‘ਕਿੰਗ ਆਫ਼ ਕ੍ਰਿਪਟੋ’ : 30 ਸਾਲਾ ਮੁੰਡੇ ਦੇ ਅਰਬਪਤੀ ਬਣਨ ਤੇ ਹੇਰਾਫ਼ੇਰੀ ਮਾਮਲੇ 'ਚ ਗ੍ਰਿਫ਼ਤਾਰ ਹੋਣ ਦੀ ਕਹਾਣੀ

ਤਸਵੀਰ ਸਰੋਤ, Getty Images
ਸੋਮਵਾਰ, 12 ਦਸੰਬਰ ਨੂੰ ਸਥਾਨਕ ਸਮੇਂ ਮੁਤਾਬਕ ਸ਼ਾਮ ਦੇ ਕਰੀਬ 6 ਵਜੇ ਸੈਮ ਬੈਂਕਮੈਨ-ਫਰਾਈਡ ਨੂੰ ਉਨ੍ਹਾਂ ਦੇ ਨਾਸਾਊ ਵਿਚਲੇ ਰਿਹਾਇਸ਼ੀ ਅਪਾਰਟਮੈਂਟ ਤੋਂ ਗ੍ਰਿਫ਼ਤਾਰ ਕੀਤਾ ਗਿਆ।
‘ਕ੍ਰਿਪਟੋ ਕਿੰਗ’ ਵਜੋਂ ਜਾਣੇ ਜਾਂਦੇ ਇਸ ਸ਼ਖ਼ਸ ਨੇ ਆਪਣੀ ਕੰਪਨੀ ਨੂੰ ਖ਼ਤਮ ਹੁੰਦਿਆਂ ਦੇਖਿਆ, ਚੀਫ਼ ਐਗਜ਼ੀਕਿਊਟਿਵ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਤੇ ਹੁਣ ਅਪਰਾਧਿਕ ਜਾਂਚ ਦਾ ਸਾਹਮਣਾ ਕਰ ਰਿਹਾ ਹੈ।
ਪੰਜ ਸਾਲਾਂ ਵਿੱਚ ਕਾਮਯਾਬੀ ਹਾਸਿਲ ਕਰਨ ਵਾਲੇ ਇਸ ਕਾਰੋਬਾਰੀ ਦੀ ਗ੍ਰਿਫ਼ਤਾਰੀ ਬਾਹਾਮਾਸ ਦੀ ਆਰਥਿਕ ਜੁਰਮਾਂ ਦੀ ਜਾਂਚ ਕਰਨ ਵਾਲੀ ਯੁਨਿਟ ਦੇ ਦੇ ਅਧਿਕਾਰੀਆਂ ਵਲੋਂ ਕੀਤੀ ਗਈ।
ਫਰਾਈਡ ਖ਼ਿਲਾਫ਼ ਇਹ ਕਾਰਵਾਈ ਸਾਊਥਰਨ ਡਿਸਟ੍ਰਿਕਟ ਆਫ਼ ਨਿਊਯਾਰਕ ਵੱਲੋਂ ਲਾਏ ਗਏ ਇਲਜ਼ਾਮਾਂ ਦੇ ਅਧਾਰ ‘ਤੇ ਅਮਰੀਕਾ ਸਰਕਾਰ ਦੇ ਕਹਿਣ ‘ਤੇ ਕੀਤੀ ਗਈ।
ਪਿਛਲੇ ਕੁਝ ਸਾਲ ਵਿੱਚ ਉਨ੍ਹਾਂ ਨੇ ਸੈਂਕੜੇ ਵਾਰ ਪੰਜ ਸਾਲਾਂ ਵਿੱਚ ਕ੍ਰਿਪਟੋਕਰੰਸੀ ਦੇ ਆਪਣੇ ਕਾਰੋਬਾਰ ਵਿੱਚ ਕਾਮਯਾਬੀ ਦੀ ਕਹਾਣੀ ਸਾਂਝੀ ਕੀਤੀ। ਇਹ ਸਭ ਇੰਟਰਨੈੱਟ ’ਤੇ ਅੱਜ ਵੀ ਮੌਜੂਦ ਹਨ।
ਤੇ ਜਦੋਂ ਉਹ ਆਪਣੇ ਇਸ ਕ੍ਰਿਪਟੋਕਰੰਸੀ ਦੀ ਖ਼ਰੀਦੋ ਫਰੋਖ਼ਤ ਦੇ ਕਾਰੋਬਾਰ ਨੂੰ ਖ਼ਤਮ ਹੁੰਦਿਆਂ ਦੇਖ ਰਹੇ ਸਨ ਉਸ ਸਮੇਂ ਵੀ ਉਹ ਘਾਟਿਆਂ ਨਾਲ ਨਜਿੱਠਣ ਲਈ ਇੱਕ ਨਵਾਂ ਕਾਰੋਬਾਰ ਸ਼ੁਰੂ ਕਰਨ ਦੇ ਵਿਚਾਰ ਕਰ ਰਹੇ ਸਨ।
ਫਰਾਈਡ ਦੀ ਚੜ੍ਹਤ ਦੀ ਨਾਟਕੀ ਕਹਾਣੀ ਵੀ ਖ਼ਤਰਿਆਂ ਤੇ ਪ੍ਰਾਪਤੀਆਂ ਨਾਲ ਭਰੀ ਹੋਈ ਹੈ।

ਤਸਵੀਰ ਸਰੋਤ, FTX
ਕੌਣ ਹਨ ਸੈਮ ਬੈਂਕਮੈਨ ਫਰਾਈਡ
ਬੈਂਕਮੈਨ-ਫਰਾਈਡ ਨੇ ਇੱਕ ਨਾਮੀਂ ਅਮਰੀਕੀ ਖੋਜ ਯੁਨੀਵਰਸਿਟੀ, ਐੱਮਆਈਟੀ ਤੋਂ ਭੌਤਿਕ ਵਿਗਿਆਨ ਅਤੇ ਗਣਿਤ ਦੀ ਪੜ੍ਹਾਈ ਕੀਤੀ।
ਫਰਾਈਡ ਦਾ ਕਹਿਣਾ ਹੈ ਕਿ ਇਹ ਸਟੂਡੈਂਟ ਡੋਰਮੈਟਰੀਜ਼(ਵਿਦਿਆਰਥੀਆਂ ਦੇ ਹੋਸਟਲ) ਵਿੱਚ ਸਿੱਖੇ ਸਬਕ ਹੀ ਸਨ, ਜਿਨ੍ਹਾਂ ਨੇ ਉਸ ਨੂੰ ਅਮੀਰ ਹੋਣ ਦਾ ਰਾਹ ਵਿਖਾਇਆ।
ਬੀਬੀਸੀ ਰੇਡੀਓ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ, ਉਨ੍ਹਾਂ ਨੇ ਦੱਸਿਆ ਸੀ ਕਿ ਕਿਵੇਂ ਉਨੀਂ ਦਿਨੀਂ 'ਇਫ਼ੈਕਟਿਵ ਆਲਟਰੂਇਜ਼ਮ’ ਯਾਨੀ ‘ਪ੍ਰਭਾਵਸ਼ਾਲੀ ਪਰਉਪਕਾਰ’ ਮੁਹਿੰਮ ਨੇ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ।
ਇਸ ਮੁਹਿੰਮ ਵਿੱਚ ਸ਼ਾਮਲ ਲੋਕ ਇਹ ਜਾਨਣ ਦੀ ਕੋਸ਼ਿਸ਼ ਕਰਦੇ ਹਨ ਕਿ ਦੁਨੀਆ ’ਤੇ ਸਕਰਾਤਮਕ ਪ੍ਰਭਾਵ ਛੱਡਣ ਲਈ ਉਹ ਕੀ ਕਰ ਸਕਦੇ ਹਨ।

ਤਸਵੀਰ ਸਰੋਤ, Getty Images
ਇੱਕ ਛੋਟੀ ਉਮਰ ਦੇ ਮੁੰਡੇ ਦਾ ਪੈਸੈ ਕਮਾਉਣਾ
ਬੈਂਕਮੈਨ-ਫਰਾਈਡ ਨੇ ਯਾਦ ਕਰਦਿਆਂ ਦੱਸਿਆ ਕਿ ਉਸ ਨੇ ਵੱਧ ਤੋਂ ਵੱਧ ਪੈਸਾ ਕਮਾਉਣ ਲਈ ਬੈਂਕਿੰਗ ਵਿੱਚ ਜਾਣ ਦਾ ਫ਼ੈਸਲਾ ਲਿਆ।
ਉਹ ਕਹਿੰਦੇ ਹਨ ਉਹ ਚੰਗੇ ਸਮਾਜ ਭਲਾਈ ਦੇ ਕੰਮਾਂ ’ਤੇ ਪੈਸਾ ਖ਼ਰਚ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਨਿਊਯਾਰਕ ਦੀ ਇੱਕ ਟਰੇਡਿੰਗ ਫ਼ਰਮ ਜੇਨ ਸਟ੍ਰੀਟ ਤੋਂ ਸਟਾਕ ਟਰੇਡਿੰਗ ਦਾ ਕੰਮ ਸਿੱਖਿਆ।
ਫ਼ਿਰ ਉੱਥੋਂ ਉਨ੍ਹਾਂ ਦਾ ਮਨ ਉਚਾਟ ਹੋ ਗਿਆ ਅਤੇ ਉਨ੍ਹਾਂ ਬਿਟਕੁਆਇਨ ਦੇ ਖੇਤਰ ਵਿੱਚ ਤਜ਼ਰਬੇ ਕਰਨ ਦਾ ਫ਼ੈਸਲਾ ਲਿਆ।
ਉਸ ਨੇ ਵੱਖੋ-ਵੱਖਰੇ ਕ੍ਰਿਪਟੋਕਰੰਸੀ ਵਟਾਂਦਰੇ ਵਿੱਚ ਬਿਟਕੁਆਇਨ ਦੀਆਂ ਕੀਮਤਾਂ ਵਿੱਚ ਫ਼ਰਕ ਸਮਝਿਆ ਤੇ ਇਸ ਦੇ ਖ਼ਰੀਦਾਰਾਂ ਲਈ ਵਿਚੋਲਗੀ ਕਰਨੀ ਸ਼ੁਰੂ ਕਰ ਦਿੱਤੀ।
ਫਰਾਈਡ ਘੱਟ ਕੀਮਤ ਵਿੱਚ ਕ੍ਰਿਪਟੋਕਰੰਸੀ ਖ਼ਰੀਦਦੇ ਤੇ ਵੱਧ ਕੀਮਤ ’ਤੇ ਵੇਚ ਦਿੰਦੇ।

ਤਸਵੀਰ ਸਰੋਤ, Getty Images
ਮੁਨਾਫ਼ਾ ਕਮਾਉਣ ਦਾ ਸਫ਼ਰ
ਜਦੋਂ ਫ਼ਰਾਈਡ ਨੇ ਕ੍ਰਿਪਟੋਕਰੰਸੀ ਦੀ ਖ਼ਰੀਦ ਫ਼ਰੋਖਤ ਤੋਂ ਪੈਸੇ ਕਮਾਉਣੇ ਸ਼ੁਰੂ ਕਰ ਦਿੱਤੇ ਉਨ੍ਹਾਂ ਨੂੰ ਇਸ ਵਿੱਚ ਹੋਣ ਵਾਲੇ ਮੁਨਾਫ਼ੇ ਦਾ ਅੰਦਾਜਾ ਵੀ ਲੱਗਣ ਲੱਗਿਆ।
ਕੁਝ ਮੁਨਾਫ਼ਾ ਕਮਾਉਣ ਤੋਂ ਇੱਕ ਮਹੀਨਾ ਬਾਅਦ, ਉਨ੍ਹਾਂ ਆਪਣੇ ਕਾਲਜ ਦੇ ਦੋਸਤਾਂ ਨਾਲ ਮਿਲ ਕੇ ਕੇ ‘ਅਲਾਮੇਡਾ ਰਿਸਰਚ’ ਨਾਮੀਂ ਟਰੇਡਿੰਗ ਕਾਰੋਬਾਰ ਸ਼ੁਰੂ ਕਰ ਲਿਆ।
ਬੈਂਕਮੈਨ ਕਹਿੰਦੇ ਹਨ ਕਿ ਇਹ ਸੌਖਾ ਨਹੀਂ ਸੀ ਅਤੇ ਤਕਨੀਕ ’ਤੇ ਮੁਹਾਰਤ ਹਾਸਲ ਕਰਨ ਵਿੱਚ ਕਈ ਮਹੀਨੇ ਲੱਗ ਗਏ।
ਇਹ ਸਮਝਣ ਨੂੰ ਵੀ ਸਮਾਂ ਲੱਗਿਆ ਕਿ ਕਿਵੇਂ ਸਰਹੱਦਾਂ ਦੇ ਆਰ-ਪਾਰ ਅਤੇ ਬੈਂਕਾਂ ਨਾਲ ਪੈਸੇ ਦਾ ਅਦਾਨ-ਪ੍ਰਦਾਨ ਕਰਨਾ ਹੈ। ਪਰ ਕਰੀਬ ਤਿੰਨ ਮਹੀਨੇ ਬਾਅਦ, ਉਸ ਦੀ ਟੀਮ ਹੱਥ ਜੈਕਪਾਟ ਲੱਗ ਗਿਆ।

‘ਕਿੰਗ ਆਫ਼ ਕ੍ਰਿਪਟੋ’ ਸੈਨ ਬੈਂਕਮੈਨ
- ਬੈਂਕਮੈਨ-ਫਰਾਈਡ ਨੇ ਇੱਕ ਅਮਰੀਕੀ ਖੋਜ ਯੁਨੀਵਰਸਿਟੀ, ਐੱਮਆਈਟੀ ਤੋਂ ਭੌਤਿਕ ਵਿਗਿਆਨ ਅਤੇ ਗਣਿਤ ਦੀ ਪੜ੍ਹਾਈ ਕੀਤੀ।
- ਬੈਂਕਮੈਨ-ਫਰਾਈਡ ਨੇ ਵੱਧ ਪੈਸੇ ਕਮਾਉਣ ਲਈ ਬੈਂਕਿੰਗ ਵਿੱਚ ਜਾਣ ਦਾ ਫ਼ੈਸਲਾ ਲਿਆ।
- ਬੈਂਕਿੰਗ ਤੋਂ ਬਾਅਦ ਬਿਟਕੁਆਇਨ ਦੇ ਖੇਤਰ ਵਿੱਚ ਤਜ਼ਰਬਾ ਕੀਤਾ
- ਫਰਾਈਡ ਘੱਟ ਕੀਮਤ ਵਿੱਚ ਕ੍ਰਿਪਟੋਕਰੰਸੀ ਖ਼ਰੀਦਦੇ ਤੇ ਵੱਧ ਕੀਮਤ ’ਤੇ ਵੇਚ ਦਿੰਦੇ ਆਪਣੇ ਕਾਲਜ ਦੇ ਦੋਸਤਾਂ ਨਾਲ ਮਿਲ ਕੇ ‘ਅਲਾਮੇਡਾ ਰਿਸਰਚ’ ਨਾਮੀਂ ਟਰੇਡਿੰਗ ਕਾਰੋਬਾਰ ਸ਼ੁਰੂ ਕੀਤਾ
- 2022 ਦੇ ਸ਼ੁਰੂ ਵਿੱਚ, ਐੱਫ਼ਟੀਐਕਸ ਦਾ ਕਾਰੋਬਾਰ ਕਰੀਬ 3200 ਕਰੋੜ ਡਾਲਰ ਸੀ।
- ਪੰਜ ਸਾਲਾਂ ਵਿੱਚ ਕਾਮਯਾਬੀ ਹਾਸਿਲ ਕਰਨ ਵਾਲੇ ਇਸ ਕਾਰੋਬਾਰੀ ਦੀ ਗ੍ਰਿਫ਼ਤਾਰੀ ਬਾਹਾਮਾਸ ਦੀ ਆਰਥਿਕ ਜੁਰਮਾਂ ਦੀ ਜਾਂਚ ਕਰਨ ਵਾਲੀ ਯੁਨਿਟ ਦੇ ਦੇ ਅਧਿਕਾਰੀਆਂ ਵਲੋਂ ਕੀਤੀ ਗਈ।

ਫਰਾਈਡ ਨੇ ਸਾਲ ਪਹਿਲਾਂ ਜੈਕਸ ਜੋਨਜ਼ ਅਤੇ ਮਾਰਟਿਨ ਵਾਰਨਰ ਸ਼ੋਅ ਵਿੱਚ ਕਿਹਾ, “ਅਸੀਂ ਪੂਰੇ ਦ੍ਰਿੜ੍ਹ ਸੀ। ਅਸੀਂ ਬਸ ਅੱਗੇ ਵਧਦੇ ਗਏ। ਜੇ ਰਾਹ ਵਿੱਚ ਕੋਈ ਰੋੜਾ ਆਉਂਦਾ ਤਾਂ ਅਸੀਂ ਹੋਰ ਰਚਨਾਤਮਕ ਹੋ ਜਾਂਦੇ।”
“ਜੇ ਸਾਡਾ ਸਿਸਟਮ ਕਿਸੇ ਅੜਿੱਕੇ ਨੂੰ ਨਜਿੱਠਣ ਵਿੱਚ ਅਸਮਰਥ ਹੁੰਦਾ ਤਾਂ ਅਸੀਂ ਨਵਾਂ ਸਿਸਟਮ ਤਿਆਰ ਕਰਦੇ।”
ਜਨਵਰੀ 2018 ਤੱਕ ਉਨ੍ਹਾਂ ਦੀ ਟੀਮ 10 ਲੱਖ ਡਾਲਰ ਪ੍ਰਤੀ ਦਿਨ ਕਮਾ ਰਹੀ ਸੀ।


ਸੀਐੱਨਬੀਸੀ ਦੇ ਇੱਕ ਰਿਪੋਰਟਰ ਨੇ ਹਾਲ ਹੀ ਵਿੱਚ ਉਨ੍ਹਾਂ ਨੂੰ ਪੁੱਛਿਆ ਸੀ ਕਿ ਉਹ ਕਿਵੇਂ ਮਹਿਸੂਸ ਕਰਦੇ ਹਨ।
ਹੁਸ਼ਿਆਰੀ ਨਾਲ ਅਤੇ ਆਪਣੇ ਤਰੀਕੇ ਨਾਲ ਉਨ੍ਹਾਂ ਨੇ ਕਿਹਾ, “ਇਹ ਬਿਲਕੁਲ ਅਰਥਪੂਰਨ ਸੀ। ਪਰ ਅੰਦਰੋਂ-ਅੰਦਰੀ ਹਰ ਰੋਜ਼ ਮੈਨੂੰ ਹੈਰਾਨ ਕਰਦਾ ਸੀ।”
ਸੈਮ ਬੈਂਕਮੈਨ-ਫਰਾਈਡ ਆਪਣੇ ਸੈਕੰਡਰੀ ਅਤੇ ਜ਼ਿਆਦਾ ਮੁਨਾਫ਼ੇ ਵਾਲੇ ਕਾਰੋਬਾਰ ਐੱਫ਼ਟੀਐਕਸ (ਕ੍ਰਿਪਟੋਕਰੰਸੀ ਕਾਰੋਬਾਰ ਵਾਲੀ ਕੰਪਨੀ) ਸਹਾਰੇ, ਸਾਲ 2021 ਵਿੱਚ ਅਰਬਪਤੀ ਬਣ ਗਏ।
2022 ਦੇ ਸ਼ੁਰੂ ਵਿੱਚ, ਐੱਫ਼ਟੀਐਕਸ ਦਾ ਕਾਰੋਬਾਰ 3200 ਕਰੋੜ ਡਾਲਰ ਦਾ ਸੀ। ਇਸ ਦੀ ਨਾਮੀ ਹਸਤੀਆਂ ਵਲੋਂ ਇਸ਼ਤਿਹਾਰਬਾਜ਼ੀ ਕੀਤੀ ਗਈ ਜਿਸ ਕਰਕੇ ਇਹ ਘਰ ਘਰ ਜਾਣਿਆ ਜਾਣ ਵਾਲਾ ਨਾਮ ਬਣ ਗਿਆ।

ਤਸਵੀਰ ਸਰੋਤ, Getty Images
ਜ਼ਿੰਦਗੀ ਨੂੰ ਖੁੱਲ੍ਹੀ ਕਿਤਾਬ ਬਣਾਉਣ ਦੀ ਕੋਸ਼ਿਸ਼
ਬੈਂਕਮੈਨ-ਫਰਾਈਡ ਅਕਸਰ ਟਵਿੱਟਰ ਹੈਂਡਲ ਜ਼ਰੀਏ ਆਪਣੀ ਜੀਵਨ ਸ਼ੈਲੀ ਦੀ ਝਲਕ ਦੁਨੀਆਂ ਨਾਲ ਸਾਂਝੀ ਕਰਦੇ ਰਹਿੰਦੇ ਹਨ।
ਕੰਪਿਊਟਰ ਡੈਸਕਾਂ ਨੇੜੇ ਪਏ ਬੀਨਬੈਗਜ਼ ਉੱਤੇ ਸੁੱਤਿਆਂ ਦੀ ਆਪਣੀ ਇੱਕ ਫੋਟੋ ਪੋਸਟ ਕਰਕੇ ਉਨ੍ਹਾਂ ਨੇ ਦੱਸਿਆ ਸੀ ਕਿ ਉਹ ਜ਼ਿਆਦਾਤਰ ਆਪਣੇ ‘ਬੀਨਬੈਗ’ ਉੱਤੇ ਸੌਦੇ ਹਨ।
ਬੈਂਕਮੈਨ-ਫਰਾਈਡ ਦਾ ਵੱਡੇ ਪੱਧਰ ’ਤੇ ਦਾਨ ਕਰਕੇ ਲੋਕਾਂ ਦੀ ਮਦਦ ਕਰਨ ਦਾ ਸੁਫ਼ਨਾ ਵੀ ਹੈ।

ਤਸਵੀਰ ਸਰੋਤ, Twitter
ਪਿਛਲੇ ਮਹੀਨੇ ਬੀਬੀਸੀ ਰੇਡੀਓ ਇੰਟਰਵਿਊ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਹੁਣ ਤੱਕ ‘ਕਰੀਬ 10 ਕਰੋੜ’ ਡਾਲਰ ਵੱਖ ਵੱਖ ਕੰਮਾਂ ਲਈ ਦਾਨ ਕੀਤੇ ਹਨ।
ਅਤੇ ਉਨ੍ਹਾਂ ਦੀ ਦਿਆਲਤਾ ਸਿਰਫ਼ ਦਾਨ ਤੱਕ ਹੀ ਨਹੀਂ। ਪਿਛਲੇ ਛੇ ਮਹੀਨਿਆਂ ਵਿੱਚ, ‘ਕਿੰਗ ਆਫ਼ ਕ੍ਰਿਪਟੋ’ ਨੂੰ ਇੱਕ ਹੋਰ ਨਾਮ ’ਕ੍ਰਿਪਟੋਜ਼ ਵਾਈਟ ਨਾਈਟ ’ ਦਿੱਤਾ ਗਿਆ।
2022 ਵਿੱਚ ਕ੍ਰਿਪਟੋਕ੍ਰੰਸੀ ਦੀਆਂ ਕੀਮਤਾਂ ਡਿਗਣ ਦੇ ਨਾਲ, ‘ਕ੍ਰਿਪਟੋ-ਵਿੰਟਰ’ ਪੂਰੇ ਜ਼ੋਰਾਂ ’ਤੇ ਹੈ। ਜਦੋਂ ਇੰਡਸਟਰੀ ਦੀਆਂ ਹੋਰ ਕੰਪਨੀਆਂ ਦਾ ਕੰਮ ਨਹੀਂ ਚੱਲ ਰਿਹਾ ਸੀ, ਬੈਂਕਮੈਨ-ਫਰਾਈਡ ਹੋਰ ਕੰਪਨੀਆਂ ਨੂੰ ਦੀਵਾਲੀਆ ਹੋਣੋਂ ਬਚਾਉਣ ਲਈ ਸੈਂਕੜੇ ਮਿਲੀਅਨ ਡਾਲਰ ਦੇ ਰਹੇ ਸੀ।
ਉਨ੍ਹਾਂ ਨੂੰ ਪੁੱਛਿਆ ਗਿਆ ਕਿ ਫ਼ੇਲ੍ਹ ਹੋ ਰਹੀਆਂ ਕ੍ਰਿਪਟੋ ਕੰਪਨੀਆਂ ਨੂੰ ਅੱਗੇ ਕਿਉਂ ਵਧਾਉਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੇ ਸੀਐੱਨਬੀਸੀ ਨੂੰ ਦੱਸਿਆ, “ਇਨ੍ਹਾਂ ਸਮੱਸਿਆਵਾਂ ਦੇ ਚਲਦਿਆਂ ਲੰਬੇ ਸਮੇਂ ਤੱਕ ਸਭ ਠੀਕ ਨਹੀਂ ਰਹਿ ਸਕੇਗਾ ਤੇ ਇਹ ਸਾਡੇ ਗਾਹਕਾਂ ਲਈ ਵੀ ਸਹੀ ਨਹੀਂ ਹੋਏਗਾ।

ਤਸਵੀਰ ਸਰੋਤ, Getty Images
ਅਰਸ਼ ਤੋਂ ਫ਼ਰਸ਼ 'ਤੇ ਡਿੱਗਣਾ
ਪਰ ਇਸ ਤੋਂ ਬਾਅਦ ਜਲਦੀ ਹੀ, ਇਹ ਨੌਬਤ ਆ ਗਈ ਕਿ ਉਹ ਆਪਣੀ ਕੰਪਨੀ ਅਤੇ ਗਾਹਕਾਂ ਨੂੰ ਬਚਾਉਣ ਲਈ ਪੈਸੇ ਜੋੜਨ ਲਈ ਪੁਰਜ਼ੋਰ ਮਹਿਨਤ ਕਰਦੇ ਨਜ਼ਰ ਆਏ।
ਐੱਫ਼ਟੀਐਕਸ ਦੀ ਅਸਲ ਵਿੱਤੀ ਸਥਿਰਤਾ ਬਾਰੇ ਸਵਾਲ ਉਦੋਂ ਉੱਠਣ ਲੱਗੇ ਜਦੋਂ ‘ਕੁਆਇਨਡੈਸਕ ਵੈਬਸਾਈਟ’ ’ਤੇ ਇੱਕ ਆਰਟੀਕਲ ਛਪਿਆ।
ਇਸ ਵਿੱਚ ਕਿਹਾ ਗਿਆ ਕਿ ਬੈਂਕਮੈਨ-ਫਰਾਈਡ ਦੀ ਟਰੇਡਿੰਗ ਕੰਪਨੀ ਅਲਾਮੇਡਾ ਰਿਸਰਚ, ਐੱਫ਼ਟੀਐਕਸ ਵੱਲੋਂ ਖੋਜੇ ਕੁਆਇਨ ’ਤੇ ਖੜ੍ਹੀ ਹੈ ਅਤੇ ਇੱਕ ਸੁਤੰਤਰ ਜਾਇਦਾਦ ਨਹੀਂ ਹੈ।
ਵਾਲ ਸਟਰੀਟ ਜਰਨਲ ਵਿੱਚ ਵੀ ਕਿਹਾ ਗਿਆ ਕਿ ਅਲਾਮੇਡਾ ਰਿਸਰਚ ਨੇ ਐੱਫ਼ਟੀਐਕਸ ਦੇ ਗਾਹਕਾਂ ਦੇ ਡਿਪੋਜ਼ਿਟ ਟਰੇਡਿੰਗ ਲਈ ਲੋਨ ਵਜੋਂ ਵਰਤੇ।
ਉਨ੍ਹਾਂ ਦੇ ਪਤਨ ਦੇ ਸ਼ੁਰੂਆਤੀ ਦਿਨਾਂ ਵਿੱਚ ਜਦੋਂ ਐੱਫ਼ਟੀਐਕਸ ਦੇ ਮੁੱਖ ਮੁਕਾਬਲੇ ਵਾਲੀ ਕੰਪਨੀ ਬਿਨਾਂਸੇ ਨੇ ਐੱਫ਼ਟੀਐਕਸ ਨਾਲ ਜੁੜੇ ਸਾਰੇ ਕ੍ਰਿਪਟੋ ਟੋਕਨ ਕੁਝ ਦਿਨ ਬਾਅਦ ਵੇਚ ਦਿੱਤੇ।
ਬਿਨਾਂਸੇ ਦੇ ਚੀਫ਼ ਐਗਜ਼ਿਕਿਉਟਿਵ ਸ਼ੈਨਪੇਂਗ ਜ਼ਹਾਓ ਨੇ ਆਪਣੇ ਸਾਢੇ ਸੱਤ ਮਿਲੀਅਨ ਫੌਲੋਅਰਜ਼ ਨੂੰ ਦੱਸਿਆ ਕਿ ਤਾਜ਼ਾ ਖੁਲਾਸਿਆਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਵਿਕਰੀ ਕੀਤੀ ਜਾ ਰਹੀ ਹੈ।
ਇਸ ਨਾਲ ਘਬਰਾਏ ਗਾਹਕਾਂ ਨੇ ਕਈ ਬਿਲੀਅਨ ਡਾਲਰ ਕ੍ਰਿਪਟੋਕਰੰਸੀ ਐਕਸਚੇਂਜ ਵਿੱਚੋਂ ਕੱਢਵਾ ਲਏ।
ਰਾਸ਼ੀ ਕਢਵਾਉਣ ਦੀ ਪ੍ਰਤੀਕਿਰਿਆ ਰੋਕੀ ਗਈ ਅਤੇ ਬੈਂਕਮੈਨ ਨੇ ਦੀਵਾਲੀਆ ਹੋਣ ਤੋਂ ਬਚਣ ਲਈ ਪੈਸੇ ਲੈਣ ਦੀ ਕੋਸ਼ਿਸ਼ ਕੀਤੀ।
ਬਿਨਾਂਸੇ ਨੇ ਇੱਕ ਵਾਰ ਕੰਪਨੀ ਖ਼ਰੀਦਣ ਦਾ ਵੀ ਸੋਚਿਆ ਪਰ ਉਨ੍ਹਾਂ ਕਿਹਾ ਕਿ ‘ਗਾਹਕਾਂ ਦੇ ਫੰਡ ਦੀ ਦੁਰਵਰਤੋਂ ਅਤੇ ਅਮਰੀਕੀ ਏਜੰਸੀ ਦੀ ਕਥਿਤ ਜਾਂਚ’ ਦੀਆਂ ਖਬਰਾਂ ਕਰਕੇ ਉਨ੍ਹਾਂ ਇਹ ਫ਼ੈਸਲਾ ਬਦਲ ਲਿਆ।

ਤਸਵੀਰ ਸਰੋਤ, Getty Images
ਕੰਪਨੀ ਨੂੰ ਦੀਵਾਲੀਆ ਕਰਾਰ ਦੇਣਾ
ਇੱਕ ਦਿਨ ਬਾਅਦ, ਐੱਫ਼ਟੀਐਕਸ ਨੂੰ ਦੀਵਾਲੀਆ ਕਰਾਰ ਦਿੱਤਾ ਗਿਆ।
ਬੈਂਕਮੈਨ-ਫਰਾਈਡ ਨੇ ਕਈ ਟਵੀਟ ਕੀਤੇ, “ਮੈਨੂੰ ਬਹੁਤ ਅਫ਼ਸੋਸ ਹੈ, ਕਿ ਅਸੀਂ ਇੱਥੇ ਆ ਪਹੁੰਚੇ।”
“ਉਮੀਦ ਕਰਦੇ ਹਾਂ ਕਿ ਵਾਪਸੀ ਦਾ ਕੋਈ ਰਾਹ ਲੱਭੇ। ਉਮੀਦ ਹੈ ਕਿ ਇਸ ਨਾਲ ਕੁਝ ਪਾਰਦਾਰਸ਼ਤਾ, ਭਰੋਸਾ ਅਤੇ ਸ਼ਾਸਨ ਮਿਲੇ।”
ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਸਭ ਕੁਝ ਜੋ ਹੋਇਆ ਉਹ ਉਸ ’ਤੇ ਹੈਰਾਨ ਹਨ ਪਰ ਫ਼ਿਰ ਵੀ ਉਹ ਸਕਰਾਤਮਕ ਹਨ।
ਗ੍ਰਿਫ਼ਤਾਰੀ ਤੋਂ ਕੁਝ ਦਿਨ ਪਹਿਲਾਂ ਬੈਂਕਮੈਨ ਨੇ ਦੱਸਿਆ ਸੀ ਕਿ ਉਨਾਂ ਨੂੰ ਐੱਫ਼ਟੀਐਕਸ ਦੇ ਪੀੜਤ ਗਾਹਕਾਂ ਦਾ ਪੈਸਾ ਮੋੜਨ ਲਈ ਇੱਕ ਨਵਾਂ ਕਾਰੋਬਾਰ ਸ਼ੁਰੂ ਕਰਨ ਦੀ ਆਸ ਹੈ।
ਜਦੋਂ ਪੁੱਛਿਆ ਗਿਆ ਕਿ ਕੀ ਉਹ ਗ੍ਰਿਫ਼ਤਾਰੀ ਦੀ ਸੰਭਾਵਨਾ ਲਈ ਤਿਆਰ ਹੈ ਤਾਂ ਉਨ੍ਹਾਂ ਨੇ ਕਿਹਾ, “ਰਾਤ ਵੇਲੇ ਮੈਂ ਇਸ ਬਾਰੇ ਸੋਚਦਾ ਹਾਂ ਪਰ ਜਦੋਂ ਦਿਨੇ ਉਠਦਾ ਹਾਂ ਤਾਂ ਕੋਸ਼ਿਸ਼ ਕਰਦਾਂ ਹਾਂ ਕਿ ਕੁਝ ਚੰਗਾ ਕਰਾਂ ਤਾਂ ਜੋ ਉਨ੍ਹਾਂ ਗੱਲਾਂ ਨੂੰ ਅਣਗੌਲ੍ਹਿਆ ਕਰ ਸਕਾਂ ਜੋ ਮੇਰੇ ਕਾਬੂ ਵਿੱਚ ਨਹੀਂ ਹਨ।”












