ਫੀਫਾ ਵਿਸ਼ਵ ਕੱਪ: ਕੀ ਮੈਸੀ ਦੀ ਅਰਜਨਟੀਨਾ ਨੂੰ ਐਮਬਾਪੇ ਦੀ ਫ਼ਰਾਂਸ ਟੀਮ ਰੋਕ ਸਕੇਗੀ

ਤਸਵੀਰ ਸਰੋਤ, Getty Images
- ਲੇਖਕ, ਵਾਤਸਲਿਆ ਰਾਏ
- ਰੋਲ, ਬੀਬੀਸੀ ਪੱਤਰਕਾਰ
ਜੰਗ ਵਾਂਗ ਖੇਡ ਵਿੱਚ ਵੀ ਖਿਡਾਰੀ ਜਿੱਤ ਲਈ ਜਾਨ ਮਾਰਦੇ ਹਨ। ਗੁੱਥਮ ਗੁੱਥਾ ਹੁੰਦੇ ਹਨ ਤੇ ਵਿਰੋਧੀ ਨੂੰ ਰੋਕਣ ਲਈ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਨ।
ਦੋਵਾਂ ਦੇ ਸੰਘਰਸ਼ ਵਿੱਚ ਫ਼ਰਕ ਕੀ ਹੈ, ਇਹ ਜਿੱਤ-ਹਾਰ ਤੈਅ ਹੋਣ ਤੋਂ ਬਾਅਦ ਪਤਾ ਲੱਗਦਾ ਹੈ।
ਫ਼ਰਾਂਸ ਦੇ ਕਿਲਿਏਨ ਐਮਬਾਪੇ ਨੇ ਫ਼ੁੱਟਬਾਲ ਵਿਸ਼ਵ ਕੱਪ 2022 ਦੇ ਦੂਜੇ ਸੈਮੀਫ਼ਾਈਨਲ ਵਿੱਚ ਜੋ ਕੀਤਾ, ਉਸ ਨੇ ਬਿਨ੍ਹਾਂ ਕੁਝ ਕਿਹਾ ਵਿਰੋਧੀ ਟੀਮਾਂ ਦੇ ਸੰਘਰਸ਼ ਅਤੇ ਜਿੱਤ-ਹਾਰ ਦੀ ਕਹਾਣੀ ਦੱਸੀ।
ਕੈਲੀਅਨ ਐਮਬਾਪੇ ਨੇ ਮੈਚ ਤੋਂ ਬਾਅਦ ਪਿੱਚ ’ਤੇ ਨਿਢਾਲ ਪਏ ਮੋਰੱਕੋ ਦੇ ਅਸ਼ਰਫ਼ ਹਕੀਮੀ ਨੂੰ ਆਪਣਾ ਹੱਥ ਦੇ ਕੇ ਉਠਾਇਆ।
ਮੈਦਾਨ ਦੇ ਵਿਚਕਾਰ ਆਪਣੀ ਟੀ-ਸ਼ਰਟ ਲਾਹ ਕੇ ਹਕੀਮੀ ਵੱਲ ਵਧਾ ਦਿੱਤੀ ਅਤੇ ਉਨ੍ਹਾਂ ਦੀ ਟੀ-ਸ਼ਰਟ ਆਪ ਪਹਿਨ ਲਈ। ਉਨ੍ਹਾਂ ਅੱਗੇ ਵੱਧ ਕੇ ਹਕੀਮੀ ਨੂੰ ਜੱਫੀ ਪਾ ਲਈ।
ਖੇਡ ਮੈਦਾਨ ਵਿਚਲਾ ਇਹੀ ਰਵੱਈਆ ਹੈ ਜੋ ਖਿਡਾਰੀਆਂ ਨੂੰ ਸਭ ਕੁਝ ਦਾਅ 'ਤੇ ਲਾਉਣ ਵਾਲੇ ਵਿਰੋਧੀ ਨੂੰ 'ਦੁਸ਼ਮਣ' ਨਹੀਂ ਬਣਨ ਦਿੰਦਾ ਅਤੇ ਚੈਂਪੀਅਨ ਖਿਡਾਰੀਆਂ ਦਾ ਸਿਰ ਹੰਕਾਰ ਦੇ ਬੋਝ ਨਾਲ ਭਾਰਾ ਨਹੀਂ ਹੋਣ ਦਿੰਦਾ।

ਤਸਵੀਰ ਸਰੋਤ, LARS BARON
ਫਰਾਂਸ ਨੂੰ ਚੇਤਾਵਨੀ
ਫਰਾਂਸ ਦੀ ਟੀਮ ਨੇ ਵਿਸ਼ਵ ਕੱਪ ਦੇ ਦੂਜੇ ਸੈਮੀਫ਼ਾਈਨਲ 'ਚ ਮੋਰੱਕੋ ਨੂੰ 2-0 ਨਾਲ ਹਰਾ ਕੇ ਫ਼ਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।
ਪਰ ਫ਼ਰਾਂਸ ਨੂੰ ਪਤਾ ਹੈ ਕਿ ਇਹ ਮੌਕਾ ਸਫ਼ਲਤਾ ਦਾ ਮਾਣ ਕਰਨ ਦਾ ਨਹੀਂ, ਸਗੋਂ ਧਰਤੀ 'ਤੇ ਪੈਰ ਜਮਾਉਣ ਦਾ ਹੈ।
ਐਤਵਾਰ, 18 ਦਸੰਬਰ ਨੂੰ ਮੁਕਾਬਲਾ ਲਿਓਨਲ ਮੈਸੀ ਦੀ ਅਰਜਨਟੀਨਾ ਟੀਮ ਨਾਲ ਹੈ ਜੋ ਫਰਾਂਸ ਦੀ ਟੀਮ ਦੇ ਬਿਲਕੁਲ ਬਰਾਬਰ ਨਹੀਂ ਤਾਂ ਘੱਟ ਵੀ ਨਹੀਂ ਹੈ।
ਦੋਵੇਂ ਸੈਮੀਫ਼ਾਈਨਲ ਮੈਚਾਂ ਦੀ ਤੁਲਨਾ ਕਰਨ ਵਾਲੇ ਮਾਹਿਰਾਂ ਨੇ ਵੀ ਮੋਰੱਕੋ ਦੇ ਖਿਲਾਫ਼ ਪ੍ਰਦਰਸ਼ਨ ਤੋਂ ਬਾਅਦ ਫਰਾਂਸ ਲਈ ਚੇਤਾਵਨੀ ਜਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ।

ਤਸਵੀਰ ਸਰੋਤ, Getty Images
ਫਰਾਂਸ ਦੇ ਫ਼ੁੱਟਬਾਲ ਮਾਹਰ ਜੂਲੀਅਨ ਲਾਰੇਂਸ ਵੀ ਉਨ੍ਹਾਂ ਵਿੱਚੋਂ ਇੱਕ ਹੈ।
ਲਾਰੈਂਸ ਕਹਿੰਦੇ ਹਨ, "ਜੇ ਤੁਸੀਂ ਐਤਵਾਰ ਨੂੰ ਅਰਜਨਟੀਨਾ ਦੇ ਖ਼ਿਲਾਫ ਇਸ ਤਰ੍ਹਾਂ ਖੇਡਦੇ ਹੋ, ਤਾਂ ਤੁਸੀਂ ਜਿੱਤ ਨਹੀਂ ਸਕੋਗੇ।"
ਮੋਰੱਕੋ ਦੀ ਟੀਮ ਫਰਾਂਸ ਦੇ ਖ਼ਿਲਾਫ਼ ਕੋਈ ਵੀ ਗੋਲ ਨਹੀਂ ਕਰ ਸਕੀ, ਪਰ ਇਸ ਨੇ ਹਮਲਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।
ਬਹੁਤ ਸਾਰੇ ਮੌਕੇ ਬਣਾਏ। ਮੋਰੱਕੋ ਦੀ ਟੀਮ ਭਾਵੇਂ ਉਨ੍ਹਾਂ ਫਾਇਦਾ ਨਹੀਂ ਉਠਾ ਸਕੀ ਪਰ ਜੇਕਰ ਅਰਜਨਟੀਨਾ ਦੇ ਹੱਥ ਅਜਿਹੇ ਮੌਕੇ ਆਉਂਦੇ ਹਨ ਤਾਂ ਕਈ ਮਾਹਿਰਾਂ ਦਾ ਮੰਨਣਾ ਹੈ ਕਿ ਮੈਸੀ ਦੀ ਟੀਮ ਸ਼ਾਇਦ ਹੀ ਉਨ੍ਹਾਂ ਮੌਕਿਆਂ ਨੂੰ ਗਵਾਏ।

ਦਬਾਅ ਘਟਾਉਣ ਦੀ ਕੋਸ਼ਿਸ਼
ਫ਼ਾਈਨਲ ਮੈਚ 'ਚ ਅਜੇ ਤਿੰਨ ਦਿਨ ਬਾਕੀ ਹਨ ਪਰ ਜਿਵੇਂ ਹੀ ਅਰਜਨਟੀਨਾ ਨਾਲ ਟੱਕਰ ਦਾ ਫ਼ੈਸਲਾ ਹੋਇਆ, ਫਰਾਂਸ ਦੀ ਟੀਮ ਦੁਆਲੇ ਦਬਾਅ ਦਾ ਘੇਰਾ ਬਣਨਾ ਸ਼ੁਰੂ ਹੋ ਗਿਆ ਹੈ।
ਐਮਬਾਪੇ ਵਰਗੇ ਖਿਡਾਰੀ ਹੀ ਨਹੀਂ ਬਲਕਿ ਟੀਮ ਦੇ ਸਮਰਥਕਾਂ ਨੂੰ ਵੀ ਇਸ ਗੱਲ ਦਾ ਅੰਦਾਜ਼ਾ ਹੈ।
ਸੈਮੀਫ਼ਾਈਨਲ 'ਚ ਟੀਮ ਦਾ ਉਤਸ਼ਾਹ ਵਧਾਉਣ ਲਈ ਕਤਰ ਦੇ ਅਲ ਬੈਤ ਸਟੇਡੀਅਮ ਪਹੁੰਚੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਵੀ ਅਜਿਹੇ ਸਮਰਥਕਾਂ 'ਚ ਸ਼ਾਮਲ ਹਨ ਅਤੇ ਉਹ ਵੀ ਖਿਡਾਰੀਆਂ 'ਤੇ ਦਬਾਅ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਮੈਕਰੋਂ ਕਹਿੰਦੇ ਹਨ, “ਸਾਡੇ ਖਿਡਾਰੀਆਂ ਨੂੰ ਸਿਰਫ਼ ਖ਼ੁਸ਼ ਹੋਣਾ ਚਾਹੀਦਾ ਹੈ। ਖ਼ਾਸਕਰ ਫ਼ੁੱਟਬਾਲ ਤੋਂ ਇਹ ਹੀ ਹਾਸਿਲ ਹੁੰਦਾ ਹੈ। ਅਸੀਂ ਕਾਫ਼ੀ ਕੁਝ ਝੱਲਿਆ ਹੈ, ਪਰ ਅਸੀਂ ਇੱਕ ਮਹਾਨ ਟੀਮ ਨੂੰ ਦੇਖ ਰਹੇ ਹਾਂ। ਸਾਡੇ ਕੋਚ ਤੇ ਇਸ ਟੀਮ ਦਾ ਬਹੁਤ ਬਹੁਤ ਧੰਨਵਾਦ।”

ਤਸਵੀਰ ਸਰੋਤ, Getty Images
60 ਸਾਲ ਪੁਰਾਣੇ ਰਿਕਾਰਡ ’ਤੇ ਨਜ਼ਰ
ਖਿਡਾਰੀ ਨਿਮਰਤਾ ਦਿਖਾ ਰਹੇ ਹਨ ਅਤੇ ਦਿੱਗਜ ਸਮਰਥਕ ਚਾਹਵਾਨ ਹਨ ਕਿ ਉਮੀਦਾਂ ਖਿਡਾਰੀਆਂ 'ਤੇ ਬੋਝ ਨਾ ਬਣ ਜਾਣ ਪਰ ਟੀਮ ਮੈਨੇਜਰ ਦਿਦੇਏ ਦੇਸ਼ਾਂ ਨੂੰ ਪਤਾ ਹੈ ਕਿ ਉਨ੍ਹਾਂ ਨੇ ਵਿਸ਼ਵ ਕੱਪ ਦੇ ਆਖਰੀ ਮੈਚ 'ਚ ਕੀ ਹਾਸਲ ਕਰਨਾ ਹੈ।
ਉਹ ਕਹਿੰਦੇ ਹਨ, "ਭਾਵਨਾਵਾਂ ਹਾਵੀ ਹਨ। ਸਾਨੂੰ ਆਪਣੇ ਆਪ 'ਤੇ ਮਾਣ ਹੈ ਅਤੇ ਹੁਣ ਫ਼ੈਸਲਾ ਕਰਨ ਲਈ ਸਿਰਫ਼ ਇੱਕ ਆਖ਼ਰੀ ਕਦਮ ਬਾਕੀ ਹੈ।"
ਦੇਸ਼ਾਂ ਨੇ 1998 ਵਿੱਚ ਫਰਾਂਸ ਲਈ ਇੱਕ ਖਿਡਾਰੀ ਵਜੋਂ ਵਿਸ਼ਵ ਕੱਪ ਜਿੱਤਿਆ ਸੀ। 2018 'ਚ ਬਤੌਰ ਕੋਚ ਉਨ੍ਹਾਂ ਨੇ ਟੀਮ ਨੂੰ ਚੈਂਪੀਅਨ ਬਣਾਇਆ ਅਤੇ ਹੁਣ ਉਹ ਉਸ ਕ੍ਰਿਸ਼ਮੇ ਨੂੰ ਦੁਹਰਾਉਣਾ ਚਾਹੁੰਦੇ ਹਨ ਜੋ ਬ੍ਰਾਜ਼ੀਲ ਦੀ ਟੀਮ ਨੇ 1962 'ਚ ਕੀਤਾ ਸੀ।

ਤਸਵੀਰ ਸਰੋਤ, Getty Images
ਸੱਠ ਸਾਲ ਪਹਿਲਾਂ, ਬ੍ਰਾਜ਼ੀਲ ਨੇ ਲਗਾਤਾਰ ਦੋ ਵਾਰ (1958 ਅਤੇ 1962 ਵਿੱਚ) ਵਿਸ਼ਵ ਕੱਪ ਜਿੱਤਿਆ ਸੀ। ਉਸ ਤੋਂ ਬਾਅਦ ਕੋਈ ਹੋਰ ਟੀਮ ਇਹ ਕਾਰਨਾਮਾ ਨਹੀਂ ਕਰ ਸਕੀ। ਦੇਸ਼ਾਂ ਜਾਣਦੇ ਹਨ ਕਿ ਉਨ੍ਹਾਂ ਦੀ ਟੀਮ ਅਤੇ ਇਸ ਚਮਤਕਾਰ ਦਰਮਿਆਨ ਮਹਿਜ਼ ਇੱਕ ਕਦਮ ਦਾ ਫ਼ਾਸਲਾ ਹੈ।
ਉਨ੍ਹਾਂ ਦੀ ਨਜ਼ਰ ਇੱਕ ਹੋਰ ਰਿਕਾਰਡ 'ਤੇ ਹੈ। ਹੁਣ ਤੱਕ ਸਿਰਫ਼ ਵਿਤਰੀਓ ਪੋਤਸੋ ਹੀ ਅਜਿਹੇ ਕੋਚ ਰਹੇ ਹਨ ਜਿਨ੍ਹਾਂ ਨੇ ਆਪਣੀ ਟੀਮ ਨੂੰ ਦੋ ਵਾਰ ਵਿਸ਼ਵ ਕੱਪ ਜਿਤਾਇਆ ਹੋਵੇ। ਉਹ ਇਟਲੀ ਦੀਆਂ 1934 ਅਤੇ 1938 ਵਿਚਲੀਆਂ ਵਿਸ਼ਵ ਕੱਪ ਜਿੱਤਾਂ ਦਾ ਹਿੱਸਾ ਸੀ।

ਤਸਵੀਰ ਸਰੋਤ, Getty Images
ਸੈਮੀਫ਼ਾਈਨਲ 'ਚ ਫਰਾਂਸ ਲਈ ਪਹਿਲਾ ਗੋਲ ਕਰਨ ਵਾਲੇ ਥਿਓ ਹੇਨਾਂਡੇਜ਼ ਦੀਆਂ ਅੱਖਾਂ 'ਚ ਵੀ ਉਮੀਦ ਦੀ ਕਿਰਨ ਹੈ।
ਉਹ ਕਹਿੰਦੇ ਹਨ, "ਲਗਾਤਾਰ ਦੋ ਵਿਸ਼ਵ ਕੱਪ ਫ਼ਾਈਨਲ ਵਿੱਚ ਖੇਡਣਾ ਇੱਕ ਅਵਿਸ਼ਵਾਸ਼ਯੋਗ ਪਲ ਹੈ। ਅਸੀਂ ਚੰਗੀ ਖੇਡ ਦਿਖਾਈ ਹੈ। ਇਹ ਇੱਕ ਸਖ਼ਤ ਮੁਕਾਬਲਾ ਸੀ, ਪਰ ਹੁਣ ਅਸੀਂ ਫ਼ਾਈਨਲ ਵਿੱਚ ਹਾਂ।"
ਅੰਕੜੇ ਕੋਚਾਂ ਅਤੇ ਖਿਡਾਰੀਆਂ ਦੀਆਂ ਆਸਾਂ ਨੂੰ ਬੂਰ ਪਾ ਰਹੇ ਹਨ।
1990 ਦੇ ਦਹਾਕੇ ਤੋਂ, ਫਰਾਂਸ ਇੱਕ ਅਜਿਹੀ ਟੀਮ ਵਜੋਂ ਉੱਭਰਿਆ ਹੈ ਜੋ ਵਿਸ਼ਵ ਕੱਪ ਵਿੱਚ ਸਭ ਕੁਝ ਦਾਅ 'ਤੇ ਲਗਾ ਦਿੰਦੀ ਹੈ ਅਤੇ ਸ਼ਾਨਦਾਰ ਨਤੀਜੇ ਆਪਣੇ ਨਾਮ ਕਰਦੀ ਹੈ।

ਫ਼ਰਾਂਸ ਦਾ ਸ਼ਾਨਦਾਰ ਰਿਕਾਰਡ
- ਫ਼ਰਾਂਸ ਦੀ ਟੀਮ ਪਿਛਲੇ ਸੱਤ ਵਿਸ਼ਵ ਕੱਪਾਂ ਵਿੱਚੋਂ ਚਾਰ ਵਾਰ ਫ਼ਾਈਨਲ ਵਿੱਚ ਜਗ੍ਹਾਂ ਬਣਾਉਣ ਵਿੱਚ ਕਾਮਯਾਬ ਰਹੀ
- ਫਰਾਂਸ ਦੀ ਟੀਮ 2022 ਤੋਂ ਪਹਿਲਾਂ 1998, 2006 ਤੇ 2018 ਵਿੱਚ ਫ਼ਾਈਨਲ ਖੇਡੀ
- ਫਰਾਂਸ ਨੇ 1998 ਤੇ 2018 ਦੇ ਵਿਸ਼ਵ ਕੱਪ ਆਪਣੇ ਨਾਮ ਕੀਤੇ
- 2018 ਵਿੱਚ ਵੀ ਮੁਕਾਬਲਾ ਫ਼ਰਾਂਸ ਦੇ ਅਰਜਨਟੀਨਾ ਦਰਮਿਆਨ ਸੀ
- ਉਸ ਮੈਚ ਵਿੱਚ ਫ਼ਰਾਂਸ 4-3 ਦੇ ਫ਼ਰਕ ਨਾਲ ਜਿੱਤਿਆ
- ਫ਼ਰਾਂਸ ਦੀ ਮੌਜੂਦਾ ਟੀਮ ਵਿੱਚ ਐਮਬਾਪੇ ਨੇ ਉਸ ਮੈਚ ਵਿੱਚ ਦੋ ਗੋਲ ਕੀਤੇ ਸਨ


ਤਸਵੀਰ ਸਰੋਤ, Getty Images
ਅਰਜਨਟੀਨਾ ਵੀ ਘੱਟ ਨਹੀਂ
ਪਰ, ਬਹੁਤ ਸਾਰੇ ਮਾਹਰ ਪਹਿਲਾਂ ਹੀ ਚੇਤਾਵਨੀ ਦੇ ਰਹੇ ਹਨ ਕਿ ਮੌਜੂਦਾ ਅਰਜਨਟੀਨਾ ਟੀਮ ਉਸ ਟੀਮ ਤੋਂ ਵੱਖਰੀ ਹੈ ਜੋ ਚਾਰ ਸਾਲ ਪਹਿਲਾਂ ਕੁਆਰਟਰ ਫ਼ਾਈਨਲ ਵਿੱਚ ਬਾਹਰ ਹੋ ਗਈ ਸੀ।
ਉਹ ਫਰਾਂਸ ਦੇ ਰੁਤਬੇ ਦੀ ਬਜਾਇ ਉਸ ਦੀਆਂ ਕਮਜ਼ੋਰੀਆਂ 'ਤੇ ਜ਼ਿਆਦਾ ਧਿਆਨ ਜਮਾਏ ਤਾਂ ਨਤੀਜੇ ਵੱਖਰੇ ਹੋ ਸਕਦੇ ਹਨ।
ਫੁੱਟਬਾਲ ਮਾਹਿਰ ਜੂਲੀਅਨ ਲੌਰੇਂਸ ਦਾ ਕਹਿਣਾ ਹੈ, ''ਮੈਨੂੰ ਲੱਗਦਾ ਹੈ ਕਿ ਲੋਕ ਨਤੀਜੇ (ਮੋਰੱਕੋ ਦੇ ਖ਼ਿਲਾਫ਼ ਸੈਮੀਫ਼ਾਈਨਲ ਦੇ) ਤੋਂ ਖੁਸ਼ ਹਨ ਅਤੇ ਇਸ ਖੇਡ 'ਚ ਨਤੀਜਾ ਹੀ ਮਾਇਨੇ ਰੱਖਦਾ ਹੈ।”
“ਪਰ ਕੁਝ ਲੋਕ ਅਜਿਹੇ ਹਨ ਜੋ ਮੰਨਦੇ ਹਨ ਕਿ ਇਸ ਟੀਮ (ਫਰਾਂਸ) ਵਿੱਚ ਜਿੰਨੀ ਪ੍ਰਤਿਭਾ ਹੈ ਉਸ ਹਿਸਾਬ ਨਾਲ ਇਸ ਨੂੰ ਬਿਹਤਰ ਖੇਡਣਾ ਚਾਹੀਦਾ ਹੈ।”

ਤਸਵੀਰ ਸਰੋਤ, Getty Images
ਇੰਗਲੈਂਡ ਦੇ ਸਾਬਕਾ ਖਿਡਾਰੀ ਗੈਰੀ ਲਿਨੇਕਰ ਅਰਜਨਟੀਨਾ ਦੀ ਟੀਮ 'ਚ ਕੁਝ ਖ਼ਾਸ ਦੇਖਦੇ ਹਨ। ਉਹ ਮੈਸੀ ਦੀ ਟੀਮ ਵਿੱਚ 1986 ਵਿੱਚ ਵਿਸ਼ਵ ਕੱਪ ਜਿੱਤਣ ਵਾਲੀ ਡਿਏਗੋ ਮੈਰਾਡਾਨਾ ਦੀ ਟੀਮ ਦਾ ਅਕਸ ਦੇਖਦੇ ਹਨ।
ਗੈਰੀ ਦਾ ਕਹਿੰਦੇ ਹਨ, "ਅਰਜਨਟੀਨਾ ਦੇ ਖਿਡਾਰੀ ਬਹੁਤ ਹਮਲਾਵਰ ਹਨ। ਉਨ੍ਹਾਂ ਕੋਲ ਕਈ ਮਜ਼ਬੂਤ ਖਿਡਾਰੀ ਹਨ। ਹਰ ਖਿਡਾਰੀ ਕੋਲ ਬਹੁਤਾ ਹੁਨਰ ਭਾਵੇਂ ਨਾ ਹੋਵੇ, ਪਰ 1986 ਦੀ ਟੀਮ ਦੇ ਜੋਰਜ ਵਾਲਦਾਨੋ ਵਾਂਗ ਇਸ ਟੀਮ ਕੋਲ ਜੂਲੀਅਨ ਅਲਵਾਰੇਜ਼ ਹਨ। ਜੇ ਉਸ ਟੀਮ ਵਿੱਚ ਮੈਰਾਡੋਨਾ ਵਰਗਾ ਪ੍ਰਤਿਭਾਸ਼ਾਲੀ ਸੀ ਤਾਂ ਇਸ ਟੀਮ ਕੋਲ ਮੈਸੀ ਹੈ।"


ਇੰਗਲੈਂਡ ਦੇ ਇੱਕ ਹੋਰ ਸਾਬਕਾ ਖਿਡਾਰੀ ਰੀਓ ਫਰਡੀਨੇਂਡ ਕਹਿੰਦੇ ਹਨ, "ਜਦੋਂ ਲੋਕ ਪੁੱਛਦੇ ਹਨ ਕਿ ਮੈਰਾਡੋਨਾ ਜਾਂ ਮੈਸੀ ਕੌਣ ਬਿਹਤਰ ਹੈ ਤਾਂ ਜਵਾਬ ਹੁੰਦਾ ਹੈ ਮੈਸੀ ਨੇ ਵਿਸ਼ਵ ਕੱਪ ਨਹੀਂ ਜਿੱਤਿਆ ਹੈ। ਇਹ ਉਸਦਾ ਟੂਰਨਾਮੈਂਟ ਹੋ ਸਕਦਾ ਹੈ।"
ਬਹੁਤੇ ਮਾਹਿਰਾਂ ਦਾ ਮੰਨਣਾ ਹੈ ਕਿ ਫਰਾਂਸ ਅਰਜਨਟੀਨਾ ਦਰਮਿਆਨ ਸਖ਼ਤ ਮੁਕਾਬਲਾ ਹੋਵੇਗਾ।
ਜੋ ਲੋਕ ਇਸ ਮੈਚ ਨੂੰ ਮੈਸੀ ਬਨਾਮ ਐਮਬਾਪੇ ਦੀ ਟੱਕਰ ਵਜੋਂ ਦੇਖਦੇ ਹਨ ਮਾਹਰ ਉਨ੍ਹਾਂ ਨੂੰ ਵਾਰ ਵਾਰ ਯਾਦ ਕਰਵਾਉਂਦੇ ਹਨ ਕਿ ਮੈਸੀ ਕਿਸੇ ਤੋਂ ਘੱਟ ਨਹੀਂ ਹੈ।

ਦੋਵਾਂ ਟੀਮਾਂ ਦੇ ਦਿੱਗਜ ਖਿਡਾਰੀ
- ਫ਼ਰਾਂਸ ਦੇ ਐਮਬਾਪੇ ਨੇ ਟੂਰਨਾਮੈਂਟ ਵਿੱਚ ਪੰਜ ਗੋਲ ਦਾਗੇ ਤਾਂ ਅਰਜਨਟੀਨਾ ਦੇ ਮੈਸੀ ਵੀ ਪੰਜ ਗੋਲ ਕਰ ਚੁੱਕੇ ਹਨ
- ਫ਼ਰਾਂਸ ਦੇ ਅਲਿਵਿਏ ਗਿਰੁਡ ਨੇ ਚਾਰ ਗੋਲ ਦਾਗੇ ਤਾਂ ਅਰਜਨਟੀਨਾ ਵਲੋਂ ਜੂਸੀਅਨ ਅਲਵਰੇਜ਼ ਵੀ ਚਾਰ ਗੋਲ ਕਰ ਚੁੱਕੇ ਹਨ।

ਅੰਕੜਿਆਂ ਦੇ ਮਾਮਲੇ ਵਿੱਚ ਦੋਵੇਂ ਟੀਮਾਂ ਦੀ ਤਕਰੀਬਨ ਬਰਾਬਰ ਹਨ। ਹੁਣ ਗੱਲ ਜਿੱਤ ਦੇ ਇਰਾਦੇ ਅਤੇ ਜਨੂੰਨ ਦੀ ਹੈ।
ਕੀ ਮੈਸੀ ਆਪਣਾ ਪਹਿਲਾ ਵਿਸ਼ਵ ਕੱਪ ਜਿੱਤਣ ਲਈ ਦ੍ਰਿੜ ਹੋਵੇਗਾ ਜਾਂ ਐਮਬਾਪੇ ਅਤੇ ਉਸ ਦੇ ਸਾਥੀ ਫਰਾਂਸ ਨੂੰ ਬ੍ਰਾਜ਼ੀਲ ਦੇ 60 ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ ਕਰਨ ਦਾ ਮੌਕਾ ਦੇਣਗੇ।
ਐਤਵਾਰ ਦਾ ਇੰਤਜ਼ਾਰ ਹੈ ਜਦੋਂ ਦੁਨੀਆ ਦੀਆਂ ਦੋ ਮਹਾਨ ਟੀਮਾਂ ਅਤੇ ਉਨ੍ਹਾਂ ਦੇ ਸਭ ਤੋਂ ਸ਼ਾਨਦਾਰ ਅਤੇ ਸਭ ਤੋਂ ਤਾਕਤਵਰ ਖਿਡਾਰੀ ਕਤਰ ਦੇ ਮੈਦਾਨ ’ਚ ਇੱਕ ਦੂਜੇ ਸਾਹਮਣੇ ਹੋਣਗੇ.... ਉਨ੍ਹਾਂ ਦਾ ਸਭ ਕੁਝ ਦਾਅ 'ਤੇ ਲੱਗਿਆ ਹੋਵੇ, ਪਰ ਅੰਤ ਵਿੱਚ ਜਿੱਤ ਖੇਡ ਦੀ ਹੋਵੇਗੀ।












