ਤਰਨ ਤਾਰਨ ਜ਼ਿਮਨੀ ਚੋਣ ਲਈ 60.95 ਫੀਸਦ ਹੋਈ ਵੋਟਿੰਗ, 14 ਨਵੰਬਰ ਨੂੰ ਆਉਣਗੇ ਨਤੀਜੇ, ਜਾਣੋ ਕੌਣ-ਕੌਣ ਮੈਦਾਨ ਵਿੱਚ ਹੈ

ਤਰਨ ਤਾਰਨ ਜ਼ਿਮਨੀ ਚੋਣ ਲਈ ਮੰਗਲਵਾਰ ਨੂੰ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਜੋ ਸ਼ਾਮ 6 ਵਜੇ ਤੱਕ ਜਾਰੀ ਰਹੀ, ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਤਰਨ ਤਾਰਨ ਵਿੱਚ 60.95 % ਵੋਟਿੰਗ ਹੋਈ ਹੈ। ਇਸ ਜ਼ਿਮਨੀ ਚੋਣ ਲਈ 15 ਉਮੀਦਵਾਰ ਮੈਦਾਨ ਵਿੱਚ ਹਨ ਅਤੇ ਵੋਟਾਂ ਦੀ ਗਿਣਤੀ ਦਾ ਕੰਮ 14 ਨਵੰਬਰ ਨੂੰ ਹੋਵੇਗਾ।

ਤਰਨ ਤਾਰਨ ਦੇ ਨਾਲ 7 ਹੋਰ ਸੂਬਿਆਂ ਅਤੇ ਇੱਕ ਕੇਂਦਰ ਸ਼ਾਸ਼ਿਤ ਪ੍ਰਦੇਸ਼ ਵਿੱਚ ਵੀ ਜ਼ਿਮਨੀ ਚੋਣਾਂ ਹੋਈਆਂ ਹਨ। ਜੰਮੂ-ਕਸ਼ਮੀਰ ਦੀਆਂ ਦੋ ਸੀਟਾਂ ਬੁਧਗ਼ਾਮ ਅਤੇ ਨਗਰੋਟਾ, ਰਾਜਸਥਾਨ ਦੀ ਅੰਤਾ ਸੀਟ, ਝਾਰਖੰਡ ਦੇ ਘਤਸਿਲਾ ਵਿੱਚ, ਤੇਲੰਗਾਨਾ ਦੇ ਜੁਬਲੀ ਹਿਲਜ਼ ਵਿੱਚ, ਮਿਜ਼ੋਰਮ ਦੇ ਦੰਪਾ ਵਿੱਚ ਅਤੇ ਓਡੀਸ਼ਾ ਦੇ ਨੌਪਾੜਾ ਵਿੱਚ ਵੀ ਵੋਟਾਂ ਪਈਆਂ।

ਜ਼ਿਕਰਯੋਗ ਹੈ ਕਿ ਤਰਨ ਤਾਰਨ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਨਾਸਾਜ਼ ਸਿਹਤ ਕਾਰਨ ਦੇਹਾਂਤ ਹੋ ਜਾਣ ਤੋਂ ਬਾਅਦ ਖਾਲੀ ਹੋਈ ਸੀ।

ਉਨ੍ਹਾਂ 2022 ਦੀ ਚੋਣ ਵਿੱਚ ਅਕਾਲੀ ਦਲ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਅਤੇ ਕਾਂਗਰਸ ਪਾਰਟੀ ਦੇ ਡਾਕਟਰ ਧਰਮਵੀਰ ਅਗਨੀਹੋਤਰੀ ਨੂੰ ਹਰਾਇਆ ਸੀ।

ਤਰਨ ਤਾਰਨ ਸੀਟ ਲਈ ਸੂਬੇ ਦੀਆਂ ਪ੍ਰਮੁੱਖ ਚਾਰ ਪਾਰਟੀਆਂ ਵੱਲੋਂ ਜਿਨ੍ਹਾਂ ਉਮੀਦਵਾਰਾਂ ਉੱਤੇ ਆਸ ਲਾਈ ਜਾ ਰਹੀ ਹੈ ਉਨ੍ਹਾਂ ਬਾਰੇ ਇਸ ਰਿਪੋਰਟ ਵਿੱਚ ਜਾਣਦੇ ਹਾਂ।

ਆਮ ਆਦਮੀ ਪਾਰਟੀ - ਹਰਮੀਤ ਸਿੰਘ ਸੰਧੂ

ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਆਸ ਹਰਮੀਤ ਸਿੰਘ ਸੰਧੂ ਉੱਤੇ ਹੈ। ਸਿਆਸਤ ਵਿੱਚ ਲੰਬੀ ਪਾਰੀ ਖੇਡ ਚੁੱਕੇ ਹਰਮੀਤ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ।

ਸੰਧੂ ਨੇ 2022 ਦੀ ਵਿਧਾਨ ਸਭਾ ਚੋਣ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਤਰਨ ਤਾਰਨ ਹਲਕੇ ਤੋਂ ਲੜੀ ਸੀ ਪਰ ਉਹ ‘ਆਪ’ ਉਮੀਦਵਾਰ ਡਾਕਟਰ ਕਸ਼ਮੀਰ ਸਿੰਘ ਸੋਹਲ ਤੋਂ ਹਾਰ ਗਏ ਸਨ।

ਸਿਆਸੀ ਸਫ਼ਰ:

ਹਰਮੀਤ ਸਿੰਘ ਸੰਧੂ ਦਾ ਸਿਆਸੀ ਸਫ਼ਰ ਉਨ੍ਹਾਂ ਦੇ ਜੱਦੀ ਇਲਾਕੇ ਤਰਨ ਤਾਰਨ ਤੋਂ ਹੀ ਸ਼ੁਰੂ ਹੋਇਆ ਸੀ।

ਉਹ ਤਰਨ ਤਾਰਨ ਹਲਕੇ ਤੋਂ ਤਿੰਨ ਵਾਰ ਵਿਧਾਇਕ ਚੁਣੇ ਗਏ। 2002 ਵਿੱਚ ਸੰਧੂ ਨੇ ਆਜ਼ਾਦ ਉਮੀਦਵਾਰ ਵੱਜੋਂ ਜਿੱਤ ਦਰਜ ਕਰਵਾਈ ਸੀ ਅਤੇ ਫ਼ਿਰ 2007 ਅਤੇ 2012 ਵਿੱਚ ਲਗਾਤਾਰ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜੇ ਅਤੇ ਜਿੱਤੇ।

ਸੰਧੂ ਨੇ 2017 ਅਤੇ 2022 ਦੀ ਵਿਧਾਨ ਸਭਾ ਚੋਣ ਵੀ ਤਰਨ ਤਾਰਨ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਵਜੋਂ ਲੜੀ ਸੀ ਪਰ ਉਹ ਜਿੱਤ ਨਹੀਂ ਸਨ ਸਕੇ।

ਗਰੈਜੁਏਸ਼ਨ ਤੱਕ ਸਿੱਖਿਆਯਾਫ਼ਤਾ ਹਰਮੀਤ ਸਿੰਘ ਸੰਧੂ ਸਿਆਸਤਦਾਨ ਹੋਣ ਦੇ ਨਾਲ-ਨਾਲ ਖੇਤੀ ਕਰਦੇ ਹਨ।

ਜਾਇਦਾਦ:

ਉਨ੍ਹਾਂ ਦੀ ਜਾਇਦਾਦ ਦੀ ਗੱਲ ਕਰੀਏ ਤਾਂ ਚੋਣ ਕਮਿਸ਼ਨ ਨੂੰ ਦਿੱਤੇ ਵੇਰਵਿਆਂ ਮੁਤਾਬਕ ਉਨ੍ਹਾਂ ਦੀ ਕੁੱਲ ਚੱਲ ਅਤੇ ਅਚੱਲ ਜਾਇਦਾਦ 4 ਕਰੋੜ ਤੋਂ ਉੱਪਰ ਹੈ ਜਿਸ ਵਿੱਚ ਕਰੀਬ ਦੋ ਕਰੋੜ ਦੀ ਕੀਮਤ ਦੀ ਵਾਹੀਯੋਗ ਜ਼ਮੀਨ ਹੈ।

ਸੰਧੂ 4.20 ਕਰੋੜ ਰੁਪਏ ਦੇ ਕਰੀਬ ਮੁੱਲ ਦੀਆਂ ਰਿਹਾਇਸ਼ੀ ਇਮਰਾਤਾਂ ਦੇ ਮਾਲਕ ਹਨ। ਇਸ ਵਿੱਚ ਤਰਨ ਤਾਰਨ ਦੇ ਰਕਬਾ ਕੱਕਾ ਕੰਧਾਲੀਆਂ ਵਿੱਚ 7000 ਵਰਗ ਫੁੱਟ ਦਾ ਘਰ ਅਤੇ ਨਿਊ-ਚੰਡੀਗੜ੍ਹ ਵਿੱਚ 3500 ਵਰਗ ਫੁੱਟ ਦੀ ਜਾਇਦਾਦ ਸ਼ਾਮਲ ਹੈ।

ਉਨ੍ਹਾਂ ਦੀ ਪਤਨੀ ਦੇ ਨਾਮ ਉੱਤੇ ਵੀ 1 ਕਰੋੜ ਤੋਂ ਵੱਧ ਮੁੱਲ ਦੀ ਜਾਇਦਾਦ ਹੈ।

ਹਰਮੀਤ ਸਿੰਘ ਸੰਧੂ ਦੇ ਨਾਮ ਉੱਤੇ 2.21 ਕਰੋੜ ਤੋਂ ਵੱਧ ਦਾ ਲੋਨ ਵੀ ਹੈ। ਇਸੇ ਤਰ੍ਹਾਂ ਪਤਨੀ ਦੇ ਨਾਮ ਉੱਤੇ 57 ਲੱਖ ਦਾ ਕਰਜ਼ਾ ਲਿਆ ਗਿਆ ਹੈ।

ਉਨ੍ਹਾਂ ਦੀ ਆਮਦਨ ਦਾ ਜ਼ਰੀਆ ਪੈਨਸ਼ਨ ਅਤੇ ਆਮਦਨ ਤੋਂ ਆਉਣ ਵਾਲਾ ਵਿਆਜ਼ ਹੈ ਜਦੋਂ ਕਿ ਉਨ੍ਹਾਂ ਦੀ ਪਤਨੀ ਦੀ ਆਮਦਨ ਖੇਤੀ ਅਤੇ ਵਿਆਜ਼ ਤੋਂ ਹੁੰਦੀ ਹੈ।

ਉਨ੍ਹਾਂ ਕੋਲ 330 ਗ੍ਰਾਮ ਸੋਨਾ ਹੈ ਅਤੇ ਪਤਨੀ ਕੋਲ 1170 ਗ੍ਰਾਮ ਸੋਨਾ ਹੈ ਜਿਸ ਦੀ ਕੁੱਲ ਕੀਮਤ 2 ਕਰੋੜ ਤੋਂ ਵੱਧ ਹੈ।

ਇਸ ਤੋਂ ਇਲਾਵਾ ਸੰਧੂ ਕੋਲ ਇੱਕ 2025 ਵਿੱਚ ਖ਼ਰੀਦੀ ਗਈ ਲੈਂਡ ਕਰੂਜ਼ਰ ਗੱਡੀ ਹੈ ਜਿਸ ਦੀ ਕੀਮਤ ਕਰੀਬ 2 ਕਰੋੜ ਰੁਪਏ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2017 ਵਿੱਚ ਇੱਕ ਫਾਰਚਿਊਨਰ ਗੱਡੀ ਵੀ ਖਰੀਦੀ ਸੀ।

ਐੱਫ਼ਆਈਆਰ

ਮੌਜੂਦਾ ਸਮੇਂ ਵਿੱਚ ਹਰਮੀਤ ਸਿੰਘ ਸਿੱਧੂ ਖ਼ਿਲਾਫ਼ ਕੋਈ ਵੀ ਮਾਮਲਾ ਨਹੀਂ ਹੈ।

ਕਾਂਗਰਸ- ਕਰਨਬੀਰ ਸਿੰਘ ਬੁਰਜ

ਕਾਂਗਰਸ ਪਾਰਟੀ ਨੇ ਪੇਸ਼ੇ ਤੋਂ ਵਕੀਲ ਸਿਆਸਤਦਾਨ ਕਰਨਬੀਰ ਸਿੰਘ ਬੁਰਜ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਸਿਆਸੀ ਸਫ਼ਰ

ਕਰਨਬੀਰ ਸਿੰਘ ਬੁਰਜ ਪਹਿਲੀ ਵਾਰ ਚੋਣ ਮੈਦਾਨ ਵਿੱਚ ਉੱਤਰ ਰਹੇ ਹਨ। ਹਾਲਾਂਕਿ ਉਹ ਆਪਣੇ ਪੰਥਕ ਪਰਿਵਾਰ ਨਾਲ ਸਬੰਧਿਤ ਹੋਣ ਦਾ ਹਵਾਲਾ ਦਿੰਦੇ ਹਨ। ਉਹ ਭਾਸ਼ਣਾਂ ਵਿੱਚ ਇਲਾਕੇ ਦੀ ਬਿਹਤਰੀ ਲਈ ਹਰ ਵੇਲੇ ਮੌਜੂਦ ਰਹਿਣ ਦੀ ਗੱਲ ਕਰਦੇ ਸੁਣੇ ਗਏ ਹਨ।

ਕਰਨਬੀਰ ਸਿੰਘ ਦੇ ਦਾਦਾ ਮਰਹੂਮ ਜਵਾਹਰ ਸਿੰਘ 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ। ਉਨ੍ਹਾਂ ਦੇ ਪਿਤਾ ਜਸਬੀਰ ਸਿੰਘ ਬੁਰਜ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਰਹਿ ਚੁੱਕੇ ਹਨ। ਹਾਲਾਂਕਿ ਉਹ ਚੋਣ ਨਹੀਂ ਲੜ ਸਕੇ ਕਿਉਂਕਿ ਅਟਾਰੀ ਸੀਟ ਜਿਸ ਇਲਾਕੇ ਵਿੱਚ ਉਹ ਕੰਮ ਕਰਦੇ ਸਨ ਅਨੁਸੂਚਿਤ ਜਾਤੀ ਲਈ ਰਾਂਖਵੀ ਸੀਟ ਸੀ।

2015 ਵਿੱਚ ਪਿਤਾ ਦੇ ਦੇਹਾਂਤ ਤੋਂ ਬਾਅਦ ਕਰਨਬੀਰ ਸਿੰਘ ਸਿਆਸਤ ਵਿੱਚ ਸਰਗਰਮ ਹੋਏ।

ਜਾਇਦਾਦ:

ਚੋਣ ਕਮਿਸ਼ਨ ਦੀ ਵੈੱਬਸਾਈਟ ਉੱਤੇ ਮੌਜੂਦ ਜਾਣਕਾਰੀ ਮੁਤਾਬਕ ਕਰਨਬੀਰ ਸਿੰਘ ਕੋਲ ਕਰੀਬ 18 ਏਕੜ ਵਾਹੀਯੋਗ ਜ਼ਮੀਨ ਹੈ। ਉਹ 10 ਕਰੋੜ ਤੋਂ ਵੱਧ ਦੀ ਚੱਲ ਅਤੇ ਅਚੱਲ ਜਾਇਦਾਦ ਦੇ ਮਾਲਕ ਹਨ।

ਉਨ੍ਹਾਂ ਦਾ ਜੱਦੀ ਘਰ ਪਿੰਡ ਝੱਬਾਲ ਕਲਾਂ ਵਿੱਚ ਹੈ ਜੋ ਕਿ ਇੱਕ ਏਕੜ ਰਕਬੇ ਵਿੱਚ ਬਣਿਆ ਹੋਇਆ ਹੈ। ਇਸਤੋਂ ਇਲਾਵਾ ਉਨ੍ਹਾਂ ਕੋਲ ਅੰਮ੍ਰਿਤਸਰ ਵਿੱਚ ਵੀ ਰਿਹਾਇਸ਼ੀ ਅਤੇ ਕਮਰਸ਼ੀਅਲ ਪ੍ਰਾਪਰਟੀਜ਼ ਹਨ।

ਬੁਰਜ ਕੋਲ 300 ਗ੍ਰਾਮ ਸੋਨਾ ਹੈ ਅਤੇ ਉਨ੍ਹਾਂ ਦੀ ਪਤਨੀ ਕੋਲ 40 ਗ੍ਰਾਮ ਦੇ ਕਰੀਬ ਸੋਨਾ ਹੈ।

ਕਰਨਬੀਰ ਸਿੰਘ ਬੁਰਜ ਦੇ ਵਿੱਤੀ ਵੇਰਵਿਆਂ ਮੁਤਾਬਕ ਉਹ ਮਹਿੰਗੀਆਂ ਗੱਡੀਆ ਦੇ ਸ਼ੌਕੀਨ ਨਜ਼ਰ ਆਉਂਦੇ ਹਨ। ਉਨ੍ਹਾਂ ਕੋਲ ਇੱਕ ਲੈਂਡ ਰੋਵਰ ਗੱਡੀ ਹੈ ਜਿਸਦੀ ਕੀਮਤ 1.25 ਕਰੋੜ ਹੈ, ਇੱਕ 2 ਕਰੋੜ ਦੀ ਕੀਮਤ ਦੀ ਆਡੀ ਅਤੇ 1.65 ਕਰੋੜ ਦੀ ਮਰਸਡੀਜ਼ ਗੱਡੀ ਦੇ ਮਾਲਕ ਹਨ।

ਐੱਫ਼ਆਈਆਰ

ਕਰਨਬੀਰ ਸਿੰਘ ਬੁਰਜ ਖ਼ਿਲਾਫ਼ ਚੰਡੀਗੜ੍ਹ ਦੇ ਸੈਕਟਰ 3 ਦੇ ਥਾਣੇ ਵਿੱਚ ਇੱਕ ਮਾਮਲਾ 2016 ਵਿੱਚ ਦਰਜ ਕੀਤਾ ਗਿਆ ਸੀ ਜਿਸ ਵਿੱਚ ਚੰਡੀਗੜ੍ਹ ਲੋਕਲ ਅਦਾਲਤ ਨੇ ਉਨ੍ਹਾਂ ਨੂੰ ਸਜ਼ਾ ਸੁਣਾਈ ਸੀ। ਹਾਲਾਂਕਿ ਬੁਰਜ ਨੇ ਇਸ ਮਾਮਲੇ ਵਿੱਚ ਹਾਈ ਕੋਰਟ ਵਿੱਚ ਅਪੀਲ ਦਰਜ ਕੀਤੀ ਹੋਈ ਹੈ।

ਭਾਜਪਾ-ਹਰਜੀਤ ਸਿੰਘ ਸੰਧੂ

ਭਾਰਤੀ ਜਨਤਾ ਪਾਰਟੀ ਵੱਲੋਂ ਵੀ ਤਰਨ ਤਾਰਨ ਤੋਂ ਚੋਣ ਮੈਦਾਨ ਵਿੱਚ ਇੱਕ ਸਿੱਖ ਚਿਹਰਾ ਉਤਾਰਨ ਨੂੰ ਤਰਜੀਹ ਦਿੱਤੀ ਗਈ ਹੈ। ਉਨ੍ਹਾਂ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਇੱਕ ਪੁਰਾਣੇ ਸਿਆਸਤਦਾਨ ਹਨ।

ਸਿਆਸੀ ਸਫ਼ਰ:

ਹਰਜੀਤ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਤੋਂ ਭਾਜਪਾ ਵਿੱਚ ਆਏ ਹਨ। ਉਨ੍ਹਾਂ ਨੇ 2007 ਵਿੱਚ ਯੂਥ ਅਕਾਲੀ ਦਲ ਦੇ ਮੈਂਬਰ ਵਜੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ।

2022 ਤੱਕ ਉਹ ਅਕਾਲੀ ਦਲ ਲਈ ਕੰਮ ਕਰਦੇ ਰਹੇ। ਇਸ ਤੋਂ ਬਾਅਦ ਉਨ੍ਹਾਂ ਨੇ ਭਾਜਪਾ ਦਾ ਲੜ ਫੜਿਆ ਅਤੇ ਮੰਨਿਆ ਜਾਂਦਾ ਹੈ ਕਿ ਤਰਨ ਤਾਰਨ ਇਲਾਕੇ ਵਿੱਚ ਭਾਜਪਾ ਦੀ ਮੈਂਬਰਸ਼ਿਪ ਵਧਾਉਣ ਵਿੱਚ ਉਨ੍ਹਾਂ ਨੇ ਅਹਿਮ ਯੋਗਦਾਨ ਪਾਇਆ ਹੈ।

ਜਾਇਦਾਦ:

ਚੋਣ ਕਮਿਸ਼ਨ ਨੂੰ ਦਿੱਤੇ ਗਏ ਹਲਫ਼ਨਾਮੇ ਮੁਤਾਬਕ ਉਹ ਕਰੀਬ ਤਿੰਨ ਕਰੋੜ ਦੀ ਸੰਪਤੀ ਦੇ ਮਾਲਕ ਹਨ ਅਤੇ ਉਨ੍ਹਾਂ ਦੀ ਪਤਨੀ ਵੀ ਕਰੀਬ ਦੋ ਕਰੋੜ ਦੀ ਚੱਲ ਅਤੇ ਅਚੱਲ ਜਾਇਦਾਦ ਦੀ ਮਾਲਕ ਹੈ।

ਹਰਜੀਤ ਸਿੰਘ ਸੰਧੂ ਕੋਲ 1.2 ਕਰੋੜ ਦੇ ਕਰੀਬ ਚੱਲ ਜਾਇਦਾਦ ਹੈ ਅਤੇ 1.76 ਕਰੋੜ ਜ਼ਮੀਨ ਆਦਿ ਦੇ ਰੂਪ ਵਿੱਚ ਅਚੱਲ ਜਾਇਦਾਦ ਹੈ।

ਸੰਧੂ ਅਤੇ ਉਨ੍ਹਾਂ ਦੀ ਪਤਨੀ ਕੋਲ ਕੁੱਲ 400 ਗ੍ਰਾਮ ਸੋਨਾ ਹੈ ਜਿਸ ਦੀ ਕੀਮਤ ਤਕਰੀਬਨ 48 ਲੱਖ ਹੈ।

ਹਰਜੀਤ ਸਿੰਘ ਸੰਧੂ ਕੋਲ ਇੱਕ ਇਨੋਵਾ ਗੱਡੀ ਹੈ ਜਿਸ ਦੀ ਕੀਮਤ ਕਰੀਬ 12 ਲੱਖ ਹੈ ਅਤੇ ਇੱਕ 2014 ਮਾਡਲ ਹਾਂਡਾ ਸਿਟੀ ਹੈ ਜਿਸਦੀ ਕੀਮਤ 3 ਲੱਖ ਹੈ।

ਅਪਰਾਧਿਕ ਮਾਮਲੇ:

ਹਰਜੀਤ ਸਿੰਘ ਖ਼ਿਲਾਫ਼ ਦੋ ਅਪਰਾਧਿਕ ਮਾਮਲੇ ਦਰਜ ਹਨ ਜਿਨ੍ਹਾਂ ਦਾ ਹੱਲ ਹੋਣਾ ਹਾਲੇ ਬਾਕੀ ਹੈ।

ਅਕਾਲੀ ਦਲ- ਸੁਖਵਿੰਦਰ ਕੌਰ ਰੰਧਾਵਾ

ਸ਼੍ਰੋਮਣੀ ਅਕਾਲੀ ਦਲ ਵੱਲੋਂ ਪੇਸ਼ੇ ਤੋਂ ਅਧਿਆਪਕਾ ਸੁਖਵਿੰਦਰ ਕੌਰ ਰੰਧਾਵਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।

ਪੰਥਕ ਸੀਟ ਮੰਨੀ ਜਾਂਦੀ ਤਰਨ ਤਾਰਨ ਸੀਟ ’ਤੇ ਅਜ਼ਾਦੀ ਤੋਂ ਬਾਅਦ ਬਹੁਤ ਸਮਾਂ ਅਕਾਲੀ ਦਲ ਹੀ ਕਾਬਜ਼ ਰਿਹਾ ਹੈ। ਪਰ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਇਸ ਹਲਕੇ ਤੋਂ ਅਕਾਲੀ ਦਲ ਨੇ ਲਗਾਤਾਰ ਹਾਰੀਆਂ ਹਨ।

2022 ਵਿੱਚ ਅਕਾਲੀ ਦਲ ਤੋਂ ਚੋਣ ਲੜਨ ਵਾਲੇ ਉਮੀਦਵਾਰ ਹਰਮੀਤ ਸਿੰਘ ਸੰਧੂ ਇਸ ਵਾਰ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਮੈਦਾਨ ਵਿੱਚ ਹਨ ਅਤੇ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੂੰ ਟੱਕਰ ਦੇਣਗੇ।

ਸਿਆਸੀ ਸਫ਼ਰ:

ਜੇਬੀਟੀ ਅਧਿਆਪਕਾ ਰਿਟਾਇਰ ਹੋਏ ਸੁਖਵਿੰਦਰ ਕੌਰ ਦਾ ਸਿਆਸੀ ਸਫ਼ਰ ਬਹੁਤਾ ਲੰਬਾ ਨਹੀਂ ਹੈ। ਹਾਲਾਂਕਿ ਉਨ੍ਹਾਂ ਦਾ ਪਰਿਵਾਰ ਸਿਆਸੀ ਤੌਰ ਉੱਤੇ ਇੱਕ ਸਰਗਰਮ ਪਰਿਵਾਰ ਹੈ।

ਜਾਇਦਾਦ:

ਸੁਖਵਿੰਦਰ ਕੌਰ ਕੋਲ ਕੁੱਲ 53 ਲੱਖ ਰੁਪਏ ਦੇ ਕਰੀਬ ਨਕਦੀ ਹੈ। ਉਨ੍ਹਾਂ ਦੇ ਨਾਮ ਉੱਤੇ ਕੋਈ ਵੀ ਖੇਤੀਯੋਗ ਜ਼ਮੀ ਨਹੀਂ ਹੈ ਅਤੇ ਨਾ ਹੀ ਕੋਈ ਰਿਹਾਇਸ਼ੀ ਜਾਇਦਾਦ ਹੈ।

ਸੁਖਵਿੰਦਰ ਕੌਰ ਰੰਧਾਵਾ ਦੇ ਪਤੀ ਕੋਲ 5 ਕਨਾਲ ਵਾਹੀਯੋਗ ਜ਼ਮੀਨ ਅਤੇ ਇੱਕ 1 ਹਜ਼ਾਰ ਵਰਗ ਫ਼ੁੱਟ ਤੋਂ ਥੋੜ੍ਹਾ ਵੱਡਾ ਰਿਹਾਇਸ਼ੀ ਮਕਾਨ ਹੈ ਜਿਸ ਦੀ ਕੁੱਲ ਕੀਮਤ 27 ਲੱਖ ਦੇ ਕਰੀਬ ਬਣਦੀ ਹੈ। ਉਨ੍ਹਾਂ ਕੋਲ ਸਾਢੇ ਤਿੰਨ ਲੱਖ ਦੇ ਕਰੀਬ ਨਕਦੀ ਹੈ।

ਸੁਖਵਿੰਦਰ ਕੌਰ ਕੋਲ 120 ਗ੍ਰਾਮ ਸੋਨਾ ਅਤੇ ਅਤੇ ਉਨ੍ਹਾਂ ਦੇ ਪਤੀ ਕੋਲ ਮਹਿਜ਼ 3 ਗ੍ਰਾਮ ਸੋਨਾ ਹੈ।

ਸੁਖਵਿੰਦਰ ਕੌਰ ਨੇ 20 ਲੱਖ ਰੁਪਏ ਇੱਕ ਸਰਕਾਰੀ ਬੈਂਕ ਤੋਂ ਲੋਨ ਲਿਆ ਹੈ ਜਿਸ ਦਾ ਵੱਡਾ ਹਿੱਸਾ ਅਦਾ ਕਰਨਾ ਹਾਲੇ ਬਾਕੀ ਹੈ।

ਦੋਵਾਂ ਦੇ ਨਾਮ ਉੱਤੇ ਕੋਈ ਗੱਡੀ ਨਹੀਂ ਹੈ।

ਐੱਫ਼ਆਈਆਰ:

ਸੁਖਵਿੰਦਰ ਕੌਰ ਦੇ ਹਲਫ਼ਨਾਮੇ ਮੁਤਾਬਕ ਉਨ੍ਹਾਂ ਖ਼ਿਲਾਫ਼ ਕੋਈ ਵੀ ਮਾਮਲਾ ਦਰਜ ਨਹੀਂ ਹੈ।

ਆਜ਼ਾਦ- ਮਨਦੀਪ ਸਿੰਘ ਖਾਲਸਾ

ਇਸ ਸੀਟ ਤੋਂ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜਨ ਵਾਲੇ ਮਨਦੀਪ ਸਿੰਘ ਖਾਲਸਾ ਪੰਥਕ ਸਰੋਕਾਰਾਂ ਦੀ ਗੱਲ ਕਰਦੇ ਹਨ।

ਸਿਆਸੀ ਸਫ਼ਰ:

ਮਨਦੀਪ ਸਿੰਘ ਖਾਲਸਾ ਨੂੰ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਤੇ ਖਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਐਲਾਨੀ ਗਈ ਪਾਰਟੀ ਅਕਾਲੀ ਦਲ (ਵਾਰਿਸ ਪੰਜਾਬ) ਸਣੇ ਹੋਰ ਪੰਥਕ ਧਿਰਾਂ ਦੀ ਵੀ ਹਮਾਇਤ ਪ੍ਰਾਪਤ ਹੈ।

ਚੋਣ ਪ੍ਰਚਾਰ ਦੌਰਾਨ ਇਲਾਕੇ ਵਿੱਚ ਲਗਾਏ ਗਏ ਉਨ੍ਹਾਂ ਦੇ ਵੋਟ ਅਪੀਲ ਪੋਸਟਰਾਂ ਉੱਤੇ ਵੀ ਅਮ੍ਰਿਤਪਾਲ ਦੀ ਤਸਵੀਰ ਨਜ਼ਰ ਆਉਂਦੀ ਹੈ।

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਮਨਦੀਪ ਸਿੰਘ, ਸ਼ਿਵ ਸੇਨਾ ਆਗੂ ਸੁਧੀਰ ਸੂਰੀ ਦੇ ਕਤਲ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸੰਦੀਪ ਸਿੰਘ ਉਰਫ਼ ਸਨੀ ਦੇ ਭਰਾ ਹਨ।

ਜ਼ਿਕਰਯੋਗ ਹੈ ਅੰਮ੍ਰਿਤਸਰ ਵਿੱਚ ਸਥਾਨਕ ਸ਼ਿਵ ਸੈਨਾ (ਟਕਸਾਲੀ) ਆਗੂ ਸੁਧੀਰ ਸੂਰੀ ਦਾ ਨਵੰਬਰ 2022 ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਮਨਦੀਪ ਸਿੰਘ ਨੇ ਰਵਿੰਦਰ ਸਿੰਘ ਰੌਬਿਨ ਨਾਲ ਗੱਲ ਕਰਦਿਆਂ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਤਰਨ ਤਾਰਨ ਹਲਕੇ ਵਿੱਚ ਸਭ ਤੋਂ ਵੱਡਾ ਤੇ ਅਹਿਮ ਮੁੱਦਾ ਨਸ਼ਿਆ ਦਾ ਹੈ।

ਜ਼ਿਕਰਯੋਗ ਹੈ ਕਿ ਮਨਦੀਪ ਸਿੰਘ ਖਾਲਸਾ ਦਾ ਕੋਈ ਵੀ ਸੋਸ਼ਲ ਮੀਡੀਆ ਅਕਾਉਂਟ ਨਹੀਂ ਹੈ।

ਜਾਇਦਾਦ:

ਮਨਦੀਪ ਸਿੰਘ ਖਾਲਸਾ ਦੀ ਕੁੱਲ ਚੱਲ ਅਤੇ ਅਚੱਲ ਜਾਇਦਾਦ 50 ਲੱਖ ਦੀ ਹੈ ਅਤੇ ਉਨ੍ਹਾਂ ਦੀ ਪਤਨੀ ਕੋਲ 25 ਲੱਖ ਦੇ ਕਰੀਬ ਦੀ ਜਾਇਦਾਦ ਹੈ ਜਿਸ ਵਿੱਚ ਗ਼ੈਰ-ਵਾਹੀਯੋਗ ਜ਼ਮੀਨ ਅਤੇ ਗਹਿਣੇ ਸ਼ਾਮਲ ਹਨ।

ਚੋਣ ਕਮਿਸ਼ਨ ਨੂੰ ਦਿੱਤੇ ਹਲਫ਼ਨਾਮੇ ਮੁਤਾਬਕ ਦੋਵਾਂ ਦੀ ਆਮਦਨ ਦਾ ਜ਼ਰੀਆ ਨਿੱਜੀ ਕਾਰੋਬਾਰ ਹੈ।

ਮਨਦੀਪ ਸਿੰਘ ਕੋਲ ਕੋਈ ਵੀ ਖੇਤੀਯੋਗ ਜ਼ਮੀਨ ਨਹੀਂ ਹੈ ਹਾਲਾਂਕਿ ਉਨ੍ਹਾਂ ਕੋਲ ਇੱਕ 2700 ਵਰਗ ਫੁੱਟ ਦੀ ਗ਼ੈਰ-ਵਾਹੀਯੋਗ ਜ਼ਮੀਨ ਹੈ ਅਤੇ ਇਸੇ ਤਰ੍ਹਾਂ ਉਨ੍ਹਾਂ ਦੀ ਪਤਨੀ ਦੇ ਨਾਮ ਵੀ ਇੱਕ 2200 ਵਰਗ ਫ਼ੁੱਟ ਦੇ ਕਰੀਬ ਗ਼ੈਰ-ਵਾਹੀਯੋਗ ਜਮ਼ੀਨ ਹੈ।

ਮਨਦੀਪ ਸਿੰਘ ਕੋਲ ਮਹਿਜ਼ ਤਿੰਨ ਤੋਲੇ ਅਤੇ ਉਨ੍ਹਾਂ ਦੀ ਪਤਨੀ ਕੋਲ 8 ਤੋਲੇ ਸੋਨਾ ਹੈ। ਦੋਵਾਂ ਦੇ ਨਾਮ ਕੋਈ ਵੀ ਵਾਹਨ ਨਹੀਂ ਹੈ।

ਐੱਫ਼ਆਈਆਰ:

ਮਨਦੀਪ ਸਿੰਘ ਖ਼ਿਲਾਫ਼ ਕੋਈ ਵੀ ਮਾਮਲਾ ਦਰਜ ਨਹੀਂ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)