ਪਰਵਾਸੀਆਂ ਨੂੰ ਟਰੰਪ ਕਿਹੜੇ ਕਾਨੂੰਨ ਤਹਿਤ ਦੇਸ਼ ਨਿਕਾਲਾ ਦੇ ਰਹੇ ਹਨ, ਇਹ ਕਾਨੂੰਨ ਟਰੰਪ ਨੂੰ ਕਿਹੜੇ ਖ਼ਾਸ ਅਧਿਕਾਰ ਦਿੰਦਾ ਹੈ

    • ਲੇਖਕ, ਸੋਫ਼ੀਆ ਫੇਰੇਰਾ ਸੈਨਟੋਸ
    • ਰੋਲ, ਬੀਬੀਸੀ ਪੱਤਰਕਾਰ

ਵ੍ਹਾਈਟ ਹਾਊਸ ਨੇ ਇਲਜ਼ਾਮ ਲਾਇਆ ਕਿ ਕਰੀਬ 200 ਵੈਨੇਜ਼ੁਏਲਾ ਵਾਸੀਆਂ ਕਿਸੇ ਅਪਰਾਧਿਕ ਗੈਂਗ ਦੇ ਮੈਂਬਰ ਹਨ। ਇਲਜ਼ਾਮਾਂ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਦੇਸ਼ ਨਿਕਾਲਾ ਦੇ ਕੇ ਅਮਰੀਕਾ ਤੋਂ ਅਲ ਸਲਵਾਡੋਰ ਦੀ ਇੱਕ ਮੈਗਾ-ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ।

ਇੱਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਬੀਬੀਸੀ ਦੇ ਅਮਰੀਕੀ ਭਾਈਵਾਲ, ਸੀਬੀਐੱਸ ਨਿਊਜ਼ ਨੂੰ ਦੱਸਿਆ ਕਿ ਦੇਸ਼ ਨਿਕਾਲਾ ਦਿੱਤੇ ਗਏ 261 ਲੋਕਾਂ ਵਿੱਚੋਂ 137 ਨੂੰ ਏਲੀਅਨ ਐਨੀਮੀਜ਼ ਐਕਟ ਦੇ ਤਹਿਤ ਕੱਢਿਆ ਗਿਆ।

ਇਸ ਸਦੀਆਂ ਪੁਰਾਣੇ ਕਾਨੂੰਨ ਦਾ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਇਸਤੇਮਾਲ ਕੀਤਾ ਗਿਆ ਹੈ।

ਉਨ੍ਹਾਂ ਨੇ ਵੈਨੇਜ਼ੁਏਲਾ ਦੇ ਗੈਂਗ ਟ੍ਰੇਨ ਡੇ ਅਰਾਗੁਆ (ਟੀਡੀਏ) 'ਤੇ ਅਮਰੀਕੀ ਇਲਾਕੇ ਵਿੱਚ ਹਿੰਸਕ ਘੁਸਪੈਠ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕਰਨ ਅਤੇ ਧਮਕੀ ਦੇਣ ਦੇ ਇਲਜ਼ਾਮ ਲਾਏ ਹਨ।

ਇਸ ਕਦਮ ਦੀ ਮਨੁੱਖੀ ਅਧਿਕਾਰ ਸਮੂਹਾਂ ਨੇ ਆਲੋਚਨਾ ਕੀਤੀ ਹੈ। ਜ਼ਿਕਰਯੋਗ ਹੈ ਕਿ ਇਹ ਉਸ ਸਮੇਂ ਹੋਇਆ ਹੈ ਜਦੋਂ ਇੱਕ ਜੱਜ ਨੇ ਕਥਿਤ ਗੈਂਗ ਮੈਂਬਰਾਂ ਦੇ ਦੇਸ਼ ਨਿਕਾਲੇ ਉੱਤੇ ਅਸਥਾਈ ਰੋਕ ਲਾਈ ਸੀ।

ਵ੍ਹਾਈਟ ਹਾਊਸ ਨੇ ਕਿਹਾ ਕਿ ਜੱਜ ਦੇ ਹੁਕਮ ਸਮੂਹ ਮੈਂਬਰਾਂ ਨੂੰ ਦੇਸ਼ ਨਿਕਾਲਾ ਦੇਣ ਤੋਂ ਬਾਅਦ ਜਾਰੀ ਹੋਏ ਸਨ।

ਏਲੀਅਨ ਐਨੀਮੀਜ਼ ਐਕਟ ਕੀ ਹੈ?

ਏਲੀਅਨ ਐਨੀਮੀਜ਼ ਐਕਟ, ਸੰਯੁਕਤ ਰਾਜ ਦੇ ਰਾਸ਼ਟਰਪਤੀ ਨੂੰ ਆਮ ਪ੍ਰਕਿਰਿਆਵਾਂ ਦੀ ਪਾਲਣਾ ਕੀਤੇ ਬਿਨਾਂ 'ਦੁਸ਼ਮਣ' ਦੇਸ਼ ਦੇ ਮੂਲ ਨਿਵਾਸੀਆਂ ਜਾਂ ਨਾਗਰਿਕਾਂ ਨੂੰ ਹਿਰਾਸਤ ਵਿੱਚ ਲੈਣ ਅਤੇ ਦੇਸ਼ ਨਿਕਾਲਾ ਦੇਣ ਦਾ ਹੁਕਮ ਦੇਣ ਲਈ ਵਿਆਪਕ ਸ਼ਕਤੀਆਂ ਦਿੰਦਾ ਹੈ।

ਇਹ 1798 ਵਿੱਚ ਕਾਨੂੰਨਾਂ ਦੀ ਇੱਕ ਲੜੀ ਦੇ ਹਿੱਸੇ ਵਜੋਂ ਪਾਸ ਕੀਤਾ ਗਿਆ ਸੀ ਜਦੋਂ ਅਮਰੀਕਾ ਨੂੰ ਲੱਗਿਆ ਕਿ ਉਸ ਨੂੰ ਫਰਾਂਸ ਨਾਲ ਲੜਾਈ ਲੜਣੀ ਪਵੇਗੀ।

ਇਸ ਐਕਟ ਵਿੱਚ ਕਿਹਾ ਗਿਆ ਹੈ, "ਜਦੋਂ ਵੀ ਅਮਰੀਕਾ ਵਿਰੁੱਧ ਕੋਈ ਐਲਾਨੀ ਜੰਗ ਹੁੰਦੀ ਹੈ ਜਾਂ ਕੋਈ ਹਮਲਾ ਜਾਂ ਹਿੰਸਕ ਘੁਸਪੈਠ ਕੀਤੀ ਜਾਂਦੀ ਹੈ ਜਾਂ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਾਂ ਧਮਕੀ ਦਿੱਤੀ ਜਾਂਦੀ ਹੈ, ਤਾਂ ਦੁਸ਼ਮਣ ਰਾਸ਼ਟਰ ਜਾਂ ਸਰਕਾਰ ਦੇ ਵਾਸੀਆਂ ਨੂੰ ਪਰਦੇਸੀ ਦੁਸ਼ਮਣਾਂ ਵਜੋਂ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ, ਕਾਰਵਾਈਆਂ ਤੋਂ ਰੋਕਿਆ ਅਤੇ ਹਟਾਇਆ ਜਾ ਸਕਦਾ ਹੈ।"

ਇਸ ਕਾਨੂੰਨ ਦੀ ਵਰਤੋਂ ਕਦੋਂ-ਕਦੋਂ ਹੋਈ ਹੈ?

ਇਸ ਐਕਟ ਦੀ ਵਰਤੋਂ ਪਹਿਲਾਂ ਮਹਿਜ਼ ਤਿੰਨ ਵਾਰ ਹੀ ਕੀਤੀ ਗਈ ਹੈ। ਉਹ ਵੀ ਉਸ ਸੂਰਤ-ਏ-ਹਾਲ ਵਿੱਚ ਜਦੋਂ ਕੋਈ ਤਾਕਤ ਸਮੁੱਚੇ ਅਮਰੀਕਾ ਦੇ ਟਕਰਾਅ ਵਿੱਚ ਸੀ।

ਇਸਨੂੰ ਆਖ਼ਰੀ ਵਾਰ ਦੂਜੀ ਵਿਸ਼ਵ ਜੰਗ ਦੌਰਾਨ ਵਰਤਿਆ ਗਿਆ ਸੀ, ਜਦੋਂ ਜਾਪਾਨੀ ਮੂਲ ਦੇ ਲੋਕਾਂ, ਜਿਨ੍ਹਾਂ ਦੀ ਗਿਣਤੀ ਤਕਰਬੀਨ 120,000 ਸੀ, ਨੂੰ ਬਿਨਾਂ ਕਿਸੇ ਮੁਕੱਦਮੇ ਦੇ ਕੈਦ ਕਰ ਲਿਆ ਗਿਆ ਸੀ।

ਹਜ਼ਾਰਾਂ ਜਪਾਨੀਆਂ ਨੂੰ ਨਜ਼ਰਬੰਦੀ ਕੈਂਪਾਂ ਵਿੱਚ ਭੇਜਿਆ ਗਿਆ ਸੀ।

ਉਸ ਸਮੇਂ ਦੌਰਾਨ ਜਰਮਨ ਅਤੇ ਇਤਾਲਵੀ ਵੰਸ਼ ਦੇ ਲੋਕਾਂ ਨੂੰ ਵੀ ਨਜ਼ਰਬੰਦ ਕੀਤਾ ਗਿਆ ਸੀ।

ਇਸ ਤੋਂ ਪਹਿਲਾਂ, ਇਹ ਐਕਟ 1812 ਦੀ ਜੰਗ ਅਤੇ ਪਹਿਲੀ ਵਿਸ਼ਵ ਜੰਗ ਦੌਰਾਨ ਵੀ ਵਰਤਿਆ ਗਿਆ ਸੀ।

ਟਰੰਪ ਨੇ ਇਸ ਬਾਰੇ ਕੀ ਕਿਹਾ ਹੈ?

ਹਾਲਾਂਕਿ ਇਹ ਪਹਿਲੀ ਵਾਰ ਹੈ ਜਦੋਂ ਟਰੰਪ ਸ਼ਾਸ਼ਨ ਵਿੱਚ ਇਸ ਐਕਟ ਦੀ ਵਰਤੋਂ ਕੀਤੀ ਗਈ ਹੈ, ਪਰ ਇਸ ਐਕਟ ਦਾ ਜ਼ਿਕਰ ਉਹ ਪਹਿਲਾਂ ਵੀ ਕਈ ਵਾਰ ਕਰ ਚੁੱਕੇ ਹਨ।

ਜਨਵਰੀ ਵਿੱਚ ਆਪਣੇ ਉਦਘਾਟਨੀ ਭਾਸ਼ਣ ਵਿੱਚ ਟਰੰਪ ਨੇ ਕਿਹਾ ਸੀ, "ਉਹ ਅਮਰੀਕੀ ਧਰਤੀ 'ਤੇ ਤਬਾਹਕੁੰਨ ਅਪਰਾਧ ਲਿਆਉਣ ਵਾਲੇ ਸਾਰੇ ਵਿਦੇਸ਼ੀ ਗਿਰੋਹਾਂ ਅਤੇ ਅਪਰਾਧਿਕ ਨੈਟਵਰਕਾਂ ਦੀ ਮੌਜੂਦਗੀ ਨੂੰ ਖ਼ਤਮ ਕਰਨ ਲਈ ਇਸ ਐਕਟ ਨੂੰ ਲਾਗੂ ਕਰਨਗੇ।"

ਸ਼ਨੀਵਾਰ ਨੂੰ ਆਪਣੇ ਐਲਾਨ ਵਿੱਚ, ਟਰੰਪ ਨੇ ਟੀਡੀਏ 'ਤੇ ਅਮਰੀਕਾ ਵਿਰੁੱਧ 'ਹਮਲੇ' ਦੀ ਧਮਕੀ ਦੇਣ ਦਾ ਇਲਜ਼ਾਮ ਲਗਾ ਕੇ ਐਕਟ ਵਿੱਚਲੀ ਸ਼ਬਦਾਵਲੀ ਦਾ ਹਵਾਲਾ ਦਿੰਦਿਆਂ ਇਸ ਦੀ ਵਰਤੋਂ ਕੀਤੀ।

ਉਨ੍ਹਾਂ ਨੇ ਇਸਦੇ ਮੈਂਬਰਾਂ ਨੂੰ 'ਪਰਦੇਸੀ ਦੁਸ਼ਮਣਾਂ ਵਜੋਂ ਫੜੇ ਜਾਣ, ਰੋਕੇ ਜਾਣ, ਸੁਰੱਖਿਅਤ ਕੀਤੇ ਜਾਣ ਅਤੇ ਹਟਾਏ ਜਾਣ ਲਈ ਜ਼ਿੰਮੇਵਾਰ' ਐਲਾਨਿਆ।

ਮਨੁੱਖੀ ਅਧਿਕਾਰ ਕਾਰੁਕਨਾਂ ਨੇ ਕੀ ਕਿਹਾ?

ਟਰੰਪ ਦੇ ਇਸ ਫ਼ੈਸਲੇ ਦੀ ਮਨੁੱਖੀ ਅਧਿਕਾਰ ਸਮੂਹਾਂ ਵਲੋਂ ਆਲੋਚਨਾ ਕੀਤੀ ਜਾ ਰਹੀ ਹੈ।

ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ (ਏਸੀਐੱਸਯੂ) ਨੇ ਇਸ ਆਧਾਰ 'ਤੇ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਉੱਤੇ ਰੋਕ ਲਗਵਾਉਣ ਲਈ ਮੁਕੱਦਮਾ ਕੀਤਾ ਕਿ ਅਮਰੀਕਾ ਕਿਸੇ ਜੰਗੀ ਹਾਲਾਤ ਵਿੱਚ ਨਹੀਂ ਸੀ।

ਐਤਵਾਰ ਨੂੰ ਬੀਬੀਸੀ ਨਿਊਜ਼ ਨਾਲ ਗੱਲ ਕਰਦੇ ਹੋਏ, ਏਸੀਐੱਸਯੂ ਦੇ ਵਕੀਲ ਲੀ ਗੇਲਰੰਟ ਨੇ ਕਿਹਾ, "ਸਾਡੇ ਮਨ ਵਿੱਚ ਕੋਈ ਸਵਾਲ ਨਹੀਂ ਹੈ, ਅਸੀਂ ਸਪੱਸ਼ਟ ਹਾਂ ਕਿ ਕਾਨੂੰਨ ਦੀ ਉਲੰਘਣਾ ਹੋ ਰਹੀ ਹੈ।"

ਇੱਕ ਸੰਘੀ ਜੱਜ ਨੇ ਦੇਸ਼ ਨਿਕਾਲੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਵ੍ਹਾਈਟ ਹਾਊਸ ਨੇ ਕਿਹਾ ਕਿ ਇਸਦਾ 'ਕੋਈ ਕਾਨੂੰਨੀ ਆਧਾਰ ਨਹੀਂ ਸੀ'। ਵ੍ਹਾਈਟ ਹਾਊਸ ਨੇ ਇਹ ਵੀ ਦਾਅਵਾ ਕੀਤਾ ਕਿ ਅਦਾਲਤ ਦੇ ਹੁਕਮਾਂ ਤੋਂ ਪਹਿਲਾਂ ਹੀ ਦੇਸ਼ ਨਿਕਾਲੇ ਦੀ ਪ੍ਰੀਕਿਰਿਆ ਹੋ ਚੁੱਕੀ ਸੀ।

ਜੱਜ ਦੇ ਹੁਕਮਾਂ ਬਾਰੇ ਛਪੇ ਇੱਕ ਲੇਖ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਅਲ ਸਲਵਾਡੋਰ ਦੇ ਰਾਸ਼ਟਰਪਤੀ ਨਾਇਬ ਬੁਕੇਲੇ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਓਹ... ਬਹੁਤ ਦੇਰ ਹੋ ਗਈ।"

ਵੈਨੇਜ਼ੁਏਲਾ ਨੇ ਟਰੰਪ ਵੱਲੋਂ ਇਸ ਐਕਟ ਦੀ ਵਰਤੋਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਵੈਨੇਜ਼ੁਏਲਾ ਦੇ ਪਰਵਾਸੀਆਂ ਨੂੰ ਬੇਇਨਸਾਫ਼ੀ ਨਾਲ ਅਪਰਾਧੀ ਕਰਾਰ ਦੇਣ ਹੈ ਅਤੇ ਮਨੁੱਖਤਾ ਦੇ ਇਤਿਹਾਸ ਦੇ ਸਭ ਤੋਂ ਕਾਲੇ ਦੌਰ, ਗ਼ੁਲਾਮੀ ਤੋਂ ਲੈ ਕੇ ਨਾਜ਼ੀ ਨਜ਼ਰਬੰਦੀ ਕੈਂਪਾਂ ਦੀ ਦਹਿਸ਼ਤ ਤੱਕ ਨੂੰ ਦਰਸਾਉਂਦਾ ਹੈ।

ਬ੍ਰੇਨਨ ਸੈਂਟਰ ਫ਼ਾਰ ਜਸਟਿਸ ਦੀ ਵਕੀਲ ਕੈਥਰੀਨ ਯੋਨ ਏਬ੍ਰਾਈਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਟਰੰਪ ਵੱਲੋਂ ਏਲੀਅਨ ਐਨੀਮੀਜ਼ ਐਕਟ ਦੀ ਵਰਤੋਂ ਗ਼ੈਰ-ਕਾਨੂੰਨੀ ਸੀ।

ਉਨ੍ਹਾਂ ਕਿਹਾ, "ਅਜਿਹੀ ਤਾਕਤ ਦੀ ਵਰਤੋਂ ਕਰਨ ਦਾ ਇੱਕੋ-ਇੱਕ ਕਾਰਨ ਵੈਨੇਜ਼ੁਏਲਾ ਵਾਸੀਆਂ ਨੂੰ ਉਨ੍ਹਾਂ ਦੇ ਵੰਸ਼ ਦੇ ਆਧਾਰ 'ਤੇ ਵਿਆਪਕ ਤੌਰ 'ਤੇ ਨਜ਼ਰਬੰਦ ਕਰਨਾ ਅਤੇ ਦੇਸ਼ ਨਿਕਾਲਾ ਦੇਣ ਦੀ ਕੋਸ਼ਿਸ਼ ਕਰਨਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)