ਪਠਾਨਕੋਟ ਦੇ ਮੈਡੀਕਲ ਕਾਲਜ ਵਿੱਚ ਸੈਸ਼ਨ ਵਿਚਾਲੇ ਵਿਦਿਆਰਥੀਆਂ ਨੇ ਹੋਸਟਲ ਖ਼ਾਲੀ ਕੀਤਾ, ਕੀ ਹੈ ਪੂਰਾ ਮਾਮਲਾ

    • ਲੇਖਕ, ਗੁਰਪ੍ਰੀਤ ਚਾਵਲਾ
    • ਰੋਲ, ਬੀਬੀਸੀ ਸਹਿਯੋਗੀ

ਪਠਾਨਕੋਟ ਦੇ ਦਿ ਵਾਈਟ ਮੈਡੀਕਲ ਕਾਲਜ ’ਚ ਐੱਮਬੀਬੀਐਸ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੇ ਕਾਲਜ ਦੀ ਮੈਨੇਂਜਮੈਂਟ ਖ਼ਿਲਾਫ਼ ਮੋਰਚਾ ਖੋਲ੍ਹਿਆ ਹੈ। ਇਹ ਵਿਦਿਆਰਥੀ ਐੱਮਬੀਬੀਐੱਸ ਦੇ ਦੂਸਰੇ ਅਤੇ ਤੀਸਰੇ ਸਾਲ ਦੀ ਪੜ੍ਹਾਈ ਕਰ ਰਹੇ ਹਨ।

ਕਰੀਬ 250 ਵਿਦਿਆਰਥੀਆਂ ਨੇ ਰੋਸ ਵੱਜੋਂ ਕਾਲਜ ਦਾ ਹੋਸਟਲ ਖਾਲੀ ਕਰ ਦਿੱਤਾ ਹੈ। ਫ਼ਰੀਦਕੋਟ ਦੀ ਬਾਬਾ ਫ਼ਰੀਦ ਮੈਡੀਕਲ ਯੁਨੀਵਰਸਿਟੀ ਅਧੀਨ ਆਉਂਦੇ ਇਸ ਕਾਲਜ ਦੇ ਵਿਦਿਆਰਥੀਆਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਦੇ ਹੋਸਟਲ ’ਚ ਬਿਜਲੀ ਸਪਲਾਈ ਨਹੀਂ ਹੈ, ਪਾਣੀ ਦੀ ਕਿੱਲਤ ਅਤੇ ਖਾਣੇ ਦੀ ਦਿੱਕਤ ਹੈ।

ਇਸ ਤੋਂ ਇਲਾਵਾ ਵਿਦਿਅਰਥੀਆਂ ਦਾ ਇਲਜ਼ਾਮ ਹੈ ਕਿ ਮੈਡੀਕਲ ਦੀ ਪੜ੍ਹਾਈ ਕਰਵਾਉਣ ਲਈ ਲੋੜੀਂਦਾ ਸਟਾਫ਼ ਵੀ ਕਾਲਜ ਵਿੱਚ ਮੌਜੂਦ ਨਹੀਂ ਹੈ।

ਕਾਲਜ ਦੇ ਵਿਦਿਆਰਥੀਆਂ ਨੇ ਆਪਣੇ ਮਾਪਿਆਂ ਦੇ ਨਾਲ ਬਾਬਾ ਫ਼ਰੀਦ ਯੂਨੀਵਰਸਿਟੀ ਤੱਕ ਪਹੁੰਚ ਕਰਕੇ ਕਿਸੇ ਹੋਰ ਮੈਡੀਕਲ ਕਾਲਜ ਵਿੱਚ ਟਰਾਂਸਫ਼ਰ ਕਰਨ ਦੀ ਮੰਗ ਕੀਤੀ ਹੈ।

ਹਾਲਾਂਕਿ ਕਾਲਜ ਦੀ ਮੈਨੇਜਮੈਂਟ ਨੇ ਇਲਜ਼ਾਮਾਂ ਤੋਂ ਮੁੱਢੋ ਇਨਕਾਰ ਕੀਤਾ ਹੈ।

ਵਿਦਿਆਰਥੀਆਂ ਦੀਆਂ ਸ਼ਿਕਾਇਤਾਂ

ਐੱਮਬੀਬੀਐੱਸ ਦੇ ਦੂਸਰੇ ਸਾਲ ਦੇ ਇੱਕ ਵਿਦਆਰਥੀ ਨੇ ਆਪਣਾ ਨਾਂਅ ਨਾ ਦੱਸਣ ਦੀ ਸ਼ਰਤ ਉੱਤੇ ਬੀਬੀਸੀ ਨਾਲ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਕਾਲਜ ਖ਼ਿਲਾਫ਼ ਵਿਦਿਆਰਥੀਆਂ ਦਾ ਇਹ ਸੰਘਰਸ਼ ਲੰਬੇ ਸਮੇਂ ਤੋਂ ਚੱਲ ਰਿਹਾ ਹੈ।

ਉਨ੍ਹਾਂ ਦੱਸਿਆਂ ਕਿ ਇਸ ਮਾਮਲੇ ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਕੇਸ ਚਲਦੇ ਨੂੰ ਵੀ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ।

ਉਨ੍ਹਾਂ ਦਾਅਵਾ ਕੀਤਾ, “ਪਹਿਲਾਂ ਤਾਂ ਉਹ ਕਾਲਜ ’ਚ ਹੀ ਰਹਿ ਕੇ ਦਿੱਕਤਾਂ ਝੱਲਦੇ ਹੋਏ ਆਪਣੀ ਪੜ੍ਹਾਈ ਜਾਰੀ ਰੱਖ ਰਹੇ ਸਨ। ਪਰ ਹੁਣ ਉਨ੍ਹਾਂ ਦੀ ਪੜ੍ਹਾਈ ਦਾ ਵੀ ਹਰਜ਼ ਹੋ ਰਿਹਾ ਸੀ।”

ਕਾਲਜ ਵਿੱਚ ਵਿਦਿਆਰਥੀਆਂ ਨੂੰ ਦਰਪੇਸ਼ ਦਿੱਕਤਾਂ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ,“ਕਾਲਜ ਵਿੱਚ ਵਿਦਿਆਰਥੀਆਂ ਕੋਲੋਂ ਫ਼ੀਸ ਪੂਰੀ ਲਈ ਜਾਂਦੀ ਹੈ। ਪਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ।”

ਵਿਦਿਆਰਥੀਆਂ ਦਾ ਇਲਜ਼ਾਮ ਹੈ ਕਿ ਹੋਸਟਲ ਵਿੱਚ ਬਿਜਲੀ, ਪਾਣੀ ਅਤੇ ਖਾਣੇ ਦੀ ਦਿੱਕਤ ਹੈ ਅਤੇ ਕਾਲਜ ਵਿੱਚ ਮੈਡੀਕਲ ਦੀ ਪੜ੍ਹਾਈ ਲਈ ਲੋੜੀਂਦਾ ਸਮਾਨ ਨਹੀਂ ਹੈ ਤੇ ਨਾ ਹੀ ਸਟਾਫ਼ ਪੂਰਾ ਹੈ ਜਿਸ ਕਾਰਨ ਉਨ੍ਹਾਂ ਦਾ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ।

ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਲੈ ਕੇ ਮੈਡੀਕਲ ਐਜੂਕੇਸ਼ਨ ਦੇ ਡਾਇਰੈਕਟਰ ਕੋਲ ਜਾਣਗੇ।

ਹੋਸਟਲ ਖਾਲੀ ਕਰਨਾ

ਵਿਦਿਆਰਥੀਆਂ ਦਾ ਇਲਜ਼ਾਮ ਹੈ ਕਿ ਬੁੱਧਵਾਰ ਰਾਤ ਤੋਂ ਹੋਸਟਲ ’ਚ ਬਿਜਲੀ ਦੀ ਸਪਲਾਈ ਨਹੀਂ ਸੀ ਜਿਸ ਤੋਂ ਬਾਅਦ ਬੱਚੇ ਕੈਂਪਸ ’ਚ ਇਕੱਠੇ ਹੋ ਗਏ।

ਵਿਦਿਆਰਥੀ ਮੈਨਜਮੈਂਟ ਨਾਲ ਗੱਲ ਕਰਨ ਗਏ ਜਿਸ ਤੋਂ ਕੁਝ ਦੇਰ ਬਾਅਦ ਹੀ ਕਾਲਜ਼ ਦੇ ਚੇਅਰਮੈਨ ਸਵਰਨ ਸਲਾਰੀਆ ਉਥੇ ਪੁਹੰਚ ਗਏ ਸਨ।

ਵਿਦਿਆਰਥੀਆਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਨਾਲ ਇਤਰਾਜ਼ਯੋਗ ਭਾਸ਼ਾ ਬੋਲੀ ਗਈ ਜਿਸ ਤੋਂ ਬਾਅਦ ਉਨ੍ਹਾਂ ਨੇ ਵੀਰਵਾਰ ਦੀ ਸਵੇਰ ਤੋਂ ਕਾਲਜ਼ ਛੱਡ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਡੀਸੀ ਦਫ਼ਤਰ ਸਾਹਮਣੇ ਧਰਨਾ ਲਾਇਆ ਸੀ।

ਇਹ ਧਰਨਾ ਸ਼ਾਮ ਤੱਕ ਚੱਲਿਆ ਅਤੇ ਉਸ ਤੋਂ ਬਾਅਦ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਕਾਲਜ ਵਾਪਸ ਨਾ ਜਾਣ ਦਾ ਫ਼ੈਸਲਾ ਕੀਤਾ।

ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਪ੍ਰਸ਼ਾਸਨ ਵਲੋਂ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ ਤੇ ਉਹ ਹੋਸਟਲ ਤੋਂ ਆਪਣਾ ਸਮਾਨ ਚੁੱਕ ਲਿਆਏ।

ਵਿਦਿਆਰਥੀਆਂ ਨੇ ਰਾਤ ਗੁਰੂਦੁਆਰਾ ਸ੍ਰੀ ਬਾਰਠ ਸਾਹਿਬ ’ਚ ਬਿਤਾਈ ਅਤੇ ਇਸ ਤੋਂ ਬਾਅਦ ਬਾਬਾ ਫ਼ਰੀਦ ਯੂਨੀਵਰਸਿਟੀ ’ਚ ਪਹੁੰਚ ਕੇ ਆਪਣੀ ਮੰਗ ਰੱਖੀ ਸੀ।

ਵਿਦਿਆਰਥੀਆਂ ਮੁਤਾਬਕ ਇਸ ਸੰਘਰਸ਼ ਵਿੱਚ ਕਰੀਬ 150 ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਸਾਮਲ ਹਨ।

ਇਸ ਤੋਂ ਇਲਾਵਾ ਜੋ ਵਿਦਿਆਰਥੀ ਸਨ ਉਹ ਪਹਿਲਾਂ ਹੀ ਹੋਸਟਲ ਛੱਡ ਚੁੱਕੇ ਹਨ।

ਵਿਦਿਆਰਥੀਆਂ ਦੀ ਮੰਗ ਹੈ ਕਿ ਜਦੋਂ ਤੱਕ ਅਦਾਲਤ ਦਾ ਫ਼ੈਸਲਾ ਨਹੀਂ ਆਉਂਦਾ ਯੁਨੀਵਰਸਿਟੀ ਉਨ੍ਹਾਂ ਦੇ ਕਿਸੇ ਹੋਰ ਕਾਲਜ ਵਿੱਚ ਪੜ੍ਹਾਈ ਕਰਨ ਦਾ ਪ੍ਰਬੰਧ ਕਰੇ।

ਮਾਮਲੇ ਨੇ ਲਈ ਸਿਆਸੀ ਰੰਗਤ

ਦਿ ਵਾਈਟ ਮੈਡੀਕਲ ਕਾਲਜ ਦੇ ਚੇਅਰਮੈਨ ਸਵਰਨ ਸਲਾਰੀਆ ਜੋ ਕਿ ਆਮ ਆਦਮੀ ਪਾਰਟੀ ਦੇ ਆਗੂ ਵੀ ਹਨ ਖ਼ਿਲਾਫ਼ ਜਦੋਂ ਵਿਦਿਆਰਥੀਆਂ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਤਾਂ ਇਹ ਮਸਲਾ ਸਿਆਸੀ ਰੰਗ ਵੀ ਲੈ ਗਿਆ।

ਧਰਨਾ ਦੇ ਰਹੇ ਵਿਦਿਆਰਥੀਆਂ ਦੀ ਹਿਮਾਇਤ ਉੱਤੇ ਕਾਂਗਰਸ ਭਾਜਪਾ ਆਗੂ ਵੀ ਧਰਨੇ ਵਾਲੀ ਥਾਂ ਪਹੁੰਚੇ ਸਨ।

ਕਾਂਗਰਸ ਪਾਰਟੀ ਦੀ ਬੁਲਾਰੇ ਟੀਨਾ ਚੌਧਰੀ ਦੱਸਦੇ ਹਨ ਕਿ ਉਨ੍ਹਾਂ ਨੂੰ ਜਦੋਂ ਇਸ ਸਮੱਸਿਆ ਦਾ ਪਤਾ ਲੱਗਿਆ ਤਾਂ ਉਹ ਵਿਦਿਆਰਥੀਆਂ ਦੀ ਮਦਦ ਲਈ ਪਹੁੰਚੇ ਸਨ।

ਉਨ੍ਹਾਂ ਕਿਹਾ, “ਧਰਨਾ ਦੇ ਰਹੇ ਵਿਦਿਆਰਥੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਿਤ ਹਨ ਤੇ ਉਹ ਨਿੱਜੀ ਤੌਰ ’ਤੇ ਪਾਰਟੀ ਵੱਲੋਂ ਵਿਦਿਆਰਥੀਆਂ ਦਾ ਸਾਥ ਦੇਣਗੇ।”

ਮੈਡੀਕਲ ਕਾਲਜ ਦੇ ਚੇਅਰਮੈਨ ਨੇ ਕੀ ਕਿਹਾ

ਇਸ ਮਾਮਲੇ ’ਤੇ ਦਾ ਵਾਈਟ ਮੈਡੀਕਲ ਕਾਲਜ਼ ਦੇ ਚੇਅਰਮੈਨ ਸਵਰਨ ਸਲਾਰੀਆ ਨੇ ਬੀਬੀਸੀ ਨਾਲ ਫ਼ੋਨ ’ਤੇ ਗੱਲ ਕਰਦਿਆਂ ਲੱਗੇ ਇਲਜ਼ਾਮਾਂ ਤੋਂ ਇਨਕਾਰ ਕੀਤਾ।

ਉਨ੍ਹਾਂ ਕਿਹਾ,“ਇੱਥੇ ਕਿਸੇ ਵੀ ਤਰ੍ਹਾਂ ਦੀ ਪਾਣੀ ਜਾਂ ਬਿਜਲੀ ਸਪਲਾਈ ਦੀ ਦਿੱਕਤ ਨਹੀਂ ਹੈ ਅਤੇ ਕਾਲਜ਼ ’ਚ ਲੋੜੀਂਦਾ ਸਟਾਫ਼ ਵੀ ਮੌਜੂਦ ਹੈ। ਰੋਜ਼ਾਨਾਂ ਕਲਾਸਾਂ ਚੱਲ ਰਹੀਆਂ ਹਨ ਜਿਸ ਦਾ ਰਿਕਾਰਡ ਉਨ੍ਹਾਂ ਕੋਲ ਹੈ।”

“ਕਾਲਜ ਵਿੱਚ ਲੋੜੀਂਦੇ ਢਾਂਚੇ ਦਾ ਪ੍ਰਸ਼ਾਸਨ ਅਤੇ ਮੈਡੀਕਲ ਐਜੂਕੇਸ਼ਨ ਵਿਭਾਗ ਵਲੋਂ ਨਿਰੱਖਣ ਵੀ ਕੀਤਾ ਜਾਂਦਾ ਹੈ।”

ਸਵਰਨ ਸਲਾਰੀਆ ਨੇ ਇਲਜ਼ਾਮ ਲਾਇਆ ਕਿ, “ਉਹ ਕਾਲਜ ਦੇ ਚੇਅਰਮੈਨ ਹੋਣ ਦੇ ਨਾਲ-ਨਾਲ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ ਇਸੇ ਲਈ ਇਸ ਮਾਮਲੇ ਦਾ ਸਿਆਸੀਕਰਨ ਕਰਕੇ ਵਿਦਿਆਰਥੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।”

ਪ੍ਰਸ਼ਾਸਨ ਨੇ ਕੀ ਦੱਸਿਆ

ਪਠਾਨਕੋਟ ਦੇ ਐਡੀਸ਼ਨਲ ਡੀਸੀ ਅਦਿੱਤਿਆ ਉੱਪਲ ਦਾ ਕਹਿਣਾ ਸੀ ਕੀ ਬੀਤੇ ਦੋ ਦਿਨ ਪਹਿਲਾਂ ਕਾਲਜ ਦੇ ਵਿਦਿਆਰਥੀ ਉਨ੍ਹਾਂ ਦੇ ਦਫ਼ਤਰ ਆਏ ਸਨ।

ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਕੁਝ ਸ਼ਿਕਾਇਤਾਂ ਸਨ ਜਿਨ੍ਹਾਂ ਦਾ ਨਿਪਟਾਰਾ ਯੁਨੀਵਰਸਿਟੀ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ।

“ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਫ਼ੈਸਲਾ ਸੀ ਕਿ ਉਹ ਹੋਸਟਲ ਵਿੱਚ ਵਾਪਸ ਨਹੀਂ ਜਾਣਗੇ। ਇਸ ਲਈ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਤਾਂ ਜੋ ਉਹ ਆਪਣਾ ਸਮਾਨ ਲੈ ਆ ਸਕਣ।”

“ਅਦਿੱਤਿਆ ਉੱਪਲ ਨੇ ਕਿਹਾ ਕਿ ਇਸ ਮਾਮਲੇ ਉੱਤੇ ਫ਼ੈਸਲਾ ਯੁਨੀਵਰਸਿਟੀ ਵਲੋਂ ਹੀ ਲਿਆ ਜਾਵੇਗਾ ਕਿਉਂਕਿ ਉਨ੍ਹਾਂ ਦੀ ਮੰਗ ਜ਼ਿਲ੍ਹਾ ਪ੍ਰਸ਼ਾਸਨ ਨਾਲ ਨਹੀਂ ਜੁੜੀ ਹੋਈ।”

ਉਥੇ ਹੀ ਸਥਾਨਿਕ ਪ੍ਰਸ਼ਾਸਨ ਵਲੋਂ ਨਿਰਖਣ ਕਰਨ ਦੀ ਗੱਲ ਤੇ ਡੀਸੀ ਪਠਾਨਕੋਟ ਦਾ ਕਹਿਣਾ ਸੀ ਕਿ ਉਹ ਪਿਛਲੇ ਚਾਰ ਮਹੀਨੇ ਤੋ ਇੱਥੇ ਪਠਾਨਕੋਟ ’ਚ ਹਨ। ਇਸ ਸਮੇ ਦੌਰਾਨ ਉਨ੍ਹਾਂ ਵਲੋਂ ਇਸ ਕਾਲਜ਼ ’ਚ ਕੋਈ ਨਿਰਖਣ ਨਹੀਂ ਕੀਤਾ ਗਿਆ ਹੈ ਅਤੇ ਹੋ ਸਕਦਾ ਹੈ ਕਿ ਅਜਿਹਾ ਪਹਿਲਾਂ ਹੋਇਆ ਹੋਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)