ਬਗਲੀਹਾਰ ਡੈਮ: ਭਾਰਤ ਦੇ ਇਸ ਡੈਮ ਤੋਂ ਪਾਕਿਸਤਾਨ ਕਿਉਂ ਡਰਦਾ ਹੈ?

ਤਸਵੀਰ ਸਰੋਤ, ANI
ਪਹਿਲਗਾਮ ਹਮਲੇ ਤੋਂ ਬਾਅਦ, ਭਾਰਤ ਨੇ ਪਾਕਿਸਤਾਨ ਨਾਲ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰ ਦਿੱਤਾ ਹੈ, ਜਿਸ ਤੋਂ ਬਾਅਦ ਪਾਕਿਸਤਾਨ ਖਦਸ਼ਾ ਪ੍ਰਗਟ ਕਰ ਰਿਹਾ ਹੈ ਕਿ ਭਾਰਤ ਉਸ ਵੱਲ ਆ ਰਹੇ ਪਾਣੀ ਦਾ ਰੁਖ਼ ਮੋੜ ਸਕਦਾ ਹੈ।
ਹੁਣ ਅਜਿਹੀਆਂ ਰਿਪੋਰਟਾਂ ਅਤੇ ਵੀਡੀਓ ਸਾਹਮਣੇ ਆਈਆਂ ਹਨ ਜਿਸ ਵਿੱਚ ਜੰਮੂ ਦੇ ਰਾਮਬਨ ਵਿੱਚ ਚਨਾਬ ਨਦੀ 'ਤੇ ਬਣੇ ਬਗਲੀਹਾਰ ਡੈਮ ਦੇ ਸਾਰੇ ਗੇਟ ਬੰਦ ਦਿਖਾਈ ਦੇ ਰਹੇ ਹਨ।
ਨਿਊਜ਼ ਏਜੰਸੀ ਰਾਇਟਰਜ਼ ਦੇ ਮੁਤਾਬਕ, ਸਿੰਧੂ ਜਲ ਸੰਧੀ ਦੇ ਮੁਅੱਤਲ ਹੋਣ ਤੋਂ ਬਾਅਦ ਪਹਿਲੀ ਵਾਰ, ਭਾਰਤ ਨੇ ਇਸ ਸੰਧੀ ਦੇ ਤਹਿਤ ਕਿਸੇ ਡੈਮ 'ਤੇ ਕੁਝ ਕੰਮ ਸ਼ੁਰੂ ਕੀਤਾ ਹੈ।
ਨਿਊਜ਼ ਏਜੰਸੀ ਪੀਟੀਆਈ ਨੇ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਭਾਰਤ ਉੱਤਰੀ ਕਸ਼ਮੀਰ ਵਿੱਚ ਜੇਹਲਮ ਦਰਿਆ 'ਤੇ ਬਣੇ ਕਿਸ਼ਨਗੰਗਾ ਡੈਮ ਦੇ ਗੇਟਾਂ ਨੂੰ ਇਸੇ ਤਰ੍ਹਾਂ ਬੰਦ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਖ਼ਬਰ ਏਜੰਸੀ ਪੀਟੀਆਈ ਨੇ ਮਾਮਲੇ ਨਾਲ ਜੁੜੇ ਇੱਕ ਸੂਤਰ ਦੇ ਹਵਾਲੇ ਨਾਲ ਰਿਪੋਰਟ ਕੀਤਾ ਹੈ ਕਿ ਬਗਲੀਹਾਰ ਅਤੇ ਕਿਸ਼ਨਗੰਗਾ ਪਣ-ਬਿਜਲੀ ਡੈਮ ਹਨ ਜੋ ਭਾਰਤ ਨੂੰ ਪਾਣੀ ਛੱਡਣ ਦਾ ਸਮਾਂ ਤੈਅ ਕਰਨ ਦੀ ਤਾਕਤ ਦਿੰਦੇ ਹਨ।
ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਹਾਲ ਹੀ ਵਿੱਚ ਕਿਹਾ ਹੈ ਕਿ ਜੇਕਰ ਭਾਰਤ ਪਾਕਿਸਤਾਨ ਵਿੱਚ ਦਾਖਲ ਹੋਣ ਵਾਲੇ ਪਾਣੀ ਨੂੰ ਰੋਕਣ ਜਾਂ ਉਸ ਦਾ ਰੁਖ਼ ਬਦਲਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਸਨੂੰ ਜੰਗ ਮੰਨਿਆ ਜਾਵੇਗਾ।
ਉਨ੍ਹਾਂ ਕਿਹਾ, "ਜੰਗ ਸਿਰਫ਼ ਤੋਪਾਂ ਦੇ ਗੋਲੇ ਜਾਂ ਬੰਦੂਕਾਂ ਚਲਾਉਣ ਤੱਕ ਸੀਮਤ ਨਹੀਂ ਹੈ, ਇਸ ਦੇ ਕਈ ਰੂਪ ਹਨ, ਇਹ ਉਨ੍ਹਾਂ ਵਿੱਚੋਂ ਇੱਕ ਹੈ। ਇਸ ਕਾਰਨ ਦੇਸ਼ ਦੇ ਲੋਕ ਭੁੱਖ ਜਾਂ ਪਿਆਸ ਨਾਲ ਮਰ ਸਕਦੇ ਹਨ।"

ਬਗਲੀਹਾਰ ਡੈਮ ਕੀ ਹੈ?
1960 ਵਿੱਚ, ਵਿਸ਼ਵ ਬੈਂਕ ਦੀ ਵਿਚੋਲਗੀ ਅਧੀਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਿੰਧੂ ਜਲ ਸੰਧੀ 'ਤੇ ਦਸਤਖ਼ਤ ਕੀਤੇ ਗਏ ਸਨ।
ਇਸ ਸਮਝੌਤੇ ਤਹਿਤ, ਦੋਵਾਂ ਦੇਸ਼ਾਂ ਵਿਚਕਾਰ ਸਿੰਧੂ ਅਤੇ ਇਸ ਦੀਆਂ ਸਹਾਇਕ ਨਦੀਆਂ ਦੀ ਵਰਤੋਂ ਬਾਰੇ ਇੱਕ ਸਮਝੌਤਾ ਹੋਇਆ ਸੀ।
ਬਗਲੀਹਾਰ ਡੈਮ ਦੋਵਾਂ ਗੁਆਂਢੀ ਦੇਸ਼ਾਂ ਵਿਚਕਾਰ ਲੰਬੇ ਸਮੇਂ ਤੋਂ ਵਿਵਾਦ ਦਾ ਵਿਸ਼ਾ ਰਿਹਾ ਹੈ। ਪਾਕਿਸਤਾਨ ਪਹਿਲਾਂ ਵੀ ਇਸ ਮਾਮਲੇ ਵਿੱਚ ਵਿਸ਼ਵ ਬੈਂਕ ਦੇ ਦਖਲ ਦੀ ਮੰਗ ਕਰ ਚੁੱਕਾ ਹੈ ਅਤੇ ਕੁਝ ਸਮੇਂ ਲਈ ਵਿਸ਼ਵ ਬੈਂਕ ਨੇ ਵੀ ਇਸ ਮਾਮਲੇ ਵਿੱਚ ਦਖ਼ਲਅੰਦਾਜੀ ਕੀਤੀ ਸੀ।
ਇਸ ਤੋਂ ਇਲਾਵਾ, ਪਾਕਿਸਤਾਨ ਨੇ ਕਿਸ਼ਨਗੰਗਾ ਡੈਮ ਬਾਰੇ ਵੀ ਇਤਰਾਜ਼ ਉਠਾਏ ਹਨ। ਪਾਕਿਸਤਾਨ ਇਸਦੀ ਜਾਂਚ ਦੀ ਮੰਗ ਕਰਦਾ ਰਿਹਾ ਹੈ। ਇਹ ਦੋਵੇਂ ਡੈਮ ਪਣ-ਬਿਜਲੀ ਨਾਲ ਚੱਲਣ ਵਾਲੇ ਹਨ। ਯਾਨੀ ਇਨ੍ਹਾਂ ਤੋਂ ਬਿਜਲੀ ਪੈਦਾ ਹੁੰਦੀ ਹੈ।
ਬਗਲੀਹਾਰ ਡੈਮ ਦੇ ਭੰਡਾਰ ਵਿੱਚ 475 ਮਿਲੀਅਨ ਘਣ ਮੀਟਰ ਪਾਣੀ ਰੱਖਣ ਦੀ ਸਮਰੱਥਾ ਹੈ। ਨਾਲ ਹੀ ਇਸਦੀ ਬਿਜਲੀ ਉਤਪਾਦਨ ਸਮਰੱਥਾ 900 ਮੈਗਾਵਾਟ ਹੈ। ਡੈਮ ਤੋਂ ਬਿਜਲੀ ਪੈਦਾ ਕਰਨ ਦੀ ਯੋਜਨਾ ਨੂੰ 'ਬਗਲੀਹਾਰ ਹਾਈਡ੍ਰੋ ਇਲੈਕਟ੍ਰਿਕ ਪਾਵਰ ਪ੍ਰੋਜੈਕਟ' ਦਾ ਨਾਮ ਦਿੱਤਾ ਗਿਆ ਹੈ।
ਇਹ ਪ੍ਰੋਜੈਕਟ 1992 ਤੋਂ ਵਿਚਾਰ ਅਧੀਨ ਸੀ, ਅੰਤ ਵਿੱਚ ਇਸ 'ਤੇ 1999 ਵਿੱਚ ਕੰਮ ਸ਼ੁਰੂ ਹੋ ਸਕਿਆ। ਇਸ ਤੋਂ ਬਾਅਦ, ਇਸ 'ਤੇ ਕੰਮ ਕਈ ਪੜਾਵਾਂ ਵਿੱਚ ਜਾਰੀ ਰਿਹਾ ਅਤੇ ਆਖ਼ਿਰ ਇਹ ਡੈਮ ਸਾਲ 2008 ਵਿੱਚ ਪੂਰੀ ਤਰ੍ਹਾਂ ਤਿਆਰ ਹੋ ਗਿਆ।

ਫਾਟਕ ਕਿਉਂ ਬੰਦ ਕੀਤੇ ਗਏ ਸਨ?
ਅੰਗਰੇਜ਼ੀ ਅਖ਼ਬਾਰ ਹਿੰਦੁਸਤਾਨ ਟਾਈਮਜ਼ ਨੇ ਬਗਲੀਹਾਰ ਡੈਮ ਦੇ ਗੇਟ ਬੰਦ ਕਰਨ ਬਾਰੇ ਇੱਕ ਵਿਸਤ੍ਰਿਤ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ।
ਰਿਪੋਰਟ ਵਿੱਚ ਨੈਸ਼ਨਲ ਹਾਈਡ੍ਰੋ ਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਭੰਡਾਰ ਵਿੱਚੋਂ ਗਾਰ ਕੱਢਣ ਲਈ ਗੇਟ ਬੰਦ ਕਰ ਦਿੱਤੇ ਗਏ ਸਨ, ਜਿਸ ਕਾਰਨ ਪਾਕਿਸਤਾਨ ਵੱਲ ਪਾਣੀ ਦਾ ਵਹਾਅ 90 ਫ਼ੀਸਦ ਘੱਟ ਗਿਆ ਹੈ।
ਅਧਿਕਾਰੀ ਨੇ ਅਖ਼ਬਾਰ ਨੂੰ ਇਹ ਵੀ ਦੱਸਿਆ ਕਿ ਕਿਸ਼ਨਗੰਗਾ ਡੈਮ ਲਈ ਵੀ ਇਸੇ ਤਰ੍ਹਾਂ ਦੀ ਯੋਜਨਾ ਬਣਾਈ ਜਾ ਰਹੀ ਹੈ।
ਇੱਕ ਹੋਰ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਅਖਬਾਰ ਨੂੰ ਦੱਸਿਆ, "ਬਗਲੀਹਾਰ ਹਾਈਡਲ ਪਾਵਰ ਪ੍ਰੋਜੈਕਟ ਦੇ ਗੇਟ ਬੰਦ ਕਰ ਦਿੱਤੇ ਗਏ ਹਨ। ਅਸੀਂ ਭੰਡਾਰ ਵਿੱਚੋਂ ਗਾਰ ਕੱਢਣ ਦਾ ਕੰਮ ਕਰ ਲਿਆ ਹੈ ਅਤੇ ਹੁਣ ਇਸਨੂੰ ਪਾਣੀ ਨਾਲ ਭਰਨਾ ਹੈ। ਇਹ ਪ੍ਰਕਿਰਿਆ ਸ਼ਨੀਵਾਰ ਨੂੰ ਸ਼ੁਰੂ ਹੋਈ ਸੀ।"
ਦਿ ਟ੍ਰਿਬਿਊਨ ਦੀ ਇੱਕ ਰਿਪੋਰਟ ਦੇ ਮੁਤਾਬਕ, ਗਾਰ ਕੱਢਣ ਦੀ ਪ੍ਰੀਕਿਰਿਆ ਅਤੇ ਪਾਣੀ ਭਰਨ ਦੀ ਇਹ ਪ੍ਰਕਿਰਿਆ ਪਹਿਲੀ ਵਾਰ ਨਹੀਂ ਕੀਤੀ ਜਾ ਰਹੀ ਹੈ ਪਰ ਇਹ ਆਮ ਤੌਰ 'ਤੇ ਉੱਤਰੀ ਭਾਰਤ ਦੇ ਡੈਮਾਂ 'ਚ ਅਗਸਤ ਦੇ ਮਹੀਨੇ ਵਿੱਚ ਕੀਤੀ ਜਾਂਦੀ ਹੈ।
ਮਈ ਤੋਂ ਸਤੰਬਰ ਦੇ ਮਹੀਨਿਆਂ ਦੌਰਾਨ ਉੱਤਰੀ ਭਾਰਤ ਦੇ ਡੈਮਾਂ ਦੇ ਭੰਡਾਰਾਂ ਵਿੱਚ ਸਭ ਤੋਂ ਵੱਧ ਪਾਣੀ ਭਰਿਆ ਜਾਂਦਾ ਹੈ, ਕਿਉਂਕਿ ਇਸ ਸਮੇਂ ਦੌਰਾਨ ਮਾਨਸੂਨ ਦਾ ਮੌਸਮ ਵੀ ਹੁੰਦਾ ਹੈ। ਹੁਣ ਬਗਲੀਹਾਰ ਦੇ ਭੰਡਾਰ ਵਿੱਚ ਪਾਣੀ ਭਰਨ ਦੀ ਪ੍ਰਕਿਰਿਆ ਵਿੱਚ ਅਗਸਤ ਮਹੀਨੇ ਦੇ ਮੁਕਾਬਲੇ ਜ਼ਿਆਦਾ ਸਮਾਂ ਲੱਗੇਗਾ।

ਤਸਵੀਰ ਸਰੋਤ, ANI
ਪਾਕਿਸਤਾਨ ਨੂੰ ਕਿਸ ਗੱਲ ਤੋਂ ਡਰ ਲੱਗਦਾ ਹੈ?
ਚਨਾਬ ਸਿੰਧੂ ਜਲ ਸੰਧੀ ਦੇ ਪੱਛਮੀ ਦਰਿਆਵਾਂ ਵਿੱਚੋਂ ਇੱਕ ਹੈ।
ਇਹ ਸਮਝੌਤਾ ਖੇਤੀਬਾੜੀ, ਘਰੇਲੂ ਅਤੇ ਬਿਜਲੀ ਉਤਪਾਦਨ ਲਈ ਪਾਣੀ ਦੀ ਵਰਤੋਂ ਸੰਭਵ ਬਣਾਉਂਦਾ ਹੈ। ਹਾਲਾਂਕਿ, ਪਾਕਿਸਤਾਨ 1992 ਤੋਂ ਬਗਲੀਹਾਰ ਡੈਮ 'ਤੇ ਇਤਰਾਜ਼ ਕਰ ਰਿਹਾ ਹੈ।
ਇਸ ਡੈਮ 'ਤੇ ਸਮਝੌਤੇ 'ਤੇ ਪਹੁੰਚਣ ਲਈ ਵਿਸ਼ਵ ਬੈਂਕ ਦੀ ਵਿਚੋਲਗੀ ਹੇਠ ਦੋਵਾਂ ਦੇਸ਼ਾਂ ਦਰਮਿਆਨ ਕਈ ਦੌਰ ਦੀ ਗੱਲਬਾਤ ਹੋਈ।
ਪਾਕਿਸਤਾਨ ਕਹਿੰਦਾ ਰਿਹਾ ਹੈ ਕਿ ਜੇਕਰ ਭਾਰਤ ਤੋਂ ਪਾਣੀ ਆਉਂਦਾ ਹੈ, ਤਾਂ ਉਹ ਪਾਣੀ ਦੀ ਕਮੀ ਦੇ ਸਮੇਂ ਇਸਨੂੰ ਰੋਕ ਸਕਦਾ ਹੈ ਅਤੇ ਜ਼ਿਆਦਾ ਪਾਣੀ ਹੋਣ ਦੀ ਸੂਰਤ ਵਿੱਚ ਇਸਨੂੰ ਕਿਸੇ ਵੀ ਸਮੇਂ ਛੱਡ ਸਕਦਾ ਹੈ।
ਭਾਰਤ ਦੀ ਦਲੀਲ ਇਹ ਰਹੀ ਹੈ ਕਿ ਉਹ ਪਾਕਿਸਤਾਨ ਦੇ ਅਜਿਹੇ ਡਰ ਨੂੰ ਦੂਰ ਕਰਨ ਲਈ ਕੋਈ ਹੱਲ ਨਹੀਂ ਦੇ ਸਕਦਾ।
ਦੋਵਾਂ ਦੇਸ਼ਾਂ ਵਿਚਕਾਰ ਕਾਫ਼ੀ ਬਹਿਸ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ, 1999 ਵਿੱਚ ਡੈਮ ਬਣਾਉਣ ਲਈ ਇੱਕ ਸਮਝੌਤਾ ਹੋਇਆ ਅਤੇ ਅੰਤ ਵਿੱਚ ਇਸਦਾ ਨਿਰਮਾਣ ਸ਼ੁਰੂ ਹੋ ਗਿਆ, ਪਰ ਇਸ ਤੋਂ ਬਾਅਦ ਵੀ, ਪਾਕਿਸਤਾਨ ਨੂੰ ਇਸ 'ਤੇ ਕਈ ਇਤਰਾਜ਼ ਸਨ।
ਪਾਕਿਸਤਾਨ ਨੂੰ ਹਮੇਸ਼ਾ ਚਿੰਤਾ ਰਹੀ ਹੈ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਪਾਕਿਸਤਾਨ ਵੱਲ ਪਾਣੀ ਦਾ ਵਹਾਅ ਘੱਟ ਜਾਵੇਗਾ।

ਤਸਵੀਰ ਸਰੋਤ, Getty Images
ਸਿੰਧੂ ਜਲ ਸੰਧੀ ਦੇ ਤਹਿਤ, ਸਿੰਧੂ ਬੇਸਿਨ ਦੇ ਤਿੰਨ ਪੂਰਬੀ ਦਰਿਆਵਾਂ, ਰਾਵੀ, ਬਿਆਸ ਅਤੇ ਸਤਲੁਜ ਦਾ ਪਾਣੀ ਭਾਰਤ ਨੂੰ ਅਲਾਟ ਕੀਤਾ ਗਿਆ ਸੀ। ਇਸ ਦੇ ਨਾਲ ਹੀ, ਤਿੰਨ ਪੱਛਮੀ ਨਦੀਆਂ ਸਿੰਧੂ, ਜੇਹਲਮ ਅਤੇ ਚਨਾਬ ਦੇ 80 ਫ਼ੀਸਦ ਪਾਣੀ ਨੂੰ ਪਾਕਿਸਤਾਨ ਨੂੰ ਅਲਾਟ ਕਰ ਦਿੱਤਾ ਗਿਆ।
ਸਿੰਧੂ ਜਲ ਸੰਧੀ ਦੇ ਮੁਤਾਬਕ, ਭਾਰਤ ਕੁਝ ਅਪਵਾਦਾਂ ਨੂੰ ਛੱਡ ਕੇ, ਪੂਰਬੀ ਦਰਿਆਵਾਂ ਦੇ ਪਾਣੀ ਦੀ ਵਰਤੋਂ ਬਿਨਾਂ ਕਿਸੇ ਰੁਕਾਵਟ ਦੇ ਕਰ ਸਕਦਾ ਹੈ। ਇਸ ਦੇ ਨਾਲ ਹੀ, ਭਾਰਤ ਨੂੰ ਪੱਛਮੀ ਦਰਿਆਵਾਂ ਦੇ ਪਾਣੀ ਦੀ ਵਰਤੋਂ ਕਰਨ ਦੇ ਕੁਝ ਸੀਮਤ ਅਧਿਕਾਰ ਵੀ ਦਿੱਤੇ ਗਏ ਸਨ। ਜਿਵੇਂ ਬਿਜਲੀ ਪੈਦਾ ਕਰਨਾ, ਖੇਤੀਬਾੜੀ ਲਈ ਸੀਮਤ ਪਾਣੀ।
ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਿੰਚਾਈ ਮੰਤਰੀ ਮੁਹੰਮਦ ਕਾਜ਼ਿਮ ਪੀਰਜ਼ਾਦਾ ਨੇ ਬੀਬੀਸੀ ਪੱਤਰਕਾਰ ਆਜ਼ਮ ਖ਼ਾਨ ਨਾਲ ਗੱਲ ਕਰਦਿਆਂ ਦਾਅਵਾ ਕੀਤਾ,"ਭਾਰਤ ਪਿਛਲੇ ਤਿੰਨ ਦਿਨਾਂ ਤੋਂ ਚਨਾਬ ਦੇ ਪਾਣੀ ਦੇ ਵਹਾਅ ਨਾਲ ਛੇੜਛਾੜ ਕਰ ਰਿਹਾ ਹੈ ਅਤੇ ਸਪੱਸ਼ਟ ਤੌਰ 'ਤੇ ਇਸਦਾ ਉਦੇਸ਼ ਪਾਕਿਸਤਾਨ ਨੂੰ ਨੁਕਸਾਨ ਪਹੁੰਚਾਉਣਾ ਹੈ।"
ਸੂਬਾਈ ਮੰਤਰੀ ਦਾ ਦਾਅਵਾ ਹੈ ਕਿ ਭਾਰਤ ਜੋ ਕਰ ਰਿਹਾ ਹੈ ਉਹ ਸਿੰਧੂ ਜਲ ਸੰਧੀ ਦੀ ਉਲੰਘਣਾ ਹੈ।
ਉਨ੍ਹਾਂ ਕਿਹਾ, "ਭਾਰਤ ਕੋਲ ਇਸ ਵੇਲੇ ਵਗਦੇ ਦਰਿਆ ਨੂੰ ਰੋਕਣ ਦੀ ਸਮਰੱਥਾ ਨਹੀਂ ਹੈ, ਪਰ ਉਹ ਸਾਡੇ ਨਾਲ ਚਲਾਕੀ ਕਰ ਰਹੇ ਹਨ।"

ਤਸਵੀਰ ਸਰੋਤ, Getty Images
ਹੁਣ ਭਾਰਤ ਦੀ ਕੀ ਯੋਜਨਾ ਹੈ?
ਬਗਲੀਹਾਰ ਤੋਂ ਇਲਾਵਾ, ਚਨਾਬ ਨਦੀ 'ਤੇ ਕਈ ਹੋਰ ਪਣ-ਬਿਜਲੀ ਪ੍ਰੋਜੈਕਟਾਂ 'ਤੇ ਕੰਮ ਚੱਲ ਰਿਹਾ ਹੈ। ਚਨਾਬ ਅਤੇ ਇਸ ਦੀਆਂ ਸਹਾਇਕ ਨਦੀਆਂ 'ਤੇ ਚਾਰ ਅਜਿਹੇ ਪ੍ਰੋਜੈਕਟ ਚੱਲ ਰਹੇ ਹਨ, ਜੋ 2027-28 ਤੱਕ ਕੰਮ ਕਰਨਾ ਸ਼ੁਰੂ ਕਰ ਦੇਣਗੇ।
ਇਹ ਪ੍ਰੋਜੈਕਟ ਪਾਕਲ ਡੂਲ (1000 ਮੈਗਾਵਾਟ), ਕੀਰੂ (624 ਮੈਗਾਵਾਟ), ਕਵਾਰ (540 ਮੈਗਾਵਾਟ) ਅਤੇ ਰੈਟਲੇ (850 ਮੈਗਾਵਾਟ) ਹਨ ਜੋ ਨੈਸ਼ਨਲ ਹਾਈਡ੍ਰੋ ਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਅਤੇ ਜੰਮੂ ਅਤੇ ਕਸ਼ਮੀਰ ਰਾਜ ਬਿਜਲੀ ਵਿਕਾਸ ਨਿਗਮ ਦੁਆਰਾ ਸਾਂਝੇ ਤੌਰ 'ਤੇ ਵਿਕਸਤ ਕੀਤੇ ਜਾ ਰਹੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2018 ਵਿੱਚ ਪਾਕਲ ਡੂਲ ਪ੍ਰੋਜੈਕਟ, 2019 ਵਿੱਚ ਕੀਰੂ ਅਤੇ 2022 ਵਿੱਚ ਕਵਾਰ ਹਾਈਡਲ ਪਾਵਰ ਪ੍ਰੋਜੈਕਟ ਦੀ ਨੀਂਹ ਰੱਖੀ।
ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ ਦੇ ਮੁਤਾਬਕ, ਪਾਕਲ ਦੁਲ ਵਿਖੇ 66 ਫ਼ੀਸਦ, ਕੀਰੂ ਵਿਖੇ 55 ਫ਼ੀਸਦ, ਕਵਾਰ ਵਿਖੇ 19 ਫ਼ੀਸਦ ਅਤੇ ਰਾਤਲੇ ਵਿਖੇ 21 ਫ਼ੀਸਦ ਕੰਮ ਪੂਰਾ ਹੋ ਚੁੱਕਾ ਹੈ।
ਪਾਕਿਸਤਾਨ ਨੇ ਵੀ ਇਨ੍ਹਾਂ ਪ੍ਰੋਜੈਕਟਾਂ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦਾ ਵਿਰੋਧ ਖ਼ਾਸ ਤੌਰ 'ਤੇ ਰੈਟਲੇ ਅਤੇ ਕਿਸ਼ਨਗੰਗਾ ਪ੍ਰੋਜੈਕਟਾਂ ਦੇ ਸਬੰਧ ਵਿੱਚ ਰਿਹਾ ਹੈ। ਇਸ ਵਿੱਚ ਇਲਜ਼ਾਮ ਲਗਾਇਆ ਗਿਆ ਹੈ ਕਿ ਇਨ੍ਹਾਂ ਡੈਮਾਂ ਦੇ ਡਿਜ਼ਾਈਨ ਸਿੰਧੂ ਜਲ ਸੰਧੀ ਦੀ ਉਲੰਘਣਾ ਕਰਦੇ ਹਨ।
ਬਗਲੀਹਾਰ ਤੋਂ ਇਲਾਵਾ, ਪਾਕਲ ਡੁਲ, ਕੀਰੂ, ਕਵਾਰ ਅਤੇ ਰਾਤਲੇ ਦੀ ਬਿਜਲੀ ਉਤਪਾਦਨ ਸਮਰੱਥਾ 3,014 ਮੈਗਾਵਾਟ ਹੈ। ਇਹ ਅਨੁਮਾਨ ਹੈ ਕਿ ਇਨ੍ਹਾਂ ਪ੍ਰੋਜੈਕਟਾਂ ਤੋਂ ਹਰ ਸਾਲ 10,541 ਮਿਲੀਅਨ ਯੂਨਿਟ ਬਿਜਲੀ ਪੈਦਾ ਹੋਵੇਗੀ।
ਇਹ ਵੀ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਕੱਲੇ ਜੰਮੂ ਅਤੇ ਕਸ਼ਮੀਰ ਵਿੱਚ 18,000 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਹੈ, ਜਿਸ ਵਿੱਚੋਂ 11,823 ਮੈਗਾਵਾਟ ਇਕੱਲੇ ਚਨਾਬ ਬੇਸਿਨ ਵਿੱਚ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












