ਕਿਮ ਜੋਂਗ ਉਨ: ਜੇਕਰ ਉੱਤਰੀ ਕੋਰੀਆ ਇੰਨਾ ਗਰੀਬ ਹੈ ਤਾਂ ਕਿਮ ਆਪਣੇ ਐਸ਼ੋ-ਆਰਾਮ ਦੀ ਜ਼ਿੰਦਗੀ ਕਿਵੇਂ ਬਤੀਤ ਕਰ ਰਹੇ?

ਕਿਮ ਜੋਂਗ ਉਨ

ਤਸਵੀਰ ਸਰੋਤ, Reuters

    • ਲੇਖਕ, ਇਸਾਰਿਆ ਪ੍ਰਿਥਹੋਗਈਮ
    • ਰੋਲ, ਬੀਬੀਸੀ ਨਿਊਜ਼

ਉਤਰੀ ਕੋਰੀਆ ਦੇ ਸੁਪਰੀਮ ਲੀਡਰ ਕਿਮ ਜੋਂਗ ਉਨ ਦੀ 40ਵਾਂ ਜਨਮਦਿਨ ਹੈ ਪਰ ਕੀ ਉਹ ਸੱਚਮੁੱਚ 40ਆਂ ਦੇ ਹਨ....?

ਕਿਮ ਜੋਂਗ ਉਨ ਦਾ ਜਨਮਦਿਨ 8 ਜਨਵਰੀ ਮਨਾਇਆ ਜਾਂਦਾ ਹੈ, ਪਰ ਉਨ੍ਹਾਂ ਦੀ ਸਹੀ ਜਨਮ ਮਿਤੀ ਬਾਰੇ ਸਹਿਮਤੀ ਘੱਟ ਹੈ।

ਅਤੇ ਇਹ ਕਿਮ ਬਾਰੇ ਇੱਕੋ-ਇੱਕ ਰਹੱਸ ਨਹੀਂ ਹੈ, ਇੱਥੇ 2011 ਵਿੱਚ ਸੱਤਾ ਵਿੱਚ ਆਏ ਉੱਤਰੀ ਕੋਰੀਆ ਦੇ ਤਾਨਾਸ਼ਾਹ ਬਾਰੇ 5 ਅਜਿਹੇ ਸਵਾਲ ਹਨ, ਜਿਨ੍ਹਾਂ ਦੇ ਉੱਤਰ ਨਹੀਂ ਹਨ-

ਕਿਮ ਜੋਂਗ ਉਨ

ਤਸਵੀਰ ਸਰੋਤ, Reuters

1. ਕਿਮ ਜੋਂਗ ਉਨ ਦਾ ਜਨਮ ਕਦੋਂ ਹੋਇਆ ਸੀ?

ਅਸੀਂ ਸੱਚਮੁੱਚ ਇਸ ਬਾਰੇ ਯਕੀਨੀ ਤੌਰ 'ਤੇ ਕੁਝ ਨਹੀਂ ਕਹਿ ਸਕਦੇ।

ਆਕਸਫੋਰਡ ਯੂਨੀਵਰਸਿਟੀ ਦੇ ਰਾਜਨੀਤੀ ਦੇ ਲੈਕਚਰਾਰ ਡਾਕਟਰ ਐਡਵਰਡ ਹਾਵੇਲ ਨੇ ਬੀਬੀਸੀ ਨੂੰ ਦੱਸਿਆ, "ਉਨ੍ਹਾਂ ਦੇ ਜਨਮ ਦੇ ਸਾਲ ਬਾਰੇ ਬਹੁਤ ਬਹਿਸ ਹੈ, ਜਾਂ ਇਹ 1982 ਹੈ ਜਾਂ 1983 ਜਾਂ 1984।"

8 ਜਨਵਰੀ ਨੂੰ ਉਨ੍ਹਾਂ ਦਾ ਮੰਨਿਆ ਜਾਣ ਵਾਲਾ ਜਨਮਦਿਨ ਕਮਿਊਨਿਸਟ ਦੇਸ਼ ਵਿੱਚ ਇੱਕ ਨਿਯਮਤ ਕੰਮਕਾਜੀ ਦਿਨ ਹੈ, ਜਦਕਿ ਉਨ੍ਹਾਂ ਦੇ ਪਿਤਾ ਕਿਮ ਜੋਂਗ ਇਲ ਦਾ ਜਨਮ ਦਿਨ ਹਰ ਸਾਲ 16 ਫਰਵਰੀ ਨੂੰ 'ਸ਼ਾਇਨਿੰਗ ਸਟਾਰ' ਵਜੋਂ ਮਨਾਇਆ ਜਾਂਦਾ ਹੈ।

15 ਅਪ੍ਰੈਲ ਨੂੰ ਉਨ੍ਹਾਂ ਦੇ ਦਾਦਾ ਕਿਮ ਇਲ ਸੰਗ ਦਾ ਜਨਮ ਦਿਨ ਵੀ 'ਦਿ ਡੇਅ ਆਫ ਦਿ ਸੰਨ' ਵਜੋਂ ਮਨਾਇਆ ਜਾਂਦਾ ਹੈ।

ਹਾਲਾਂਕਿ, ਉਨ੍ਹਾਂ ਦੇ ਵਿਸ਼ਾਲ ਪਰਿਵਾਰ ਦੇ ਬਹੁਤ ਸਾਰੇ ਵੇਰਵੇ ਰਹੱਸ ਵਿੱਚ ਘਿਰੇ ਹੋਏ ਹਨ।

ਉੱਤਰੀ ਕੋਰੀਆ ਦੇ ਮਾਹਿਰ ਡਾਕਟਰ ਹਾਵੇਲ ਦਾ ਕਹਿਣਾ ਹੈ, "ਅਸੀਂ ਜਾਣਦੇ ਹਾਂ ਕਿ ਕਿਮ ਦੇ ਸੌਤੇਲੇ ਭਰਾ ਹਨ, ਜਿਨ੍ਹਾਂ ਵਿੱਚੋਂ ਇੱਕ, ਕਿਮ ਜੋਂਗ ਨਮ ਦਾ ਮਲੇਸ਼ੀਆ ਵਿੱਚ 2017 ਵਿੱਚ ਕਤਲ ਕਰ ਦਿੱਤਾ ਗਿਆ ਸੀ।

ਮੰਨਿਆ ਜਾਂਦਾ ਸੀ ਕਿ ਕਿਮ ਜੋਂਗ ਉਨ ਦੇ ਪਿਤਾ ਦੀਆਂ ਘੱਟੋ-ਘੱਟ ਚਾਰ ਵੱਖ-ਵੱਖ ਸਾਥਣਾਂ ਸਨ ਪਰ ਉਨ੍ਹਾਂ ਦੇ ਸਬੰਧਾਂ ਨੂੰ ਜ਼ਿਆਦਾਤਰ ਲੋਕਾਂ ਦੀ ਨਜ਼ਰ ਓਲੇ ਰੱਖਿਆ ਗਿਆ ਸੀ।

ਉਨ੍ਹਾਂ ਦੀ ਮਾਂ, ਕੋ ਯੰਗ ਹੂਈ, ਦਾ ਜਨਮ ਜਪਾਨ ਵਿੱਚ ਹੋਇਆ ਮੰਨਿਆ ਜਾਂਦਾ ਹੈ, ਜੋ 1960 ਦੇ ਦਹਾਕੇ ਵਿੱਚ ਇੱਕ ਡਾਂਸਰ ਵਜੋਂ ਕੰਮ ਕਰਨ ਲਈ ਉੱਤਰੀ ਕੋਰੀਆ ਆਈ ਸੀ।

ਉਨ੍ਹਾਂ ਨੂੰ ਕਿਮ ਜੋਂਗ ਇਲ ਦੀਆਂ ਸਾਰੀਆਂ ਪਤਨੀਆਂ ਵਿੱਚੋਂ ਪਸੰਦੀਦਾ ਕਿਹਾ ਜਾਂਦਾ ਸੀ।

2018 ਵਿੱਚ ਕੋ ਯੰਗ ਹੂਈ ਦੀਆਂ ਫੋਟੋਆਂ ਮਿਲੀਆਂ, ਜੋ 1973 ਵਿੱਚ ਜਪਾਨ ਦੀ ਯਾਤਰਾ ਦੌਰਾਨ ਲਈਆਂ ਗਈਆਂ ਸਨ।

ਕੋਰੀਆ ਟਾਈਮਜ਼ ਦੀ ਰਿਪੋਰਟ ਮੁਤਾਬਕ ਇੱਕ ਡਾਂਸਰ ਵਜੋਂ ਉਨ੍ਹਾਂ ਦੇ ਕਰੀਅਰ ਅਤੇ ਜਪਾਨ ਨਾਲ ਜੁੜੇ ਉਨ੍ਹਾਂ ਦੇ ਪਰਿਵਾਰਕ ਪਿਛੋਕੜ ਕਾਰਨ ਉੱਤਰੀ ਕੋਰੀਆ ਨੇ ਕੋ ਬਾਰੇ ਬਹੁਤ ਜ਼ਿਆਦਾ ਪ੍ਰਚਾਰ ਨਹੀਂ ਕੀਤਾ।

ਡਾ. ਹਾਵੇਲ ਕਹਿਣਾ ਹੈ, "ਜਪਾਨ ਵਿੱਚ ਪੈਦਾ ਹੋਣਾ, ਜਿਸ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਕੋਰੀਆਈ ਪ੍ਰਾਇਦੀਪ 'ਤੇ ਕਬਜ਼ਾ ਕਰ ਲਿਆ ਸੀ, ਆਮ ਤੌਰ 'ਤੇ ਕਿਸੇ ਨੂੰ ਹੇਠਲੇ ਸਮਾਜਿਕ ਵਰਗ ਵਿੱਚ ਧੱਕ ਦਿੰਦਾ ਹੈ। ਪਰ ਕਿਉਂਕਿ ਉਨ੍ਹਾਂ ਨੇ ਕਿਮ ਜੋਂਗ ਇਲ ਨਾਲ ਵਿਆਹ ਕੀਤਾ ਸੀ, ਉਨ੍ਹਾਂ ਦੀ ਇੱਕ ਆਲੀਸ਼ਾਨ ਜੀਵਨ ਸ਼ੈਲੀ ਸੀ। ”

ਕਿਮ ਜੋਂਗ ਉਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਕਿਮ ਨੇ ਰੀ ਸੋਲ ਜੂ ਨੂੰ ਇੱਕ ਸੰਗੀਤਕ ਪ੍ਰਦਰਸ਼ਨ ਵਿੱਚ ਦੇਖਿਆ ਹੋਵੇਗਾ

2. ਕਿਮ ਜੋਂਗ ਉਨ ਦੀ ਪਤਨੀ ਕੌਣ ਹੈ?

ਮੁੜ, ਸਾਨੂੰ ਇਸ ਬਾਰੇ ਵੀ ਕੁਝ ਖ਼ਾਸ ਨਹੀਂ ਪਤਾ।

ਅਸੀਂ ਜਾਣਦੇ ਹਾਂ ਕਿ ਉਸਦੀ ਇੱਕ ਪਤਨੀ, ਰੀ ਸੋਲ ਜੂ ਹੈ, ਪਰ ਸਾਨੂੰ ਪੱਕਾ ਪਤਾ ਨਹੀਂ ਹੈ ਕਿ ਉਨ੍ਹਾਂ ਦਾ ਵਿਆਹ ਕਦੋਂ ਹੋਇਆ।

ਹਾਲਾਂਕਿ, ਅਜਿਹਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ 2009 ਵਿੱਚ ਹੋਇਆ ਹੋਣਾ।

"ਕਾਮਰੇਡ ਰੀ ਸੋਲ ਜੂ" ਬਾਰੇ ਬਹੁਤ ਘੱਟ ਪਤਾ ਹੈ। ਕੀ ਉਹ ਇੱਕ ਪੁਰਾਣੀ ਗਾਇਕਾ ਸੀ ਜਿਸ ਨੇ ਇੱਕ ਪੇਸ਼ਕਾਰੀ ਦੌਰਾਨ ਕਿਮ ਦਾ ਧਿਆਨ ਖਿੱਚਿਆ ਸੀ?

ਉਸ ਦੇ ਨਾਮ ਦੀ ਇੱਕ ਉੱਤਰ ਕੋਰੀਆਈ ਕਲਾਕਾਰ ਵੀ ਹੈ, ਪਰ ਇਸ ਦੀ ਕਦੇ ਵੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਉਹ ਇੱਕੋ ਹੀ ਹਨ।

ਇੱਕ ਸੰਸਦ ਮੈਂਬਰ ਨੇ ਖ਼ੁਫ਼ੀਆ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਰੀ ਸੋਲ ਜੂ ਨੇ 2005 ਵਿੱਚ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਲਈ ਉੱਤਰੀ ਕੋਰੀਆ ਦੀ ਚੀਅਰਲੀਡਿੰਗ ਟੀਮ ਦੇ ਹਿੱਸੇ ਵਜੋਂ ਦੱਖਣੀ ਕੋਰੀਆ ਦਾ ਦੌਰਾ ਕੀਤਾ ਸੀ ਅਤੇ ਚੀਨ ਵਿੱਚ ਗਾਉਣ ਦੀ ਸਿਖਲਾਈ ਵੀ ਲਈ ਸੀ।

ਉੱਤਰੀ ਕੋਰੀਆ ਨੇ ਕਿਮ ਜੋਂਗ ਉਨ ਦੀ ਪਤਨੀ ਹੋਣ ਤੋਂ ਇਲਾਵਾ, ਉਸ ਬਾਰੇ ਹੋਰ ਕੋਈ ਵੇਰਵੇ ਨਹੀਂ ਦਿੱਤੇ।

ਕਿਮ ਜੋਂਗ ਉਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਕਿਮ ਜੋਂਗ ਉਨ ਆਪਣੀ ਧੀ ਨਾਲ ਜਨਤਕ ਤੌਰ ਉੱਤੇ ਨਜ਼ਰ ਆਏ

3. ਕਿਮ ਜੋਂਗ ਉਨ ਦੇ ਕਿੰਨੇ ਬੱਚੇ ਹਨ?

ਇੱਥੇ ਸਾਡੇ ਕੋਲ ਇੱਕ ਹੋਰ ਪਰਿਵਾਰਕ ਵੇਰਵਾ ਹੈ ਜਿਸ ਦੀ ਤਸਦੀਕ ਕਰਨਾ ਮੁਸ਼ਕਲ ਹੈ।

ਕਿਆਸਰਾਈਆਂ ਹਨ ਕਿ ਸਾਲ 2016 ਵਿੱਚ ਰੀ ਸੋਲ ਜੂ ਗਰਭਵਤੀ ਸੀ ਜਦੋਂ ਉਹ ਜਨਤਕ ਹੋਣਾ ਬੰਦ ਹੋਏ। ਪਰ ਅਧਿਕਾਰਤ ਤੌਰ 'ਤੇ ਇਸਦੀ ਪੁਸ਼ਟੀ ਨਹੀਂ ਕੀਤੀ ਗਈ।

ਮੰਨਿਆ ਜਾਂਦਾ ਹੈ ਕਿ ਕਿਮ ਦੇ ਪਹਿਲੇ ਦੋ ਬੱਚੇ 2010 ਅਤੇ 2013 ਵਿੱਚ ਪੈਦਾ ਹੋਏ ਸਨ ਪਰ ਇਹ ਪਤਾ ਨਹੀਂ ਹੈ ਕਿ ਕੋਈ ਪੁਰਸ਼ ਹੈ ਅਤੇ ਜੋ ਉਸ ਦਾ ਸੰਭਾਵੀ ਉੱਤਰਧਿਕਾਰੀ ਹੈ। ਅਸਲ ਵਿੱਚ, ਅਸੀਂ ਉਨ੍ਹਾਂ ਬਾਰੇ ਬਹੁਤ ਘੱਟ ਜਾਣਦੇ ਹਾਂ।

ਕਿਮ ਆਪਣੀ ਧੀ, ਕਿਮ ਜੂ ਏ ਦੇ ਨਾਲ ਜਨਤਕ ਤੌਰ 'ਤੇ ਨਜ਼ਰ ਆਏ ਹਨ, ਜਿਸ ਦੀ ਉਮਰ ਲਗਭਗ 10 ਸਾਲ ਦੀ ਹੈ ਅਤੇ ਉਸ ਨੂੰ ਦੂਜਾ ਵੱਡਾ ਬੱਚਾ ਮੰਨਿਆ ਜਾਂਦਾ ਹੈ।

ਇਸ ਬਾਰੇ ਅਸੀਂ ਸਭ ਤੋਂ ਵੱਧ ਜਾਣਦੇ ਹਾਂ। ਉਹ 2023 ਵਿੱਚ ਘੱਟੋ ਘੱਟ ਪੰਜ ਵਾਰ ਜਨਤਕ ਤੌਰ 'ਤੇ ਨਜ਼ਰ ਆਈ ਸੀ।

ਡਾ. ਹਾਵੇਲ ਦੱਸਦੇ ਹਨ, "ਸਾਨੂੰ ਅਜੇ ਵੀ ਉਸ ਦੇ ਬੱਚਿਆਂ ਦੀ ਪੂਰੀ ਕਹਾਣੀ ਨਹੀਂ ਪਤਾ। ਡਾ. ਹਾਵੇਲ ਸਾਨੂੰ ਯਾਦ ਦਿਵਾਉਂਦੇ ਹਨ ਕਿ ਉਹ ਸਾਬਕਾ ਯੂਐੱਸ ਬਾਸਕਟਬਾਲ ਸਟਾਰ ਡੈਨਿਸ ਰੋਡਮੈਨ ਸਨ, ਜੋ ਕਿਮ ਜੋਂਗ ਉਨ ਦੇ ਅਸੰਭਾਵੀ ਨਜ਼ਦੀਕੀ ਦੋਸਤ ਸਨ, ਜਿਸ ਨੇ 2013 ਵਿੱਚ ਇੱਕ ਇੰਟਰਵਿਊ ਵਿੱਚ ਉਨ੍ਹਾਂ ਦੀ ਧੀ ਦੇ ਨਾਮ ਦਾ ਖੁਲਾਸਾ ਕੀਤਾ ਸੀ।

ਕਿਮ ਜੋਂਗ ਉਨ

ਤਸਵੀਰ ਸਰੋਤ, Reuters

ਉੱਤਰੀ ਕੋਰੀਆ ਦੇ ਮਾਹਰ ਨੇ ਅੱਗੇ ਕਿਹਾ, “ਉਨ੍ਹਾਂ ਦੇ ਹੋਰ ਬੱਚੇ ਵੀ ਹਨ ਪਰ ਉਨ੍ਹਾਂ ਬਾਰੇ ਬਹੁਤ ਘੱਟ ਜਾਣਕਾਰੀ ਹੈ। ਅਸੀਂ ਨਹੀਂ ਜਾਣਦੇ ਕਿ ਉਨ੍ਹਾਂ ਦੀਆਂ ਮਾਵਾਂ ਕੌਣ ਹਨ। ”

ਬਹੁਤ ਸਾਰੇ ਵਿਸ਼ਲੇਸ਼ਕਾਂ (ਅਤੇ ਅਸਲ ਵਿੱਚ ਦੱਖਣੀ ਕੋਰੀਆ ਦੀ ਜਾਸੂਸੀ ਏਜੰਸੀ) ਦੇ ਉਲਟ, ਡਾਕਟਰ ਹਾਵੇਲ ਇਹ ਨਹੀਂ ਮੰਨਦੇ ਕਿ ਕਿਮ ਜੂ ਏ ਨੂੰ ਅਗਲਾ ਨੇਤਾ ਬਣਾਉਣ ਲਈ ਤਿਆਰ ਕੀਤਾ ਜਾ ਰਿਹਾ ਹੈ।

ਉਹ ਅਜੇ ਵੀ ਜਵਾਨ ਹੈ ਅਤੇ ਕਿਮ ਜੋਂਗ ਉਨ ਦੀ ਪ੍ਰਭਾਵਸ਼ਾਲੀ ਭੈਣ, ਕਿਮ ਯੋ ਜੋਂਗ, ਕੋਲ ਵਧੇਰੇ ਤਜਰਬਾ ਹੈ ਅਤੇ ਕੁਲੀਨ ਵਰਗ ਨਾਲ ਬਿਹਤਰ ਸਬੰਧ ਹਨ, ਜੋ ਉਨ੍ਹਾਂ ਨੂੰ ਆਪਣੇ ਭਰਾ ਦੀ ਕਾਮਯਾਬੀ ਲਈ ਵਧੇਰੇ ਸੰਭਾਵੀ ਦਾਅਵੇਦਾਰ ਬਣਾ ਸਕਦਾ ਹੈ।

ਡਾ. ਹਾਵੇਲ ਦਾ ਮੰਨਣਾ ਹੈ, "ਉੱਤਰੀ ਕੋਰੀਆ ਦੇ ਨੇਤਾ ਨੂੰ ਮਿਜ਼ਾਈਲ ਲਾਂਚਾਂ, ਦਾਅਵਤਾਂ ਜਾਂ ਫੁੱਟਬਾਲ ਖੇਡਾਂ ਵਿੱਚ ਆਪਣੀ ਜਵਾਨ ਧੀ ਨਾਲ ਦੇਖਿਆ ਜਾ ਰਿਹਾ ਹੈ ਕਿਉਂਕਿ ਉਹ ਇੱਕ ਪਰਿਵਾਰਕ ਆਦਮੀ ਅਤੇ ਇੱਕ ਪਰਉਪਕਾਰੀ ਨੇਤਾ ਵਜੋਂ ਨਜ਼ਰ ਆਉਣਾ ਚਾਹੁੰਦਾ ਹੈ।"

ਕਿਮ ਜੋਂਗ ਉਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਿਮ ਜੋਂਗ ਆਵਾਜਾਈ ਲਈ ਅਕਸਰ ਲਗਜ਼ਰੀ ਗੱਡੀਆਂ ਦੀ ਵਰਤੋਂ ਕਰਦੇ ਹਨ

4. ਜੇਕਰ ਦੇਸ਼ ਇੰਨਾ ਗਰੀਬ ਹੈ ਤਾਂ ਕਿਮ ਜੋਂਗ ਉਨ ਆਪਣੇ ਐਸ਼ੋ-ਆਰਾਮ ਵਿੱਚ ਕਿਵੇਂ ਰਹਿ ਰਹੇ ਹਨ?

ਉੱਤਰੀ ਕੋਰੀਆ ਅਤੇ ਉਸ ਦੇ ਨੇਤਾ ਨੂੰ ਪ੍ਰਮਾਣੂ ਹਥਿਆਰਾਂ ਅਤੇ ਬੈਲਿਸਟਿਕ ਮਿਜ਼ਾਈਲਾਂ ਦੇ ਵਿਕਾਸ ਦੇ ਕਾਰਨ ਸਾਲਾਂ ਤੋਂ ਸੰਯੁਕਤ ਰਾਸ਼ਟਰ ਅਤੇ ਪੱਛਮੀ ਦੇਸ਼ਾਂ ਵੱਲੋਂ ਲਗਾਈਆਂ ਗਈਆਂ ਸਖ਼ਤ ਪਾਬੰਦੀਆਂ ਦਾ ਸਾਹਮਣਾ ਕਰਨਾ ਪਿਆ ਹੈ।

ਪਰ ਡਾਕਟਰ ਹਾਵੇਲ ਦਾ ਕਹਿਣਾ ਹੈ ਕਿ ਕਿਮ ਜੋਂਗ ਉਨ ਪਾਬੰਦੀਆਂ ਤੋਂ ਬਚਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।

“ਦੇਸ਼ ਵਿੱਚ ਇੱਕ ਸਲੱਸ਼ ਫੰਡ ਹੈ ਜੋ ਵਿਸ਼ੇਸ਼ ਤੌਰ 'ਤੇ ਸ਼ਾਸਨ ਦੁਆਰਾ ਵਰਤੋਂ ਲਈ ਤਿਆਰ ਕੀਤਾ ਗਿਆ ਹੈ। ਕਿਮ ਇਸ ਨੂੰ ਜਾਰੀ ਰੱਖਣਾ ਚਾਹੁੰਦਾ ਹੈ ਕਿਉਂਕਿ ਉਹ ਚਾਹੁੰਦੇ ਹਨ ਕਿ ਉਹ ਅਤੇ ਉਸ ਦਾ ਪਰਿਵਾਰ ਲਗਜ਼ਰੀ ਜੀਵਨ ਸ਼ੈਲੀ ਵਿੱਚ ਰਹੇ।”

ਡਾ. ਹਾਵੇਲ ਦਾ ਮੰਨਣਾ ਹੈ ਕਿ ਦੁਨੀਆ ਭਰ ਦੇ ਦੇਸ਼ਾਂ ਦੇ ਨੈੱਟਵਰਕ ਹਨ ਜੋ ਉੱਤਰੀ ਕੋਰੀਆ ਨੂੰ ਪੈਸੇ ਮੁਹੱਈਆ ਕਰਵਾਉਣ ਦੇ ਇੱਛੁਕ ਹਨ ਅਤੇ ਅਜਿਹੇ ਇਲਜ਼ਾਮ ਵੀ ਹਨ ਕਿ ਇਹ ਪੈਸਾ ਵੱਖਰੇ ਤਰੀਕੇ ਨਾਲ ਵੀ ਆ ਸਕਦਾ ਹੈ।

ਡਾ. ਹਾਵੇਲ ਨੇ ਅੱਗੇ ਕਿਹਾ, “ਲੋਕ ਅਕਸਰ ਸੋਚਦੇ ਹਨ ਕਿ ਉੱਤਰੀ ਕੋਰੀਆ ਇੱਕ ਅਲੱਗ-ਥਲੱਗ ਦੇਸ਼ ਹੈ ਜਿਸ ਕੋਲ ਇੰਟਰਨੈੱਟ ਨਹੀਂ ਹੈ। ਇਸ ਕੋਲ ਸਟੇਟ ਦੁਆਲਾ ਸੰਚਾਲਿਤ ਇੰਟਰਨੈੱਟ ਹੈ ਅਤੇ ਸਾਈਬਰ ਯੁੱਧ ਇੱਕ ਮਹੱਤਵਪੂਰਨ ਰਣਨੀਤੀ ਬਣ ਗਈ ਹੈ।"

"ਕਿਮ ਦਾ ਸ਼ਾਸਨ ਆਪਣੀ ਆਰਥਿਕਤਾ ਅਤੇ ਪਰਮਾਣੂ ਪ੍ਰੋਗਰਾਮ ਨੂੰ ਚਲਾਉਣ ਲਈ ਪੈਸੇ ਚੋਰੀ ਕਰਨ ਲਈ ਦੂਜੇ ਦੇਸ਼ਾਂ ਦੇ ਕੰਪਿਊਟਰ ਪ੍ਰਣਾਲੀਆਂ ਨੂੰ ਹੈਕ ਕਰਦਾ ਹੈ।"

ਕਿਮ ਜੋਂਗ ਉਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਆਲੋਚਕਾਂ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਦੇ ਨੇਤਾ ਦੀ ਜੀਵਨ ਸ਼ੈਲੀ ਉਸਦੀ ਜਨਤਕ ਸ਼ਖਸੀਅਤ ਦੇ ਉਲਟ ਹੈ

5. ਕੀ ਕਿਮ ਜੋਂਗ ਉਨ ਨੂੰ ਆਪਣੇ ਲੋਕਾਂ ਦੀ ਪਰਵਾਹ ਹੈ?

2020 ਵਿੱਚ ਇੱਕ ਫੌਜੀ ਪਰੇਡ ਵਿੱਚ ਦਿੱਤੇ ਭਾਸ਼ਣ ਨੇ ਸਾਨੂੰ ਸੁਪਰੀਮ ਲੀਡਰ ਦਾ ਇੱਕ ਵੱਖਰਾ ਪੱਖ ਦਿਖਾਇਆ।

ਉਨ੍ਹਾਂ ਨੇ ਮਹਾਂਮਾਰੀ ਅਤੇ ਹਾਲੀਆ ਕੁਦਰਤੀ ਆਫ਼ਤਾਂ ਦੇ ਵਿਰੁੱਧ ਆਪਣੀਆਂ ਫੌਜਾਂ ਦੇ ਯਤਨਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

ਦੇਸ਼ ਦੇ ਸੰਘਰਸ਼ਾਂ ਦੀ ਗੱਲ ਕਰਦਿਆਂ, ਉਹ ਹੰਝੂ-ਪੂੰਝਦੇ ਨਜ਼ਰ ਆਏ। ਇਹ ਉੱਤਰੀ ਕੋਰੀਆ ਦੇ ਨੇਤਾ ਵੱਲੋਂ ਭਾਵੁਕ ਹੋਣ ਦਾ ਇੱਕ ਦੁਰਲੱਭ ਪ੍ਰਦਰਸ਼ਨ ਸੀ।

ਕੁਝ ਨਿਰੀਖਕਾਂ ਦਾ ਮੰਨਣਾ ਸੀ ਕਿ ਉਹ ਨਿਮਰਤਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋਣਗੇ, ਜਦ ਕਿ ਦੇਸ਼ ਵਧ ਰਹੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ।

ਫਿਰ ਵੀ, ਉੱਤਰੀ ਕੋਰੀਆ ਦੇ ਨੇਤਾ ਦੀ ਸ਼ਾਨਦਾਰ ਜੀਵਨ ਸ਼ੈਲੀ ਦੀ ਜਾਂਚ ਇਸ ਦੇ ਉਲਟ ਸੰਕੇਤ ਦਿੰਦੀ ਹੈ।

ਕਿਮ ਜੋਂਗ ਉਨ ਨੇ ਆਲੀਸ਼ਾਨ ਰੇਲਗੱਡੀਆਂ ਰਾਹੀਂ ਲੰਬੀ ਦੂਰੀ ਦੀ ਯਾਤਰਾ ਕਰਨ ਦੀ ਪਰੰਪਰਾ ਨੂੰ ਜਾਰੀ ਰੱਖਿਆ, ਜਿਸ ਦੀ ਸ਼ੁਰੂਆਤ ਕਿਮ ਇਲ ਸੰਗ ਯਾਨਿ ਕਿ ਉਨ੍ਹਾਂ ਦੇ ਦਾਦਾ ਨੇ ਕੀਤੀ ਸੀ।

ਇੱਕ ਰੂਸੀ ਫੌਜੀ ਕਮਾਂਡਰ ਨੇ ਕਿਮ ਜੋਂਗ ਇਲ (ਕਿਮ ਜੋਂਗ ਉਨ ਦੇ ਪਿਤਾ) ਦੇ ਨਾਲ 2001 ਵਿੱਚ ਯਾਤਰਾ ਕੀਤੀ। ਉਨ੍ਹਾਂ ਨੇ ਇਸ ਸਬੰਧੀ ਆਪਣੀਆਂ ਯਾਦਾਂ 'ਓਰੀਐਂਟ ਐਕਸਪ੍ਰੈਸ' ਵਿੱਚ ਗੱਲ ਕੀਤੀ।

ਉਨ੍ਹਾਂ ਲਿਖਿਆ, "ਰੂਸੀ, ਚੀਨੀ, ਕੋਰੀਅਨ, ਜਪਾਨੀ ਅਤੇ ਫ੍ਰੈਂਚ ਪਕਵਾਨਾਂ ਬਾਰੇ ਆਰਡਰ ਕਰਨਾ ਸੰਭਵ ਸੀ। ਲਾਈਵ ਝੀਂਗਾ ਅਤੇ ਵੱਕਾਰੀ ਬਾਰਡੋ ਅਤੇ ਬਰਗੰਡੀ ਵਾਈਨ ਵੀ ਪੈਰਿਸ ਤੋਂ ਮੰਗਵਾਈਆਂ ਗਈਆਂ ਸਨ।

ਇਹ ਅਤੇ ਪ੍ਰਾਈਵੇਟ ਜਹਾਜ਼ਾਂ ਸਮੇਤ ਆਲੀਸ਼ਾਨ ਆਵਾਜਾਈ ਦੇ ਹੋਰ ਰੂਪ ਉੱਤਰੀ ਕੋਰੀਆ ਦੇ ਲੋਕਾਂ ਦੀ ਗਰੀਬ ਜੀਵਨ ਸ਼ੈਲੀ ਦੇ ਬਿਲਕੁਲ ਉਲਟ ਹਨ।

ਉੱਤਰੀ ਕੋਰੀਆ ਦੇ ਲੋਕਾਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਭੋਜਨ ਇੰਨਾ ਘੱਟ ਹੈ ਕਿ ਉਨ੍ਹਾਂ ਦੇ ਗੁਆਂਢੀ ਭੁੱਖੇ ਮਰ ਗਏ ਹਨ। ਮਾਹਰਾਂ ਦਾ ਕਹਿਣਾ ਹੈ ਕਿ ਸਥਿਤੀ 1990 ਦੇ ਦਹਾਕੇ ਤੋਂ ਬਾਅਦ ਸਭ ਤੋਂ ਖ਼ਰਾਬ ਹੈ।

ਇਹ ਕਿਮ ਦੀਆਂ ਤਰਜੀਹਾਂ ਬਾਰੇ ਕੀ ਕਹਿੰਦਾ ਹੈ?

ਡਾ. ਹਾਵੇਲ ਕਹਿੰਦੇ ਹਨ, “ਉਹ ਸਿਰਫ਼ ਆਪਣੇ ਸ਼ਾਸਨ ਨੂੰ ਹੀ ਨਹੀਂ ਬਲਕਿ ਆਪਣੀ ਦਮਨਕਾਰੀ ਅਤੇ ਜ਼ਾਲਮ ਲੀਡਰਸ਼ਿਪ ਨੂੰ ਵੀ ਬਚਾਉਣਾ ਚਾਹੁੰਦਾ ਹੈ। ਉਹ ਆਪਣੇ ਦੇਸ਼ ਦੇ 2.6 ਕਰੋੜ ਲੋਕਾਂ ਦੀ ਪਰਵਾਹ ਨਹੀਂ ਕਰਦਾ। ”

"ਕੀ ਉਨ੍ਹਾਂ ਲੱਗਦਾ ਹੈ ਕਿ ਇਹ ਅੱਗੇ ਵਧਣ ਲਈ ਇੱਕ ਵਿਹਾਰਕ ਰਣਨੀਤੀ ਹੈ?"

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)