ਵੇਲਜ਼ ਦੀ ਸ਼ਹਿਜ਼ਾਦੀ, ਕੈਥਰੀਨ ਨੇ ਕਿਹਾ, 'ਮੈਂ ਕੈਂਸਰ ਦਾ ਇਲਾਜ ਕਰਵਾ ਰਹੀ ਹਾਂ'

ਰਾਜਕੁਮਾਰੀ ਕੈਥਰੀਨ

ਤਸਵੀਰ ਸਰੋਤ, BBC Studios

ਤਸਵੀਰ ਕੈਪਸ਼ਨ, ਕੈਥਰੀਨ ਰਾਜਕੁਮਾਰ ਵਿਲੀਅਮ ਦੀ ਪਤਨੀ ਅਤੇ ਯੂਕੇ ਰਾਜ ਪਰਿਵਾਰ ਦੀ ਨੂੰਹ ਹਨ।

ਪ੍ਰਿੰਸੇਜ਼ ਆਫ ਵੇਲਜ਼ ਨੇ ਕਿਹਾ ਹੈ ਕਿ ਉਹ ਆਪਣੇ ਕੈਂਸਰ ਦੇ ਇਲਾਜ ਦੇ ਸ਼ੁਰੂਆਤੀ ਪੜਾਅ ਵਿੱਚ ਹਨ।

ਆਪਣੇ ਵੀਡੀਓ ਬਿਆਨ ਵਿੱਚ ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਮਹੀਨੇ ਬਹੁਤ ਕਠੋਰ ਰਹੇ ਅਤੇ ਇੱਕ ਸਦਮੇ ਵਰਗੇ ਰਹੇ ਹਨ।

ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਉਹ "ਠੀਕ ਹਨ ਅਤੇ ਹਰ ਦਿਨ ਹੋਰ ਮਜ਼ਬੂਤ ਹੋ ਰਹੇ ਹਨ।'

ਕੈਂਸਰ ਦੇ ਵੇਰਵੇ ਹਾਲਾਂਕਿ ਜਨਤਕ ਨਹੀਂ ਕੀਤੇ ਗਏ ਪਰ ਕੇਨਸਿੰਗਟਨ ਪੈਲੇਸ ਦਾ ਕਹਿਣਾ ਹੈ ਕਿ ਸ਼ਹਿਜ਼ਾਦੀ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ।

ਕੈਥਰੀਨ ਰਾਜਕੁਮਾਰ ਵਿਲੀਅਮ ਦੀ ਪਤਨੀ ਅਤੇ ਯੂਕੇ ਰਾਜ ਪਰਿਵਾਰ ਦੀ ਨੂੰਹ ਹਨ।

ਆਪਣੇ ਵੀਡੀਓ ਮੈਸਜ ਵਿੱਚ ਕੈਥਰੀਨ ਨੇ ਕਿਹਾ ਕਿ ਜਦੋਂ "ਜਨਵਰੀ ਵਿੱਚ ਢਿੱਡ ਦਾ ਅਪਰੇਸ਼ਨ ਹੋਇਆ ਸੀ ਤਾਂ ਕੈਂਸਰ ਬਾਰੇ ਪਤਾ ਨਹੀਂ ਸੀ।"

"ਹਾਲਾਂਕਿ ਅਪਰੇਸ਼ਨ ਤੋਂ ਬਾਅਦ ਕੀਤੇ ਗਏ ਟੈਸਟਾਂ ਨੇ ਉਜਾਗਰ ਕੀਤਾ ਕਿ ਕੈਂਸਰ ਮੌਜੂਦ ਸੀ। ਇਸ ਲਈ ਮੇਰੀ ਮੈਡੀਕਲ ਟੀਮ ਨੇ ਸਲਾਹ ਦਿੱਤੀ ਕਿ ਮੈਨੂੰ ਰੋਕਥਾਮ ਲਈ ਕੀਮੋਥੈਰਿਪੀ ਕਰਵਾਉਣੀ ਚਾਹੀਦੀ ਹੈ ਅਤੇ ਹੁਣ ਮੈਂ ਇਲਾਜ ਦੇ ਮੁੱਢਲੇ ਪੜਾਵਾਂ ਵਿੱਚ ਹਾਂ।"

ਸ਼ਹਿਜ਼ਾਦੀ ਦਾ ਕੀਮੋਥੈਰਿਪੀ ਇਲਾਜ ਫਰਵਰੀ ਦੇ ਅਖੀਰ ਵਿੱਚ ਸ਼ੁਰੂ ਹੋਇਆ। ਪੈਲਸ ਦਾ ਕਹਿਣਾ ਹੈ ਕਿ ਕੈਂਸਰ ਦੀ ਕਿਸਮ ਸਮੇਤ ਇਸ ਬਾਰੇ ਕੋਈ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਵੇਗੀ।

42 ਸਾਲਾ ਸ਼ਹਿਜ਼ਾਦੀ ਨੇ ਕਿਹਾ ਕਿ ਇਸ ਦੌਰਾਨ ਉਹ ਉਨ੍ਹਾਂ ਸਭ ਲੋਕਾਂ ਬਾਰੇ ਸੋਚਦੇ ਰਹੇ ਹਨ "ਜੋ ਕਿਸੇ ਵੀ ਰੂਪ ਵਿੱਚ, ਇਸ ਬੀਮਾਰੀ ਨਾਲ ਜੂਝ ਰਹੇ ਹਨ। ਉਮੀਦ ਨਾ ਛੱਡੋ। ਤੁਸੀਂ ਇਕੱਲੇ ਨਹੀਂ ਹੋ।"

ਕੈਥਰੀਨ ਨੇ ਕਿਹਾ ਕਿ ਅਪਰੇਸ਼ਨ ਤੋਂ ਬਾਅਦ, "ਉਭਰਨ ਵਿੱਚ ਸਮਾਂ ਲੱਗਿਆ ਹੈ ਅਤੇ ਹੁਣ ਉਨ੍ਹਾਂ ਦੀ ਪ੍ਰਮੁੱਖਤਾ ਪਰਿਵਾਰ ਨੂੰ ਯਕੀਨ ਦਵਾਉਣਾ ਹੈ ਕਿ ਉਹ ਠੀਕ ਹਨ। ਹਾਲਾਂਕਿ ਅਪਰੇਸ਼ਨ ਕਿਉਂ ਕੀਤਾ ਗਿਆ ਸੀ ਇਹ ਨਹੀਂ ਦੱਸਿਆ ਗਿਆ ਹੈ।"

ਉਨ੍ਹਾਂ ਨੇ ਕਿਹਾ ਕਿ ਕਿਵੇਂ ਉਹ ਅਤੇ ਵਿਲੀਅਮ "ਆਪਣੇ ਨਵੇਂ ਪਰਿਵਾਰ ਲਈ ਇਸ ਦਾ ਓਹਲਾ ਰੱਖ ਰਹੇ ਸਨ"।

ਸ਼ਹਿਜ਼ਾਦੀ ਨੇ ਦੱਸਿਆ ਕਿ ਬੱਚਿਆਂ ਜੌਰਜ ਅਤੇ ਸ਼ਾਰਲੈਟ ਨੂੰ ਉਨ੍ਹਾਂ ਲਈ ਸਹੀ ਢੰਗ ਨਾਲ ਸਮਝਾਉਣ, ਅਤੇ ਦੱਸਣ ਵਿੱਚ ਕਿ ਹੁਣ ਉਹ ਠੀਕ ਹੈ, ਸਮਾਂ ਲੱਗਿਆ ਹੈ।

ਉਨ੍ਹਾਂ ਨੇ ਕਿਹਾ, "ਪਰਿਵਾਰ ਨੂੰ ਹੁਣ ਕੁਝ ਸਮਾਂ, ਥਾਂ ਅਤੇ ਨਿੱਜਤਾ ਚਾਹੀਦੀ ਹੈ"।

ਸ਼ਹਿਜ਼ਾਦੀ ਦੀ ਸਿਹਤ ਬਾਰੇ, ਰਾਜਾ ਅਤੇ ਰਾਣੀ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਰਾਜਾ ਚਾਰਲਸ ਦਾ ਆਪਣਾ ਵੀ ਕੈਂਸਰ ਦਾ ਇਲਾਜ ਚੱਲ ਰਿਹਾ ਹੈ।

ਰਾਜਾ ਚਰਲਸ ਅਤੇ ਕੈਥਰੀਨ ਦੋਵਾਂ ਦਾ ਮੁੱਢਲਾ ਇਲਾਜ, ਇੱਕੋ ਸਮੇਂ ਲੰਡਨ ਕਲੀਨਿਕ ਵਿੱਚ ਹੋਇਆ ਹੈ, ਜੋ ਕਿ ਇੱਕ ਨਿੱਜੀ ਹਸਪਤਾਲ ਹੈ।

ਕਿੰਗ ਚਾਰਲਸ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਰਾਜਾ ਚਾਰਲਸ ਅਤੇ ਕੈਥਰੀਨ ਦਾ ਕੁਝ ਸਮੇਂ ਲਈ ਲੰਡਨ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਕੀਤਾ ਗਿਆ

ਕੈਥਰੀਨ ਦਾ ਢਿੱਡ ਦਾ ਅਪਰੇਸ਼ਨ ਕੀਤਾ ਗਿਆ ਜਦਕਿ ਰਾਜਾ ਦਾ ਉੱਥੇ ਵਧੀ ਹੋਏ ਪ੍ਰੋਸਟੇਟ ਲਈ ਅਪਰੇਸ਼ਨ ਕੀਤਾ ਗਿਆ।

ਬਕਿੰਘਮ ਪੈਲੇਸ ਦੇ ਬੁਲਾਰੇ ਨੇ ਕਿਹਾ ਹੈ ਕਿ ਕੈਥਰੀਨ ਨੇ ਜਿਵੇਂ ਗੱਲ ਕੀਤੀ ਹੈ ਉਸ ਤੋਂ ਰਾਜਾ ਨੂੰ ਬਹੁਤ ਮਾਣ ਹੈ।

ਬੁਲਾਰੇ ਨੇ ਦੱਸਿਆ ਕਿ ਹਸਪਤਾਲ ਵਿੱਚ ਇਕੱਠੇ ਇਲਾਜ ਕਰਵਾਉਣ ਤੋਂ ਬਾਅਦ, ਪਿਛਲੇ ਹਫ਼ਤਿਆਂ ਰਾਜਾ ਆਪਣੀ ਪਿਆਰੀ ਨੂੰਹ ਦੇ ਨਜ਼ਦੀਕੀ ਸੰਪਰਕ ਵਿੱਚ ਰਹੇ ਹਨ।

ਸ਼ਹਿਜ਼ਾਦੀ ਅਤੇ ਪ੍ਰਿੰਸ ਰਾਜ ਪਰਿਵਾਰ ਨਾਲ ਆਪਣੀਆਂ ਸਰਕਾਰੀ ਜ਼ਿੰਮੇਵਾਰੀਆਂ ਤੋਂ ਕੁਝ ਸਮੇਂ ਲਈ ਦੂਰ ਰਹਿਣਗੇ। ਈਸਟਰ ਐਤਵਾਰ ਨੂੰ ਵੀ ਉਹ ਰਾਜ ਪਰਿਵਾਰ ਦੇ ਨਾਲ ਨਹੀਂ ਰਹਿਣਗੇ।

ਕੇਸਿੰਗਟਨ ਪੈਲੇਸ ਨੇ ਇਹ ਵੀ ਕਿਹਾ ਕਿ ਪ੍ਰਿੰਸ ਵਿਲੀਅਮ 27 ਫਰਵਰੀ ਦੀ ਇੱਕ ਯਾਦਗਾਰੀ ਸੇਵਾ ਵਿੱਚੋਂ ਵੀ ਕੈਥਰੀਨ ਦੇ ਕੈਂਸਰ ਕਾਰਨ ਹੀ ਗੈਰ-ਹਾਜ਼ਰ ਰਹੇ ਸਨ।

ਲੰਡਨ ਕਲੀਨਿਕ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਵੀਡੀਓ ਮੈਸੇਜ ਦਾ ਫਿਲਮਾਂਕਣ ਬੀਬੀਸੀ ਸਟੂਡੀਓਜ਼ ਵੱਲੋਂ ਬੁੱਧਵਾਰ ਨੂੰ ਕੀਤਾ ਗਿਆ ਸੀ।

ਲੋਕਾਂ ਦਾ ਧਿਆਨ ਕੈਥਰੀਨ ਵੱਲ ਗਿਆ

ਜਨਵਰੀ ਵਿੱਚ ਅਪਰੇਸ਼ਨ ਤੋਂ ਬਾਅਦ ਸੋਸ਼ਲ ਮੀਡੀਆ ਉੱਪਰ ਜੋੜੇ ਨੂੰ ਕੈਥਰੀਨ ਦੀ ਸਿਹਤ ਬਾਰੇ ਲੋਕਾਂ ਦਾ ਬਹੁਤ ਸਾਰਾ ਧਿਆਨ ਮਿਲਿਆ ਹੈ। ਕ੍ਰਿਸਮਿਸ ਤੋਂ ਬਾਅਦ ਉਨ੍ਹਾਂ ਨੇ ਕਿਸੇ ਵੀ ਸਰਕਾਰੀ ਸਮਾਗਮ ਵਿੱਚ ਸ਼ਿਰਕਤ ਨਹੀਂ ਕੀਤੀ ਹੈ।

ਆਪਣੇ ਵੀਡੀਓ ਮੈਸਜ ਵਿੱਚ ਉਨ੍ਹਾਂ ਨੇ ਪਰਿਵਾਰ ਦੇ ਸਾਥ ਦਾ ਜ਼ਿਕਰ ਕਰਦਿਆਂ ਕਿਹਾ, ਵਿਲੀਅਮ ਦਾ ਨਾਲ ਹੋਣਾ ਭਰੋਸੇ ਅਤੇ ਸਕੂਨ ਦਾ ਸਰੋਤ ਹੈ।

''ਜਿੰਨਾ ਤੁਹਾਡੇ ਵਿੱਚੋਂ ਕਈਆਂ ਵੱਲੋਂ ਦਿਖਾਏ ਗਏ ਪਿਆਰ, ਸਾਥ ਅਤੇ ਦਿਆਲਤਾ। ਇਹ ਸਾਡੇ ਦੋਵਾਂ ਲਈ ਬਹੁਤ ਮਾਅਨੇ ਰੱਖਦਾ ਹੈ।''

ਵੀਡੀਓ ਮੈਸੇਜ ਦਾ ਫਿਲਮਾਂਕਣ ਬੀਬੀਸੀ ਸਟੂਡੀਓਜ਼ ਵੱਲੋਂ ਬੁੱਧਵਾਰ ਨੂੰ ਕੀਤਾ ਗਿਆ ਸੀ।

ਬੀਬੀਸੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਰਾਜਕੁਮਾਰੀ ਦੀ ਸਿਹਤ ਬਾਰੇ ਫੈਲ ਰਹੀਆਂ ਅਫਵਾਹਾਂ ਅਤੇ ਸਾਜਿਸ਼ੀ ਸਿਧਾਂਤਾਂ ਦੇ ਮੱਦੇਨਜ਼ਰ ਮਹਿਲ ਵੱਲੋਂ ਇਸ ਬਾਰੇ ਨਿੱਜਤਾ ਦੀ ਮੰਗ ਕੀਤੀ ਗਈ ਸੀ।

ਇਸ ਤੋਂ ਪਹਿਲਾਂ 10 ਮਾਰਚ ਨੂੰ ਕੈਥਰੀਨ ਦੀ ਤਸਵੀਰ ਦੇ ਨਕਲੀ ਹੋਣ ਬਾਰੇ ਛਿੜੇ ਵਿਵਾਦ ਤੋਂ ਬਾਅਦ ਇਨ੍ਹਾਂ ਕਿਆਸਾਂ ਵਿੱਚ ਹੋਰ ਵੀ ਤੇਜ਼ੀ ਆ ਗਈ ਸੀ।

ਬਕਿੰਗਘਮ ਪੈਲੇਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਕਿੰਗਘਮ ਪੈਲੇਸ

ਹਾਲਾਂਕਿ ਸ਼ਹਿਜ਼ਾਦੀ ਨੇ ਬਾਅਦ ਵਿੱਚ ਜਾਰੀ ਆਪਣੇ ਬਿਆਨ ਵਿੱਚ ਇਸ ਲਈ ਮਾਫੀ ਮੰਗੀ ਸੀ, ਕਿ ਉਹ ਤਸਵੀਰ ਉਨ੍ਹਾਂ ਨੇ ਖੁਦ ਹੀ ਇੱਕ ਨੌਸਿਖੀਏ ਐਡੀਟਰ ਵਜੋਂ ਤਿਆਰ ਕੀਤੀ ਸੀ।

ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਸ਼ਹਿਜ਼ਾਦੀ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ ਅਤੇ ਉਨ੍ਹਾਂ ਵੱਲੋਂ ਦਿਖਾਈ ਬਹਾਦਰੀ ਦੀ ਤਾਰੀਫ਼ ਕੀਤੀ ਹੈ।

ਜਦੋਂ ਸਿਹਤ ਦੀ ਗੱਲ ਆਵੇ ਤਾਂ ਉਨ੍ਹਾਂ ਨੂੰ ਵੀ ਕਿਸੇ ਵੀ ਹੋਰ ਵਿਅਕਤੀ ਵਾਂਗ ਨਿੱਜਤਾ ਮਿਲਣੀ ਚਾਹੀਦੀ ਹੈ ਤਾਂ ਜੋ ਆਪਣਾ ਪਰਿਵਾਰ ਅਤੇ ਇਲਾਜ ਵੱਲ ਧਿਆਨ ਦੇ ਸਕਣ।

ਸੁਨਕ ਨੇ ਕਿਹਾ ਕਿ ਦੋਵਾਂ ਨੇ ਆਪਣੇ ਬੱਚਿਆਂ ਨੂੰ ਇਸ ਬਾਰੇ ਦੱਸਣ ਲਈ ਸਹੀ ਸਮੇਂ ਦਾ ਇੰਤਜ਼ਾਰ ਕੀਤਾ ਹੋਵੇਗਾ ਅਤੇ ਉਨ੍ਹਾਂ ਨੂੰ ਨਿੱਜਤਾ ਮਿਲਣੀ ਚਾਹੀਦੀ ਹੈ।

ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਲੱਖਾਂ ਹੋਰ ਲੋਕਾਂ ਵਾਂਗ ਐਕਸ ਉੱਪਰ ਸ਼ਹਿਜ਼ਾਦੀ ਦੇ ਜਲਦੀ ਸਹਿਤਯਾਬ ਹੋਣ ਦੀ ਕਾਮਨਾ ਕੀਤੀ ਹੈ।

ਕੈਂਸਰ ਦਾ ਸ਼ੱਕ ਹੋਵੇ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

ਜਦੋਂ ਵੀ ਤੁਹਾਨੂੰ ਆਪਣੇ ਸਰੀਰ ਵਿੱਚ ਕਿਤੇ ਵੀ ਕੁਝ ਲੱਗੇ ਜੋ ਆਮ ਵਾਂਗ ਨਹੀਂ ਹੈ, ਤਾਂ ਤੁਹਾਨੂੰ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।

ਇਨ੍ਹਾਂ ਲੱਛਣਾਂ ਵਿੱਚ ਸ਼ਾਮਲ ਹੋ ਸਕਦੇ ਹਨ—

  • ਬਿਨਾਂ ਕਾਰਨ ਖੂਨ ਵਹਿਣਾ ਅਤੇ ਭਾਰ ਘਟਣਾ
  • ਅਜੀਬ ਜਿਹੀ ਗੰਢ ਜਾਂ ਸੋਜਿਸ਼
  • ਅਜਿਹੀ ਥਕਾਨ ਜਾਂ ਭਾਰ ਵਿੱਚ ਕਮੀ ਜਿਸ ਦਾ ਕੋਈ ਕਾਰਨ ਨਾ ਦੱਸਿਆ ਜਾ ਸਕੇ।
  • ਲਗਾਤਾਰ ਖੰਘ

ਹਾਲਾਂਕਿ ਹੋ ਸਕਦਾ ਹੈ ਕਿ ਜਿਹੜੇ ਲੱਛਣ ਤੁਹਾਨੂੰ ਨਜ਼ਰ ਆਉਣ ਉਹ ਕੈਂਸਰ ਦੇ ਨਾ ਹੋਣ। ਇਸ ਦੀ ਪੁਸ਼ਟੀ ਟੈਸਟਾਂ ਅਤੇ ਜਾਂਚ ਤੋਂ ਬਾਅਦ ਹੀ ਹੋ ਸਕਦੀ ਹੈ। ਕੈਂਸਰ ਦੇ ਲੱਛਣਾਂ ਬਾਰੇ ਤੁਸੀਂ ਇਹ ਵਿਸ਼ੇਸ਼ ਰਿਪੋਰਟ ਵੀ ਪੜ੍ਹ ਸਕਦੇ ਹੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)