You’re viewing a text-only version of this website that uses less data. View the main version of the website including all images and videos.
'ਨਾਗਾ' ਯੋਧੇ, ਜਿਨ੍ਹਾਂ ਨੇ ਭਾਰਤ 'ਤੇ ਕਬਜ਼ਾ ਕਰਨ ਵਿੱਚ ਬ੍ਰਿਟਿਸ਼ ਸਾਮਰਾਜ ਦੀ ਮਦਦ ਕੀਤੀ ਸੀ
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
ਉਨ੍ਹਾਂ ਨੂੰ ਇੱਕ ਡਰਾਉਣੇ ਕਮਾਂਡਰ ਦੇ ਰੂਪ ਵਿੱਚ ਦਰਸਾਇਆ ਗਿਆ ਹੈ, ਜਿਸ ਕੋਲ ਨਾਗਾ ਯੋਧਿਆਂ ਦੀ ਪੈਦਲ ਤੇ ਘੋੜਸਵਾਰ ਫੌਜ ਹੈ ਤੇ ਜੋ ਜੰਗ ਦੇ ਮੈਦਾਨ ਵਿੱਚ ਤੋਪਾਂ ਨਾਲ ਲੈਸ ਇੱਕ ਹੋਰ ਫੌਜ ਦੀ ਅਗਵਾਈ ਕਰਦਾ ਹੈ।
ਪਰ ਅਨੂਪਗਿਰੀ ਗੋਸਾਈਂ ਇੱਕ ਸੰਨਿਆਸੀ ਵੀ ਸੀ, ਇੱਕ ਅਜਿਹਾ ਇਨਸਾਨ ਜੋ ਹਿੰਦੂ ਦੇਵਤਾ ਸ਼ਿਵ ਨੂੰ ਸਮਰਪਿਤ ਸੀ- ਜਿਸ ਨੂੰ ਨਾਗਾ ਸਾਧੂ ਵੀ ਕਿਹਾ ਜਾਂਦਾ ਹੈ।
ਨਾਗਾ ਸਾਧੂਆਂ ਨੂੰ ਭਾਰਤ ਵਿੱਚ ਬਹੁਤ ਸਤਿਕਾਰਯੋਗ ਅਤੇ ਪਵਿੱਤਰ ਮੰਨਿਆ ਜਾਂਦਾ ਹੈ। ਇਹ ਨਗਨ ਅਤੇ ਸੁਆਹ ਮਲ਼ ਕੇ ਰੱਖਣ ਵਾਲੇ ਤੇ ਜਟਾਵਾਂ ਵਾਲੇ ਸੰਨਿਆਸੀ, ਭਾਰਤ 'ਚ ਇੱਕ ਪ੍ਰਮੁੱਖ ਸੰਪਰਦਾ ਬਣਾਉਂਦੇ ਹਨ।
ਇਹ ਅਕਸਰ ਦੁਨੀਆਂ ਦੇ ਸਭ ਤੋਂ ਵੱਡੇ ਧਾਰਮਿਕ ਤਿਉਹਾਰ, ਕੁੰਭ ਦੇ ਮੇਲੇ ਵਿੱਚ ਦੇਖੇ ਜਾਂਦੇ ਹਨ।
'ਵਾਰੀਅਰ ਅਸੈਟਿਕ ਐਂਡ ਇੰਡੀਅਨ ਐਮਪਾਇਰ’ ਦੇ ਲੇਖਕ ਵਿਲੀਅਮ ਆਰ ਪਿੰਚ ਅਨੁਸਾਰ ਗੋਸਾਈਂ ਇੱਕ ਵਾਰੀਅਰ ਅਸੈਟਿਕ ਭਾਵ "ਸੰਨਿਆਸੀ ਯੋਧਾ" ਸਨ।
ਵੇਸਲੇਅਨ ਯੂਨੀਵਰਸਿਟੀ, ਕਨੈਕਟੀਕਟ ਦੇ ਇਤਿਹਾਸਕਾਰ ਵਿਲੀਅਮ ਆਰ ਪਿੰਚ ਨੇ ਮੈਨੂੰ ਦੱਸਿਆ ਕਿ ਨਿਸ਼ਚਤ ਤੌਰ 'ਤੇ, ਨਾਗਾ ਸਾਧੂਆਂ ਦੀ "ਡਰਾਉਣੀ ਅਤੇ ਬੇਕਾਬੂ" ਸਾਖ ਸੀ।
ਉਹ ਦੱਸਦੇ ਹਨ ਕਿ ਸਪਸ਼ਟ ਤੌਰ ‘ਤੇ 18ਵੀਂ ਸਦੀ ਦੇ ਨਾਗਾ "ਬਹੁਤ ਵਧੀਆ ਢੰਗ ਨਾਲ ਹਥਿਆਰਬੰਦ ਅਤੇ ਅਨੁਸ਼ਾਸਿਤ" ਸਨ, ਅਤੇ "ਸ਼ਾਨਦਾਰ ਘੋੜਸਵਾਰ ਅਤੇ ਪੈਦਲ ਫ਼ੌਜ" ਵਜੋਂ ਜਾਣੇ ਜਾਂਦੇ ਸਨ।
ਨਾਗਾ ਸਿਪਾਹੀਆਂ ਦੀ ਗਿਣਤੀ ਵਿੱਚ ਵਾਧਾ
19ਵੀਂ ਸਦੀ ਦੇ ਸ਼ੁਰੂ ਵਿੱਚ, ਈਸਟ ਇੰਡੀਆ ਕੰਪਨੀ ਦੇ ਇੱਕ ਅਧਿਕਾਰੀ ਜੇਮਸ ਸਕਿਨਰ ਨੇ ਇੱਕ ਨਾਗਾ ਸਿਪਾਹੀ ਦੀ ਤਸਵੀਰ ਤਿਆਰ ਕਰਵਾਈ।
ਇਸ ਵਿੱਚ ਇੱਕ ਆਦਮੀ ਨੂੰ ਨੰਗੇ ਪੈਰੀਂ ਅਤੇ ਸਿਰਫ਼ ਇੱਕ ਚਮੜੇ ਦੀ ਬੈਲਟ ਪਹਿਨੇ ਦਰਸਾਇਆ ਗਿਆ ਹੈ।
ਇਸ ਬੈਲਟ ਨਾਲ ਉਸ ਨੇ ਇੱਕ ਤਲਵਾਰ ਅਤੇ ਬਾਰੂਦ ਦੀਆਂ ਪੋਟਲੀਆਂ ਅਤੇ ਕਾਰਤੂਸ ਬੰਨ੍ਹੇ ਹੋਏ ਹਨ।
ਉਸ ਦੇ ਵਾਲ ਸੰਘਣੇ ਅਤੇ ਉਲਝੇ ਹੋਏ ਹਨ, ਜਿਨ੍ਹਾਂ ਨੂੰ ਉਸ ਨੇ ਆਪਣੇ ਸਿਰ ਦੁਆਲੇ ਕਿਸੇ ਹੈਲਮੇਟ ਵਾਂਗ ਲਪੇਟਿਆ ਹੋਇਆ ਹੈ।
ਆਪਣੇ ਖੱਬੇ ਹੱਥ ਨਾਲ ਉਹ ਇੱਕ ਲੰਮੀ ਨਲੀ ਵਾਲਾ ਹੁੱਕਾ ਪੀ ਰਿਹਾ ਹੈ ਅਤੇ ਉਸ ਦੇ ਮੱਥੇ 'ਤੇ ਤਿਲਕ ਸਾਫ ਨਜ਼ਰ ਆਉਂਦਾ ਹੈ।
ਪਿੰਚ ਕਹਿੰਦੇ ਹਨ, "ਨਾਗਾ ਯੋਧਿਆਂ ਦੀ ਹਮਲਾਵਰ ਫੌਜ ਵਜੋਂ ਅਤੇ ਨਜ਼ਦੀਕੀ ਲੜਾਈ ਲੜਨ ਵਿੱਚ ਚੰਗੀ ਸਾਖ ਸੀ। ਅਨੂਪਗਿਰੀ ਦੇ ਅਧੀਨ, ਉਹ ਇੱਕ ਪੂਰੀ ਤਰ੍ਹਾਂ ਦੀ ਪੈਦਲ ਅਤੇ ਘੋੜਸਵਾਰ ਫੌਜ ਦੇ ਰੂਪ ਵਿੱਚ ਵਿਕਸਤ ਹੋ ਗਏ ਸਨ, ਜੋ ਵਧੀਆ ਤੋਂ ਵਧੀਆ ਫੌਜ ਨਾਲ ਵੀ ਮੁਕਾਬਲਾ ਕਰ ਸਕਦੇ ਸਨ।''
1700 ਦੇ ਅਖੀਰ ਵਿੱਚ, ਅਨੂਪਗਿਰੀ ਅਤੇ ਉਨ੍ਹਾਂ ਦੇ ਭਰਾ ਉਮਰਾਓਗਿਰੀ ਨੇ 20,000 ਤੋਂ ਵੱਧ ਆਦਮੀਆਂ ਦੀ ਫੌਜ ਦੀ ਅਗਵਾਈ ਕੀਤੀ।
18ਵੀਂ ਸਦੀ ਦੇ ਅੰਤ ਤੱਕ, ਤੋਪਾਂ ਅਤੇ ਰਾਕੇਟ ਰੱਖਣ ਵਾਲੇ ਇਨ੍ਹਾਂ ਨਾਗਾ ਸਿਪਾਹੀਆਂ ਦੀ ਗਿਣਤੀ ਵਿੱਚ ਨਾਟਕੀ ਰੂਪ ਨਾਲ ਵਾਧਾ ਹੋਇਆ।
ਲੇਖਕ ਅਤੇ ਇਤਿਹਾਸਕਾਰ ਵਿਲੀਅਮ ਡੈਲਰੀਮਪਲ ਨੇ ਅਨੂਪਗਿਰੀ ਨੂੰ "ਭਿਆਨਕ ਨਾਗਾ ਕਮਾਂਡਰ" ਦੱਸਿਆ ਹੈ, ਜਿਸ ਨੂੰ ਮੁਗ਼ਲ ਖ਼ਿਤਾਬ ਹਿੰਮਤ ਬਹਾਦੁਰ ਜਾਂ 'ਮਹਾਨ ਦਲੇਰ' ਨਾਲ ਨਵਾਜ਼ਿਆ ਗਿਆ ਸੀ।
ਈਸਟ ਇੰਡੀਆ ਕੰਪਨੀ ਦਾ ਇਤਿਹਾਸ ਅਤੇ ਕਿਵੇਂ ਇਹ ਭਾਰਤ ਉੱਤੇ ਰਾਜ ਕਰਨ ਲਈ ਆਈ, ਇਸ ਸਬੰਧੀ ਆਪਣੀ ਕਿਤਾਬ 'ਦਿ ਐਨਾਰਕੀ' ਵਿੱਚ ਡੈਲਰੀਮਪਲ ਇੱਕ ਮੁਗ਼ਲ ਕਮਾਂਡਰ ਮਿਰਜ਼ਾ ਨਜ਼ਫ਼ ਖ਼ਾਨ ਦੀ ਫੌਜ ਬਾਰੇ ਲਿਖਦੇ ਹਨ।
ਉਨ੍ਹਾਂ ਦੀ ਫੌਜ ਵਿੱਚ ਸਿਪਾਹੀਆਂ ਦੀ ਇੱਕ ਵੱਖਰੀ ਸ਼੍ਰੇਣੀ ਸ਼ਾਮਲ ਹੁੰਦੀ ਹੈ: ''ਅਨੂਪਗਿਰੀ ਗੋਸਾਈਂ ਦੇ ਡਰੈੱਡਲੌਕਡ ਨਾਗਾ'', ਜੋ ਆਪਣੇ 6,000 ਨਗਨ ਯੋਧਿਆਂ ਅਤੇ 40 ਤੋਪਾਂ ਨਾਲ ਪਹੁੰਚੇ ਸਨ।’’
ਇਸ ਕਿਤਾਬ ਵਿੱਚ ਅਨੂਪਗਿਰੀ ਦੀਆਂ ਸੇਵਾਵਾਂ ਦਾ ਇੱਕ ਹਵਾਲਾ ਵੀ ਹੈ - ਘੋੜੇ ਅਤੇ ਪੈਦਲ 10,000 ਗੋਸਾਈਂਆਂ ਦੇ ਨਾਲ ਪੰਜ ਤੋਪਾਂ, ਜ਼ਰੂਰੀ ਵਸਤਾਂ ਨਾਲ ਭਰੀਆਂ ਕਈ ਬੈਲ ਗੱਡੀਆਂ, ਤੰਬੂ ਅਤੇ 12 ਲੱਖ ਰੁਪਏ।"
ਅਨੂਪਗਿਰੀ ਨੂੰ 18ਵੀਂ ਸਦੀ ਦੇ ਅੰਤ ਵਿੱਚ ਸਭ ਤੋਂ ਸਫਲ "ਫੌਜੀ ਉੱਦਮੀ" ਵਜੋਂ ਦਰਸਾਇਆ ਗਿਆ ਹੈ, ਜਿਸ ਕੋਲ ਅਜਿਹੀ ਫੌਜ ਹੈ ਜੋ ਕਿਰਾਏ 'ਤੇ ਕੰਮ ਕਰਦੀ ਹੈ।
ਉਨ੍ਹਾਂ ਦਿਨਾਂ ਵਿੱਚ ਰਾਜਿਆਂ ਦੁਆਰਾ ਕਿਰਾਏ 'ਤੇ ਰੱਖੀਆਂ ਗਈਆਂ ਲਗਭਗ ਸਾਰੀਆਂ ਨਿੱਜੀ ਫੌਜਾਂ ਭਾੜੇ ਦੀਆਂ ਹੁੰਦੀਆਂ ਸਨ।
'ਨਾਗਾ' ਯੋਧੇ ਬਾਰੇ ਖ਼ਾਸ ਗੱਲਾਂ:
- ਅਨੂਪਗਿਰੀ ਗੋਸਾਈਂ ਇੱਕ ਸੰਨਿਆਸੀ ਵੀ ਸੀ, ਇੱਕ ਅਜਿਹਾ ਇਨਸਾਨ ਜੋ ਹਿੰਦੂ ਦੇਵਤਾ ਸ਼ਿਵ ਨੂੰ ਸਮਰਪਿਤ ਸੀ।
- ਅਨੂਪਗਿਰੀ ਦਾ ਜਨਮ ਉੱਤਰੀ ਭਾਰਤ ਦੇ ਸੂਬੇ ਬੁੰਦੇਲਖੰਡ ਵਿੱਚ ਸਾਲ 1734 ਵਿੱਚ ਹੋਇਆ ਸੀ।
- ਅਨੂਪਗਿਰੀ ਨੇ ਦਿੱਲੀ ਵਿੱਚ ਫ਼ਾਰਸ ਦੇ ਨਜਫ਼ ਖ਼ਾਨ ਦੇ ਉਭਾਰ ਵਿੱਚ ਵੀ ਮੁੱਖ ਭੂਮਿਕਾ ਨਿਭਾਈ।
- ਬਾਅਦ ਵਿੱਚ, ਉਨ੍ਹਾਂ ਨੇ ਮਰਾਠਿਆਂ ਤੋਂ ਮੂੰਹ ਮੋੜ ਲਿਆ ਅਤੇ ਅੰਗਰੇਜ਼ਾਂ ਦੀ ਫੌਜਾਂ ਵਿੱਚ ਸ਼ਾਮਲ ਹੋ ਗਏ।
ਕ੍ਰਿਸ਼ਮਈ ਸੰਨਿਆਸੀ ਯੋਧਾ
ਬਨਾਰਸ ਸ਼ਹਿਰ (ਜਿਸ ਨੂੰ ਹੁਣ ਵਾਰਾਣਸੀ ਕਿਹਾ ਜਾਂਦਾ ਹੈ) ਦੇ ਇੱਕ ਜੱਜ ਥਾਮਸ ਬਰੁਕ ਨੇ ਲਿਖਿਆ ਹੈ, "ਅਨੂਪਗਿਰੀ ਦੇ ਇੱਕ ਮੂਲ ਨਿਵਾਸੀ ਨੇ ਕਿਹਾ ਕਿ ਉਹ ਇੱਕ ਅਜਿਹੇ ਆਦਮੀ ਵਰਗਾ ਸੀ ਜੋ ਇੱਕ ਨਦੀ ਪਾਰ ਕਰਦੇ ਸਮੇਂ ਦੋ ਕਿਸ਼ਤੀਆਂ ਵਿੱਚ ਇੱਕ ਪੈਰ ਰੱਖਦਾ ਸੀ, ਉਨ੍ਹਾਂ ਵਿੱਚੋਂ ਜਿਹੜੀ ਡੁੱਬ ਰਹੀ ਹੁੰਦੀ ਸੀ ਉਸ ਨੂੰ ਛੱਡਣ ਲਈ ਤਿਆਰ ਰਹਿੰਦਾ ਸੀ।''
ਹੈਰਾਨੀ ਦੀ ਗੱਲ ਨਹੀਂ ਕਿ ਇਹ ਕ੍ਰਿਸ਼ਮਈ ਸੰਨਿਆਸੀ ਯੋਧਾ ਸਰਵ ਵਿਆਪਕ ਸਨ।
ਪਿੰਚ ਲਿਖਦੇ ਹਨ, "ਅਨੁਪਗਿਰੀ ਸਰਵ-ਵਿਆਪੀ ਸਨ ਕਿਉਂਕਿ ਉਹ ਹਰ ਕਿਸੇ ਨੂੰ ਲੋੜੀਂਦੇ ਵਿਅਕਤੀ ਸਨ। ਉਨ੍ਹਾਂ ਦੀ ਨਿੰਦਾ ਇਸ ਲਈ ਕੀਤੀ ਜਾਂਦੀ ਸੀ ਕਿਉਂਕਿ ਉਹ ਅਜਿਹੇ ਵਿਅਕਤੀ ਸਨ ਜਿਨ੍ਹਾਂ ਦੀ ਲੋੜ ਤੋਂ ਹਰ ਕਿਸੇ ਨੂੰ ਨਫ਼ਰਤ ਸੀ।''
''ਉਹ ਅੰਦਰੂਨੀ ਸੰਚਾਲਕ ਸਨ, ਇਸ ਲਈ ਜਦੋਂ ਲੋਕਾਂ ਨੂੰ ਫੌਜ ਦੀ ਲੋੜ ਹੁੰਦੀ, ਉਹ ਅੰਦਰੂਨੀ ਗੱਲਾਂ ਜਾਣਨਾ ਚਾਹੁੰਦੇ ਜਾਂ ਫਿਰ ਗੱਲਬਾਤ ਕਰਨ ਵਿੱਚ ਕਿਸੇ ਕੁਸ਼ਲ ਵਿਅਕਤੀ ਦੀ ਮਦਦ ਚਾਹੁੰਦੇ ਜਾਂ ਕੋਈ ਘਿਨੌਣਾ ਕੰਮ ਕਰਵਾਉਣਾ ਹੁੰਦਾ ਤਾਂ ਉਹ ਗੋਸਾਈਂ ਵੱਲ ਰੁਖ ਕਰਦੇ।’’
ਅਨੂਪਗਿਰੀ ਨੇ ਹਰ ਪਾਸਿਓਂ ਆਪਣੀਆਂ ਲੜਾਈਆਂ ਲੜੀਆਂ। ਸਾਲ 1761 ਵਿੱਚ ਪਾਣੀਪਤ ਦੀ ਲੜਾਈ ਵਿੱਚ, ਉਹ ਮੁਗ਼ਲ ਬਾਦਸ਼ਾਹ ਅਤੇ ਅਫ਼ਗਾਨਾਂ ਦੇ ਪੱਖ ਵਿੱਚ ਮਰਾਠਿਆਂ ਵਿਰੁੱਧ ਲੜੇ।
ਤਿੰਨ ਸਾਲ ਬਾਅਦ ਉਹ ਬਕਸਰ ਦੀ ਲੜਾਈ ਵਿੱਚ ਅੰਗਰੇਜ਼ਾਂ ਵਿਰੁੱਧ ਮੁਗ਼ਲ ਫੌਜਾਂ ਦੇ ਨਾਲ ਖੜ੍ਹੇ ਸਨ। ਅਨੂਪਗਿਰੀ ਨੇ ਦਿੱਲੀ ਵਿੱਚ ਫ਼ਾਰਸ ਦੇ ਨਜਫ਼ ਖ਼ਾਨ ਦੇ ਉਭਾਰ ਵਿੱਚ ਵੀ ਮੁੱਖ ਭੂਮਿਕਾ ਨਿਭਾਈ।
ਬਾਅਦ ਵਿੱਚ, ਉਨ੍ਹਾਂ ਨੇ ਮਰਾਠਿਆਂ ਤੋਂ ਮੂੰਹ ਮੋੜ ਲਿਆ ਅਤੇ ਅੰਗਰੇਜ਼ਾਂ ਦੀ ਫੌਜਾਂ ਵਿੱਚ ਸ਼ਾਮਲ ਹੋ ਗਏ।
1803 ਵਿੱਚ ਆਪਣੇ ਜੀਵਨ ਦੇ ਅੰਤ ਵਿੱਚ, ਉਨ੍ਹਾਂ ਨੇ ਅੰਗਰੇਜ਼ਾਂ ਦੇ ਹੱਥੋਂ ਮਰਾਠਿਆਂ ਦੀ ਹਾਰ ਨੂੰ ਯਕੀਨੀ ਬਣਾਇਆ ਅਤੇ ਬ੍ਰਿਟਿਸ਼ ਸ਼ਾਸਕਾਂ ਨੂੰ ਦਿੱਲੀ ਉੱਤੇ ਕਬਜ਼ਾ ਕਰਨ ਵਿੱਚ ਮਦਦ ਕੀਤੀ।
ਪਿੰਚ ਮੁਤਾਬਕ, ਇਹ ਇੱਕ ਅਜਿਹੀ ਘਟਨਾ ਸੀ, ਜਿਸ ਨੇ ਈਸਟ ਇੰਡੀਆ ਕੰਪਨੀ ਨੂੰ ਦੱਖਣੀ ਏਸ਼ੀਆ ਅਤੇ ਸੰਸਾਰ ਵਿੱਚ ਸਭ ਤੋਂ ਵੱਧ ਤਾਕਤਵਰ ਬਣਾ ਦਿੱਤਾ।
ਪਿੰਚ ਨੇ ਕਿਹਾ, "ਜਿੰਨਾ ਜ਼ਿਆਦਾ ਕੋਈ 18ਵੀਂ ਸਦੀ ਦੇ ਅੰਤ ਵਿੱਚ ਮੁਗ਼ਲ ਅਤੇ ਮਰਾਠਿਆਂ ਦੇ ਪਤਨ ਅਤੇ ਬ੍ਰਿਟਿਸ਼ ਸੱਤਾ ਦੇ ਉਭਾਰ ਨੂੰ ਦਰਸਾਉਣ ਵਾਲੀਆਂ ਘਟਨਾਵਾਂ ਦੀ ਜਾਂਚ ਕਰਦਾ ਹੈ, ਓਨਾ ਹੀ ਜ਼ਿਆਦਾ ਵਿਅਕਤੀ ਪਿਛੋਕੜ ਵਿੱਚ ਅਨੂਪਗਿਰੀ ਗੋਸਾਈਂ ਦੀ ਭੂਮਿਕਾ ਨੂੰ ਦੇਖਦਾ ਹੈ।''
ਅਨੂਪਗਿਰੀ ਦਾ ਬਚਪਨ ਤੇ ਲੜਾਈਆਂ
ਅਨੂਪਗਿਰੀ ਦਾ ਜਨਮ ਉੱਤਰੀ ਭਾਰਤ ਦੇ ਸੂਬੇ ਬੁੰਦੇਲਖੰਡ ਵਿੱਚ ਸਾਲ 1734 ਵਿੱਚ ਹੋਇਆ ਸੀ। ਉਸ ਵੇਲੇ ਇਹ ਸੂਬਾ ਰਣਨੀਤਕ ਤੌਰ 'ਤੇ ਬਹੁਤ ਮਹੱਤਵਪੂਰਨ ਸੀ।
ਪਿਤਾ ਦੀ ਮੌਤ ਤੋਂ ਬਾਅਦ, ਉਨ੍ਹਾਂ ਦੀ ਗਰੀਬ ਵਿਧਵਾ ਮਾਂ ਨੇ ਅਨੂਪਗਿਰੀ ਅਤੇ ਉਨ੍ਹਾਂ ਦੇ ਵੱਡੇ ਭਰਾ ਨੂੰ ਉਨ੍ਹਾਂ ਦੇ ਇੱਕ ਜੰਗੀ ਸਰਦਾਰ ਨੂੰ ਸੌਂਪ ਦਿੱਤਾ ਸੀ।
ਅਜਿਹੀਆਂ ਕਹਾਣੀਆਂ ਹਨ ਕਿ ਉਨ੍ਹਾਂ ਨੇ ਆਪਣਾ ਬਚਪਨ ਮਿੱਟੀ ਦੇ ਸਿਪਾਹੀਆਂ ਨਾਲ ਖੇਡਦਿਆਂ ਬਿਤਾਇਆ।
ਦੰਤ ਕਥਾਵਾਂ ਤੋਂ ਪਤਾ ਲੱਗਦਾ ਹੈ ਕਿ ਅਨੂਪਗਿਰੀ ਵਰਗੇ ਲੋਕਾਂ ਨੂੰ 16ਵੀਂ ਸਦੀ ਵਿੱਚ ਹਥਿਆਰਬੰਦ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ ਤਾਂ ਜੋ ਉਹ ਮੁਸਲਮਾਨਾਂ ਦੇ ਹਮਲਿਆਂ ਤੋਂ ਬਚ ਸਕਣ।
ਪਰ, ਪਿੰਚ ਨੇ ਪਤਾ ਲਗਾਇਆ ਹੈ ਕਿ ਅਨੂਪਗਿਰੀ ਨੇ ਮੁਗ਼ਲ ਬਾਦਸ਼ਾਹ ਸ਼ਾਹ ਆਲਮ ਸਮੇਤ ਮੁਸਲਿਮ ਸ਼ਾਸਕਾਂ ਦੀ ਮਦਦ ਕੀਤੀ ਅਤੇ ਇੱਥੋਂ ਤੱਕ ਕਿ ਅਫ਼ਗਾਨ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਪਾਨੀਪਤ ਵਿੱਚ 1761 ਵਿੱਚ ਮਰਾਠਿਆਂ ਵਿਰੁੱਧ ਲੜੇ।
ਅਜਿਹੀਆਂ ਕਵਿਤਾਵਾਂ ਵਿੱਚ, ਜਿਨ੍ਹਾਂ ਵਿੱਚ ਅਨੂਪਗਿਰੀ ਦੇ ਜੀਵਨ ਦੇ ਕਿੱਸੇ ਹਨ, ਮੁਸਲਮਾਨ ਸੈਨਿਕਾਂ ਬਾਰੇ ਵੀ ਵਰਣਨ ਹੈ।
ਪਿੰਚ ਕਹਿੰਦੇ ਹਨ, "ਅਨੁਪਗਿਰੀ ਵਿੱਚ ਬਹੁਤ ਯੋਗਤਾ ਸੀ। ਉਨ੍ਹਾਂ ਦਾ ਜਨਮ ਬਹੁਤ ਚੰਗੀ ਹਾਲਤ ਵਿੱਚ ਨਹੀਂ ਹੋਇਆ ਸੀ ਅਤੇ ਉਹ ਜਾਣਦੇ ਸਨ ਕਿ ਕਿਵੇਂ ਅਤੇ ਕਦੋਂ ਲੜਨਾ ਹੈ ਅਤੇ ਕਦੋਂ ਭੱਜਣਾ ਹੈ।’’
"ਉਹ ਜਾਣਦੇ ਸੀ ਕਿ ਵਿਰੋਧੀਆਂ ਅਤੇ ਸਹਿਯੋਗੀਆਂ ਨੂੰ ਕਿਵੇਂ ਮਨਾਉਣਾ ਹੈ ਅਤੇ ਉਨ੍ਹਾਂ ਨੂੰ ਕਿਵੇਂ ਜਤਾਉਣਾ ਹੈ ਕਿ ਉਸ ਕੋਲ ਤਾਂ ਗੁਆਉਣ ਲਈ ਕੁਝ ਵੀ ਨਹੀਂ ਹੈ।"
ਡੈਲਰੀਮਪਲ ਨੇ ਬਕਸਰ ਦੀ ਫੈਸਲਾਕੁੰਨ ਲੜਾਈ ਦਾ ਬੜਾ ਹੀ ਨਾਟਕੀ ਵਰਨਣ ਕੀਤਾ ਹੈ। ਇਹ ਉਹ ਲੜਾਈ ਸੀ, ਜਿਸ ਨੇ ਬੰਗਾਲ ਅਤੇ ਬਿਹਾਰ ਉੱਤੇ ਬ੍ਰਿਟਿਸ਼ ਸੱਤਾ ਦੀ ਪੁਸ਼ਟੀ ਕੀਤੀ ਸੀ।
ਡੈਲਰੀਮਪਲ ਲਿਖਦੇ ਹਨ ਕਿ ਇਸ ਲੜਾਈ ਵਿੱਚ ਮੁਗਲ ਬਾਦਸ਼ਾਹ ਸ਼ੁਜਾ-ਉਦ-ਦੌਲਾ ਦੇ ਪੱਟ 'ਚ ਜ਼ਖ਼ਮ ਹੋ ਗਿਆ ਸੀ ਅਤੇ ਇਸ ਵੇਲੇ ਅਨੂਪਗਿਰੀ ਨੇ ਉਨ੍ਹਾਂ ਨੂੰ ਜੰਗ ਦੇ ਮੈਦਾਨ ਤੋਂ ਜਾਨ ਬਚਾ ਕੇ ਭੱਜਣ ਲਈ ਮਨਾ ਲਿਆ ਸੀ।
ਇਸ ਮੌਕੇ ਅਨੂਪਗਿਰੀ ਕਹਿੰਦੇ ਹਨ, "ਇਹ ਕੋਈ ਮਰਨ ਦਾ ਵੇਲਾ ਨਹੀਂ ਹੈ। ਅਸੀਂ ਆਸਾਨੀ ਨਾਲ ਜਿੱਤ ਜਾਵਾਂਗੇ ਅਤੇ ਕਿਸੇ ਹੋਰ ਦਿਨ ਆਪਣਾ ਬਦਲਾ ਲਵਾਂਗੇ।"
ਉਹ ਕਿਸ਼ਤੀਆਂ ਦੇ ਬਣਾਏ ਇੱਕ ਪੁੱਲ ਰਾਹੀਂ ਨਦੀ ਪਾਰ ਕਰ ਜਾਂਦੇ ਹਨ ਅਤੇ ਬਾਅਦ ਵਿੱਚ ਅਨੂਪਗਿਰੀ ਉਸ ਪੁੱਲ ਨੂੰ ਤਬਾਹ ਕਰਵਾ ਦਿੰਦੇ ਹਨ ਤਾਂ ਜੋ ਉਨ੍ਹਾਂ ਉਹ ਮੁੜ ਤੋਂ ਯੁੱਧ ਲਈ ਤਿਆਰ ਹੋ ਸਕਣ।