ਸਰਬਜੀਤ ਸਿੰਘ ਖਾਲਸਾ ਅਤੇ ਅਮ੍ਰਿਤਪਾਲ ਸਿੰਘ ਦਾ ਪਰਿਵਾਰ ਭਵਿੱਖ ਦੀ ਇਸ ਖ਼ਾਸ ਤਿਆਰੀ ਵਿੱਚ ਲੱਗਿਆ ਹੈ

ਤਸਵੀਰ ਸਰੋਤ, Surinder Singh Mann/BBC
- ਲੇਖਕ, ਸੁਰਿੰਦਰ ਸਿੰਘ ਮਾਨ
- ਰੋਲ, ਬੀਬੀਸੀ ਪੰਜਾਬੀ ਲਈ
"ਮੈਂ ਖਾਲਿਸਤਾਨ ਦਾ ਵਿਰੋਧ ਨਹੀਂ ਕਰਦਾ ਹਾਂ। ਮੈਂ ਟੇਬਲ ਟਾਕ ਰਾਹੀਂ ਖਾਲਿਸਤਾਨ ਦੇ ਮੁੱਦੇ ਉੱਪਰ ਗੱਲ ਕਰਨ ਲਈ ਤਤਪਰ ਹਾਂ। ਖਾਲਿਸਤਾਨ ਦਾ ਮੁੱਦਾ ਚੁੱਕਣ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਹੈ ਕਿ ਲੋਕਾਂ ਦਾ ਭਰੋਸਾ ਇਸ ਮੁੱਦੇ ਉੱਪਰ ਜਿੱਤਿਆ ਜਾਵੇ।"
ਇਹ ਸ਼ਬਦ ਫਰੀਦਕੋਟ ਲੋਕ ਸਭਾ ਹਲਕੇ ਤੋਂ ਆਜ਼ਾਦ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਵੀਰਵਾਰ ਨੂੰ ਮੋਗਾ ਵਿੱਚ ਕਹੇ।
ਸਰਬਜੀਤ ਸਿੰਘ ਖਾਲਸਾ ਇਸ ਵੇਲੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਅਤੇ 'ਵਾਰਸ ਪੰਜਾਬ ਦੇ' ਜਥੇਬੰਦੀ ਦੇ ਆਗੂ ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨਾਲ ਮਿਲ ਕੇ ਪੰਜਾਬ ਭਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਤਿਆਰੀ ਲਈ ਮੀਟਿੰਗਾਂ ਕਰ ਰਹੇ ਹਨ।
ਸਰਬਜੀਤ ਸਿੰਘ ਖਾਲਸਾ ਅਤੇ ਤਰਸੇਮ ਸਿੰਘ ਵੀਰਵਾਰ ਨੂੰ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਡਗਰੂ ਵਿਖੇ ਜਨਤਕ ਇਕੱਠ ਨੂੰ ਸੰਬੋਧਨ ਕਰਨ ਪਹੁੰਚੇ ਸਨ।
ਇੱਥੇ ਸਰਬਜੀਤ ਸਿੰਘ ਖਾਲਸਾ ਨੇ ਐਲਾਨ ਕੀਤਾ ਕਿ 19 ਅਗਸਤ ਨੂੰ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਮੌਕੇ ਹੋਣ ਵਾਲੀ ਕਨਵੈਂਸ਼ਨ ਵਿੱਚ ਸਿੱਖ ਮੁੱਦਿਆਂ ਬਾਰੇ ਅਗਲੀ ਰਣਨੀਤੀ ਉਲੀਕੀ ਜਾਵੇਗੀ।
19 ਅਗਸਤ ਨੂੰ ਹੋਣ ਜਾ ਰਹੀ ਇਸ ਕਨਵੈਨਸ਼ਨ ਦਾ ਐਲਾਨ ਸਰਬਜੀਤ ਸਿੰਘ ਖਾਲਸਾ ਅਤੇ ਅਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਕੀਤਾ ਗਿਆ ਹੈ।
ਨਵੀਂ ਸਿਆਸੀ ਪਾਰਟੀ ਬਣਾਉਣ ਬਾਰੇ ਕੀ ਕਿਹਾ
ਬੀਬੀਸੀ ਨਾਲ ਖਾਸ ਗੱਲਬਾਤ ਵਿੱਚ ਉਨਾਂ ਨੇ ਕਿਹਾ ਕਿ, "ਅਸੀਂ ਜਲਦੀ ਹੀ ਇੱਕ ਪੰਥਕ ਪਾਰਟੀ ਬਣਾਉਣ ਜਾ ਰਹੇ ਹਾਂ। ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਲੋਕਾਂ ਨੇ ਚੋਣਾਂ ਵਿੱਚ ਨਕਾਰ ਦਿੱਤਾ ਹੈ। ਇਸ ਲਈ ਜ਼ਰੂਰੀ ਹੈ ਕਿ ਇੱਕ ਪੰਥਕ ਧਿਰ ਪੰਜਾਬ ਵਿੱਚ ਖੜ੍ਹੀ ਕੀਤੀ ਜਾਵੇ।"

ਤਸਵੀਰ ਸਰੋਤ, Surinder Singh Mann/BBC
ਉਨ੍ਹਾਂ ਕਿਹਾ, "ਮੈਂ ਕਿਸੇ ਵੀ ਹਾਲਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਨਾਲ ਮਿਲ ਕੇ ਪੰਜਾਬ ਦੀਆਂ ਸੰਗਤਾਂ ਵਿੱਚ ਨਹੀਂ ਵਿਚਰ ਸਕਦਾ।"
ਜਦੋਂ ਉਨਾਂ ਨੂੰ ਪੁੱਛਿਆ ਗਿਆ ਕਿ ਖਾਲਿਸਤਾਨ ਦਾ ਮੁੱਦਾ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਲ ਖਾਲਸਾ ਵਰਗੇ ਸੰਗਠਨ ਪਹਿਲਾਂ ਹੀ ਚੁੱਕ ਰਹੇ ਹਨ ਤਾਂ ਤੁਸੀਂ ਇਸ ਮੁੱਦੇ 'ਤੇ ਨਵਾਂ ਕੀ ਕਰਨ ਜਾ ਰਹੇ ਹਨ।
ਇਸ ਦੇ ਜਵਾਬ ਵਿੱਚ ਉਨਾਂ ਕਿਹਾ, "ਇਹ ਗੱਲ ਠੀਕ ਹੈ। ਪਰ ਮੇਰਾ ਮੰਨਣਾ ਹੈ ਕਿ ਜਿਹੜੇ ਸੰਗਠਨ ਖਾਲਿਸਤਾਨ ਦੀ ਗੱਲ ਕਰ ਰਹੇ ਹਨ ਉਨਾਂ ਦਾ ਇਸ ਮੁੱਦੇ ਨੂੰ ਚੁੱਕਣ ਦਾ ਢੰਗ ਤਰੀਕਾ ਸਹੀ ਨਹੀਂ ਹੈ।"
"ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਖਾਲਿਸਤਾਨ ਦੀ ਗੱਲ ਕਰਨ ਵਾਲਿਆਂ ਦਾ ਲੋਕ ਸਾਥ ਨਹੀਂ ਦੇ ਰਹੇ ਹਨ।"
"ਇਸ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਖਾਲਿਸਤਾਨ ਦੀ ਗੱਲ ਕਰਨ ਵਾਲਿਆਂ ਨੂੰ ਲੋਕ ਵੋਟ ਪ੍ਰਣਾਲੀ ਰਾਹੀਂ ਹਰ ਵਾਰ ਹਰਾ ਦਿੰਦੇ ਹਨ।"
ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਉਹ ਕਹਿੰਦੇ ਹਨ, "ਮੇਰੇ ਲਈ ਸਭ ਤੋਂ ਅਹਿਮ ਪੰਜਾਬ ਦੇ ਬੁਨਿਆਦੀ ਮੁੱਦੇ ਹਨ। ਪੰਜਾਬ ਵਿੱਚ ਨਸ਼ਿਆਂ ਕਾਰਨ ਹਰ ਰੋਜ਼ ਜਵਾਨੀ ਦਾ ਘਾਣ ਹੋ ਰਿਹਾ ਹੈ। ਪੰਜਾਬ ਦੇ ਪਾਣੀਆਂ ਨੂੰ ਬਚਾਉਣਾ ਵੀ ਮੇਰੇ ਲਈ ਅਹਿਮ ਹੈ।"
ਅਮ੍ਰਿਤਪਾਲ ਸਿੰਘ ਦੇ ਪਿਤਾ ਨਾਲ ਸਾਂਝੀਆਂ ਮੀਟਿੰਗਾਂ

ਤਸਵੀਰ ਸਰੋਤ, Surinder Singh Mann/BBC
ਇਸ ਮੌਕੇ ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਨੇ ਇੱਕ ਸੁਰ ਹੁੰਦਿਆਂ ਕਿਹਾ ਕਿ 19 ਅਗਸਤ ਦੀ ਰੈਲੀ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਮੁੱਖ ਤੌਰ 'ਤੇ ਚੁੱਕਿਆ ਜਾਵੇਗਾ।
ਸਰਬਜੀਤ ਸਿੰਘ ਖਾਲਸਾ ਕਹਿੰਦੇ ਹਨ, "ਬੰਦੀ ਸਿੰਘਾਂ ਦੇ ਸੰਬੰਧ ਵਿੱਚ ਮੋਹਾਲੀ ਮੋਰਚੇ ਦੇ ਆਗੂਆਂ ਨਾਲ ਵੀ ਅਸੀਂ ਸੰਪਰਕ ਕੀਤਾ ਹੈ। ਅਸੀਂ ਉਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਸ ਮੁੱਦੇ ਲਈ ਇੱਕ ਸਹਿਮਤੀ ਬਣਾਉਣ ਲਈ ਬਾਬਾ ਬਕਾਲਾ ਦੀ ਕਨਵੈਂਸ਼ਨ ਵਿੱਚ ਸ਼ਾਮਲ ਹੋਣ।"
ਇਸ ਤੋਂ ਇਲਾਵਾ ਇਨਾਂ ਦੋਵਾਂ ਆਗੂਆਂ ਨੇ ਆਗਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਬਾਰੇ ਵੀ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ।
ਇਨ੍ਹਾਂ ਦੋਵਾਂ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਧਾਰਮਿਕ ਸੰਸਥਾ ਹੈ। ਪਰ "ਬਦਕਿਸਮਤੀ ਦੀ ਗੱਲ ਇਹ ਹੈ ਕਿ ਪਿਛਲੇ ਸਮੇਂ ਦੌਰਾਨ ਇਸ ਦਾ ਕਥਿਤ ਤੌਰ 'ਤੇ ਸਿਆਸਤ ਲਈ ਇਸਤੇਮਾਲ ਕੀਤਾ ਗਿਆ ਹੈ।"

ਸਰਬਜੀਤ ਸਿੰਘ ਖਾਲਸਾ ਨੇ ਕਿਹਾ, "ਹੁਣ ਸਮਾਂ ਆ ਗਿਆ ਹੈ ਕਿ ਸਾਫ-ਸੁਥਰੇ ਅਕਸ ਵਾਲੇ ਪੰਥਕ ਵਿਅਕਤੀਆਂ ਨੂੰ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਟਿਕਟਾਂ ਦਿੱਤੀਆਂ ਜਾਣ।"
"ਸਿੱਖਾਂ ਦੇ ਧਾਰਮਿਕ ਮਾਮਲਿਆਂ ਦੀ ਗੰਭੀਰਤਾ ਨੂੰ ਸਮਝਦੇ ਹੋਏ ਅਸੀਂ ਹਰ ਹਲਕੇ ਵਿੱਚ ਜਾ ਰਹੇ ਹਾਂ ਤਾਂ ਜੋ ਪੰਥਕ ਅਕਸ ਵਾਲੇ ਉਮੀਦਵਾਰਾਂ ਦੀ ਚੋਣ ਕੀਤੀ ਜਾ ਸਕੇ।"
ਸਰਬਜੀਤ ਸਿੰਘ ਖਾਲਸਾ ਨੇ ਸਿੱਖ ਮਸਲਿਆਂ ਨੂੰ ਲੈ ਕੇ ਕੇਂਦਰ ਸਰਕਾਰ ਉੱਪਰ ਵੀ ਕਈ ਤਰ੍ਹਾਂ ਦੇ ਸਵਾਲ ਚੁੱਕੇ ਹਨ।
ਅਮ੍ਰਿਤਪਾਲ ਸਿੰਘ ਦੀ ਰਿਹਾਈ ਸਬੰਧੀ ਕੇਂਦਰ ਸਰਕਾਰ ਨੂੰ ਸਵਾਲ
ਸਰਬਜੀਤ ਸਿੰਘ ਨੇ ਕਿਹਾ ਕਿ ਬੰਦੀ ਸਿੱਖਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਸੁਹਿਰਦ ਨਹੀਂ ਦਿਖਾਈ ਦੇ ਰਹੀ।
ਉਨ੍ਹਾਂ ਨੇ ਕਿਹਾ,"ਕੇਂਦਰ ਸਰਕਾਰ ਦੀ ਨੀਤ ਵਿੱਚ ਖੋਟ ਨੂੰ ਇਸੇ ਗੱਲ ਤੋਂ ਹੀ ਸਮਝਿਆ ਜਾ ਸਕਦਾ ਹੈ ਕੇ ਉਹ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਅਮ੍ਰਿਤਪਾਲ ਸਿੰਘ ਨੂੰ ਰਿਹਾਅ ਕਰਨ ਵਿੱਚ ਕੋਈ ਵੀ ਦਿਲਚਸਪੀ ਨਹੀਂ ਦਿਖਾ ਰਹੀ ਹੈ।"

ਤਸਵੀਰ ਸਰੋਤ, Getty Images
"ਇਸ ਸੰਦਰਭ ਵਿੱਚ ਮੈਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਸਮਾਂ ਮੰਗ ਕੇ ਉਨਾਂ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਗੱਲ ਕਿਸੇ ਸਿਰੇ ਨਹੀਂ ਚੜ੍ਹ ਸਕੀ।"
"ਮੈਂ ਇਸ ਸਿੱਟੇ ਉੱਪਰ ਪਹੁੰਚਿਆ ਹਾਂ ਕਿ ਅਮ੍ਰਿਤਪਾਲ ਸਿੰਘ ਦੀ ਰਿਹਾਈ ਸਬੰਧੀ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਅਤੇ ਪੰਜਾਬ ਸਰਕਾਰ ਦਾ ਨਜ਼ਰੀਆ ਨਾਂਹ ਪੱਖੀ ਹੀ ਹੈ।"
"ਹੁਣ ਅਸੀਂ ਫੈਸਲਾ ਕੀਤਾ ਹੈ ਕਿ ਬਾਬਾ ਬਕਾਲਾ ਦੀ ਪੰਥਕ ਕਾਨਫਰੰਸ ਤੋਂ ਬਾਅਦ ਮੈਂਬਰ ਪਾਰਲੀਮੈਂਟ ਅਮ੍ਰਿਤਪਾਲ ਸਿੰਘ ਸਮੇਤ ਹੋਰਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਵੱਡੀ ਲੋਕ ਲਹਿਰ ਖੜ੍ਹੀ ਕੀਤੀ ਜਾਵੇ।"
ਸਰਬਜੀਤ ਸਿੰਘ ਖਾਲਸਾ ਅਤੇ ਤਰਸੇਮ ਸਿੰਘ ਵੱਲੋਂ ਕੀਤੀਆਂ ਜਾ ਰਹੀਆਂ ਇਨ੍ਹਾਂ ਬੈਠਕਾਂ ਵਿੱਚ ਮੁੱਖ ਮੁੱਦਾ ਇਹ ਵੀ ਉਭਰ ਕੇ ਸਾਹਮਣੇ ਆ ਰਿਹਾ ਹੈ ਕਿ ਇਹ ਧੜਾ ਸੁਖਬੀਰ ਸਿੰਘ ਬਾਦਲ ਤੋਂ ਵੱਖ ਹੋਏ ਸੀਨੀਅਰ ਅਕਾਲੀ ਆਗੂਆਂ ਨੂੰ ਵੀ ਆਪਣੇ ਨਾਲ ਲੈ ਕੇ ਚੱਲਣ ਦੀ ਰੌਂਅ ਵਿੱਚ ਨਹੀਂ ਹੈ।
ਇਸ ਬਾਰੇ ਤਰਸੇਮ ਸਿੰਘ ਕਹਿੰਦੇ ਹਨ, "ਸਾਡੇ ਖਿਆਲ ਮੁਤਾਬਿਕ ਇਹ ਉਹੀ ਆਗੂ ਹਨ, ਜੋ ਰਾਜ-ਭਾਗ ਮਾਣਨ ਵੇਲੇ ਸੁਖਬੀਰ ਸਿੰਘ ਬਾਦਲ ਨਾਲ ਰਲ ਕੇ ਮਲਾਈਆਂ ਖਾਂਦੇ ਰਹੇ ਹਨ।"
ਕੌਣ ਹਨ ਸਰਬਜੀਤ ਸਿੰਘ ਖਾਲਸਾ

ਤਸਵੀਰ ਸਰੋਤ, Sarabjit Singh Khalsa/Facebook
ਸਰਬਜੀਤ ਸਿੰਘ ਖਾਲਸਾ ਦੇ ਪਿਤਾ ਬੇਅੰਤ ਸਿੰਘ ਸਾਲ 1984 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਅੰਗ ਰੱਖਿਅਕ ਸਨ।
ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੇਂਦਰ ਸਰਕਾਰ ਵੱਲੋਂ ਕੀਤੇ 'ਆਪਰੇਸ਼ਨ ਬਲੂ ਸਟਾਰ' ਦੇ ਵਿਰੋਧ ਵਿੱਚ ਬੇਅੰਤ ਸਿੰਘ ਨੇ ਆਪਣੇ ਇੱਕ ਸਹਿਯੋਗੀ ਸਤਵੰਤ ਸਿੰਘ ਨਾਲ ਮਿਲ ਕੇ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।
ਇਸ ਵੇਲੇ ਹੋਈ ਗੋਲੀਬਾਰੀ ਵਿੱਚ ਬੇਅੰਤ ਸਿੰਘ ਦੀ ਜਾਨ ਵੀ ਚਲੀ ਗਈ ਸੀ। ਬੇਅੰਤ ਸਿੰਘ ਦੇ ਸਹਿਯੋਗੀ ਸਤਵੰਤ ਸਿੰਘ ਵੀ ਉਸ ਵੇਲੇ ਇੰਦਰਾ ਗਾਂਧੀ ਦੇ ਅੰਗ ਰਖਿਅਕ ਸਨ।
ਇੰਦਰਾ ਗਾਂਧੀ ਕਤਲ ਕੇਸ ਦੇ ਸਬੰਧ ਵਿੱਚ ਅਦਾਲਤੀ ਕਾਰਵਾਈ ਪੂਰੀ ਹੋਣ ਤੋਂ ਬਾਅਦ 6 ਜਨਵਰੀ 1989 ਨੂੰ ਸਤਵੰਤ ਸਿੰਘ ਨੂੰ ਵੀ ਫਾਂਸੀ ਦੇ ਦਿੱਤੀ ਗਈ ਸੀ।
ਜ਼ਿਕਰਯੋਗ ਹੈ ਕਿ ਸਿੱਖਾਂ ਦੇ ਪ੍ਰਮੁੱਖ ਧਾਰਮਿਕ ਅਸਥਾਨ ਅਕਾਲ ਤਖਤ ਤੋਂ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਨੂੰ ਕੌਮੀ ਸ਼ਹੀਦਾਂ ਦਰਜਾ ਦਿੱਤਾ ਗਿਆ ਸੀ।
ਖਾਲਸਾ ਪਰਿਵਾਰ ਦੀ ਤੀਜੀ ਪੀੜ੍ਹੀ ਦੇ ਸਾਂਸਦ ਹਨ

ਤਸਵੀਰ ਸਰੋਤ, Getty Images
ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦੇ ਘਟਨਾਕ੍ਰਮ ਵਿੱਚ ਬੇਅੰਤ ਸਿੰਘ ਦਾ ਪਰਿਵਾਰ ਸਿਆਸਤ ਵਿੱਚ ਦਾਖ਼ਲਾ ਹੋ ਗਿਆ ਸੀ।
ਸਾਲ 1989 ਵਿੱਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਉਨ੍ਹਾਂ ਦੇ ਪਿਤਾ ਅਤੇ ਸਰਬਜੀਤ ਸਿੰਘ ਖਾਲਸਾ ਦੇ ਦਾਦਾ ਸੁੱਚਾ ਸਿੰਘ ਮਲੋਆ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਜਿੱਤ ਦਰਜ ਕੀਤੀ ਸੀ।
ਇਸੇ ਚੋਣ ਵਿੱਚ ਬੇਅੰਤ ਸਿੰਘ ਦੀ ਵਿਧਵਾ ਅਤੇ ਸਰਬਜੀਤ ਸਿੰਘ ਖਾਲਸਾ ਦੇ ਮਾਤਾ ਬਿਮਲ ਕੌਰ ਖਾਲਸਾ ਰੋਪੜ ਹਲਕੇ ਤੋਂ ਜਿੱਤ ਕੇ ਲੋਕ ਸਭਾ ਵਿੱਚ ਪਹੁੰਚੇ ਸਨ।
1989 ਦੀਆਂ ਲੋਕ ਸਭਾ ਚੋਣਾਂ ਵਿੱਚ ਸੰਯੁਕਤ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਾਬਾ ਜੋਗਿੰਦਰ ਸਿੰਘ ਨੇ ਸੁੱਚਾ ਸਿੰਘ ਮਲੋਆ ਅਤੇ ਬਿਮਲ ਕੌਰ ਖਾਲਸਾ ਨੂੰ ਟਿਕਟ ਦਿੱਤੀ ਸੀ।
ਸਰਬਜੀਤ ਸਿੰਘ ਨੇ ਪਹਿਲਾਂ ਕਿੱਥੋਂ ਕਿੱਥੋਂ ਚੋਣ ਲੜੀ ਸੀ
ਸਰਬਜੀਤ ਸਿੰਘ ਖਾਲਸਾ ਨੇ ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਫਰੀਦਕੋਟ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਜਿੱਤ ਪ੍ਰਾਪਤ ਕੀਤੀ ਹੈ।

ਤਸਵੀਰ ਸਰੋਤ, Surinder Singh Mann/BBC
ਇਹ ਪਹਿਲਾ ਮੌਕਾ ਨਹੀਂ ਸੀ ਕਿ ਸਰਬਜੀਤ ਸਿੰਘ ਖਾਲਸਾ ਨੇ ਲੋਕ ਸਭਾ ਦੀ ਚੋਣ ਲੜੀ ਹੋਵੇ।
ਇਸ ਤੋਂ ਪਹਿਲਾਂ ਸਰਬਜੀਤ ਸਿੰਘ ਖਾਲਸਾ ਨੇ ਸਾਲ 2004 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਵਜੋਂ ਚੋਣ ਲੜੀ ਉਨ੍ਹਾਂ ਨੂੰ ਇੱਕ ਲੱਖ ਤੋਂ ਵਧੇਰੇ ਵੋਟਾਂ ਮਿਲੀਆਂ ਪਰ ਜਿੱਤ ਨਹੀਂ ਸਕੇ।
ਇਸ ਤੋਂ ਬਾਅਦ ਸਰਬਜੀਤ ਸਿੰਘ ਖਾਲਸਾ ਨੇ ਸਾਲ 2007 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਦੌੜ ਹਲਕੇ ਤੋਂ ਆਪਣੀ ਕਿਸਮਤ ਅਜ਼ਮਾਈ ਸੀ।
ਇਹ ਚੋਣ ਉਨਾਂ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਲੜੀ ਸੀ। ਉਹ ਇਸ ਚੋਣ ਵਿੱਚ ਵੀ ਹਾਰ ਗਏ ਸਨ ਅਤੇ ਉਨਾਂ ਨੂੰ 15 ਹਜ਼ਾਰ ਤੋਂ ਵੱਧ ਵੋਟਾਂ ਹਾਸਲ ਹੋਈਆਂ ਸਨ।
ਇਸੇ ਤਰ੍ਹਾਂ ਸਾਲ 2014 ਵਿੱਚ ਬਹੁਜਨ ਸਮਾਜ ਪਾਰਟੀ ਦੀ ਟਿਕਟ ਉੱਪਰ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਲੜੀ ਸੀ ਪਰ ਉਹ ਸਫ਼ਲ ਨਹੀਂ ਹੋ ਸਕੇ ਸਨ।
ਸਰਬਜੀਤ ਸਿੰਘ ਖਾਲਸਾ ਨੇ ਪਾਰਲੀਮੈਂਟ ਵਿੱਚ ਕੀ ਮੁੱਦਾ ਰੱਖਿਆ ਹੈ?
ਬੀਬੀਸੀ ਨਾਲ ਗੱਲਬਾਤ ਕਰਦਿਆਂ ਸਰਬਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਉਨਾਂ ਨੇ ਲੋਕ ਸਭਾ ਵਿੱਚ ਇੱਕ ਪ੍ਰਾਈਵੇਟ ਬਿਲ ਰੱਖਿਆ ਹੈ।
"ਮੈਂ ਲੋਕ ਸਭਾ ਵਿੱਚ ਇੱਕ ਪ੍ਰਾਈਵੇਟ ਬਿੱਲ ਲਿਆਉਣ ਦਾ ਮਤਾ ਲੋਕ ਸਭਾ ਸਪੀਕਰ ਨੂੰ ਦਿੱਤਾ ਹੈ। ਇਸ ਬਿੱਲ ਦਾ ਮਕਸਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਕਾਇਮ ਰੱਖਣਾ ਹੈ।"
"ਮੈਂ ਬਿੱਲ ਵਿੱਚ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਦੀ ਸੂਰਤ ਵਿੱਚ ਲਈ ਘੱਟੋ-ਘੱਟ ਉਮਰ ਕੈਦ ਦੀ ਸਜ਼ਾ ਤੈਅ ਕੀਤੀ ਜਾਵੇ।"
"ਮੇਰੀ ਦੂਜੀ ਪ੍ਰਮੁੱਖਤਾ ਆਮ ਲੋਕਾਂ ਨੂੰ ਹਰ ਬੁਨਿਆਦੀ ਸਹੂਲਤ ਮੁਹੱਈਆ ਕਰਵਾਉਣਾ ਹੈ।"
"ਇਹ ਵੱਖਰੀ ਗੱਲ ਹੈ ਕਿ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਮੈਨੂੰ ਵੋਟਾਂ ਪਾਉਣ ਵਾਲੇ ਲੋਕਾਂ ਨੂੰ ਹਰ ਮੁਹਾਜ਼ 'ਤੇ ਤੰਗ ਪਰੇਸ਼ਾਨ ਕਰ ਰਹੀ ਹੈ।"
ਜ਼ਿਮਨੀ ਚੋਣਾਂ ਲੜਨ ਬਾਰੇ ਧੜੇ ਦੀ ਕੀ ਰਾਇ ਹੈ?

ਪੰਜਾਬ ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਖਾਲੀ ਹੋਈਆਂ ਵਿਧਾਨ ਸਭਾ ਦੀਆਂ ਸੀਟਾਂ ਉੱਪਰ ਜ਼ਿਮਨੀ ਚੋਣ ਲੜਨ ਬਾਰੇ ਵੀ ਸਰਬਜੀਤ ਸਿੰਘ ਖਾਲਸਾ ਅਤੇ ਤਰਸੇਮ ਸਿੰਘ ਨੇ ਆਪਣੇ ਵਿਚਾਰ ਰੱਖੇ।
ਸਰਬਜੀਤ ਸਿੰਘ ਖਾਲਸਾ ਕਹਿੰਦੇ ਹਨ, "ਹਾਲੇ ਤੱਕ ਅਸੀਂ ਜ਼ਿਮਨੀ ਚੋਣਾਂ ਲੜਨ ਬਾਰੇ ਕੋਈ ਏਜੰਡਾ ਤੈਅ ਨਹੀਂ ਕੀਤਾ ਹੈ। ਬਾਬਾ ਬਕਾਲਾ ਵਿਖੇ 19 ਅਗਸਤ ਨੂੰ ਹੋਣ ਵਾਲੀ ਪੰਥਕ ਕਨਵੈਂਸ਼ਨ ਤੋਂ ਬਾਅਦ ਇਸ ਮੁੱਦੇ ਉੱਪਰ ਸੰਗਤ ਨਾਲ ਸਲਾਹ-ਮਸ਼ਵਰਾ ਕਰਕੇ ਆਮ ਸਹਿਮਤੀ ਬਣਾ ਲਈ ਜਾਵੇਗੀ।"
ਉਧਰ, ਲੋਕ ਸਭਾ ਮੈਂਬਰ ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਕਹਿੰਦੇ ਹਨ, "ਜਿਸ ਦਿਨ ਅਮ੍ਰਿਤਪਾਲ ਸਿੰਘ ਨੇ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ ਸੀ ਤਾਂ ਉਸ ਦਿਨ ਮੇਰੀ ਉਨ੍ਹਾਂ ਨਾਲ ਹੋਈ ਮੁਲਾਕਾਤ ਵਿੱਚ ਉਨ੍ਹਾਂ ਨੇ ਸਿਰਫ਼ ਇਹੀ ਸੰਦੇਸ਼ ਦਿੱਤਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਕਮਰਕਸੇ ਕੀਤੇ ਜਾਣ।"
"ਅਸੀਂ ਬਾਬਾ ਬਕਾਲਾ ਦੀ ਕਨਵੈਂਸ਼ਨ ਤੋਂ ਬਾਅਦ ਅਮ੍ਰਿਤਪਾਲ ਸਿੰਘ ਨਾਲ ਗੱਲਬਾਤ ਕਰਕੇ ਪੰਜਾਬ ਵਿੱਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਸਬੰਧੀ ਅਗਲੀ ਰਣਨੀਤੀ ਦਾ ਫੈਸਲਾ ਜਲਦੀ ਹੀ ਕਰਾਂਗੇ।"
ਜ਼ਿਕਰਯੋਗ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚਾਰ ਸੀਟਾਂ ਉੱਤੇ ਜ਼ਿਮਨੀ ਚੋਣਾਂ ਹੋਣੀਆਂ ਹਨ। ਇਨ੍ਹਾਂ ਵਿੱਚੋਂ ਤਿੰਨ ਉੱਤੇ ਅਮ੍ਰਿਤਪਾਲ ਸਿੰਘ ਦੇ ਤਿੰਨ ਸਾਥੀ ਪਹਿਲਾਂ ਹੀ ਇਹ ਚੋਣਾਂ ਲੜਨ ਦਾ ਐਲਾਨ ਕਰ ਚੁੱਕੇ ਹਨ-
- ਬਰਨਾਲਾ ਵਿਧਾਨ ਸਭਾ ਹਲਕੇ ਤੋਂ ਕੁਲਵੰਤ ਸਿੰਘ ਰਾਊਕੇ ਜ਼ਿਮਨੀ ਚੋਣ ਲੜਨ ਦਾ ਐਲਾਨ ਕੀਤਾ ਹੈ।
- ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਜ਼ਿਮਨੀ ਚੋਣ ਲੜਨਗੇ।
- ਡੇਰ੍ਹਾ ਬਾਬਾ ਨਾਨਕ ਵਿਧਾਨ ਸਭਾ ਸੀਟ ਤੋਂ ਦਲਜੀਤ ਸਿੰਘ ਕਲਸੀ ਨੇ ਜ਼ਿਮਨੀ ਚੋਣ ਮੈਦਾਨ ਵਿੱਚ ਨਿੱਤਰਨ ਦਾ ਐਲਾਨ ਕੀਤਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ













