You’re viewing a text-only version of this website that uses less data. View the main version of the website including all images and videos.
ਸਾਬਕਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ 'ਤੇ ਜਾਨਲੇਵਾ ਹਮਲਾ, ਐੱਫਬੀਆਈ ਨੇ ਮੁਲਜ਼ਮ ਬਾਰੇ ਕੀ ਦੱਸਿਆ
- ਲੇਖਕ, ਗੈਰੀ ਓ'ਡੋਨੋਗੋ ਅਤੇ ਬਰੇਂਡ ਡੇਬੁਸਮੈਨ ਜੂਨੀਅਰ
- ਰੋਲ, ਬਟਲਰ, ਪੈਨਸਿਲਵੇਨੀਆ ਤੋਂ
ਇਹ ਖ਼ਬਰ ਲਗਾਤਾਰ ਅਪਡੇਟ ਕੀਤੀ ਜਾ ਰਹੀ ਹੈ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਉੱਤੇ ਗੋਲੀਆਂ ਚਲਾਉਣ ਵਾਲੇ ਸ਼ੱਕੀ ਵਿਅਕਤੀ ਦੇ ਨਾਮ ਬਾਰੇ ਐੱਫਬੀਆਈ ਨੇ ਜਾਣਕਾਰੀ ਦਿੱਤੀ ਹੈ।
ਐੱਫਬੀਆਈ ਮੁਤਾਬਕ ਸ਼ੱਕੀ ਵਿਅਕਤੀ ਦੀ ਪਛਾਣ 20 ਸਾਲਾ ਥੋਮਸ ਮੈਥਿਊ ਕਰੁਕਸ ਵਜੋਂ ਹੋਈ ਹੈ।
ਐੱਫਬੀਆਈ ਦੇ ਬਿਆਨ ਮੁਤਾਬਕ ਉਹ ਪੈਨਸਿਲਵੇਨੀਆ ਦੇ ਬੇਥਲ ਪਾਰਕ ਦਾ ਰਹਿਣ ਵਾਲਾ ਸੀ।
ਐੱਫਬੀਆਈ ਦਾ ਕਹਿਣਾ ਹੈ ਕਿ ਉਹ ਇਸ ਘਟਨਾ ਨੂੰ ਟਰੰਪ ਨੂੰ ਮਾਰਨ ਦੀ ਕੋਸ਼ਿਸ਼ ਵਜੋਂ ਦੇਖ ਰਹੇ ਹਨ।
ਆਪਣੇ ਉੱਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਹਸਪਤਾਲ ਤੋਂ ਪੈਨਸਲਵੇਨੀਆ ਵਿੱਚ ਆਪਣੇ ਘਰ ਚਲੇ ਗਏ ਹਨ।
ਘਟਨਾ ਤੋਂ ਬਾਅਦ ਡੌਨਲਡ ਟਰੰਪ ਦਾ ਕਹਿਣਾ ਸੀ ਕਿ ਇੱਕ ਸਿਆਸੀ ਰੈਲੀ ਦੌਰਾਨ ਉਨ੍ਹਾਂ ਦੇ ਕੰਨ ਉੱਤੇ ਗੋਲੀ ਚਲਾਈ ਗਈ। ਉਨ੍ਹਾਂ ਨੇ ਗੋਲੀ ਦੀ “ਸ਼ੂੰ ਕਰਕੇ ਜਾਂਦੀ ਅਵਾਜ਼” ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਲੱਗਿਆ ਕਿ ਗੋਲੀ ਉਨ੍ਹਾਂ ਦੀ “ਚਮੜੀ ਵਿੱਚੋਂ ਚੀਰਦੀ ਹੋਈ ਨਿਕਲ” ਗਈ।
ਰਿਪਬਲੀਕਨ ਨੈਸ਼ਨਲ ਕਮੇਟੀ ਦੀ ਵੈਬਸਾਈਟ ਉੱਤੇ ਪ੍ਰਕਾਸ਼ਿਤ ਬਿਆਨ ਮੁਤਾਬਕ ਟਰੰਪ ਠੀਕ-ਠਾਕ ਹਨ ਅਤੇ ਕਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੇ ਸ਼ੁਕਰਗੁਜ਼ਾਰ ਹਨ।
ਪੈਨਸਲਵੇਨੀਆ ਵਿੱਚ ਇੱਕ ਪੁਰਸ਼ ਹਮਲਾਵਰ ਨੂੰ ਸੀਕਰੇਟ ਸਰਵਿਸ ਦੇ ਇੱਕ ਮੈਂਬਰ ਵੱਲੋਂ ਟਰੰਪ ਉੱਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼ ਤੋਂ ਤੁਰੰਤ ਮਗਰੋਂ ਮਾਰ ਦਿੱਤਾ ਗਿਆ।
ਸੀਕਰੇਟ ਸਰਵਿਸ ਮੁਤਾਬਕ ਹਮਲਾਵਰ ਨੇ ਦਰਸ਼ਕਾਂ ਵਿੱਚੋਂ ਇੱਕ ਨੂੰ ਮਾਰ ਦਿੱਤਾ ਜਦਕਿ ਦੋ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹਨ।
ਇੱਕ ਚਸ਼ਮਦੀਦ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਨਜ਼ਦੀਕੀ ਛੱਤ ਉੱਤੇ ਇੱਕ ਬੰਦੂਕਧਾਰੀ ਨੂੰ ਰੇਂਗਦੇ ਹੋਏ ਦੇਖਿਆ ਸੀ।
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਟਰੰਪ ਜ਼ਮੀਨ ਉੱਤੇ ਡਿੱਗੇ ਅਤੇ ਫਿਰ ਜਦੋਂ ਉੱਠੇ ਤਾਂ ਉਨ੍ਹਾਂ ਦੇ ਇੱਕ ਪਾਸੇ ਖੂਨ ਲੱਗਿਆ ਹੋਇਆ ਸੀ।
ਅਮਰੀਕਾ ਵਿੱਚ ਬੀਬੀਸੀ ਦੇ ਸਹਿਯੋਗੀ ਸੀਬੀਸੀ ਦੀ ਰਿਪੋਰਟ ਮੁਤਾਬਕ ਸ਼ੱਕੀ ਵਿਅਕਤੀ ਨੇ ਟਰੰਪ ਤੋਂ 200 ਮੀਟਰ ਦੇ ਕੋਆਰਡਨਡ-ਆਫ ਖੇਤਰ ਤੋਂ ਬਾਹਰੋਂ ਗੋਲੀ ਚਲਾਈ।
ਹਮਲਾਵਰ ਕੋਲ ਬੰਦੂਕ ਸੀ ਅਤੇ ਉਹ ਕਿਸੇ ਛੱਤ ਉੱਤੇ ਉੱਚੇ ਕੀਤੇ ਢਾਂਚੇ ਉੱਤੇ ਖੜ੍ਹਾ ਸੀ।
ਸਾਬਕਾ ਰਾਸ਼ਟਰਪਤੀ ਟਰੰਪ ਦੇ ਸਭ ਤੋਂ ਵੱਡੇ ਪੁੱਤਰ ਡੌਨਲਡ ਟਰੰਪ ਜੂਨੀਅਰ ਨੇ ਕਿਹਾ ਹੈ ਕਿ ਉਹ ਚੜ੍ਹਦੀ ਕਲਾ ਵਿੱਚ ਹਨ।
ਆਪਣੇ ਬਿਆਨ ਵਿੱਚ ਉਨ੍ਹਾਂ ਨੇ ਕਿਹਾ, “ਮੈਂ ਹੁਣੇ ਆਪਣੇ ਪਿਤਾ ਨਾਲ ਗੱਲ ਕੀਤੀ ਹੈ, ਉਹ ਚੜ੍ਹਦੀ ਕਲਾ ਵਿੱਚ ਹਨ। ਕੱਟੜਪੰਥੀ ਖੱਬੇਪੱਖੀ ਭਾਵੇਂ ਉਨ੍ਹਾਂ ਉੱਤੇ ਕੁਝ ਵੀ ਸੁੱਟਣ, ਉਹ ਅਮਰੀਕਾ ਨੂੰ ਬਚਾਉਣ ਦੀ ਲੜਾਈ ਲੜਨਾ ਕਦੇ ਨਹੀਂ ਛੱਡਣਗੇ।”
ਸੀਬੀਸੀ ਕੋਲ ਇੱਕ ਏਡੀ ਨੇ ਪੁਸ਼ਟੀ ਕੀਤੀ ਕਿ ਟਰੰਪ ਜੂਨੀਅਨ ਮੌਕੇ ਉੱਤੇ ਮੌਜੂਦ ਨਹੀਂ ਸਨ।
ਐੱਫਬੀਆਈ ਨੇ ਘਟਨਾ ਤੇ ਹਮਲਾਵਰ ਬਾਰੇ ਕੀ ਦੱਸਿਆ ਹੈ
ਪ੍ਰੈੱਸ ਕਾਨਫਰੰਸ ਦੌਰਾਨ ਐੱਫਬੀਆਈ ਨੇ ਪੁਸ਼ਟੀ ਕੀਤੀ ਕਿ ਕਨੂੰਨ ਲਾਗੂ ਕਰਨ ਵਾਲਿਆਂ ਨੂੰ ਛੱਤ ਦੇ ਉੱਪਰ ਕਿਸੇ ਦੇ ਹੋਣ ਦੀ ਜਾਣਕਾਰੀ ਨਹੀਂ ਸੀ ਜਦੋਂ ਤੱਕ ਕਿ ਉਸ ਨੇ ਗੋਲੀਆਂ ਨਹੀਂ ਚਲਾ ਦਿੱਤੀਆਂ।
ਇਹ ਵੀ ਦੱਸਿਆ ਗਿਆ ਹੈ ਕਿ ਮਾਰੇ ਗਏ ਤਿੰਨੇ ਜਾਣੇ ਬਾਲਗ ਪੁਰਸ਼ ਸਨ।
ਜ਼ਿਕਰਯੋਗ ਹੈ ਕਿ ਐਫਬੀਆਈ ਵੱਲੋਂ ਪ੍ਰੈੱਸ ਕਾਨਫਰੰਸ ਵਿੱਚ ਹਾਜਰ ਸਪੈਸ਼ਲ ਏਜੰਟ ਕੈਵਿਨ ਰੋਜੇਕ ਨੇ ਦੱਸਿਆ ਕਿ ਸੀਕਰੇਟ ਸਰਵਿਸਸ ਇਸ ਕਾਨਫਰੰਸ ਦਾ ਹਿੱਸਾ ਨਹੀਂ ਬਣ ਸਕੀ।
ਐੱਫਬੀਆ ਨੇ ਸ਼ੁਰੂ ਵਿੱਚ ਕਿਹਾ ਕਿ ਹਮਲਾਵਰ ਦੀ ਪੁਸ਼ਟੀ ਕਰਨ ਲਈ ਡੀਐੱਨਏ ਅਤੇ ਬਾਇਓਮੀਟਰਿਕ ਪ੍ਰੀਖਣ ਕੀਤੇ ਜਾਣਗੇ।
ਬਾਅਦ ਵਿੱਚ ਐੱਫਬੀਆਈ ਨੇ ਉਸ ਦੀ ਪਛਾਣ ਜਾਰੀ ਕੀਤੀ ਅਤੇ ਹੇਠ ਲਿੱਖੀ ਜਾਣਕਾਰੀ ਇੱਕ ਬਿਆਨ ਦੇ ਜ਼ਰੀਏ ਸਾਂਝੀ ਕੀਤੀ—
ਹਮਲਾਵਰ ਦਾ ਨਾਮ ਥੌਮਸ ਮੈਥਿਊ ਕਰੂਕਸ ਸੀ, ਜੋ ਕਿ 20 ਸਾਲ ਦਾ ਸੀ।
ਉਹ ਬੈਥੇਲ ਪਾਰਕ, ਪੈਨਸਲਵੇਨੀਆ ਦਾ ਰਹਿਣ ਵਾਲਾ ਸੀ ਜੋ ਕਿ ਘਟਨਾ ਵਾਲੀ ਥਾਂ ਬਟਲਰ ਤੋਂ ਕਰੀਬ 70 ਕੱਲੋਮੀਟਰ ਦੂਰ ਹੈ।
ਐੱਫਬੀਆਈ ਨੇ ਕਿਹਾ ਕਿ ਜਾਂਚ ਅਜੇ ਜਾਰੀ ਹੈ।
ਟਰੰਪ ਨੇ ਹਮਲੇ ਤੋਂ ਬਾਅਦ ਕੀ ਕਿਹਾ
ਹਮਲੇ ਤੋਂ ਤੁਰੰਤ ਮਗਰੋਂ ਆਪਣੀ ਪਹਿਲੀ ਪ੍ਰਤੀਕਿਰਿਆ ਵਿੱਚ ਸਾਬਕਾ ਰਾਸ਼ਟਰਪਤੀ ਨੇ ਹਮਲੇ ਤੋਂ ਬਾਅਦ ਫੌਰੀ ਪ੍ਰਤੀਕਿਰਿਆ ਲਈ ਸੀਕਰੇਟ ਸਰਵਿਸਸ ਦਾ ਧੰਨਵਾਦ ਕੀਤਾ।
“ਸਭ ਤੋਂ ਅਹਿਮ ਮੈਂ ਉਸ ਵਿਅਕਤੀ ਦੇ ਪਰਿਵਾਰ ਪ੍ਰਤੀ ਆਪਣੀ ਸੰਵੇਦਨਾ ਪਰਗਟ ਕਰਨੀ ਚਾਹੁੰਦਾ ਹਾਂ ਜੋ ਰੈਲੀ ਵਿੱਚ ਮਾਰਿਆ ਗਿਆ ਅਤੇ ਦੂਜੇ ਵਿਅਕਤੀ ਦੇ ਪਰਿਵਾਰ ਪ੍ਰਤੀ ਵੀ ਜੋ ਬੁਰੀ ਤਰ੍ਹਾਂ ਜ਼ਖਮੀ ਹੋਇਆ ਹੈ।”
“ਇਹ ਹੈਰਾਨੀਜਨਕ ਹੈ ਕਿ ਅਜਿਹਾ ਹਮਲਾ ਸਾਡੇ ਦੇਸ ਵਿੱਚ ਹੋਇਆ ਹੈ। ਹਮਲਾਵਰ ਬਾਰੇ ਇਸ ਸਮੇਂ ਤਾਂ ਕੁਝ ਪਤਾ ਨਹੀਂ ਜੋ ਹੁਣ ਮਾਰਿਆ ਗਿਆ ਹੈ।“
ਉਨ੍ਹਾਂ ਨੇ ਕਿਹਾ “ਪ੍ਰਮਾਤਮਾ ਅਮਰੀਕਾ ਨੂੰ ਅਸੀਸ ਦੇਵੇ!”
ਉਨ੍ਹਾਂ ਨੇ ਕਿਹਾ ਕਿ ਗੋਲੀ ਨੇ ਉਨ੍ਹਾਂ ਦੇ ਕੰਨ ਦੇ ਉੱਪਰਲੇ ਹਿੱਸੇ ਨੂੰ ਚੀਰ ਕੇ ਚਲੀ ਗਈ।
“ਬਹੁਤ ਖੂਨ ਵਗਿਆ, ਇਸ ਲਈ ਮੈਨੂੰ ਤੁਰੰਤ ਮਹਿਸੂਸ ਹੋਇਆ ਕਿ ਕੀ ਹੋ ਰਿਹਾ ਸੀ।”
ਸਾਬਕਾ ਰਾਸ਼ਟਰਪਤੀ ਦੇ ਪੁੱਤਰੀ ਇਵਾਂਕਾ ਟਰੰਪ ਨੇ ਵੀ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਸੀਕਰੇਟ ਸਰਵਿਸਸ ਦਾ ਧੰਨਵਾਦ ਕੀਤਾ ਹੈ।
ਚਸ਼ਮਦੀਦ ਨੇ ਬੀਬੀਸੀ ਨੂੰ ਕੀ ਦੱਸਿਆ
ਸੀਬੀਸੀ ਦੇ ਸੂਤਰਾਂ ਨੇ ਦੱਸਿਆ ਹੈ ਕਿ ਹਮਲੇ ਤੋਂ ਤੁਰੰਤ ਮਗਰੋਂ ਟਰੰਪ ਸਥਾਨਕ ਹਸਪਤਾਲ ਲਈ ਰਵਾਨਾ ਹੋ ਗਏ।
ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਉਨ੍ਹਾਂ ਨੂੰ ਕਿੱਥੇ ਲਿਜਾਇਆ ਗਿਆ। ਉਨ੍ਹਾਂ ਨੇ ਰੈਲੀ ਤੋਂ ਬਾਅਦ ਨਿਊ ਜਰਸੀ ਵਿੱਚ ਬੈਡਮਿਨਸਟਰ ਵਿੱਚ ਆਪਣੀ ਰਿਹਾਇਸ਼ ਉੱਤੇ ਜਾਣਾ ਸੀ।
ਸਾਬਕਾ ਰਾਸ਼ਟਰਪਤੀ ਨੇ ਐਤਵਾਰ ਨੂੰ ਵਿਕਾਂਸਨ ਵਿੱਚ ਸ਼ੁਰੂ ਹੋਣ ਵਾਲੀ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਵਿੱਚ ਵੀ ਸ਼ਿਰਕਤ ਕਰਨੀ ਸੀ।
ਇੱਕ ਚਸ਼ਮਦੀਦ ਨੇ ਬੀਬੀਸੀ ਪੱਤਰਕਾਰ ਗੈਰੀ ਓ’ਡੋਨੋਗੋ ਨੂੰ ਦੱਸਿਆ ਕਿ ਉਨ੍ਹਾਂ ਨੇ ਇੱਕ ਵਿਅਕਤੀ ਨੂੰ ਬੰਦੂਕ ਦੇ ਨਾਲ ਇੱਕ ਛੱਤ ਉੱਤੇ ਚੜ੍ਹਦੇ ਦੇਖਿਆ ਸੀ।
ਉਨ੍ਹਾਂ ਨੇ ਕਿਹਾ ਅਸੀਂ ਦੇਖਿਆ “ਸਾਥੋਂ ਕੋਈ 50 ਮੀਟਰ ਦੂਰ, ਇੱਕ ਬੰਦਾ ਰੇਂਗ ਕੇ ਸਾਡੇ ਨਾਲ ਦੀ ਇਮਾਰਤ ਦੀ ਛੱਤ ਉੱਤੇ ਚੜ੍ਹ ਰਿਹਾ ਸੀ।”
ਚਸ਼ਮਦੀਦ ਮੁਤਾਬਕ ਉਨ੍ਹਾਂ ਨੇ ਉਸ ਵਿਅਕਤੀ ਦੀ ਮੌਜੂਦਗੀ ਬਾਰੇ ਪੁਲਿਸ ਨੂੰ ਸਾਵਧਾਨ ਕਰਨ ਲਈ ਇਸ਼ਾਰੇ ਨਾਲ ਦੱਸਣ ਦੀ ਕੋਸ਼ਿਸ਼ ਕੀਤੀ।
ਰਾਸ਼ਟਰਪਤੀ ਬਾਇਡਨ ਨੇ ਕੀ ਕਿਹਾ
ਆਪਣੇ ਸੰਖੇਪ ਬਿਆਨ ਵਿੱਚ ਰਾਸ਼ਟਰਪਤੀ ਬਾਇਡਨ ਨੇ ਕਿਹਾ ਹੈ ਕਿ, ਪੈਨਸਲਵੇਨੀਆ ਵਿੱਚ ਹੋਏ ਹਿੰਸਕ ਹਮਲੇ ਦੀ “ਸਾਰਿਆਂ ਨੂੰ ਨਿੰਦਾ ਕਰਨੀ ਚਾਹੀਦੀ ਹੈ”।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ, “ਮੈਂ ਟਰੰਪ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਉਹ ਆਪਣੇ ਡਾਕਟਰਾਂ ਨਾਲ ਹਨ।”
ਉਨ੍ਹਾਂ ਨੇ ਕਿਹਾ ਕਿ ਅਸੀਂ ਅਜਿਹਾ ਹੋਣ ਦੀ ਆਗਿਆ ਨਹੀਂ ਦੇ ਸਕਦੇ। ਅਸੀਂ ਅਜਿਹੇ ਨਹੀਂ ਹੋ ਸਕਦੇ। ਅਸੀਂ ਇਸ ਨੂੰ ਸਹਿਣ ਨਹੀਂ ਕਰ ਸਕਦੇ।
ਬਾਇਡਨ ਦੇ ਪ੍ਰਚਾਰ ਅਧਿਕਾਰੀ ਨੇ ਦੱਸਿਆ ਕਿ ਬਾਇਡਨ ਦਾ ਸਾਰਾ ਚੋਣ ਪ੍ਰਚਾਰ ਰੋਕਿਆ ਜਾ ਰਿਹਾ ਹੈ ਅਤੇ ਟੈਲੀਵਿਜ਼ਨ ਦੇ ਇਸ਼ਤਿਹਾਰ ਛੇਤੀ ਤੋਂ ਪਹਿਲਾਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੱਤਰਕਾਰਾਂ ਵੱਲੋਂ ਪੁੱਛੇ ਜਾਣ ਉੱਤੇ ਕਿ ਕੀ ਇਹ ਹੱਤਿਆ ਦੀ ਕੋਸ਼ਿਸ਼ ਸੀ, ਬਾਇਡਨ ਨੇ ਕਿਹਾ, "ਮੈਂ ਯਕੀਨੀ ਬਣਾਉਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਸਾਰੇ ਤੱਥ ਹੋਣ।"
ਉਨ੍ਹਾਂ ਨੇ ਕਿਹਾ ਕਿ "ਅਮਰੀਕਾ ਵਿੱਚ ਇਸ ਤਰ੍ਹਾਂ ਦੀ ਹਿੰਸਾ ਲਈ ਕੋਈ ਥਾਂ ਨਹੀਂ ਹੈ"।
ਟਰੰਪ ਉੱਤੇ ਹਮਲੇ ਦੀ ਮੋਦੀ ਅਤੇ ਰਾਹੁਲ ਵੱਲੋਂ ਨਿਖੇਧੀ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੋਸਤ ਟਰੰਪ ਉੱਤੇ ਹਮਲੇ ਤੋਂ ਚਿੰਤਾ ਜ਼ਾਹਰ ਕੀਤੀ ਹੈ।
ਉਨ੍ਹਾਂ ਨੇ ਆਪਣੇ ਐਕਸ ਹੈਂਡਲ ਉੱਤੇ ਲਿਖਿਆ, “ਮੈਂ ਆਪਣੇ ਦੋਸਤ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਉੱਤੇ ਹਮਲੇ ਤੋਂ ਗੰਭੀਰ ਫਿਕਰਮੰਦ ਹਾਂ ਘਟਨਾ ਦੀ ਸਖਤ ਨਿਖੇਧੀ ਕਰਦਾ ਹਾਂ। ਹਿੰਸਾ ਦੀ ਸਿਆਸਤ ਅਤੇ ਲੋਕਤੰਤਰ ਵਿੱਚ ਕੋਈ ਥਾਂ ਨਹੀਂ ਹੈ। ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕਰਦਾ ਹਾਂ।”
ਵਿਰੋਧੀ ਧਿਰ ਨੇ ਆਗੂ ਰਾਹੁਲ ਗਾਂਧੀ ਨੇ ਵੀ ਆਪਣੇ ਐਕਸ ਹੈਂਡਲ ਉੱਤੇ ਡੌਨਲਡ ਟਰੰਪ ਦੇ ਹਮਲੇ ਦੀ ਨਿਖੇਧੀ ਕੀਤੀ।
ਉਨ੍ਹਾਂ ਨੇ ਲਿਖਿਆ, “ਮੈਂ ਸਾਬਕਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਉੱਤੇ ਹੱਤਿਆ ਦੀ ਕੋਸ਼ਿਸ਼ ਤੋਂ ਗੰਭੀਰ ਚਿੰਤਤ ਹਾਂ। ਅਜਿਹੀਆਂ ਕਾਰਵਾਈਆਂ ਦੀ ਜਿੰਨਾ ਹੋ ਸਕੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਹੋਣੀ ਚਾਹੀਦੀ ਹੈ। ਮੈਂ ਉਨ੍ਹਾਂ ਦੇ ਜਲਦੀ ਅਤੇ ਪੂਰੀ ਤਰ੍ਹਾਂ ਸਿਹਤਯਾਬ ਹੋਣ ਦੀ ਕਾਮਨਾ ਕਰਦਾ ਹਾਂ।”