ਜਾਅਲੀ ਦਾਖਲਾ ਪੱਤਰਾਂ ਨਾਲ ਵਿਦਿਆਰਥੀਆਂ ਨੂੰ ਕੈਨੇਡਾ ਭੇਜਣ ਵਾਲੇ ਏਜੰਟ 'ਤੇ ਇਹ ਦੋਸ਼ ਤੈਅ ਕੀਤੇ ਗਏ

ਕੈਨੇਡਾ ਦੀ ਸੈਂਟਰਲ ਬਾਰਡਰ ਸਰਵਿਸੀਜ਼ ਏਜੰਸੀ (ਸੀਬੀਐੱਸਏ) ਨੇ ਜਲੰਧਰ ਦੇ ਟਰੈਵਲ ਏਜੰਟ ਬ੍ਰਿਜੇਸ਼ ਮਿਸ਼ਰਾ ਖਿਲਾਫ ਧੋਖਾਧੜੀ ਦੇ ਮਾਮਲੇ ਵਿੱਚ ਦੋਸ਼ ਤੈਅ ਕੀਤੇ ਹਨ।

ਟੋਰੰਟੋ ਸਟਾਰ ਦੀ ਖ਼ਬਰ ਮੁਤਾਬਕ ਬ੍ਰਿਜੇਸ਼ ਮਿਸ਼ਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਸੀਬੀਐੱਸਏ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਭਾਰਤ ਦੇ ਨਾਗਰਿਕ ਬ੍ਰਿਜੇਸ਼ ਮਿਸ਼ਰਾ ਵਿਰੁੱਧ ਇਮੀਗ੍ਰੇਸ਼ਨ ਨਾਲ ਸਬੰਧਤ ਅਪਰਾਧਾਂ ਲਈ ਦੋਸ਼ ਲਾਏ ਗਏ ਹਨ।

ਏਜੰਸੀ ਮੁਤਾਬਕ ਕੈਨੇਡਾ ਵਿੱਚ ਮਿਸ਼ਰਾ ਬਾਰੇ ਸੀਬੀਐੱਸਏ ਨੂੰ ਮੁਹੱਈਆ ਜਾਣਕਾਰੀ ਦੇ ਨਾਲ-ਨਾਲ ਕਾਊਂਸਲਿੰਗ ਦੀ ਗਲਤ ਪੇਸ਼ਕਾਰੀ ਨਾਲ ਸਬੰਧਤ ਗਤੀਵਿਧੀਆਂ ਵਿੱਚ ਕਥਿਤ ਸ਼ਮੂਲੀਅਤ ਤੋਂ ਬਾਅਦ ਇੱਕ ਜਾਂਚ ਸ਼ੁਰੂ ਕੀਤੀ ਗਈ।

ਸਬੂਤ ਜਿਨ੍ਹਾਂ ਦੇ ਅਧਾਰ ’ਤੇ ਮਾਮਲਾ ਦਰਜ ਹੋਇਆ

23 ਜੂਨ ਨੂੰ ਏਜੰਸੀ ਦੇ ਕ੍ਰਿਮਿਨਲ ਇਨਵੈਸਟੀਗੇਸ਼ਨ ਸੈਕਸ਼ਨ ਨੇ ਇਮੀਗ੍ਰੇਸ਼ਨ ਅਤੇ ਰਫ਼ਿਊਜੀ ਪ੍ਰੋਟੈਕਸ਼ਨ ਐਕਟ (ਆਈਆਰਪੀਏ) ਅਧੀਨ ਮਾਮਲਾ ਦਰਜ ਕੀਤਾ ਹੈ।

ਇਹ ਮਾਮਲਾ ਇਸ ਕੇਸ ਵਿੱਚ ਜਾਂਚ ਤੋਂ ਬਾਅਦ ਇਕੱਠੇ ਹੋਏ ਸਬੂਤਾਂ ਦੇ ਆਧਾਰ ਉੱਤੇ ਦਰਜ ਹੋਇਆ ਹੈ। ਇਸ ਵਿੱਚ ਮੁੱਖ ਦੋਸ਼ ਹਨ:-

  • ਆਈਆਰਪੀਏ ਸੈਕਸ਼ਨ 91 (1) - ਅਣਅਧਿਕਾਰਤ ਪ੍ਰਤੀਨਿਧਤਾ ਜਾਂ ਸਲਾਹ
  • ਆਈਆਰਪੀਏ ਸੈਕਸ਼ਨ 126 – ਕਾਉਂਸਲਿੰਗ ਦੀ ਗਲਤ ਪੇਸ਼ਕਾਰੀ
  • ਆਈਆਰਪੀਏ ਸੈਕਸ਼ਨ 127 (ਏ) – ਗਲਤ ਪੇਸ਼ਕਾਰੀ (ਸਿੱਧੇ ਜਾਂ ਅਸਿੱਧੇ ਤੌਰ 'ਤੇ)
  • ਆਈਆਰਪੀਏ ਸੈਕਸ਼ਨ 124 (ਬੀ) – ਗਲਤ ਪੇਸ਼ਕਾਰੀ (ਗਲਤ ਜਾਣਕਾਰੀ ਦੱਸਣਾ)
  • ਆਈਆਰਪੀਏ ਸੈਕਸ਼ਨ 124 (ਏ) – ਐਕਟ ਦੀ ਪਾਲਣਾ ਨਾ ਕਰਨਾ

ਇਹ ਵੀ ਪੜ੍ਹੋ:

‘‘ਸਾਡੀ ਸਰਕਾਰ ਕੈਨੇਡਾ ਪੜ੍ਹਾਈ ਕਰਨ ਵਾਲਿਆਂ ਦੀ ਸੁਰੱਖਿਆ ਕਰ ਰਹੀ’’

ਕੈਨੇਡਾ ਦੇ ਪਬਲਿਕ ਸੇਫ਼ਟੀ ਬਾਰੇ ਮੰਤਰੀ ਮਾਰਕੋ ਮੈਨਡੀਸੀਨੋ ਨੇ ਕਿਹਾ, ‘‘ਸਾਡੀ ਸਰਕਾਰ ਉਨ੍ਹਾਂ ਲੋਕਾਂ ਵਿਰੁੱਧ ਕਾਰਵਾਈ ਕਰ ਰਹੀ ਹੈ ਜੋ ਧੋਖਾਧੜੀ ਲਈ ਜ਼ਿੰਮੇਵਾਰ ਹਨ ਅਤੇ ਉਨ੍ਹਾਂ ਲੋਕਾਂ ਦੀ ਸੁਰੱਖਿਆ ਕਰ ਰਹੀ ਹੈ ਜੋ ਇੱਥੇ ਆਪਣੀ ਪੜ੍ਹਾਈ ਕਰਨ ਲਈ ਆਏ ਹਨ।”

‘‘ਮੈਂ ਕੈਨੇਡਾ ਦੇ ਵਾਸੀਆਂ ਅਤੇ ਇੱਥੇ ਆਉਣ ਦੀ ਉਮੀਦ ਰੱਖਣ ਵਾਲੇ ਲੋਕਾਂ ਦੀ ਸੁਰੱਖਿਆ ਲਈ ਸੀਬੀਐੱਸਏ ਦੇ ਅਪਰਾਧਿਕ ਜਾਂਚਕਰਤਾਵਾਂ ਦੀ ਸਖ਼ਤ ਮਿਹਨਤ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ।”

ਕੈਨੇਡਾ ਬਾਰਡਰ ਸਰਵਿਸੀਜ਼ ਏਜੰਸੀ ਦੀ ਰੀਜਨਲ ਡਾਇਰਕੈਟਰ ਜਨਰਲ ਨੀਨਾ ਪਟੇਲ ਨੇ ਕਿਹਾ, “ਸੀਬੀਐੱਸਏ ਦੇ ਪੈਸੀਫਿਕ ਰੀਜਨ ਕ੍ਰਿਮੀਨਲ ਇਨਵੈਸਟੀਗੇਸ਼ਨ ਸੈਕਸ਼ਨ ਵੱਲੋਂ ਐਲਾਨੇ ਗਏ ਦੋਸ਼ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਅਖੰਡਤਾ ਨੂੰ ਬਣਾਈ ਰੱਖਣ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦੇ ਹਨ।”

‘‘ਸਾਡੇ ਅਧਿਕਾਰੀਆਂ ਨੇ ਇਨ੍ਹਾਂ ਅਪਰਾਧਾਂ ਦੀ ਜਾਂਚ ਕਰਨ ਲਈ ਤਨਦੇਹੀ ਨਾਲ ਕੰਮ ਕੀਤਾ ਅਤੇ ਅਸੀਂ ਇਹ ਯਕੀਨੀ ਬਣਾਉਣ ਲਈ ਪੂਰੀ ਕੋਸ਼ਿਸ਼ ਕਰਦੇ ਰਹਾਂਗੇ ਕਿ ਸਾਡੇ ਕਾਨੂੰਨਾਂ ਨੂੰ ਤੋੜਨ ਵਾਲਿਆਂ ਨੂੰ ਜਵਾਬਦੇਹ ਠਹਿਰਾਇਆ ਜਾਵੇ।”

ਕੈਨੇਡਾ ’ਚ ਗ੍ਰਿਫ਼ਤਾਰ ਬ੍ਰਿਜੇਸ਼ ਮਿਸ਼ਰਾ ਹੈ ਕੌਣ

ਜਲੰਧਰ ਵਿੱਚ ਬੀਬੀਸੀ ਸਹਿਯੋਗੀ ਪ੍ਰਦੀਪ ਸ਼ਰਮਾ ਮੁਤਾਬਕ ਜਿਸ ਇਮੀਗ੍ਰੇਸ਼ਨ ਏਜੰਟ ਬ੍ਰਿਜੇਸ਼ ਮਿਸ਼ਰਾ ਉੱਤੇ ਜਾਅਲੀ ਦਾਖ਼ਲਾ ਪੱਤਰ ਤਿਆਰ ਕਰਕੇ ਸੈਂਕੜੇ ਵਿਦਿਆਰਥੀਆਂ ਨਾਲ ਧੋਖਾ ਦੇਣ ਦੇ ਇਲਜ਼ਾਮ ਹਨ, ਉਹ ਬੀਤੇ ਮਾਰਚ ਮਹੀਨੇ ਤੋਂ ਫਰਾਰ ਹਨ।

ਬ੍ਰਿਜੇਸ਼ ਮਿਸ਼ਰਾ ਦਾ ਪਿਛੋਕੜ ਬਿਹਾਰ ਦੇ ਦਰਭੰਗਾ ਦਾ ਹੈ ਅਤੇ ਉਹ ਰਾਹੁਲ ਭਾਰਗਵ ਨਾਂ ਦੇ ਵਿਅਕਤੀ ਨਾਲ ਸਾਂਝੇ ਤੌਰ ਉੱਤੇ ਐਜੂਕੇਸ਼ਨ ਐਂਡ ਮਾਈਗ੍ਰੇਸ਼ਨ ਸਰਵਿਸਿਜ਼ ਨਾਮ ਦੀ ਫਰਮ ਚਲਾਉਂਦੇ ਸਨ।

ਮਾਰਚ ਮਹੀਨੇ ਵਿੱਚ ਜਲੰਧਰ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਦੱਸਿਆ ਸੀ ਕਿ 16 ਮਾਰਚ 2023 ਨੂੰ ਦੋਵਾਂ ਨੂੰ ਸੂ-ਮੋਟੋ ਨੋਟਿਸ ਜਾਰੀ ਕੀਤਾ ਗਿਆ ਸੀ।

ਜਿਸ ਦਾ ਜਵਾਬ ਦੇਣ ਦੀ ਥਾਂ ਇਹ ਫਰਾਰ ਹੋ ਗਏ, ਭਾਵੇਂ ਕਿ ਭਾਰਗਵ ਦੇ ਪਿਤਾ ਨੇ ਉਦੋਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਪੁੱਤਰ ਫਰਾਰ ਨਹੀਂ ਹੈ।

ਪਰ ਐਜੂਕੇਸ਼ਨ ਐਂਡ ਮਾਈਗ੍ਰੇਸ਼ਨ ਫਰਮ ਦੇ 146 ਗਰੀਨ ਪਾਰਕ, ਜਲੰਧਰ ਵਿਚਲੇ ਦਫਤਰ ਨੂੰ ਮਾਰਚ ਤੋਂ ਹੀ ਪੱਕੇ ਤੌਰ ਉੱਤੇ ਤਾਲ਼ਾ ਲੱਗਿਆ ਹੋਇਆ ਹੈ ਅਤੇ ਕੰਪਨੀ ਦੀ ਵੈੱਬਸਾਇਟ ਵੀ ਬੰਦ ਹੋ ਚੁੱਕੀ ਹੈ।

ਜਲੰਧਰ ਪੁਲਿਸ ਮੁਤਾਬਕ ਮਿਸ਼ਰਾ ਅਤੇ ਭਾਰਗਵ ਨੇ 2014 ਵਿੱਚ ਇਹ ਫਰਮ ਰਜਿਸਟਰ ਕਰਵਾਈ ਸੀ, ਇਸ ਤੋਂ ਪਹਿਲਾਂ ਇਹ ‘ਇਜ਼ੀ ਵੇਅ’ ਨਾ ਦੀ ਇਮੀਗ੍ਰੇਸ਼ਨ ਫਰਮ ਚਲਾਉਂਦੇ ਸਨ ਅਤੇ ਮਿਸ਼ਰਾ ਉੱਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਦੇ ਇਲਜ਼ਾਮ ਲੱਗੇ ਸਨ।

ਇਸੇ ਤਹਿਤ ਉਨ੍ਹਾਂ ਦੀ ਗ੍ਰਿਫ਼ਤਾਰੀ ਵੀ ਹੋਈ ਸੀ ਅਤੇ ਇਜ਼ੀ ਵੇਅ ਫ਼ਰਮ ਉੱਤੇ ਪਾਬੰਦੀ ਲਾ ਦਿੱਤੀ ਗਈ। ਇਸ ਘਟਨਾ ਤੋਂ ਕਰੀਬ ਇੱਕ ਸਾਲ ਬਾਅਦ ਇਨ੍ਹਾਂ ਨੇ ਨਵੇਂ ਪਤੇ ਉੱਤੇ ਨਵੀਂ ਫਰਮ ‘ਐਜੂਕੇਸ਼ਨ ਐਂਡ ਮਾਈਗ੍ਰੇਸ਼ਨ’ ਸ਼ੁਰੂ ਕਰ ਲਈ ਸੀ।

ਇਸ ਦੇ ਖ਼ਿਲਾਫ਼ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ, 2014 ਦੇ ਸੈਕਸ਼ਨ 4 ਅਤੇ 6 ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਫਰਮ ਨੂੰ ਇਮੀਗ੍ਰੇਸ਼ਨ ਨਾਲ ਜੁੜੇ ਕੰਮ ਕਰਨ ਦੇ ਅਯੋਗ ਕਰਾਰ ਦਿੱਤਾ ਗਿਆ ਹੈ।

ਵਿਦਿਆਰਥੀਆਂ ਨਾਲ ਧੋਖਾਧੜੀ ਦਾ ਮਾਮਲਾ ਕੀ

ਕੈਨੇਡਾ ਵਿੱਚ ਅਜਿਹੇ ਸੈਂਕੜੇ ਭਾਰਤੀ ਵਿਦਿਆਰਥੀ ਹਨ ਜਿਨ੍ਹਾਂ ’ਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ਉੱਤੇ ਪਰਵਾਸ ਕਰਨ ਦੇ ਇਲਜ਼ਾਮ ਹਨ। ਇਨ੍ਹਾਂ ਵਿੱਚ ਬਹੁਤੇ ਮਾਮਲੇ 2016-17 ਦੇ ਹਨ।

ਵਿਦਿਆਰਥੀ ਆਪਣੇ ਆਪ ਨੂੰ ਬੇਕਸੂਰ ਦੱਸਦੇ ਹਨ। ਉਨ੍ਹਾਂ ਦਾ ਇਲਜ਼ਾਮ ਹੈ ਕਿ ਸਟੱਡੀ ਵੀਜ਼ਾ ਅਪਲਾਈ ਕਰਨ ਲਈ ਮਦਦ ਕਰਨ ਵਾਲੇ ਏਜੰਟਾਂ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ।

ਭਾਰਤੀ ਵਿਦਿਆਰਥੀ ਕੈਨੇਡਾ ਵਿੱਚ ਡਿਪੋਰਟ ਹੋਣ ਤੋਂ ਬਚਣ ਲਈ ਧਰਨੇ ਦੇ ਰਹੇ ਹਨ।

ਅਜਿਹੇ ਹੀ ਮਾਮਲਿਆਂ ਨਾਲ ਜੁੜੇ ਇੱਕ ਵਕੀਲ ਮੁਤਾਬਕ ਜਾਅਲੀ ਦਸਤਾਵੇਜ਼ਾਂ ਦੇ ਮਾਮਲੇ ਵਿੱਚ ਫ਼ਸੇ ਵਿਦਿਆਰਥੀਆਂ ਦੀ ਗਿਣਤੀ 150 ਤੋਂ 200 ਤੱਕ ਹੋ ਸਕਦੀ ਹੈ।

ਕੈਨੇਡਾ ਵਿੱਚ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਜਲੰਧਰ ਦੇ ਐਜੂਕੇਸ਼ਨ ਸਲਾਹਕਾਰ ਬ੍ਰਿਜੇਸ਼ ਮਿਸ਼ਰਾ ਦੇ ਕੀਤੇ ਕਥਿਤ ਘੋਟਾਲੇ ਦੇ ਪੀੜਤ ਹਨ।

ਜਲੰਧਰ ਪੁਲਿਸ ਮੁਤਾਬਕ ਵਿਦਿਆਰਥੀਆਂ ਨੂੰ ਸਾਲ 2017-18 ਵਿੱਚ ਟੋਰੰਟੋ ਖਿੱਤੇ ਦੇ ਮਸ਼ਹੂਰ ਕਾਲਜ ਹੰਭਰ ਵਿੱਚ ਦਾਖ਼ਲੇ ਦੇ ਜਾਅਲੀ ਪੱਤਰ ਦਿੱਤੇ ਗਏ।

ਇਨ੍ਹਾਂ ਦਾਖ਼ਲਾ ਪੱਤਰਾਂ ਦੇ ਅਧਾਰ ਉੱਤੇ ਇਮੀਗ੍ਰੇਸ਼ਨ ਕਰਵਾਉਣ ਲਈ ਵਿਦਿਆਰਥੀਆਂ ਤੋਂ 16-16 ਲੱਖ ਰੁਪਏ ਵਸੂਲੇ ਗਏ।

ਜਦੋਂ ਇਨ੍ਹਾਂ ਪੱਤਰਾਂ ਦੇ ਅਧਾਰ ਉੱਤੇ ਵਿਦਿਆਰਥੀ ਵੀਜ਼ਾ ਲੈ ਕੇ ਕੈਨੇਡਾ ਚਲੇ ਗਏ ਤਾਂ ਉੱਥੇ ਇਨ੍ਹਾਂ ਨੂੰ ਮਿਸ਼ਰਾ ਨੇ ਕਿਹਾ ਕਿ ਜਿਸ ਹੰਭਰ ਕਾਲਜ ਦੇ ਆਫਰ ਲੈਟਰ ਉੱਤੇ ਉਹ ਕੈਨੇਡਾ ਆਏ ਹਨ, ਉਸ ਨੇ ਇਨ੍ਹਾਂ ਦਾ ਦਾਖ਼ਲਾ ਪੱਤਰ ਰੱਦ ਕਰ ਦਿੱਤਾ ਹੈ।

ਇਸ ਲਈ ਇਨ੍ਹਾਂ ਦੀ ਕਾਲਜ ਨੂੰ ਦਿੱਤੀ ਜਾਣ ਵਾਲੀ ਫੀਸ 5-6 ਲੱਖ ਵਾਪਸ ਕਰਕੇ ਕਿਸੇ ਹੋਰ ਕਾਲਜ ਵਿੱਚ ਦਾਖ਼ਲਾ ਦੁਆ ਕੇ ਐਡਜਸਟ ਕੀਤਾ ਜਾ ਰਿਹਾ ਹੈ।

ਹੁਣ ਇਨ੍ਹਾਂ ਵਿੱਚੋਂ ਕਈਆਂ ਨੇ ਆਪਣੀ ਸਿੱਖਿਆ ਪੂਰੀ ਕਰ ਲਈ ਅਤੇ ਵਰਕ ਪਰਮਿਟ ਹਾਸਲ ਕਰ ਲਏ ਹਨ।

ਪਰ ਜਦੋਂ ਇਨ੍ਹਾਂ ਨੇ ਪੱਕੀ ਰਿਹਾਇਸ਼ (ਪੀਆਰ) ਲਈ ਅਪਲਾਈ ਕੀਤਾ ਤਾਂ ਕੈਨੇਡੀਅਨ ਬਾਰਡਰ ਸਕਿਊਰਿਟੀ ਏਜੰਸੀ ਨੂੰ ਇਨ੍ਹਾਂ ਦੇ ਕੈਨੇਡਾ ਆਉਣ ਸਮੇਂ ਜਾਅਲੀ ਦਾਖ਼ਲਾ ਪੱਤਰ ਹੋਣ ਦਾ ਪਤਾ ਲੱਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)