ਹਰਿਆਣਾ: ਮਨੋਹਰ ਲਾਲ ਦੀ ਥਾਂ ਨਾਇਬ ਸਿੰਘ ਸੈਣੀ ਨੂੰ ਮੁੱਖ ਮੰਤਰੀ ਬਣਾਉਣ ਪਿੱਛੇ ਭਾਜਪਾ ਦੀ ਕੀ ਹੈ ਯੋਜਨਾ

ਭਾਜਪਾ ਦੇ ਸੂਬਾ ਪ੍ਰਧਾਨ ਨਾਇਬ ਸਿੰਘ ਸੈਣੀ ਨੇ ਹਰਿਆਣਾ ਦੇ ਮੁੱਖ ਮੰਤਰੀ ਵੱਜੋਂ ਸਹੁੰ ਚੁੱਕੀ।
ਇਸ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਮਨੋਹਰ ਲਾਲ ਖੱਟਰ ਅਤੇ ਕੈਬਨਿਟ ਨੇ ਆਪਣੇ ਅਸਤੀਫ਼ੇ ਰਾਜਪਾਲ ਬੰਡਾਰੂ ਦੱਤਾਤ੍ਰਆ ਨੂੰ ਸੌਂਪ ਦਿੱਤੇ ਸਨ।

ਤਸਵੀਰ ਸਰੋਤ, Getty Images
ਇਸ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਭਾਜਪਾ ਆਗੂਆਂ ਨੂੰ ਮਿਲਣ ਲਈ ਚੰਡੀਗੜ੍ਹ ਸਥਿਤ ਹਰਿਆਣਾ ਨਿਵਾਸ ਪਹੁੰਚੇ ਸਨ।
ਹਰਿਆਣਾ ਦੇ ਸਾਬਕਾ ਮੰਤਰੀ ਕੁੰਵਰਪਾਲ ਗੁਰਜਰ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਸੀ ਕਿ ਮੁੱਖ ਮੰਤਰੀ ਨੇ ਅਸਤੀਫ਼ਾ ਦੇ ਦਿੱਤਾ ਹੈ ਅਤੇ ਰਾਜਪਾਲ ਨੇ ਉਸ ਨੂੰ ਸਵੀਕਾਰ ਕਰ ਲਿਆ ਹੈ।
ਇਸ ਤੋਂ ਪਹਿਲਾਂ ਹਰਿਆਣਾ ਵਿੱਚ ਭਾਜਪਾ-ਜੇਜੇਪੀ ਦੇ ਗਠਜੋੜ ਵਾਲੀ ਸਰਕਾਰ ਸੀ। ਜੇਜੇਪੀ ਦੇ ਦੁਸ਼ਯੰਤ ਚੌਟਾਲਾ ਹਰਿਆਣਾ ਦੇ ਉਪ ਮੁੱਖ ਮੰਤਰੀ ਸਨ।

ਤਸਵੀਰ ਸਰੋਤ, FACEBOOK/BJP
ਹਰਿਆਣਾ ਵਿਧਾਨ ਸਭਾ ਵਿੱਚ ਕੁੱਲ 90 ਸੀਟਾਂ ਹਨ ਜਿਨ੍ਹਾਂ ਵਿੱਚ 41 ਸੀਟਾਂ ਭਾਜਪਾ ਕੋਲ ਹਨ। ਵਿਧਾਨ ਸਭਾ ਵਿੱਚ ਕਾਂਗਰਸ ਕੋਲ 30 ਸੀਟਾਂ ਹਨ। ਦੁਸ਼ਯੰਤ ਚੌਟਾਲਾ ਦੀ ਜੇਜੇਪੀ ਕੋਲ 10 ਸੀਟਾਂ ਹਨ।
2019 ਵਿੱਚ ਜਦੋਂ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ ਸੀ ਤਾਂ ਉਸ ਵੇਲੇ ਭਾਜਪਾ ਤੇ ਜੇਜੇਪੀ ਨੇ ਗਠਜੋੜ ਕੀਤਾ ਸੀ। ਇਸ ਗਠਜੋੜ ਤੋਂ ਬਾਅਦ ਹੀ ਦੁਸ਼ਯੰਤ ਚੌਟਾਲਾ ਨੂੰ ਹਰਿਆਣਾ ਦੇ ਉਪ ਮੁੱਖ ਮੰਤਰੀ ਦਾ ਅਹੁਦਾ ਮਿਲਿਆ ਸੀ।
ਕਾਂਗਰਸ ਦੇ ਸੀਨੀਅਰ ਆਗੂ ਪ੍ਰਮੋਦ ਤਿਵਾੜੀ ਨੇ ਪੂਰੇ ਘਟਨਾਕ੍ਰਮ ਉੱਤੇ ਭਾਜਪਾ ਨੂੰ ਘੇਰਿਆ ਹੈ।
ਉਨ੍ਹਾਂ ਕਿਹਾ, “ਭਾਜਪਾ ਦਾ ਇਤਿਹਾਸ ਰਿਹਾ ਹੈ ਕਿ ਉਹ ਇਸਤੇਮਾਲ ਕਰਕੇ ਵਿਅਕਤੀਆਂ ਤੇ ਪਾਰਟੀਆਂ ਦਾ ਸਾਥ ਛੱਡ ਦਿੰਦੀ ਹੈ। ਜੇਜੇਪੀ ਨੂੰ ਵੀ ਭਾਜਪਾ ਡੁੱਬਦਾ ਹੋਇਆ ਜਹਾਜ਼ ਲਗ ਰਹੀ ਸੀ ਤਾਂ ਉਨ੍ਹਾਂ ਨੇ ਵੀ ਸਾਥ ਛੱਡਣਾ ਬਿਹਤਰ ਸਮਝਿਆ। ਪਰ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਜੇਜੇਪੀ ਤੋਂ ਬਿਨਾਂ ਭਾਜਪਾ ਦੀ ਸਰਕਾਰ ਨਹੀਂ ਬਣ ਸਕਦੀ ਸੀ ਇਸ ਲਈ ਹੁਣ ਇਸ ਦਾ ਸੰਤਾਪ ਦੋਵੇਂ ਪਾਰਟੀਆਂ ਨੂੰ ਝੱਲਣਾ ਪਵੇਗਾ।”
ਨਾਇਬ ਸਿੰਘ ਸੈਣੀ ਕੌਣ ਹਨ?

ਤਸਵੀਰ ਸਰੋਤ, Sat Singh
ਨਾਇਬ ਸੈਣੀ ਅੰਬਾਲਾ ਜ਼ਿਲ੍ਹੇ ਦੇ ਨਰਾਇਣਗੜ੍ਹ ਵਿਧਾਨਸਭਾ ਦੇ ਪਿੰਡ ਮਿਰਜ਼ਾਪੁਰ ਦੇ ਰਹਿਣ ਵਾਲੇ ਹਨ।
ਉਹ ਸਾਲ 2014 ਵਿੱਚ ਪਹਿਲੀ ਵਾਰੀ ਨਰਾਇਣਗੜ੍ਹ ਵਿਧਾਨ ਸਭਾ ਤੋਂ ਵਿਧਾਇਕ ਬਣੇ ਸਨ ਜਿਸ ਮਗਰੋਂ ਉਨ੍ਹਾਂ ਨੂੰ 2019 ਵਿੱਚ ਲੋਕਸਭਾ ਚੋਣ ਲੜੀ ਸੀ ਜਿੱਥੇ ਉਨ੍ਹਾਂ ਨੇ ਆਪਣੇ ਮੁਕਾਬਲੇ ਵਿੱਚ ਚੋਣ ਲੜ ਰਹੇ ਨਿਰਮਲ ਸਿੰਘ ਨੂੰ 3,84,591 ਵੋਟਾਂ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ ਸੀ।
ਨਾਇਬ ਸੈਣੀ ਨੂੰ 6,88, 629 ਵੋਟਾਂ ਮਿਲੀਆਂ ਸਨ।
54 ਸਾਲਾ ਨਾਇਬ ਸੈਣੀ ਨੇ ਮੇਰਠ ਦੇ ਚੌਧਰੀ ਚਰਣ ਸਿੰਘ ਯੂਨੀਵਰਸਿਟੀ ਤੋਂ ਐੱਲਐੱਲਬੀ ਦੀ ਪੜ੍ਹਾਈ ਕੀਤੀ ਹੈ। ਉਹ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ।
ਭਾਜਪਾ ਨੇ ਮਨੋਹਰ ਲਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਕਿਉਂ ਹਟਾਇਆ

ਤਸਵੀਰ ਸਰੋਤ, Getty Images
ਹਰਿਆਣਾ ਦੀ ਸਿਆਸਤ ਕਵਰ ਕਰਦੇ ਆ ਰਹੇ ਪੱਤਰਕਾਰ ਹਿਤੇਂਦਰ ਰਾਓ ਨੇ ਇਸ ਘਟਨਾਕ੍ਰਮ ਦੇ ਕਾਰਨਾਂ ਬਾਰੇ ਬੀਬੀਸੀ ਨੂੰ ਦੱਸਿਆ, "ਇਸ ਦੇ ਕਾਰਨਾਂ ਨੂੰ ਸਮਝਣਾ ਬਹੁਤ ਹੀ ਸਰਲ ਹੈ ਅਸਲ ਵਿੱਚ ਭਾਜਪਾ ਇਸ ਗਠਜੋੜ ਤੋਂ ਨਿਜਾਤ ਪਾਉਣਾ ਚਾਹੁੰਦੀ ਸੀ ਅਤੇ ਉਹ ਨਵੇਂ ਚਿਹਰੇ ਲਿਆ ਕਿ ਸਰਕਾਰ ਵਿਰੋਧੀ ਭਾਵਨਾਵਾਂ (ਐਂਟੀ ਇਨਕਮਬੈਂਸੀ) ਨਾਲ ਨਜਿੱਠਣਾ ਚਾਹੁੰਦੀ ਸੀ।"
ਭਾਜਪਾ ਵਿੱਚ ਹਰਿਆਣਾ ਵੱਲੋਂ ਕਿਹੜੇ ਵੋਟਬੈਂਕ ਦੇ ਮੱਦੇਨਜ਼ਰ ਇਹ ਕਦਮ ਚੁੱਕੇ ਹਨ ਦੇ ਸਵਾਲ ਦੇ ਜਵਾਬ ਵਿੱਚ ਉਹ ਦੱਸਦੇ ਹਨ, "ਜੇਜੇਪੀ ਅਤੇ ਭਾਜਪਾ ਦਾ ਗਠਜੋੜ ਚੋਣਾਂ ਤੋਂ ਬਾਅਦ ਵਾਲਾ ਸਮਝੋਤਾ ਸੀ, ਇਹ ਦੱਸਣਾ ਬਹੁਤ ਮੁਸ਼ਕਲ ਹੈ ਕਿ ਭਾਜਪਾ ਕੀ ਸੋਚ ਰਹੀ ਹੈ ਅਤੇ ਗੱਠਜੋੜ ਟੁੱਟਣ ਦੇ ਕੀ ਨਤੀਜੇ ਹੋਣਗੇ।"
ਉਹ ਕਹਿੰਦੇ ਹਨ ਕਿ ਅਜਿਹਾ ਲੱਗਦਾ ਹੈ ਕਿ ਭਾਜਪਾ ਨੇ ਆਪਣੀ ਰਣਨੀਤੀ ਨੂੰ ਨੌਨ-ਜਾਟ (ਜਾਟਾਂ ਤੋਂ ਇਲਾਵਾ) ਭਾਈਚਾਰਿਆਂ ਵੱਲ ਕੇਂਦਰਤ ਕਰ ਲਿਆ ਹੈ ਅਤੇ ਬਾਕੀ ਦੀ ਗੱਲਾਂ ਬਾਰੇ ਕੈਬਨਿਟ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਚਿਹਰਿਆਂ ਤੋਂ ਪਤਾ ਲੱਗੇਗਾ।
ਉਹ ਕਹਿੰਦੇ ਹਨ ਕਿ ਹਾਲਾਂਕਿ ਇਹ ਸਪਸ਼ਟ ਹੈ ਨਾਇਬ ਸਿੰਘ ਸੈਣੀ ਨੂੰ ਮੁੱਖ ਮੰਤਰੀ ਬਣਾਉਣ ਨਾਲ ਭਾਜਪਾ ਪਿੱਛੜੇ ਵਰਗ ਦੇ ਲੋਕਾਂ ਨੂੰ ਆਕਰਸ਼ਿਤ ਕਰ ਰਹੀ ਹੈ ਪਰ ਪਿੱਛੜੀਆਂ ਸ਼੍ਰੇਣੀਆਂ ਵੀ ਕੋਈ ਇੱਕ ਬੱਝਵੀਂ ਧਿਰ ਨਹੀਂ ਹਨ ਉਨ੍ਹਾਂ ਵਿੱਚ ਵੀ ਕਾਫੀ ਵੱਖਰਤਾ ਹੈ।
ਉਹ ਕਹਿੰਦੇ ਹਨ, "ਇਹ ਕਹਿਣਾ ਕਿ ਇੱਕ ਪਿੱਛੜੇ ਵਰਗ ਦੇ ਭਾਈਚਾਰੇ ਦੇ ਚਿਹਰੇ ਨੂੰ ਅੱਗੇ ਲਿਆ ਕਿ ਤੁਸੀਂ ਸਾਰਿਆਂ ਨੂੰ ਆਪਣੇ ਨਾਲ ਰਲਾ ਲਓਗੇ ਇਹ ਗੱਲ ਵੀ ਸਹੀ ਨਹੀਂ ਹੈ ਅਤੇ ਮਹਿਜ਼ ਅੰਦਾਜ਼ਾ ਹੈ।"
ਮਨੋਹਰ ਲਾਲ ਖੱਟਰ ਦੇ ਭਵਿੱਖ ਬਾਰੇ ਕਹਿੰਦੇ ਹਨ ਕਿ ਇਹ ਸੰਭਾਵਨਾ ਹੈ ਕਿ ਉਹ ਲੋਕ ਸਭਾ ਚੋਣਾਂ ਵਿੱਚ ਉੱਤਰਨਗੇ।
ਦੁਸ਼ਯੰਤ ਚੌਟਾਲਾ ਅਤੇ ਜਨਨਾਇਕ ਜਨਤਾ ਪਾਰਟੀ ਦੇ ਕੋਲ ਭਵਿੱਖ ਵਿੱਚ ਕੀ ਸੰਭਾਵਨਾਵਾਂ ਹਨ ਬਾਰੇ ਉਹ ਦੱਸਦੇ ਹਨ ਕਿ ਜੇਜੇਪੀ ਇਕੱਲਿਆਂ ਹੀ ਚੋਣਾਂ ਵਿੱਚ ਉਤਰੇਗੀ ਜਿਸ ਦਾ ਕਿ ਭਾਜਪਾ ਨੂੰ ਵੀ ਫਾਇਦਾ ਹੋਵੇਗਾ ਅਤੇ ਇਸ ਦਾ ਕਾਂਗਰਸ ਨੂੰ ਨੁਕਸਾਨ ਵੀ ਹੋ ਸਕਦਾ ਹੈ।
ਉਹ ਕਹਿੰਦੇ ਹਨ ਕਿ ਹਾਲਾਂਕਿ ਜਾਟ ਭਾਈਚਾਰਾ ਪਹਿਲਾਂ ਹੀ ਭਾਜਪਾ ਨਾਲ ਨਹੀਂ ਹੈ ਜੇਜੇਪੀ ਨਾਲ ਗੱਠਜੋੜ ਟੁੱਟਣ ਨਾਲ ਉਨ੍ਹਾਂ ਨੂੰ ਬੇਗਾਨਗੀ ਦੀ ਭਾਵਨਾ ਹੋਰ ਵਧੇਗੀ ਜਾਂ ਨਹੀਂ ਇਸ ਬਾਰੇ ਨਹੀਂ ਕਿਹਾ ਜਾ ਸਕਦਾ।
ਇਸ ਘਟਨਾਕ੍ਰਮ ਦਾ ਪਿਛੋਕੜ ਕੀ?

ਤਸਵੀਰ ਸਰੋਤ, ANI
ਹਾਲਾਂਕਿ ਹਰਿਆਣਾ ਭਾਜਪਾ ਦੇ ਆਗੂਆਂ ਵੱਲੋਂ ਵਾਰ-ਵਾਰ ਇਹ ਕਿਹਾ ਜਾਂਦਾ ਸੀ ਕਿ ਉਨ੍ਹਾਂ ਨੂੰ ਲੋਕ ਸਭਾ ਚੋਣਾ ਵਿੱਚ ਜੇਜੇਪੀ ਦੀ ਲੋੜ ਨਹੀਂ ਹੈ।
ਬੀਬੀਸੀ ਸਹਿਯੋਗੀ ਸਤ ਸਿੰਘ ਮੁਤਾਬਕ ਜੇਜੇਪੀ ਦੇ ਆਗੂਆਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਨੂੰ ਦੋ ਲੋਕ ਸਭਾ ਹਲਕਿਆਂ ਤੋਂ ਚੋਣ ਲੜਨ ਦਿੱਤੀ ਜਾਵੇ। ਇਹ ਸੀਟਾਂ ਸਨ - ਭਿਵਾਨੀ, ਮਹੇਂਦਰਗੜ੍ਹ ਅਤੇ ਹਿਸਾਰ।
ਹਰਿਆਣਾ ਭਾਜਪਾ ਦੇ ਆਗੂ ਦੁਸ਼ਯੰਤ ਚੌਟਾਲਾ ਦੀ ਜੇਜੇਪੀ ਨਾਲ ਕਿਸੇ ਗਠਜੋੜ ਦੇ ਨਾਲ ਸਹਿਮਤ ਨਹੀਂ ਸੀ।
ਦੂਜੇ ਪਾਸੇ ਦੁਸ਼ਯੰਤ ਚੌਟਾਲਾ ਵੱਲੋਂ ਭਾਜਪਾ ਦੇ ਆਗੂਆਂ ਜੇਪੀ ਨੱਡਾ ਅਤੇ ਅਮਿਤ ਸ਼ਾਹ ਨਾਲ ਮੁਲਾਕਾਤਾਂ ਕੀਤੀ ਜਾ ਰਹੀਆਂ ਸਨ।
ਬੁੱਧਵਾਰ ਨੂੰ ਇਹ ਸਾਰਾ ਮਾਮਲਾ ਸਪੱਸ਼ਟ ਹੋ ਗਿਆ ਜਦੋਂ ਭਾਜਪਾ ਨੇ ਇਹ ਸਾਫ਼ ਕਰ ਦਿੱਤਾ ਕਿ ਉਹ ਹਰਿਆਣਾ ਵਿੱਚ ਸਾਰੀਆਂ ਸੀਟਾਂ ਉੱਤੇ ਚੋਣਾਂ ਲੜਨਗੇ।
ਗੱਠਜੋੜ ਟੁੱਟਣ ਦਾ ਕੀ ਅਸਰ ਹੋਵੇਗਾ?

ਜਦੋਂ ਜੇਜੇਪੀ ਨੇ ਹਰਿਆਣਾ ਨਾਲ ਗਠਜੋੜ ਕੀਤਾ ਤਾਂ ਜੇਜੇਪੀ ਦੇ ਮੂਲ ਵੋਟਬੈਂਕ ਜਿਸ ਵਿੱਚ ਮੁੱਖ ਤੌਰ ਉੱਤੇ ਜਾਟ ਸ਼ਾਮਲ ਹਨ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ। ਦੁਸ਼ਯੰਤ ਚੌਟਾਲਾ ਨੇ ਚੌਣਾਂ ਵਿੱਚ ਇਹ ਕਿਹਾ ਸੀ ਕਿ ਹਰਿਆਣਾ ਵਿੱਚੋਂ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨਗੇ।
2019 ਵਿੱਚ ਜਿਸ ਵੇਲੇ ਭਾਜਪਾ ਨਾਲ ਗਠਜੋੜ ਕੀਤਾ ਤਾਂ ਉਨ੍ਹਾਂ ਨੇ ਇਹ ਦਾਅਵਾ ਕੀਤਾ ਕਿ ਉਹ 5100 ਰੁਪਏ ਬੁਢਾਪਾ ਪੈਨਸ਼ਨ ਅਤੇ ਨਿੱਜੀ ਖੇਤਰ ਵਿੱਚ ਨੌਕਰੀਆਂ ਲਈ ਹਰਿਆਣਾ ਦੇ ਲੋਕਾਂ ਲਈ 75 ਫ਼ੀਸਦ ਰਾਖਵੇਂਕਰਨ ਦਾ ਵਾਅਦਾ ਪੂਰਾ ਕਰਨਗੇ।
ਇਹ ਦੋਵੇਂ ਵਾਅਦੇ 100 ਫ਼ੀਸਦ ਪੂਰੇ ਨਹੀਂ ਹੋ ਸਕੇ।
ਸਿਆਸੀ ਮਾਹਰ ਸਤੀਸ਼ ਤਿਆਗੀ ਨੇ ਦੱਸਿਆ ਕਿ ਅੱਜ ਦੀ ਘਟਨਾ ਦੇ ਨਾਲ ਕਾਂਗਰਸ ਦੇ ਵੋਟ ਬੈਂਕ ਵਿੱਚ ਸੰਨ੍ਹ ਲਾਉਣ ਦੀ ਕੋਸ਼ਿਸ਼ ਦੱਸਿਆ।
ਤਿਆਗੀ ਕਹਿੰਦੇ ਹਨ, "ਭਾਜਪਾ ਇਹ ਜਾਣਦੀ ਹੈ ਕਿ ਜਾਟ ਉਨ੍ਹਾਂ ਨੂੰ ਵੋਟ ਨਹੀਂ ਪਾਉਣਗੇ ਅਤੇ ਜੇਜੇਪੀ ਦੀ ਜਾਟ ਵੋਟ ਬੈਂਕ ਵਿੱਚ ਪਕੜ ਹੈ ਅਤੇ ਗਠਜੋੜ ਵਿੱਚ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਜੇਕਰ ਦੋਵੇਂ ਪਾਰਟੀਆਂ ਇਕੱਲੀਆਂ-ਇਕੱਲੀਆਂ ਚੋਣ ਮੈਦਾਨ ਵਿੱਚ ਉੱਤਰਨਗੀਆਂ ਤਾਂ ਜਾਟ ਵੋਟਾਂ ਆਪਣੇ ਵੱਲ ਕਰਕੇ ਕਾਂਗਰਸ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ।"
ਉਹ ਕਹਿੰਦੇ ਹਨ ਕਿ ਇਹ ਵੀ ਸੰਭਾਵਨਾ ਹੈ ਕਿ ਜੇਜੇਪੀ ਆਪਣਾ ਜਾਟ ਵੋਟ ਬੈਂਕ ਕਾਂਗਰਸ ਕੋਲ ਗੁਆ ਦੇਵੇਗਾ।












