ਜਦੋਂ ਬੇਨ ਸਟੋਕਸ ਨੇ ਹੱਥ ਵਧਾ ਕੇ ਡਰਾਅ ਦਾ ਪ੍ਰਸਤਾਵ ਦਿੱਤਾ, ਵਾਸ਼ਿੰਗਟਨ ਸੁੰਦਰ ਅਤੇ ਰਵਿੰਦਰ ਜਡੇਜਾ ਨੇ ਕੀਤਾ ਮਨ੍ਹਾ

ਤਸਵੀਰ ਸਰੋਤ, Getty Images
- ਲੇਖਕ, ਅਭੀਜੀਤ ਸ਼੍ਰੀਵਾਸਤਵ
- ਰੋਲ, ਬੀਬੀਸੀ ਹਿੰਦੀ ਲਈ
ਭਾਰਤ ਅਤੇ ਇੰਗਲੈਂਡ ਵਿਚਕਾਰ ਮੈਨਚੈਸਟਰ ਦੇ ਓਲਡ ਟ੍ਰੈਫੋਰਡ ਵਿੱਚ ਖੇਡਿਆ ਗਿਆ ਚੌਥਾ ਟੈਸਟ ਮੈਚ ਬੇਨਤੀਜਾ ਰਿਹਾ।
ਕਪਤਾਨ ਸ਼ੁਭਮਨ ਗਿੱਲ, ਕੇਐਲ ਰਾਹੁਲ, ਰਵਿੰਦਰ ਜਡੇਜਾ ਅਤੇ ਵਾਸ਼ਿੰਗਟਨ ਸੁੰਦਰ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ, ਪਹਿਲੀ ਪਾਰੀ ਵਿੱਚ ਭਾਰਤੀ ਟੀਮ ਨੇ 311 ਦੌੜਾਂ ਨਾਲ ਪਿੱਛੇ ਰਹਿਣ ਦੇ ਬਾਵਜੂਦ ਇਹ ਟੈਸਟ ਹੈਰਾਨੀਜਨਕ ਢੰਗ ਨਾਲ ਡਰਾਅ ਕਰਵਾ ਲਿਆ।
ਮੈਚ ਖਤਮ ਹੋਣ ਤੋਂ ਲਗਭਗ ਇੱਕ ਘੰਟਾ ਪਹਿਲਾਂ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਪਿੱਚ 'ਤੇ ਮੌਜੂਦ ਰਵਿੰਦਰ ਜਡੇਜਾ ਅਤੇ ਵਾਸ਼ਿੰਗਟਨ ਸੁੰਦਰ ਨਾਲ ਹੱਥ ਮਿਲਾਇਆ ਅਤੇ ਮੈਚ ਡਰਾਅ ਕਰਨ ਦਾ ਪ੍ਰਸਤਾਵ ਰੱਖਿਆ, ਪਰ ਉਸ ਸਮੇਂ ਦੋਵੇਂ ਬੱਲੇਬਾਜ਼ ਆਪਣੇ-ਆਪਣੇ ਸੈਂਕੜਿਆਂ ਦੇ ਨੇੜੇ ਸਨ ਅਤੇ ਉਨ੍ਹਾਂ ਨੇ ਸਟੋਕਸ ਦੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ।
ਇਸ ਤੋਂ ਬਾਅਦ, ਰਵਿੰਦਰ ਜਡੇਜਾ ਨੇ ਆਪਣੇ ਟੈਸਟ ਕਰੀਅਰ ਦਾ ਪੰਜਵਾਂ ਸੈਂਕੜਾ ਪੂਰਾ ਕੀਤਾ ਅਤੇ ਵਾਸ਼ਿੰਗਟਨ ਸੁੰਦਰ ਨੇ ਆਪਣਾ ਪਹਿਲਾ ਸੈਂਕੜਾ ਲਗਾਇਆ।
'ਹੱਥ ਮਿਲਾਉਣ' ਦੇ ਵਿਵਾਦ 'ਤੇ ਕੀ ਬੋਲੇ ਗੰਭੀਰ ਅਤੇ ਸਟੋਕਸ?

ਮੈਚ ਤੋਂ ਬਾਅਦ ਜਦੋਂ ਟੀਮ ਇੰਡੀਆ ਦੇ ਕੋਚ ਗੌਤਮ ਗੰਭੀਰ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, "ਜੇਕਰ ਇੱਕ ਬੱਲੇਬਾਜ਼ 90 'ਤੇ ਖੇਡ ਰਿਹਾ ਹੈ ਅਤੇ ਦੂਜਾ 85 'ਤੇ, ਤਾਂ ਕੀ ਉਹ ਸੈਂਕੜੇ ਦਾ ਹੱਕਦਾਰ ਨਹੀਂ ਹੈ? ਜੇਕਰ ਇੰਗਲੈਂਡ ਦਾ ਕੋਈ ਬੱਲੇਬਾਜ਼ ਇਸ ਤਰ੍ਹਾਂ ਖੇਡ ਰਿਹਾ ਹੁੰਦਾ ਅਤੇ ਉਸਨੂੰ ਆਪਣਾ ਪਹਿਲਾ ਟੈਸਟ ਸੈਂਕੜਾ ਬਣਾਉਣ ਦਾ ਮੌਕਾ ਮਿਲਦਾ, ਤਾਂ ਕੀ ਉਸਨੂੰ ਅਜਿਹਾ ਨਾ ਕਰਨ ਦਿੰਦੇ?''
ਦੂਜੇ ਪਾਸੇ, ਬੇਨ ਸਟੋਕਸ ਨੇ ਮੈਚ ਤੋਂ ਬਾਅਦ ਕਿਹਾ ਕਿ ਭਾਰਤੀ ਟੀਮ ਨੇ ਸੈਂਕੜਾ ਪੂਰਾ ਕਰਨ ਲਈ ਖੇਡ ਨੂੰ ਲੰਮਾ ਸਮਾਂ ਖਿੱਚਿਆ, ਜਦਕਿ ਉਹ ਆਪਣੇ ਗੇਂਦਬਾਜ਼ਾਂ ਨੂੰ ਹੋਰ ਗੇਂਦਬਾਜ਼ੀ ਕਰਨ ਤੋਂ ਬਚਾਉਣਾ ਚਾਹੁੰਦੇ ਸਨ। ਉਨ੍ਹਾਂ ਦੇ ਅਨੁਸਾਰ, ਜਦੋਂ ਉਨ੍ਹਾਂ ਨੇ ਹੱਥ ਮਿਲਾਉਣ ਦਾ ਪ੍ਰਸਤਾਵ ਦਿੱਤਾ ਸੀ, ਉਦੋਂ ਵੀ ਮੈਚ ਦਾ ਨਤੀਜਾ ਡਰਾਅ ਹੀ ਰਹਿਣ ਵਾਲਾ ਸੀ।
ਅੰਤਿਮ ਸੈਸ਼ਨ ਵਿੱਚ ਹੋਏ ਇਸ ਵਿਵਾਦ ਤੋਂ ਇਲਾਵਾ, ਪੰਜ ਦਿਨ ਚੱਲੇ ਇਸ ਮੈਚ ਵਿੱਚ ਕਈ ਰਿਕਾਰਡ ਬਣੇ ਅਤੇ ਕੁਝ ਟੁੱਟੇ ਵੀ।
ਜੋ ਰੂਟ ਨੇ ਟੈਸਟ ਕ੍ਰਿਕਟ ਵਿੱਚ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਵੱਡੀ ਛਾਲ ਮਾਰੀ, ਜਦਕਿ ਜਸਪ੍ਰੀਤ ਬੁਮਰਾਹ ਦੇ ਨਾਮ 'ਤੇ ਇੱਕ ਅਣਚਾਹਿਆ ਰਿਕਾਰਡ ਦਰਜ ਹੋ ਗਿਆ।
ਹੁਣ ਦੇਖਦੇ ਹਾਂ ਕਿ ਓਲਡ ਟ੍ਰੈਫੋਰਡ ਟੈਸਟ ਨੇ ਕ੍ਰਿਕਟ ਦੀ ਰਿਕਾਰਡ ਬੁੱਕ 'ਤੇ ਕੀ ਪ੍ਰਭਾਵ ਛੱਡਿਆ...
ਸ਼ੁਭਮਨ ਗਿੱਲ ਨੇ ਕੀਤੀ ਕਈ ਰਿਕਾਰਡਾਂ ਦੀ ਬਰਾਬਰੀ

ਤਸਵੀਰ ਸਰੋਤ, Getty Images
ਸ਼ੁਭਮਨ ਗਿੱਲ ਨੇ ਇਸ ਸੀਰੀਜ਼ ਵਿੱਚ ਆਪਣਾ ਚੌਥਾ ਸੈਂਕੜਾ ਜੜਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਸੁਨੀਲ ਗਾਵਸਕਰ ਅਤੇ ਵਿਰਾਟ ਕੋਹਲੀ ਦੇ ਰਿਕਾਰਡ ਦੀ ਬਰਾਬਰੀ ਕਰ ਲਈ।
ਇੱਕ ਟੈਸਟ ਸੀਰੀਜ਼ ਵਿੱਚ ਸਭ ਤੋਂ ਵੱਧ ਚਾਰ ਸੈਂਕੜੇ ਹੁਣ ਗਿੱਲ, ਗਾਵਸਕਰ ਅਤੇ ਕੋਹਲੀ ਦੇ ਨਾਮ ਸਾਂਝੇ ਤੌਰ 'ਤੇ ਦਰਜ ਹਨ।
ਗਾਵਸਕਰ ਨੇ 1971 ਅਤੇ 1978-79 ਵਿੱਚ ਵੈਸਟਇੰਡੀਜ਼ ਵਿਰੁੱਧ ਚਾਰ-ਚਾਰ ਸੈਂਕੜੇ ਲਗਾਏ ਸਨ, ਜਦਕਿ ਕੋਹਲੀ ਨੇ 2014-15 ਦੇ ਆਸਟ੍ਰੇਲੀਆ ਦੌਰੇ ਦੌਰਾਨ ਇਹ ਕਾਰਨਾਮਾ ਕੀਤਾ ਸੀ।
ਗਿੱਲ ਨੇ ਇਹ ਸਾਰੇ ਚਾਰ ਸੈਂਕੜੇ ਕਪਤਾਨ ਵਜੋਂ ਲਗਾਏ ਹਨ। ਇੱਕ ਕਪਤਾਨ ਵਜੋਂ ਇੱਕ ਸੀਰੀਜ਼ ਵਿੱਚ ਚਾਰ ਸੈਂਕੜੇ ਲਗਾਉਣ ਦਾ ਰਿਕਾਰਡ ਪਹਿਲਾਂ ਡੌਨ ਬ੍ਰੈਡਮੈਨ ਅਤੇ ਸੁਨੀਲ ਗਾਵਸਕਰ ਦੇ ਨਾਮ ਸੀ। ਬ੍ਰੈਡਮੈਨ ਨੇ ਇਹ ਕਾਰਨਾਮਾ 1947-48 ਵਿੱਚ ਅਤੇ ਗਾਵਸਕਰ ਨੇ 1978-79 ਵਿੱਚ ਕੀਤਾ ਸੀ। ਗਿੱਲ ਨੇ ਇਸ ਰਿਕਾਰਡ ਦੀ ਵੀ ਬਰਾਬਰੀ ਕਰ ਲਈ ਹੈ।
ਇੰਨਾ ਹੀ ਨਹੀਂ ਗਿੱਲ, ਬ੍ਰੈਡਮੈਨ (1930) ਤੋਂ ਬਾਅਦ ਇੰਗਲੈਂਡ ਵਿੱਚ ਖੇਡੀ ਗਈ ਟੈਸਟ ਸੀਰੀਜ਼ ਵਿੱਚ ਇੰਗਲੈਂਡ ਵਿਰੁੱਧ ਚਾਰ ਸੈਂਕੜੇ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ।
ਉਨ੍ਹਾਂ ਨੇ ਇਸ ਸੀਰੀਜ਼ ਵਿੱਚ ਹੁਣ ਤੱਕ 722 ਦੌੜਾਂ ਬਣਾਈਆਂ ਹਨ। ਭਾਰਤ ਵੱਲੋਂ ਕਿਸੇ ਇੱਕ ਸੀਰੀਜ਼ ਵਿੱਚ ਸਿਰਫ਼ ਗਾਵਸਕਰ ਨੇ ਹੀ ਉਨ੍ਹਾਂ ਤੋਂ ਵੱਧ ਦੌੜਾਂ ਬਣਾਈਆਂ ਹਨ। ਗਾਵਸਕਰ ਨੇ 1970 ਵਿੱਚ ਵੈਸਟਇੰਡੀਜ਼ ਖ਼ਿਲਾਫ਼ 774 ਦੌੜਾਂ ਅਤੇ 1978-79 ਵਿੱਚ 732 ਦੌੜਾਂ ਬਣਾਈਆਂ ਸਨ।
ਇਹ ਰਿਕਾਰਡ ਵੀ ਬਣੇ

ਤਸਵੀਰ ਸਰੋਤ, Getty Images
ਕੇਐਲ ਰਾਹੁਲ ਨੇ ਬਤੌਰ ਓਪਨਰ ਇਸ ਸੀਰੀਜ਼ ਵਿੱਚ ਹੁਣ ਤੱਕ 511 ਦੌੜਾਂ ਬਣਾ ਲਈਆਂ ਹਨ। ਉਹ ਇੰਗਲੈਂਡ ਵਿੱਚ 500 ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਓਪਨਰ ਬਣੇ ਹਨ। 1979 ਦੇ ਦੌਰੇ 'ਤੇ ਸਿਰਫ਼ ਗਾਵਸਕਰ ਨੇ ਹੀ ਉਨ੍ਹਾਂ ਤੋਂ ਵੱਧ ਦੌੜਾਂ ਬਣਾਈਆਂ ਸਨ। ਉਸ ਵੇਲੇ ਗਾਵਸਕਰ ਨੇ 542 ਦੌੜਾਂ ਬਣਾਈਆਂ ਸਨ।
ਭਾਰਤ ਲਈ ਓਲਡ ਟ੍ਰੈਫੋਰਡ ਟੈਸਟ ਦੀ ਦੂਜੀ ਪਾਰੀ ਵਿੱਚ ਕਪਤਾਨ ਸ਼ੁਭਮਨ ਗਿੱਲ (103 ਦੌੜਾਂ), ਆਲਰਾਊਂਡਰ ਰਵਿੰਦਰ ਜਡੇਜਾ (107 ਦੌੜਾਂ) ਅਤੇ ਵਾਸ਼ਿੰਗਟਨ ਸੁੰਦਰ (101 ਦੌੜਾਂ) ਨੇ ਸੈਂਕੜੇ ਜੜੇ। ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਦੇ ਤਿੰਨ ਬੱਲੇਬਾਜ਼ਾਂ ਨੇ ਟੈਸਟ ਮੈਚ ਦੀ ਦੂਜੀ ਪਾਰੀ ਵਿੱਚ ਸੈਂਕੜੇ ਬਣਾਉਣ ਦਾ ਕਾਰਨਾਮਾ ਕੀਤਾ।
ਇੰਗਲੈਂਡ ਦੀ ਪਹਿਲੀ ਪਾਰੀ ਵਿੱਚ, ਦੁਨੀਆਂ ਦੇ ਨੰਬਰ-1 ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 112 ਦੌੜਾਂ ਦਿੱਤੀਆਂ। ਇਹ ਪਹਿਲਾ ਮੌਕਾ ਹੈ ਜਦੋਂ ਜਸਪ੍ਰੀਤ ਬੁਮਰਾਹ ਨੇ ਟੈਸਟ ਮੈਚਾਂ ਦੀ ਇੱਕ ਪਾਰੀ ਵਿੱਚ 100 ਤੋਂ ਵੱਧ ਦੌੜਾਂ ਦਿੱਤੀਆਂ ਹਨ। ਇਸ ਤੋਂ ਪਹਿਲਾਂ 2024 ਵਿੱਚ ਉਨ੍ਹਾਂ ਨੇ ਆਸਟ੍ਰੇਲੀਆ ਵਿਰੁੱਧ ਮੈਲਬੌਰਨ ਟੈਸਟ ਵਿੱਚ 99 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਸਨ।
ਜੋਅ ਰੂਟ ਨੇ ਤੋੜੇ ਕਈ ਰਿਕਾਰਡ
ਸ਼ੁਰੂਆਤ ਕਰਦੇ ਹਾਂ ਇੰਗਲੈਂਡ ਦੇ ਸਾਬਕਾ ਕਪਤਾਨ ਜੋਅ ਰੂਟ ਤੋਂ, ਜਿਨ੍ਹਾਂ ਨੇ ਇਸ ਟੈਸਟ ਮੈਚ ਵਿੱਚ ਕਈ ਰਿਕਾਰਡ ਬਣਾਏ।
ਆਪਣੀ 150 ਦੌੜਾਂ ਦੀ ਪਾਰੀ ਦੌਰਾਨ ਰੂਟ, ਰਾਹੁਲ ਦ੍ਰਾਵਿੜ (13288 ਦੌੜਾਂ), ਜੈਕ ਕੈਲਿਸ (13289 ਦੌੜਾਂ) ਅਤੇ ਰਿੱਕੀ ਪੋਂਟਿੰਗ (13378 ਦੌੜਾਂ) ਨੂੰ ਪਿੱਛੇ ਛੱਡ ਕੇ ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਿਆਂ ਦੀ ਸੂਚੀ ਵਿੱਚ ਪੰਜਵੇਂ ਸਥਾਨ ਤੋਂ ਵੱਡੀ ਛਾਲ ਮਾਰਦੇ ਹੋਏ ਦੂਜੇ ਸਥਾਨ 'ਤੇ ਪਹੁੰਚ ਗਏ ਹਨ।
ਹੁਣ ਟੈਸਟ ਕ੍ਰਿਕਟ ਵਿੱਚ ਰੂਟ ਦੀਆਂ ਕੁੱਲ 13409 ਦੌੜਾਂ ਹਨ ਅਤੇ ਉਹ ਪਹਿਲੇ ਸਥਾਨ 'ਤੇ ਮੌਜੂਦ ਸਚਿਨ ਤੇਂਦੁਲਕਰ (15921 ਦੌੜਾਂ) ਤੋਂ 2512 ਦੌੜਾਂ ਪਿੱਛੇ ਹਨ।
ਇਹ ਰੂਟ ਦਾ ਟੈਸਟ ਕ੍ਰਿਕਟ ਵਿੱਚ 38ਵਾਂ ਸੈਂਕੜਾ ਹੈ। ਇਸ ਦੇ ਨਾਲ, ਉਹ ਸੈਂਕੜਿਆਂ ਦੇ ਮਾਮਲੇ ਵਿੱਚ ਕੁਮਾਰ ਸੰਗਾਕਾਰਾ ਦੇ ਨਾਲ ਚੌਥੇ ਸਥਾਨ 'ਤੇ ਆ ਗਏ ਹਨ। ਟੈਸਟ ਵਿੱਚ ਉਨ੍ਹਾਂ ਤੋਂ ਜ਼ਿਆਦਾ ਸੈਂਕੜੇ ਰਿੱਕੀ ਪੋਂਟਿੰਗ (41), ਜੈਕ ਕੈਲਿਸ (45) ਅਤੇ ਸਚਿਨ ਤੇਂਦੁਲਕਰ (51) ਦੇ ਨਾਮ ਦਰਜ ਹਨ।
ਇੰਨਾ ਹੀ ਨਹੀਂ, ਇਹ ਰੂਟ ਦਾ ਭਾਰਤ ਵਿਰੁੱਧ 12ਵਾਂ ਸੈਂਕੜਾ ਹੈ, ਜੋ ਕਿ ਟੀਮ ਇੰਡੀਆ ਵਿਰੁੱਧ ਕਿਸੇ ਵੀ ਬੱਲੇਬਾਜ਼ ਦੁਆਰਾ ਸਭ ਤੋਂ ਵੱਧ ਸੈਂਕੜਿਆਂ ਦਾ ਰਿਕਾਰਡ ਹੈ।
ਕਪਤਾਨ ਬੇਨ ਦੇ ਆਲਰਾਊਂਡਰ 'ਸਟ੍ਰੋਕ'

ਤਸਵੀਰ ਸਰੋਤ, Getty Images
ਬੇਨ ਸਟੋਕਸ ਇੰਗਲੈਂਡ ਦੇ ਚੌਥੇ ਆਲਰਾਊਂਡਰ ਬਣ ਗਏ ਹਨ ਜਿਨ੍ਹਾਂ ਨੇ ਕਿਸੇ ਇੱਕ ਟੈਸਟ ਮੈਚ ਵਿੱਚ ਪੰਜ ਵਿਕਟਾਂ ਲੈਣ ਅਤੇ ਸੈਂਕੜਾ ਬਣਾਉਣ ਦਾ ਕਾਰਨਾਮਾ ਕੀਤਾ ਹੈ।
ਓਲਡ ਟ੍ਰੈਫੋਰਡ ਟੈਸਟ ਵਿੱਚ ਸਟੋਕਸ ਨੇ ਭਾਰਤ ਦੀ ਪਹਿਲੀ ਪਾਰੀ ਵਿੱਚ ਪੰਜ ਵਿਕਟਾਂ ਅਤੇ ਦੂਜੀ ਪਾਰੀ ਵਿੱਚ ਇੱਕ ਵਿਕਟ ਲੈ ਕੇ ਕੁੱਲ ਛੇ ਵਿਕਟਾਂ ਲਈਆਂ। ਉਨ੍ਹਾਂ ਨੇ ਬੱਲੇਬਾਜ਼ੀ ਵਿੱਚ 141 ਦੌੜਾਂ ਦੀ ਪਾਰੀ ਖੇਡੀ।
ਉਨ੍ਹਾਂ ਤੋਂ ਪਹਿਲਾਂ ਇੰਗਲੈਂਡ ਦੇ ਟੋਨੀ ਗ੍ਰੇਗ, ਇਆਨ ਬੋਥਮ ਅਤੇ ਗਸ ਐਟਕਿੰਸਨ ਨੇ ਇਹ ਕਾਰਨਾਮਾ ਕੀਤਾ ਹੈ। ਖਾਸ ਗੱਲ ਇਹ ਹੈ ਕਿ ਇਆਨ ਬੋਥਮ ਨੇ ਆਪਣੇ ਕਰੀਅਰ ਵਿੱਚ ਇਹ ਕਾਰਨਾਮਾ ਪੰਜ ਵਾਰ ਕੀਤਾ।
ਇਸ ਸੈਂਕੜੇ ਦੇ ਨਾਲ ਹੀ ਸਟੋਕਸ ਨੇ ਟੈਸਟ ਕ੍ਰਿਕਟ ਵਿੱਚ ਆਪਣੀਆਂ 7000 ਦੌੜਾਂ ਪੂਰੀਆਂ ਕਰ ਲਈਆਂ ਹਨ। ਉਹ ਟੈਸਟ ਕ੍ਰਿਕਟ ਵਿੱਚ 7000 ਦੌੜਾਂ ਅਤੇ 200 ਵਿਕਟਾਂ ਦਾ ਦੋਹਰਾ ਪੂਰਾ ਕਰਨ ਵਾਲੇ ਤੀਜੇ ਆਲਰਾਊਂਡਰ ਬਣੇ। ਉਨ੍ਹਾਂ ਤੋਂ ਪਹਿਲਾਂ, ਇਸ ਸੂਚੀ ਵਿੱਚ ਸਿਰਫ ਜੈਕ ਕੈਲਿਸ ਅਤੇ ਸਰ ਗਾਰਫੀਲਡ ਸੋਬਰਸ ਹੀ ਸ਼ਾਮਲ ਹਨ।
ਬ੍ਰੈਂਡਨ ਮੈਕੁਲਮ ਦੇ ਇੰਗਲੈਂਡ ਟੀਮ ਦੇ ਕੋਚ ਬਣਨ ਤੋਂ ਬਾਅਦ ਹੁਣ ਤੱਕ 40 ਟੈਸਟ ਮੈਚ ਖੇਡੇ ਜਾ ਚੁੱਕੇ ਹਨ। ਇਸ ਦੌਰਾਨ, ਇਹ ਸਿਰਫ਼ ਦੂਜਾ ਮੌਕਾ ਹੈ ਜਦੋਂ ਕੋਈ ਮੈਚ ਡਰਾਅ ਹੋ ਕੇ ਖਤਮ ਹੋਇਆ।
ਇਸ ਤੋਂ ਪਹਿਲਾਂ 2023 ਵਿੱਚ, ਆਸਟ੍ਰੇਲੀਆ ਵਿਰੁੱਧ ਮੀਂਹ ਕਾਰਨ ਪ੍ਰਭਾਵਿਤ ਇੱਕ ਟੈਸਟ ਮੈਚ ਡਰਾਅ ਹੋਇਆ ਸੀ।
ਓਲਡ ਟ੍ਰੈਫੋਰਡ ਵਿੱਚ ਪਹਿਲਾਂ ਗੇਂਦਬਾਜ਼ੀ ਅਤੇ ਜਿੱਤ ਦਾ ਰਿਕਾਰਡ ਨਹੀਂ
ਓਲਡ ਟ੍ਰੈਫੋਰਡ ਦੇ ਅੰਕੜਿਆਂ ਅਨੁਸਾਰ, ਟਾਸ ਜਿੱਤਣ ਵਾਲੀ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰਨ ਵਾਲੀ ਟੀਮ ਇੱਥੇ ਕਦੇ ਵੀ ਜਿੱਤ ਨਹੀਂ ਸਕੀ। ਇਸ ਮੈਚ ਵਿੱਚ ਵੀ ਅਜਿਹਾ ਹੀ ਹੋਇਆ। ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਗਲੈਂਡ ਨੇ ਰਿਕਾਰਡ 669 ਦੌੜਾਂ ਬਣਾਈਆਂ, ਪਰ ਟੀਮ ਜਿੱਤ ਨਹੀਂ ਸਕੀ।
ਇਸ ਮੈਦਾਨ 'ਤੇ ਪਹਿਲਾਂ ਗੇਂਦਬਾਜ਼ੀ ਕਰਨ ਵਾਲੀਆਂ ਟੀਮਾਂ ਨੂੰ ਹੁਣ ਤੱਕ 12 ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਦਕਿ ਇਹ 9ਵਾਂ ਮੈਚ ਸੀ ਜੋ ਡਰਾਅ 'ਤੇ ਖਤਮ ਹੋਇਆ।
ਓਲਡ ਟ੍ਰੈਫੋਰਡ ਵਿੱਚ ਜਿੱਤ ਦੀ ਉਡੀਕ ਭਾਰਤੀ ਟੀਮ ਲਈ ਵੀ ਜਾਰੀ ਹੈ। ਭਾਰਤ ਨੇ ਹੁਣ ਤੱਕ ਇੱਥੇ 10 ਟੈਸਟ ਮੈਚ ਖੇਡੇ ਹਨ। ਇਹ ਵਿਦੇਸ਼ੀ ਮੈਦਾਨ 'ਤੇ ਭਾਰਤ ਦੁਆਰਾ ਖੇਡੇ ਗਏ ਸਭ ਤੋਂ ਵੱਧ ਟੈਸਟ ਮੈਚ ਹਨ, ਪਰ ਟੀਮ ਨੂੰ ਇੱਥੇ ਇੱਕ ਵੀ ਜਿੱਤ ਨਹੀਂ ਮਿਲੀ ਹੈ।
ਲਗਾਤਾਰ 350+ ਸਕੋਰ ਦਾ ਨਵਾਂ ਰਿਕਾਰਡ

ਤਸਵੀਰ ਸਰੋਤ, Getty Images
ਭਾਰਤ ਨੇ ਓਲਡ ਟ੍ਰੈਫੋਰਡ ਟੈਸਟ ਦੀ ਦੂਜੀ ਪਾਰੀ ਵਿੱਚ 425 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਇਸ ਟੈਸਟ ਸੀਰੀਜ਼ ਵਿੱਚ ਕੁੱਲ ਸੱਤ ਵਾਰ 350 ਤੋਂ ਵੱਧ ਦੌੜਾਂ ਬਣਾਈਆਂ।
ਇਹ ਕਿਸੇ ਵੀ ਟੀਮ ਦੁਆਰਾ ਇੱਕ ਟੈਸਟ ਸੀਰੀਜ਼ ਵਿੱਚ ਸਭ ਤੋਂ ਵੱਧ 350+ ਸਕੋਰ ਦਾ ਨਵਾਂ ਰਿਕਾਰਡ ਹੈ।
ਇਸ ਪ੍ਰਾਪਤੀ ਦੇ ਨਾਲ, ਭਾਰਤ ਨੇ ਆਸਟ੍ਰੇਲੀਆ ਦਾ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਆਸਟ੍ਰੇਲੀਆ ਨੇ 1920-21, 1948 ਅਤੇ 1989 ਦੀ ਐਸ਼ੇਜ ਸੀਰੀਜ਼ ਵਿੱਚ ਛੇ ਵਾਰ 350+ ਸਕੋਰ ਬਣਾਏ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












