ ਸ਼ਾਂਤ ਨੌਜਵਾਨ ਨੂੰ ਗੋਲੀਬਾਰੀ ਦਾ ਦੋਸ਼ੀ ਕਿਵੇਂ ਬਣਾਇਆ ਗਿਆ ਹੈ।
ਐਫਬੀਆਈ ਨੇ ਦੱਸਿਆ ਹੈ ਕਿ ਸਿਰਫ ਕਰੂਕਸ ਹੀ "ਸਾਬਕਾ ਰਾਸ਼ਟਰਪਤੀ ਦੇ ਕਤਲ ਦੀ ਕੋਸ਼ਿਸ਼ ਵਿੱਚ ਸ਼ਾਮਲ ਸੀ ਅਤੇ ਜਾਂਚ ਚੱਲ ਰਹੀ ਹੈ।"
ਕੌਣ ਸੀ ਥੌਮਸ ਮੈਥਿਊ ਕਰੂਕਸ
ਐਫਬੀਆਈ ਨੇ ਕਿਹਾ ਕਿ ਥੌਮਸ ਕਰੂਕਸ ਕੋਲ ਆਈਡੀ ਨਹੀਂ ਸੀ, ਇਸ ਲਈ ਜਾਂਚ ਵੇਲੇ ਉਸ ਦੀ ਪਛਾਣ ਕਰਨ ਲਈ ਡੀਐਨਏ ਅਤੇ ਚਿਹਰੇ ਦੀ ਪਛਾਣ ਕਰਨ ਵਾਲੀ ਤਕਨੀਕ ਦੀ ਵਰਤੋਂ ਕੀਤੀ ਗਈ।
ਉਹ ਪੈਨਸਿਲਵੇਨੀਆ ਦੇ ਬੈਥਲ ਪਾਰਕ ਤੋਂ ਸੀ ਜੋ ਕਤਲ ਦੀ ਕੋਸ਼ਿਸ਼ ਦੀ ਥਾਂ ਤੋਂ ਲਗਭਗ 70 ਕਿਲੋਮੀਟਰ (43 ਮੀਲ) ਦੂਰ ਹੈ। ਇੱਕ ਸਥਾਨਕ ਅਖ਼ਬਾਰ ਦੇ ਅਨੁਸਾਰ, ਗਣਿਤ ਅਤੇ ਵਿਗਿਆਨ ਲਈ 500 ਡਾਲਰ ਦਾ ਇਨਾਮ ਹਾਸਿਲ ਕਰ ਬੈਥਲ ਪਾਰਕ ਹਾਈ ਸਕੂਲ ਤੋਂ 2022 ਵਿੱਚ ਗ੍ਰੈਜੂਏਟ ਹੋਇਆ।
ਬੀਬੀਸੀ ਮੁਤਾਬਿਕ ਕਰੂਕਸ ਆਪਣੇ ਘਰ ਤੋਂ ਥੋੜ੍ਹੀ ਦੂਰੀ 'ਤੇ ਇੱਕ ਸਥਾਨਕ ਨਰਸਿੰਗ ਹੋਮ ਦੀ ਰਸੋਈ ਵਿੱਚ ਕੰਮ ਕਰਦਾ ਸੀ।
ਯੂਐਸ ਮੀਡੀਆ ਦੇ ਮੁਤਾਬਕ, ਰਾਜ ਦੇ ਵੋਟਰ ਰਿਕਾਰਡ ਦਰਸਾਉਂਦੇ ਹਨ ਕਿ ਉਹ ਇੱਕ ਰਜਿਸਟਰਡ ਰਿਪਬਲਿਕਨ ਸੀ।
ਇਹ ਵੀ ਰਿਪੋਰਟ ਕੀਤਾ ਗਿਆ ਕਿ ਉਸ ਨੇ 2021 ਵਿੱਚ ਲਿਬਰਲ ਕੈਂਪੇਨ ਗਰੁੱਪ ਐਕਟ ਬਲੂ ਨੂੰ 15 ਡਾਲਰ ਦੀ ਚੰਦਾ ਦਿੱਤਾ ਸੀ ।
ਉਸ ਕੋਲ ਇੱਕ ਸਥਾਨਕ ਸ਼ੂਟਿੰਗ ਕਲੱਬ, ਕਲੇਅਰਟਨ ਸਪੋਰਟਸਮੈਨਜ਼ ਕਲੱਬ ਦੀ ਘੱਟੋ-ਘੱਟ ਇੱਕ ਸਾਲ ਦੀ ਮੈਂਬਰਸ਼ਿਪ ਸੀ।
ਐਸੋਸੀਏਟਡ ਪ੍ਰੈਸ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਲਾਅ ਇਨਫੌਰਸਮੈਂਟ ਦੇ ਅਧਿਕਾਰੀ ਮੰਨਦੇ ਹਨ ਕਿ ਡੌਨਲਡ ਟਰੰਪ 'ਤੇ ਹਮਲਾ ਕਰਨ ਲਈ ਜੋ ਹਥਿਆਰ ਵਰਤਿਆ ਗਿਆ ਉਹ ਕਰੂਕਸ ਦੇ ਪਿਤਾ ਵੱਲੋਂ ਖਰੀਦਿਆ ਗਿਆ ਸੀ ।
ਨਾਮ ਗੁਪਤ ਰੱਖੇ ਜਾਣ ਦੀ ਸ਼ਰਤ 'ਤੇ ਬੋਲਦਿਆਂ ਦੋ ਅਧਿਕਾਰੀਆਂ ਨੇ ਨਿਊਜ਼ ਏਜੰਸੀ ਏਪੀ ਨੂੰ ਦੱਸਿਆ ਕਿ ਕਰੂਕਸ ਦੇ ਪਿਤਾ ਨੇ ਹਥਿਆਰ ਕਰੀਬ 6 ਮਹੀਨੇ ਪਹਿਲਾਂ ਖਰੀਦਿਆ ਸੀ ।
ਯੂਐਸ ਮੀਡੀਆ ਰਿਪੋਰਟਾਂ ਦੇ ਅਨੁਸਾਰ, ਕਰੂਕਸ ਨੇ ਡੈਮੋਲਸ਼ਨ ਰੈਂਚ ਦੀ ਇੱਕ ਟੀ-ਸ਼ਰਟ ਪਹਿਨੀ ਹੋਈ ਸੀ, ਜੋ ਕਿ ਇੱਕ ਯੂਟਿਊਬ ਚੈਨਲ ਹੈ ਜੋ ਬੰਦੂਕਾਂ ਨਾਲ ਸਬੰਧਿਤ ਸਮੱਗਰੀ ਲਈ ਜਾਣਿਆ ਜਾਂਦਾ ਹੈ।
ਇਸ ਚੈਨਲ ਦੇ ਲੱਖਾਂ ਸਬਸਕ੍ਰਾਈਬਰ ਹਨ। ਵੀਡੀਓਜ਼ ਵਿੱਚ ਵੱਖ-ਵੱਖ ਬੰਦੂਕਾਂ ਅਤੇ ਵਿਸਫੋਟਕ ਯੰਤਰਾਂ ਦੀਆਂ ਵੀਡੀਓਜ਼ ਦਿਖਾਈਆਂ ਜਾਂਦੀਆਂ ਹਨ।
ਗੋਲੀਬਾਰੀ ਦੇ ਇੱਕ ਦਿਨ ਬਾਅਦ , ਲਾਅ ਇਨਫੋਰਸਮੈਂਟ ਦੇ ਅਧਿਕਾਰੀਆਂ ਨੇ ਯੂਐੱਸ ਵਿੱਚ ਬੀਬੀਸੀ ਦੇ ਸਹਿਯੋਗੀ ਸੀਬੀਐੱਸ ਨੂੰ ਦੱਸਿਆ ਕਿ ਕਰੂਕਸ ਦੇ ਵਾਹਨ 'ਤੇ ਸ਼ੱਕੀ ਉਪਕਰਣ ਮਿਲੇ ਹਨ ।
ਸੀਬੀਐੱਸ ਮੁਤਾਬਕ, ਸ਼ੱਕੀ ਕੋਲ ਵਪਾਰਕ ਤੌਰ 'ਤੇ ਉਪਲੱਭਧ ਇੱਕ ਉਪਕਰਣ ਸੀ ਜੋ ਡਿਵਾਈਸ ਨੂੰ ਸ਼ੁਰੂ ਕਰਨ ਵਿੱਚ ਸਮੱਰਥ ਲੱਗਦਾ ਹੈ।
ਬੰਬ ਟੈਕਨੀਸ਼ੀਅਨ ਨੂੰ ਮੌਕੇ 'ਤੇ ਸੱਦਿਆ ਗਿਆ ਤਾਂ ਜੋ ਮੌਕੇ ਨੂੰ ਸੰਭਾਲਿਆ ਜਾ ਸਕੇ ਅਤੇ ਯੰਤਰਾਂ ਦੀ ਜਾਂਚ ਕੀਤੀ ਜਾ ਸਕੇ।
ਉਸ ਨੇ ਅਜਿਹਾ ਕਿਉਂ ਕੀਤਾ ?
ਕਰੂਕਸ ਦੀ ਪਛਾਣ ਕਰਨ ਤੋਂ ਬਾਅਦ ਹੁਣ ਪੁਲਿਸ ਅਤੇ ਏਜੰਸੀਆਂ ਹਮਲੇ ਪਿੱਛੇ ਉਸਦਾ ਮਕਸਦ ਪਤਾ ਕਰਨ ਵਿੱਚ ਲੱਗੀਆਂ ਹਨ ।
ਪਿਟਸਬਰ ਵਿੱਚ ਐੱਫਬੀਆਈ ਦੇ ਸਪੈਸ਼ਲ ਏਜੰਟ ਕੇਵਿਨ ਰੋਜੈਕ ਨੇ ਸ਼ਨਿੱਚਰਵਾਰ ਰਾਤ ਨੂੰ ਦੱਸਿਆ, "ਸਾਨੂੰ ਅਜੇ ਉਸ ਦੇ ਮਕਸਦ ਬਾਰੇ ਪਤਾ ਨਹੀਂ ਲੱਗਿਆ ਹੈ।"
ਕੇਵਿਨ ਰੋਜੈਕ ਨੇ ਕਿਹਾ ਕਿ ਜਾਂਚ ਜਾਰੀ ਹੈ ਇਹ ਕਈ ਮਹੀਨੇ ਚੱਲ ਸਕਦੀ ਹੈ। ਜਾਂਚਕਰਤਾ ਲਗਾਤਾਰ ਕੰਮ ਕਰਨਗੇ ਅਤੇ ਇਹ ਪਤਾ ਲਾਉਣਗੇ ਕਿ ਕਰੂਕਸ ਦਾ ਮਕਸਦ ਕੀ ਸੀ ।
ਸੀਐਨਐਨ ਨਾਲ ਗੱਲ ਕਰਦਿਆਂ ਕਰੂਕਸ ਦੇ ਪਿਤਾ ਮੈਥਿਊ ਕਰੂਕਸ ਨੇ ਦੱਸਿਆ ਕਿ ਉਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ “ਆਖ਼ਰ ਹੋ ਕੀ ਰਿਹਾ ਹੈ”, ਪਰ ਉਦੋਂ ਤੱਕ ਇੰਤਜ਼ਾਰ ਕਰਨਗੇ ਜਦੋਂ ਤੱਕ ਆਪਣੇ ਪੁੱਤਰ ਬਾਰੇ ਲਾਅ ਇਨਫੋਰਸਮੈਂਟ ਨਾਲ ਗੱਲ ਨਹੀਂ ਕਰ ਲੈਂਦੇ ।
ਐੱਫਬੀਆਈ ਦੇ ਮੁਤਾਬਕ ਕਰੂਕਸ ਦਾ ਪਰਿਵਾਰ ਜਾਂਚਕਰਤਾਵਾਂ ਦੇ ਨਾਲ ਸਹਿਯੋਗ ਕਰ ਰਿਹਾ ਹੈ। ਪੁਲਿਸ ਨੇ ਕਰੂਕਸ ਦੇ ਘਰ ਨੂੰ ਜਾਣ ਵਾਲੀ ਸੜਕ ਬੰਦ ਕਰ ਦਿੱਤੀ ਹੈ ਜਿੱਥੇ ਉਹ ਆਪਣੇ ਮਾਪਿਆਂ ਨਾਲ ਰਹਿੰਦਾ ਸੀ ।
ਗੁਆਂਢੀ ਨੇ ਸੀਬੀਐੱਸ ਨੂੰ ਦੱਸਿਆ ਕਿ ਅਧਿਕਾਰੀਆਂ ਨੇ ਬਿਨ੍ਹਾਂ ਕਿਸੇ ਚਿਤਾਵਨੀ ਦੇ ਉਨ੍ਹਾਂ ਨੂੰ ਉੱਥੋਂ ਹਟਾ ਦਿੱਤਾ ਹੈ।
ਬੈਥਲ ਪਾਰਕ ਪੁਲਿਸ ਨੇ ਕਿਹਾ ਕਿ ਕਰੂਕਸ ਦੇ ਘਰ ਦੇ ਆਲੇ-ਦੁਆਲੇ ਬੰਬ ਹੋਣ ਬਾਰੇ ਜਾਂਚ ਪੜਤਾਲ ਕੀਤੀ ਜਾ ਰਹੀ ਸੀ।
ਸੜਕਾਂ 'ਤੇ ਪੁਲਿਸ ਵਾਹਨਾਂ ਦੀ ਤੈਨਾਤੀ ਹੋਣ ਕਰਕੇ ਇਲਾਕੇ ਵਿੱਚ ਪਹੁੰਚ ਬਹੁਤ ਘੱਟ ਕੀਤੀ ਗਈ ਹੈ, ਸਿਰਫ ਉੱਥੇ ਰਹਿਣ ਵਾਲੇ ਲੋਕਾਂ ਨੂੰ ਹੀ ਆਉਣ-ਜਾਣ ਦੀ ਇਜਾਜ਼ਤ ਹੈ ।
ਲਾਅ ਇਨਫੋਰਸਮੈਂਟ ਦੇ ਸੂਤਰਾਂ ਨੇ ਸੀਬੀਐੱਸ ਨੂੰ ਦੱਸਿਆ ਕਿ ਉਹ ਮੰਨਦੇ ਹਨ ਕਿ ਗੋਲੀਬਾਰੀ ਦੀ ਵਿਉਂਤ ਕੁਝ ਹੱਦ ਤੱਕ ਪਹਿਲਾਂ ਹੋਈ ਸੀ।
ਹਾਲਾਂਕਿ ਵਿਉਂਤ ਬਣਾਉਣ ਵਿੱਚ ਕਿੰਨਾ ਵਕਤ ਲੱਗਿਆ, ਇਹ ਜਾਂਚ ਦਾ ਵਿਸ਼ਾ ਹੈ ।
ਪੁਲਿਸ ਦਾ ਇਹ ਮੰਨਣਾ ਹੈ ਕਿ ਉਸ ਨੇ ਇਹ ਇਕੱਲੇ ਕੀਤਾ ਪਰ ਜਾਂਚਕਰਤਾ ਇਹ ਪਤਾ ਲਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਕੋਈ ਉਸ ਦੇ ਨਾਲ ਰੈਲੀ ਵਿੱਚ ਆਇਆ ਸੀ ।
ਕਰੂਕਸ ਦੀ ਕੀ ਸੀ ਸ਼ਖਸੀਅਤ
ਹੁਣ ਤੱਕ, ਸ਼ਸ਼ੋਪੰਜ ਵੀ ਹੈ ਅਤੇ ਸਥਿਤੀ ਵਿਵਾਦਪੂਰਨ ਵੀ ਹੈ -ਤਸਵੀਰ ਸਪਸ਼ਟ ਹੋ ਰਹੀ ਹੈ ਕਿ ਕਰੂਕਸ ਇਨਸਾਨ ਵਜੋਂ ਕਿਹੋ ਜਿਹਾ ਸੀ।
ਉਹ ਸਥਾਨਕ ਨੌਜਵਾਨ ਜੋ ਉਸ ਨਾਲ ਸਕੂਲ ਜਾਇਆ ਕਰਦੇ ਸਨ, ਉਨ੍ਹਾਂ ਨੇ ਸਥਾਨਕ ਨਿਊਜ਼ ਆਊਟਲੈਟ ਕੇਡੀਕੇਏ ਨਾਲ ਗੱਲ ਕਰਦਿਆਂ ਦੱਸਿਆ ਕਿ ਉਹ ਇਕੱਲਾ ਰਹਿੰਦਾ ਸੀ ਅਤੇ ਅਕਸਰ ਹੀ ਧੱਕੇਸ਼ਾਹੀ ਦਾ ਸ਼ਿਕਾਰ ਹੁੰਦਾ ਸੀ ।
ਬੀਬੀਸੀ ਨਾਲ ਗੱਲ ਕਰਦਿਆਂ ਉਸਦੇ ਇੱਕ ਹੋਰ ਸਾਬਕਾ ਸਹਿਪਾਠੀ ਸਮਰ ਬਾਰਕਲੀ ਨੇ ਉਸ ਨੂੰ ਵੱਖਰਾ ਦੱਸਿਆ, ਉਹ ਦੱਸਦੇ ਹਨ , "ਉਸ ਦੇ ਇਮਤਿਹਾਨਾਂ ਵਿੱਚ ਹਮੇਸ਼ਾਂ ਚੰਗੇ ਅੰਕ ਆਉਂਦੇ ਸਨ" ਅਤੇ "ਇਤਿਹਾਸ ਨਾਲ ਉਸ ਨੂੰ ਕਾਫੀ ਲਗਾਅ ਸੀ।"
ਉਨ੍ਹਾਂ ਨੇ ਕਿਹਾ ਕਿ ਇਓਂ ਲੱਗਦਾ ਸੀ ਕਿ ਸਰਕਾਰ ਅਤੇ ਇਤਿਹਾਸ ਬਾਰੇ ਉਹ ਸਭ ਕੁਝ ਜਾਣਦਾ ਸੀ।
ਉਨ੍ਹਾਂ ਦੱਸਿਆ ਕਿ ਉਸ ਨੂੰ ਅਧਿਆਪਕਾਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਸੀ ।
ਜਦਕਿ ਬਾਕੀ ਉਸ ਨੂੰ ਸ਼ਾਂਤ ਇਨਸਾਨ ਵਜੋਂ ਜਾਣਦੇ ਸਨ ।
ਇੱਕ ਹੋਰ ਸਾਬਕਾ ਸਹਿਪਾਠੀ ਨੇ ਨਾਮ ਗੁਪਤ ਰੱਖੇ ਜਾਣ ਦੀ ਸ਼ਰਤ 'ਤੇ ਦੱਸਿਆ ਕਿ "ਮੈਂ ਕਿਸੇ ਬਾਰੇ ਨਹੀਂ ਸੋਚ ਸਕਦਾ ਜੋ ਉਸਨੂੰ ਚੰਗੀ ਤਰ੍ਹਾਂ ਜਾਣਦਾ ਸੀ, ਉਹ ਅਜਿਹਾ ਮੁੰਡਾ ਨਹੀਂ ਸੀ ਜਿਸ ਬਾਰੇ ਮੈਂ ਸੱਚਮੁੱਚ ਸੋਚਦਾ ਸੀ ਪਰ ਉਹ ਠੀਕ ਲੱਗ ਰਿਹਾ ਸੀ।"
2022 ਵਿੱਚ ਕਰੂਕਸ ਦੇ ਨਾਲ ਗ੍ਰੈਜੁਏਟ ਹੋਣ ਵਾਲੇ ਬੈਥਲ ਪਾਰਕ ਹਾਈ ਸਕੂਲ ਵਰਸਿਟੀ ਰਾਈਫਲ ਟੀਮ ਦੇ ਸਾਬਕਾ ਮੈਂਬਰ ਜੇਮਸਨ ਮੇਅਰ ਨੇ ਦੱਸਿਆ ਕਿ ਉਹ ਟੀਮ ਦਾ ਹਿੱਸਾ ਨਹੀਂ ਬਣ ਸਕਿਆ ਸੀ।
ਜੇਮਸਨ ਮੇਅਰਸ ਨੇ ਅਗਾਂਹ ਦੱਸਿਆ , "ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਹ ਜੂਨੀਅਰ ਵਰਸਿਟੀ ਟੀਮ ਦਾ ਹਿੱਸਾ ਵੀ ਨਹੀਂ ਬਣ ਸਕਿਆ ਸੀ।"
ਜੇਮਸਨ ਮੇਅਰਸ ਕਰੂਕਸ ਨੂੰ ਇੱਕ ਆਮ ਮੁੰਡੇ ਦੀ ਤਰ੍ਹਾਂ ਚੇਤੇ ਕਰਦੇ ਹਨ ਜੋ ਕਿਸੇ ਖ਼ਾਸ ਚੀਜ਼ ਲਈ ਮਸ਼ਹੂਰ ਨਹੀਂ ਸੀ।
“ਉਹ ਚੰਗਾ ਬੱਚਾ ਸੀ ਜੋ ਕਦੇ ਕਿਸੇ ਬਾਰੇ ਮਾੜਾ ਨਹੀਂ ਬੋਲਦਾ ਸੀ ਅਤੇ ਮੈਂ ਕਦੇ ਨਹੀਂ ਸੋਚਿਆ ਸੀ ਕਿ ਉਹ ਕੁਝ ਵੀ ਕਰਨ ਦੇ ਸਮਰੱਥ ਹੈ ਜੋ ਮੈਂ ਉਸਨੂੰ ਪਿਛਲੇ ਕੁਝ ਦਿਨਾਂ ਵਿੱਚ ਕਰਦੇ ਦੇਖਿਆ ਹੈ।”
ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਗੋਲੀਬਾਰੀ ਦਾ ਕਥਿਤ ਦੋਸ਼ੀ ਬੈਥਲ ਪਾਰਕ ਦੀਆਂ ਸ਼ਾਂਤ, ਰੁੱਖਾਂ ਨਾਲ ਭਰੀਆਂ ਸੜਕਾਂ ਤੋਂ ਆ ਸਕਦਾ।
ਉਨ੍ਹਾਂ ਵਿੱਚ ਜੇਸਨ ਮੈਕੀ ਨਾਮ ਦਾ ਇੱਕ 27 ਸਾਲਾ ਸਥਾਨਕ ਸ਼ਖ਼ਸ ਸੀ, ਜੋ ਕਰੂਕਸ ਨਿਵਾਸ ਦੇ ਨੇੜੇ ਰਹਿੰਦਾ ਸੀ ਅਤੇ ਜਦੋਂ ਕਰੂਕਸ ਵਿਦਿਆਰਥੀ ਸੀ ਉਦੋਂ ਉਹ ਉਸ ਸਕੂਲ ਵਿੱਚ ਕੰਮ ਕਰਿਆ ਕਰਦਾ ਸੀ ।
ਜੇਸਨ ਮੈਕੀ ਨੇ ਕਿਹਾ ,"ਇਹ ਸਿਰਫ ਹੈਰਾਨ ਕਰਨ ਵਾਲਾ ਹੈ, ਤੁਸੀਂ ਨਹੀਂ ਸੋਚੋਗੇ ਕਿ ਅਜਿਹੀ ਘਟਨਾ ਤੁਹਾਡੇ ਵਿਹੜੇ ਦੇ ਬਿਲਕੁਲ ਬਾਹਰ ਹੋਵੇਗੀ।"
ਕੀ ਉਸ ਨੇ ਕਿਸੇ ਨੂੰ ਮਾਰਿਆ ?
ਗੋਲੀਬਾਰੀ ਵਿੱਚ ਇੱਕ ਸ਼ਖ਼ਸ ਮਾਰਿਆ ਗਿਆ ਜਦਕਿ 2 ਜਖ਼ਮੀ ਹੋ ਗਏ ।
ਸੀਬੀਐੱਸ ਨਿਊਜ਼ ਰਿਪੋਰਟ ਮੁਤਾਬਕ ਤਿੰਨੋਂ ਪੀੜਤ ਬਾਲਗ ਆਦਮੀ ਸਨ ਅਤੇ ਰੈਲੀ ਵਿੱਚ ਦਰਸ਼ਕ ਸਨ ।
ਐਤਵਾਰ ਨੂੰ ਨਿਊਜ਼ ਕਾਨਫਰੈਂਸ ਵਿੱਚ ਪੈਨਸਿਲਵੇਨੀਆ ਦੇ ਰਾਜਪਾਲ ਜੋਸ਼ ਸ਼ਾਪੀਰੋ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ 50 ਸਾਲ ਦੇ ਵਾਲੰਟੀਅਰ ਫਾਇਰ ਚੀਫ, ਕੋਰੀ ਕੰਪੇਰਾਟੋਰ ਵਜੋਂ ਹੋਈ ਹੈ, ਉਨ੍ਹਾਂ ਦੀ ਮੌਤ ਉਦੋਂ ਹੋਈ ਜਦੋਂ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਬਚਾਉਣ ਲਈ ਛਾਲ ਮਾਰੀ"।
ਉਨ੍ਹਾਂ ਕਿਹਾ ਕਿ ਕੰਪੇਰਾਟੋਰ "ਹੀਰੋ ਵਾਂਗ ਮਰੇ" ।
ਇੱਕ ਗੋ ਫੰਡ ਮੀ ਪੇਜ, ਜੋ ਕਿ ਟਰੰਪ ਦੀ ਮੁਹਿੰਮ ਦੇ ਰਾਸ਼ਟਰੀ ਵਿੱਤ ਨਿਰਦੇਸ਼ਕ ਮੈਰੀਡੀਥ ਓ'ਰੂਰਕੇ ਵੱਲੋਂ ਬਣਾਇਆ ਗਿਆ ਹੈ ,ਇਸ ਨੂੰ ਹਮਲੇ ਦੇ ਕੁਝ ਘੰਟਿਆਂ ਬਾਅਦ ਜ਼ਖਮੀਆਂ ਦੇ ਪਰਿਵਾਰਾਂ ਨੂੰ ਦਾਨ ਦੇਣ ਦੇ ਨਾਲ ਸ਼ੁਰੂ ਕੀਤਾ ਗਿਆ ਸੀ। ਇਸ ਵਿੱਚ 2 ਕਰੋੜ 84 ਲੱਖ ਤੋਂ ਵੱਧ ਰੁਪਏ ($340,000) ਇਕੱਠੇ ਹੋ ਚੁੱਕੇ ਹਨ ।
ਆਪਣੇ ਟਰੂਥ ਸੋਸ਼ਲ ਪਲੇਟਫਾਰਮ 'ਤੇ ਇੱਕ ਪੋਸਟ ਵਿੱਚ, ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਗੋਲੀ ਲੱਗੀ ਸੀ ਜੋ ਸੱਜੇ ਕੰਨ ਦੇ ਉੱਪਰਲੇ ਹਿੱਸੇ ਨੂੰ ਵਿੰਨ੍ਹਦੀ ਹੋਈ ਗਈ ਅਤੇ ਕਿਹਾ ਕਿ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਗੋਲੀ "ਚਮੜੀ ਵਿੱਚੋਂ ਨਿਕਲ ਕੇ ਗਈ" ਹੈ।
ਟਰੰਪ ਦੇ ਕੰਨ ਅਤੇ ਚਿਹਰੇ 'ਤੇ ਖੂਨ ਦਿਖਾਈ ਦੇ ਰਿਹਾ ਸੀ ਕਿਉਂਕਿ ਸੁਰੱਖਿਆ ਅਧਿਕਾਰੀ ਉਨ੍ਹਾਂ ਨੂੰ ਭਜਾ ਕੇ ਲੈ ਗਏ ਸਨ।
ਰਿਪਬਲਿਕਨ ਨੈਸ਼ਨਲ ਕਮੇਟੀ (ਆਰਐਨਸੀ) ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਇੱਕ ਬਿਆਨ ਦੇ ਅਨੁਸਾਰ, ਟਰੰਪ ਠੀਕ ਮਹਿਸੂਸ ਕਰ ਰਹੇ ਹਨ ਅਤੇ ਲਾਅ ਇਨਫੋਰਸਮੈਂਟ ਅਧਿਕਾਰੀਆਂ ਦੇ ਧੰਨਵਾਦੀ ਹਨ।
ਉਹ ਡੌਨਲਡ ਟਰੰਪ ਤੋਂ ਕਿੰਨਾ ਦੂਰ ਸੀ ?
ਇੱਕ ਪ੍ਰਤੱਖ਼ਦਰਸ਼ੀ ਨੇ ਬੀਬੀਸੀ ਨੂੰ ਦੱਸਿਆ ਕਿ ਉਸ ਨੇ ਇੱਕ ਸ਼ਖ਼ਸ ਨੂੰ ਦੇਖਿਆ, ਜੋ ਕਰੂਕਸ ਮੰਨਿਆ ਜਾ ਰਿਹਾ, ਜੋ ਛੱਤ ਉੱਤੇ ਮੌਜੂਦ ਸੀ ਅਤੇ ਉਸ ਦੇ ਕੋਲ ਰਾਇਫਲ ਸੀ ਜਿਸ ਨਾਲ ਟਰੰਪ ਉੱਤੇ ਗੋਲੀ ਦਾਗੀ ਗਈ ।
ਟੀਐੱਮਜੈੱਡ ਵੱਲੋਂ ਹਾਸਿਲ ਕੀਤੀ ਗਈ ਵੀਡੀਓ ਵਿੱਚ ਉਹ ਪਲ ਦੇਖੇ ਗਏ ਜਦੋਂ ਗੋਲੀਬਾਰੀ ਸ਼ੁਰੂ ਹੋਈ ਸੀ ।
ਸੀਬੀਐਸ ਨਿਊਜ਼ ਦੀਆਂ ਰਿਪੋਰਟਾਂ ਮੁਤਾਬਕ ਹਮਲਾਵਰ ਨੇ "ਏਆਰ-ਸਟਾਈਲ ਰਾਇਫਲ" ਨਾਲ ਗੋਲੀਬਾਰੀ ਕੀਤੀ।
ਲਾਅ ਇਸਫੋਰਸਮੈਂਟ ਸੂਤਰਾਂ ਨੇ ਵੀ ਸੀਬੀਐੱਸ ਨੂੰ ਦੱਸਿਆ ਕਿ ਇੱਕ ਰਾਹਗੀਰ ਨੇ ਜਾਣਕਾਰੀ ਦਿੱਤੀ ਅਤੇ ਪੁਲਿਸ ਵੱਲੋਂ ਸ਼ੱਕੀ ਵਿਅਕਤੀ ਵਜੋਂ ਉਸਦੀ ਪਛਾਣ ਕੀਤੀ ਗਈ ਸੀ,ਪਰ ਗੋਲੀਬਾਰੀ ਸ਼ੁਰੂ ਹੋਣ ਤੋਂ ਪਹਿਲਾਂ ਅਧਿਕਾਰੀ ਉਸ ਨੂੰ ਗੁਆ ਬੈਠੇ।
ਭਾਵੇਂ, ਦਿ ਐਫਬੀਆਈ ਨੇ ਕਿਹਾ ਕਿ ਇੱਕਦਮ ਪਤਾ ਨਹੀਂ ਲੱਗਿਆ ਕਿ ਕਿਸ ਤਰ੍ਹਾਂ ਦੇ ਹਥਿਆਰ ਨਾਲ ਗੋਲੀਆਂ ਚੱਲੀਆਂ ਅਤੇ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ।
ਐਸੋਸੀਏਟਿਡ ਪ੍ਰੈਸ ਨਿਊਜ਼ ਏਜੰਸੀ ਨੇ ਕਿਹਾ ਕਿ ਸੀਕ੍ਰੇਟ ਸਰਵਿਸ ਦੇ ਸਨਾਇਪਰ ਨੇ ਗੋਲੀਆਂ ਚਲਾਈਆਂ ਅਤੇ ਗਨਮੈਨ ਨੂੰ ਮਾਰ ਮੁਕਾਇਆ।
ਬਾਅਦ ਵਿੱਚ ਫੁਟੇਜ ਵਿੱਚ ਵੀ ਇਹ ਦੇਖਿਆ ਗਿਆ ਕਿ ਅਧਿਕਾਰੀ ਇਮਾਰਤ ਦੀ ਛੱਤ 'ਤੇ ਮ੍ਰਿਤਕ ਦੇਹ ਲੈਣ ਲਈ ਜਾ ਰਹੇ ਹਨ ।