ਫ਼ੌਜ ਦਾ ਉਹ ਨਿਯਮ ਕੀ ਹੈ ਜਿਸ 'ਤੇ ਮਰਹੂਮ ਕੈਪਟਨ ਅੰਸ਼ੁਮਾਨ ਸਿੰਘ ਦੇ ਮਾਪੇ ਸਵਾਲ ਚੁੱਕ ਰਹੇ ਹਨ

    • ਲੇਖਕ, ਅਭਿਨਵ ਗੋਇਲ
    • ਰੋਲ, ਬੀਬੀਸੀ ਪੱਤਰਕਾਰ

ਮਰਹੂਮ ਕੈਪਟਨ ਅੰਸ਼ੁਮਾਨ ਸਿੰਘ ਦੇ ਪਿਤਾ ਨੇ ਆਪਣੇ ਬੇਟੇ ਨੂੰ ਮੌਤ ਮਗਰੋਂ ਕੀਰਤੀ ਚੱਕਰ ਮਿਲਣ ਤੋਂ ਬਾਅਦ ਭਾਰਤੀ ਫ਼ੌਜ ਦੇ ਸਭ ਤੋਂ ਨਜ਼ਦੀਕੀ ਪਰਿਵਾਰਕ ਮੈਂਬਰ ਨੀਤੀ (ਐੱਨਓਕੇ) ਵਿੱਚ ਸੋਧ ਦੀ ਮੰਗ ਕੀਤੀ ਹੈ।

ਇਸ ਨੀਤੀ ਦੇ ਤਹਿਤ ਫੌਜੀ ਦੀ ਮੌਤ ਹੋ ਜਾਣ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਨੂੰ ਆਰਥਿਕ ਮਦਦ ਅਤੇ ਸਨਮਾਨ ਦਿੱਤੇ ਜਾਂਦੇ ਹਨ।

ਕੀਰਤੀ ਚੱਕਰ ਵੀਰਤਾ ਲਈ ਦਿੱਤੇ ਜਾਣ ਵਾਲੇ ਇਨਾਮਾਂ ਵਿੱਚੋਂ ਦੂਜਾ ਸਭ ਤੋਂ ਵੱਡਾ ਪੁਰਸਕਾਰ ਹੈ।

ਪਿਛਲੇ ਸਾਲ ਸਿਆਚਿਨ ਵਿੱਚ ਆਪਣੇ ਸਾਥੀਆਂ ਨੂੰ ਬਚਾਉਂਦੇ ਹੋਏ ਮਰਹੂਮ ਕੈਪਟਨ ਅੰਸ਼ੁਮਾਨ ਦੀ ਮੌਤ ਹੋ ਗਈ ਸੀ।

ਮਰਹੂਮ ਕੈਪਟਨ ਅੰਸ਼ੁਮਾਨ ਦੇ ਹੌਂਸਲੇ ਅਤੇ ਬਹਾਦਰੀ ਲਈ ਉਨ੍ਹਾਂ ਨੂੰ ਮੌਤ ਮਗਰੋਂ ਕੀਤਰੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ।

ਪੰਜ ਜੁਲਾਈ ਨੂੰ ਰਾਸ਼ਟਰਪਤੀ ਭਵਨ ਵਿੱਚ ਉਨ੍ਹਾਂ ਦੀ ਮਾਂ ਮੰਜੂ ਸਿੰਘ ਅਤੇ ਪਤਨੀ ਸਮਰਿਤੀ ਨੇ ਰਾਸ਼ਟਰਪਤੀ ਦਰੌਪਦੀ ਮੁਰਮੂ ਤੋਂ ਇਹ ਪੁਰਸਕਾਰ ਸਵੀਕਾਰ ਕੀਤਾ।

ਪਰ ਹੁਣ ਕੈਪਟਨ ਅੰਸ਼ੁਮਾਨ ਦੇ ਮਾਂ-ਬਾਪ ਚਾਹੁੰਦੇ ਹਨ ਕਿ ਐੱਨਓਕੇ ਨੀਤੀ ਵਿੱਚ ਵੀ ਬਦਲਾਅ ਕੀਤਾ ਜਾਵੇ ਤਾਂ ਜੋ ਫ਼ੌਜੀ ਦੀ ਮੌਤ ਹੋਣ ਉੱਤੇ ਆਰਥਿਕ ਸਹਾਇਤਾ ਸਿਰਫ਼ ਪਤਨੀ ਨੂੰ ਹੀ ਨਾ ਦਿੱਤੀ ਜਾਵੇ ਸਗੋਂ ਉਸ ਵਿੱਚ ਬਾਕੀ ਪਰਿਵਾਰ ਨੂੰ ਵੀ ਸ਼ਾਮਲ ਕੀਤਾ ਜਾਵੇ।

ਕੀ ਕਹਿ ਰਿਹਾ ਹੈ ਕੈਪਟਨ ਅੰਸ਼ੁਮਾਨ ਦਾ ਪਰਿਵਾਰ

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੈਪਟਨ ਅੰਸ਼ੁਮਾਨ ਦੇ ਪਿਤਾ ਰਵੀ ਪ੍ਰਤਾਪ ਸਿੰਘ ਜੋ ਖ਼ੁਦ ਵੀ ਫ਼ੌਜ ਤੋਂ ਰਿਟਾਇਰਡ ਹਨ, ਉਨ੍ਹਾਂ ਨੇ ਕਿਹਾ, ਸਾਨੂੰ ਦੁੱਖ ਹੈ ਕਿ ਅਸੀਂ ਕੀਰਤੀ ਚੱਕਰ ਨੂੰ ਆਪਣੇ ਘਰ ਨਹੀਂ ਲਿਆ ਸਕੇ।

ਉਨ੍ਹਾਂ ਨੇ ਕਿਹਾ ਕਿ ਕੀਰਤੀ ਚੱਕਰ ਤਾਂ ਉਨ੍ਹਾਂ ਦੀ ਨੂੰਹ ਸਮਰਿਤੀ ਕੋਲ ਹੈ ਅਤੇ ਉਹ ਉਸ ਨੂੰ ਚੰਗੀ ਤਰ੍ਹਾਂ ਦੇਖ ਵੀ ਨਹੀਂ ਸਕੇ।

ਰਵੀ ਪ੍ਰਤਾਪ ਸਿੰਘ ਨੇ ਐੱਨਓਕੇ ਨੀਤੀ ਵਿੱਚ ਬਦਲਾਅ ਕਰਨ ਦੀ ਮੰਗ ਕਰਦੇ ਹੋਏ ਕਿਹਾ, “ਇੱਕ ਅਜਿਹਾ ਵਿਆਪਕ ਅਤੇ ਸਾਰਿਆਂ ਨੂੰ ਪਰਵਾਨ ਨਿਯਮ ਬਣਾਉਣਾ ਚਾਹੀਦਾ ਹੈ ਜੋ ਦੋਵਾਂ ਪਰਿਵਾਰਾਂ ਨੂੰ ਵਿਰੋਧੀ ਅਤੇ ਸਹਿਯੋਗੀ ਸਥਿਤੀ ਵਿੱਚ ਸਵੀਕਾਰ ਹੋਵੇ। ਕਿਸੇ ਦੇ ਹੱਕਾਂ ਅਤੇ ਫਰਜ਼ਾਂ ਦਾ ਘਾਣ ਨਹੀਂ ਹੋਣਾ ਚਾਹੀਦਾ।”

ਉਨ੍ਹਾਂ ਨੇ ਕਿਹਾ,“ਐੱਨਓਕੇ ਸਿਸਟਮ ਵਿੱਚ ਰਚਨਾਤਮਿਕ ਬਦਲਾਅ ਦੀ ਲੋੜ ਹੈ।''

ਹਾਲਾਂਕਿ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਨੂੰਹ ਸਮਰਿਤੀ ਆਪਣੇ ਹੱਕਾਂ ਤੋਂ ਜ਼ਿਆਦਾ ਕੁਝ ਨਹੀਂ ਲੈ ਕੇ ਗਈ ਅਤੇ ਉਹ ਇਨ੍ਹਾਂ ਹੱਕਾਂ ਨੂੰ ਬਦਲਣ ਦੀ ਮੰਗ ਕਰ ਰਹੇ ਹਨ।

ਕੀ ਹੈ ਐੱਨਓਕੇ

ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਸ਼ਬਦ ਦਾ ਮਤਲਬ ਕਿਸੇ ਵਿਅਕਤੀ ਦੇ ਪਤੀ ਜਾਂ ਪਤਨੀ, ਸਭ ਤੋਂ ਨਜ਼ਦੀਕੀ ਰਿਸ਼ਤੇਦਾਰ, ਪਰਿਵਾਰ ਦੇ ਮੈਂਬਰ ਜਾਂ ਕਨੂੰਨੀ ਗਾਰਡੀਅਨ ਤੋਂ ਹੈ।

ਬੀਬੀਸੀ ਨਾਲ ਗੱਲਬਾਤ ਵਿੱਚ ਲੈਫ਼ਟੀਨੈਂਟ ਜਨਰਲ (ਸੇਵਾ ਮੁਕਤ) ਨਿਤਿਨ ਕੋਹਲੀ ਕਹਿੰਦੇ ਹਨ ਕਿ ਹਰ ਸਰਵਿਸ ਪਰਸਨ ਨੂੰ ਸੇਵਾ ਦੇ ਦੌਰਾਨ ਆਪਣੇ ਐੱਨਓਕੇ ਦਾ ਐਲਾਨ ਕਰਨਾ ਪੈਂਦਾ ਹੈ।

ਉਹ ਕਹਿੰਦੇ ਹਨ, “ਐੱਨਓਕੇ ਨੂੰ ਸਰਕਾਰ ਜਾਂ ਫ਼ੌਜ ਤੈਅ ਨਹੀਂ ਕਰਦੀ ਹੈ, ਇਹ ਵਿਅਕਤੀ ਨੂੰ ਆਪ ਤੈਅ ਕਰਨਾ ਪੈਂਦਾ ਹੈ। ਜੇ ਕਿਸੇ ਦਾ ਵਿਆਹ ਨਹੀਂ ਹੋਇਆ ਤਾਂ ਉਹ ਆਮ ਤੌਰ ਉੱਤੇ ਆਪਣੇ ਮਾਤਾ-ਪਿਤਾ ਨੂੰ ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਵਜੋਂ ਦਰਜ ਕਰਵਾਉਂਦੇ ਹਨ,ਉੱਥੇ ਹੀ ਵਿਆਹ ਤੋਂ ਬਾਅਦ ਇਹ ਬਦਲ ਕੇ ਜੀਵਨ ਸਾਥੀ ਹੋ ਜਾਂਦਾ ਹੈ।”

ਨਿਤਿਨ ਕੋਹਲੀ ਕਹਿੰਦੇ ਹਨ ਕਿ ਜੇ ਫ਼ੌਜੀ ਦੇ ਕੋਲ ਢੁਕਵੇਂ ਕਾਰਨ ਹਨ ਤਾਂ ਉਹ ਆਪਣਾ ਐੱਨਓਕੇ ਬਦਲ ਸਕਦਾ ਹੈ, ਲੇਕਿਨ ਅਜਿਹਾ ਬਹੁਤ ਥੋੜ੍ਹਾ ਹੁੰਦਾ ਹੈ।

ਉੱਥੇ ਹੀ ਫੌਜ ਤੋਂ ਰਿਟਾਇਰਡ ਇੱਕ ਹੋਰ ਲੈਫਟੀਨੈਂਟ ਜਨਰਲ ਬੀਬੀਸੀ ਨਾਲ ਗੱਲਬਾਤ ਦੌਰਾਨ ਕਹਿੰਦੇ ਹਨ ਕਿ ਫ਼ੌਜੀ ਆਪਣੀ ਮਰਜ਼ੀ ਨਾਲ ਆਪਣਾ ਐੱਨਓਕੇ ਤੈਅ ਕਰ ਸਕਦਾ ਹੈ।

ਉਹ ਕਹਿੰਦੇ ਹਨ, “ਫ਼ੌਜ ਵਿੱਚ ਵਿਅਕਤੀ ਨੂੰ ਪਾਰਟ-2 ਆਰਡਰ ਭਰਨਾ ਪੈਂਦਾ ਹੈ, ਤਾਂ ਹੀ ਉਸਦਾ ਵਿਆਹ ਰਿਕਾਰਡ ਉੱਤੇ ਆਉਂਦਾ ਹੈ। ਉਸ ਨੇ ਇਹ ਫਾਰਮ ਭਰਨਾ ਹੁੰਦਾ ਹੈ ਕਿ ਉਸਦਾ ਵਿਆਹ ਕਦੋਂ, ਕਿਵੇਂ ਅਤੇ ਕਿਸਦੇ ਨਾਲ ਹੋਇਆ, ਇਸ ਲਈ ਕੁਝ ਦਸਤਾਵੇਜ਼ ਵੀ ਲਗਦੇ ਹਨ।”

ਨਾਮ ਨਾ ਲਿਖਣ ਦੀ ਸ਼ਰਤ ਉੱਤੇ ਉਹ ਕਹਿੰਦੇ ਹਨ, “ਪਾਰਟ-2 ਭਰਦੇ ਸਮੇਂ ਉਹ ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਦੀ ਜਾਣਕਾਰੀ ਵੀ ਭਰਦਾ ਹੈ। ਇਹ ਕਰਦੇ ਸਮੇਂ ਉਸ ਕੋਲ ਦੋ ਵਿਕਲਪ ਹੁੰਦੇ ਹਨ, ਉਹ ਆਪਣੇ ਜੀਵਨ ਸਾਥੀ ਦੇ ਨਾਲ-ਨਾਲ ਆਪਣੇ ਮਾਤਾ-ਪਿਤਾ ਨੂੰ ਵੀ ਐੱਨਓਕੇ ਵਿੱਚ ਸ਼ਾਮਲ ਕਰ ਸਕਦਾ ਹੈ।”

“ਬਹੁਤ ਸਾਰੇ ਨਵੇਂ ਲੋਕਾਂ ਨੂੰ ਐੱਨਓਕੇ ਦੀ ਜਾਣਕਾਰੀ ਨਹੀਂ ਹੁੰਦੀ। ਇਸ ਸਥਿਤੀ ਵਿੱਚ ਯੂਨਿਟ ਦੇ ਲੋਕ ਉਨ੍ਹਾਂ ਨੂੰ ਜਾਣਕਾਰੀ ਦਿੰਦੇ ਹਨ ਕਿ ਉਹ ਐੱਨਓਕੇ ਵਿੱਚ ਕਿਸ-ਕਿਸ ਨੂੰ ਭਰ ਸਕਦੇ ਹਨ।”

ਜੇ ਕੋਈ ਮਹਿਲਾ ਦੂਜਾ ਵਿਆਹ ਕਰ ਲੈਂਦੀ ਹੈ ਤਾਂ ਕੀਰਤੀ ਚੱਕਰ ਮਾਤਾ-ਪਿਤਾ ਕੋਲ ਚਲਿਆ ਜਾਂਦਾ ਹੈ।

ਉਹ ਕਹਿੰਦੇ ਹਨ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਕਿਸੇ ਫੌਜੀ ਦੇ ਪਰਿਵਾਰ ਨੇ ਐੱਨਓਕੇ ਨੀਤੀ ਵਿੱਚ ਬਦਲਾਅ ਦੀ ਮੰਗ ਕੀਤੀ ਹੈ। ਕਾਰਗਿਲ ਯੁੱਧ ਤੋਂ ਬਾਅਦ ਇਸ ਤਰ੍ਹਾਂ ਦੇ ਕਈ ਕੇਸ ਸਾਹਮਣੇ ਆਏ ਸਨ।

ਉੱਥੇ ਹੀ ਰਿਟਾਇਰਡ ਮੇਜਰ ਜਨਰਲ ਜੀਡੀ ਬਖਸ਼ੀ ਕਹਿੰਦੇ ਹਨ ਕਿ ਸੇਵਾ ਦੇ ਦੌਰਾਨ ਕੋਈ ਵੀ ਜਵਾਨ ਐਡਜੂਟੈਂਟ ਜਨਰਲ ਬਰਾਂਚ ਰਾਹੀਂ ਆਪਣੀ ਵਸੀਅਤ ਬਣਵਾ ਸਕਦਾ ਹੈ, ਜਿਸ ਵਿੱਚ ਉਹ ਤੈਅ ਕਰ ਸਕਦਾ ਹੈ ਕਿ ਉਸਦੇ ਨਾ ਰਹਿਣ ਮਗਰੋਂ ਉਸਦੀ ਜਾਇਦਾਦ ਕਿਸ ਅਧਾਰ ਉੱਤੇ ਵੰਡੀ ਜਾਵੇ।

ਸੂਬਿਆਂ ਦੇ ਪੱਧਰ ਉੱਤੇ ਨੀਤੀ ਵਿੱਚ ਬਦਲਾਅ

ਸੇਵਾ ਦੇ ਦੌਰਾਨ ਜਾਨ ਜਾਣ ਦੇ ਮਾਮਲਿਆਂ ਵਿੱਚ ਅਕਸਰ ਸੂਬਾ ਸਰਕਾਰਾਂ ਵੀ ਆਰਥਿਕ ਮਦਦ ਕਰਦੀਆਂ ਹਨ। ਇਸ ਤਰ੍ਹਾਂ ਦੇ ਮਾਮਲਿਆਂ ਦੇ ਮੱਦੇ ਨਜ਼ਰ ਕਈ ਸੂਬਾ ਸਰਕਾਰਾਂ ਨੇ ਆਪਣੀਆਂ ਨੀਤੀਆਂ ਵਿੱਚ ਬਦਲਾਅ ਕੀਤਾ ਹੈ।

ਮੱਧ ਪ੍ਰਦੇਸ਼ ਦੀ ਸਰਕਾਰ ਨੇ ਹਾਲ ਹੀ ਵਿੱਚ ਇੱਕ ਫੈਸਲਾ ਲਿਆ ਸੀ। ਫੈਸਲੇ ਦੇ ਮੁਤਾਬਕ ਜੇ ਕੋਈ ਸੁਰੱਖਿਆ ਕਰਮੀ ‘ਸ਼ਹੀਦ’ ਹੁੰਦਾ ਹੈ ਤਾਂ ਸੂਬਾ ਸਰਕਾਰ ਵੱਲੋਂ ਮਿਲਣ ਵਾਲੀ ਆਰਥਿਕ ਮਦਦ ਨੂੰ ਪਤਨੀ ਅਤੇ ਮਾਪਿਆਂ ਦੇ ਵਿਚਕਾਰ ਬਰਾਬਰ ਵੰਡ ਦਿੱਤਾ ਜਾਵੇਗਾ।

ਉੱਥੇ ਹੀ ਉੱਤਰ ਪ੍ਰਦੇਸ਼ ਨੇ ਸਾਲ 2020 ਵਿੱਚ ਫੈਸਲਾ ਕੀਤਾ ਸੀ ਕਿ ਜੇ ਸੂਬੇ ਦਾ ਕੋਈ ਫ਼ੌਜੀ ‘ਸ਼ਹੀਦ’ ਹੁੰਦਾ ਹੈ ਤਾਂ ਉਸ ਨੂੰ 25 ਲੱਖ ਦੀ ਥਾਂ 50 ਲੱਖ ਰੁਪਏ ਦੀ ਰਾਸ਼ੀ ਮਿਲੇਗੀ।

ਫੈਸਲੇ ਦੇ ਮੁਤਾਬਕ 50 ਲੱਖ ਵਿੱਚੋਂ 35 ਲੱਖ ਪਤਨੀ ਨੂੰ ਅਤੇ 15 ਲੱਖ ਰੁਪਏ ‘ਸ਼ਹੀਦ’ ਦੇ ਮਾਪਿਆਂ ਨੂੰ ਦਿੱਤੇ ਜਾਣਗੇ।

ਇਸ ਤੋਂ ਇਲਾਵਾ ਹਰਿਆਣਾ ਸਰਕਾਰ ਨੇ ਵੀ ਸਾਲ 2017 ਵਿੱਚ ਪਤਨੀ ਨੂੰ ਮਿਲਣ ਵਾਲੀ 100 ਫੀਸਦੀ ਰਕਮ ਵਿੱਚ ਬਦਲਾਅ ਕੀਤਾ ਗਿਆ ਸੀ। ਹੁਣ 30 ਫੀਸਦੀ ਉਸਦੇ ਮਾਪਿਆਂ ਨੂੰ ਅਤੇ 70 ਫੀਸਦੀ ਰਾਸ਼ੀ ਪਤਨੀ ਅਤੇ ਬੱਚਿਆਂ ਨੂੰ ਦਿੱਤੀ ਜਾਂਦੀ ਹੈ।

ਕੈਪਟਨ ਅੰਸ਼ੁਮਾਨ ਦਾ ਵਿਆਹ

19 ਜੁਲਾਈ 2023 ਨੂੰ ਸਵੇਰੇ ਸਿਆਚਿਨ ਗਲੇਸ਼ੀਅਰ ਵਿੱਚ ਭਾਰਤੀ ਫ਼ੌਜ ਦੇ ਕਈ ਟੈਂਟਾਂ ਵਿੱਚ ਅੱਗ ਲੱਗ ਗਈ ਸੀ। ਇਸ ਅੱਗ ਵਿੱਚ ਕਈ ਜਵਾਨ ਫਸ ਗਏ ਸਨ।

ਆਪਣੀ ਜਾਨ ਦੀ ਫਿਕਰ ਕੀਤੇ ਬਿਨਾਂ ਅੰਸ਼ੁਮਾਨ ਆਪਣੇ ਸਾਥੀਆਂ ਨੂੰ ਬਚਾਉਣ ਲਈ ਅੱਗੇ ਆਏ। ਇਸ ਦੌਰਾਨ ਉਨ੍ਹਾਂ ਨੇ ਪੰਜ ਜਣਿਆਂ ਨੂੰ ਬਚਾ ਲਿਆ। ਇਸ ਦੌਰਾਨ ਉਹ ਬੁਰੀ ਤਰ੍ਹਾਂ ਝੁਲਸ ਗਏ ਅਤੇ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।

ਉਨ੍ਹਾਂ ਦਾ ਵਿਆਹ ਇਸ ਹਾਦਸੇ ਤੋਂ ਮਹਿਜ਼ ਪੰਜ ਮਹੀਨੇ ਪਹਿਲਾਂ 10 ਫਰਵਰੀ ਨੂੰ ਸਮਰਿਤੀ ਨਾਲ ਹੋਇਆ ਸੀ। ਉਹ ਪੇਸ਼ੇ ਤੋਂ ਇੰਜੀਨੀਅਰ ਹਨ।

ਸਮਰਿਤੀ ਦੇ ਮੁਤਾਬਕ ਉਨ੍ਹਾਂ ਦੀ ਮੁਲਾਕਾਤ ਅੰਸ਼ੁਮਾਨ ਨਾਲ ਇੰਜੀਨੀਰਿੰਗ ਕਾਲਜ ਵਿੱਚ ਹੋਈ ਸੀ, ਇਸ ਤੋਂ ਬਾਅਦ ਉਨ੍ਹਾਂ ਦੀ ਚੋਣ ਪੁਣੇ ਦੇ ਆਰਮਡ ਫੋਰਸ ਮੈਡੀਕਲ ਕਾਲਜ ਵਿੱਚ ਹੋ ਗਈ।

ਉੱਥੋਂ ਮੈਡੀਕਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਫ਼ੌਜ ਦੀ ਮੈਡੀਕਲ ਕੋਲ ਜੁਆਇਨ ਕਰ ਲਈ। ਸਮਰਿਤੀ ਦੱਸਦੇ ਹਨ ਕਿ ਇੱਕ ਵਾਰ ਜਨਮ ਦਿਨ ਮੌਕੇ ਵਿਸ਼ ਕਰਨ ਲਈ ਅੰਸ਼ੁਮਾਨ ਪੁਣੇ ਤੋਂ ਗੁਰਦਾਸਪੁਰ ਆ ਗਏ ਸਨ।

ਅੰਸ਼ੁਮਾਨ ਨੂੰ ਯਾਦ ਕਰਦੇ ਹੋਏ ਉਹ ਕਹਿੰਦੇ ਹਨ, “ਅਸੀਂ ਕਾਲਜ ਦੇ ਪਹਿਲੇ ਦਿਨ ਮਿਲੇ ਸੀ। ਮੈਂ ਡਰਾਮੈਟਿਕ ਨਹੀਂ ਹੋਣਾ ਚਾਹੁੰਦੀ ਪਰ ਇਹ ਪਹਿਲੀ ਨਜ਼ਰ ਦਾ ਪਿਆਰ ਸੀ... ਇੱਕ ਮਹੀਨੇ ਦੀ ਮੁਲਾਕਾਤ ਤੋਂ ਬਾਅਦ ਅੱਠ ਸਾਲਾਂ ਤੱਕ ਅਸੀਂ ਲਾਂਗ ਡਿਸਟੈਂਸ ਰਿਸ਼ਤੇ ਵਿੱਚ ਰਹੇ। ਫਿਰ ਅਸੀਂ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਬਦਕਿਸਮਤੀ ਨਾਲ ਵਿਆਹ ਤੋਂ ਦੋ ਮਹੀਨੇ ਦੇ ਅੰਦਰ ਹੀ ਉਨ੍ਹਾਂ ਦੀ ਪੋਸਟਿੰਗ ਸਿਆਚਿਨ ਵਿੱਚ ਹੋ ਗਈ।”

ਸਮਰਿਤੀ ਕਹਿੰਦੇ ਹਨ, “ਉਹ ਮੈਨੂੰ ਕਹਿੰਦੇ ਸਨ ਕਿ ਮੈਂ ਆਮ ਮੌਤ ਨਹੀਂ ਮਰਾਂਗਾ ਕਿ ਕੋਈ ਯਾਦ ਨਾ ਰੱਖੇ। ਮੈਂ ਆਪਣੀ ਛਾਤੀ ਵਿੱਚ ਪਿੱਤਲ ਲੈ ਕੇ ਮਰਾਂਗਾ ਕਿ ਲੋਕ ਯਾਦ ਰੱਖਣਗੇ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)