ਟਰੰਪ ਦੀ ਟੈਰਿਫ ਹੋਰ ਵਧਾਉਣ ਦੀ ਧਮਕੀ 'ਤੇ ਭਾਰਤ ਦਾ ਅਮਰੀਕਾ ਨੂੰ ਸਿੱਧਾ ਜਵਾਬ, ਰੂਸ ਤੋਂ ਤੇਲ ਲੈਣ ਨੂੰ ਲੈ ਕੇ ਕਿਉਂ ਛਿੜਿਆ ਵਿਵਾਦ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸੋਮਵਾਰ ਨੂੰ ਭਾਰਤ 'ਤੇ 'ਹੋਰ ਜ਼ਿਆਦਾ ਟੈਰਿਫ' ਲਗਾਉਣ ਦੀ ਧਮਕੀ ਦਿੱਤੀ ਤਾਂ ਭਾਰਤ ਨੇ ਦੇਰ ਰਾਤ ਅਮਰੀਕਾ ਦਾ ਨਾਮ ਲੈ ਕੇ ਪ੍ਰਤੀਕਿਰਿਆ ਦਿੱਤੀ।

ਡੌਨਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ 'ਤੇ ਲਿਖਿਆ, "ਭਾਰਤ ਨੂੰ ਪਰਵਾਹ ਨਹੀਂ ਹੈ ਕਿ ਰੂਸ ਦੀ ਯੁੱਧ ਮਸ਼ੀਨ ਨਾਲ ਯੂਕਰੇਨ ਵਿੱਚ ਕਿੰਨੇ ਲੋਕ ਮਾਰੇ ਜਾ ਰਹੇ ਹਨ। ਇਸ ਲਈ ਮੈਂ ਭਾਰਤ 'ਤੇ ਟੈਰਿਫ ਨੂੰ ਵਧਾਉਣ ਜਾ ਰਿਹਾ ਹਾਂ।"

ਜਵਾਬ ਵਿੱਚ ਭਾਰਤ ਨੇ ਟਰੰਪ ਦੀ ਇਸ ਧਮਕੀ ਨੂੰ 'ਅਣਉੱਚਿਤ ਤੇ ਤਰਕਹੀਣ' ਦੱਸਿਆ ਹੈ।

ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਹੁਣ ਵੀ ਰੂਸ ਤੋਂ ਆਪਣੇ ਪਰਮਾਣੂ ਉਦਯੋਗ ਦੇ ਲਈ ਯੂਰੇਨੀਅਮ ਹੈਕਸਾਫਲੋਰਾਈਡ, ਇਲੈਕਟ੍ਰਿਕ ਵਾਹਨ ਇੰਡਸਟਰੀ ਦੇ ਲਈ ਪੈਲੇਡਿਅਮ, ਖਾਦਾਂ ਅਤੇ ਰਸਾਇਣ ਦੀ ਦਰਾਮਦ ਕਰਦਾ ਹੈ।

ਭਾਰਤ ਫਿਲਹਾਲ ਰੂਸੀ ਤੇਲ ਦੇ ਸਭ ਤੋਂ ਵੱਡੇ ਖਰੀਦਦਾਰਾਂ ਵਿੱਚ ਸ਼ਾਮਲ ਹੈ। 2022 ਵਿੱਚ ਰੂਸ ਦੇ ਯੂਕਰੇਨ 'ਤੇ ਹਮਲੇ ਤੋਂ ਬਾਅਦ ਕਈ ਯੂਰਪੀ ਦੇਸ਼ਾਂ ਨੇ ਵਪਾਰ ਘਟਾਇਆ, ਜਿਸ ਤੋਂ ਬਾਅਦ ਭਾਰਤ ਰੂਸ ਦੇ ਲਈ ਇੱਕ ਅਹਿਮ ਬਾਜ਼ਾਰ ਬਣ ਗਿਆ।

ਵ੍ਹਾਈਟ ਹਾਊਸ ਦੇ ਡਿਪਟੀ ਚੀਫ ਆਫ ਸਟਾਫ ਸਟੀਫਨ ਮਿਲਰ ਨੇ ਫੌਕਸ ਨਿਊਜ਼ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਸਾਫ ਕਿਹਾ ਹੈ ਕਿ 'ਭਾਰਤ ਦਾ ਰੂਸ ਤੋਂ ਤੇਲ ਖਰੀਦ ਕੇ ਯੂਕਰੇਨ ਯੁੱਧ ਨੂੰ ਫਾਇਨਾਂਸ ਕਰਨਾ ਸਵੀਕਾਰਯੋਗ ਨਹੀਂ ਹੈ।'

'ਭਾਰਤ ਰੂਸ ਤੋਂ ਚੀਨ ਦੇ ਬਰਾਬਰ ਤੇਲ ਖਰੀਦਦਾ ਹੈ'

ਡੌਨਲਡ ਟਰੰਪ ਨੇ ਟੈਰਿਫ ਵਧਾਉਣ ਦੀ ਗੱਲ ਕਹੀ ਹੈ ਪਰ ਇਹ ਨਹੀਂ ਦੱਸਿਆ ਕਿ ਟੈਰਿਫ ਵਿੱਚ ਕਿੰਨੇ ਫੀਸਦ ਦਾ ਵਾਧਾ ਹੋਵੇਗਾ।

ਟਰੰਪ ਦੀ ਧਮਕੀ ਅਜਿਹੇ ਸਮੇਂ ਆਈ ਹੈ, ਜਦੋਂ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਭਾਰਤ 'ਤੇ 25 ਫ਼ੀਸਦ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ।

ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ 'ਤੇ ਕੀਤੀ ਇੱਕ ਪੋਸਟ ਵਿੱਚ ਉਨ੍ਹਾਂ ਨੇ ਲਿਖਿਆ, "ਭਾਰਤ ਨਾ ਸਿਰਫ ਰੂਸ ਤੋਂ ਵੱਡੀ ਮਾਤਰਾ ਵਿੱਚ ਤੇਲ ਖਰੀਦ ਰਿਹਾ ਹੈ, ਬਲਕਿ ਖਰੀਦੇ ਗਏ ਇਸ ਤੇਲ ਦਾ ਇੱਕ ਵੱਡਾ ਹਿੱਸਾ ਖੁੱਲ੍ਹੇ ਬਾਜ਼ਾਰ ਵਿੱਚ ਵੇਚ ਕੇ ਭਾਰੀ ਮੁਨਾਫਾ ਵੀ ਕਮਾ ਰਿਹਾ ਹੈ। ਉਨ੍ਹਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਯੂਕਰੇਨ ਵਿੱਚ ਰੂਸ ਦੀ ਯੁੱਧ ਮਸ਼ੀਨ ਕਿੰਨੇ ਲੋਕਾਂ ਨੂੰ ਮਾਰ ਰਹੀ ਹੈ। ਇਸੇ ਕਾਰਨ, ਮੈਂ ਭਾਰਤ 'ਤੇ ਟੈਰਿਫ ਨੂੰ ਵਧਾਉਣ ਜਾ ਰਿਹਾ ਹਾਂ।"

ਇਸ ਤੋਂ ਪਹਿਲਾਂ 30 ਜੁਲਾਈ ਨੂੰ ਵੀ ਟਰੰਪ ਨੇ ਭਾਰਤ 'ਤੇ 25 ਫ਼ੀਸਦ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ।

ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਜੇ ਭਾਰਤ ਰੂਸ ਤੋਂ ਫੌਜੀ ਉਪਕਰਨ ਅਤੇ ਤੇਲ ਦੀ ਖਰੀਦ ਜਾਰੀ ਰੱਖਦਾ ਹੈ ਤਾਂ ਮੌਜੂਦਾ ਟੈਰਿਫ ਤੋਂ ਇਲਾਵਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਟਰੰਪ ਦਾ ਇਲਜ਼ਾਮ ਹੈ ਕਿ ਭਾਰਤ ਦੀ ਇਹ ਖਰੀਦ ਰੂਸ ਨੂੰ ਯੂਕਰੇਨ ਯੁੱਧ ਜਾਰੀ ਰੱਖਣ ਵਿੱਚ ਮਦਦ ਪਹੁੰਚਾ ਰਹੀ ਹੈ।

ਟਰੰਪ ਦੀ ਤਾਜ਼ਾ ਟੈਰਿਫ ਵਧਾਉਣ ਦੀ ਧਮਕੀ ਤੋਂ ਪਹਿਲਾਂ ਸਟੀਫਨ ਮਿਲਰ ਨੇ ਫੌਕਸ ਨਿਊਜ਼ ਨੂੰ ਦਿੱਤੇ ਇੰਟਰਵਿਊ ਵਿੱਚ ਭਾਰਤ ਅਤੇ ਰੂਸ ਵਿਚਾਲੇ ਵਪਾਰ ਨੂੰ ਲੈ ਕੇ ਟਿੱਪਣੀ ਕੀਤੀ ਸੀ।

ਮਿਲਰ ਨੇ ਕਿਹਾ, "ਲੋਕ ਇਹ ਜਾਣ ਕੇ ਹੈਰਾਨ ਰਹਿ ਜਾਣਗੇ ਕਿ ਰੂਸ ਤੋਂ ਤੇਲ ਖਰੀਦਣ ਵਿੱਚ ਭਾਰਤ ਲਗਭਗ ਚੀਨ ਦੇ ਬਰਾਬਰ ਹੈ। ਇਹ ਹੈਰਾਨ ਕਰਨ ਵਾਲੀ ਗੱਲ ਹੈ। ਭਾਰਤ ਖੁਦ ਨੂੰ ਸਾਡਾ ਸਭ ਤੋਂ ਕਰੀਬੀ ਦੋਸਤ ਦੱਸਦਾ ਹੈ ਪਰ ਸਾਡੇ ਉਤਪਾਦ ਨਹੀਂ ਖਰੀਦਦਾ। ਭਾਰਤ ਇੰਮੀਗ੍ਰੇਸ਼ਨ ਵਿੱਚ ਗੜਬੜੀ ਕਰਦਾ ਹੈ। ਇਹ ਅਮਰੀਕੀ ਕੰਮਾਕਾਰਾਂ ਵਾਲਿਆਂ ਲਈ ਬਹੁਤ ਖਤਰਨਾਕ ਹੈ ਅਤੇ ਰੂਸੀ ਤੇਲ ਵੀ ਖਰੀਦਦਾ ਹੈ, ਜੋ ਸਵਿਕਾਰਨਯੋਗ ਨਹੀਂ ਹੈ। ਰਾਸ਼ਟਰਪਤੀ ਟਰੰਪ ਭਾਰਤ ਤੋਂ ਚੰਗੇ ਰਿਸ਼ਤੇ ਚਾਹੁੰਦਾ ਹੈ ਪਰ ਸਾਨੂੰ ਹਕੀਕਤ ਸਮਝਣੀ ਹੋਵੇਗੀ। "

ਭਾਰਤ ਦਾ ਜਵਾਬ

ਭਾਰਤੀ ਵਿਦੇਸ਼ ਮੰਤਰਾਲੇ ਨੇ ਟਰੰਪ ਦੀ ਆਲੋਚਨਾ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਅਮਰੀਕਾ ਅਤੇ ਯੂਰਪੀ ਸੰਘ ਨੇ ਖੁਦ ਰੂਸ ਦੇ ਨਾਲ ਵਪਾਰ ਜਾਰੀ ਰੱਖਿਆ ਹੋਇਆ ਹੈ।

ਪਿਛਲੇ ਸਾਲ ਅਮਰੀਕਾ ਨੇ ਸਖ਼ਤ ਪਾਬੰਦੀਆਂ ਦੇ ਬਾਵਜੂਦ ਰੂਸ ਦੇ ਨਾਲ ਅੰਦਾਜ਼ਨ 3.5 ਅਰਬ ਡਾਲਰ ਦਾ ਮਾਲ ਵਪਾਰ ਕੀਤਾ।

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਯੂਕਰੇਨ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ਅਤੇ ਯੂਰਪੀ ਸੰਘ ਭਾਰਤ ਨੂੰ ਰੂਸ ਤੋਂ ਤੇਲ ਖਰੀਦਣ ਦੇ ਲਈ ਨਿਸ਼ਾਨਾ ਬਣਾ ਰਿਹਾ ਹੈ। ਦਰਅਸਲ ਭਾਰਤ ਨੇ ਰੂਸ ਤੋਂ ਤੇਲ ਦਰਾਮਦ ਉਦੋਂ ਸ਼ੁਰੂ ਕੀਤਾ ਜਦੋਂ ਰਵਾਇਤੀ ਤੇਲ ਸਪਲਾਈ ਯੂਰਪ ਵੱਲ ਮੋੜ ਦਿੱਤੀ ਗਈ ਸੀ।

ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ, "ਅਸਲ ਵਿੱਚ ਭਾਰਤ ਨੇ ਰੂਸ ਤੋਂ ਤੇਲ ਇਸ ਲਈ ਦਰਾਮਦ ਕਰਨਾ ਸ਼ੁਰੂ ਕੀਤਾ ਕਿਉਂਕਿ ਸੰਘਰਸ਼ ਤੋਂ ਬਾਅਦ ਰਵਾਇਤੀ ਸਪਲਾਈ ਯੂਰਪ ਵੱਲ ਮੋੜ ਦਿੱਤੀ ਗਈ ਸੀ। ਉਸ ਸਮੇਂ ਅਮਰੀਕਾ ਨੇ ਖੁਦ ਭਾਰਤ ਨੂੰ ਅਜਿਹਾ ਦਰਾਮਦ ਕਰਨ ਲਈ ਉਤਸ਼ਾਹਿਤ ਕੀਤਾ ਸੀ ਤਾਂ ਕਿ ਦੁਨੀਆ ਦੇ ਤੇਲ ਬਾਜ਼ਾਰ ਦੀ ਸਥਿਰਤਾ ਮਜ਼ਬੂਤ ਬਣੀ ਰਹੇ।"

"ਭਾਰਤ ਆਪਣੇ ਉਪਭੋਗਤਾਵਾਂ ਦੇ ਲਈ ਸਸਤੀ ਅਤੇ ਸਥਿਰ ਊਰਜਾ ਮੁਹੱਈਆ ਕਰਵਾਉਣ ਦੇ ਲਈ ਦਰਾਮਦ ਕਰਦਾ ਹੈ। ਇਹ ਵਿਸ਼ਵ ਬਾਜ਼ਾਰ ਦੇ ਹਾਲਾਤ ਦੀ ਮਜਬੂਰੀ ਹੈ ਪਰ ਇਹ ਧਿਆਨਯੋਗ ਹੈ ਕਿ ਜੋ ਦੇਸ਼ ਭਾਰਤ ਦੀ ਆਲੋਚਨਾ ਕਰ ਰਹੇ ਹਨ, ਉਹ ਖੁਦ ਰੂਸ ਦੇ ਨਾਲ ਵਪਾਰ ਕਰ ਰਹੇ ਹਨ। ਭਾਰਤ ਦੀ ਤਰ੍ਹਾਂ ਉਨ੍ਹਾਂ ਦਾ ਇਹ ਵਪਾਰ ਉਨ੍ਹਾਂ ਦੇ ਦੇਸ਼ ਲਈ ਕੋਈ ਜ਼ਰੂਰੀ ਮਜਬੂਰੀ ਵੀ ਨਹੀਂ ਹੈ।"

ਭਾਰਤ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਕਿਸੇ ਵੀ ਵੱਡੀ ਅਰਥਵਿਵਸਥਾ ਦੀ ਤਰ੍ਹਾਂ ਭਾਰਤ ਆਪਣੇ ਕੌਮੀ ਹਿੱਤ ਅਤੇ ਆਰਥਿਕ ਸੁਰੱਖਿਆ ਦੇ ਲਈ ਸਾਰੇ ਜ਼ਰੂਰੀ ਕਦਮ ਚੁੱਕੇਗਾ।

ਟਰੰਪ ਨੇ ਜਦੋਂ ਟੈਰਿਫ ਵਧਾਉਣ ਦੀ ਧਮਕੀ ਦਿੱਤੀ, ਉਸ ਰਾਤ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਵੀਂ ਦਿੱਲੀ ਵਿੱਚ ਬਿਮਸਟੇਕ ਸੰਗੀਤ ਉਤਸਵ 'ਸਪਤਾਸੁਰ' ਵਿੱਚ ਹਿੱਸਾ ਲੈ ਰਹੇ ਸਨ।

ਆਪਣੇ ਭਾਸ਼ਣ ਵਿੱਚ, ਜੈਸ਼ੰਕਰ ਨੇ ਕਿਹਾ, "ਅਸੀਂ ਗੁੰਝਲਦਾਰ ਅਤੇ ਅਨਿਸ਼ਚਿਤ ਸਮੇਂ ਵਿੱਚ ਜੀਅ ਰਹੇ ਹਾਂ। ਸਾਡੀ ਸਮੂਹਿਕ ਇੱਛਾ ਇੱਕ ਨਿਆਂਪੂਰਨ ਅਤੇ ਪ੍ਰਤੀਨਿਧੀ ਵਿਸ਼ਵ ਵਿਵਸਥਾ ਦੇਖਣ ਦੀ ਹੈ, ਨਾ ਕਿ ਕੁਝ ਦੇਸ਼ਾਂ ਦੇ ਦਬਦਬੇ ਵਾਲੀ। ਇਸ ਕੋਸ਼ਿਸ਼ ਨੂੰ ਅਕਸਰ ਇੱਕ ਰਾਜਨੀਤਿਕ ਜਾਂ ਆਰਥਿਕ ਸੰਤੁਲਨ ਵਜੋਂ ਦੇਖਿਆ ਜਾਂਦਾ ਹੈ। ਪਰੰਪਰਾਵਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ਕਿਉਂਕਿ ਅੰਤ ਵਿੱਚ ਉਹ ਸਾਡੀ ਪਛਾਣ ਨਿਰਧਾਰਤ ਕਰਦੀਆਂ ਹਨ।"

ਕੀ ਕਹਿ ਰਹੇ ਹਨ ਜਾਣਕਾਰ

ਭਾਰਤ ਦੇ ਰਣਨੀਤਿਕ ਮਾਮਲਿਆਂ ਦੇ ਮਾਹਰ ਬ੍ਰਹਮਾ ਚੇਲਾਨੀ ਦਾ ਕਹਿਣਾ ਹੈ ਕਿ ਟਰੰਪ ਨਾਲ ਨਜਿੱਠਣਾ ਭਾਰਤ ਦੇ ਲਈ ਚੁਣੌਤੀ ਬਣ ਗਿਆ ਹੈ।

ਚੇਲਾਨੀ ਨੇ ਐਕਸ 'ਤੇ ਲਿਖਿਆ, "ਆਪਣੀਆਂ ਹਮਲਾਵਰ ਟੈਰਿਫ ਨੀਤੀਆਂ ਅਤੇ ਨਿਯਮਾਂ ਦੇ ਪ੍ਰਤੀ ਅਣਦੇਖੀ ਦੇ ਨਾਲ ਟਰੰਪ ਭੂ-ਰਾਜਨੀਤਿਕ ਮਾਹੌਲ ਵਿੱਚ ਵਿਘਨ ਪਾਉਣ ਵਾਲੇ ਸਾਬਤ ਹੋ ਰਹੇ ਹਨ। ਉਨ੍ਹਾਂ ਨਾਲ ਨਜਿੱਠਣਾ ਕਿਸੇ ਵੀ ਦੇਸ਼ ਲਈ ਇੱਕ ਚੁਣੌਤੀ ਹੈ, ਖਾਸ ਕਰਕੇ ਜੋਖਮ ਤੋਂ ਬਚਣ ਵਾਲੇ ਭਾਰਤ ਦੇ ਲਈ। ਉਨ੍ਹਾਂ ਦੀ ਤਾਜ਼ਾ ਧਮਕੀ ਨੇ ਭਾਰਤ ਨੂੰ ਰੂਸ ਨਾਲ ਵਪਾਰ ਕਰਨ ਨੂੰ ਲੈ ਕੇ ਪੱਛਮੀ ਦੇਸ਼ਾਂ ਦੀ ਪਖੰਡੀ ਨੀਤੀ 'ਤੇ ਸਵਾਲ ਉਠਾਉਣ ਲਈ ਮਜਬੂਰ ਕੀਤਾ ਹੈ।"

ਉਹ ਲਿਖਦੇ ਹਨ, "ਧਿਆਨ ਦੇਣ ਵਾਲੀ ਗੱਲ ਹੈ ਕਿ ਪੱਛਮੀ ਦੇਸ਼ ਭਾਰਤ ਦੀ ਰੂਸ ਨਾਲ ਤੇਲ ਖਰੀਦਣ ਦੇ ਲਈ ਆਲੋਚਨਾ ਕਰਦੇ ਹਨ, ਜਦਕਿ ਉਹ ਖੁਦ ਆਪਣੇ ਵਪਾਰ ਰਾਹੀਂ ਰੂਸ ਨੂੰ ਕਿਤੇ ਜ਼ਿਆਦਾ ਪੈਸਾ ਭੇਜਦੇ ਹਨ। ਇਹ ਵਿਅੰਗਤਾਮਕ ਹੈ ਕਿਉਂਕਿ ਪੱਛਮੀ ਗੁੱਟ ਯੂਕਰੇਨ ਵਿੱਚ ਰੂਸ ਦੇ ਖ਼ਿਲਾਫ਼ ਇੱਕ ਪ੍ਰੌਕਸੀ ਵਾਰ ਲੜ ਰਿਹਾ ਹੈ।"

ਅਜੈ ਸ਼੍ਰੀਵਾਸਤਵ ਦਿੱਲੀ ਸਥਿਤ ਥਿੰਕ ਟੈਂਕ ਗਲੋਬਲ ਟਰੇਡ ਰਿਸਰਚ ਇਨਿਸ਼ਿਏਟਿਵ (ਜੀਟੀਆਰਆਈ) ਦੇ ਪ੍ਰਮੁੱਖ ਹਨ। ਉਹ ਕਹਿੰਦੇ ਹਨ ਕਿ ਰੂਸ ਦੇ ਨਾਲ ਭਾਰਤ ਦੇ ਤੇਲ ਵਪਾਰ ਨੂੰ ਲੈ ਕੇ ਟਰੰਪ ਦੇ ਦਾਅਵੇ ਕਈ ਕਾਰਨਾਂ ਗੁੰਮਰਾਹਕੁੰਨ ਹਨ।

ਅਜੈ ਸ਼੍ਰੀਵਾਸਤਵ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਵਪਾਰ ਪਾਰਦਰਸ਼ੀ ਰਿਹਾ ਹੈ ਅਤੇ ਅਮਰੀਕਾ ਨੂੰ ਇਸ ਦੀ ਪੂਰੀ ਜਾਣਕਾਰੀ ਰਹੀ ਹੈ।

ਅਜੈ ਨੇ ਕਿਹਾ, "ਪੱਛਮੀ ਪਾਬੰਦੀਆਂ ਕਾਰਨ ਸਪਲਾਈ ਵਿੱਚ ਵਿਘਨ ਪੈਣ ਤੋਂ ਬਾਅਦ ਭਾਰਤ ਨੇ ਵਿਸ਼ਵ ਬਾਜ਼ਾਰ ਨੂੰ ਸਥਿਰ ਕਰਨ ਲਈ ਤੇਲ ਖਰੀਦਦਾਰੀ ਵਧਾ ਦਿੱਤੀ, ਜਿਸ ਨਾਲ ਵਿਸ਼ਵ ਪੱਧਰ 'ਤੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧੇ ਨੂੰ ਰੋਕਣ ਵਿੱਚ ਮਦਦ ਮਿਲੀ। ਭਾਰਤ ਦੀਆਂ ਤੇਲ ਰਿਫਾਇਨਰੀਆਂ - ਭਾਵੇਂ ਜਨਤਕ ਹੋਣ ਜਾਂ ਨਿੱਜੀ - ਇਹ ਤੈਅ ਕਰਦੀਆਂ ਹਨ ਕਿ ਕੱਚਾ ਤੇਲ ਕਿੱਥੋਂ ਖਰੀਦਿਆ ਜਾਵੇ। ਉਹ ਕੀਮਤ, ਸਪਲਾਈ ਦੀ ਸੁਰੱਖਿਆ ਅਤੇ ਨਿਰਯਾਤ ਨਿਯਮਾਂ ਵਰਗੇ ਕਾਰਕਾਂ ਦੇ ਆਧਾਰ 'ਤੇ ਫੈਸਲੇ ਲੈਂਦੀਆਂ ਹਨ। ਇਹ ਰਿਫਾਇਨਰੀਆਂ ਸੁਤੰਤਰ ਤੌਰ 'ਤੇ ਕੰਮ ਕਰਦੀਆਂ ਹਨ ਅਤੇ ਰੂਸ ਜਾਂ ਕਿਸੇ ਹੋਰ ਦੇਸ਼ ਤੋਂ ਤੇਲ ਖਰੀਦਣ ਲਈ ਸਰਕਾਰੀ ਪ੍ਰਵਾਨਗੀ ਦੀ ਲੋੜ ਨਹੀਂ ਹੁੰਦੀ।"

ਇਸ ਵਿਚਾਲੇ ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਰਹੇ ਏਰਿਕ ਗਾਰਸੇਟੀ ਦਾ ਬਿਆਨ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।

ਇਸ ਵੀਡੀਓ ਵਿੱਚ ਏਰਿਕ ਗਾਰਸੇਟੀ ਕਹਿੰਦੇ ਹਨ, "ਭਾਰਤ ਨੇ ਰੂਸੀ ਤੇਲ ਇਸ ਲਈ ਖਰੀਦਿਆ ਕਿਉਂਕਿ ਅਮਰੀਕਾ ਚਾਹੁੰਦਾ ਸੀ ਕਿ ਭਾਰਤ ਤੈਅ ਕੀਤੇ ਗਏ ਪ੍ਰਾਈਸ ਕੈਪ 'ਤੇ ਤੇਲ ਖਰੀਦੇ। ਇਹ ਕੋਈ ਉਲੰਘਣ ਨਹੀਂ ਸੀ। ਅਮਰੀਕਾ ਨਹੀਂ ਚਾਹੁੰਦਾ ਸੀ ਕਿ ਤੇਲ ਦੀਆਂ ਕੀਮਤਾਂ ਵਧਣ ਅਤੇ ਉਨ੍ਹਾਂ ਨੇ ਅਜਿਹਾ ਕੀਤਾ।"

ਏਰਿਕ ਗਾਰਸੇਟੀ ਨੇ ਇਹ ਬਿਆਨ ਮਈ, 2024 ਵਿੱਚ ਇੱਕ ਇੰਟਰਵਿਊ ਦੌਰਾਨ ਦਿੱਤਾ ਸੀ।

ਕਬੀਰ ਤਨੇਜਾ ਆਬਜ਼ਰਵਰ ਰਿਸਰਚ ਫਾਊਂਡੇਸ਼ਨ (ਓਆਰਐੱਫ) ਵਿੱਚ ਰਣਨੀਤਕ ਅਧਿਐਨ ਦੇ ਡਿਪਟੀ ਡਾਇਰੈਕਟਰ ਹਨ।

ਕਬੀਰ ਤਨੇਜਾ ਦਾ ਮੰਨਣਾ ਹੈ, "ਇਹ ਦਿਲਚਸਪ ਹੈ ਕਿ ਅਮਰੀਕਾ ਦੇ ਟੈਰਿਫ ਹਮਲੇ ਤੁਰਕੀ, ਯੂਏਈ, ਸਾਊਦੀ ਅਰਬ ਅਤੇ ਕਤਰ ਨੂੰ ਪ੍ਰਭਾਵਿਤ ਨਹੀਂ ਕਰ ਰਹੇ, ਜਦਕਿ ਇਹ ਸਾਰੇ ਰੂਸ ਦੇ ਨਾਲ ਵਪਾਰ ਕਰ ਰਹੇ ਹਨ। ਟਰੰਪ ਸ਼ਾਇਦ ਭਾਰਤ ਨੂੰ ਇਸ ਲਈ ਨਿਸ਼ਾਨਾ ਬਣਾ ਰਿਹਾ ਹੈ ਕਿਉਂਕਿ ਭਾਰਤ ਨੇ ਉਨ੍ਹਾਂ ਦੇ ਭਾਰਤ-ਪਾਕਿਸਤਾਨ ਵਿਚਾਲੇ ਜੰਗਬੰਦੀ ਕਰਵਾਉਣ ਦੇ ਦਾਅਵੇ ਨਾਲ ਅਸਹਿਮਤੀ ਪ੍ਰਗਟਾਈ ਹੈ।"

ਓਆਰਐੱਫ ਦੇ ਸੀਨੀਅਰ ਫੈਲੋ ਸੁਸ਼ਾਂਤ ਸਰੀਨ ਟਰੰਪ ਦੀ ਇਸ ਧਮਕੀ ਨੂੰ ਭਾਰਤ-ਅਮਰੀਕਾ ਸਬੰਧਾਂ ਵਿਚਾਲੇ ਭਰੋਸਾ ਘੱਟ ਹੋਣ ਦੇ ਰੂਪ ਵਿੱਚ ਦੇਖਦੇ ਹਨ।

ਉਨ੍ਹਾਂ ਨੇ ਐਕਸ 'ਤੇ ਲਿਖਿਆ, "ਦਿਲਚਸਪ ਹੈ! ਭਾਰਤ ਨੇ ਯੂਰਪੀ ਸੰਘ ਅਤੇ ਅਮਰੀਕਾ ਦੇ ਰੂਸ ਨਾਲ ਵਪਾਰ ਦਾ ਜ਼ਿਕਰ ਕੀਤਾ ਪਰ ਚੀਨ ਨੇ ਰੂਸੀ ਤੇਲ ਖਰੀਦਣ ਅਤੇ ਟਰੰਪ ਦੇ ਨਾਲ ਚੀਨ ਦੇ ਰਵੱਈਏ ਦਾ ਜ਼ਿਕਰ ਨਹੀਂ ਕੀਤਾ। ਅਮਰੀਕਾ ਨੇ ਭਾਰਤ ਦਾ ਭਰੋਸਾ ਖੋਹ ਦਿੱਤਾ ਹੈ। ਬੇਸ਼ੱਕ ਟਰੰਪ ਦੇ ਗੁੱਸੇ ਵਿੱਚ ਲਗਾਏ ਗਏ ਟੈਰਿਫ ਖਤਮ ਹੋ ਜਾਣ ਪਰ ਹੁਣ ਭਾਰਤ ਵਿੱਚ ਅਮਰੀਕਾ 'ਤੇ ਕੌਣ ਭਰੋਸਾ ਕਰੇਗਾ?"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)