ਅਮਰੀਕਾ ਦਾ ਈਬੀ-5 ਵੀਜ਼ਾ ਕੀ ਹੈ ਜਿਸ ਨੂੰ ਹਾਸਲ ਕਰਨ ਲਈ ਭਾਰਤੀਆਂ ਵਿੱਚ ਵੱਧ ਰਿਹਾ ਰੁਝਾਨ, ਕਿਨ੍ਹਾਂ ਨੂੰ ਮਿਲ ਸਕਦਾ ਹੈ ਇਹ ਵੀਜ਼ਾ

    • ਲੇਖਕ, ਤਨੀਸ਼ਾ ਚੌਹਾਨ
    • ਰੋਲ, ਬੀਬੀਸੀ ਪੱਤਰਕਾਰ

ਅਮਰੀਕਾ ਜਾਣ ਦਾ ਸੁਪਨਾ ਅਤੇ ਉੱਥੇ ਜਾ ਕੇ ਵੱਸਣ ਦੀ ਇੱਛਾ ਭਾਰਤੀਆਂ ਲਈ ਕਾਫੀ ਔਖੀ ਹੁੰਦੀ ਜਾ ਰਹੀ ਹੈ। ਐੱਚ1ਬੀ ਵੀਜ਼ਾ ਅਤੇ ਗ੍ਰੀਨ ਕਾਰਡ ਦਾ ਔਖਾ ਮਿਲਣਾ ਅਮਰੀਕਾ ਜਾਣ ਦੇ ਚਾਹਵਾਨਾਂ ਨੂੰ ਕਾਫੀ ਨਿਰਾਸ਼ ਕਰ ਰਿਹਾ ਹੈ।

ਡੌਨਲਡ ਟਰੰਪ ਦੇ ਗੋਲਡ ਕਾਰਡ ਦਾ ਇੰਤਜ਼ਾਰ ਤਾਂ ਖ਼ੂਬ ਹੋ ਰਿਹਾ ਹੈ ਪਰ ਇਸ ਨੂੰ ਹਾਸਲ ਕਰਨਾ ਬਹੁਤਿਆਂ ਲਈ ਔਖਾ ਹੈ ਕਿਉਂਕਿ ਇਹ ਕਾਫੀ ਮਹਿੰਗਾ ਪਵੇਗਾ।

ਅਜਿਹੇ ਵਿੱਚ ਭਾਰਤੀ ਲੋਕ ਲਗਾਤਾਰ ਈਬੀ-5 ਵੀਜ਼ਾ ਹਾਸਲ ਕਰਨ ਦੀ ਹੋੜ ਵਿੱਚ ਲੱਗੇ ਹੋਏ ਹਨ। ਚੀਨ ਤੋਂ ਬਾਅਦ ਭਾਰਤ ਅਜਿਹਾ ਦੇਸ਼ ਹੈ ਜਿੱਥੋਂ ਦੇ ਨਾਗਰਿਕਾਂ ਵੱਲੋਂ ਸਭ ਤੋਂ ਜ਼ਿਆਦਾ ਈਬੀ-5 ਵੀਜ਼ਾ ਲਈ ਅਪਲਾਈ ਕੀਤਾ ਗਿਆ ਅਤੇ ਭਾਰਤੀ ਬਿਨੈਕਾਰ ਦਾ ਇਹ ਨੰਬਰ ਲਗਾਤਾਰ ਵੱਧ ਰਿਹਾ ਹੈ।

ਪਰ ਭਾਰਤੀਆਂ ਦਾ ਰੁਝਾਨ ਅਮਰੀਕਾ ਦੇ ਈਬੀ-5 ਵੀਜ਼ਾ ਵੱਲ ਜ਼ਿਆਦਾ ਕਿਉਂ ਹੈ, ਇਹ ਟਰੰਪ ਦੇ ਗੋਲਡ ਕਾਰਡ ਤੋਂ ਕਿਵੇਂ ਵੱਖਰਾ ਹੈ ਕਿਉਂਕਿ ਟਰੰਪ ਆਪਣੇ ਗੋਲਡ ਕਾਰਡ ਨੂੰ ਈਬੀ-5 ਵੀਜ਼ਾ ਦਾ ਬਦਲ ਦੱਸ ਰਹੇ ਹਨ, ਇਸ ਸਭ ਵਾਰੇ ਇਸ ਰਿਪੋਰਟ ਵਿੱਚ ਚਰਚਾ ਕਰਾਂਗੇ, ਪਰ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਈਬੀ-5 ਵੀਜ਼ਾ ਕੀ ਹੈ।

ਅਮਰੀਕਾ ਦਾ ਮੌਜੂਦਾ ਈਬੀ-5 ਵੀਜ਼ਾ ਪ੍ਰੋਗਰਾਮ ਕੀ ਹੈ?

ਮੌਜੂਦਾ ਸਮੇਂ ਵਿੱਚ ਜੇਕਰ ਵਿਦੇਸ਼ੀ ਨਿਵੇਸ਼ਕ ਅਮਰੀਕੀ ਗ੍ਰੀਨ ਕਾਰਡ ਚਾਹੁੰਦੇ ਹਨ, ਤਾਂ ਉਨ੍ਹਾਂ ਲਈ ਈਬੀ-5 ਪਰਵਾਸੀ ਨਿਵੇਸ਼ਕ ਵੀਜ਼ਾ ਪ੍ਰੋਗਰਾਮ ਮੌਜੂਦ ਹੈ।

1990 ਵਿੱਚ ਅਮਰੀਕੀ ਕਾਂਗਰਸ ਨੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਈਬੀ-5 ਵੀਜ਼ਾ ਪ੍ਰੋਗਰਾਮ ਸ਼ੁਰੂ ਕੀਤਾ ਸੀ।

ਈਬੀ-5 ਵੀਜ਼ਾ ਪ੍ਰੋਗਰਾਮ ਉਨ੍ਹਾਂ ਲੋਕਾਂ ਲਈ ਹੈ ਜੋ ਅਮਰੀਕਾ ਵਿੱਚ ਘੱਟੋ-ਘੱਟ 10 ਲੋਕਾਂ ਲਈ ਨੌਕਰੀਆਂ ਪੈਦਾ ਕਰਨ ਲਈ ਤਕਰੀਬਨ 10 ਲੱਖ ਡਾਲਰ ਦਾ ਨਿਵੇਸ਼ ਕਰਦੇ ਹਨ।

ਇਸ ਪ੍ਰੋਗਰਾਮ ਦੇ ਤਹਿਤ, ਨਿਵੇਸ਼ਕਾਂ ਨੂੰ ਉਨ੍ਹਾਂ ਦੇ ਨਿਵੇਸ਼ ਬਦਲੇ ਤੁਰੰਤ ਗ੍ਰੀਨ ਕਾਰਡ ਪ੍ਰਾਪਤ ਹੁੰਦੇ ਹਨ। ਜਦਕਿ ਜ਼ਿਆਦਾਤਰ ਗ੍ਰੀਨ ਕਾਰਡ ਬਿਨੈਕਾਰਾਂ ਨੂੰ ਸਥਾਈ ਨਿਵਾਸ ਲਈ ਕਈ ਮਹੀਨਿਆਂ ਤੋਂ ਕਈ ਸਾਲਾਂ ਤੱਕ ਉਡੀਕ ਕਰਨੀ ਪੈਂਦੀ ਹੈ।

ਅਮਰੀਕੀ ਵਿਦੇਸ਼ ਵਿਭਾਗ ਮੁਤਾਬਕ ਈਬੀ-5 ਪ੍ਰੋਗਰਾਮ ਪ੍ਰਤੀ ਸਾਲ 10,000 ਵੀਜ਼ਾ ਤੱਕ ਹੀ ਦਿੱਤੇ ਜਾਂਦੇ ਹਨ, ਜਿਸ ਵਿੱਚ 3,000 ਵੀਜ਼ਾ ਉਨ੍ਹਾਂ ਨਿਵੇਸ਼ਕਾਂ ਲਈ ਰਾਖਵੇਂ ਹਨ ਜੋ ਉੱਚ-ਬੇਰੁਜ਼ਗਾਰੀ ਵਾਲੇ ਖੇਤਰਾਂ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹਨ।

ਭਾਰਤੀਆਂ ਵਿੱਚ ਈਬੀ-5 ਵੀਜ਼ਾ ਦਾ ਰੁਝਾਨ

ਅਮਰੀਕਾ ਦੇ ਈਬੀ-5 ਵੀਜ਼ਾ ਦੀ ਮੰਗ ਸਭ ਤੋਂ ਜ਼ਿਆਦਾ ਚੀਨ ਅਤੇ ਦੂਜੇ ਨੰਬਰ ਉੱਤੇ ਭਾਰਤ ਤੋਂ ਆਉਂਦੀ ਹੈ।

ਆਈਆਈਯੂਐੱਸਏ (ਇਨਵੈੱਸਟ ਇਨ ਯੂਨਾਈਟਿਡ ਸਟੇਟਸ ਆਫ਼ ਅਮੇਰਿਕਾ) ਵੱਲੋਂ ਸਾਂਝੇ ਕੀਤੇ ਗਏ ਡਾਟਾ ਦੇ ਮੁਤਾਬਕ, ਭਾਰਤੀ ਨਾਗਰਿਕਾਂ ਵਿੱਚ ਈਬੀ-5 ਵੀਜ਼ਾ ਦੀ ਮੰਗ ਲਗਾਤਾਰ ਵੱਧ ਰਹੀ ਹੈ।

ਜੇਕਰ ਸਾਲ 2014 ਤੋਂ ਸਾਲ 2024 ਦੇ ਅੰਕੜਿਆਂ ਵੱਲ ਦੇਖੀਏ ਤਾਂ ਸਭ ਤੋਂ ਜ਼ਿਆਦਾ ਸਾਲ 2024 ਵਿੱਚ ਇਸ ਦੀ ਮੰਗ ਵਿੱਚ ਵਾਧਾ ਦੇਖਿਆ ਗਿਆ ਹੈ।

ਸਾਲ 2024 ਵਿੱਚ 1428 ਭਾਰਤੀ ਨਾਗਰਿਕਾਂ ਨੂੰ ਈਬੀ-5 ਵੀਜ਼ਾ ਜਾਰੀ ਕੀਤੇ ਗਏ ਸਨ ਜੋ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ।

ਇਸ ਤੋਂ ਪਹਿਲਾਂ ਇੱਕ ਵਾਰ ਸਾਲ 2022 ਵਿੱਚ ਵੀ ਇੱਕ ਉਛਾਲ ਦੇਖਿਆ ਗਿਆ ਸੀ ਜਦੋਂ 1381 ਈਬੀ-5 ਵੀਜ਼ਾ ਭਾਰਤੀ ਨਾਗਰਿਕਾਂ ਨੂੰ ਮਿਲੇ। ਸਾਲ 2023 ਵਿੱਚ ਕੁੱਲ 815 ਈਬੀ-5 ਵੀਜ਼ਾ ਜਾਰੀ ਕੀਤੇ ਗਏ।

ਇਸ ਤੋਂ ਪਿਛਲੇ ਸਾਲਾਂ ਵਿੱਚ ਇਹ ਗਿਣਤੀ ਕਾਫੀ ਘੱਟ ਸੀ।

ਸਾਲ 2014 ਵਿੱਚ 96, ਸਾਲ 2015 ਵਿੱਚ 111, ਸਾਲ 2016 ਵਿੱਚ 149, ਸਾਲ 2017 ਵਿੱਚ 174, ਸਾਲ 2018 ਵਿੱਚ 585, ਸਾਲ 2019 ਵਿੱਚ 760, ਸਾਲ 2020 ਵਿੱਚ 613, ਸਾਲ 2021 ਵਿੱਚ 211 ਈਬੀ-5 ਵੀਜ਼ਾ ਭਾਰਤੀ ਨਾਗਰਿਕਾਂ ਨੂੰ ਦਿੱਤੇ ਗਏ।

ਯੂਐੱਸਸੀਆਈਐੱਸ ਵੱਲੋਂ ਜਾਰੀ ਕੀਤਾ ਗਿਆ ਤਾਜ਼ਾ ਅੰਕੜਾ ਦਿਖਾਉਂਦਾ ਹੈ ਕਿ ਇਹ ਮੰਗ ਲਗਾਤਾਰ ਵੱਧ ਰਹੀ ਹੈ।

ਆਈਆਈਯੂਐੱਸਏ ਦੇ ਡਾਇਰੈਕਟਰ ਆਫ਼ ਪਾਲਿਸੀ ਰਿਸਰਚ ਅਤੇ ਡਾਟਾ ਐਨਾਲਿਸਟ ਲੀ ਲਾਏ ਦੇ ਮੁਤਾਬਕ, ਈਬੀ-5 ਵੀਜ਼ਾ ਪੀਆਰ ਹਾਸਲ ਕਰਨ ਦਾ ਈਬੀ-2 ਅਤੇ ਈਬੀ-3 ਵੀਜ਼ਾ ਦੀ ਤੁਲਨਾ ਵਿੱਚ ਸਭ ਤੋਂ ਤੇਜ਼ ਰਸਤਾ ਹੈ। ਈਬੀ-2 ਅਤੇ ਈਬੀ-3 ਵੀਜ਼ਾ ਲਈ ਭਾਰਤੀ ਨਾਗਰਿਕਾਂ ਦਾ ਵੱਡਾ ਬੈਕਲੌਗ ਪਹਿਲਾਂ ਹੀ ਖੜ੍ਹਾ ਹੈ।

ਈਬੀ-5 ਵੀਜ਼ਾ ਵਾਲੇ ਨਿਵੇਸ਼ਕ ਰੁਜ਼ਗਾਰ ਦੇਣ ਦਾ ਅਧਿਕਾਰ ਅਤੇ ਟ੍ਰੈਵਲ ਪਰਮਿਟ ਲਈ ਇਕੱਠਿਆ ਹੀ ਅਪਲਾਈ ਕਰ ਸਕਦੇ ਹਨ। ਈਬੀ-2 ਅਤੇ ਈਬੀ-3 ਵੀਜ਼ਾ ਰਾਹੀਂ ਅਮਰੀਕਾ ਰਹਿਕੇ ਗ੍ਰੀਨ ਕਾਰਡ ਦਾ ਇੰਤਜ਼ਾਰ ਕਰਨ ਵਾਲੇ ਭਾਰਤੀਆਂ ਲਈ ਇਹ ਇੱਕ ਵੱਡੀ ਸਹੂਲਤ ਹੈ।

ਕਿਹੜੀ ਕੈਟੇਗਰੀ ਵਿੱਚ ਸਭ ਤੋਂ ਵੱਧ ਮੰਗ

ਆਈਆਈਯੂਐੱਸਏ ਦੀ ਵੈੱਬਸਾਈਟ ਦੇ ਮੁਤਾਬਕ ਭਾਰਤ ਅਤੇ ਚੀਨ ਵੱਲੋਂ ਈਬੀ-5 ਵੀਜ਼ਾ ਦੀ ਅਨਰਿਜ਼ਰਵਡ ਕੈਟੇਗਰੀ ਵਿੱਚ ਵੱਧਦੀ ਮੰਗ ਦੇ ਕਾਰਨ ਕੱਟਆਫ਼ ਦਿਨਾਂ ਨੂੰ ਕਾਫੀ ਘਟਾਇਆ ਗਿਆ ਹੈ।

ਭਾਰਤੀ ਅਰਜ਼ੀਕਰਤਾਵਾਂ ਦੇ ਲਈ ਹੁਣ ਅਨਰਿਜ਼ਰਵਡ ਕੈਟੇਗਰੀ ਵਿੱਚ 198 ਦਿਨਾਂ ਦੀ ਕਟੌਤੀ ਹੋਈ ਹੈ ਯਾਨਿ ਕਿ ਵੀਜ਼ਾ ਜਾਰੀ ਕਰਨ ਦੀ ਰਫਤਾਰ ਕਾਫੀ ਤੇਜ਼ ਹੋ ਗਈ ਹੈ। ਇਸ ਤੋਂ ਇਲਾਵਾ ਬਾਕੀ ਦੀਆਂ ਰਿਜ਼ਰਵਡ ਕੈਟੇਗਰੀਆਂ ਦੇ ਲਈ ਸਥਿਤੀ ਬਿਹਤਰ ਹੈ ਯਾਨਿ ਕਿ ਕੋਈ ਵੀ ਬੈਕਲੌਗ ਜਾਂ ਵੇਟਿੰਗ ਨਹੀਂ ਹੈ।

ਰਿਜ਼ਰਵਡ ਕੈਟੇਗਰੀ ਯਾਨਿ ਜਦੋਂ ਖ਼ਾਸ ਕਿਸਮ ਦਾ ਵੀਜ਼ਾ ਦਿੱਤਾ ਜਾਂਦਾ ਹੈ, ਇਸ ਵਿੱਚ ਰੂਰਲ, ਹਾਈ ਅਨਇੰਪਲੋਏਮੈਂਟ ਅਚੇ ਇਨਫ੍ਰਾਸਟ੍ਰਕਚਰ ਕੈਟੇਗਰੀ ਸ਼ਾਮਲ ਹੁੰਦੀ ਹੈ।

ਅਨਰਿਜ਼ਰਵਡ ਕੈਟੇਗਰੀ ਯਾਨਿ ਸਾਰੇ ਅਰਜ਼ੀਕਰਤਾ ਇਸ ਵਿੱਚ ਸ਼ਾਮਲ ਹੁੰਦੇ ਹਨ। ਇਹ ਕਿਸੇ ਖ਼ਾਸ ਤਰ੍ਹਾਂ ਦੀ ਕੈਟੇਗਰੀ ਲਈ ਨਹੀਂ, ਬਲਕਿ ਸਾਰੇ ਵੀਜ਼ਾ ਅਰਜ਼ੀਕਰਤਾਵਾਂ ਲਈ ਹੁੰਦਾ ਹੈ।

ਟਰੰਪ ਦਾ ਗੋਲਡ ਕਾਰਡ ਕੀ ਹੈ

ਡੌਨਲਡ ਟਰੰਪ ਦੇ ਗੋਲਡ ਕਾਰਡ ਦੇ ਖ਼ੂਬ ਚਰਚੇ ਹੋਏ ਅਤੇ ਹੁਣ ਇਸ ਬਾਬਤ ਬਕਾਇਦਾ ਵੈੱਬਸਾਈਟ ਵੀ ਲਾਂਚ ਕੀਤੀ ਗਈ ਹੈ ਜਿੱਥੇ ਤੁਸੀਂ ਆਪਣੀ ਡੀਟੇਲਸ ਪਾ ਸਕਦੇ ਹੋ ਅਤੇ ਜਿਵੇਂ ਹੀ ਅਰਜ਼ੀਆਂ ਖੁੱਲ੍ਹਣਗੀਆਂ, ਤੁਹਾਨੂੰ ਇਸ ਦੀ ਨੋਟੀਫਿਕੇਸ਼ਨ ਮਿਲ ਜਾਵੇਗੀ।

ਦਰਅਸਲ ਗੋਲਡ ਕਾਰਡ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਅਮੀਰ ਨਿਵੇਸ਼ਕਾਂ ਲਈ ਲਿਆਇਆ ਗਿਆ ਕਾਰਡ ਹੈ ਜੋ ਤੁਹਾਨੂੰ ਅਮਰੀਕਾ ਵਿੱਚ ਸਥਾਈ ਤੌਰ 'ਤੇ ਰਹਿਣ ਦਾ ਸੁਨਹਿਰੀ ਮੌਕਾ ਦੇ ਸਕਦਾ ਹੈ।

ਗੋਲਡ ਕਾਰਡ ਦੀ ਕੀਮਤ 50 ਲੱਖ ਡਾਲਰ ਯਾਨਿ ਤਕਰੀਬਨ 43.52 ਕਰੋੜ ਰੁਪਏ ਰੱਖੀ ਗਈ ਹੈ।

ਗੋਲਡ ਕਾਰਡ ਪ੍ਰਾਪਤ ਕਰਨ ਨਾਲ ਲੋਕ ਸੰਯੁਕਤ ਰਾਜ ਅਮਰੀਕਾ ਵਿੱਚ ਸਥਾਈ ਤੌਰ 'ਤੇ ਰਹਿਣ ਅਤੇ ਕੰਮ ਕਰਨ ਦਾ ਅਧਿਕਾਰ ਪ੍ਰਾਪਤ ਕਰ ਸਕਣਗੇ। ਇਸ ਲਈ ਉਨ੍ਹਾਂ ਲਈ ਅਮਰੀਕੀ ਨਾਗਰਿਕਤਾ ਦਾ ਰਸਤਾ ਵੀ ਸੌਖਾ ਹੋ ਸਕਦਾ ਹੈ।

ਗੋਲਡ ਕਾਰਡ ਦਾ ਐਲਾਨ ਕਰਦਿਆਂ ਡੌਨਲਡ ਟਰੰਪ ਨੇ ਕਿਹਾ ਸੀ, "ਉਹ ਅਮੀਰ ਹੋਣਗੇ ਅਤੇ ਉਹ ਸਫਲ ਹੋਣਗੇ, ਅਤੇ ਉਹ ਬਹੁਤ ਸਾਰਾ ਪੈਸਾ ਖਰਚ ਕਰਨਗੇ, ਬਹੁਤ ਸਾਰਾ ਟੈਕਸ ਅਦਾ ਕਰਨਗੇ, ਅਤੇ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਦੇਣਗੇ। ਸਾਨੂੰ ਲੱਗਦਾ ਹੈ ਕਿ ਇਹ ਬਹੁਤ ਸਫਲ ਹੋਣ ਵਾਲਾ ਹੈ।''

ਅਮਰੀਕਾ ਦੇ ਵਣਜ ਸਕੱਤਰ ਹਾਵਰਡ ਲੂਟਨਿਕ ਨੇ ਕਿਹਾ ਸੀ ਕਿ ਪ੍ਰਸਤਾਵਿਤ "ਗੋਲਡ ਕਾਰਡ" ਮੌਜੂਦਾ ਈਬੀ-5 ਨਿਵੇਸ਼ਕ ਵੀਜ਼ਾ ਸਕੀਮ ਦੀ ਥਾਂ ਲਵੇਗਾ, ਜੋ ਵਿਦੇਸ਼ੀ ਨਿਵੇਸ਼ਕਾਂ ਨੂੰ ਵੀਜ਼ਾ ਪ੍ਰਦਾਨ ਕਰਦੀ ਹੈ।

ਟਰੰਪ ਦੇ ਗੋਲਡ ਕਾਰਡ ਦਾ ਰੁਝਾਨ ਕਿੰਨਾ ਹੈ

ਗ੍ਰੀਨ ਕਾਰਡ ਫੰਡ ਦੇ ਸਹਿ-ਸੰਸਥਾਪਕ ਗਿਰਿਸ਼ ਪਟੇਲ ਦਾ ਵੀ ਮੰਨਣਾ ਹੈ ਕਿ ਹਾਲ ਹੀ ਦੇ ਸਮੇਂ ਵਿੱਚ ਈਬੀ-5 ਵੀਜ਼ਾ ਦੀ ਮੰਗ ਵਿੱਚ ਵੱਡਾ ਇਜ਼ਾਫਾ ਦੇਖਣ ਨੂੰ ਮਿਲਿਆ ਹੈ। ਬੀਬੀਸੀ ਪੰਜਾਬੀ ਨਾਲ ਜਾਣਕਾਰੀ ਸਾਂਝੀ ਕਰਦਿਆਂ ਗਿਰਿਸ਼ ਦੱਸਦੇ ਹਨ ਕਿ ਇਹ ਮੰਗ ਜ਼ਿਆਦਾਤਰ ਉਨ੍ਹਾਂ ਪਰਿਵਾਰਾਂ ਤੋਂ ਸਾਹਮਣੇ ਆ ਰਹੀ ਹੈ ਜਿਨ੍ਹਾਂ ਦੇ ਬੱਚੇ ਜਾਂ ਤਾਂ ਅਮਰੀਕਾ ਵਿੱਚ ਪੜ੍ਹ ਰਹੇ ਹਨ ਜਾਂ ਕੰਮ ਕਰ ਰਹੇ ਹਨ।

ਉਨ੍ਹਾਂ ਨੇ ਦੱਸਿਆ ਕਿ ਪਿਛਲੇ ਮਹੀਨੇ ਹੀ ਉਨ੍ਹਾਂ ਕੋਲ ਅਹਿਮਦਾਬਾਦ ਤੋਂ ਇੱਕ ਸ਼ਖ਼ਸ ਈਬੀ-5 ਵੀਜ਼ਾ ਬਾਰੇ ਪਤਾ ਕਰਨ ਆਏ ਜਿਨ੍ਹਾਂ ਦਾ ਭਤੀਜਾ ਨਿਊਯਾਰਕ ਵਿੱਚ ਰਹਿੰਦਾ ਹੈ ਅਤੇ ਉਸ ਦੀ ਐੱਚ1ਬੀ ਵੀਜ਼ੇ ਦੀ ਮਿਆਦ ਖ਼ਤਮ ਹੋਣ ਵਾਲੀ ਹੈ। ਉਨ੍ਹਾਂ ਵਿੱਚ ਵੀਜ਼ਾ ਨੂੰ ਲੈ ਕੇ ਚਿੰਤਾ ਸਾਫ ਦੇਖੀ ਜਾ ਸਕਦੀ ਸੀ।

ਉਨ੍ਹਾਂ ਕਿਹਾ, ਜਿੱਥੋਂ ਤੱਕ ਟਰੰਪ ਦੇ ਗੋਲਡ ਕਾਰਡ ਦੀ ਗੱਲ ਹੈ, ਇੰਨੇ ਮਹਿੰਗੇ ਵੀਜ਼ੇ ਨੂੰ ਲੈ ਕੇ ਅਸੀਂ ਲੋਕਾਂ ਵਿੱਚ ਬਹੁਤ ਘੱਟ ਦਿਲਚਸਪੀ ਦੇਖੀ ਹੈ। ਇਹ ਇੱਕ ਸਿਆਸੀ ਸ਼ੋਰ ਜ਼ਿਆਦਾ ਹੈ ਪਰ ਹਕੀਕਤ ਵਿੱਚ ਲੋਕ ਇਸ ਨੂੰ ਲੈ ਕੇ ਘੱਟ ਉਤਸੁਕ ਨਜ਼ਰ ਆ ਰਹੇ ਹਨ। ਜੋ ਗੰਭੀਰ ਨਿਵੇਸ਼ਕ ਹਨ, ਉਹ ਅਪਣੀ ਕਿਸਮਤ ਈਬੀ-5 ਵੀਜ਼ਾ ਲਈ ਹੀ ਅਜ਼ਮਾਉਣਾ ਚਾਹੁੰਦੇ ਹਨ।

ਹੁਣ ਈਬੀ-5 ਪਰਵਾਸੀ ਵੀਜ਼ਾ ਪ੍ਰੋਗਰਾਮ ਦਾ ਕੀ ਹੋਵੇਗਾ?

ਡੌਨਲਡ ਟਰੰਪ ਹਮੇਸ਼ਾ ਈਬੀ-5 ਪਰਵਾਸੀ ਵੀਜ਼ਾ ਪ੍ਰੋਗਰਾਮ ਦਾ ਵਿਰੋਧ ਕਰਦੇ ਰਹੇ ਹਨ। ਉਨ੍ਹਾਂ ਨੇ ਇਸ ਪ੍ਰਣਾਲੀ ਨੂੰ ਪੁਰਾਣਾ ਅਤੇ ਬੇਕਾਰ ਦੱਸਿਆ ਹੈ।

ਜਦੋਂ ਟਰੰਪ ਨੇ ਗੋਲਡ ਕਾਰਡ ਦਾ ਐਲਾਨ ਕੀਤਾ, ਤਾਂ ਅਮਰੀਕੀ ਵਣਜ ਸਕੱਤਰ ਹਾਵਰਡ ਲੂਟਨਿਕ ਵੀ ਮੌਜੂਦ ਸਨ।

ਉਨ੍ਹਾਂ ਸਪੱਸ਼ਟ ਕੀਤਾ ਸੀ, "ਈਬੀ-5 ਵਰਗੇ ਬੇਕਾਰ ਪ੍ਰੋਗਰਾਮ ਚਲਾਉਣ ਦੀ ਬਜਾਇ, ਅਸੀਂ ਉਨ੍ਹਾਂ ਨੂੰ ਬੰਦ ਕਰਨ ਜਾ ਰਹੇ ਹਾਂ। ਅਸੀਂ ਇਸਨੂੰ ਟਰੰਪ ਗੋਲਡ ਕਾਰਡ ਨਾਲ ਬਦਲਣ ਜਾ ਰਹੇ ਹਾਂ।"

ਲੂਟਨਿਕ ਮੁਤਾਬਕ, "ਈਬੀ-5 ਪ੍ਰੋਗਰਾਮ ਗ਼ਲਤ, ਮਨਘੜਤ ਅਤੇ ਧੋਖਾਧੜੀ ਨਾਲ ਭਰਿਆ ਹੋਇਆ ਸੀ। ਇਹ ਘੱਟ ਕੀਮਤ 'ਤੇ ਗ੍ਰੀਨ ਕਾਰਡ ਪ੍ਰਾਪਤ ਕਰਨ ਦਾ ਇੱਕ ਤਰੀਕਾ ਸੀ। ਇਸ ਲਈ ਰਾਸ਼ਟਰਪਤੀ ਨੇ ਕਿਹਾ, ਇਸ ਤਰ੍ਹਾਂ ਦੇ ਤਰਕਹੀਨ ਪ੍ਰੋਗਰਾਮ ਨੂੰ ਰੱਖਣ ਦੀ ਬਜਾਏ, ਅਸੀਂ ਇਸ ਨੂੰ ਖ਼ਤਮ ਕਰਨ ਜਾ ਰਹੇ ਹਾਂ।"

ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਪਹਿਲਾਂ ਜਿੱਥੇ ਅਮਰੀਕਾ ਵਿੱਚ ਸਥਾਈ ਨਿਵਾਸ ਲਈ 8 ਤੋਂ 10 ਲੱਖ ਡਾਲਰ ਦੀ ਲੋੜ ਹੁੰਦੀ ਸੀ, ਹੁਣ 50 ਲੱਖ ਡਾਲਰ ਦੀ ਲੋੜ ਹੋਵੇਗੀ। ਇਸ ਦਾ ਮਤਲਬ ਹੈ ਕਿ ਸਿਰਫ਼ ਬਹੁਤ ਅਮੀਰ ਭਾਰਤੀ ਹੀ ਇਸਦਾ ਲਾਭ ਚੁੱਕ ਸਕਣਗੇ।

ਜਿਹੜੇ ਲੋਕ ਇਸ ਸਮੇਂ ਐੱਚ-1ਬੀ ਜਾਂ ਈਬੀ-2/ਏਬੀ-3 ਵੀਜ਼ਾ 'ਤੇ ਅਮਰੀਕਾ ਵਿੱਚ ਹਨ, ਉਹ ਵੀ ਗੋਲਡ ਕਾਰਡ ਲਈ ਅਰਜ਼ੀ ਦੇ ਸਕਣਗੇ, ਪਰ ਉਨ੍ਹਾਂ ਕੋਲ ਪਹਿਲਾਂ 50 ਲੱਖ ਡਾਲਰ ਹੋਣੇ ਚਾਹੀਦੇ ਹਨ।

ਹਾਲਾਂਕਿ, 50 ਲੱਖ ਡਾਲਰ ਦਾ ਭੁਗਤਾਨ ਕਰਨ ਤੋਂ ਬਾਅਦ ਵੀ ਬਿਨੈਕਾਰ ਦੀ ਪੁਸ਼ਟੀ ਕੀਤੀ ਜਾਵੇਗੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)