ਆਈਪੀਐੱਲ 2023: ਕੀ ਹੈ ਨਵਾਂ ਨਿਯਮ ਜਿਸ ਨਾਲ ਮੈਚ ਵਿਚਾਲੇ ਖਿਡਾਰੀ ਬਦਲਿਆ ਜਾ ਸਕਦਾ ਹੈ

    • ਲੇਖਕ, ਜਸਪਾਲ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਫਰਜ਼ ਕਰੋ ਸਟੇਡੀਅਮ ਵਿੱਚ ਜਾਂ ਘਰ ਦੇ ਸੋਫੇ ’ਤੇ ਬੈਠ ਕੇ ਤੁਸੀਂ ਮੈਚ ਵੇਖ ਰਹੇ ਹੋ। ਉਹ ਟੀਮ ਬੈਟਿੰਗ ਕਰ ਰਹੀ ਹੈ ਜਿਸ ਨੂੰ ਤੁਸੀਂ ਜਿੱਤਦਾ ਵੇਖਣਾ ਚਾਹੁੰਦੇ ਹੋ।

ਉਸ ਟੀਮ ਦਾ ਇੱਕ ਬੱਲੇਬਾਜ਼ ਸ਼ਾਨਦਾਰ ਤਰੀਕੇ ਨਾਲ ਬੱਲੇਬਾਜ਼ੀ ਕਰ ਰਿਹਾ ਹੈ ਅਤੇ ਟੀਮ ਇੱਕ ਸਕੋਰ ਦਾ ਪਿੱਛਾ ਕਰ ਰਹੀ ਹੈ। ਅਚਾਨਕ ਬੇਹਤਰੀਨ ਬੱਲੇਬਾਜ਼ੀ ਕਰ ਰਿਹਾ ਖਿਡਾਰੀ ਆਊਟ ਹੋ ਜਾਵੇ।

ਉਸ ਦੇ ਮਗਰੋਂ ਕੋਈ ਵੀ ਬੱਲੇਬਾਜ਼ ਨਾ ਬਚਿਆ ਹੋਵੇ, ਸਾਰੇ ਗੇਂਦਬਾਜ਼ ਹੀ ਬਚੇ ਹੋਣ ਤੇ ਸਕੋਰ ਦਾ ਪਿੱਛਾ ਕਰਨਾ ਨਾਮੁਮਕਿਨ ਹੋ ਜਾਵੇ ਤਾਂ ਤੁਹਾਡੇ ਜਜ਼ਬਾਤ ਕਿਹੋ ਜਿਹੇ ਹੋਣਗੇ, ਅਸੀਂ ਸਮਝ ਸਕਦੇ ਹਾਂ।

ਅੱਛਾ.. ਆਪਣੀ ਕਲਪਨਾ ਨੂੰ ਥੋੜ੍ਹਾ ਹੋਰ ਖੰਭ ਦਿਓ, ਜੇ ਟੀਮ ਆਪਣੇ ਇੱਕ ਗੇਂਦਬਾਜ਼ ਨੂੰ ਬਦਲ ਕੇ ਇੱਕ ਬੱਲੇਬਾਜ਼ ਭੇਜ ਦੇਵੇ ਤਾਂ? ਬੇਸ਼ੱਕ ਤੁਹਾਡੀ ਟੀਮ ਦੇ ਜਿੱਤਣ ਦੀ ਉਮੀਦ ਵਧ ਜਾਵੇਗੀ।

ਹੁਣ ਕਲਪਨਾ ਕਰਨ ਦੀ ਲੋੜ ਨਹੀਂ, ਆਈਪੀਐੱਲ-2023 ਵਿੱਚ 'ਇਮਪੈਕਟ ਪਲੇਅਰ' ਨਾਂ ਨਾਲ ਇੱਕ ਨਵਾਂ ਨਿਯਮ ਬਣਾਇਆ ਗਿਆ ਹੈ। ਇਸ ਨਿਯਮ ਤਹਿਤ ਮੈਚ ਦੇ ਕਿਸੇ ਵੀ ਹਿੱਸੇ ਵਿੱਚ ਇੱਕ ਟੀਮ ਆਪਣਾ ਇੱਕ ਖਿਡਾਰੀ ਬਦਲ ਸਕਦੀ ਹੈ।

ਇਸ ਨਿਯਮ ਦਾ ਅਸਰ ਕੀ ਪਵੇਗਾ? ਨਵੇਂ ਨਿਯਮ ਦੇ ਹੱਕ ਜਾਂ ਵਿਰੋਧ ਵਿੱਚ ਮਾਹਿਰਾਂ ਤੇ ਗੇਮ ਦੇ ਖਿਡਾਰੀਆਂ ਦਾ ਕੀ ਕਹਿਣਾ ਹੈ, ਇਸ ਰਿਪਰੋਟ ਵਿੱਚ ਅਸੀਂ ਇਸ ਬਾਰੇ ਦੱਸਾਂਗੇ।

ਕੀ ਹੈ ਇਮਪੈਕਟ ਪਲੇਅਰ ਰੂਲ?

ਬੀਸੀਸੀਆਈ ਵੱਲੋਂ ਗੇਮ ਵਿੱਚ ਬਦਲਾਅ ਲੈ ਕੇ ਆਉਣ ਦੇ ਮਕਸਦ ਨਾਲ ਇਹ ਨਵਾਂ ਨਿਯਮ ‘ਇਮਪੈਕਟ ਪਲੇਅਰ’ ਬਣਾਇਆ ਗਿਆ ਹੈ।

ਇਸ ਤੋਂ ਪਹਿਲਾਂ ਆਸਟਰੇਲੀਆ ਦੀ ਟੀ-20 ਲੀਗ, ‘ਬਿੱਗ ਬੈਸ਼ ਲੀਗ’ ਵਿੱਚ ਇਸ ਰੂਲ ਨੂੰ ਲੈ ਕੇ ਆਇਆ ਗਿਆ ਸੀ। ਸਾਲ 2022 ਦੀ ਸਈਦ ਮੁਸ਼ਤਾਕ ਅਲੀ ਟ੍ਰਾਫੀ ਵਿੱਚ ਬੀਸੀਸੀਆਈ ਨੇ ਇਸ ਨਿਯਮ ਨੂੰ ਲਾਗੂ ਕੀਤਾ ਸੀ।

ਹਾਲਂਕਿ, ਇਸ ਟੂਰਨਾਮੈਂਟ ਵਿੱਚ ਇੱਕ ਫਰਕ ਇਹ ਸੀ ਕਿ ਇਮਪੈਕਟ ਪਲੇਅਰ ਬਾਰੇ ਟਾਸ ਤੋਂ ਪਹਿਲਾਂ ਦੱਸਣਾ ਪੈਂਦਾ ਸੀ ਤੇ ਇਮਪੈਕਟ ਪਲੇਅਰ ਦਾ ਇਸਤੇਮਾਲ 14ਵੇਂ ਓਵਰ ਤੋਂ ਪਹਿਲਾਂ ਕਰਨਾ ਹੁੰਦਾ ਸੀ।

ਬੀਸੀਸੀਆਈ ਦੀ ਵੈਬਸਾਈਟ ਅਨੁਸਾਰ, ਇਹ ਨਿਯਮ ਕੁਝ ਇਸ ਪ੍ਰਕਾਰ ਹੈ- “ਜਦੋਂ ਹਰ ਟੀਮ ਦੇ 11 ਖਿਡਾਰੀ ਕਿਸੇ ਵੀ ਮੈਚ ਲਈ ਐਲਾਨੇ ਜਾਣਗੇ ਤਾਂ ਉਨ੍ਹਾਂ ਦੇ ਨਾਲ 5 ਖਿਡਾਰੀਆਂ ਦੇ ਨਾਂ ਹੋਰ ਵੀ ਐਲਾਨੇ ਜਾਣਗੇ।”

“ਪੂਰੇ ਮੈਚ ਦੌਰਾਨ ਕੋਈ ਵੀ ਟੀਮ ਆਪਣੀ ਬੈਟਿੰਗ ਜਾਂ ਬੌਲਿੰਗ ਦੌਰਾਨ ਇੱਕ ਵਾਰ ਇਨ੍ਹਾਂ ਪੰਜ ਖਿਡਾਰੀਆਂ ਵਿੱਚੋਂ ਇੱਕ ਖਿਡਾਰੀ ਨੂੰ ਟੀਮ ਦੇ ਐਲਾਨੇ 11 ਖਿਡਾਰੀਆਂ ਵਿੱਚੋਂ ਇੱਕ ਨਾਲ ਬਦਲ ਸਕਦੀ ਹੈ।”

ਬੀਸੀਸੀਆਈ ਦੀ ਵੈਬਸਾਈਟ ਅਨੁਸਾਰ, “ਇਮਪੈਕਟ ਪਲੇਅਰ ਨੂੰ ਪਾਰੀ ਦੀ ਸ਼ੁਰੂਆਤ ਤੋਂ ਪਹਿਲਾਂ, ਓਵਰ ਦੀ ਸਮਾਪਤੀ ’ਤੇ, ਕੋਈ ਵਿਕਟ ਡਿੱਗਣ ’ਤੇ ਬੱਲੇਬਾਜ਼ ਵਜੋਂ ਲੈ ਕੇ ਆਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਜੇ ਕੋਈ ਬੱਲੇਬਾਜ਼ ਮੈਚ ਵਿਚਾਲੇ ਰਿਟਾਇਰ ਹੋ ਜਾਂਦਾ ਹੈ ਤਾਂ ਉਸ ਦੀ ਥਾਂ ਇਮਪੈਕਟ ਪਲੇਅਰ ਨੂੰ ਲੈ ਕੇ ਆਇਆ ਜਾ ਸਕਦਾ ਹੈ।”

“ਵਿਕਟ ਡਿੱਗਣ ’ਤੇ ਗੇਂਦਬਾਜ਼ੀ ਕਰ ਰਹੀ ਟੀਮ ਵੀ ਖਿਡਾਰੀ ਬਦਲ ਸਕਦੀ ਹੈ ਪਰ ਉਹ ਵਿਕਟ ਡਿੱਗਣ ਵਾਲੇ ਓਵਰਾਂ ਦੀਆਂ ਬਚੀਆਂ ਗੇਂਦਾਂ ਨੂੰ ਨਹੀਂ ਸੁੱਟ ਸਕਦਾ ਹੈ।”

ਆਈਪੀਐੱਲ-2023 ਦੀਆਂ ਖ਼ਾਸ ਗੱਲਾਂ

  • ਆਈਪੀਐੱਲ - 2023 ਵਿੱਚ 10 ਟੀਮਾਂ 74 ਮੈਚ ਖੇਡਣਗੀਆਂ।
  • ਇਹ ਮੈਚ 12 ਸ਼ਹਿਰਾਂ ਵਿੱਚ ਖੇਡੇ ਜਾਣਗੇ। ਇਹ ਸ਼ਹਿਰ ਹਨ- ਮੁਹਾਲੀ, ਅਹਿਮਦਾਬਾਦ, ਲਖਨਊ, ਹੈਦਰਾਬਾਦ, ਬੈਂਗਲੁਰੂ, ਮੁੰਬਈ, ਦਿੱਲੀ, ਧਰਮਸ਼ਾਲਾ, ਚੇਨੱਈ, ਜੈਪੁਰ, ਕੋਲਕਾਤਾ ਤੇ ਗੁਹਾਟੀ।
  • ਲੀਗ ਮੈਚਾਂ ਦੌਰਾਨ ਸਾਰੀਆਂ ਟੀਮਾਂ 14 ਮੁਕਾਬਲੇ ਖੇਡਣਗੀਆਂ। ਇਨ੍ਹਾਂ ਵਿੱਚੋਂ 7 ਮੈਚ ਹਰ ਟੀਮ ਦੇ ਹੋਮ ਗਰਾਊਂਡ ਵਿੱਚ ਖੇਡੇ ਜਾਣਗੇ ਜਦਕਿ 7 ਮੈਚ ਦੂਜੀ ਟੀਮ ਦੇ ਹੋਮ ਗਰਾਊਂਡ ਵਿੱਚ ਖੇਡੇ ਜਾਣਗੇ।
  • 24 ਮਈ ਤੋਂ 27 ਮਈ ਵਿਚਾਲੇ ਪਲੇਆਫ ਮੁਕਾਬਲੇ ਖੇਡੇ ਜਾਣਗੇ।
  • 29 ਮਈ ਨੂੰ ਆਈਪੀਐੱਲ - 2023 ਦਾ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ।

ਇਹ ਨਵਾਂ ਨਿਯਮ ਖੇਡ ’ਤੇ ਕੀ ਅਸਰ ਪਾਵੇਗਾ?

ਇਮਪੈਕਟ ਪਲੇਅਰ ਦਾ ਇਸਤੇਮਾਲ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। ਇਸ ਨਿਯਮ ਨੂੰ ਜਿਸ ਤਰੀਕੇ ਨਾਲ ਆਈਪੀਐੱਲ ਲਈ ਬਣਾਇਆ ਗਿਆ ਹੈ, ਉਸ ਨੇ ਇਸ ਦੇ ਦਾਇਰੇ ਨੂੰ ਕਾਫੀ ਵਧਾ ਦਿੱਤਾ ਹੈ।

ਜੇ ਇੱਕ ਟੀਮ ਦੀ ਬੱਲੇਬਾਜ਼ੀ ਕਰਦਿਆਂ ਖਰਾਬ ਸ਼ੁਰੂਆਤ ਹੁੰਦੀ ਹੈ ਤਾਂ ਇਮਪੈਕਟ ਪਲੇਅਰ ਦਾ ਇਸਤੇਮਾਲ ਕਰਦਿਆਂ ਬੱਲੇਬਾਜ਼ ਸ਼ਾਮਲ ਕਰਕੇ ਟੀਮ ਦੀ ਬੱਲੇਬਾਜ਼ੀ ਨੂੰ ਮਜ਼ਬੂਤੀ ਦਿੱਤੀ ਜਾ ਸਕਦੀ ਹੈ।

ਜੇ ਸ਼ੁਰੂਆਤ ਸ਼ਾਨਦਾਰ ਹੁੰਦੀ ਹੈ ਤਾਂ ਇੱਕ ਪਾਵਰ ਹਿੱਟਰ ਨੂੰ ਟੀਮ ਵਿੱਚ ਸ਼ਾਮਿਲ ਕਰਕੇ ਸਕੋਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ।

ਇਸ ਦੇ ਨਾਲ ਹੀ ਜੇ ਕੋਈ ਵੀ ਟੀਮ ਤਿੰਨ ਤੇਜ਼ ਗੇਂਦਬਾਜ਼ਾਂ ਨਾਲ ਮੈਦਾਨ 'ਤੇ ਉਤਰਦੀ ਹੈ ਅਤੇ ਮੈਚ ਦੌਰਾਨ ਪਤਾ ਲਗਦਾ ਹੈ ਕਿ ਵਿਕਟ ਸਪਿਨਰ ਨੂੰ ਮਦਦ ਕਰ ਰਹੀ ਹੈ ਤਾਂ ਤੇਜ਼ ਗੇਂਦਬਾਜ਼ ਦੀ ਥਾਂ ਫਿਰਕੀ ਗੇਂਦਬਾਜ਼ ਨੂੰ ਥਾਂ ਮਿਲ ਸਕਦੀ ਹੈ।

ਇਸ ਨਿਯਮ ਦਾ ਇੱਕ ਹੋਰ ਪਹਿਲੂ ਵੀ ਹੈ ਕਿ ਜੇ ਇੱਕ ਟੀਮ ਕਿਸੇ ਸਕੋਰ ਦਾ ਪਿੱਛਾ ਕਰ ਰਹੀ ਹੈ ਤਾਂ ਉਸ ਕੋਲ ਇੱਕ ਬੱਲੇਬਾਜ਼ ਵਾਧੂ ਹੋ ਸਕਦਾ ਹੈ ਤੇ ਜੇ ਕੋਈ ਟੀਮ ਸਕੋਰ ਨੂੰ ਡਿਫੈਂਡ ਕਰ ਰਹੀ ਹੈ ਤਾਂ ਉਸ ਕੋਲ ਇੱਕ ਵਾਧੂ ਗੇਂਦਬਾਜ਼ ਹੋਵੇਗਾ।

ਟੀਮਾਂ ’ਚ ਵਿਦੇਸ਼ੀ ਖਿਡਾਰੀਆਂ ਬਾਰੇ ਧਿਆਨ ਰੱਖਣਾ ਪੈਣਾ

ਆਈਪੀਐੱਲ ਵਿੱਚ ਨਿਯਮ ਹੈ ਕਿ ਇੱਕ ਟੀਮ 4 ਵਿਦੇਸ਼ੀ ਖਿਡਾਰੀਆਂ ਨੂੰ 11 ਖਿਡਾਰੀਆਂ ਦੀ ਟੀਮ ਵਿੱਚ ਸ਼ਾਮਿਲ ਕਰ ਸਕਦੀ ਹੈ।

ਹੁਣ ਜੇ ਇਮਪੈਕਟ ਪਲੇਅਰ ਦੇ ਨਿਯਮ ਦਾ ਇਸਤੇਮਾਲ ਕੀਤਾ ਜਾਂਦਾ ਹੈ ਤੇ ਟੀਮ ਵਿੱਚ ਪਹਿਲਾਂ ਹੀ 4 ਖਿਡਾਰੀ ਖੇਡ ਰਹੇ ਹਨ ਤਾਂ ਕੇਵਲ ਭਾਰਤੀ ਖਿਡਾਰੀ ਨੂੰ ਹੀ ਟੀਮ ਵਿੱਚ ਲੈ ਕੇ ਆਇਆ ਜਾ ਸਕਦਾ ਹੈ।

ਈਐੱਸਪੀਐੱਨ ਕ੍ਰਿਕਇਨਫੋ ਅਨੁਸਾਰ, ਸਾਲ 2008 ਤੋਂ ਰਵਾਇਤ ਰਹੀ ਹੈ ਕਿ ਟੀਮਾਂ ਵਿੱਚ 4 ਵਿਦੇਸ਼ੀ ਖਿਡਾਰੀਆਂ ਨੂੰ ਸ਼ਾਮਿਲ ਕੀਤਾ ਜਾਂਦਾ ਸੀ। ਪਰ ਸਾਲ 2019 ਤੋਂ ਕਈ ਟੀਮਾਂ ਨੇ ਤਿੰਨ ਵਿਦੇਸ਼ੀ ਖਿਡਾਰੀ ਵੀ ਟੀਮ ਵਿੱਚ ਸ਼ਾਮਿਲ ਕੀਤੇ ਹਨ।

ਇਸ ਨਵੇਂ ਨਿਯਮ ਤੋਂ ਬਾਅਦ ਇਸ ਟ੍ਰੈਂਡ ਵਿੱਚ ਵਾਧਾ ਹੋ ਸਕਦਾ ਹੈ ਕਿਉਂਕਿ ਜੇ ਪਹਿਲਾਂ ਹੀ ਟੀਮ ਵਿੱਚ ਕੇਵਲ ਤਿੰਨ ਵਿਦੇਸ਼ੀ ਖਿਡਾਰੀ ਹੋਣਗੇ ਤਾਂ ਇਮਪੈਕਟ ਪਲੇਅਰ ਬਣਾ ਕੇ ਵਿਦੇਸ਼ੀ ਖਿਡਾਰੀ ਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ ਹੈ।

ਆਈਸੀਸੀ ਵੱਲੋਂ ਅਜਿਹਾ ਨਿਯਮ ਲੈ ਕੇ ਆਉਣ ਦੀ ਕੋਸ਼ਿਸ਼ ਹੋਈ ਸੀ

ਆਈਸੀਸੀ ਨੇ ਸਾਲ 2005 ਵਿੱਚ ਸੁਪਰਸਬ ਨਿਯਮ ਨੂੰ ਸ਼ਾਮਿਲ ਕੀਤਾ ਸੀ।

ਇਸ ਨਿਯਮ ਤਹਿਤ ਇੱਕ ਖਿਡਾਰੀ ਨੂੰ ਬਦਲਿਆ ਜਾ ਸਕਦਾ ਸੀ। ਉਸ ਖਿਡਾਰੀ ਦਾ ਨਾਂ ਟੌਸ ਤੋਂ ਪਹਿਲਾਂ ਦੱਸਣਾ ਹੁੰਦਾ ਸੀ।

ਇਸ ਦੇ ਨਾਲ ਜੋ ਟੀਮ ਟੌਸ ਜਿੱਤਦੀ ਸੀ ਉਸ ਨੂੰ ਫਾਇਦਾ ਹੁੰਦਾ ਸੀ।

ਉਹ ਸੁਪਰਸਬ ਦਾ ਚੰਗਾ ਇਸਤੇਮਾਲ ਕਰਨ ਲਈ ਟੌਸ ਜਿੱਤ ਕੇ ਬੱਲੇਬਾਜ਼ੀ ਜਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰਦੀ ਸੀ। ਆਈਸੀਸੀ ਨੇ ਇਸ ਨਿਯਮ ਨੂੰ ਵਾਪਸ ਲੈ ਲਿਆ ਸੀ।

ਇਮਪੈਕਟ ਪਲੇਅਰ ਬਾਰੇ ਮਾਹਿਰਾਂ ਦੀ ਰਾਇ ਕੀ ਹੈ

ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਸੁਨੀਲ ਗਵਾਸਕਰ ਨੇ ਇਮਪੈਕਟ ਪਲੇਅਰ ਨਿਯਮ ਦੀ ਤਾਰੀਫ਼ ਕੀਤੀ ਹੈ।

ਉਨ੍ਹਾਂ ਸਟਾਰ ਸਪੋਰਟਸ ਨੂੰ ਕਿਹਾ, “ਇਹ ਨਿਯਮ ਸ਼ਾਨਦਾਰ ਹੈ ਪਰ ਟੀਮਾਂ ਨੂੰ ਇਸ ਦਾ ਚੰਗੇ ਤਰੀਕੇ ਨਾਲ ਇਸਤੇਮਾਲ ਕਰਨਾ ਸਿੱਖਣ ਲਈ ਥੋੜ੍ਹਾ ਵਕਤ ਚਾਹੀਦਾ ਹੈ।”

ਭਾਰਤ ਦੇ ਸਾਬਕਾ ਫਿਰਕੀ ਗੇਂਦਬਾਜ਼ ਹਰਭਜਨ ਸਿੰਘ ਨੇ ਇਸ ਨਵੇਂ ਨਿਯਮ ਦੀ ਕਾਫੀ ਤਾਰੀਫ਼ ਕੀਤੀ ਹੈ।

ਉਨ੍ਹਾਂ ਕਿਹਾ, “ਇਹ ਇੱਕ ਨਿਵੇਕਲਾ ਉਪਰਾਲਾ ਹੈ। ਹੁਣ ਤੁਸੀਂ ਉਸ ਖਿਡਾਰੀ ਨੂੰ ਬਦਲ ਸਕਦੇ ਹੋ ਜੋ ਤੁਹਾਡੀ ਟੀਮ ਵਿੱਚ ਫਿੱਟ ਨਹੀਂ ਬੈਠ ਰਿਹਾ ਹੈ। ਤੁਸੀਂ ਉਸ ਖਿਡਾਰੀ ਨੂੰ ਲੈ ਕੇ ਆ ਸਕਦੇ ਹੋ ਜੋ ਟੀਮ ਵਿੱਚ ਫਿੱਟ ਬੈਠੇ।”

ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੌਂਟਿੰਗ ਅਨੁਸਾਰ ਇਹ ਨਿਯਮ ਹਰਫਨਮੌਲਾ ਖਿਡਾਰੀਆਂ ਦੀ ਭੂਮਿਕਾ ਨੂੰ ਕਾਫੀ ਹੱਦ ਤੱਕ ਘੱਟ ਕਰ ਦੇਵੇਗਾ।

ਉਹ ਕਹਿੰਦੇ ਹਨ, “ਹੁਣ ਇਸ ਨਿਯਮ ਲਈ ਉੱਚੇ ਪੱਧਰ ਦੇ ਆਲਰਾਊਂਡਰ ਖਿਡਾਰੀ ਹੋਣਗੇ ਤੇ ਉਨ੍ਹਾਂ ਨੂੰ ਇੱਕ ਬੱਲੇਬਾਜ਼ ਜਾਂ ਇੱਕ ਗੇਂਦਬਾਜ਼ ਵਜੋਂ ਸ਼ਾਮਿਲ ਕੀਤਾ ਹੋਵੇਗਾ ਤਾਂ ਹੀ ਉਸ ਦਾ ਇਸਤੇਮਾਲ ਇਮਪੈਕਟ ਪਲੇਅਰ ਵਜੋਂ ਹੋਵੇਗਾ।”

“ਯਾਨੀ ਉਨ੍ਹਾਂ ਖਿਡਾਰੀਆਂ ਬਾਰੇ ਨਹੀਂ ਸੋਚਿਆ ਜਾਵੇਗਾ ਜੋ ਸੱਤਵੇਂ ਨੰਬਰ ਉੱਤੇ ਬੱਲੇਬਾਜ਼ੀ ਕਰਨ ਤੇ ਉਨ੍ਹਾਂ ਦਾ ਇੱਕ-ਦੋ ਓਵਰਾਂ ਲਈ ਹੀ ਗੇਂਦਬਾਜ਼ ਵਜੋਂ ਇਸਤੇਮਾਲ ਕੀਤਾ ਜਾਵੇ।”

ਆਈਪੀਐੱਲ – 2023 ਵਿੱਚ ਕੇਵਲ ਇਮਪੈਕਟ ਪਲੇਅਰ ਦਾ ਨਿਯਮ ਨਹੀਂ ਬਦਲਿਆ ਹੈ, ਸਗੋਂ ਕੁਝ ਹੋਰ ਨਿਯਮ ਵੀ ਹਨ ਜਿਨ੍ਹਾਂ ਨੂੰ ਬਦਲਿਆ ਗਿਆ ਹੈ। ਇਨ੍ਹਾਂ ਬਾਰੇ ਅਸੀਂ ਸੰਖੇਪ ਵਿੱਚ ਜਾਣਦੇ ਹਾਂ।

ਟੌਸ ਤੋਂ ਬਾਅਦ ਐਲਾਨ ਸਕਦੇ ਹਨ ਟੀਮ

ਆਈਪੀਐੱਲ -2023 ਵਿੱਚ ਟੀਮ ਦੇ ਕਪਤਾਨ ਟੌਸ ਜਿੱਤਣ ਤੋਂ ਬਾਅਦ ਆਪਣੀ ਟੀਮ ਦਾ ਐਲਾਨ ਕਰ ਸਕਦੇ ਹਨ। ਇਸ ਤੋਂ ਪਹਿਲਾਂ ਜਿਵੇਂ ਕੌਮਾਂਤੀ ਮੈਚਾਂ ਵਿੱਚ ਹੁੰਦਾ ਹੈ, ਉਂਝ ਹੀ ਟੌਸ ਤੋਂ ਪਹਿਲਾਂ ਆਪਣੀ ਟੀਮ ਦੇ 11 ਖਿਡਾਰੀਆਂ ਦੀ ਸੂਚੀ ਦੇਣੀ ਪੈਂਦੀ ਸੀ।

ਹੁਣ ਤਾਂ ਕਪਤਾਨ ਇਹ ਵੀ ਕਰ ਸਕਦੇ ਹਨ ਕਿ ਉਹ ਦੋ ਲਿਸਟਾਂ ਨੂੰ ਲੈ ਕੇ ਜਾਣ। ਜੇ ਟੌਸ ਜਿੱਤ ਜਾਂਦੇ ਹਨ ਤਾਂ ਉਸ ਦੇ ਹਿਸਾਬ ਨਾਲ ਟੀਮ ਐਲਾਨੀ ਜਾਵੇ ਅਤੇ ਟਾਸ ਹਾਰਨ ’ਤੇ ਬਦਲੀ ਹੋਈ ਟੀਮ ਦੀ ਦੂਜੀ ਲਿਸਟ ਨੂੰ ਐਲਾਨਿਆ ਜਾ ਸਕਦਾ ਹੈ।

ਦੱਖਣੀ ਅਫਰੀਕਾ ਦੀ ਲੀਗ ਐੱਸਏ20 ਵਿੱਚ ਇਸ ਨਿਯਮ ਨੂੰ ਪਹਿਲਾਂ ਲਾਗੂ ਕੀਤਾ ਗਿਆ ਸੀ। ਇਸ ਲੀਗ ਦੇ ਕਮਿਸ਼ਨਰ ਗ੍ਰੈਮ ਸਮਿੱਥ ਨੇ ਉਸ ਵੇਲੇ ਕਿਹਾ ਸੀ, “ਇਸ ਨਿਯਮ ਨੂੰ ਲਾਗੂ ਕਰਨ ਦਾ ਸਭ ਤੋਂ ਅਹਿਮ ਕਾਰਨ ਟੌਸ ਦੇ ਅਸਰ ਨੂੰ ਘੱਟ ਕਰਨਾ ਹੈ।”

ਉਸ ਲੀਗ ਵਿੱਚ ਇਸ ਨਿਯਮ ਦਾ ਵਿਰੋਧ ਵੀ ਹੋਇਆ ਸੀ। ਦੱਖਣੀ ਅਫਰੀਕਾ ਦੇ ਸਾਬਕਾ ਹਰਫਨਮੌਲਾ ਖਿਡਾਰੀ ਲਾਂਸ ਕਲੂਜ਼ਨਰ ਨੇ ਕਿਹਾ ਸੀ ਕਿ ਇਸ ਨਾਲ ਟੀਮ ਦੀ ਚੋਣ ਕਰਨ ਦੀ ਕਲਾ ਉੱਤੇ ਅਸਰ ਪਵੇਗਾ।

ਦੂਜੇ ਪਾਸੇ ਆਈਪੀਐੱਲ ਵਿੱਚ ਮੈਦਾਨ ਉੱਤੇ ਪੈਂਦੀ ਤਰੇਲ ਵੀ ਜਿੱਤ ਅਤੇ ਹਾਰ ਵਿਚਾਲੇ ਕਾਫੀ ਵਾਰ ਅਹਿਮ ਭੂਮਿਕਾ ਨਿਭਾਉਂਦੀ ਹੈ। ਟੀਮਾਂ ਟੌਸ ਦੇ ਹਿਸਾਬ ਨਾਲ ਤਰੇਲ ਨੂੰ ਦਿਮਾਗ ਵਿੱਚ ਰੱਖ ਕੇ ਆਪਣੀ ਖਿਡਾਰੀਆਂ ਵਿੱਚ ਬਦਲਾਅ ਕਰ ਸਕਦੀਆਂ ਹਨ।

ਡੀਆਰਐੱਸ ਸਿਸਟਮ ਵਿੱਚ ਬਦਲਾਅ

ਹੁਣ ਆਈਪੀਐੱਲ ਵਿੱਚ ਅੰਪਾਇਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਨੋ ਬਾਲਾਂ ਤੇ ਵਾਈਡ ਬਾਲਾਂ ਨੂੰ ਵੀ ਸਹਿਮਤ ਨਾ ਹੋਣ ਉੱਤੇ ਰੀਵਿਊ ਕੀਤਾ ਜਾ ਸਕਦਾ ਹੈ।

ਹਾਲ ਹੀ ਵਿੱਚ ਹੋਈ ਵਿਮਨ ਪ੍ਰੀਮੀਅਰ ਲੀਗ ਵਿੱਚ ਬੀਸੀਸੀਆਈ ਵੱਲੋਂ ਇਸ ਨਿਯਮ ਦਾ ਇਸਤੇਮਾਲ ਕੀਤਾ ਹੈ। ਇਸ ਤੋਂ ਪਹਿਲਾਂ ਕੇਵਲ ਅੰਪਾਇਰ ਵੱਲੋਂ ਦਿੱਤੇ ਜਾਣ ਵਾਲੇ ਆਊਟ ਜਾਂ ਨੌਟ ਆਊਟ ਦੇ ਫੈਸਲੇ ਨੂੰ ਵੀ ਰੀਵਿਊ ਕੀਤਾ ਜਾਂਦਾ ਸੀ।

ਇਨ੍ਹਾਂ ਨਿਯਮਾਂ ਤੋਂ ਇਲਾਵਾ ਜੋ ਹੋਰ ਨਿਯਮਾਂ ਵਿੱਚ ਬਦਲਾਅ ਹੋਇਆ ਹੈ, ਉਹ ਇਸ ਪ੍ਰਕਾਰ ਹਨ:

  • ਜੇ ਵਿਕਟਕੀਪਰ ਜਾਂ ਫੀਲਡਰ ਬੱਲੇਬਾਜ਼ ਵੱਲੋਂ ਸ਼ੌਟ ਮਾਰਨ ਤੋਂ ਪਹਿਲਾਂ ਹਿੱਲਜੁਲ ਕਰਦਾ ਹੈ ਤਾਂ ਉਸ ਗੇਂਦ ਨੂੰ ‘ਡੈੱਡ ਬਾਲ’ ਕਰਾਰ ਦਿੱਤਾ ਜਾਵੇਗਾ ਅਤੇ ਪੰਜ ਦੌੜਾਂ ਪੈਨਲਟੀ ਵਜੋਂ ਦਿੱਤੀਆਂ ਜਾਣਗੀਆਂ।
  • ਜੇ 90 ਮਿੰਟਾਂ ਵਿੱਚ ਕੋਈ ਟੀਮ 20 ਓਵਰ ਨਹੀਂ ਸੁੱਟਦੀ ਹੈ ਤਾਂ ਤੈਅ ਸਮੇਂ ਸੀਮਾ ਤੋਂ ਬਾਅਦ ਸੁੱਟੇ ਗਏ ਓਵਰਾਂ ਵਿੱਚ 30 ਗਜ ਦੇ ਘੇਰੇ ਤੋਂ ਬਾਹਰ ਸਿਰਫ 4 ਫੀਲਡਰ ਰਹਿ ਸਕਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)