ਨਾਬਾਲਗ ਕੁੜੀਆਂ ਨਾਲ ਜਿਨਸੀ ਸਬੰਧ ਬਣਾਉਣ ਦਾ ਦੋਸ਼ੀ ਅਮਰੀਕੀ ਕਰੋੜਪਤੀ ਮੌਤ ਤੋਂ ਬਾਅਦ ਚਰਚਾ 'ਚ ਕਿਉਂ

ਹਾਲ ਹੀ ਵਿੱਚ ਜਨਤਕ ਹੋਏ ਜੈਫ਼ਰੀ ਏਪਸਟੀਨ ਨਾਲ ਸਬੰਧਤ ਕੁਝ ਅਦਾਲਤੀ ਦਸਤਾਵੇਜ਼ਾਂ ਨੇ ਇਸ ਵਿਵਾਦਤ ਸ਼ਖ਼ਸੀਅਤ ਦੇ ਅਪਰਾਧਾਂ ਅਤੇ ਉਨ੍ਹਾਂ ਨਾਲ ਜੋੜੇ ਜਾਂਦੇ ਚਰਚਿਤ ਨਾਵਾਂ ਬਾਰੇ ਬਹਿਸ ਛੇੜ ਦਿੱਤੀ ਹੈ।

ਜ਼ੈਫ਼ਰੀ ਏਪਸਟੀਨ ਅਮਰੀਕਾ ਦੇ ਦੌਲਤਮੰਦ ਇਨਸਾਨਾਂ ਵਿੱਚੋਂ ਇੱਕ ਸਨ।

ਉਨ੍ਹਾਂ ਦੀ ਡੋਨਲਡ ਟਰੰਪ ਅਤੇ ਬਿਲ ਕਲਿੰਟਨ ਜਿਹੀਆਂ ਪ੍ਰਸਿੱਧ ਸ਼ਖ਼ਸੀਅਤਾਂ ਨਾਲ ਵੀ ਨੇੜਤਾ ਸੀ।

ਏਪਸਟੀਨ ਨੇ ਨਿਊਯਾਰਕ ਦੀ ਜੇਲ੍ਹ ਵਿੱਚ ਅਗਸਤ 2019 ਵਿੱਚ ਖ਼ੁਦਕੁਸ਼ੀ ਕਰ ਲਈ ਸੀ।

ਉਸ ਸਮੇਂ ਉਹ ਬਿਨਾ ਜ਼ਮਾਨਤ ਦੀ ਆਸ ਦੇ ‘ਸੈਕਸ ਟ੍ਰੈਫਿਕਿੰਗ’ (ਤਸਕਰੀ) ਦੇ ਕੇਸ ਵਿੱਚ ਆਪਣਾ ਮੁਕੱਦਮਾ ਚੱਲਣ ਦੀ ਉਡੀਕ ਕਰ ਰਿਹਾ ਸੀ।

ਇਸ ਤੋਂ ਇੱਕ ਦਹਾਕਾ ਪਹਿਲਾਂ ਉਨ੍ਹਾਂ ਨੂੰ ਘੱਟ ਉਮਰ ਦੀ ਇੱਕ ਕੁੜੀ ਨਾਲ ਪੈਸਿਆਂ ਦੇ ਬਦਲੇ ਜਿਨਸੀ ਸਬੰਧ ਬਣਾਉਣ ਦਾ ਦੋਸ਼ੀ ਠਹਿਰਾਇਆ ਗਿਆ ਸੀ।

ਉਨ੍ਹਾਂ ਨੂੰ 'ਜਿਨਸੀ ਅਪਰਾਧੀ' ਵਜੋਂ ਵੀ ਰਜਿਸਟਰ ਕੀਤਾ ਗਿਆ ਸੀ।

2015 ਦੇ ਮੁਕੱਦਮੇ ਨਾਲ ਸਬੰਧਤ ਇਨ੍ਹਾ ਦਸਤਾਵੇਜ਼ਾਂ ਵਿੱਚ ਪ੍ਰਿੰਸ ਐਂਡਰਿਊ, ਸਾਬਕਾ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਅਤੇ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਦੇ ਨਾਮ ਜੈਫ਼ਰੀ ਏਪਸਟੀਨ ਦੇ ਦੋਸਤਾਂ, ਸਾਥੀਆਂ ਅਤੇ ਕਥਿਤ ਪੀੜਤਾਂ ਵਜੋਂ ਦਰਜ ਹਨ।

ਇਨ੍ਹਾਂ ਦਸਤਾਵੇਜ਼ਾਂ ਵਿੱਚ ਨਾਮ ਆਉਣ ਦਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਨੇ ਕੋਈ ਅਪਰਾਧ ਕੀਤਾ ਹੋਵੇ।

ਅਧਿਆਪਕ ਤੋਂ ਪ੍ਰਾਈਵੇਟ ਜੈੱਟ ਲੈਣ ਦਾ ਸਫ਼ਰ

ਜੈਫ਼ਰੀ ਏਪਸਟੀਨ ਦਾ ਜਨਮ ਨਿਊਯਾਰਕ ਵਿੱਚ ਹੋਇਆ ਸੀ। ਉਹ ਇੱਥੇ ਹੀ ਜੰਮੇ ਪਲੇ ਸਨ।

ਜੈਫ਼ਰੀ ਪ੍ਰਾਈਵੇਟ ਡੈਲਟਨ ਸਕੂਲ ਵਿੱਚ ਗਣਿਤ ਅਤੇ ਭੌਤਿਕ ਵਿਗਿਆਨ ਦੇ ਪ੍ਰੋਫ਼ੈਸਰ ਸਨ।

ਉਨ੍ਹਾਂ ਨੇ ਯੂਨੀਵਰਸਿਟੀ ਵਿੱਚ ਇਨ੍ਹਾਂ ਵਿਸ਼ਿਆਂ ਦੀ ਪੜ੍ਹਾਈ ਕੀਤੀ ਸੀ। ਹਾਲਾਂਕਿ, ਉਨ੍ਹਾਂ ਦੀ ਡਿਗਰੀ ਮੁਕੰਮਲ ਨਹੀਂ ਹੋਈ ਸੀ।

ਜੈਫ਼ਰੀ ਦੇ ਇੱਕ ਵਿਦਿਆਰਥੀ ਦਾ ਪਿਤਾ ਉਸ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਨ੍ਹਾਂ ਨੇ ਜੈਫ਼ਰੀ ਦਾ ਸੰਪਰਕ ‘ਵਾਲ ਸਟ੍ਰੀਟ’ ਦੇ ਇੱਕ ਨਿਵੇਸ਼ ਬੈਂਕ ਵਿੱਚ ਉੱਚ ਅਹੁਦੇ ਉੱਤੇ ਕੰਮ ਕਰਦੇ ਇੱਕ ਵਿਅਕਤੀ ਨਾਲ ਕਰਵਾਇਆ।

ਚਾਰ ਸਾਲਾਂ ਵਿੱਚ ਹੀ ਜੈਫ਼ਰੀ ਨੇ ਆਪਣੀ ਕੰਪਨੀ ਬਣਾ ਲਈ ਸੀ।

ਉਨ੍ਹਾਂ ਦੀ ਕੰਪਨੀ ਆਪਣੇ ਗਾਹਕਾਂ ਦੀ ਕੁਲ ਇੱਕ ਬਿਲੀਅਨ ਡਾਲਰ ਤੋਂ ਵੱਧ ਦੀ ਜਾਇਦਾਦ ਦੀ ਦੇਖਰੇਖ ਕਰਦੀ ਸੀ।

ਉਨ੍ਹਾਂ ਨੇ ਆਪਣੀ ਆਮਦਨ ਖਰਚਣੀ ਸ਼ੁਰੂ ਕਰ ਦਿੱਤੀ, ਉਨ੍ਹਾਂ ਕੋਲ ਨਿਊ ਯੌਰਕ ਵਿੱਚ ਸਭ ਤੋਂ ਵੱਡਾ ਨਿੱਜੀ ਘਰ ਸੀ, ਉਹ ਵੱਡੇ-ਵੱਡੇ ਕਲਾਕਾਰਾਂ ਅਤੇ ਸਿਆਸੀ ਆਗੂਆਂ ਨਾਲ ਉੱਠਣ ਬੈਠਣ ਲੱਗੇ।

ਡੋਨਲਡ ਟਰੰਪ ਨੇ ਨਿਊਯਾਰਕ ਮੈਗਜ਼ੀਨ ਨੂੰ 2002 ਵਿੱਚ ਜੈਫ਼ਰੀ ਦੀ ਪ੍ਰੋਫਾਈਲ ਬਾਰੇ ਇੱਕ ਲੇਖ ਵਿੱਚ ਦੱਸਿਆ, “ਮੈਂ ਜੈਫ਼ਰੀ ਨੂੰ 15 ਸਾਲਾਂ ਤੋਂ ਜਾਣਦਾ ਹਾਂ, ਉਹ ਸ਼ਾਨਦਾਰ ਇਨਸਾਨ ਹੈ।”

“ਉਸ ਨਾਲ ਰਹਿਣਾ ਬਹੁਤ ਮਜ਼ੇਦਾਰ ਹੈ, ਇਹ ਵੀ ਕਿਹਾ ਜਾਂਦਾ ਹੈ ਕਿ ਉਸ ਨੂੰ ਵੀ ਸੋਹਣੀਆਂ ਔਰਤਾਂ ਉੱਨੀਆਂ ਹੀ ਪਸੰਦ ਹਨ, ਜਿੰਨੀਆਂ ਮੈਨੂੰ ਅਤੇ ਉਨ੍ਹਾਂ ਵਿੱਚੋਂ ਕਈ ਵੱਧ ਜਵਾਨ ਹਨ।”

“ਇਸ ਬਾਰੇ ਕੋਈ ਸ਼ੱਕ ਨਹੀਂ ਹੈ, ਜੈਫ਼ਰੀ ਆਪਣੀ ਸਮਾਜਿਕ ਜ਼ਿੰਦਗੀ ਪਸੰਦ ਕਰਦਾ ਹੈ।”

ਸਾਲ 2002 ਵਿੱਚ ਏਪਸਟੀਨ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ, ਕਲਾਕਾਰ ਕੈਵਿਨ ਸਪੇਸੀ ਅਤੇ ਕ੍ਰਿਸ ਟਕਰ ਨੂੰ ਆਪਣੇ ਬਣਵਾਏ ਹੋਏ ਨਿੱਜੀ ਜਹਾਜ਼ ਵਿੱਚ ਅਫ਼ਰੀਕਾ ਲੈ ਕੇ ਗਏ।

ਉਨ੍ਹਾਂ ਨੇ ਇਸੇ ਸਾਲ ਹਾਰਵਰਡ ਯੂਨੀਵਰਸਿਟੀ ਨੂੰ 30 ਮਿਲੀਅਨ ਡਾਲਰ ਦਾਨ ਵਿੱਚ ਵੀ ਦਿੱਤੇ।

ਜੈਫ਼ਰੀ ਦੇ ਮਿਸ ਸਵੀਡਨ ਜੇਤੂ ਰਹੀ ਏਵਾ ਐਂਡਰਸਨ ਡਬਿਨ ਅਤੇ ਜਿਸਲੇਨ ਮੈਕਸਵੈੱਲ ਨਾਲ ਰਿਸ਼ਤੇ ਵਿੱਚ ਰਹੇ। ਜਿਸਲੇਨ ਮੈਕਸਵੈਲ, ਮੀਡੀਆ ਜਗਤ ਦੀ ਨਾਮੀ ਹਸਤੀ ਰੌਬਰਟ ਮੈਕਸਵੈੱਲ ਦੀ ਧੀ ਹਨ।

ਜੈਫ਼ਰੀ ਨੇ ਵਿਆਹ ਨਹੀਂ ਕਰਵਾਇਆ ਸੀ।

2005 ਵਿੱਚ ਲੱਗੇ ਸਨ ਇਲਜ਼ਾਮ

2005 ਵਿੱਚ ਇੱਕ 14 ਸਾਲਾ ਕੁੜੀ ਦੇ ਮਾਪਿਆਂ ਨੇ ਫਲੋਰਿਡਾ ਦੀ ਪੁਲਿਸ ਨੂੰ ਦੱਸਿਆ ਕਿ ਏਪਸਟੀਨ ਨੇ ਉਨ੍ਹਾਂ ਦੀ ਧੀ ਨਾਲ ਆਪਣੇ ਪਾਲਮ ਬੀਚ ਰਿਜ਼ੋਰਟ ਵਿੱਚ ਛੇੜਖਾਨੀ ਕੀਤੀ ਸੀ।

ਪੁਲਿਸ ਵੱਲੋਂ ਇੱਥੇ ਕੀਤੀ ਗਈ ਜਾਂਚ ਵਿੱਚ ਸਾਰੇ ਘਰ ਵਿੱਚ ਕੁੜੀਆਂ ਦੀਆਂ ਤਸਵੀਰਾਂ ਮਿਲੀਆਂ ਸਨ।

'ਦਿ ਮਿਆਮੀ ਹੈਰਲਡ' ਅਖ਼ਬਾਰ ਮੁਤਾਬਕ ਉਹ ਘੱਟ ਉਮਰ ਦੀਆਂ ਲੜਕੀਆਂ ਨਾਲ ਸਰੀਰਕ ਛੇੜਖ਼ਾਨੀ ਕਈ ਸਾਲਾਂ ਤੋਂ ਕਰ ਰਹੇ ਸਨ।

ਪਾਲਮ ਬੀਚ ਪੁਲਿਸ ਦੇ ਮੁਖੀ ਮਾਈਕਲ ਰੀਟਰ ਨੇ ਅਖ਼ਬਾਰ ਨੂੰ ਦੱਸਿਆ ਕਿ ਇਹ ਕੋਈ ਕਿਸੇ ਇੱਕ ਵੱਲੋਂ ਲਾਏ ਗਏ ਇਲਜ਼ਾਮ ਨਹੀਂ ਸਨ।

“ਅਜਿਹੀਆਂ ਕਰੀਬ 50 ਕੁੜੀਆਂ ਸਨ ਜੋ ਜੈਫ਼ਰੀ ਬਾਰੇ ਇੱਕੋ ਤਰ੍ਹਾਂ ਦੀ ਕਹਾਣੀ ਦੱਸ ਰਹੀਆਂ ਸਨ।”

2008 ਵਿੱਚ ਉਨ੍ਹਾਂ ਅਤੇ ਸਰਕਾਰੀ ਵਕੀਲਾਂ ਵਿਚਾਲੇ ਇੱਕ ਸਮਝੌਤਾ ਹੋ ਗਿਆ ਸੀ।

ਉਨ੍ਹਾਂ ਉੱਤੇ ਉਹ ਦੋਸ਼ ਆਇਦ ਨਹੀਂ ਹੋਏ ਜਿਸ ਦੀ ਸਜ਼ਾ ਵਜੋਂ ਉਨ੍ਹਾਂ ਨੂੰ ਉਮਰ ਕੈਦ ਹੋ ਸਕਦੀ ਸੀ।

ਉਨ੍ਹਾਂ ਨੂੰ 18 ਮਹੀਨਿਆਂ ਦੀ ਜੇਲ੍ਹ ਹੋਈ ਸੀ, ਇਸ ਦੌਰਾਨ ਉਨ੍ਹਾਂ ਨੂੰ ਹਫ਼ਤੇ ਵਿੱਚ ਛੇ ਦਿਨ, ਦਿਨ ਵਿੱਚ 12 ਘੰਟਿਆਂ ਲਈ (ਵਰਕ ਰਿਲੀਜ਼) ਉਹ ਆਪਣੇ ਦਫ਼ਤਰ ਜਾ ਸਕਦੇ ਸਨ। 13 ਮਹੀਨਿਆਂ ਬਾਅਦ ਉਨ੍ਹਾਂ ਨੂੰ ਪ੍ਰੋਬੇਸ਼ਨ ਉੱਤੇ ਰਿਹਾਅ ਕਰ ਦਿੱਤਾ ਗਿਆ ਸੀ।

‘ਦਿ ਮਿਆਮੀ ਹੈਰਲਡ’ ਮੁਤਾਬਕ ਸਰਕਾਰੀ ਵਕੀਲ ਅਲੈਗਜ਼ੈਂਡਰ ਅਕੋਸਟਾ ਨੇ ਇਹ ਸਮਝੌਤਾ ਕਰਵਾਇਆ ਸੀ ਜਿਸ ਵਿੱਚ ਤਹਿਤ ਜੈਫਰੀ ਦੇ ਜੁਰਮ ਲੁਕਾਏ ਗਏ ਅਤੇ ਹੋਰ ਪੀੜ੍ਹਤਾਂ ਜਾਂ ਇਸ ਜੁਰਮ ਵਿੱਚ ਸ਼ਾਮਲ ਤਾਕਤਵਰ ਲੋਕਾਂ ਬਾਰੇ ਜਾਂਚ ਨੂੰ ਖ਼ਤਮ ਕਰ ਦਿੱਤਾ ਗਿਆ ਸੀ।

ਐਲੈਜ਼ੈਂਡਰ ਅਕੋਸਟਾ ਟਰੰਪ ਸਰਕਾਰ ਵਿੱਚ ਸੈਕਰੇਟਰੀ ਓਫ ਲੇਬਰ ਵੀ ਰਹੇ ਸਨ।

ਅਕੋਸਟਾ ਨੇ ਜੁਲਾਈ 2019 ਵਿੱਚ ਇਸ ਸਕੈਂਡਲ ਦੇ ਚਲਦਿਆਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਆਪਣੇ ਬਚਾਅ ਵਿੱਚ ਕਿਹਾ ਸੀ ਕਿ ਉਨ੍ਹਾਂ ਦੇ ਕੰਮ ਕਰਕੇ ਹੀ ਏਪਸਟੀਨ ਨੇ ਕੁਝ ਸਮਾਂ ਜੇਲ੍ਹ ਵਿੱਚ ਗੁਜ਼ਾਰਿਆ ਸੀ।

ਪ੍ਰਿੰਸ ਐਂਡਰਿਊ ਨਾਲ ਤਸਵੀਰ

ਦਸੰਬਰ 2010 ਵਿੱਚ ਰਾਣੀ ਦੇ ਤੀਜੇ ਪੁੱਤਰ ਪ੍ਰਿੰਸ ਐਂਡਰਿਊ ਦੀ ਜੈਫ਼ਰੀ ਨਾਲ ਨਿਊਯਾਰਕ ਦੀ ਸੈਂਟਰ ਪਾਰਕ ਵਿੱਚ ਖਿੱਚੀ ਗਈ ਤਸਵੀਰ ਸਾਹਮਣੇ ਆਈ ਸੀ। ਇਸ ਨੇ ਵੱਡਾ ਵਿਵਾਦ ਖੜ੍ਹਾ ਕੀਤਾ ਸੀ।

ਬੀਬੀਸੀ ਨੂੰ ਨਵੰਬਰ 2019 ਵਿੱਚ ਦਿੱਤੇ ਆਪਣੇ ਇੰਟਰਵਿਊ ਵਿੱਚ ਉਹਨਾਂ ਕਿਹਾ ਕਿ ਉਹ ਨਿਊਯਾਰਕ ਵਿੱਚ ਜੈਫ਼ਰੀ ਨਾਲ ਆਪਣੀ ਦੋਸਤੀ ਤੋੜਨ ਲਈ ਗਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਉਨ੍ਹਾਂ ਨੇ ਜੈਫਰੀ ਦੇ ਘਰ ਵਿੱਚ ਸਮਾਂ ਬਿਤਾਇਆ।

ਏਪਸਟੀਨ ਉੱਤੇ ਇਲਜ਼ਾਮ ਲਾਉਣ ਵਾਲੀ ਵਰਜੀਨੀਆ ਰੋਬਰਟਜ਼, ਹੁਣ ਵਰਜੀਨੀ ਜਿਊਫਰੇ, ਨੇ ਬਾਅਦ ਵਿੱਚ ਇਹੋ ਇਲਜ਼ਾਮ 2000ਵਿਆਂ ਵਿੱਚ ਪ੍ਰਿੰਸ ਐਂਡਰਿਊ 'ਤੇ ਲਗਾਏ ਸਨ ਕਿ ਉਸ ਨੂੰ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ ਗਿਆ ਸੀ, ਜਦੋਂ ਉਸ ਦੀ ਉਮਰ 17 ਸਾਲ ਦੀ ਸੀ।

ਪ੍ਰਿੰਸ ਐਂਡਰਿਊ ਨੇ ਵਰਜੀਨੀਆ ਨਾਲ ਸਰੀਰ ਸਬੰਧ ਬਣਾਏ ਜਾਣ ਦੀ ਗੱਲ ਤੋਂ ਸਾਫ਼ ਇਨਕਾਰ ਕੀਤਾ ਸੀ।

ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਉਨ੍ਹਾਂ ਦੋਵਾਂ ਦੀ ਲੰਡਨ ਵਿੱਚ ਖਿੱਚੀ ਗਈ ਤਸਵੀਰ ਬਾਰੇ ਕੁਝ ਵੀ ਯਾਦ ਨਹੀਂ ਹੈ।

ਪਰ ਸਾਲ 2022 ਵਿੱਚ ਉਨ੍ਹਾਂ ਨੇ ਵਰਜੀਨੀਆ ਨੂੰ ਕਈ ਮਿਲੀਅਨ ਦੀ ਰਕਮ ਦਿੱਤੀ ਸੀ। ਇਹ ਰਕਮ ਉਨ੍ਹਾਂ ਨੇ ਉਨ੍ਹਾਂ ਉੱਤੇ ਵਰਜੀਨੀਆ ਦਾ ਸਰੀਰਕ ਸ਼ੋਸ਼ਣ ਕਰਨ ਦੇ ਇਲਜ਼ਾਮਾਂ ਸਬੰਧੀ ਇੱਕ ਕੇਸ ਦਾ ਸਮਝੌਤਾ ਕਰਨ ਲਈ ਦਿੱਤੀ ਸੀ।

ਏਪਸਟੀਨ ਹਮੇਸ਼ਾ ਕਿਸੇ ਵੀ ਗਲਤ ਕੰਮ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਦੇ ਸਨ ਅਤੇ ਉਨ੍ਹਾਂ ਨੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਦੇ ਜਵਾਬ ਵਿੱਚ ਵੀ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਸੀ।

ਏਪਸਟੀਨ ਦੀ ਦੋਸਤ ‘ਤੇ ਕੀ ਇਲਜ਼ਾਮ

ਏਪਸਟੀਨ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਗਰਲਫ੍ਰੈਂਡ ਰਹੀ ਜਿਸਲੇਨ ਮੈਕਸਵੈੱਲ ਵੀ ਚਰਚਾ ਵਿੱਚ ਆਏ ਸਨ। ਉਨ੍ਹਾਂ ਨੂੰ 2020 ਵਿੱਚ ਨਿਊ ਹੈਂਪਸ਼ਾਇਰ ਵਿਚਲੇ ਇੱਕ ਘਰ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਉਨ੍ਹਾਂ ਨੂੰ ਇਸ ਸ਼ੱਕ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਕਿ ਉਹ ਏਪਸਟੀਨ ਵੱਲੋਂ ਘੱਟ ਉਮਰ ਦੀਆਂ ਕੂੜੀਆਂ ਨਾਲ ਸਰੀਰਕ ਸ਼ੋਸ਼ਣ ਵਿੱਚ ਕਸੂਰਵਾਰ ਸਨ। ਉਹ ਕੁੜੀਆਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਤਿਆਰ ਵੀ ਕਰਦੇ ਸਨ।

ਦਸੰਬਰ 2021 ਵਿੱਚ ਨਿਊਯਾਰਕ ਸਿਟੀ ਦੀ ਇੱਕ ਜਿਊਰੀ ਨੇ ਉਨ੍ਹਾਂ ਨੂੰ 6 ਵਿੱਚੋਂ ਪੰਜ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਸੀ। ਇਸ ਵਿੱਚੋਂ ਸਭ ਤੋਂ ਗੰਭੀਰ ਦੋਸ਼ ਇਹ ਸੀ ਕਿ ਉਨ੍ਹਾਂ ਨੇ ਇੱਕ ਮਾਈਨਰ (ਘੱਟ ਉਮਰ) ਬੱਚੀ ਦੀ ਤਸਕਰੀ (ਸੈਕਸ ਟ੍ਰੈਫਿਕਿੰਗ) ਵੀ ਕੀਤੀ ਸੀ।

ਉਨ੍ਹਾਂ ਨੂੰ 20 ਸਾਲ ਦੀ ਕੈਦ ਹੋਈ ਸੀ। ਉਨ੍ਹਾਂ ਦੀ ਉਮਰ ਉਸ ਵੇਲੇ 60 ਸਾਲ ਦੀ ਸੀ।

ਇਹ ਕਿਹਾ ਜਾਂਦਾ ਹੈ ਆਕਸਫੌਰਡ ਯੂਨੀਵਰਸਿਟੀ ਤੋਂ ਪੜ੍ਹਨ ਵਾਲੀ ਮੈਕਸਵੈੱਲ ਨੇ ਏਪਸਟੀਨ ਦੀ ਮੁਲਾਕਾਤ ਆਪਣੇ ਤਾਕਤਵਰ ਅਤੇ ਅਮੀਰ ਦੋਸਤਾਂ ਨਾਲ ਕਰਵਾਈ ਸੀ ਜਿਨ੍ਹਾਂ ਵਿੱਚ ਬਿੱਲ ਕਲਿੰਟਨ ਅਤੇ ਨਿਊਯਾਰਕ ਦੇ ਡਿਊਕ ਦਾ ਨਾਂਅ ਵੀ ਸ਼ਾਮਲ ਹੈ।

ਮੁਕੱਦਮੇ ਦੇ ਦੌਰਾਨ ਵਕੀਲਾਂ ਨੇ ਇਹ ਇਲਜ਼ਾਮ ਲਗਾਏ ਕਿ ਮੈਕਸਵੈੱਲ ਏਪਸਟੀਨ ਲਈ ਘੱਟ ਉਮਰ ਦੀਆਂ ਕੁੜੀਆਂ ਲੱਭਦੀ ਅਤੇ ਉਨ੍ਹਾਂ ਨੂੰ ਤਿਆਰ ਕਰਦੀ ਸੀ।

ਆਪਣੇ ਬਚਾਅ ਵਿੱਚ ਮੈਕਸਵੈੱਲ ਕਹਿੰਦੇ ਹਨ ਕਿ ਏਪਸਟੀਨ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ।

ਉਨ੍ਹਾਂ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਮੈਕਸਵੈੱਲ ਨੇ ਪਛਤਾਵਾ ਜ਼ਾਹਰ ਕੀਤਾ, “ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਅਫ਼ਸੋਸ ਹੈ ਕਿ ਮੈਂ ਕਦੇ ਜੈਫ਼ਰੀ ਏਪਸਟੀਨ ਨੂੰ ਮਿਲੀ।"

“ਪਰ ਅੱਜ ਦਾ ਦਿਨ ਏਪਸਟੀਨ ਬਾਰੇ ਨਹੀਂ ਹੈ, ਇਹ ਮੇਰੇ ਲਈ ਹੈ ਮੈਨੂੰ ਸਜ਼ਾ ਮਿਲ ਰਹੀ ਹੈ, ਅਤੇ ਅਦਾਲਤ ਦੇ ਕਟਿਹਰੇ ਵਿੱਚ ਪੀੜ੍ਹਤਾਂ ਦੇ ਸਾਹਮਣੇ ਇਕੱਲੀ ਮੈਂ ਖੜ੍ਹੀ ਹਾਂ।"

"ਮੈਂ ਉਨ੍ਹਾਂ ਨੂੰ ਦੁੱਖ ਪਹੁੰਚਾਉਣ ਲਈ ਪੀੜਤਾਂ ਤੋਂ ਮੁਆਫ਼ੀ ਮੰਗਦੀ ਹਾਂ, ਮੈਂਨੂੰ ਉਮੀਦ ਹੈ ਕਿ ਮੈਨੂੰ ਦੋਸ਼ੀ ਪਾਏ ਜਾਣ ਅਤੇ ਸਖ਼ਤ ਸਜ਼ਾ ਮਿਲਣ ਨਾਲ ਤੁਹਾਡੇ ਦੁੱਖ ਘੱਟ ਹੋਣਗੇੇ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)