ਡੌਨਲਡ ਟਰੰਪ ਵੱਲੋਂ ਲਗਾਏ ਟੈਰਿਫ਼ ਕੀ ਹੁੰਦੇ ਹਨ ਅਤੇ ਇਹ ਕਿਵੇਂ ਕੰਮ ਕਰਦੇ ਹਨ, ਇਨ੍ਹਾਂ ਦਾ ਆਮ ਲੋਕਾਂ 'ਤੇ ਕੀ ਅਸਰ ਪਵੇਗਾ

    • ਲੇਖਕ, ਜੈਨੀਫ਼ਰ ਕਲਾਰਕ
    • ਰੋਲ, ਬੀਬੀਸੀ ਨਿਊਜ਼

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦਾ ਟੈਰਿਫ਼ ਦਾ ਵਿਆਪਕ ਗਲੋਬਲ ਪ੍ਰੋਗਰਾਮ ਹੁਣ ਲਾਗੂ ਹੋ ਗਿਆ ਹੈ। ਇਸਦਾ ਮਤਲਬ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਖਰੀਦਣ ਵਾਲੇ ਅਮਰੀਕੀ ਖਰੀਦਦਾਰਾਂ ਨੂੰ ਹੁਣ ਉਨ੍ਹਾਂ ਚੀਜ਼ਾਂ ਦੀ ਦਰਾਮਦ ਲਈ ਵਧੇਰੇ ਭੁਗਤਾਨ ਕਰਨਾ ਪਵੇਗਾ।

ਬਤੌਰ ਅਮਰੀਕੀ ਰਾਸ਼ਟਰਪਤੀ ਆਪਣੇ ਨਵੇਂ ਕਾਰਜਕਾਲ 'ਚ ਟਰੰਪ ਨੇ ਇਹ ਦਰਾਮਦ ਟੈਕਸ ਪੇਸ਼ ਕੀਤੇ ਹਨ ਅਤੇ ਬਹੁਤ ਸਾਰੀਆਂ ਹੋਰ ਧਮਕੀਆਂ ਦਿੱਤੀਆਂ ਹਨ।

ਜਿਨ੍ਹਾਂ ਦਰਾਂ 'ਤੇ ਇਹ ਟੈਕਸ ਲਗਾਏ ਜਾਂਦੇ ਹਨ ਉਹ ਵਿਆਪਕ ਤੌਰ 'ਤੇ ਵੱਖ-ਵੱਖ ਹੁੰਦੇ ਹਨ। ਕੁਝ ਦੇਸ਼, ਜਿਨ੍ਹਾਂ ਨਾਲ ਟਰੰਪ ਨੂੰ ਸਿਆਸੀ ਤੌਰ 'ਤੇ ਕੁਝ ਸ਼ਿਕਾਇਤਾਂ ਹਨ, ਉਨ੍ਹਾਂ ਦੇਸ਼ਾਂ ਤੋਂ ਆਈਆਂ ਵਸਤੂਆਂ 'ਤੇ ਵਿਸ਼ੇਸ ਰੂਪ ਨਾਲ ਉੱਚੀਆਂ ਦਰਾਂ ਵਾਲੇ ਟੈਕਸ ਲਗਾਏ ਗਏ ਹਨ। ਬਾਕੀ ਦੇਸ਼, ਜਿਨ੍ਹਾਂ ਨਾਲ ਟਰੰਪ ਨੇ ਸਮਝੌਤੇ ਕੀਤੇ ਹਨ, ਉਨ੍ਹਾਂ ਤੋਂ ਆਈਆਂ ਵਸਤਾਂ 'ਤੇ ਘੱਟ ਦਰਾਂ ਲਾਗੂ ਕੀਤੀਆਂ ਗਈਆਂ ਹਨ।

ਟਰੰਪ ਦਾ ਤਰਕ ਹੈ ਕਿ ਟੈਰਿਫ਼ ਨਾਲ ਅਮਰੀਕਾ ਵਿੱਚ ਵਸਤੂਆਂ ਦਾ ਨਿਰਮਾਣ ਕਾਰਜ ਵਧੇਗਾ ਅਤੇ ਨੌਕਰੀਆਂ ਵਿੱਚ ਵੀ ਵਾਧਾ ਹੋਵੇਗਾ।

ਹਾਲਾਂਕਿ, ਉਨ੍ਹਾਂ ਦੀ ਇਸ ਅਸਥਿਰ ਅੰਤਰਰਾਸ਼ਟਰੀ ਵਪਾਰ ਨੀਤੀ ਨੇ ਵਿਸ਼ਵ ਅਰਥਵਿਵਸਥਾ ਨੂੰ ਹਫੜਾ-ਦਫੜੀ ਵਿੱਚ ਪਾ ਦਿੱਤਾ ਹੈ, ਅਤੇ ਨਤੀਜੇ ਵਜੋਂ ਕਈ ਫਰਮਾਂ ਨੇ ਅਮਰੀਕੀ ਖਪਤਕਾਰਾਂ ਲਈ ਕੀਮਤਾਂ ਵਧਾ ਦਿੱਤੀਆਂ ਹਨ।

ਟੈਰਿਫ਼ ਕੀ ਹਨ ਅਤੇ ਇਹ ਕਿਵੇਂ ਕੰਮ ਕਰਦੇ ਹਨ

ਟੈਰਿਫ਼ ਦੂਜੇ ਦੇਸ਼ਾਂ ਤੋਂ ਖਰੀਦੀਆਂ ਗਈਆਂ ਵਸਤਾਂ 'ਤੇ ਲਗਾਏ ਜਾਣ ਵਾਲੇ ਟੈਕਸ ਹਨ।

ਆਮ ਤੌਰ 'ਤੇ, ਇਹ ਇੱਕ ਉਤਪਾਦ ਦੇ ਮੁੱਲ ਦਾ ਪ੍ਰਤੀਸ਼ਤ ਹੁੰਦੇ ਹਨ।

10% ਟੈਰਿਫ ਦਾ ਮਤਲਬ ਹੈ ਕਿ 10 ਡਾਲਰ ਦੇ ਉਤਪਾਦ 'ਤੇ 1 ਡਾਲਰ ਟੈਕਸ ਲੱਗਦਾ ਹੈ - ਇਸ ਤਰ੍ਹਾਂ ਉਤਪਾਦ ਬਰਾਮਦ ਕਰਨ ਵਾਲੇ ਨੂੰ ਕੁੱਲ ਲਾਗਤ 11 ਡਾਲਰ ਪੈਂਦੀ ਹੈ

ਅਮਰੀਕਾ ਵਿੱਚ ਵਿਦੇਸ਼ੀ ਸਮਾਨ ਲਿਆਉਣ ਵਾਲੀਆਂ ਕੰਪਨੀਆਂ ਨੂੰ ਸਰਕਾਰ ਨੂੰ ਟੈਕਸ ਦਾ ਭੁਗਤਾਨ ਕਰਨਾ ਪੈਂਦਾ ਹੈ।

ਹਾਲਾਂਕਿ ਉਹ ਇਸ ਪੂਰੇ ਵਾਧੂ ਖਰਚੇ ਨੂੰ ਜਾਂ ਇਸਦਾ ਕੁਝ ਹਿੱਸਾ ਗਾਹਕਾਂ ਦੇ ਸਿਰ ਪਾ ਸਕਦੇ ਹਨ। ਜਾਂ ਫਿਰ ਇਹ ਵੀ ਹੋਰ ਸਕਦਾ ਹੈ ਕਿ ਦਰਾਮਦ ਕਰਨ ਵਾਲੀਆਂ ਫਰਮਾਂ ਘੱਟ ਸਮਾਨ ਦਰਾਮਦ ਕਰਨ ਦਾ ਫੈਸਲਾ ਕਰਨ।

ਮਈ ਮਹੀਨੇ ਦੇ ਅੰਤ ਵਿੱਚ, ਇੱਕ ਅਮਰੀਕੀ ਵਪਾਰ ਅਦਾਲਤ ਨੇ ਫੈਸਲਾ ਸੁਣਾਇਆ ਕਿ ਟਰੰਪ ਕੋਲ ਉਨ੍ਹਾਂ ਦੁਆਰਾ ਐਲਾਨੇ ਗਏ ਕੁਝ ਟੈਰਿਫ਼ ਲਗਾਉਣ ਦਾ ਅਧਿਕਾਰ ਨਹੀਂ ਹੈ, ਕਿਉਂਕਿ ਉਨ੍ਹਾਂ ਅਜਿਹਾ ਰਾਸ਼ਟਰੀ ਐਮਰਜੈਂਸੀ ਸ਼ਕਤੀਆਂ ਦੇ ਅਧੀਨ ਕੀਤਾ ਸੀ।

ਪਰ ਅਗਲੇ ਹੀ ਦਿਨ, ਇੱਕ ਅਦਾਲਤ ਨੇ ਕਿਹਾ ਕਿ ਕੇਸ ਜਾਰੀ ਰਹਿਣ ਤੱਕ ਸੰਬੰਧਿਤ ਟੈਕਸ ਵੀ ਲਾਗੂ ਰਹਿ ਸਕਦੇ ਹਨ।

ਟਰੰਪ ਟੈਰਿਫ਼ ਕਿਉਂ ਲਗਾ ਰਹੇ ਹਨ

ਟਰੰਪ ਦਾ ਕਹਿਣਾ ਹੈ ਕਿ ਟੈਰਿਫ਼ ਅਮਰੀਕੀ ਖਪਤਕਾਰਾਂ ਨੂੰ ਅਮਰੀਕਾ 'ਚ ਬਣਿਆ ਸਮਾਨ ਵਧੇਰੇ ਖਰੀਦਣ ਲਈ ਉਤਸ਼ਾਹਿਤ ਕਰਨਗੇ, ਟੈਕਸਾਂ ਵਿੱਚ ਵਾਧਾ ਕਰਨਗੇ ਅਤੇ ਨਿਵੇਸ਼ ਨੂੰ ਵਧਾਉਣਗੇ।

ਉਹ ਉਨ੍ਹਾਂ ਵਸਤੂਆਂ ਦੇ ਮੁੱਲ ਦੇ ਵਿਚਕਾਰਲੇ ਪਾੜੇ ਨੂੰ ਘਟਾਉਣਾ ਚਾਹੁੰਦੇ ਹਨ ਜੋ ਅਮਰੀਕਾ ਦੂਜੇ ਦੇਸ਼ਾਂ ਤੋਂ ਖਰੀਦਦਾ ਹੈ ਅਤੇ ਉਨ੍ਹਾਂ ਨੂੰ ਵੇਚਦਾ ਹੈ - ਜਿਸਨੂੰ ਵਪਾਰ ਘਾਟਾ ਕਿਹਾ ਜਾਂਦਾ ਹੈ (ਅਜਿਹੀ ਸਥਿਤੀ ਜਦੋਂ ਇੱਕ ਦੇਸ਼ ਵੱਧ ਮੁੱਲ 'ਤੇ ਵਸਤੂਆਂ ਦਰਾਮਦ ਕਰਦਾ ਹੈ ਅਤੇ ਘੱਟ ਮੁੱਲ 'ਤੇ ਵਸਤੂਆਂ ਬਰਾਮਦ ਕਰਦਾ ਹੈ)। ਉਹ ਦਲੀਲ ਦਿੰਦੇ ਹਨ ਕਿ "ਧੋਖੇਬਾਜ਼ਾਂ" ਨੇ ਅਮਰੀਕਾ ਦਾ ਫਾਇਦਾ ਉਠਾਇਆ ਹੈ ਅਤੇ ਵਿਦੇਸ਼ੀ ਲੋਕਾਂ ਨੇ "ਲੁੱਟ" ਕੀਤੀ ਹੈ।

ਟਰੰਪ ਨੇ ਖਾਸ ਸਮਾਨ ਅਤੇ ਵਿਅਕਤੀਗਤ ਦੇਸ਼ਾਂ ਤੋਂ ਦਰਾਮਦ ਦੇ ਵਿਰੁੱਧ ਵੱਖ-ਵੱਖ ਟੈਰਿਫਾਂ ਦਾ ਐਲਾਨ ਕੀਤਾ ਹੈ।

ਇਨ੍ਹਾਂ ਵਿੱਚੋਂ ਬਹੁਤ ਸਾਰੇ ਦੇਸ਼ਾਂ ਸਬੰਧੀ ਟੈਰਿਫ ਦੇ ਐਲਾਨ ਵਿੱਚ ਬਾਅਦ ਵਿੱਚ ਸੋਧ ਵੀ ਕੀਤੀ ਗਈ, ਜਿਵੇਂ - ਕਈਆਂ ਲਈ ਟੈਰਿਫ ਲਾਗੂ ਹੋਣ ਦਾ ਸਮਾਂ ਅੱਗੇ ਵਧਾ ਦਿੱਤਾ ਤੇ ਕੁਝ ਲਈ ਇਨ੍ਹਾਂ ਨੂੰ ਬਿਲਕੁਲ ਖ਼ਤਮ ਕਰ ਦਿੱਤਾ।

ਆਲੋਚਕ ਟਰੰਪ 'ਤੇ ਇਲਜ਼ਾਮ ਲਗਾਉਂਦੇ ਹਨ ਕਿ ਉਹ ਨਾਟਕੀ ਅਤੇ ਕਈ ਵਾਰ ਵਿਰੋਧੀ ਨੀਤੀ ਬਿਆਨ ਦੇ ਕੇ ਆਪਣੇ ਵਪਾਰਕ ਭਾਈਵਾਲਾਂ ਨੂੰ ਅਜਿਹੇ ਸੌਦਿਆਂ 'ਤੇ ਸਹਿਮਤ ਹੋਣ ਲਈ ਉਤਸ਼ਾਹਿਤ ਕਰਦੇ ਹਨ, ਜੋ ਅਮਰੀਕਾ ਨੂੰ ਲਾਭ ਪਹੁੰਚਾਉਣ।

ਟਰੰਪ ਨੇ ਟੈਰਿਫਾਂ ਦੇ ਨਾਲ-ਨਾਲ ਹੋਰ ਮੰਗਾਂ ਵੀ ਕੀਤੀਆਂ ਹਨ।

ਆਪਣੇ ਮੌਜੂਦਾ ਕਾਰਜਕਾਲ ਦੇ ਪਹਿਲੇ ਟੈਰਿਫਾਂ ਨੂੰ ਚੀਨ, ਮੈਕਸੀਕੋ ਅਤੇ ਕੈਨੇਡਾ ਦੇ ਵਿਰੁੱਧ ਐਲਾਨ ਦੇ ਹੋਏ, ਉਨ੍ਹਾਂ ਕਿਹਾ ਕਿ ਤਿੰਨੋਂ ਦੇਸ਼ਾਂ ਨੂੰ, ਪਰਵਾਸੀਆਂ ਅਤੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਨੂੰ ਅਮਰੀਕਾ ਤੱਕ ਪਹੁੰਚਣ ਤੋਂ ਰੋਕਣ ਲਈ ਹੋਰ ਕੁਝ ਕਰਨਾ ਚਾਹੀਦਾ ਹੈ।

ਇਸ ਤੋਂ ਇਲਾਵਾ, 14 ਜੁਲਾਈ ਨੂੰ ਟਰੰਪ ਨੇ ਧਮਕੀ ਦਿੱਤੀ ਕਿ ਜੇਕਰ ਯੂਕਰੇਨ ਵਿੱਚ ਯੁੱਧ ਖਤਮ ਕਰਨ ਲਈ 50 ਦਿਨਾਂ ਦੇ ਅੰਦਰ ਕੋਈ ਸਮਝੌਤਾ ਨਹੀਂ ਹੋਇਆ ਤਾਂ ਉਹ ਰੂਸ ਨਾਲ ਵਪਾਰ ਕਰਨ ਵਾਲੀਆਂ ਕੰਪਨੀਆਂ ਵਿਰੁੱਧ ਮਹੱਤਵਪੂਰਨ ਟੈਰਿਫ ਲਗਾਉਣਗੇ।

ਅਮਰੀਕਾ ਨੇ ਕਿਹੜੀ ਵਸਤ 'ਤੇ ਕਿੰਨਾ ਟੈਰਿਫ਼ ਲਗਾਇਆ

ਅਮਰੀਕਾ ਨੂੰ ਆਯਾਤ (ਦਰਾਮਦ) ਕੀਤੇ ਜਾਣ ਵਾਲੇ ਸਮਾਨ 'ਤੇ ਟੈਕਸਾਂ ਵਿੱਚ ਸ਼ਾਮਲ ਹਨ:

  • ਸਟੀਲ ਅਤੇ ਐਲੂਮੀਨੀਅਮ ਦੇ ਦਰਾਮਦ 'ਤੇ 50% ਟੈਰਿਫ਼
  • 1 ਅਗਸਤ ਤੋਂ ਤਾਂਬੇ ਦੇ ਦਰਾਮਦ 'ਤੇ 50% ਟੈਰਿਫ਼
  • ਵਿਦੇਸ਼-ਨਿਰਮਿਤ ਕਾਰਾਂ ਅਤੇ ਦਰਾਮਦ ਕੀਤੇ ਇੰਜਣਾਂ ਅਤੇ ਹੋਰ ਕਾਰ ਪੁਰਜ਼ਿਆਂ 'ਤੇ 25% ਟੈਰਿਫ਼

8 ਜੁਲਾਈ ਨੂੰ ਟਰੰਪ ਨੇ ਫਾਰਮਾਸਿਊਟੀਕਲ ਦਰਾਮਦ 'ਤੇ 200% ਟੈਰਿਫ਼ ਲਗਾਉਣ ਦੀ ਧਮਕੀ ਦਿੱਤੀ ਸੀ ਪਰ ਇਸ ਬਾਰੇ ਹੋਰ ਵੇਰਵਿਆਂ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।

ਟਰੰਪ ਨੇ ਇਹ ਵੀ ਕਿਹਾ ਹੈ ਕਿ 800 ਡਾਲਰ ਜਾਂ ਇਸ ਤੋਂ ਘੱਟ ਮੁੱਲ ਦੇ ਸਮਾਨ 'ਤੇ ਗਲੋਬਲ ਟੈਰਿਫ਼ ਛੋਟ 29 ਅਗਸਤ ਨੂੰ ਖ਼ਤਮ ਹੋ ਜਾਵੇਗੀ।

ਉਨ੍ਹਾਂ ਨੇ ਪਹਿਲਾਂ ਹੀ ਚੀਨ ਅਤੇ ਹਾਂਗਕਾਂਗ ਤੋਂ ਆਉਂਦੇ ਉਤਪਾਦਾਂ ਲਈ ਤਥਾ-ਕਥਿਤ "ਡੀ ਮਿਨੀਮਿਸ" ਛੋਟ ਨੂੰ ਹਟਾ ਦਿੱਤਾ ਸੀ, ਤਾਂ ਜੋ ਅਮਰੀਕੀਆਂ ਦੁਆਰਾ ਸ਼ੀਨ ਅਤੇ ਟੇਮੂ ਵਰਗੀਆਂ ਵਪਾਰਕ ਥਾਵਾਂ ਤੋਂ ਸਸਤੇ ਕੱਪੜੇ ਅਤੇ ਘਰੇਲੂ ਵਸਤੂਆਂ ਦੀ ਖਰੀਦ ਰੋਕ ਲਗਾਈ ਜਾ ਸਕੇ।

ਅਮਰੀਕਾ ਨੇ ਵੱਖ-ਵੱਖ ਦੇਸ਼ਾਂ 'ਤੇ ਕਿਹੜੇ ਟੈਰਿਫ਼ ਲਗਾਏ ਹਨ

ਹੁਣ ਵੱਖ-ਵੱਖ ਦਰਾਂ ਦਾ ਮਿਸ਼ਰਣ ਲਾਗੂ ਹੋ ਗਿਆ ਹੈ।

ਇਨ੍ਹਾਂ ਵਿੱਚੋਂ ਬਹੁਤ ਸਾਰੇ ਟੈਰਿਫ਼ 2 ਅਪ੍ਰੈਲ ਨੂੰ ਟਰੰਪ ਵੱਲੋਂ ਕੀਤੇ ਗਏ ਐਲਾਨ ਨਾਲ ਜੁੜੇ ਹੋਏ ਹਨ, ਜਿਸ 'ਚ ਕਿਹਾ ਗਿਆ ਹੈ ਕਿ ਸਾਰੇ ਦੇਸ਼ਾਂ ਤੋਂ ਹੋਰ ਸਾਰੇ ਦਰਾਮਦ 'ਤੇ 10% ਦਾ "ਬੇਸਲਾਈਨ ਟੈਰਿਫ਼" ਲਾਗੂ ਹੋਵੇਗਾ।

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਲਗਭਗ 60 ਹੋਰ ਵਪਾਰਕ ਭਾਈਵਾਲਾਂ ਦੇ ਉਤਪਾਦਾਂ ਨੂੰ ਗੈਰ-ਵਾਜਬ ਵਪਾਰਕ ਨੀਤੀਆਂ ਦੇ ਬਦਲੇ ਵਿੱਚ ਉੱਚ ਦਰਾਂ ਦਾ ਸਾਹਮਣਾ ਕਰਨਾ ਪਵੇਗਾ। ਇਹ ਅਮਰੀਕਾ ਦੇ ਉਹ ਵਪਾਰਕ ਭਾਈਵਾਲ ਹਨ, ਜਿਨ੍ਹਾਂ ਨੂੰ ਵ੍ਹਾਈਟ ਹਾਊਸ ਨੇ "ਸਭ ਤੋਂ ਭੈੜੇ ਅਪਰਾਧੀ" ਕਰਾਰ ਦਿੱਤਾ ਹੈ।

ਇਨ੍ਹਾਂ "ਰੈਸੀਪ੍ਰੋਕਲ" ਟੈਰਿਫਾਂ ਨੂੰ ਬਾਅਦ ਵਿੱਚ 90 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ ਤਾਂ ਜੋ ਵੱਖਰੇ ਵਪਾਰ ਸੌਦਿਆਂ 'ਤੇ ਗੱਲਬਾਤ ਕਰਨ ਲਈ ਸਮਾਂ ਮਿਲ ਸਕੇ। ਫਿਰ ਇਹ ਸਮਾਂ ਸੀਮਾ 1 ਅਗਸਤ ਅਤੇ ਫਿਰ 7 ਅਗਸਤ ਤੱਕ ਵਧਾ ਦਿੱਤੀ ਗਈ ਸੀ।

ਮੌਜੂਦਾ ਸਮੇਂ ਵਿੱਚ ਅਮਰੀਕਾ ਵੱਲੋਂ ਲਾਗੂ ਟੈਰਿਫ਼ ਦਰਾਂ:

  • ਬ੍ਰਾਜ਼ੀਲ ਦੇ ਸਮਾਨ 'ਤੇ 50% ਟੈਰਿਫ਼
  • ਦੱਖਣੀ ਅਫ਼ਰੀਕਾ ਦੇ ਸਮਾਨ 'ਤੇ 30% ਟੈਰਿਫ਼
  • ਵੀਅਤਨਾਮ ਦੇ ਸਮਾਨ 'ਤੇ 20% ਟੈਰਿਫ਼
  • ਇੰਡੋਨੇਸ਼ੀਆ ਦੇ ਸਮਾਨ 'ਤੇ 19% ਟੈਰਿਫ਼
  • ਫਿਲੀਪੀਨ ਦੇ ਸਮਾਨ 'ਤੇ 19% ਟੈਰਿਫ਼
  • ਜਾਪਾਨ ਦੇ ਸਮਾਨ 'ਤੇ 15% ਟੈਰਿਫ਼
  • ਦੱਖਣੀ ਕੋਰੀਆ ਦੇ ਸਮਾਨ 'ਤੇ 15% ਟੈਰਿਫ਼

ਭਾਰਤ ਵੱਲੋਂ ਰੂਸੀ ਤੇਲ ਖਰੀਦਣ ਦੇ ਨਤੀਜੇ ਵਜੋਂ, 27 ਅਗਸਤ ਨੂੰ ਭਾਰਤੀ ਸਮਾਨ 'ਤੇ ਟੈਰਿਫ਼ 50% ਤੱਕ ਵਧ ਜਾਵੇਗਾ।

ਯੂਰਪੀ ਸੰਘ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜੋ ਟਰੰਪ ਦੀ ਗੱਲਬਾਤ ਦੀ ਮਿਆਦ ਦੌਰਾਨ ਅਮਰੀਕਾ ਨਾਲ ਸਮਝੌਤਾ ਕਰਨ ਵਿੱਚ ਕਾਮਯਾਬ ਹੋਏ ਹਨ।

ਜੁਲਾਈ ਦੇ ਅਖੀਰ ਵਿੱਚ ਦੋਵੇਂ ਧਿਰਾਂ ਸਹਿਮਤ ਹੋਈਆਂ ਕਿ ਕਾਰਾਂ ਸਮੇਤ ਯੂਰਪੀਅਨ ਸਮਾਨ 'ਤੇ 15% ਟੈਰਿਫ਼ ਲੱਗੇਗਾ। ਇਸ ਸਮਝੌਤੇ ਦੇ ਤਹਿਤ - ਜਿਸਨੂੰ ਸਾਰੇ 27 ਈਯੂ ਮੈਂਬਰਾਂ ਦੁਆਰਾ ਪ੍ਰਵਾਨਗੀ ਦੀ ਲੋੜ ਹੈ - ਵਪਾਰਕ ਸਮੂਹ ਅਮਰੀਕੀ ਕੰਪਨੀਆਂ ਦੇ ਕੁਝ ਉਤਪਾਦਾਂ 'ਤੇ 0% ਡਿਊਟੀ ਲਗਾਏਗਾ।

ਰਾਸ਼ਟਰਪਤੀ ਵਜੋਂ ਦੂਜੇ ਕਾਰਜਕਾਲ ਦੌਰਾਨ ਟਰੰਪ ਵੱਲੋਂ ਐਲਾਨੇ ਗਏ ਕੁਝ ਸ਼ੁਰੂਆਤੀ ਟੈਰਿਫ ਚੀਨ, ਕੈਨੇਡਾ ਅਤੇ ਮੈਕਸੀਕੋ ਨੂੰ ਨਿਸ਼ਾਨਾ ਬਣਾ ਕੇ ਲਗਾਏ ਗਏ ਸਨ। ਬਾਅਦ ਵਿੱਚ ਇਨ੍ਹਾਂ ਨੂੰ ਸੋਧਿਆ, ਵਧਾਇਆ ਜਾਂ ਮੁਲਤਵੀ ਕਰ ਦਿੱਤਾ ਗਿਆ।

ਮੌਜੂਦਾ ਡਿਊਟੀ ਕਰਾਂ ਤੋਂ ਇਲਾਵਾ ਸਾਰੇ ਕੈਨੇਡੀਅਨ ਸਾਮਾਨਾਂ 'ਤੇ 35% ਡਿਊਟੀ ਵੀ ਲਗਾਈ ਜਾਵੇਗੀ। ਇਸ ਵਿੱਚ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਵਿਚਕਾਰ ਮੌਜੂਦਾ ਉੱਤਰੀ ਅਮਰੀਕੀ ਮੁਕਤ ਵਪਾਰ ਸਮਝੌਤੇ (ਐਨਏਐਫਟੀਏ) ਦੇ ਅਧੀਨ ਆਉਣ ਵਾਲੇ ਉਤਪਾਦ ਸ਼ਾਮਲ ਨਹੀਂ ਹਨ।

ਹਾਲਾਂਕਿ, ਟਰੰਪ ਨੇ ਮੈਕਸੀਕਨ ਸਾਮਾਨਾਂ 'ਤੇ ਉੱਚ ਟੈਰਿਫ ਲਾਗੂ ਕਰਨ ਨੂੰ ਹੋਰ 90 ਦਿਨਾਂ ਲਈ ਮੁਲਤਵੀ ਕਰ ਦਿੱਤਾ ਹੈ, ਤਾਂ ਜੋ ਕਿਸੇ ਸਮਝੌਤੇ 'ਤੇ ਪਹੁੰਚਿਆ ਜਾ ਸਕੇ।

ਇਸ ਤੋਂ ਪਹਿਲਾਂ, ਟਰੰਪ ਨੇ ਧਮਕੀ ਦਿੱਤੀ ਸੀ ਕਿ ਅਮਰੀਕੀ ਦਰਾਮਦ 'ਤੇ ਲਗਾਏ ਗਏ ਕਿਸੇ ਵੀ ਜਵਾਬੀ ਟੈਰਿਫ (ਅਮਰੀਕਾ ਵੱਲੋਂ ਲਗਾਗੇ ਗਏ ਟੈਰਿਫ ਦੇ ਜਬਵਾਬ 'ਚ ਕਿਸੇ ਹੋਰ ਦੇਸ਼ ਵੱਲੋਂ ਲਗਾਇਆ ਗਿਆ ਟੈਰਿਫ) ਦੇ ਬਰਾਬਰ 30% ਜਾਂ ਇਸ ਤੋਂ ਟੈਰਿਫ ਲਗਾਇਆ ਜਾਵੇਗਾ।

ਅਮਰੀਕਾ ਅਤੇ ਚੀਨ ਵਿਚਕਾਰ ਵਪਾਰਕ ਗੱਲਬਾਤ ਅਜੇ ਜਾਰੀ ਹੈ।

ਦੋਵਾਂ ਦੇਸ਼ਾਂ ਨੇ 90 ਦਿਨਾਂ ਦੀ ਮਿਆਦ ਲਈ ਅਸਥਾਈ ਤੌਰ 'ਤੇ ਦਰਾਂ ਘਟਾਉਣ ਤੋਂ ਪਹਿਲਾਂ ਇੱਕ-ਦੂਜੇ ਦੇ ਸਾਮਾਨਾਂ 'ਤੇ ਟੈਰਿਫ 100% ਤੋਂ ਵੱਧ ਵਧਾ ਦਿੱਤੇ ਸਨ।

ਇਹ ਅਸਥਾਈ ਰੋਕ 12 ਅਗਸਤ ਨੂੰ ਖਤਮ ਹੋਣ ਵਾਲੀ ਹੈ।

ਅਮਰੀਕਾ ਅਤੇ ਚੀਨ ਦੇ ਉੱਚ ਅਧਿਕਾਰੀਆਂ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਮਿਆਦ ਦੀ ਆਖਰੀ ਮਿਤੀ ਵਧਾਉਣ ਲਈ ਗੱਲਬਾਤ ਕੀਤੀ ਹੈ।

ਚੀਨ ਦੇ ਟਰੇਡ ਨੈਗੋਸ਼ੀਏਟਰ ਲੀ ਚੇਂਗਗਾਂਗ ਨੇ ਕਿਹਾ ਕਿ ਬੀਜਿੰਗ ਅਤੇ ਵਾਸ਼ਿੰਗਟਨ ਅਸਥਾਈ ਰੋਕ ਨੂੰ ਬਣਾਈ ਰੱਖਣ ਲਈ ਯਤਨ ਕਰਨ ਲਈ ਸਹਿਮਤ ਹੋਏ ਹਨ, ਜਿਸ ਦੇ ਤਹਿਤ ਦੋਵਾਂ ਧਿਰਾਂ ਨੇ ਇੱਕ-ਦੂਜੇ ਦੇ ਵਿਰੁੱਧ ਕੁਝ ਉਪਾਵਾਂ (ਐਲਾਨੇ ਗਏ ਕਦਮਾਂ) ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਸੀ।

ਪਰ ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਕਿਹਾ ਕਿ ਕੋਈ ਵੀ ਤਰੀਕ ਵਧਾਉਣ ਵਰਗਾ ਕੋਈ ਵੀ ਮਾਮਲਾ ਟਰੰਪ 'ਤੇ ਨਿਰਭਰ ਕਰੇਗਾ।

ਯੂਕੇ ਅਤੇ ਅਮਰੀਕਾ ਨੇ ਟੈਰਿਫ 'ਤੇ ਕੀ ਸਹਿਮਤੀ ਜਤਾਈ ਹੈ

10% ਟੈਰਿਫ ਦਰ 'ਤੇ, ਯੂਕੇ ਨੇ ਹੁਣ ਤੱਕ ਦੀ ਸਭ ਤੋਂ ਘੱਟ ਅਮਰੀਕੀ ਟੈਰਿਫ ਦਰ 'ਤੇ ਗੱਲਬਾਤ ਕੀਤੀ ਹੈ।

ਯੂਕੇ ਨੇ ਸਾਲ 2024 ਵਿੱਚ ਅਮਰੀਕਾ ਨੂੰ ਲਗਭਗ 58 ਅਰਬ ਪਾਊਂਡ ਦਾ ਸਮਾਨ ਭੇਜਿਆ ਹੈ, ਜਿਸ ਵਿੱਚ ਮੁੱਖ ਤੌਰ 'ਤੇ ਕਾਰਾਂ, ਮਸ਼ੀਨਰੀ ਅਤੇ ਦਵਾਈਆਂ ਸ਼ਾਮਲ ਹਨ।

10% ਦਰ ਹਰ ਸਾਲ ਅਮਰੀਕਾ ਨੂੰ ਬਰਾਮਦ ਕੀਤੇ ਜਾਣ ਵਾਲੇ ਪਹਿਲੇ 1,00,000 ਬ੍ਰਿਟਿਸ਼ ਵਾਹਨਾਂ 'ਤੇ ਲਾਗੂ ਹੁੰਦੀ ਹੈ, ਜੋ ਕਿ 2024 ਵਿੱਚ ਵੇਚੀਆਂ ਗਈਆਂ ਕਾਰਾਂ ਦੀ ਗਿਣਤੀ ਦੇ ਬਰਾਬਰ ਹੈ। ਇਸ ਕੋਟੇ ਤੋਂ ਉੱਪਰ, ਹਰ ਵਾਹਨ 'ਤੇ ਮਿਆਰੀ 25% ਕਾਰ ਟੈਰਿਫ਼ ਲੱਗੇਗਾ।

ਇਸ ਸਮਝੌਤੇ ਦੇ ਤਹਿਤ ਦੋਵੇਂ ਦੇਸ਼ ਇੱਕ-ਦੂਜੇ ਨੂੰ ਬੀਫ ਵੀ ਵੇਚ ਸਕਦੇ ਹਨ - ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਬ੍ਰਿਟੇਨ ਦੇ ਉੱਚ ਭੋਜਨ ਸੁਰੱਖਿਆ ਮਿਆਰਾਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ।

ਕੁਝ ਅਮਰੀਕੀ ਈਥਾਨੋਲ 'ਤੇ 0% ਟੈਰਿਫ਼ ਲੱਗੇਗਾ, ਜਦਕਿ ਪਹਿਲਾਂ ਇਹ ਦਰ 19% ਸੀ।

ਦੋਵੇਂ ਦੇਸ਼ਾਂ ਨੇ ਮਈ ਵਿੱਚ ਇੱਕ ਸ਼ੁਰੂਆਤੀ ਰੂਪਰੇਖਾ 'ਤੇ ਸਹਿਮਤੀ ਪ੍ਰਗਟਾਈ ਸੀ। ਟਰੰਪ ਨੇ ਜੂਨ ਵਿੱਚ ਕੈਨੇਡਾ ਵਿੱਚ ਹੋਏ ਜੀ7 ਸੰਮੇਲਨ ਵਿੱਚ ਐਲਾਨ ਕੀਤਾ ਸੀ ਕਿ "ਇੱਕ ਸਮਝੌਤਾ ਹੋ ਗਿਆ ਹੈ"।

ਹਾਲਾਂਕਿ, ਉਨ੍ਹਾਂ ਨੇ ਬ੍ਰਿਟੇਨ ਤੋਂ ਸਟੀਲ ਦਰਾਮਦ 'ਤੇ ਟੈਰਿਫ ਹਟਾਉਣ ਦੀ ਸੰਭਾਵਿਤ ਘੋਸ਼ਣਾ ਦੀ ਪੁਸ਼ਟੀ ਨਹੀਂ ਕੀਤੀ, ਜਿਸਦਾ ਉਨ੍ਹਾਂ ਨੇ ਮਈ ਵਿੱਚ ਜ਼ਿਕਰ ਕੀਤਾ ਸੀ। ਹਾਲਾਂਕਿ ਬ੍ਰਿਟੇਨ ਇਕਲੌਤਾ ਦੇਸ਼ ਹੈ ਜਿਸਨੂੰ ਸਟੀਲ ਅਤੇ ਐਲੂਮੀਨੀਅਮ 'ਤੇ 50% ਟੈਰਿਫ ਨਹੀਂ ਦੇਣਾ ਪੈਂਦਾ, ਪਰ ਫਿਰ ਵੀ 25% ਟੈਰਿਫ ਅਜੇ ਵੀ ਲਾਗੂ ਹੈ।

ਟਰੰਪ ਦੇ ਟੈਰਿਫਾਂ 'ਤੇ ਵਿਸ਼ਵ ਅਰਥਵਿਵਸਥਾ ਦੀ ਪ੍ਰਤੀਕਿਰਿਆ ਰਹੀ ਹੈ

ਟਰੰਪ ਦੀਆਂ ਵੱਖ-ਵੱਖ ਐਲਾਨਾਂ ਨੇ ਦੁਨੀਆਂ ਭਰ ਦੇ ਸਟਾਕ ਬਾਜ਼ਾਰਾਂ ਵਿੱਚ ਅਸਥਿਰਤਾ ਪੈਦਾ ਕੀਤੀ ਹੈ, ਜਿੱਥੇ ਕੰਪਨੀਆਂ ਆਪਣੇ ਕਾਰੋਬਾਰਾਂ ਦੇ ਸ਼ੇਅਰ ਵੇਚ ਰਹੀਆਂ ਹਨ। ਹਾਲਾਂਕਿ, ਹਾਲ ਹੀ ਵਿੱਚ ਬਾਜ਼ਾਰ ਵਧੇਰੇ ਸਥਿਰ ਰਹੇ ਹਨ।

ਕਈ ਲੋਕ ਸਟਾਕ ਮਾਰਕੀਟ ਦੀਆਂ ਕੀਮਤਾਂ ਵਿੱਚ ਬਦਲਾਅ ਤੋਂ ਪ੍ਰਭਾਵਿਤ ਹੁੰਦੇ ਹਨ, ਭਾਵੇਂ ਉਹ ਸਿੱਧੇ ਤੌਰ 'ਤੇ ਸ਼ੇਅਰਾਂ ਵਿੱਚ ਨਿਵੇਸ਼ ਨਾ ਕਰਦੇ ਹੋਣ, ਕਿਉਂਕਿ ਇਸਦਾ ਪੈਨਸ਼ਨਾਂ, ਨੌਕਰੀਆਂ ਅਤੇ ਵਿਆਜ ਦਰਾਂ 'ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ।

ਅਮਰੀਕੀ ਡਾਲਰ ਦੀ ਕੀਮਤ, ਜਿਸਨੂੰ ਆਮ ਤੌਰ 'ਤੇ ਇੱਕ ਸੁਰੱਖਿਅਤ ਸੰਪਤੀ ਮੰਨਿਆ ਜਾਂਦਾ ਹੈ, ਵਿੱਚ ਵੀ ਕਈ ਵਾਰ ਤੇਜ਼ੀ ਨਾਲ ਗਿਰਾਵਟ ਆਈ ਹੈ।

ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਅਤੇ ਪ੍ਰਭਾਵਸ਼ਾਲੀ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ (ਓਈਸੀਡੀ) ਦੋਵਾਂ ਨੇ ਟੈਰਿਫਾਂ ਦੇ ਨਤੀਜੇ ਵਜੋਂ 2025 ਵਿੱਚ ਵਿਸ਼ਵ ਆਰਥਿਕ ਵਿਕਾਸ ਲਈ ਆਪਣੇ ਅਨੁਮਾਨ ਘਟਾ ਦਿੱਤੇ ਹਨ।

ਦੋਵੇਂ ਸੰਗਠਨਾਂ ਦਾ ਅਨੁਮਾਨ ਹੈ ਕਿ ਅਮਰੀਕੀ ਅਰਥਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ।

ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਗਿਰਾਵਟ ਤੋਂ ਬਾਅਦ, ਅਪ੍ਰੈਲ ਅਤੇ ਜੂਨ 2025 ਦੇ ਵਿਚਕਾਰ ਅਮਰੀਕੀ ਅਰਥਵਿਵਸਥਾ 3% ਦੀ ਸਾਲਾਨਾ ਦਰ ਨਾਲ ਵਧੀ।

ਅਮਰੀਕੀ ਰਾਸ਼ਟਰਪਤੀ ਟਰੰਪ ਜ਼ੋਰ ਦੇ ਕੇ ਕਹਿੰਦੇ ਹਨ ਕਿ ਉਨ੍ਹਾਂ ਦੀ ਵਪਾਰ ਨੀਤੀ ਕੰਮ ਕਰ ਰਹੀ ਹੈ, ਪਰ ਉਨ੍ਹਾਂ ਦੀ ਆਪਣੀ ਰਿਪਬਲਿਕਨ ਪਾਰਟੀ ਦੇ ਪ੍ਰਭਾਵਸ਼ਾਲੀ ਲੋਕ ਵਿਰੋਧੀ ਡੈਮੋਕਰੇਟਸ ਅਤੇ ਵਿਦੇਸ਼ੀ ਆਗੂਆਂ ਨਾਲ ਮਿਲ ਕੇ ਇਨ੍ਹਾਂ ਕਦਮਾਂ (ਟੈਰਿਫ) ਦੀ ਆਲੋਚਨਾ ਕਰ ਰਹੇ ਹਨ।

ਕੀ ਅਮਰੀਕੀ ਖਪਤਕਾਰਾਂ ਲਈ ਕੀਮਤਾਂ ਵਧ ਰਹੀਆਂ ਹਨ

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਟੈਰਿਫ ਪਹਿਲਾਂ ਹੀ ਸਮੁੱਚੀ ਅਮਰੀਕੀ ਮਹਿੰਗਾਈ ਦਰ ਨੂੰ ਵਧਾ ਰਹੇ ਹਨ, ਕਿਉਂਕਿ ਕਾਰੋਬਾਰ ਸਾਰੀਆਂ ਵਧੀਆਂ ਹੋਈਆਂ ਲਾਗਤਾਂ ਜਾਂ ਇਸਦੇ ਕੁਝ ਹਿੱਸੇ ਦਾ ਬੋਝ ਖਰੀਦਦਾਰ 'ਤੇ ਪਾ ਰਹੇ ਹਨ।

ਸਾਲ ਵਿੱਚ ਜੂਨ ਤੱਕ ਕੀਮਤਾਂ 2.7% ਤੱਕ ਵੱਧ ਗਈਆਂ ਹਨ, ਜੋ ਉਸ ਤੋਂ ਪਿਛਲੇ ਮਹੀਨੇ 2.4% ਤੋਂ ਵੱਧ ਸਨ। ਇਸ ਤਰ੍ਹਾਂ ਕੱਪੜੇ, ਕੌਫੀ, ਖਿਡੌਣੇ ਅਤੇ ਉਪਕਰਣਾਂ ਸਮੇਤ ਸਾਮਾਨ ਦੀ ਕੀਮਤ ਵਿੱਚ ਵਾਧਾ ਨਜ਼ਰ ਆ ਰਿਹਾ ਹੈ।

ਐਡੀਡਾਸ ਨੇ ਪੁਸ਼ਟੀ ਕੀਤੀ ਹੈ ਕਿ ਉਹ ਟੈਰਿਫ ਦੇ ਨਤੀਜੇ ਵਜੋਂ ਅਮਰੀਕੀ ਗਾਹਕਾਂ ਲਈ ਕੀਮਤਾਂ ਵਧਾਏਗਾ। ਕੰਪਨੀ ਦੇ ਲਗਭਗ ਅੱਧੇ ਉਤਪਾਦ ਵੀਅਤਨਾਮ ਅਤੇ ਇੰਡੋਨੇਸ਼ੀਆ ਵਿੱਚ ਬਣਾਏ ਜਾਂਦੇ ਹਨ, ਜਿਨ੍ਹਾਂ 'ਤੇ ਕ੍ਰਮਵਾਰ 20% ਅਤੇ 19% ਡਿਊਟੀਆਂ ਲਗਾਈਆਂ ਜਾ ਰਹੀਆਂ ਹਨ।

ਨਾਈਕੀ ਨੇ ਇਹ ਵੀ ਕਿਹਾ ਹੈ ਕਿ ਅਮਰੀਕਾ ਵਿੱਚ ਕੀਮਤਾਂ ਵਧਣਗੀਆਂ ਅਤੇ ਚੇਤਾਵਨੀ ਦਿੱਤੀ ਹੈ ਕਿ ਟੈਰਿਫ ਇਸਦੀਆਂ ਲਾਗਤਾਂ ਵਿੱਚ 1 ਬਿਲੀਅਨ ਡਾਲਰ ਦਾ ਵਾਧਾ ਕਰ ਸਕਦੇ ਹਨ।

ਬਾਰਬੀ ਨਿਰਮਾਤਾ ਮੈਟਲ ਵੀ ਅਮਰੀਕਾ ਵਿੱਚ ਉੱਚ ਡਿਊਟੀਆਂ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ।

ਕੁਝ ਕੰਪਨੀਆਂ ਘੱਟ ਵਿਦੇਸ਼ੀ ਸਮਾਨ ਦਰਾਮਦ ਕਰਨ ਦੀ ਚੋਣ ਕਰ ਰਹੀਆਂ ਹਨ, ਜਿਸ ਨਾਲ ਉਪਲੱਬਧ ਸਮਾਨ ਮਹਿੰਗਾ ਹੋ ਸਕਦਾ ਹੈ।

ਦਰਾਮਦ ਕੀਤੇ ਪੁਰਜ਼ਿਆਂ ਨਾਲ ਅਮਰੀਕਾ ਵਿੱਚ ਬਣਨ ਵਾਲੇ ਸਮਾਨ ਦੀ ਕੀਮਤ ਵਧਣ ਦੀ ਵੀ ਉਮੀਦ ਹੈ।

ਉਦਾਹਰਣ ਵਜੋਂ, ਕਾਰ ਦੇ ਪੁਰਜ਼ੇ ਆਮ ਤੌਰ 'ਤੇ ਵਾਹਨ ਦੇ ਪੂਰੀ ਤਰ੍ਹਾਂ ਤਿਆਰ ਹੋਣ ਤੋਂ ਪਹਿਲਾਂ ਕਈ ਵਾਰ ਅਮਰੀਕਾ, ਮੈਕਸੀਕੋ ਅਤੇ ਕੈਨੇਡੀਅਨ ਸਰਹੱਦਾਂ ਨੂੰ ਪਾਰ ਕਰਦੇ ਹਨ।

ਨਵੇਂ ਟੈਰਿਫਾਂ ਨੇ ਅਮਰੀਕੀ ਸਰਹੱਦ 'ਤੇ ਕਸਟਮ ਜਾਂਚਾਂ ਨੂੰ ਵੀ ਕੜਾ ਕਰ ਦਿੱਤਾ ਹੈ, ਜਿਸ ਕਾਰਨ ਸਰਹੱਦ 'ਤੇ ਦੇਰੀ ਹੋ ਰਹੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)