ਹਰਭਜਨ-ਸ਼੍ਰੀਸੰਤ: 'ਥੱਪੜ ਕਾਂਡ' ਦਾ ਵੀਡੀਓ 17 ਸਾਲਾਂ ਬਾਅਦ ਜਨਤਕ, ਸ਼੍ਰੀਸੰਤ ਦੀ ਪਤਨੀ ਨੇ ਕਿਹਾ, 'ਸ਼ਰਮ ਕਰੋ, ਲਲਿਤ ਮੋਦੀ'

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਐੱਸ ਸ਼੍ਰੀਸੰਤ ਦੀ ਪਤਨੀ ਭੁਵਨੇਸ਼ਵਰੀ ਨੇ ਆਈਪੀਐੱਲ ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਅਤੇ ਸਾਬਕਾ ਆਸਟ੍ਰੇਲੀਆਈ ਬੱਲੇਬਾਜ਼ ਮਾਈਕਲ ਕਲਾਰਕ ਦੀ ਸਖ਼ਤ ਆਲੋਚਨਾ ਕੀਤੀ ਹੈ।

ਦਰਅਸਲ, ਮਾਈਕਲ ਕਲਾਰਕ ਦੇ ਪੌਡਕਾਸਟ ਸ਼ੋਅ ਵਿੱਚ ਪਹੁੰਚੇ ਲਲਿਤ ਮੋਦੀ ਨੇ ਹਰਭਜਨ ਸਿੰਘ ਅਤੇ ਸ਼੍ਰੀਸੰਤ ਵਿਚਕਾਰ ਵਾਪਰੇ 17 ਸਾਲ ਪੁਰਾਣੇ 'ਥੱਪੜਕਾਂਡ' ਦਾ ਵੀਡੀਓ ਜਾਰੀ ਕੀਤਾ ਸੀ।

17 ਸਾਲ ਪੁਰਾਣੇ ਇਸ ਵੀਡੀਓ ਵਿੱਚ ਹਰਭਜਨ ਸਿੰਘ ਮੈਦਾਨ ਉੱਤੇ ਵਿਰੋਧੀ ਟੀਮ ਦੇ ਖਿਡਾਰੀਆਂ ਨਾਲ ਹੱਥ ਮਿਲਾਉਂਦੇ ਪਰ ਸ਼੍ਰੀਸੰਤ ਨੂੰ ਥੱਪੜ ਮਾਰਦੇ ਦਿਖਾਈ ਦਿੰਦੇ ਹਨ। ਇਸ ਤੋਂ ਬਾਅਦ, ਸ਼੍ਰੀਸੰਤ ਮੈਦਾਨ ਵਿੱਚ ਹੀ ਰੋਣ ਲੱਗ ਪਏ।

ਕ੍ਰਿਕਟ ਦੀ ਦੁਨੀਆ ਵਿੱਚ ਇਹ ਮਾਮਲਾ 'ਸਲੈਪਗੇਟ' ਦੇ ਨਾਮ ਨਾਲ ਮਸ਼ਹੂਰ ਹੋਇਆ ਸੀ।

ਸਾਲ 2008 ਵਿੱਚ ਇੱਕ ਆਈਪੀਐੱਲ ਮੈਚ ਦੌਰਾਨ ਇਹ ਘਟਨਾ ਸਾਹਮਣੇ ਆਈ ਸੀ, ਪਰ ਇਸਦੀ ਵੀਡੀਓ ਪਹਿਲੀ ਵਾਰ ਲਲਿਤ ਮੋਦੀ ਅਤੇ ਕਲਾਰਕ ਦੁਆਰਾ ਜਾਰੀ ਕੀਤੀ ਗਈ ਹੈ।

ਇਹ ਮੈਚ ਮੁੰਬਈ ਇੰਡੀਅਨਜ਼ (ਐੱਮਆਈ) ਅਤੇ ਪੰਜਾਬ ਕਿੰਗਜ਼ (ਉਸ ਸਮੇਂ ਕਿੰਗਜ਼ ਇਲੈਵਨ ਪੰਜਾਬ) ਵਿਚਕਾਰ ਹੋਇਆ ਸੀ।

ਇਸ ਵੀਡੀਓ ਨੂੰ ਆਸਟ੍ਰੇਲੀਆਈ ਦਿੱਗਜ਼ ਕ੍ਰਿਕਟਰ ਮਾਇਕਲ ਕਲਾਰਕ ਦੇ 'ਬੇਔਂਡ 23' ਪੌਡਕਾਸਟ ਦੇ ਨਵੇਂ ਐਪੀਸੋਡ ਵਿੱਚ ਦਿਖਾਇਆ ਗਿਆ।

ਸ਼੍ਰੀਸੰਤ ਦੀ ਪਤਨੀ ਨੇ ਕੀ ਕਿਹਾ?

ਸ਼੍ਰੀਸੰਤ ਦੀ ਪਤਨੀ ਭੁਵਨੇਸ਼ਵਰੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਲਿਖਿਆ, "ਲਲਿਤ ਮੋਦੀ ਅਤੇ ਮਾਈਕਲ ਕਲਾਰਕ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਤੁਹਾਡੇ ਵਿੱਚ ਇੰਨੀ ਵੀ ਇਨਸਾਨੀਅਤ ਨਹੀਂ ਹੈ। ਤੁਸੀਂ ਸਸਤੀ ਪਬਲੀਸਿਟੀ ਅਤੇ ਵਿਊਜ਼ ਹਾਸਲ ਕਰਨ ਲਈ 2008 ਦੀ ਘਟਨਾ ਨੂੰ ਘਸੀਟ ਲਿਆਂਦਾ। ਹਰਭਜਨ ਅਤੇ ਸ਼੍ਰੀਸੰਤ ਦੋਵਾਂ ਦੇ ਹੁਣ ਸਕੂਲ ਜਾਣ ਵਾਲੇ ਬੱਚੇ ਹਨ ਅਤੇ ਹੁਣ ਤੁਸੀਂ ਪੁਰਾਣੇ ਜ਼ਖ਼ਮਾਂ ਨੂੰ ਹਰੇ ਕਰ ਰਹੇ ਹੋ। ਇਹ ਇੱਕ ਘਿਣਾਉਣਾ, ਜ਼ਾਲਮ ਅਤੇ ਅਣਮਨੁੱਖੀ ਕਾਰਾ ਹੈ।"

ਉਨ੍ਹਾਂ ਨੇ ਲਿਖਿਆ, "ਸ਼੍ਰੀਸੰਤ ਨੇ ਹੁਣ ਆਪਣੇ ਬੇਹੱਦ ਮੁਸ਼ਕਲ ਦਿਨਾਂ ਤੋਂ ਨਿਕਲ ਕੇ ਪੂਰੀ ਇੱਜ਼ਤ ਅਤੇ ਸਤਿਕਾਰ ਨਾਲ ਆਪਣੀ ਜ਼ਿੰਦਗੀ ਨੂੰ ਦੁਬਾਰਾ ਸ਼ੁਰੂ ਕੀਤਾ ਹੈ। ਸ਼੍ਰੀਸੰਤ ਦੀ ਪਤਨੀ ਅਤੇ ਉਨ੍ਹਾਂ ਦੇ ਬੱਚਿਆਂ ਦੀ ਮਾਂ ਹੋਣ ਦੇ ਨਾਤੇ, ਸਾਡੇ ਪਰਿਵਾਰ ਲਈ ਇਸ ਵੀਡੀਓ ਦਾ 18 ਸਾਲਾਂ ਬਾਅਦ ਦੁਬਾਰਾ ਸਾਹਮਣੇ ਆਉਣਾ ਬਹੁਤ ਦੁਖਦਾਈ ਹੈ।"

"ਪਰਿਵਾਰ ਨੂੰ ਇਸ ਸਦਮੇ ਵਿੱਚੋਂ ਦੁਬਾਰਾ ਲੰਘਣ ਲਈ ਮਜਬੂਰ ਕੀਤਾ ਗਿਆ ਹੈ। ਵੀਡੀਓ ਨੂੰ ਇਸ ਲਈ ਜਾਰੀ ਕੀਤਾ ਗਿਆ ਹੈ ਤਾਂ ਕਿ ਤੁਸੀਂ ਵਿਊ ਲੈ ਸਕੋ, ਪਰ ਇਸ ਨੇ ਮਾਸੂਮ ਬੱਚਿਆਂ ਨੂੰ ਸੱਟ ਪਹੁੰਚਾਈ ਹੈ, ਜਿਨ੍ਹਾਂ ਨੂੰ ਹੁਣ ਸਵਾਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਨੂੰ ਉਸ ਗਲਤੀ ਲਈ ਸ਼ਰਮਿੰਦਗੀ ਸਹਿਣੀ ਪਵੇਗੀ ਜੋ ਉਨ੍ਹਾਂ ਦੀ ਨਹੀਂ ਸੀ।"

ਉਨ੍ਹਾਂ ਨੇ ਲਿਖਿਆ, "ਤੁਹਾਡੇ ਲੋਕਾਂ ਉੱਤੇ ਇਸ ਘਟੀਆ ਅਤੇ ਅਣਮਨੁੱਖੀ ਕੰਮ ਲਈ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ। ਸ਼੍ਰੀਸੰਤ ਇੱਕ ਮਜ਼ਬੂਤ ਅਤੇ ਚਰਿੱਤਰਵਾਨ ਵਿਅਕਤੀ ਹੈ। ਕੋਈ ਵੀ ਵੀਡੀਓ ਉਨ੍ਹਾਂ ਦਾ ਸਨਮਾਨ ਨਹੀਂ ਖੋਹ ਸਕਦਾ। ਪਰਿਵਾਰਾਂ ਨੂੰ ਦੁੱਖ ਪਹੁੰਚਾਉਣ ਤੋਂ ਪਹਿਲਾਂ ਰੱਬ ਤੋਂ ਡਰੋ। ਆਪਣੇ ਫਾਇਦੇ ਲਈ ਬੱਚਿਆਂ ਨੂੰ ਨਾ ਘਸੀਟੋ।"

ਇਸ ਤੋਂ ਬਾਅਦ ਉਨ੍ਹਾਂ ਨੇ ਲਲਿਤ ਮੋਦੀ ਅਤੇ ਕਲਾਰਕ ਦੇ ਪੌਡਕਾਸਟ ਹੈਂਡਲ ਨੂੰ ਟੈਗ ਕਰਕੇ ਲਿਖਿਆ, "ਸੱਚ ਦਾ ਸਾਹਮਣਾ ਕਰਨ ਦੀ ਬਜਾਏ ਤੁਸੀਂ ਮੇਰੀ ਟਿੱਪਣੀ ਨੂੰ ਡਿਲੀਟ ਕਰ ਦਿੱਤਾ। ਜੇਕਰ ਤੁਸੀਂ ਵਿਊਜ਼ ਲਈ ਪੋਸਟ ਲਿਖ ਸਕਦੇ ਹੋ, ਫਿਰ ਇੰਨੀ ਵੀ ਹਿੰਮਤ ਰੱਖੋ ਕਿ ਸੱਚ ਦਿਖਾ ਸਕੋ।"

ਇਸ ਪੂਰੇ ਮਾਮਲੇ 'ਤੇ ਸੋਸ਼ਲ ਮੀਡੀਆ ਯੂਜ਼ਰਸ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਮਸ਼ਹੂਰ ਕ੍ਰਿਕਟ ਕਮੈਂਟੇਟਰ ਹਰਸ਼ਾ ਭੋਗਲੇ ਨੇ ਐਕਸ 'ਤੇ ਲਿਖਿਆ, "ਦਿਲਚਸਪ ਗੱਲ ਹੈ ਕਿ ਹਰਭਜਨ-ਸ਼੍ਰੀਸੰਤ ਦਾ ਵੀਡੀਓ 17 ਸਾਲਾਂ ਬਾਅਦ ਸਾਹਮਣੇ ਆਇਆ ਹੈ। ਸਾਡੇ ਵਿੱਚੋਂ ਬਹੁਤ ਘੱਟ ਲੋਕਾਂ ਨੇ ਇਸਨੂੰ ਦੇਖਿਆ ਸੀ ਅਤੇ ਅਸੀਂ ਵਾਅਦਾ ਕੀਤਾ ਸੀ ਕਿ ਇਹ ਜਨਤਕ ਤੌਰ 'ਤੇ ਸਾਹਮਣੇ ਨਹੀਂ ਆਵੇਗਾ, ਕਿਉਂਕਿ ਆਈਪੀਐੱਲ ਆਪਣੇ ਪਹਿਲੇ ਸਾਲ ਵਿੱਚ ਸੀ ਅਤੇ ਇਹ ਉਸਦੇ ਲਈ ਚੰਗੀ ਖ਼ਬਰ ਨਹੀਂ ਹੁੰਦੀ।"

ਆਕਾਸ਼ ਨਾਮ ਦੇ ਇੱਕ ਯੂਜ਼ਰ ਨੇ ਲਿਖਿਆ, "ਇਹ ਕੋਈ "ਥੱਪੜ-ਥੱਪੜ" ਵਾਲੀ ਗੱਲ ਨਹੀਂ ਸੀ, ਸੱਚ ਕਹਾਂ ਤਾਂ ਸ਼੍ਰੀਸੰਤ ਇਸ ਤੋਂ ਬਾਅਦ ਠੀਕ ਨਹੀਂ ਹੋ ਸਕਿਆ ਕਿਉਂਕਿ ਉਹਨਾਂ ਕਦੇ ਉਮੀਦ ਨਹੀਂ ਕੀਤੀ ਸੀ ਕਿ ਵੱਡੇ ਭਰਾ ਵਰਗੇ ਭੱਜੀ ਅਜਿਹਾ ਕਰਨਗੇ। ਉਨ੍ਹਾਂ ਦੇ ਕਪਤਾਨ ਯੁਵਰਾਜ ਨੇ ਆਪਣੇ ਟੀਮ ਮੈਂਬਰ ਦਾ ਸਾਥ ਦੇਣ ਦੀ ਥਾਂ ਆਪਣੇ ਦੋਸਤ ਦਾ ਪੱਖ ਲਿਆ।"

ਵਿਸ਼ਾਲ ਨਾਮ ਦੇ ਇੱਕ ਯੂਜ਼ਰ ਨੇ ਐਕਸ 'ਤੇ ਲਿਖਿਆ, "ਆਈਪੀਐੱਲ ਇਤਿਹਾਸ ਦੇ ਸਭ ਤੋਂ ਸਨਸਨੀਖੇਜ਼ ਪਲਾਂ ਵਿੱਚੋਂ ਇੱਕ ਭੱਜੀ-ਸ਼੍ਰੀਸੰਤ 'ਸਲੈਪਗੇਟ' ਦੀ ਉਹ ਅਣਦੇਖਾ ਫੁਟੇਜ, ਜੋ ਕਦੇ ਪ੍ਰਸਾਰਿਤ ਨਹੀਂ ਹੋਈ ਸੀ।"

ਇਸ ਤੋਂ ਪਹਿਲਾਂ, ਲਲਿਤ ਮੋਦੀ ਨੇ ਪੌਡਕਾਸਟ ਦਾ ਵੀਡੀਓ ਜਾਰੀ ਕਰਦੇ ਹੋਏ ਐਕਸ 'ਤੇ ਲਿਖਿਆ, "ਮੇਰੇ ਪੌਡਕਾਸਟ 'ਬੇਔਂਡ 23' ਭਾਗ-3 ਵਿੱਚ ਮਾਈਕਲ ਕਲਾਰਕ ਨਾਲ ਉਹ ਮਸ਼ਹੂਰ 'ਥੱਪੜ' ਨੂੰ ਦਿਖਾਇਆ ਗਿਆ ਹੈ। ਮੈਂ ਹਰਭਜਨ ਸਿੰਘ ਨੂੰ ਬਹੁਤ ਪਿਆਰ ਕਰਦਾ ਹਾਂ। ਪਰ 17 ਸਾਲਾਂ ਬਾਅਦ, ਇਸਨੂੰ ਬਾਹਰ ਲਿਆਉਣ ਦਾ ਸਮਾਂ ਆ ਗਿਆ ਸੀ।"

"ਅਜੇ ਵੀ ਬਹੁਤ ਕੁਝ ਦੱਸਣਾ ਬਾਕੀ ਹੈ, ਪਰ ਹੁਣ ਇਹ ਸਿਰਫ਼ ਉਸ ਫਿਲਮ ਵਿੱਚ ਦਿਖਾਈ ਦੇਵੇਗਾ ਜਿਸ 'ਤੇ ਕੰਮ ਚੱਲ ਰਿਹਾ ਹੈ ਅਤੇ ਜਿਸਨੂੰ ਮੇਰੇ ਵੱਲੋਂ ਸਨੇਹਾ ਰਜਨੀ ਦੇਖ ਰਹੇ ਹਨ, ਜੋ ਮੇਰੇ ਆਈਪੀਐੱਲ ਦੇ ਚੇਅਰਮੈਨ ਅਤੇ ਕਮਿਸ਼ਨਰ ਹੋਣ ਸਮੇਂ ਸੋਨੀ ਇੰਡੀਆ ਦੀ ਮਾਰਕੀਟਿੰਗ ਹੈੱਡ ਸੀ।"

ਮੈਚ ਦੌਰਾਨ ਕੀ ਹੋਇਆ ਸੀ?

25 ਅਪ੍ਰੈਲ 2008 ਨੂੰ ਮੋਹਾਲੀ ਵਿੱਚ ਖੇਡੇ ਗਏ ਆਈਪੀਐੱਲ ਮੈਚ ਵਿੱਚ ਕਿੰਗਜ਼ ਇਲੈਵਨ ਪੰਜਾਬ ਨੇ ਮੁੰਬਈ ਇੰਡੀਅਨਜ਼ ਨੂੰ 66 ਦੌੜਾਂ ਨਾਲ ਹਰਾਇਆ ਸੀ।

ਇਸ ਤੋਂ ਬਾਅਦ ਇਨਾਮ ਵੰਡ ਦੌਰਾਨ ਅਚਾਨਕ ਟੈਲੀਵਿਜ਼ਨ ਸਕ੍ਰੀਨ 'ਤੇ ਪੰਜਾਬ ਦੇ ਗੇਂਦਬਾਜ਼ ਸ਼੍ਰੀਸੰਤ ਨੂੰ ਰੋਂਦੇ ਹੋਏ ਦੇਖਿਆ ਗਿਆ।

ਪਤਾ ਲੱਗਿਆ ਕਿ ਮੁੰਬਈ ਦੇ ਸਪਿਨਰ ਹਰਭਜਨ ਸਿੰਘ ਨੇ ਕਿਸੇ ਗੱਲ 'ਤੇ ਗੁੱਸੇ ਵਿੱਚ ਆ ਕੇ ਸ਼੍ਰੀਸੰਤ ਨੂੰ ਥੱਪੜ ਮਾਰ ਦਿੱਤਾ ਸੀ।

ਹਰਭਜਨ ਸਿੰਘ ਨੇ ਬਾਅਦ ਵਿੱਚ ਮੁਆਫ਼ੀ ਮੰਗ ਲਈ ਪਰ ਉਨ੍ਹਾਂ ਨੂੰ 11 ਮੈਚਾਂ ਲਈ ਮੁਅੱਤਲੀ ਅਤੇ ਫੀਸ ਕਟੌਤੀ ਦੀ ਸਜ਼ਾ ਭੁਗਤਣੀ ਪਈ। ਹਰਭਜਨ ਸਿੰਘ ਨੂੰ ਇਹ ਥੱਪੜ ਕਰੋੜਾਂ ਰੁਪਏ ਦਾ ਪਿਆ ਸੀ।

ਇਹ ਮੁੱਦਾ ਉਦੋਂ ਇੰਨਾ ਗਰਮਾ ਗਿਆ ਸੀ ਕਿ ਤਤਕਾਲੀ ਆਈਪੀਐੱਲ ਕਮਿਸ਼ਨਰ ਲਲਿਤ ਮੋਦੀ ਨੂੰ ਹਰਭਜਨ ਸਿੰਘ ਨਾਲ ਦਿੱਲੀ ਦੇ ਇੱਕ ਪੰਜ ਤਾਰਾ ਹੋਟਲ ਵਿੱਚ ਪ੍ਰੈੱਸ ਕਾਨਫਰੰਸ ਕਰਨੀ ਪਈ।

ਹਫੜਾ-ਦਫੜੀ ਵਿਚਾਲੇ ਹਰਭਜਨ ਸਿੰਘ ਨੇ ਸਿਰਫ਼ 'ਸੌਰੀ' ਕਿਹਾ ਅਤੇ ਤੁਰੰਤ ਉੱਥੋਂ ਚਲੇ ਗਏ।

ਇਸ ਮਾਮਲੇ ਵਿੱਚ ਹਰਭਜਨ ਸਿੰਘ ਅਤੇ ਸ਼੍ਰੀਸੰਤ ਬੀਸੀਸੀਆਈ ਦੇ ਤਤਕਾਲੀ ਜਾਂਚ ਕਮਿਸ਼ਨਰ ਸੁਧੀਰ ਨਾਨਾਵਤੀ ਦੇ ਸਾਹਮਣੇ ਪੇਸ਼ ਹੋਏ।

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ ) ਨੇ ਵੀ ਇਸ ਮਾਮਲੇ ਵਿੱਚ ਸਖ਼ਤ ਰੁਖ਼ ਅਪਣਾਇਆ ਅਤੇ ਹਰਭਜਨ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ।

ਹਰਭਜਨ ਨੇ ਜਤਾਇਆ ਸੀ ਅਫ਼ਸੋਸ

ਹਾਲ ਹੀ ਵਿੱਚ ਹਰਭਜਨ ਸਿੰਘ ਨੇ ਸਾਬਕਾ ਸਪਿਨਰ ਰਵੀਚੰਦਰਨ ਅਸ਼ਵਿਨ ਦੇ ਯੂਟਿਊਬ ਚੈਨਲ 'ਤੇ ਇਸ ਘਟਨਾ ਨੂੰ ਯਾਦ ਕਰਦੇ ਕਿਹਾ ਸੀ, "ਜੇਕਰ ਮੈਨੂੰ ਆਪਣੀ ਜ਼ਿੰਦਗੀ ਵਿੱਚ ਕਿਸੇ ਇੱਕ ਘਟਨਾ ਨੂੰ ਬਦਲਣਾ ਪਵੇ, ਤਾਂ ਉਹ ਸ਼੍ਰੀਸੰਤ ਵਾਲੀ ਘਟਨਾ ਹੋਵੇਗੀ। ਮੈਂ ਆਪਣੇ ਕਰੀਅਰ ਵਿੱਚੋਂ ਉਸ ਘਟਨਾ ਨੂੰ ਮਿਟਾਉਣਾ ਚਾਹੁੰਦਾ ਹਾਂ। ਜੋ ਕੁਝ ਵੀ ਹੋਇਆ ਉਹ ਗ਼ਲਤ ਸੀ ਅਤੇ ਮੈਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਮੈਂ 200 ਵਾਰ ਮੁਆਫੀ ਮੰਗ ਚੁੱਕਾ ਹਾਂ।"

"ਮੈਨੂੰ ਸਭ ਤੋਂ ਬੁਰਾ ਇਹ ਲੱਗਦਾ ਹੈ ਕਿ ਉਸ ਘਟਨਾ ਦੇ ਸਾਲਾਂ ਬਾਅਦ ਵੀ, ਮੈਨੂੰ ਹਰ ਮੌਕੇ 'ਤੇ ਅਤੇ ਹਰ ਪਲੇਟਫਾਰਮ 'ਤੇ ਮੁਆਫ਼ੀ ਮੰਗਣੀ ਪਈ। ਇਹ ਮੇਰੀ ਗ਼ਲਤੀ ਸੀ।"

ਹਰਭਜਨ ਨੇ ਇਸ ਸ਼ੋਅ ਵਿੱਚ ਸ਼੍ਰੀਸੰਤ ਦੀ ਧੀ ਨਾਲ ਆਪਣੀ ਮੁਲਾਕਾਤ ਦਾ ਕਿੱਸਾ ਵੀ ਸੁਣਾਇਆ ਸੀ।

ਉਨ੍ਹਾਂ ਨੇ ਕਿਹਾ ਸੀ, "ਕਈ ਸਾਲਾਂ ਬਾਅਦ ਵੀ ਮੈਨੂੰ ਜਿਸ ਚੀਜ਼ ਨੇ ਸਭ ਤੋਂ ਵੱਧ ਠੇਸ ਪਹੁੰਚਾਈ ਉਹ ਸੀ ਉਸਦੀ (ਸ਼੍ਰੀਸੰਤ) ਧੀ ਨੂੰ ਮਿਲਣਾ। ਉਸ ਘਟਨਾ ਤੋਂ ਕਈ ਸਾਲ ਬਾਅਦ, ਮੈਂ ਉਸ ਦੀ ਧੀ ਨੂੰ ਮਿਲਿਆ ਅਤੇ ਉਸ ਨਾਲ ਬਹੁਤ ਪਿਆਰ ਨਾਲ ਗੱਲ ਕਰ ਰਿਹਾ ਸੀ।"

"ਉਦੋਂ ਉਸਨੇ ਕਿਹਾ ਕਿ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਨਾ ਚਾਹੁੰਦੀ। ਤੁਸੀਂ ਮੇਰੇ ਪਿਤਾ ਨੂੰ ਮਾਰਿਆ ਸੀ। ਇਹ ਸੁਣ ਕੇ ਮੇਰਾ ਦਿਲ ਟੁੱਟ ਗਿਆ। ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਮੈਂ ਆਪਣੇ ਆਪ ਤੋਂ ਸਵਾਲ ਕਰ ਰਿਹਾ ਸੀ ਕਿ ਮੈਂ ਉਸ ਬੱਚੀ 'ਤੇ ਕੀ ਪ੍ਰਭਾਵ ਛੱਡਿਆ ਹੈ? ਉਹ ਜ਼ਰੂਰ ਮੈਨੂੰ ਇੱਕ ਬੁਰਾ ਇਨਸਾਨ ਸਮਝ ਰਹੀ ਹੋਵੇਗੀ। ਉਹ ਮੈਨੂੰ ਇੱਕ ਅਜਿਹੇ ਵਿਅਕਤੀ ਵਜੋਂ ਦੇਖ ਰਹੀ ਹੋਵੇਗੀ ਜਿਸਨੇ ਉਸਦੇ ਪਿਤਾ ਨੂੰ ਮਾਰਿਆ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)