ਅਮਰੀਕਾ ਦਾ ਸੂਬਾ ਅਲਾਸਕਾ, ਜਿਸ ਨੂੰ ਕਦੇ ਰੂਸ ਤੋਂ ਖਰੀਦਿਆ ਗਿਆ ਸੀ, ਹੁਣ ਟਰੰਪ-ਪੁਤਿਨ ਦੀ ਇੱਕ ਮੁਲਾਕਾਤ ਕਰਕੇ ਕਿਵੇਂ ਇੰਨਾ ਚਰਚਾ ਵਿੱਚ ਆ ਗਿਆ

    • ਲੇਖਕ, ਵਲੀਦ ਬਦਰਾਨ ਅਤੇ ਮਾਰੀਆ ਜ਼ੈਕਾਰੋ
    • ਰੋਲ, ਬੀਬੀਸੀ ਵਰਲਡ ਸਰਵਿਸ

ਯੂਕਰੇਨ ਵਿੱਚ ਯੁੱਧ ਖ਼ਤਮ ਕਰਨ 'ਤੇ ਚਰਚਾ ਕਰਨ ਲਈ ਅਮਰੀਕਾ ਅਤੇ ਰੂਸ ਵਿਚਕਾਰ ਸ਼ੁੱਕਰਵਾਰ ਨੂੰ ਅਲਾਸਕਾ ਵਿੱਚ ਸਿਖ਼ਰ ਸੰਮੇਲਨ ਪਿਛਲੇ ਕੁਝ ਸਾਲਾਂ ਦੇ ਸਭ ਤੋਂ ਮਹੱਤਵਪੂਰਨ ਕੂਟਨੀਤਕ ਵਿਕਾਸਾਂ ਵਿੱਚੋਂ ਇੱਕ ਹੈ।

ਹਾਲਾਂਕਿ, ਜਿੱਥੇ ਇਹ ਮੁਲਾਕਾਤ ਹੋਣੀ ਹੈ ਉਹ ਸਥਾਨ ਇਤਿਹਾਸਕ ਮਹੱਤਵ ਰੱਖਦਾ ਹੈ।

ਰਾਸ਼ਟਰਪਤੀ ਡੌਨਲਡ ਟਰੰਪ ਅਤੇ ਵਲਾਦੀਮੀਰ ਪੁਤਿਨ ਅਲਾਸਕਾ ਦੇ ਸਭ ਤੋਂ ਵੱਡੇ ਸ਼ਹਿਰ ਐਂਕਰੇਜ ਵਿੱਚ ਅਮਰੀਕੀ ਖੇਤਰ 'ਤੇ ਮਿਲਣਗੇ।

ਪਰ ਜੇਕਰ ਇਹ ਮੀਟਿੰਗ ਲਗਭਗ 150 ਸਾਲ ਪਹਿਲਾਂ ਇਸੇ ਥਾਂ ਹੁੰਦੀ, ਤਾਂ ਇਹ ਰੂਸੀ ਖੇਤਰ 'ਤੇ ਹੁੰਦੀ।

ਅਜਿਹਾ ਇਸ ਲਈ ਹੈ ਕਿਉਂਕਿ ਅਲਾਸਕਾ, ਜੋ ਕਿ ਹੁਣ ਅਮਰੀਕਾ ਦਾ ਸਭ ਤੋਂ ਵੱਡਾ ਸੂਬਾ ਹੈ ਅਤੇ ਪੂਰੇ ਦੇਸ਼ ਦੇ ਖੇਤਰਫ਼ਲ ਦਾ ਲਗਭਗ ਪੰਜਵਾਂ ਹਿੱਸਾ ਹੈ, ਉਹ ਕਦੇ ਰੂਸ ਦੀ ਮਲਕੀਅਤ ਹੁੰਦਾ ਸੀ।

ਇੱਕ 'ਕਾਫ਼ੀ ਤਰਕਸੰਗਤ' ਸਥਾਨ

ਅਲਾਸਕਾ, ਉੱਤਰੀ ਅਮਰੀਕਾ ਦੇ ਉੱਤਰ-ਪੱਛਮ ਵਿੱਚ ਸਥਿਤ ਹੈ ਅਤੇ ਇਸ ਨੂੰ ਰੂਸ ਤੋਂ ਬੇਰਿੰਗ ਸਟ੍ਰੇਟ ਨੇ ਵੱਖ ਕੀਤਾ ਹੈ।

ਜਿਸ ਤੋਂ ਸਭ ਤੋਂ ਕਰੀਬੀ ਹਿੱਸਾ ਰੂਸ ਤੋਂ ਸਿਰਫ਼ 50 ਮੀਲ ਦੂਰ ਹੈ।

(ਬੇਰਿੰਗ ਸਟ੍ਰੇਟ - ਇੱਕ ਤੰਗ ਜਲਮਾਰਗ ਜੋ ਰੂਸ ਅਤੇ ਅਮਰੀਕਾ ਨੂੰ ਵੱਖ ਕਰਦਾ ਹੈ ਅਤੇ ਜੋ ਦੋਵਾਂ ਵਿਚਕਾਰ ਸਭ ਤੋਂ ਨੇੜਲਾ ਸਥਾਨ ਹੈ। ਇਥੋਂ ਦੋਵਾਂ ਦੇਸ਼ਾਂ ਦੀ ਦੂਰੀ ਮਹਿਜ਼ 50 ਮੀਲ ਦੇ ਕਰੀਬ ਰਹਿ ਜਾਂਦੀ ਹੈ)

ਜਦੋਂ ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਕਿ ਸਿਖ਼ਰ ਸੰਮੇਲਨ ਅਲਾਸਕਾ ਵਿੱਚ ਹੋਵੇਗਾ ਤਾਂ ਰੂਸੀ ਰਾਸ਼ਟਰਪਤੀ ਦੇ ਸਹਾਇਕ ਯੂਰੀ ਊਸ਼ਾਕੋਵ ਨੇ ਕਿਹਾ ਕਿ ਰੂਸੀ ਵਫ਼ਦ ਲਈ ''ਬੇਰਿੰਗ ਸਟ੍ਰੇਟ ਉੱਪਰੋਂ ਉਡਾਣ ਭਰਨਾ ਅਤੇ ਦੋਵਾਂ ਦੇਸ਼ਾਂ ਦੇ ਆਗੂਆਂ ਵਿਚਕਾਰ ਹੋਣ ਵਾਲੇ ਇੰਨੇ ਮਹੱਤਵਪੂਰਨ ਅਤੇ ਅਨੁਮਾਨਿਤ ਸਿਖਰ ਸੰਮੇਲਨ ਦਾ ਅਲਾਸਕਾ ਵਿੱਚ ਹੋਣਾ "ਕਾਫ਼ੀ ਤਰਕਸੰਗਤ" ਜਾਪਦਾ ਹੈ।

ਪਰ ਰੂਸ ਅਤੇ ਅਲਾਸਕਾ ਵਿਚਕਾਰ ਇਤਿਹਾਸਕ ਸਬੰਧ 1700 ਦੇ ਦਹਾਕੇ ਦੇ ਸ਼ੁਰੂ ਤੋਂ ਹੀ ਚੱਲੇ ਆ ਰਹੇ ਹਨ, ਜਦੋਂ ਸਾਇਬੇਰੀਆ ਦੇ ਆਦਿਵਾਸੀ ਲੋਕਾਂ ਨੇ ਪਹਿਲੀ ਵਾਰ ਪੂਰਬ ਵਿੱਚ ਸਥਿਤ ਇੱਕ ਵਿਸ਼ਾਲ ਜ਼ਮੀਨ ਦੀ ਗੱਲ ਕੀਤੀ ਸੀ।

ਡੈਨਿਸ਼ ਨੇਵੀਗੇਟਰ ਵਿਟਸ ਬੇਰਿੰਗ ਦੀ ਅਗਵਾਈ ਵਿੱਚ ਚਲਾਈ ਗਈ ਇੱਕ ਮੁਹਿੰਮ 'ਚ ਖੋਜ ਕੀਤੀ ਗਈ ਕਿ ਨਵੀਂ ਜ਼ਮੀਨ ਰੂਸੀ ਮੁੱਖ ਭੂਮੀ ਨਾਲ ਜੁੜੀ ਨਹੀਂ ਸੀ। ਪਰ ਭਾਰੀ ਧੁੰਦ ਕਾਰਨ, ਮੁਹਿੰਮ ਅਸਫਲ ਰਹੀ।

1741 ਵਿੱਚ, ਬੇਰਿੰਗ ਦੀ ਅਗਵਾਈ ਵਿੱਚ ਹੀ ਇੱਕ ਹੋਰ ਖੋਜ ਮੁਹਿੰਮ ਸ਼ੁਰੂ ਕੀਤੀ ਗਈ ਜੋ ਪਹਿਲੀ ਮੁਹਿੰਮ ਦੀ ਬਜਾਏ ਸਫ਼ਲ ਹੋਈ ਅਤੇ ਆਦਮੀਆਂ ਨੂੰ ਕਿਨਾਰੇ ਤੱਕ ਭੇਜ ਦਿੱਤਾ ਗਿਆ।

ਇਸ ਤੋਂ ਬਾਅਦ ਕਈ ਵਪਾਰਕ ਮੁਹਿੰਮਾਂ ਹੋਈਆਂ ਅਤੇ ਜਦੋਂ ਸਮੁੰਦਰੀ ਓਟਰ ਫਰਾਂ (ਸਮੁੰਦਰੀ ਜੀਵ ਦੀ ਫਰ, ਜੋ ਕਿਸੇ ਵੀ ਜਾਨਵਰ ਦੀ ਤੁਲਨਾ ਵਿੱਚ ਸੰਘਣੀ ਹੁੰਦੀ ਹੈ) ਨੂੰ ਰੂਸ ਵਾਪਸ ਲਿਆਂਦਾ ਗਿਆ ਤਾਂ ਇਸ ਨੇ ਯੂਰਪ, ਏਸ਼ੀਆ ਅਤੇ ਉੱਤਰੀ ਅਮਰੀਕਾ ਦੇ ਪ੍ਰਸ਼ਾਂਤ ਤੱਟ ਵਿਚਕਾਰ ਇੱਕ ਲਾਭਦਾਇਕ ਫਰ ਵਪਾਰ ਦਾ ਦਰਵਾਜ਼ਾ ਖੋਲ੍ਹ ਦਿੱਤਾ।

ਹਾਲਾਂਕਿ, 19ਵੀਂ ਸਦੀ ਵਿੱਚ ਬ੍ਰਿਟਿਸ਼ ਅਤੇ ਅਮਰੀਕੀ ਫਰ ਵਪਾਰੀ ਰੂਸੀਆਂ ਦੇ ਸਖ਼ਤ ਮੁਕਾਬਲੇਬਾਜ਼ ਬਣ ਗਏ।

ਜਦਕਿ 1824 ਵਿੱਚ ਇਸ ਕੌੜੀ ਦੁਸ਼ਮਣੀ ਦਾ ਨਿਪਟਾਰਾ ਉਸ ਵੇਲੇ ਹੋ ਗਿਆ, ਜਦੋਂ ਰੂਸ ਨੇ ਸੰਯੁਕਤ ਰਾਜ ਅਮਰੀਕਾ ਅਤੇ ਬ੍ਰਿਟੇਨ ਨਾਲ ਵੱਖ-ਵੱਖ ਸੰਧੀਆਂ 'ਤੇ ਦਸਤਖ਼ਤ ਕੀਤੇ ਸਨ।

ਦਰਅਸਲ, ਇਸ ਦੌਰਾਨ ਸਮੁੰਦਰੀ ਓਟਰਾਂ ਦੇ ਲਗਭਗ ਅਲੋਪ ਹੋਣ ਅਤੇ ਕ੍ਰੀਮੀਅਨ ਜੰਗ (1853-56) ਦੇ ਸਿਆਸੀ ਨਤੀਜਿਆਂ ਨੇ ਰੂਸ ਨੂੰ ਅਲਾਸਕਾ ਨੂੰ ਅਮਰੀਕਾ ਨੂੰ ਵੇਚਣ ਲਈ ਤਿਆਰ ਕਰ ਦਿੱਤਾ।

ਇੱਕ 'ਮੂਰਖ਼ਤਾ ਵਾਲੀ' ਖਰੀਦ

ਤਤਕਾਲੀ ਅਮਰੀਕੀ ਵਿਦੇਸ਼ ਮੰਤਰੀ, ਵਿਲੀਅਮ ਸੇਵਾਰਡ ਨੇ ਜ਼ਮੀਨ ਖਰੀਦਣ ਸਬੰਧੀ ਗੱਲਬਾਤ ਦੀ ਅਗਵਾਈ ਕੀਤੀ ਅਤੇ ਰੂਸੀਆਂ ਨਾਲ ਇੱਕ ਸੰਧੀ ਪੱਕੀ ਕਰ ਲਈ।

ਬਹੁਤ ਵਿਰੋਧ ਤੋਂ ਬਾਅਦ ਅਮਰੀਕੀ ਕਾਂਗਰਸ ਨੇ ਸੇਵਾਰਡ ਦੀ 7.2 ਮਿਲੀਅਨ ਡਾਲਰ ਦੀ ਰਸਮੀ ਪੇਸ਼ਕਸ਼ ਨੂੰ ਮਨਜ਼ੂਰੀ ਦੇ ਦਿੱਤੀ ਅਤੇ 18 ਅਕਤੂਬਰ, 1867 ਨੂੰ ਅਲਾਸਕਾ ਦੀ ਤਤਕਾਲੀ ਰਾਜਧਾਨੀ, ਸਿਟਕਾ ਵਿੱਚ ਅਮਰੀਕੀ ਝੰਡਾ ਲਹਿਰਾਇਆ ਗਿਆ।

ਸ਼ੁਰੂ ਵਿੱਚ ਆਲੋਚਕ ਨੇ ਅਲਾਸਕਾ ਦੀ ਖਰੀਦ ਨੂੰ "ਸੇਵਾਰਡ ਦੀ ਮੂਰਖ਼ਤਾ" ਕਿਹਾ, ਜਿਨ੍ਹਾਂ ਦਾ ਮੰਨਣਾ ਸੀ ਕਿ ਇਸ ਜ਼ਮੀਨ ਦੇ ਪੱਲੇ ਕੁਝ ਨਹੀਂ ਹੈ।

ਜੇਕਰ ਮੁਦਰਾਸਫੀਤੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਤਾਂ ਅਮਰੀਕਾ ਵੱਲੋਂ ਅਦਾ ਕੀਤੇ ਗਏ 7.2 ਮਿਲੀਅਨ ਡਾਲਰ ਅੱਜ 100 ਮਿਲੀਅਨ ਡਾਲਰ ਤੋਂ ਵੱਧ ਦੇ ਬਰਾਬਰ ਹੋਣਗੇ, ਜੋ ਹੁਣ ਅਮਰੀਕਾ ਦੇ ਸਭ ਤੋਂ ਵੱਡੇ ਸੂਬੇ ਲਈ ਇੱਕ ਬਹੁਤ ਘੱਟ ਕੀਮਤ ਹੈ।

19ਵੀਂ ਸਦੀ ਦੇ ਅਖ਼ੀਰ ਤੋਂ ਅਲਾਸਕਾ 'ਚ ਸੋਨੇ, ਤੇਲ ਅਤੇ ਕੁਦਰਤੀ ਗੈਸ ਦੀਆਂ ਖੋਜਾਂ ਦੀ ਸ਼ੁਰੂਆਤ ਹੋਈ, ਜਿਸ ਨਾਲ ਜਲਦੀ ਹੀ ਕਾਫ਼ੀ ਮੁਨਾਫ਼ਾ ਹੋਣਾ ਸ਼ੁਰੂ ਹੋ ਗਿਆ।

ਸੀਵਾਰਡ ਦਾ ਇਹ ਕਦਮ ਫਲਦਾਇਕ ਸਾਬਤ ਹੋਇਆ ਅਤੇ 1959 ਵਿੱਚ ਅਲਾਸਕਾ ਅਧਿਕਾਰਤ ਤੌਰ 'ਤੇ ਅਮਰੀਕਾ ਦਾ 49ਵਾਂ ਸੂਬਾ ਬਣ ਗਿਆ।

ਵਾਤਾਵਰਣ ਸਰੋਤਾਂ ਦਾ ਇੱਕ ਮਹੱਤਵਪੂਰਨ ਸਰੋਤ ਅਲਾਸਕਾ ਵਿੱਚ ਅੱਜ 12,000 ਤੋਂ ਵੱਧ ਨਦੀਆਂ ਅਤੇ ਵੱਡੀ ਗਿਣਤੀ ਵਿੱਚ ਝੀਲਾਂ ਹਨ।

ਇਸ ਦੀ ਰਾਜਧਾਨੀ ਜੂਨੋ, ਇੱਕੋ ਇੱਕ ਅਮਰੀਕੀ ਰਾਜਧਾਨੀ ਹੈ ਜਿੱਥੇ ਸਿਰਫ਼ ਬੇੜੀ ਜਾਂ ਜਹਾਜ਼ ਰਾਹੀਂ ਪਹੁੰਚਿਆ ਜਾ ਸਕਦਾ ਹੈ। ਜਦਕਿ ਐਂਕਰੇਜ ਵਿੱਚ ਝੀਲ ਹੁੱਡ ਦੁਨੀਆ ਦੇ ਸਭ ਤੋਂ ਮਸਰੂਫ਼ ਸਮੁੰਦਰੀ ਜਹਾਜ਼ ਬੇਸ ਵਿੱਚੋਂ ਇੱਕ ਹੈ, ਜਿਸ ਵਿੱਚ ਪ੍ਰਤੀ ਦਿਨ ਲਗਭਗ 200 ਉਡਾਣਾਂ ਭਰੀਆਂ ਜਾਂਦੀਆਂ ਹਨ।

ਰਾਸ਼ਟਰਪਤੀ ਟਰੰਪ ਅਤੇ ਪੁਤਿਨ ਸੰਯੁਕਤ ਬੇਸ ਐਲਮੇਨਡੋਰਫ-ਰਿਚਰਡਸਨ ਵਿੱਚ ਮੁਲਾਕਾਤ ਕਰਨਗੇ, ਜੋ ਕਿ ਸੂਬੇ ਦਾ ਸਭ ਤੋਂ ਵੱਡਾ ਫੌਜੀ ਅੱਡਾ ਹੈ। 64,000 ਏਕੜ ਦਾ ਇਹ ਬੇਸ ਆਰਕਟਿਕ ਫੌਜੀ ਤਿਆਰੀ ਲਈ ਇੱਕ ਮੁੱਖ ਅਮਰੀਕੀ ਸਥਾਨ ਹੈ।

ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਅਲਾਸਕਾ ਕਿਸੇ ਅਮਰੀਕੀ ਕੂਟਨੀਤਕ ਸਮਾਗਮ ਦੇ ਕੇਂਦਰ ਵਿੱਚ ਹੈ। ਮਾਰਚ 2021 ਵਿੱਚ, ਜੋਅ ਬਾਈਡਨ ਦੀ ਨਵੀਂ ਬਣੀ ਕੂਟਨੀਤਕ ਅਤੇ ਰਾਸ਼ਟਰੀ ਸੁਰੱਖਿਆ ਟੀਮ ਨੇ ਐਂਕਰੇਜ ਵਿੱਚ ਆਪਣੇ ਚੀਨੀ ਹਮਰੁਤਬਾ ਨਾਲ ਮੁਲਾਕਾਤ ਕੀਤੀ।

ਸਿਖ਼ਰ ਸੰਮੇਲਨ ਦੇ ਕੋਈ ਅਧਿਕਾਰਤ ਵੇਰਵੇ ਸਾਹਮਣੇ ਨਹੀਂ ਆਏ ਹਨ ਪਰ ਵ੍ਹਾਈਟ ਹਾਊਸ ਨੇ ਕਿਹਾ ਕਿ ਅਲਾਸਕਾ ਗੱਲਬਾਤ ਟਰੰਪ ਲਈ "ਸੁਣਨ ਦਾ ਅਭਿਆਸ" ਹੋਵੇਗਾ ਅਤੇ ਅਮਰੀਕੀ ਰਾਸ਼ਟਰਪਤੀ ਨੂੰ "ਇਸ ਜੰਗ ਨੂੰ ਕਿਵੇਂ ਖ਼ਤਮ ਕਰਨਾ ਹੈ ਇਸ ਬਾਰੇ ਸਭ ਤੋਂ ਵਧੀਆ ਸੰਕੇਤ" ਦੇਵੇਗੀ।

ਜਦੋਂ ਉਨ੍ਹਾਂ ਨੇ ਪਿਛਲੇ ਹਫ਼ਤੇ ਸਿਖ਼ਰ ਸੰਮੇਲਨ ਦਾ ਐਲਾਨ ਕੀਤਾ ਸੀ ਤਾਂ ਟਰੰਪ ਦਾ ਸਕਾਰਾਤਮਕ ਰਵੱਈਆ ਨਜ਼ਰ ਆਇਆ ਸੀ ਕਿ ਮੀਟਿੰਗ ਸ਼ਾਂਤੀ ਵੱਲ ਠੋਸ ਕਦਮ ਚੁੱਕ ਸਕਦੀ ਹੈ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਪਹਿਲਾਂ ਕਿਹਾ ਹੈ ਕਿ ਕੀਵ ਦੀ ਸ਼ਮੂਲੀਅਤ ਤੋਂ ਬਿਨ੍ਹਾਂ ਕੋਈ ਵੀ ਸਮਝੌਤਾ "ਬੇਜਾਨ ਫ਼ੈਸਲੇ" ਵਾਂਗ ਹੋਵੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)