ਅਖਲਾਕ ਲਿੰਚਿੰਗ ਮਾਮਲੇ ਦੇ ਮੁਲਜ਼ਮਾਂ ਖ਼ਿਲਾਫ਼ ਯੂਪੀ ਸਰਕਾਰ ਨੇ ਕੇਸ ਵਾਪਸ ਲੈਣ ਦੀ ਅਪੀਲ ਕਿਉਂ ਕੀਤੀ, ਪਰਿਵਾਰ ਨੇ ਕੀ ਕਿਹਾ

    • ਲੇਖਕ, ਉਮੰਗ ਪੋਦਾਰ
    • ਰੋਲ, ਬੀਬੀਸੀ ਪੱਤਰਕਾਰ

ਪਿਛਲੇ ਮਹੀਨੇ, ਉੱਤਰ ਪ੍ਰਦੇਸ਼ ਸਰਕਾਰ ਨੇ ਗ੍ਰੇਟਰ ਨੋਇਡਾ ਦੀ ਇੱਕ ਅਦਾਲਤ ਤੋਂ 2015 ਦੇ ਮੁਹੰਮਦ ਅਖਲਾਕ ਕਤਲ ਕੇਸ ਦੇ ਸਾਰੇ ਮੁਲਜ਼ਮਾਂ ਵਿਰੁੱਧ ਕੇਸ ਵਾਪਸ ਲੈਣ ਦੀ ਇਜਾਜ਼ਤ ਮੰਗੀ ਸੀ।

ਇਸ 'ਤੇ ਅਖਲਾਕ ਦੇ ਪਰਿਵਾਰ ਨੇ ਕਿਹਾ ਹੈ ਕਿ ਉਹ ਅਦਾਲਤ ਵਿੱਚ ਆਪਣੀ ਲੜਾਈ ਜਾਰੀ ਰੱਖਣਗੇ।

ਜਦੋਂ ਇਹ ਘਟਨਾ ਵਾਪਰੀ ਸੀ ਉਸ ਸਮੇਂ ਮੁਹੰਮਦ ਅਖਲਾਕ 50 ਸਾਲ ਦੇ ਸਨ। 28 ਸਤੰਬਰ ਦੀ ਰਾਤ ਨੂੰ, ਦਾਦਰੀ ਦੇ ਬਿਸਾਹੜਾ ਪਿੰਡ ਵਿੱਚ ਅਫ਼ਵਾਹ ਫੈਲ ਗਈ ਕਿ ਅਖਲਾਕ ਨੇ ਆਪਣੇ ਘਰ ਵਿੱਚ ਗਾਂ ਦਾ ਮਾਸ ਰੱਖਿਆ ਹੋਇਆ ਹੈ ਅਤੇ ਇਸ ਨੂੰ ਖਾਧਾ ਵੀ ਗਿਆ।

ਅਖਲਾਕ ਦਾ ਪਰਿਵਾਰ ਇਸ ਗੱਲ ਤੋਂ ਇਨਕਾਰ ਕਰਦਾ ਆ ਰਿਹਾ ਹੈ ਕਿ ਉਨ੍ਹਾਂ ਦੇ ਘਰ ਬੀਫ ਸੀ।

ਭਾਰਤ ਵਿੱਚ ਗਊ ਹੱਤਿਆ ਇੱਕ ਸੰਵੇਦਨਸ਼ੀਲ ਮੁੱਦਾ ਹੈ। ਹਿੰਦੂ ਗਊਆਂ ਨੂੰ ਪਵਿੱਤਰ ਮੰਨਦੇ ਹਨ। ਉੱਤਰ ਪ੍ਰਦੇਸ਼ ਉਨ੍ਹਾਂ 20 ਸੂਬਿਆਂ ਵਿੱਚੋਂ ਇੱਕ ਹੈ ਜਿੱਥੇ ਗਾਵਾਂ ਮਾਰਨ 'ਤੇ ਪਾਬੰਦੀ ਹੈ।

ਰਾਜਧਾਨੀ ਦਿੱਲੀ ਤੋਂ 49 ਕਿਲੋਮੀਟਰ ਦੂਰ ਵਾਪਰੀ ਇਸ ਘਟਨਾ ਕਰਕੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ। ਇਹ ਗਊ ਹੱਤਿਆ ਦਾ ਪਹਿਲਾ ਮਾਮਲਾ ਸੀ ਜਿਸਨੂੰ ਵਿਆਪਕ ਮੀਡੀਆ ਕਵਰੇਜ ਮਿਲੀ। ਇਸ ਘਟਨਾ ਤੋਂ ਬਾਅਦ "ਮੌਬ ਲਿੰਚਿੰਗ" ਸ਼ਬਦ ਵਿਆਪਕ ਤੌਰ 'ਤੇ ਵਰਤਿਆ ਜਾਣ ਲੱਗਿਆ।

18 ਮੁਲਜ਼ਮ ਅਤੇ ਸਾਰੇ ਜ਼ਮਾਨਤ 'ਤੇ ਬਾਹਰ

ਬੀਬੀਸੀ ਹਿੰਦੀ ਨਾਲ ਗੱਲ ਕਰਦੇ ਹੋਏ, ਅਖਲਾਕ ਦੇ ਪਰਿਵਾਰ ਦੇ ਵਕੀਲ ਮੁਹੰਮਦ ਯੂਸਫ਼ ਸੈਫ਼ੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਇਸ ਵੇਲੇ 18 ਮੁਲਜ਼ਮ ਹਨ ਅਤੇ ਸਾਰੇ ਜ਼ਮਾਨਤ 'ਤੇ ਹਨ।

ਘਟਨਾ ਦੇ ਦਸ ਸਾਲ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਮਾਮਲੇ ਦੇ ਗਵਾਹਾਂ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇ ਹਨ ਅਤੇ 'ਸਮਾਜਿਕ ਸਦਭਾਵਨਾ ਬਹਾਲ' ਕਰਨ ਲਈ ਅਦਾਲਤ ਤੋਂ ਕੇਸ ਵਾਪਸ ਲੈਣ ਦੀ ਇਜਾਜ਼ਤ ਮੰਗੀ ਹੈ।

ਇਸ ਮਾਮਲੇ ਦੀ ਅਗਲੀ ਸੁਣਵਾਈ 12 ਦਸੰਬਰ ਨੂੰ ਹੋਣੀ ਹੈ।

ਅਖਲਾਕ ਦੇ ਛੋਟੇ ਭਰਾ ਜਾਨ ਮੁਹੰਮਦ ਨੇ ਬੀਬੀਸੀ ਹਿੰਦੀ ਨੂੰ ਦੱਸਿਆ ਕਿ ਕੇਸ ਵਾਪਸ ਲੈਣ ਲਈ ਅਰਜ਼ੀ ਦਾਇਰ ਕਰਨਾ 'ਹੈਰਾਨ ਕਰਨ ਵਾਲਾ' ਸੀ।

ਉਨ੍ਹਾਂ ਕਿਹਾ, "ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਨਸਾਫ਼ ਲਈ ਸਾਡੀ 10 ਸਾਲਾਂ ਦੀ ਲੜਾਈ ਨੂੰ ਇਸ ਤਰੀਕੇ ਨਾਲ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।"

ਮੁਹੰਮਦ ਨੇ ਇਹ ਵੀ ਕਿਹਾ ਕਿ ਘਟਨਾ ਤੋਂ ਬਾਅਦ ਅਖਲਾਕ ਦਾ ਪੂਰਾ ਪਰਿਵਾਰ ਪਿੰਡ ਛੱਡ ਗਿਆ ਅਤੇ ਕਦੇ ਵਾਪਸ ਨਹੀਂ ਆਇਆ।

ਉਨ੍ਹਾਂ ਕਿਹਾ, "ਹੁਣ ਅਸੀਂ ਆਪਣੀ ਸੁਰੱਖਿਆ ਬਾਰੇ ਹੋਰ ਵੀ ਚਿੰਤਤ ਹਾਂ। ਕੀ ਇਹ ਕਦਮ ਅਪਰਾਧੀਆਂ ਨੂੰ ਉਤਸ਼ਾਹਿਤ ਨਹੀਂ ਕਰੇਗਾ?"

ਕੀ ਮਾਮਲਾ ਸੀ?

ਅਖਲਾਕ ਦੀ ਪਤਨੀ ਇਕਰਾਮਨ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ, "28 ਸਤੰਬਰ, 2015 ਦੀ ਰਾਤ ਨੂੰ ਪੂਰਾ ਪਰਿਵਾਰ ਘਰ ਵਿੱਚ ਸੌਂ ਰਿਹਾ ਸੀ। ਰਾਤ ਤਕਰੀਬਨ 10:30 ਵਜੇ ਹਿੰਦੂਆਂ ਦਾ ਇੱਕ ਸਮੂਹ ਡੰਡਿਆ, ਲੋਹੇ ਦੀਆਂ ਰਾਡਾਂ, ਤਲਵਾਰਾਂ ਅਤੇ ਪਿਸਤੌਲਾਂ ਨਾਲ ਲੈਸ ਹੋ ਕੇ ਉਨ੍ਹਾਂ ਦੇ ਘਰ ਵਿੱਚ ਦਾਖਲ ਹੋਇਆ ਅਤੇ ਅਖਲਾਕ ਅਤੇ ਉਨ੍ਹਾਂ ਦੇ ਪੁੱਤ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਉਨ੍ਹਾਂ 'ਤੇ ਗਾਂ ਨੂੰ ਮਾਰਨ ਅਤੇ ਉਸ ਦਾ ਮਾਸ ਖਾਣ ਦਾ ਇਲਜ਼ਾਮ ਲਗਾਇਆ।"

"ਇਸ ਘਟਨਾ ਵਿੱਚ ਅਖਲਾਕ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੇ 22 ਸਾਲਾ ਪੁੱਤਰ ਦਾਨਿਸ਼ ਨੂੰ ਗੰਭੀਰ ਸੱਟਾਂ ਲੱਗੀਆਂ।"

ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਹਮਲੇ ਤੋਂ ਪਹਿਲਾਂ, ਇੱਕ ਮੰਦਰ ਤੋਂ ਐਲਾਨ ਕੀਤਾ ਗਿਆ ਸੀ ਕਿ ਕਿਸੇ ਨੇ ਇੱਕ ਗਾਂ ਨੂੰ ਮਾਰ ਕੇ ਖਾਧਾ ਹੈ।

ਅਖਲਾਕ ਦੇ ਫਰਿੱਜ ਵਿੱਚੋਂ ਕੁਝ ਮਾਸ ਮਿਲਿਆ ਸੀ, ਜਿਸਨੂੰ ਸਬੂਤ ਵਜੋਂ ਦਰਸਾਇਆ ਗਿਆ ਸੀ ਕਿ ਉਸਦੇ ਘਰ ਵਿੱਚ ਬੀਫ ਮੌਜੂਦ ਸੀ। ਹਾਲਾਂਕਿ, ਉਸਦਾ ਪਰਿਵਾਰ ਕਹਿੰਦਾ ਹੈ ਕਿ ਇਹ ਭੇਡ ਦਾ ਮਾਸ ਸੀ।

ਇਸ ਮਾਮਲੇ ਨੇ ਦੇਸ਼ ਵਿਆਪੀ ਰੋਸ ਪੈਦਾ ਕਰ ਦਿੱਤਾ ਸੀ। ਘਟਨਾ ਦੇ ਕੁਝ ਦਿਨਾਂ ਦੇ ਅੰਦਰ ਹੀ ਕਈ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਕਈਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ ਕਿ ਉਨ੍ਹਾਂ ਨੇ ਇਸ ਘਟਨਾ 'ਤੇ ਟਿੱਪਣੀ ਅਖਲਾਕ ਦੀ ਮੌਤ ਤੋਂ ਕਈ ਦਿਨਾਂ ਬਾਅਦ ਕੀਤੀ।

ਕੁਝ ਭਾਰਤੀ ਜਨਤਾ ਪਾਰਟੀ ਦੇ ਆਗੂਆਂ 'ਤੇ ਹਮਲਾਵਰਾਂ ਦਾ ਬਚਾਅ ਕਰਨ ਦਾ ਵੀ ਇਲਜ਼ਾਮ ਲਗਾਇਆ ਗਿਆ ਸੀ। ਇੱਕ ਆਗੂ ਨੇ ਇਸ ਕਤਲ ਨੂੰ "ਹਾਦਸਾ" ਕਿਹਾ, ਜਦੋਂ ਕਿ ਦੂਜੇ ਨੇ ਕਿਹਾ ਕਿ ਬੀਫ ਖਾਣਾ ਅਸਵੀਕਾਰਨਯੋਗ ਹੈ।

ਦਸੰਬਰ 2015 ਵਿੱਚ ਪੁਲਿਸ ਨੇ ਆਪਣੀ ਚਾਰਜਸ਼ੀਟ ਦਾਇਰ ਕੀਤੀ, ਜਿਸ ਵਿੱਚ 15 ਲੋਕਾਂ ਨੂੰ ਮੁਲਜ਼ਮ ਨਾਮਜ਼ਦ ਕੀਤਾ ਗਿਆ, ਜਿਨ੍ਹਾਂ ਵਿੱਚ ਇੱਕ ਨਾਬਾਲਗ ਅਤੇ ਇੱਕ ਸਥਾਨਕ ਭਾਜਪਾ ਆਗੂ ਦਾ ਪੁੱਤ ਵੀ ਸ਼ਾਮਲ ਸੀ। ਬਾਅਦ ਵਿੱਚ ਮਾਮਲੇ ਵਿੱਚ ਮੁਲਜ਼ਮਾਂ ਦੀ ਕੁੱਲ ਗਿਣਤੀ 19 ਹੋ ਗਈ।

2016 ਵਿੱਚ ਇੱਕ ਮੁਲਜ਼ਮ, ਰਵੀਨ ਸਿਸੋਦੀਆ ਦੀ ਜੇਲ੍ਹ ਵਿੱਚ ਮੌਤ ਹੋ ਗਈ। ਉਸਦੀ ਮੌਤ ਤੋਂ ਬਾਅਦ ਬਿਸਾਹੜਾ ਪਿੰਡ ਵਿੱਚ ਕਾਫ਼ੀ ਤਣਾਅ ਪੈਦਾ ਹੋ ਗਿਆ। ਕੁਝ ਲੋਕਾਂ ਨੇ ਉਸਨੂੰ "ਸ਼ਹੀਦ" ਕਿਹਾ ਅਤੇ ਉਸਦੇ ਪਰਿਵਾਰ ਨੇ ਉਸਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ।

ਸਿਸੋਦੀਆ ਦੇ ਪਰਿਵਾਰ ਨੇ ਉਸਦੀ ਮੌਤ ਪਿੱਛੇ ਸਾਜ਼ਿਸ਼ ਦਾ ਇਲਜ਼ਾਮ ਲਗਾਇਆ, ਜਦੋਂ ਕਿ ਅਧਿਕਾਰੀਆਂ ਨੇ ਕਿਹਾ ਕਿ ਉਸਦੀ ਮੌਤ 'ਆਰਗਨ ਫੇਲ੍ਹੀਅਰ' ਹੋਣ ਕਾਰਨ ਹੋਈ। ਉਸਦੀ ਲਾਸ਼ ਨੂੰ ਤਿਰੰਗੇ ਵਿੱਚ ਲਪੇਟਿਆ ਗਿਆ ਅਤੇ ਕੁਝ ਦਿਨਾਂ ਲਈ ਪਿੰਡ ਵਿੱਚ ਰੱਖਿਆ ਗਿਆ।

ਬਾਅਦ ਵਿੱਚ ਸੂਬਾ ਸਰਕਾਰ ਅਤੇ ਦੋ ਭਾਜਪਾ ਆਗੂਆਂ ਵੱਲੋਂ ਮੁਆਵਜ਼ੇ ਦਾ ਵਾਅਦਾ ਕਰਨ ਤੋਂ ਬਾਅਦ , ਉਸ ਦੀਆਂ ਅੰਤਿਮ ਰਸਮਾਂ ਕੀਤੀਆਂ ਗਈਆਂ।

ਇਸ ਮਾਮਲੇ ਦੀ ਸੁਣਵਾਈ 2021 ਵਿੱਚ ਸ਼ੁਰੂ ਹੋਈ ਸੀ। ਮੁਹੰਮਦ ਯੂਸਫ਼ ਸੈਫ਼ੀ ਦਾ ਕਹਿਣਾ ਹੈ ਕਿ ਹੁਣ ਤੱਕ ਸਿਰਫ਼ ਇੱਕ ਗਵਾਹ ਨੇ ਅਦਾਲਤ ਸਾਹਮਣੇ ਆਪਣਾ ਬਿਆਨ ਪੇਸ਼ ਕੀਤਾ ਹੈ।

ਕੇਸ ਵਾਪਸ ਕਿਉਂ ਲਿਆ ਜਾ ਰਿਹਾ ਹੈ?

ਪਿਛਲੇ ਮਹੀਨੇ ਉੱਤਰ ਪ੍ਰਦੇਸ਼ ਸਰਕਾਰ ਨੇ ਕਿਹਾ ਸੀ ਕਿ ਅਖਲਾਕ ਦੇ ਪਰਿਵਾਰ ਵੱਲੋਂ ਦਿੱਤੇ ਗਏ ਬਿਆਨ ਇੱਕ-ਦੂਜੇ ਨਾਲ ਮੇਲ ਨਹੀਂ ਖਾਂਦੇ ਸਨ। ਸਰਕਾਰ ਨੇ ਕਿਹਾ ਕਿ ਅਖਲਾਕ ਦੀ ਪਤਨੀ ਨੇ ਆਪਣੀ ਸ਼ਿਕਾਇਤ ਵਿੱਚ 10 ਲੋਕਾਂ ਦੇ ਨਾਮ ਲਏ ਹਨ, ਜਦੋਂ ਕਿ ਉਨ੍ਹਾਂ ਦੀ ਧੀ ਸ਼ਾਇਸਤਾ ਨੇ 16 ਅਤੇ ਪੁੱਤਰ ਦਾਨਿਸ਼ ਨੇ 19 ਲੋਕਾਂ ਦੇ ਨਾਮ ਲਏ ਹਨ।

ਸਰਕਾਰ ਨੇ ਆਪਣੀ ਅਰਜ਼ੀ ਵਿੱਚ ਲਿਖਿਆ, "ਇੱਕੋ ਪਿੰਡ ਦੇ ਵਸਨੀਕ ਹੋਣ ਦੇ ਬਾਵਜੂਦ ਮੁਦਈ ਅਤੇ ਹੋਰ ਗਵਾਹਾਂ ਨੇ ਆਪਣੇ ਬਿਆਨਾਂ ਵਿੱਚ ਮੁਲਜ਼ਮਾਂ ਦੀ ਗਿਣਤੀ ਬਦਲ ਦਿੱਤੀ ਹੈ।"

ਅਖਲਾਕ ਦੇ ਪਰਿਵਾਰ ਦੇ ਵਕੀਲ ਮੁਹੰਮਦ ਯੂਸਫ਼ ਸੈਫ਼ੀ ਨੇ ਕਿਹਾ ਕਿ ਇਹ ਸੁਭਾਵਿਕ ਹੈ ਕਿ ਹਰ ਗਵਾਹ ਨੇ ਘਟਨਾ ਸਮੇਂ ਸਾਰੇ ਮੁਲਜ਼ਮਾਂ ਨੂੰ ਨਹੀਂ ਦੇਖਿਆ ਹੋਵੇਗਾ।

ਉਨ੍ਹਾਂ ਕਿਹਾ, "ਇਹ ਦੇਖਣ ਦੀ ਲੋੜ ਹੈ ਕਿ ਜਿਨ੍ਹਾਂ ਲੋਕਾਂ ਦੇ ਨਾਮ ਲਏ ਗਏ ਹਨ, ਉਨ੍ਹਾਂ ਵਿਰੁੱਧ ਕੋਈ ਸਬੂਤ ਹੈ ਜਾਂ ਨਹੀਂ।"

ਅਰਜ਼ੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੁਲਿਸ ਨੇ ਮੁਲਜ਼ਮਾਂ ਤੋਂ ਪੰਜ ਡੰਡੇ, ਲੋਹੇ ਦੀਆਂ ਰਾਡਾਂ ਅਤੇ ਇੱਟਾਂ ਬਰਾਮਦ ਕੀਤੀਆਂ ਹਨ ਪਰ ਕੋਈ ਪਿਸਤੌਲ ਜਾਂ ਤਲਵਾਰ ਨਹੀਂ। ਅਖਲਾਕ ਦੀ ਪਤਨੀ ਨੇ ਆਪਣੀ ਸ਼ਿਕਾਇਤ ਵਿੱਚ ਪਿਸਤੌਲ ਅਤੇ ਤਲਵਾਰ ਦਾ ਜ਼ਿਕਰ ਕੀਤਾ ਸੀ।

ਅਖਲਾਕ ਦੇ ਪਰਿਵਾਰ ਵਿਰੁੱਧ ਕੇਸ

ਇਸ ਤੋਂ ਬਾਅਦ ਇਹ ਕਿਹਾ ਗਿਆ ਕਿ ਫੋਰੈਂਸਿਕ ਰਿਪੋਰਟਾਂ ਨੇ ਪੁਸ਼ਟੀ ਕੀਤੀ ਹੈ ਕਿ ਘਟਨਾ ਸਥਾਨ ਤੋਂ ਬਰਾਮਦ ਕੀਤਾ ਗਿਆ ਮਾਸ ਗਊ ਮਾਸ ਸੀ।

2016 ਵਿੱਚ ਅਖਲਾਕ ਦੇ ਪਰਿਵਾਰ ਵਿਰੁੱਧ ਗਊ ਹੱਤਿਆ ਕਾਨੂੰਨ ਤਹਿਤ ਇੱਕ ਕੇਸ ਦਰਜ ਕੀਤਾ ਗਿਆ ਸੀ, ਜੋ ਅਜੇ ਵੀ ਅਦਾਲਤ ਵਿੱਚ ਵਿਚਾਰ ਅਧੀਨ ਹੈ।

ਹਾਲਾਂਕਿ ਪਰਿਵਾਰ ਲਗਾਤਾਰ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕਰਦਾ ਆਇਆ ਹੈ। ਮੁਹੰਮਦ ਯੂਸਫ਼ ਸੈਫ਼ੀ ਨੇ ਇਲਜ਼ਾਮ ਲਗਾਇਆ ਕਿ ਇਹ ਮਾਮਲਾ ਪਰਿਵਾਰ 'ਤੇ 'ਦਬਾਅ' ਪਾਉਣ ਲਈ ਦਰਜ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਸਥਾਨਕ ਪਸ਼ੂਆਂ ਦੇ ਡਾਕਟਰ ਦੀ ਮੁੱਢਲੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਾਸ ਬੱਕਰੀ ਦਾ ਸੀ, ਗਾਂ ਦਾ ਮਾਸ ਨਹੀਂ ਸੀ।

ਉਨ੍ਹਾਂ ਕਿਹਾ ਕਿ ਹੁਣ ਇਹ ਅਦਾਲਤ 'ਤੇ ਨਿਰਭਰ ਕਰਦਾ ਹੈ ਕਿ ਉਹ ਸਰਕਾਰ ਵੱਲੋਂ ਦਿੱਤੀ ਗਈ ਅਰਜ਼ੀ ਨੂੰ ਸਵੀਕਾਰ ਕਰਦੀ ਹੈ ਜਾਂ ਨਹੀਂ।

ਮੁਹੰਮਦ ਯੂਸਫ਼ ਸੈਫ਼ੀ ਨੇ ਵੀ ਅਰਜ਼ੀ 'ਤੇ ਹੈਰਾਨੀ ਪ੍ਰਗਟ ਕੀਤੀ ਹੈ।

ਉਨ੍ਹਾਂ ਪੁੱਛਿਆ, "ਕੀ ਇਸ ਤਰ੍ਹਾਂ ਦਾ ਇੰਨਾ ਗੰਭੀਰ ਮੌਬ ਲਿੰਚਿੰਗ ਦਾ ਮਾਮਲਾ ਵਾਪਸ ਲਿਆ ਜਾਵੇਗਾ?"

ਇਸ ਮਾਮਲੇ ਵਿੱਚ ਅਖਲਾਕ ਦਾ ਪਰਿਵਾਰ ਵੀ ਆਸਵੰਦ ਹੈ।

ਜਾਨ ਮੁਹੰਮਦ ਨੇ ਕਿਹਾ, "ਮੈਨੂੰ ਅਜੇ ਵੀ ਅਦਾਲਤ ਵਿੱਚ ਭਰੋਸਾ ਹੈ। ਮੈਨੂੰ ਵਿਸ਼ਵਾਸ ਹੈ ਕਿ ਇੱਕ ਦਿਨ ਇਨਸਾਫ਼ ਜ਼ਰੂਰ ਮਿਲੇਗਾ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)