ਅਗਨੀਪਥ ਯੋਜਨਾ ਨੇ ਕਿਵੇਂ ਨੌਜਵਾਨਾਂ ਦੇ ਸੁਪਨੇ ਬਦਲੇ? ਹਰਿਆਣਾ 'ਚ ਨਵੀਂ ਪੀੜੀ 'ਤੇ ਕੀ ਅਸਰ ਦਿਖ ਰਿਹਾ ਹੈ?

    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਸਹਿਯੋਗੀ

ਪਿੰਡ ਦੇ ਖੇਤਾਂ ਵਿੱਚ ਬੈਠ ਕੇ ਜਦੋਂ ਈਸ਼ਾ ਗੁਲੀਆ ਉੱਡਦੇ ਜਹਾਜ਼ ਨੂੰ ਦੇਖਦੀ ਤਾਂ ਕਹਿੰਦੀ ਕਿ ਇੱਕ ਦਿਨ ਉਹ ਵੀ ਏਅਰ ਫੋਰਸ ਵਿੱਚ ਭਰਤੀ ਹੋਵੇਗੀ।

ਜਨੂੰਨ ਨਾਲ ਭਰੀ ਈਸ਼ਾ ਨੇ ਪਿਛਲੇ ਸਾਲ ਅਗਨੀਵੀਰ ਭਰਤੀ ਵਿੱਚ ਹਿੱਸਾ ਲਿਆ ਅਤੇ ਪਹਿਲਾਂ ਲਿਖਤੀ ਪ੍ਰੀਖਿਆ, ਫਿਰ ਫਿਜ਼ੀਕਲ ਅਤੇ ਮੈਡੀਕਲ ਸਭ ਕੁਝ ਪਾਸ ਕੀਤਾ ਪਰ ਉਸ ਦੇ ਸੁਫਨੇ ਉਦੋਂ ਟੁੱਟ ਗਏ ਜਦੋਂ ਮਾਪਿਆਂ ਨੇ ਅਗਨੀਪਥ ਸਕੀਮ ਦੇ ਤਹਿਤ ਏਅਰ ਫੋਰਸ ਵਿੱਚ ਭਰਤੀ ਹੋਣ ਤੋਂ ਮਨ੍ਹਾਂ ਕਰ ਦਿੱਤਾ।

ਈਸ਼ਾ ਨੇ ਦੱਸਿਆ,“ਬਹੁਤ ਹੀ ਛੋਟੀ ਉਮਰ ਵਿੱਚ ਮੈਂ ਕੁਸ਼ਤੀ ਖੇਡਣੀ ਸ਼ੁਰੂ ਕਰ ਦਿੱਤੀ ਸੀ ਤਾਂ ਕਿ ਸਰੀਰਕ ਤੰਦਰੁਸਤੀ ਬਣੀ ਰਹੇ ਅਤੇ ਰੋਹਤਕ ਦੀ ਛੋਟੂ ਰਾਮ ਕੁਸ਼ਤੀ ਅਕਾਦਮੀ ਵਿੱਚ ਦਾਖਲਾ ਲੈ ਲਿਆ। ਮੈਂ ਕਈ ਸਾਲਾਂ ਤੋਂ ਕੁਸ਼ਤੀ ਕਰ ਰਹੀ ਹਾਂ ਪਰ ਮੌਕਾ ਆਇਆ ਤਾਂ ਆਰਮੀ ਜਾਂ ਏਰਫੋਰਸ ਵਿੱਚ ਸਿਰਫ਼ ਚਾਰ ਸਾਲ ਵਾਲੀ ਸ਼ਰਤ ਲਾ ਕੇ ਸਰਕਾਰ ਨੇ ਬਹੁਤ ਸਾਰੇ ਸੁਫਨੇ ਤੋੜ ਦਿੱਤੇ।”

ਵੀਹ ਸਾਲ ਦੀ ਈਸ਼ਾ ਨੇ ਦੱਸਿਆ ਕਿ ਉਸਦੇ ਮਾਂ ਬਾਪ ਨੇ ਇਹ ਕਹਿ ਕੇ ਮਨ੍ਹਾਂ ਕਰ ਦਿੱਤਾ ਕਿ ਅਗਨੀਪਥ ਯੋਜਨਾ ਵਿੱਚ ਸਰਕਾਰੀ ਨੌਕਰੀ ਸਿਰਫ਼ ਚਾਰ ਸਾਲ ਦੀ ਮਿਲੇਗੀ ਅਤੇ ਉਸ ਤੋਂ ਬਾਅਦ ਉਸਦਾ ਕੀ ਭਵਿੱਖ ਹੋਵੇਗਾ ਕੋਈ ਨਹੀਂ ਜਾਣਦਾ। ਇਸ ਲਈ ਅਗਨੀਵੀਰ ਨੂੰ ਛੱਡ ਕੇ ਕੇਂਦਰੀ ਪੱਧਰ ਦੀ ਕਿਸੇ ਸਰਕਾਰੀ ਨੌਕਰੀ ਲਈ ਤਿਆਰੀ ਸ਼ੁਰੂ ਕਰ ਦੇਵਾਂ।

ਉਹ ਕਹਿੰਦੀ ਹੈ, “ਪਿਛਲੇ ਛੇ ਮਹੀਨਿਆਂ ਤੋਂ ਮੈਂ ਰੋਹਤਕ ਦੇ ਇੱਕ ਨਿੱਜੀ ਕੋਚਿੰਗ ਸੈਂਟਰ ਵਿੱਚ ਸੈਂਟਰ ਲੈਵਲ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੀ ਹਾਂ ਅਤੇ ਇੱਥੇ ਮੇਰੇ ਵਰਗੇ ਬਹੁਤ ਸਾਰੇ ਬੱਚੇ ਹਨ, ਜਿਨ੍ਹਾਂ ਨੇ ਫ਼ੌਜ ਵਿੱਚ ਜਾਣਾ ਸੀ ਪਰ ਅਗਨੀਪਥ ਯੋਜਨਾ ਨੇ ਉਨ੍ਹਾਂ ਦਾ ਮੋਹ ਭੰਗ ਕਰ ਦਿੱਤਾ ਹੈ।”

'ਨਹੀਂ ਕਰਨਾ ਚਾਹੁੰਦੇ ਪਰ...'

ਮੁਕੇਸ਼ ਕੁਮਾਰ ਰੋਹਤਕ ਦੇ ਖੇੜਾ ਖੇੜੀ ਪਿੰਡ ਦਾ ਵਾਸੀ ਹੈ। ਉਹ ਦੱਸਦਾ ਹੈ ਕਿ ਰੋਹਤਕ ਜ਼ਿਲ੍ਹੇ ਦੇ ਰਾਜੀਵ ਗਾਂਧੀ ਸਪੋਰਟਸ ਸਟੇਡੀਅਮ ਵਿੱਚ ਦਸ ਤੋਂ ਪੰਦਰਾਂ ਜੁਲਾਈ ਨੂੰ ਅਗਨੀਪਥ ਯੋਜਨਾ ਦੇ ਤਹਿਤ ਅਗਨੀਵੀਰਾਂ ਦੀ ਭਰਤੀ ਸ਼ੁਰੂ ਹੋ ਚੁੱਕੀ ਹੈ ਅਤੇ ਉਹ ਇਸ ਵਿੱਚ ਭਾਗ ਲੈਣ ਆਇਆ ਹੈ।

ਮੁਕੇਸ਼ ਦੱਸਦਾ ਹੈ ਕਿ ਉਹ ਗ਼ਰੀਬ ਪਰਿਵਾਰ ਤੋਂ ਹੈ ਅਤੇ ਉਸ ਨੇ ਜ਼ਿਆਦਾ ਪੜ੍ਹਾਈ ਵੀ ਨਹੀਂ ਕੀਤੀ ਹੈ, ਇਸ ਲਈ ਅਗਨੀਵੀਰ ਬਣਨਾ ਹੀ ਉਸਦੀ ਕਿਸਮਤ ਲਗਦੀ ਹੈ।

ਮੁਕੇਸ਼ ਕਹਿੰਦਾ ਹੈ, “ਫ਼ੌਜ ਵਿੱਚ ਜਾਣ ਦਾ ਤਾਂ ਸਾਰਿਆਂ ਦਾ ਮਨ ਹੁੰਦਾ ਹੈ। ਮੈਂ ਵੀ ਫ਼ੌਜੀ ਵਰਦੀ ਪਾਉਣ ਦੇ ਸੁਫਨੇ ਦੇਖਦਾ ਸੀ ਅਤੇ ਹੁਣ ਅਗਨੀਪਥ ਯੋਜਨਾ ਵਿੱਚ ਆਪਣੀ ਕਿਸਮਤ ਦਾ ਫੈਸਲਾ ਕਰਨ ਆਇਆ ਹਾਂ। ਜਿੱਥੋਂ ਤੱਕ ਅਗਨੀਪਥ ਦੇ ਅੰਦਰ ਚਾਰ ਸਾਲ ਦੀ ਸ਼ਰਤ ਦੀ ਗੱਲ ਹੈ ਤਾਂ ਨੌਜਵਾਨਾਂ ਦੀ ਮੰਗ ਬਿਲਕੁਲ ਜਾਇਜ਼ ਹੈ ਕਿ ਸਰਹੱਦ ਉੱਤੇ ਖੜ੍ਹਾ ਫ਼ੌਜੀ ਤਾਂ ਪਰਮਾਨੈਂਟ ਹੀ ਹੋਣਾ ਚਾਹੀਦਾ ਹੈ, ਜੇ ਉਸ ਨੂੰ ਚਾਰ ਸਾਲ ਬਾਅਦ ਹਟਣ ਦੀ ਚਿੰਤਾ ਰਹੇਗੀ ਤਾਂ ਉਹ ਸੁਰੱਖਿਆ ਕਿਵੇਂ ਦੇ ਸਕੇਗਾ।”

ਮੁਕੇਸ਼ ਮੁਤਾਬਕ ਜਿੰਨੇ ਵੀ ਨੌਜਵਾਨ ਇੱਥੇ ਦੌੜ ਕੇ ਅਗਨੀਪਥ ਸਕੀਮ ਦੀ ਪਰੈਕਟਿਸ ਕਰਦੇ ਹੋਏ, ਉਹ ਸਾਰੇ ਗ਼ਰੀਬ ਪਰਿਵਾਰਾਂ ਤੋਂ ਹਨ। ਉਹਨਾਂ ਨੂੰ ਪਤਾ ਹੈ ਕਿ ਜੇ ਨੌਕਰੀ ਨਾ ਮਿਲੀ ਤਾਂ ਘਰ ਨਹੀਂ ਚੱਲੇਗਾ ਇਸ ਲਈ ਕੱਚੀ ਪੱਕੀ ਜਿਹੋ-ਜਿਹੀ ਨੌਕਰੀ ਮਿਲੇ ਕਰਨੀ ਪਵੇਗੀ।

ਕੋਚਿੰਗ ਸੈਂਟਰਾਂ ਦਾ ਕਰੋੜਾਂ ਦਾ ਨੁਕਸਾਨ ਹੋ ਗਿਆ

ਮਨੀਸ਼ ਕੁਮਾਰ ਰੋਹਤਕ ਵਿੱਚ ਸਰਕਾਰੀ ਨੌਕਰੀਆਂ ਦੀ ਤਿਆਰੀ ਦਾ ਇੱਕ ਕੋਚਿੰਗ ਸੈਂਟਰ ਚਲਾਉਂਦੇ ਹਨ।

ਉਹ ਦੱਸਦੇ ਹਨ ਕਿ ਉਹ ਹਰਿਆਣਾ ਵਿੱਚ ਡਿਫੈਂਸ ਸਰਵਿਸਜ਼ ਦਾ ਕੋਚਿੰਗ ਸੈਂਟਰ ਚਲਾਉਂਦੇ ਸਨ ਪਰ ਅਗਨੀਪਥ ਸਕੀਮ ਦੇ ਆਉਣ ਤੋਂ ਬਾਅਦ ਕੋਚਿੰਗ ਇੰਡਸਟਰੀ ਬਰਬਾਦ ਹੋ ਗਈ।

ਉਹ ਦੱਸਦੇ ਹਨ, “ਮੇਰੇ ਕੋਲ ਹਜ਼ਾਰਾਂ ਬੱਚੇ ਆਰਮੀ, ਏਅਰ ਫੋਰਸ ਅਤੇ ਨੇਵੀ ਵਿੱਚ ਭਰਤੀ ਹੋਣ ਲਈ ਕੋਚਿੰਗ ਲੈਂਦੇ ਸਨ। ਲੇਕਿਨ ਜਿਵੇਂ ਹੀ ਅਗਨੀਪਥ ਯੋਜਨਾ ਵਾਲੀ ਸ਼ਰਤ ਆਈ, ਨੌਜਵਾਨਾਂ ਨੇ ਮੂੰਹ ਮੋੜ ਲਿਆ। ਕੁਝ ਤਾਂ ਵਿਦੇਸ਼ ਚਲੇ ਗਏ ਅਤੇ ਕੁਝ ਨੇ ਪਿੰਡ ਵਿੱਚ ਖੇਤੀ ਸ਼ੁਰੂ ਕਰ ਦਿੱਤੀ। ਕੁਝ ਨੇ ਦੂਜੀਆਂ ਕੇਂਦਰੀ ਅਤੇ ਸੂਬਾ ਪੱਧਰ ਦੀਆਂ ਪੱਕੀਆਂ ਸਰਕਾਰੀ ਨੌਕਰੀਆਂ ਦੀ ਤਿਆਰੀ ਸ਼ੁਰੂ ਕਰ ਦਿੱਤੀ।”

ਮਨੀਸ਼ ਦੱਸਦੇ ਹਨ ਕਿ ਰੋਹਤਕ, ਹਿਸਾਰ, ਭਿਵਾਨੀ ਅਤੇ ਸੋਨੀਪਤ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ ਡਿਫੈਂਸ ਜੌਬ ਦੀ ਤਿਆਰੀ ਕਰਵਾਉਣ ਵਾਲੇਂ ਸੈਂਟਰ ਸਨ ਅਤੇ ਅਗੀਨਪਥ ਯੋਜਨਾ ਤੋਂ ਬਾਅਦ 90 ਫੀਸਦੀ ਬੰਦ ਹੋ ਚੁੱਕੇ ਹਨ। ਜੋ ਕੁਝ ਤਿਆਰੀ ਕਰਵਾ ਵੀ ਰਹੇ ਹਨ, ਉਨ੍ਹਾਂ ਕੋਲ ਸੰਖਿਆ ਬਹੁਤ ਥੋੜ੍ਹੀ ਹੈ।

ਉਹ ਕਹਿੰਦੇ ਹਨ, “ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਕੋਚਿੰਗ ਸੈਂਟਰ ਨੂੰ ਦੂਜੀਆਂ ਸਰਕਾਰੀ ਨੌਕਰੀਆਂ ਦੇ ਕੋਚਿੰਗ ਸੈਂਟਰ ਵਿੱਚ ਤਬਦੀਲ ਕਰਨਾ ਪਿਆ ਲੇਕਿਨ ਉਸ ਵਿੱਚ ਮੈਨੂੰ ਕਈ ਮਹੀਨੇ ਲੱਗ ਗਏ ਜਿਸ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਕਈ ਵੱਡੇ ਕੋਚਿੰਗ ਸੈਂਟਰ ਜੋ ਬਦਲਾਅ ਨਹੀਂ ਕਰ ਸਕੇ ਉਹ ਬੰਦ ਕਰਕੇ ਚਲੇ ਗਏ।"

ਮਨੀਸ਼ ਕਹਿੰਦੇ ਹਨ ਕਿ ਹੁਣ ਉਹੀ ਬੱਚੇ ਅਗਨੀਪਥ ਯੋਜਨਾ ਵਿੱਚ ਭਰਤੀ ਹੋਣ ਲਈ ਅੱਗੇ ਆ ਰਹੇ ਹਨ, ਜਿਨ੍ਹਾਂ ਦੇ ਘਰ ਦੀ ਮਾਲੀ ਹਾਲਤ ਠੀਕ ਨਹੀਂ ਹੈ ਅਤੇ ਜਿਨ੍ਹਾਂ ਨੇ ਹਰ ਹਾਲ ਵਿੱਚ ਨੌਕਰੀ ਕਰਨੀ ਹੀ ਹੈ ਭਾਵੇਂ ਆਰਜ਼ੀ ਹੀ ਕਿਉਂ ਨਾ ਹੋਵੇ।

‘ਅਗਨੀਪਥ ਯੋਜਨਾ ਤੋਂ ਬਾਅਦ ਅਸੁਰੱਖਿਆ ਦੀ ਭਾਵਨਾ ਵਧ ਗਈ ਹੈ’

ਸੰਦੀਪ ਪਨੂੰ ਦੱਸਦੇ ਹਨ ਕਿ ਉਹ ਰੋਹਤਕ ਵਿੱਚ ਮਿਸ਼ਨ ਡਿਫੈਂਸ ਅਕੈਡਮੀ ਚਲਾਉਂਦੇ ਹਨ ਅਤੇ 2019 ਵਿੱਚ ਫ਼ੌਜ ਤੋਂ ਰਿਟਾਇਰ ਹੋਏ ਸਨ।

ਉਹ ਕਹਿੰਦੇ ਹਨ, “ਮੈਂ ਆਰਮੀ ਵਿੱਚ ਵੀ ਕੋਚ ਸੀ ਅਤੇ ਉਸ ਸਮੇਂ ਹਰਿਆਣੇ ਵਿੱਚੋਂ ਸਭ ਤੋਂ ਜ਼ਿਆਦਾ ਬੱਚੇ ਡਿਫੈਂਸ ਸਰਵਸਿਜ਼ ਜੁਆਇਨ ਕਰਦੇ ਸਨ, ਜਿਸ ਵਿੱਚ ਆਰਮੀ, ਏਅਰ ਫੋਰਸ ਅਤੇ ਨੇਵੀ ਉਨ੍ਹਾਂ ਦੀ ਪਹਿਲ ਰਹਿੰਦੀ ਸੀ। ਲੇਕਿਨ ਅਗਨੀਪਥ ਯੋਜਨਾ ਤੋਂ ਬਾਅਦ ਪਰਿਵਾਰਾਂ ਅਤੇ ਬੱਚਿਆਂ ਵਿੱਚ ਅਸੁਰੱਖਿਆ ਵਧ ਗਈ ਹੈ ਅਤੇ ਅੱਜ ਉਹ ਮਿਹਨਤ ਕਰਕੇ ਕੋਈ ਵੀ ਫਿਜ਼ੀਕਲ, ਲਿਖਤੀ ਪੇਪਰ ਪਾਸ ਕਰ ਸਕਦੇ ਹਨ— ਚਾਰ ਸਾਲ ਬਾਅਦ ਉਨ੍ਹਾਂ ਨੂੰ ਇੱਕ ਨਵੀਂ ਸ਼ੁਰੂਆਤ ਕਰਨੀ ਪਵੇਗੀ ਅਤੇ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਜ਼ੀਰੋ ਤੋਂ ਸ਼ੁਰੂਆਤ ਕਰਨੀ ਪਵੇ।”

ਪਨੂੰ ਦੱਸਦੇ ਹਨ ਕਿ ਜਦੋਂ ਉਹ ਨੌਜਵਾਨ ਜਿਨ੍ਹਾਂ ਨੇ ਡਿਫੈਂਸ ਵਿੱਚ ਹੀ ਜਾਣਾ ਹੈ, ਉਹ ਹੁਣ ਪੈਰਾ ਮਿਲਟਰੀ ਜੁਆਇਨ ਕਰਨ ਲੱਗੇ ਹਨ। ਇਸ ਦੀ ਵਜ੍ਹਾ ਹੈ ਕਿ ਉੱਥੇ ਨੌਕਰੀ ਕਰਨ ਲਈ ਜ਼ਿਆਦਾ ਸਾਲ ਮਿਲਦੇ ਹਨ ਜਦਕਿ ਆਰਮੀ, ਏਅਰ ਫੋਰਸ, ਨੇਵੀ ਵਿੱਚ ਜਾਣਾ ਪਸੰਦ ਨਹੀਂ ਕਰਦੇ।

ਹਰਿਆਣਾ ਲੋਕ ਸਭਾ ਵਿੱਚ ਵਿਰੋਧੀ ਪਾਰਟੀਆਂ ਨੇ ਬੇਰੋਜ਼ਗਾਰੀ ਅਤੇ ਅਗਨੀਪਥ ਯੋਜਨਾ ਸਭ ਤੋਂ ਵੱਡਾ ਮੁੱਦਾ ਬਣਾਇਆ। ਇਸਦਾ ਨਤੀਜਾ ਭਾਜਪਾ ਨੂੰ ਪੇਂਡੂ ਇਲਾਕਿਆਂ ਵਿੱਚ ਭੁਗਤਣਾ ਪਿਆ।

ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਅਗਨੀਵੀਰ ਵਜੋਂ ਸੇਵਾ ਨਿਭਾ ਚੁੱਕੇ ਨੌਜਵਾਨਾਂ ਲਈ ਸੀਆਈਐੱਸਐੱਫ਼, ਬੀਐੱਸਐੱਫ਼ ਤੇ ਆਰਪੀਐੱਫ਼ ਵਿੱਚ 10 ਫ਼ੀਸਦ ਰਾਖ਼ਵਾਂਕਰਨ ਅਤੇ ਉਮਰ ਹੱਦ ਵਿੱਚ ਛੋਟ ਦਿੱਤੀ ਜਾਏਗੀ ।

ਸੂਤਰਾਂ ਦੇ ਮੁਤਾਬਕ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਸਰਕਾਰ ਜਲਦੀ ਹੀ ਸੂਬਾ ਪੱਧਰੀ ਨੌਕਰੀਆਂ ਵਿੱਚ ਅਗਨੀਪਥ ਤੋਂ ਫ਼ੌਜ ਵਿੱਚੋਂ ਵਾਪਸ ਆਉਣ ਵਾਲੇ ਨੌਜਵਾਨਾਂ ਲਈ ਨੌਕਰੀਆਂ ਵਿੱਚ ਰਾਖਵੇਂਕਰਨ ਦਾ ਐਲਾਨ ਕਰਨ ਵਾਲੀ ਹੈ।

ਦੱਸ ਦੇਈਏ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਅਕਤੂਬਰ ਵਿੱਚ ਹੋਣੀਆਂ ਹਨ। ਇਸ ਲਈ ਸਤਾ ਧਿਰ ਅਤੇ ਵਿਰੋਧੀ ਧਿਰ ਦੋਵੇਂ ਹੀ ਅਗਨੀਵੀਰ ਦੇ ਮੁੱਦੇ ਨੂੰ ਗਰਮ ਰੱਖਣਾ ਚਾਹੁੰਦੇ ਹਨ।

ਡੇਟਾ ਕੀ ਕਹਿੰਦਾ ਹੈ

ਕੇਂਦਰ ਸਰਕਾਰ ਵੱਲੋਂ ਸੰਸਦ ਵਿੱਚ ਪੇਸ਼ ਕੀਤੇ ਗਏ ਡੇਟਾ ਦੇ ਮੁਤਾਬਕ 2017-18 ਵਿੱਚ ਪੰਜਾਬ ਵਿੱਚੋਂ ਫੌਜ ਵਿੱਚ ਭਰਤੀ 4,988 ਸੀ ਜਦਕਿ ਹਰਿਆਣਾ ਵਿੱਚੋਂ 3,634 ਅਤੇ ਹਿਮਾਚਲ ਪ੍ਰਦੇਸ਼ ਵਿੱਚੋ 2,376 ਸੀ।

ਇਹ ਸਾਲ 2019-20 ਵਿੱਚ ਵਧ ਕੇ ਕ੍ਰਮਵਾਰ ਪੰਜਾਬ ਵਿੱਚੋਂ 7,813, ਹਰਿਆਣਾ ਵਿੱਚੋਂ 5,097 ਅਤੇ ਹਿਮਾਚਲ ਪ੍ਰਦੇਸ਼ ਵਿੱਚੋ 5,883 ਹੋ ਗਈ।

ਇਸਦੇ ਨਾਲ ਹੀ 2019-20 ਵਿੱਚ ਫ਼ੌਜ ਦੇ ਆਖਰੀ ਭਰਤੀ ਅਭਿਆਨ ਵਿੱਚ ਇਨ੍ਹਾਂ ਸੂਬਿਆਂ ਅਤੇ ਕੇਂਦਰ ਸ਼ਾਸ਼ਿਤ ਇਲਾਕੇ ਚੰਡੀਗੜ੍ਹ ਤੋਂ ਕੁੱਲ 18, 798 ਨੌਜਵਾਨਾਂ ਦੀ ਚੋਣ ਕੀਤੀ ਗਈ।

2019-20 ਦੇ ਅਭਿਆਨ ਵਿੱਚ ਸਾਰੇ ਸੂਬਿਆਂ ਨੂੰ ਕੁੱਲ 87, 152 ਵੇਕੈਂਸੀਆਂ ਅਲਾਟ ਕੀਤੀਆਂ ਗਈਆਂ, ਜਦਕਿ ਸਿਰਫ਼ 78, 692 ਜਵਾਨਾਂ ਦੀ ਹੀ ਅੰਤਿਮ ਰੂਪ ਵਿੱਚ ਚੋਣ ਕੀਤੀ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)