ਧਰਤੀ ਤੋਂ ਸੈਂਕੜਿਆਂ ਕਿਲੋਮੀਟਰ ਉੱਪਰ ਪੁਲਾੜ ਵਿੱਚ ਭੇਜੀ ਗਈ ਇਹ ਫੈਕਟਰੀ ਕੀ ਬਣਾਏਗੀ

ਪੁਲਾੜ 'ਚ ਭੇਜੀ ਗਈ ਮਿੰਨੀ ਫੈਕਟਰੀ

ਤਸਵੀਰ ਸਰੋਤ, Tony Jolliffe/BBC News

ਤਸਵੀਰ ਕੈਪਸ਼ਨ, ਇਹ ਮਿੰਨੀ ਫੈਕਟਰੀ ਪੁਲਾੜ ਵਿੱਚ ਸੈਮੀਕੰਡਕਟਰ ਬਣਾਏਗੀ
    • ਲੇਖਕ, ਰੇਬੇਕਾ ਮੋਰੇਲ ਅਤੇ ਐਲੀਸਨ ਫਰਾਂਸਿਸ
    • ਰੋਲ, ਸਾਇੰਸ ਪੱਤਰਕਾਰ

ਇਹ ਸੁਣਨ ਵਿੱਚ ਸਾਇੰਸ ਫਿਕਸ਼ਨ ਵਰਗਾ ਲੱਗਦਾ ਹੈ ਕਿ ਧਰਤੀ ਤੋਂ ਸੈਂਕੜਿਆਂ ਕਿਲੋਮੀਟਰ ਉੱਪਰ ਪੁਲਾੜ ਵਿੱਚ ਇੱਕ ਫੈਕਟਰੀ ਬਣਾਈ ਗਈ ਹੈ, ਜੋ ਉੱਚ ਗੁਣਵੱਤਾ ਵਾਲਾ ਸਮਾਨ ਤਿਆਰ ਕਰਨ ਦੀ ਸਮਰੱਥਾ ਰੱਖਦੀ ਹੈ।

ਪਰ ਕਾਰਡਿਫ਼ ਅਧਾਰਿਤ ਇੱਕ ਕੰਪਨੀ ਇਸ ਸੋਚ ਨੂੰ ਹਕੀਕਤ ਬਣਾਉਣ ਦੇ ਕਾਫ਼ੀ ਨੇੜੇ ਪਹੁੰਚ ਗਈ ਹੈ।

ਸਪੇਸ ਫੋਰਜ ਨੇ ਮਾਈਕ੍ਰੋਵੇਵ ਦੇ ਆਕਾਰ ਜਿੰਨੀ ਇੱਕ ਫੈਕਟਰੀ ਨੂੰ ਓਰਬਿਟ ਵਿੱਚ ਭੇਜਿਆ ਹੈ ਅਤੇ ਇਹ ਵੀ ਸਾਬਤ ਕੀਤਾ ਹੈ ਕਿ ਉਸ ਦੀ ਫਰਨੈੱਸ ਚਾਲੂ ਕੀਤੀ ਜਾ ਸਕਦੀ ਹੈ ਜੋ ਕਿ ਕਰੀਬ 1,000 ਡਿਗਰੀ ਸੈਲਸੀਅਸ ਤੱਕ ਤਾਪਮਾਨ ਹਾਸਲ ਕਰ ਸਕਦੀ ਹੈ।

ਕੰਪਨੀ ਦੀ ਯੋਜਨਾ ਸੈਮੀਕੰਡਕਟਰ ਸਮੱਗਰੀ ਤਿਆਰ ਕਰਨ ਦੀ ਹੈ, ਜੋ ਬਾਅਦ ਵਿੱਚ ਧਰਤੀ ਉੱਤੇ ਸੰਚਾਰ ਢਾਂਚੇ, ਕੰਪਿਊਟਿੰਗ ਅਤੇ ਆਵਾਜਾਈ ਨਾਲ ਜੁੜੇ ਇਲੈਕਟ੍ਰਾਨਿਕ ਉਪਕਰਨਾਂ ਵਿੱਚ ਵਰਤੇ ਜਾ ਸਕਣਗੇ।

ਸੈਮੀਕੰਡਕਟਰ ਬਣਾਉਣ ਲਈ ਪੁਲਾੜ ਦੇ ਹਾਲਤ ਬਹੁਤ ਸਟੀਕ ਹਨ, ਕਿਉਂਕਿ ਇਨ੍ਹਾਂ ਵਿੱਚ ਐਟਮ ਇੱਕ ਬਹੁਤ ਹੀ ਕ੍ਰਮਬੱਧ ਤਿੰਨ-ਆਯਾਮੀ ਬਣਤਰ ਵਿੱਚ ਜੁੜ ਜਾਂਦੇ ਹਨ।

ਜਦੋਂ ਇਹ ਸਮੱਗਰੀ ਬਿਨਾਂ ਗ੍ਰੈਵਿਟੀ ਵਾਲੇ ਮਾਹੌਲ ਵਿੱਚ ਬਣਾਈ ਜਾਂਦੀ ਹੈ, ਤਾਂ ਐਟਮ ਬਿਲਕੁਲ ਸਹੀ ਢੰਗ ਨਾਲ ਇਕਸਾਰ ਹੋ ਜਾਂਦੇ ਹਨ। ਪੁਲਾੜ ਦੇ ਖ਼ਾਲੀਪਣ ਕਾਰਨ ਕਿਸੇ ਵੀ ਤਰ੍ਹਾਂ ਦੀ ਗੰਦਗੀ ਅੰਦਰ ਨਹੀਂ ਜਾ ਸਕਦੀ।

ਜਿੰਨਾ ਸ਼ੁੱਧ ਅਤੇ ਕ੍ਰਮਬੱਧ ਸੈਮੀਕੰਡਕਟਰ ਹੁੰਦਾ ਹੈ, ਉਹਨਾ ਹੀ ਵਧੀਆ ਤਰੀਕੇ ਨਾਲ ਉਹ ਕੰਮ ਕਰਦਾ ਹੈ।

ਸੈਮੀਕੰਡਕਟਰ

ਤਸਵੀਰ ਸਰੋਤ, Tony Jolliffe/ BBC News

ਤਸਵੀਰ ਕੈਪਸ਼ਨ, ਪੁਲਾੜ ਵਿੱਚ ਬਣੇ ਸੈਮੀਕੰਡਕਟਰ 4,000 ਗੁਣਾ ਜ਼ਿਆਦਾ ਸ਼ੁੱਧ ਹੋਣਗੇ

ਸਪੇਸ ਫੋਰਜ ਦੇ ਸੀਈਓ ਜੋਸ਼ ਵੈਸਟਰਨ ਕਹਿੰਦੇ ਹਨ, "ਜੋ ਕੰਮ ਅਸੀਂ ਹੁਣ ਕਰ ਰਹੇ ਹਾਂ, ਉਸ ਨਾਲ ਅਸੀਂ ਪੁਲਾੜ ਵਿੱਚ ਉਹ ਸੈਮੀਕੰਡਕਟਰ ਤਿਆਰ ਕਰ ਸਕਦੇ ਹਾਂ ਜੋ ਧਰਤੀ ਉੱਤੇ ਮੌਜੂਦਾ ਤਕਨੀਕ ਨਾਲ ਬਣੇ ਸੈਮੀਕੰਡਕਟਰਾਂ ਨਾਲੋਂ 4,000 ਗੁਣਾ ਜ਼ਿਆਦਾ ਸ਼ੁੱਧ ਹੋਣਗੇ।"

ਉਹ ਕਹਿੰਦੇ ਹਨ, "ਇਹ ਕਿਸਮ ਦਾ ਸੈਮੀਕੰਡਕਟਰ 5ਜੀ ਟਾਵਰ ਵਿੱਚ ਵਰਤਿਆ ਜਾਵੇਗਾ, ਜਿੱਥੋਂ ਤੁਹਾਨੂੰ ਮੋਬਾਈਲ ਸਿਗਨਲ ਮਿਲਦਾ ਹੈ। ਇਹ ਇਲੈਕਟ੍ਰਿਕ ਵਾਹਨਾਂ ਦੇ ਚਾਰਜਰ ਵਿੱਚ ਹੋਵੇਗਾ ਅਤੇ ਨਵੇਂ ਜਹਾਜ਼ਾਂ ਵਿੱਚ ਵੀ ਵਰਤਿਆ ਜਾਵੇਗਾ।"

ਕੰਪਨੀ ਦੀ ਇਹ ਛੋਟੀ ਫੈਕਟਰੀ ਨੂੰ ਬੀਤੀ ਗਰਮੀਆਂ ਦੌਰਾਨ ਸਪੇਸਐਕਸ ਦੇ ਰਾਕੇਟ ਰਾਹੀਂ ਲਾਂਚ ਕੀਤਾ ਗਿਆ ਸੀ। ਉਸ ਤੋਂ ਬਾਅਦ ਟੀਮ ਕਾਰਡਿਫ਼ ਸਥਿਤ ਆਪਣੇ ਮਿਸ਼ਨ ਕੰਟਰੋਲ ਤੋਂ ਇਸ ਦੇ ਸਿਸਟਮਾਂ ਦੀ ਜਾਂਚ ਕਰ ਰਹੀ ਹੈ।

ਵੇਰੋਨਿਕਾ ਵੀਏਰਾ

ਤਸਵੀਰ ਸਰੋਤ, Tony Jolliffe/BBC News

ਤਸਵੀਰ ਕੈਪਸ਼ਨ, ਵੇਰੋਨਿਕਾ ਵੀਏਰਾ ਨੇ ਕਿਹਾ ਕਿ ਪੁਲਾੜ ਤੋਂ ਚਮਕਦੇ ਪਲਾਜ਼ਮਾ ਦੀਆਂ ਤਸਵੀਰਾਂ ਦੇਖਣਾ ਬਹੁਤ ਵਧੀਆ ਸੀ

ਕੰਪਨੀ ਦੀ ਪੇਲੋਡ ਓਪਰੇਸ਼ਨਜ਼ ਮੁਖੀ ਵੈਰੋਨਿਕਾ ਵੀਏਰਾ ਨੇ ਬੀਬੀਸੀ ਨੂੰ ਇੱਕ ਤਸਵੀਰ ਦਿਖਾਈ, ਜੋ ਸੈਟੇਲਾਈਟ ਵੱਲੋਂ ਪੁਲਾੜ ਤੋਂ ਭੇਜੀ ਗਈ ਸੀ।

ਇਹ ਤਸਵੀਰ ਭੱਠੀ ਦੇ ਅੰਦਰੋਂ ਲਈ ਗਈ ਹੈ, ਜਿਸ ਵਿੱਚ ਲਗਭਗ 1,000 ਡਿਗਰੀ ਸੈਲਸੀਅਸ ਤਾਪਮਾਨ ਵਾਲੀ ਗੈਸ, ਪਲਾਜ਼ਮਾ ਦੇ ਰੂਪ ਵਿੱਚ, ਚਮਕਦੀ ਹੋਈ ਨਜ਼ਰ ਆ ਰਹੀ ਹੈ।

ਵੀਏਰਾ ਕਹਿੰਦੇ ਹਨ ਕਿ ਇਹ ਤਸਵੀਰ ਦੇਖਣਾ "ਉਨ੍ਹਾਂ ਦੀ ਜ਼ਿੰਦਗੀ ਦੇ ਸਭ ਤੋਂ ਰੋਮਾਂਚਕ ਪਲਾਂ ਵਿੱਚੋਂ ਇੱਕ" ਸੀ।

ਉਹ ਸਮਝਾਉਂਦੇ ਹਨ, "ਇਹ ਇਸ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਪੁਲਾੜ ਵਿੱਚ ਉਤਪਾਦਨ ਦੀ ਪ੍ਰਕਿਰਿਆ ਲਈ ਜ਼ਰੂਰੀ ਮੁੱਢਲੇ ਤੱਤਾਂ ਵਿੱਚੋਂ ਇੱਕ ਹੈ। ਇਸ ਨੂੰ ਸਾਬਤ ਕਰ ਪਾਉਣਾ ਸਾਡੇ ਲਈ ਵੱਡੀ ਸਫਲਤਾ ਹੈ।"

ਹੀਟ ​​ਸ਼ੀਲਡ

ਤਸਵੀਰ ਸਰੋਤ, Space Forge

ਤਸਵੀਰ ਕੈਪਸ਼ਨ, ਇਹ ਦੇਖਣ ਲਈ ਕਿ ਕੀ ਇਹ ਸਮੱਗਰੀ ਨੂੰ ਸੁਰੱਖਿਅਤ ਢੰਗ ਨਾਲ ਵਾਪਸ ਕਰ ਸਕਦਾ ਹੈ, ਹੀਟ ​​ਸ਼ੀਲਡ ਦੀ ਜਾਂਚ ਕਰਨ ਦੀ ਲੋੜ ਹੋਵੇਗੀ।

ਹੁਣ ਟੀਮ ਇੱਕ ਵੱਡੀ ਪੁਲਾੜ ਫੈਕਟਰੀ ਬਣਾਉਣ ਦੀ ਯੋਜਨਾ ਬਣਾ ਰਹੀ ਹੈ, ਜੋ 10,000 ਚਿਪਾਂ ਲਈ ਸੈਮੀਕੰਡਕਟਰਾਂ ਲਈ ਸਮੱਗਰੀ ਤਿਆਰ ਕਰ ਸਕੇਗੀ।

ਇਸ ਤੋਂ ਇਲਾਵਾ, ਉਨ੍ਹਾਂ ਨੇ ਹੁਣ ਇਹ ਤਕਨੀਕ ਵੀ ਪਰਖਣੀ ਹੈ ਕਿ ਬਣੀ ਹੋਈ ਸਮੱਗਰੀ ਨੂੰ ਸੁਰੱਖਿਅਤ ਢੰਗ ਨਾਲ ਵਾਪਸ ਧਰਤੀ ਉੱਤੇ ਕਿਵੇਂ ਲਿਆਂਦਾ ਜਾਵੇ।

ਭਵਿੱਖ ਦੀ ਇੱਕ ਮਿਸ਼ਨ ਦੌਰਾਨ ਪ੍ਰਿਡਵੈਨ ਨਾਮ ਦੀ ਇੱਕ ਹੀਟ ਸ਼ੀਲਡ ਵਰਤੀ ਜਾਵੇਗੀ, ਜੋ ਕਿੰਗ ਆਰਥਰ ਦੀ ਪ੍ਰਸਿੱਧ ਢਾਲ ਦੇ ਨਾਮ ਉੱਤੇ ਰੱਖੀ ਗਈ ਹੈ। ਇਹ ਸ਼ੀਲਡ ਪੁਲਾੜ ਜਹਾਜ਼ ਨੂੰ ਧਰਤੀ ਦੇ ਵਾਤਾਵਰਣ ਵਿੱਚ ਮੁੜ ਦਾਖ਼ਲ ਹੋਣ ਸਮੇਂ ਪੈਦਾ ਹੋਣ ਵਾਲੇ ਭਿਆਨਕ ਤਾਪਮਾਨ ਤੋਂ ਬਚਾਏਗੀ।

ਹੋਰ ਕੰਪਨੀਆਂ ਵੀ ਅਸਮਾਨ ਵੱਲ ਤੱਕ ਰਹੀਆਂ ਹਨ ਅਤੇ ਦਵਾਈਆਂ ਤੋਂ ਲੈ ਕੇ ਕ੍ਰਿਤ੍ਰਿਮ ਟਿਸ਼ੂ ਤੱਕ ਪੁਲਾੜ ਵਿੱਚ ਤਿਆਰ ਕਰਨ ਦੀ ਸੰਭਾਵਨਾ ਉੱਤੇ ਕੰਮ ਕਰ ਰਹੀਆਂ ਹਨ।

ਸਾਇੰਸ ਮਿਊਜ਼ੀਅਮ ਵਿੱਚ ਪੁਲਾੜ ਵਿਭਾਗ ਦੀ ਮੁਖੀ ਲਿਬੀ ਜੈਕਸਨ ਕਹਿੰਦੇ ਹਨ, "ਪੁਲਾੜ ਵਿੱਚ ਉਤਪਾਦਨ ਹੁਣ ਕੋਈ ਭਵਿੱਖ ਦੀ ਗੱਲ ਨਹੀਂ ਰਹੀ, ਇਹ ਅੱਜ ਹੋ ਰਿਹਾ ਹੈ।"

ਉਹ ਕਹਿੰਦੇ ਹਨ, "ਇਹ ਸ਼ੁਰੂਆਤੀ ਦੌਰ ਹੈ ਅਤੇ ਇਸ ਵੇਲੇ ਇਹ ਕੰਮ ਛੋਟੇ ਪੱਧਰ ਉੱਤੇ ਦਿਖਾਇਆ ਜਾ ਰਿਹਾ ਹੈ, ਪਰ ਜਦੋਂ ਤਕਨੀਕ ਸਾਬਤ ਹੋ ਜਾਂਦੀ ਹੈ ਤਾਂ ਇਹ ਆਰਥਿਕ ਤੌਰ ਉੱਤੇ ਫਾਇਦੇਮੰਦ ਉਤਪਾਦਾਂ ਲਈ ਰਾਹ ਖੋਲ੍ਹ ਦਿੰਦੀ ਹੈ। ਅਜਿਹੇ ਉਤਪਾਦ ਜੋ ਪੁਲਾੜ ਵਿੱਚ ਬਣ ਕੇ ਧਰਤੀ ਉੱਤੇ ਵਾਪਸ ਆ ਸਕਣ ਅਤੇ ਹਰ ਕਿਸੇ ਲਈ ਲਾਭਦਾਇਕ ਹੋਣ। ਇਹ ਵਾਕਈ ਬਹੁਤ ਰੋਮਾਂਚਕ ਗੱਲ ਹੈ।"

ਇਹ ਵੀ ਪੜ੍ਹੋ:

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)