ਬਿਪਰਜੋਏ: ਗੁਜਰਾਤ ਦੇ ਤੱਟਵਰਤੀ ਇਲਾਕਿਆਂ ਵਿੱਚ ਬਿਜਲੀ ਪਾਣੀ ਠੱਪ, ਪਾਕਿਸਤਾਨ ਦੇ ਘਰਾਂ ਵਿੱਚ ਪਹੁੰਚਿਆ ਪਾਣੀ

ਤਸਵੀਰ ਸਰੋਤ, Getty Images
ਅਰਬ ਸਾਗਰ ਵਿੱਚ ਉੱਠਿਆ ਚੱਕਰਵਾਤੀ ਤੂਫ਼ਾਨ ਬਿਪਰਜੋਏ ਜਦੋਂ ਵੀਰਵਾਰ ਸ਼ਾਮ ਤਕਰੀਬਨ 4.30 ਵਜੇ ਧਰਤੀ ਨਾਲ ਟਕਰਾਇਆ ਤਾਂ ਉੱਤਰ-ਪੱਛਮੀ ਭਾਰਤ ਦੇ ਗੁਜਰਾਤ ਅਤੇ ਦੱਖਣੀ ਪਾਕਿਸਤਾਨ ਦੇ ਸਿੰਧ ਇਲਾਕੇ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੀ ਮਾਰ ਹੇਠ ਆ ਗਏ।
ਭਾਰਤ ਦਾ ਗੁਜਰਾਤ ਸੂਬਾ ਜੋ ਕਿ ਤੱਟਵਰਤੀ ਇਲਾਕਾ ਹੈ, ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ। ਤੇਜ਼ ਹਵਾਂ ਨੇ ਘੰਟਿਆਂ ਬੱਧੀ ਜ਼ਿੰਦਗੀ ਲੀਹ ਤੋਂ ਲਾਹੀ ਰੱਖੀ।
ਤੂਫ਼ਾਨ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ।
ਗੁਜਰਾਤ ਦੇ ਰਾਹਤ ਕਾਰਜਾਂ ਦੇ ਇੰਚਾਰਜ ਕਮਿਸ਼ਨਰ ਆਲੋਕ ਪਾਂਡੇ ਨੇ ਦੱਸਿਆ ਕਿ ਕੱਛ ਵਿੱਚ ਹਵਾ ਦੀ ਰਫ਼ਤਾਰ 108 ਕਿਲੋਮੀਟਰ ਪ੍ਰਤੀ ਘੰਟਾ ਸੀ।
ਉਨ੍ਹਾਂ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਗੁਜਰਾਤ ਦੇ 940 ਪਿੰਡਾਂ 'ਚ ਬਿਜਲੀ ਦੇ ਖੰਭੇ ਡਿੱਗਣ ਦੀ ਖ਼ਬਰ ਹੈ।

ਤਸਵੀਰ ਸਰੋਤ, TEJAS VAIDYA/BBC
ਇਸ ਦੇ ਨਾਲ ਹੀ 524 ਦਰੱਖਤ ਡਿੱਗ ਚੁੱਕੇ ਹਨ। ਪਾਂਡੇ ਦਾ ਕਹਿਣਾ ਹੈ ਕਿ ਇਹ ਅੰਕੜੇ 16 ਜੂਨ ਤੱਕ ਵੱਧ ਜਾਣਗੇ।
ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਲੇ ਤੱਕ ਕੋਈ ਮਨੁੱਖੀ ਜਾਨ ਜਾਣ ਦੀ ਖ਼ਬਰ ਨਹੀਂ ਹੈ। ਪਰ ਇਸ ਤੂਫ਼ਾਨ ਵਿੱਚ ਕਰੀਬ 20 ਲੋਕ ਜਖ਼ਮੀ ਹੋਏ ਹਨ।
ਉਨ੍ਹਾਂ ਦੱਸਿਆ ਕਿ 23 ਪਸ਼ੂਆਂ ਦੀ ਤੂਫ਼ਾਨ ਦੌਰਾਨ ਮੌਤ ਹੋਣ ਦੀ ਖ਼ਬਰ ਹੈ।
ਚੱਕਰਵਾਤ ਬਿਪਰਜੋਏ ਦੇ ਆਉਣ ਤੋਂ ਪਹਿਲਾਂ ਦੋਵਾਂ ਦੇਸ਼ਾਂ ਦੇ 170,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਸੀ।
ਭਵਿੱਖਬਾਣੀ ਕਰਨ ਵਾਲਿਆਂ ਨੇ ਇਸ ਤੂਫ਼ਾਨ ਨੂੰ ਬੀਤੇ 25 ਵਰ੍ਹਿਆਂ ਦੌਰਾਨ ਆਉਣ ਵਾਲੇ ਤੂਫ਼ਾਨਾਂ ਦੇ ਮੁਕਾਬਲੇ ਸਭ ਤੋਂ ਵੱਧ ਖ਼ਤਰਨਾਕ ਦੱਸਿਆ ਸੀ।
ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਸੀ। ਪਰ ਇਸ ਇਲਾਕੇ ਦੀਆਂ ਫ਼ਸਲਾਂ ਨੂੰ ਬਚਾਉਣਾ ਤਕਰੀਬਨ ਨਾਮੁਮਕਿਨ ਸਾਬਤ ਹੋਇਆ।

ਤਸਵੀਰ ਸਰੋਤ, DHANRAJ RATHOD

ਇਸ ਦਾ ਨਾਮ ਬਿਪਰਜੋਏ ਕਿਉਂ ਪਿਆ?
- ਬੰਗਾਲੀ ਭਾਸ਼ਾ ਵਿੱਚ ਬਿਪਰਜੋਏ ਦਾ ਅਰਥ ਹੈ- ਆਪਦਾ। ਇਹ ਨਾਮ ਬੰਗਲਾਦੇਸ਼ ਨੇ ਸੁਝਾਇਆ ਸੀ।
- ਅਸਲ ਵਿੱਚ ਬਿਪਰਜੋਏ ਸੰਸਕ੍ਰਿਤ ਭਾਸ਼ਾ ਦੇ ਵਿਪਰਯਯ ਸ਼ਬਦ ਤੋਂ ਆਇਆ ਹੈ।
- 1953 ਤੋਂ, ਮਿਆਮੀ ਨੈਸ਼ਨਲ ਹਰੀਕੇਨ ਸੈਂਟਰ ਅਤੇ ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਯੂਐਮਓ) ਤੂਫ਼ਾਨਾਂ ਅਤੇ ਊਸ਼ਣਕਟਿਬੰਧੀ ਚੱਕਰਵਾਤ ਦੇ ਨਾਮ ਰੱਖਦਾ ਰਿਹਾ ਹੈ।
- ਡਬਲਯੂਐਮਓ ਦੀ ਅਗਵਾਈ ਵਾਲੇ ਅੰਤਰਰਾਸ਼ਟਰੀ ਪੈਨਲ ਨੂੰ 2004 'ਚ ਭੰਗ ਕਰ ਦਿੱਤਾ ਗਿਆ ਅਤੇ ਸਬੰਧਤ ਦੇਸ਼ਾਂ ਨੂੰ ਆਪੋ-ਆਪਣੇ ਖੇਤਰਾਂ ਵਿੱਚ ਆਉਣ ਵਾਲੇ ਚੱਕਰਵਾਤ ਦਾ ਨਾਮ ਆਪ ਹੀ ਦੇਣ ਲਈ ਕਿਹਾ ਗਿਆ।
- ਇਸ ਤੋਂ ਬਾਅਦ ਭਾਰਤ, ਪਾਕਿਸਤਾਨ, ਬੰਗਲਾਦੇਸ਼, ਮਾਲਦੀਵ, ਮਿਆਂਮਾਰ, ਓਮਾਨ, ਸ੍ਰੀਲੰਕਾ ਅਤੇ ਥਾਈਲੈਂਡ ਸਮੇਤ ਕੁੱਲ ਅੱਠ ਦੇਸ਼ਾਂ ਨੇ ਇੱਕ ਬੈਠਕ ਵਿੱਚ ਹਿੱਸਾ ਲਿਆ।
- ਇਨ੍ਹਾਂ ਦੇਸ਼ਾਂ ਨੇ 64 ਨਾਮਾਂ ਦੀ ਸੂਚੀ ਸੌਂਪੀ। ਹਰ ਦੇਸ਼ ਨੇ ਆਉਣ ਵਾਲੇ ਚੱਕਰਵਾਤ ਲਈ ਅੱਠ ਨਾਂ ਸੁਝਾਏ। ਇਹ ਸੂਚੀ ਹਰੇਕ ਦੇਸ਼ ਦੇ ਵਰਣ ਕ੍ਰਮ ਦੇ ਅਨੁਸਾਰ ਹੈ।
- ਚੱਕਰਵਾਤ ਮਾਹਿਰਾਂ ਦਾ ਪੈਨਲ ਹਰ ਸਾਲ ਮਿਲਦਾ ਹੈ ਅਤੇ ਲੋੜ ਪੈਣ 'ਤੇ ਸੂਚੀ ਨੂੰ ਦੁਬਾਰਾ ਭਰਿਆ ਜਾਂਦਾ ਹੈ।

ਚੱਕਰਵਾਤ ਲਈ ਤਿਆਰੀ
ਆਲੋਕ ਪਾਂਡੇ ਦੱਸਦੇ ਹਨ ਕਿ ਲੋਕਾਂ ਨੂੰ ਉਨ੍ਹਾਂ ਇਲਾਕਿਆਂ ਤੋਂ ਬਾਹਰ ਕਰ ਦਿੱਤਾ ਗਿਆ ਸੀ ਜਿਨ੍ਹਾਂ ਦੇ ਸਭ ਤੋਂ ਵੱਧ ਪ੍ਰਭਾਵਿਤ ਹੋਣ ਦਾ ਖ਼ਤਰਾ ਸੀ।
ਉਹ ਤੂਫ਼ਾਨ ਦੀ ਤੀਬਰਤਾ ਬਾਰੇ ਦੱਸਦੇ ਹਨ ਕਿ ਪਹਿਲਾਂ ਚੱਕਰਵਾਤ ਦੀ ਤੀਬਰਤਾ ਘੱਟ ਗਈ ਸੀ ਪਰ ਹਵਾ ਦੀ ਗਤੀ ਕਰੀਬ 110-125 ਕਿਲੋਮੀਟਰ ਪ੍ਰਤੀ ਘੰਟਾ (68-78 ਮੀਲ ਪ੍ਰਤੀ ਘੰਟਾ) ਬਣੀ ਰਹੀ ਜੋ ਕਿ "ਬਹੁਤ ਖਤਰਨਾਕ" ਪੱਧਰ ਦੀ ਹੁੰਦੀ ਹੈ।
ਭਾਰਤੀ ਹਥਿਆਰਬੰਦ ਬਲਾਂ ਅਤੇ ਤੱਟ ਰੱਖਿਅਕਾਂ ਨੇ ਬਚਾਅ ਅਤੇ ਰਾਹਤ ਕਾਰਜਾਂ ਲਈ ਜਹਾਜ਼ਾਂ, ਹੈਲੀਕਾਪਟਰਾਂ ਅਤੇ ਜਹਾਜ਼ਾਂ ਨੂੰ ਸਟੈਂਡਬਾਏ 'ਤੇ ਰੱਖਿਆ ਗਿਆ ਹੈ।
ਗੁਜਰਾਤ ਦੇ ਸਿਹਤ ਮੰਤਰੀ ਰੁਸ਼ੀਕੇਸ਼ ਪਟੇਲ ਨੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਯਾਤਰਾ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਸੀ ਤੇ ਕਿਹਾ ਸੀ ਕਿ ਉਹ ਕਿਸੇ ਵੀ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾਅ ਯਕੀਨੀ ਬਣਾਉਣਾ ਚਾਹੁੰਦੇ ਹਨ।
ਇਸੇ ਹਫ਼ਤੇ ਦੀ ਸ਼ੁਰੂਆਤ ਵਿੱਚ ਭਾਰਤ ਵਿੱਚ ਭਾਰੀ ਮੀਂਹ ਕਾਰਨ ਘੱਟੋ-ਘੱਟ ਸੱਤ ਮੌਤਾਂ ਹੋਈਆਂ।
ਖ਼ਬਰ ਏਜੰਸੀ ਏਐੱਫ਼ਪੀ ਮੁਤਾਬਕ ਪੀੜਤਾਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ ਜੋ ਤੇਜ਼ ਮੀਂਹ ਕਾਰਨ ਡਿੱਗੀ ਕੰਧ ਦੇ ਹੇਠਾਂ ਆ ਕੇ ਮਾਰੇ ਗਏ ਸਨ। ਇੱਕ ਮੋਟਰਸਾਈਕਲ ਸਵਾਰ ਔਰਤ ਦੀ ਮੌਤ ਉਸ ਉੱਤੇ ਦਰਖ਼ਤ ਡਿੱਗਣ ਨਾਲ ਹੋਈ ਸੀ।

ਤਸਵੀਰ ਸਰੋਤ, YEARS
ਜੰਗਲ ਤੇ ਉਸ ਵਿਚਲੇ ਜਾਨਵਰਾਂ ਨੂੰ ਬਚਾਉਣ ਦੀ ਜੱਦੋ-ਜਹਿਦ
ਬੀਬੀਸੀ ਗੁਜਰਾਤੀ ਦੀ ਰਿਪੋਰਟ ਮੁਤਾਬਕ ਗੁਜਰਾਤ ਸਰਕਾਰ ਨੇ ਗਿਰ ਜੰਗਲ ਅਤੇ ਤੱਟਵਰਤੀ ਖੇਤਰਾਂ ਵਿੱਚ ਏਸ਼ੀਆਈ ਸ਼ੇਰਾਂ ਦੀ ਸੁਰੱਖਿਆ ਦੀ ਨਿਗਰਾਨੀ ਕਰਨ ਲਈ ਕੰਟਰੋਲ ਰੂਮ ਵੀ ਸਥਾਪਤ ਕੀਤੇ ਹਨ।
ਗਿਰ ਦਾ ਜੰਗਲ ਏਸ਼ੀਆਈ ਸ਼ੇਰਾਂ ਦਾ ਇੱਕੋ ਇੱਕ ਕੁਦਰਤੀ ਨਿਵਾਸ ਸਥਾਨ ਹੈ।
ਰਾਹਤ ਕਾਰਜਾਂ ਲਈ 18 ਕੌਮੀ ਆਫ਼ਤ ਰਾਹਤ ਟੀਮਾਂ ਅਤੇ 12 ਸੂਬਾਈ ਆਫ਼ਤ ਰਾਹਤ ਟੀਮਾਂ ਨੂੰ ਗੁਜਰਾਤ ਦੇ ਪ੍ਰਮੁੱਖ ਖੇਤਰਾਂ ਵਿੱਚ ਤਾਇਨਾਤ ਕੀਤਾ ਗਿਆ ਹੈ।
ਉਹ ਇਹ ਯਕੀਨੀ ਬਣਾਉਣ 'ਤੇ ਧਿਆਨ ਕੇਂਦਰਿਤ ਕਰ ਰਹੇ ਹਨ ਕਿ ਜ਼ਰੂਰੀ ਸੇਵਾਵਾਂ ਪ੍ਰਭਾਵਿਤ ਨਾ ਹੋਣ ਜਾਂ ਘੱਟੋ-ਘੱਟ ਜਲਦੀ ਹੀ ਬਹਾਲ ਹੋ ਸਕਣ।
ਗੁਜਰਾਤ ਤੱਟ 'ਤੇ ਮੱਛੀਆਂ ਫੜਨ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ, ਜਦਕਿ ਪਾਕਿਸਤਾਨ ਦੇ ਤੱਟੀ ਖੇਤਰ ਦੇ ਮਛੇਰਿਆਂ ਨੂੰ ਵੀ ਸਮੁੰਦਰੀ ਕਿਨਾਰੇ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ।

ਤਸਵੀਰ ਸਰੋਤ, YEARS
ਕੱਛ ਵਿੱਚ ਬਿਜਲੀ ਠੱਪ
ਚੱਕਰਵਾਤ ਆਉਣ ਦੇ ਬਾਅਦ ਗੁਜਰਾਤ ਦੇ ਕੱਛ ਇਲਾਕੇ ਵਿੱਚ ਬਿਜਲੀ ਪਾਣੀ ਦੀਆਂ ਸੇਵਾਵਾਂ ਮੁਕੰਮਲ ਤੌਰ ’ਤੇ ਬੰਦ ਹੋ ਗਈਆਂ ਹਨ।
ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਦਰਖ਼ਤਾਂ ਦੇ ਡਿੱਗਣ ਨਾਲ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ, ਸੈਂਕੜੇ ਖੰਬੇ ਡਿੱਗ ਗਏ ਜਿਸ ਦੇ ਚਲਦਿਆਂ ਬੀਤੀ ਸ਼ਾਮ ਤੋਂ ਬਿਜਲੀ ਸਪਲਾਈ ਬੰਦ ਰਹੀ ਹੈ।
ਨਾਲਿਆ ਇਲਾਕੇ ਵਿੱਚ ਵੀ ਦਰਖ਼ਤਾਂ ਦੇ ਡਿੱਗਣ ਨਾਲ ਨਿੱਜੀ ਤੇ ਡਨਤਕ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ।
ਇਨ੍ਹਾਂ ਇਲਾਕਿਆਂ ਵਿੱਚ ਰਾਤ ਭਰ ਤੇਜ਼ ਹਵਾਵਾਂ ਚਲਦੀਆਂ ਰਹੀਆਂ ਤੇ ਮੀਂਹ ਪੈਂਦਾ ਰਿਹਾ ਹੈ।

ਤਸਵੀਰ ਸਰੋਤ, PAVAN JAISHWAL
ਪਾਕਿਸਤਾਨ ਵਿੱਚ ਤੂਫ਼ਾਨ ਦਾ ਪ੍ਰਭਾਵ
ਪਾਕਿਸਤਾਨ 'ਚ ਤੂਫਾਨ ਦੇ ਸਿੰਧ ਸੂਬੇ ਦੇ ਤੱਟ 'ਤੇ ਟਕਰਾਉਣ ਦੀ ਸੰਭਾਵਨਾ ਹੈ।
ਅਧਿਕਾਰੀਆਂ ਨੇ ਦੱਖਣ-ਪੂਰਬੀ ਤੱਟ ਤੋਂ 81,000 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ ਹੈ ਤੇ ਸਕੂਲਾਂ ਵਿੱਚ 75 ਰਾਹਤ ਕੈਂਪ ਸਥਾਪਤ ਕੀਤੇ ਹਨ।
ਕੌਮਾਂਤਰੀ ਆਫ਼ਤ ਪ੍ਰਬੰਧਨ ਅਥਾਰਿਟੀ ਮੁਤਾਬਕ 2 ਕਰੋੜ ਤੋਂ ਵੱਧ ਆਬਾਦੀ ਵਾਲਾ ਪਾਕਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਕਰਾਚੀ ਕਿਸੇ ਫ਼ੌਰੀ ਖ਼ਤਰੇ ਹੇਠ ਨਹੀਂ ਹੈ ਪਰ ਇਥੇ ਵੀ ਐਮਰਜੈਂਸੀ ਉਪਾਅ ਕੀਤੇ ਜਾ ਰਹੇ ਹਨ।
ਮੌਸਮ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਉੱਚੀਆਂ ਲਹਿਰਾਂ ਸਮੁੰਦਰੀ ਤੱਟਾਂ ਦੇ ਨਾਲ ਨੀਵੇਂ ਇਲਾਕਿਆਂ ਵਿੱਚ ਡੁੱਬ ਸਕਦੀਆਂ ਹਨ।
ਪਾਕਿਸਤਾਨ ਆਫ਼ਤ ਪ੍ਰਬੰਧਨ ਅਥਾਰਿਟੀ ਦੇ ਮੁੱਖ ਅਫ਼ਸਰ ਡਾਕਟਰ ਅਕਰਮ ਬੁਗਤੀ ਦਾ ਕਹਿਣਾ ਹੈ ਕਿ ਤੂਫ਼ਾਨ ਦੀ ਰੁਖ਼ ਬਦਲਣ ਨਾਲ ਬਲੋਚਿਸਤਾਨ ਵਿੱਚ ਇਸ ਦਾ ਖ਼ਤਰਾ ਕੁਝ ਘਟਿਆ ਹੈ।
ਉਨ੍ਹਾਂ ਦੱਸਿਆ ਕਿ ਹਾਲਾਂਕਿ ਪਾਣੀ ਦਾ ਪੱਧਰ ਬਹੁਤ ਵੱਧ ਗਿਆ ਹੈ ਪਰ ਇਸ ਨਾਲ ਕਿਸੇ ਜਾਨੀ ਨੁਕਸਾਨ ਦੀ ਸੰਭਾਨਾ ਨਹੀਂ ਹੋਵੇਗੀ।
ਹਾਲੇ ਤੱਕ ਚੱਕਰਵਾਤ ਸਿੰਧ ਤੱਕ ਪਹੁੰਚਿਆ ਨਹੀਂ ਹੈ ਇਸ ਲਈ ਅਸਲ ਅੰਦਾਜੇ ਅਜਿਹਾ ਹੋਣ ਤੋਂ ਬਾਅਦ ਹੀ ਸੰਭਵ ਹਨ।

ਤਸਵੀਰ ਸਰੋਤ, Getty Images
ਘਰਾਂ ਤੱਕ ਪਾਣੀ ਪਹੁੰਚਣਾ
ਪਾਕਿਸਤਾਨ ਦੇ ਕਾਲਾਮਤ ਇਲਾਕੇ ਵਿੱਚ ਪਾਣੀ ਘਰਾਂ ਤੱਕ ਪਹੁੰਚ ਚੁੱਕਿਆ ਹੈ। ਪਰ ਇਸ ਤੋਂ ਕਿਸੇ ਕਿਸਮ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ।
ਇਲਾਕੇ ਦੇ ਅਸਿਸਟੈਂਟ ਕਮਿਸ਼ਨਰ ਮੁਤਬਾਕ ਸਮੁੰਦਰ ਵਿੱਚ ਪਾਣੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਪਾਣੀ ਦੀਆਂ ਲਹਿਰਾਂ ਨੇੜਲੇ ਘਰਾਂ ਤੱਕ ਪਹੁੰਚ ਗਈਆਂ ਸਨ।
ਉਨ੍ਹਾਂ ਦੱਸਿਆ ਕਿ ਰਾਹਤ ਟੀਮਾਂ ਨੇ ਇਸ ਇਲਾਕੇ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਬੇਨਤੀ ਕੀਤੀ ਪਰ ਉਹ ਆਪਣੇ ਘਰ ਛੱਡ ਕੇ ਜਾਣ ਨੂੰ ਰਾਜ਼ੀ ਨਹੀਂ ਹੈ।
ਅਧਿਕਾਰੀਆਂ ਨੇ ਕਿਹਾ ਕਿ ਗੁਜਰਾਤ ਵਿੱਚ ਕਈ ਰੇਲ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਦੋਂ ਕਿ ਕਾਂਡਲਾ ਅਤੇ ਮੁੰਦਰਾ ਦੀਆਂ ਬੰਦਰਗਾਹਾਂ - ਭਾਰਤ ਦੀਆਂ ਦੋ ਸਭ ਤੋਂ ਵੱਡੀਆਂ - ਨੇ ਕੰਮਕਾਜ ਬੰਦ ਕਰ ਦਿੱਤਾ ਹੈ।
ਮੌਸਮ ਵਿਭਾਗ ਵਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਤੱਟੀ ਖੇਤਰਾਂ ਵਿੱਚ ਤੇਜ਼ ਹਵਾ ਤੇ ਭਾਰੀ ਬਾਰਿਸ਼ 17 ਜੂਨ ਤੱਕ ਜਾਰੀ ਰਹੇਗੀ।
ਤਬਾਹੀ ਦੀਆਂ ਤਸਵੀਰਾਂ

ਤਸਵੀਰ ਸਰੋਤ, Getty Images

ਤਸਵੀਰ ਸਰੋਤ, PAVAN JAISHWAL

ਤਸਵੀਰ ਸਰੋਤ, BIPIN TANKARIA












