ਜੇਕਰ ਤੁਸੀਂ ਵੀ ਸ਼ਰਾਬ ਦੀ ਥਾਂ ਨੌਨ ਐਲਕੋਹਲਿਕ ਬੀਅਰ ਜਾਂ ਵਾਈਨ ਲੈਣ ਨੂੰ ਤਵੱਜੋ ਦਿੰਦੇ ਹੋ ਤਾਂ ਜਾਣੋ ਇਹ ਸਿਹਤ ਲਈ ਕਿੰਨੀ ਹਾਨੀਕਾਰਕ ਹੋ ਸਕਦੀ ਹੈ

    • ਲੇਖਕ, ਕੇਟ ਜੋਨਜ਼
    • ਰੋਲ, ਬੀਬੀਸੀ ਨਿਊਜ਼

ਹਾਲ ਦੇ ਸਾਲਾਂ ਵਿੱਚ ਨੌਨ ਐਲਕੋਹਲਿਕ (ਜਿਨ੍ਹਾਂ ਵਿੱਚ ਸ਼ਰਾਬ ਦਾ ਨਸ਼ਾ ਨਹੀਂ ਹੁੰਦਾ) ਡ੍ਰਿੰਕਸ ਦੀ ਮਸ਼ਹੂਰੀ ਵਿੱਚ ਤੇਜ਼ੀ ਆਈ ਹੈ। ਵਾਈਨ ਤੋਂ ਬੀਅਰ, ਸਾਈਡਰ (ਸੇਬ ਤੋਂ ਬਣਨ ਵਾਲੀਆਂ ਡ੍ਰਿੰਕਸ) ਤੱਕ, ਹੁਣ ਬਦਲ ਪਹਿਲਾਂ ਨਾਲੋਂ ਕਾਫੀ ਵਧ ਗਏ ਹਨ।

ਯੂਗੋਵ ਦੀ ਇੱਕ ਰਿਸਰਚ ਦੇ ਅਨੁਸਾਰ, ਯੂਕੇ ਵਿੱਚ 38 ਫੀਸਦ ਪੀਣ ਵਾਲੇ ਲੋਕ ਹੁਣ ਨਿਯਮਿਤ ਤੌਰ 'ਤੇ ਘੱਟ ਅਤੇ ਬਿਨਾਂ ਐਲਕੋਹਲ ਨਾਮ ਵਾਲੇ ਬਦਲਾਂ ਦੇ ਸੇਵਨ ਕਰ ਰਹੇ ਹਨ, ਜੋ 2022 ਵਿੱਚ 29 ਫੀਸਦ ਸੀ।

ਅਜਿਹੇ ਪੀਣ ਵਾਲੇ ਪਦਾਰਥ ਦੀ ਵਰਤੋਂ ਕਈ ਲੋਕ ਮੁੱਖ ਤੌਰ 'ਤੇ ਐਲਕੋਹਲ ਰਹਿਤ ਡ੍ਰਿੰਕਸ ਦੀ ਲਾਲਸਾ ਨੂੰ ਪੂਰਾ ਕਰਨ ਲਈ ਅਜਿਹਾ ਕਰਦੇ ਹਨ। ਹਾਲਾਂਕਿ, ਅਜਿਹੇ ਵੀ ਲੋਕ ਹਨ ਜੋ ਇਸ ਭਰੋਸੇ ਨਾਲ ਇਹ ਖੀਰਦਦੇ ਹਨ ਕਿ ਇਹ ਬਿਨਾਂ ਐਲਕੋਹਲ ਵਾਲੀ ਡ੍ਰਿੰਕ ਅਸਲ ਸ਼ਰਾਬ ਤੋਂ ਵਧੇਰੇ ਸਿਹਤਮੰਦ ਹੈ।

ਇੱਕ ਗਲੋਬਲ ਮਾਰਕੀਟ ਰਿਸਰਚ ਅਤੇ ਇੰਟੈਲੀਜੈਂਸ ਕੰਪਨੀ ਮਿੰਟੇਲ ਦੁਆਰਾ ਕੀਤੇ ਗਏ ਇੱਕ ਅਧਿਐਨ ਦੇ ਅਨੁਸਾਰ, 15 ਤੋਂ 20 ਫੀਸਦ ਖਪਤਕਾਰ ਵਾਧੂ ਸਿਹਤ ਲਾਭਾਂ ਦੇ ਕਾਰਨ ਨੌਨ-ਐਲਕੋਹਲਿਕ ਜਾਂ ਅਲਕੋਹਲ-ਮੁਕਤ ਡ੍ਰਿੰਕਸ ਖਰੀਦਣ ਲਈ ਪ੍ਰੇਰਿਤ ਹੋਏ ਸਨ।

ਪਰ ਇੱਥੇ ਸਵਾਲ ਇਹ ਹੈ ਕਿ ਕੀ ਅਜਿਹੇ ਅਜਿਹੀਆਂ ਡ੍ਰਿੰਕਸ ਦਾ ਸੇਵਨ ਅਗਲੀ ਸਵੇਰ ਸਿਰ ਦਰਦ ਨਾ ਹੋਣ ਤੋਂ ਇਲਾਵਾ ਕੋਈ ਹੋਰ ਸਿਹਤ ਲਾਭ ਹੁੰਦਾ ਹੈ?

ਨੌਨ ਐਲਕੋਹਲਿਕ ਡ੍ਰਿੰਕਸ ਇੰਨੀਆਂ ਮਸ਼ਹੂਰ ਕਿਵੇਂ ਹੋ ਗਈਆਂ ਹਨ?

ਅਲਸਟਰ ਯੂਨੀਵਰਸਿਟੀ ਦੇ ਡਾਇਟੈਟਿਕਸ ਦੇ ਸੀਨੀਅਰ ਲੈਕਚਰਾਰ ਡਾ. ਕਾਓਮਹਾਨ ਲੋਗ ਦਾ ਮੰਨਣਾ ਹੈ ਕਿ ਰਵੱਈਏ ਵਿੱਚ ਇੱਕ ਸੱਭਿਆਚਾਰਕ ਤਬਦੀਲੀ ਆਈ ਹੈ।

ਉਨ੍ਹਾਂ ਦਾ ਕਹਿਣਾ ਹੈ, "ਮੈਨੂੰ ਲੱਗਦਾ ਹੈ ਕਿ ਸ਼ਰਾਬ ਦੀ ਖਪਤ ਅਤੇ ਇਸ ਦੇ ਨਤੀਜਿਆਂ ਬਾਰੇ ਵਧੇਰੇ ਜਾਣਕਾਰੀ ਉਪਲਬਧ ਹੋਣ ਦੇ ਨਾਲ, ਲੋਕ ਹੁਣ ਨੌਨ-ਐਲਕੋਹਲਿਕ ਡ੍ਰਿੰਕਸ ਪ੍ਰਤੀ ਵਧੇਰੇ ਉਤਸ਼ਾਹਿਤ ਹੋ ਰਹੇ ਹਨ ਅਤੇ ਉਦਯੋਗ ਇਸ ਮੰਗ ਦਾ ਲਾਭ ਚੁੱਕ ਰਿਹਾ ਹੈ।"

ਡਾਇਟੀਸ਼ੀਅਨ ਅਤੇ ਬ੍ਰਿਟਿਸ਼ ਡਾਇਬੀਟਿਕ ਐਸੋਸੀਏਸ਼ਨ ਦੇ ਬੁਲਾਰੇ ਡਾ. ਡੁਏਨ ਮੇਲਰ ਕਹਿੰਦੇ ਹਨ, "ਸਮਾਜਿਕ ਸਮਾਗਮਾਂ ਦਾ ਆਨੰਦ ਮਾਣਨ ਦੇ ਚਾਹਵਾਨ ਬਾਲਗਾਂ ਲਈ ਹਮੇਸ਼ਾ ਤੋਂ ਹੀ ਨੌਨ-ਐਲਕੋਹਲਿਕ ਡ੍ਰਿੰਕਸ ਦੀ ਲੋੜ ਰਹੀ ਹੈ।"

"ਮੈਨੂੰ ਲੱਗਦਾ ਹੈ ਕਿ ਪਹਿਲਾਂ ਸਮੱਸਿਆ ਇਹ ਸੀ ਕਿ ਇਹ ਪੀਣ ਵਾਲੇ ਪਦਾਰਥ ਬਹੁਤੇ ਚੰਗੇ ਨਹੀਂ ਹੁੰਦੇ ਸਨ ਅਤੇ ਹੁਣ ਸ਼ਰਾਬ ਕੱਢਣ ਦੀਆਂ ਘੱਟ-ਦਬਾਅ ਵਾਲੀਆਂ ਵਿਧੀਆਂ ਕਾਰਨ ਤੁਸੀਂ ਚੰਗੀ ਬੀਅਰ ਜਾਂ ਵਾਈਨ ਬਣਾ ਸਕਦੇ ਹੋ।"

ਪਰ ਕੀ ਨੌਨ-ਐਲਕੋਹਲਿਕ ਡ੍ਰਿੰਕਸ ਬਾਰੇ ਕੀਤੇ ਜਾਣ ਵਾਲੇ ਸਿਹਤ ਸਬੰਧੀ ਦਾਅਵਿਆਂ ਦਾ ਕੋਈ ਆਧਾਰ ਹੈ? ਅਸੀਂ ਕਈ ਮਿੱਥਾਂ ਨੂੰ ਮਾਹਰਾਂ ਦੇ ਸਾਹਮਣੇ ਰੱਖ ਕੇ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ।

ਕੀ ਸਾਰੇ ਨੌਨ-ਐਲਕੋਹਲਿਕ ਡ੍ਰਿੰਕਸ ਪੂਰੀ ਤਰ੍ਹਾਂ ਐਲਕੋਹਲ ਮੁਕਤ ਹੁੰਦੇ ਹਨ?

ਲੋਗ ਦਾ ਕਹਿਣਾ ਹੈ, "ਮੈਂ 'ਐਲਕੋਹਲ ਮੁਕਤ' ਲੇਬਲ ਵਾਲੀ ਕਿਸੇ ਵੀ ਚੀਜ਼ ਤੋਂ ਸਾਵਧਾਨ ਰਹਾਂਗਾ, ਕਿਉਂਕਿ ਸਰਕਾਰ ਦੀ ਸਲਾਹ ਹੈ ਕਿ ਇਸ ਵਿੱਚ ਕੁਝ ਮਾਤਰਾ ਵਿੱਚ ਐਲਕੋਹਲ ਹੋ ਸਕਦਾ ਹੈ।"

ਯੂਕੇ ਵਿੱਚ ਸ਼ਰਾਬ ਨਾਲ ਜੁੜੇ ਨੁਕਸਾਨ ਨੂੰ ਘਟਾਉਣ ਲਈ ਕੰਮ ਕਰਨ ਵਾਲੀ ਇੱਕ ਸੰਸਥਾ, ਡ੍ਰਿੰਕਵੇਅਰ ਐਸੋਸੀਏਸ਼ਨ ਦੇ ਅਨੁਸਾਰ, 'ਸ਼ਰਾਬ-ਮੁਕਤ' ਲੇਬਲ ਵਾਲੇ ਡ੍ਰਿੰਕਸ ਵਿੱਚ ਮਾਤਰਾ ਦੇ ਹਿਸਾਬ ਨਾਲ 0.5 ਫੀਸਦ ਤੱਕ ਏਬੀਪੀ (ਅਲਕੋਹਲ ਬਾਏ ਵੋਲਿਊਮ) ਹੋ ਸਕਦੀ ਹੈ, ਜਦਕਿ 'ਘੱਟ ਅਲਕੋਹਲ' ਵਾਲੇ ਪੀਣ ਵਾਲੇ ਪਦਾਰਥਾਂ ਵਿੱਚ 1.2 ਫੀਸਦ ਏਬੀਵੀ ਹੋ ਸਕਦੀ ਹੈ।

ਕੀ ਨੌਨ-ਅਲਕੋਹਲਿਕ ਡ੍ਰਿੰਕਸ ਵਿੱਚ ਕੈਲੋਰੀ ਘੱਟ ਹੁੰਦੀ ਹੈ?

ਬ੍ਰਿਟਿਸ਼ ਨਿਊਟ੍ਰੀਸ਼ਨ ਫਾਊਂਡੇਸ਼ਨ ਦੇ ਪੋਸ਼ਣ ਵਿਗਿਆਨੀ ਬ੍ਰਿਜੇਟ ਬੇਨੇਲਮ ਕਹਿੰਦੇ ਹਨ, "ਸ਼ਰਾਬ ਵਿੱਚ ਕੈਲੋਰੀ ਹੁੰਦੀ ਹੈ, ਇਸ ਲਈ ਇੱਕ ਨੌਨ-ਐਲਕੋਹਲਿਕ ਬੀਅਰ ਵਿੱਚ ਇੱਕ ਅਲਕੋਹਲ ਵਾਲੀ ਬੀਅਰ ਨਾਲੋਂ ਘੱਟ ਕੈਲੋਰੀ ਹੋਵੇਗੀ।"

ਮੇਲਰ ਕਹਿੰਦੇ ਹਨ, "ਸ਼ਰਾਬ ਵਿੱਚ ਪ੍ਰਤੀ ਗ੍ਰਾਮ ਸੱਤ ਕੈਲੋਰੀ ਹੁੰਦੀ ਹੈ।"

ਹਾਲਾਂਕਿ, ਬੈਨੇਲਮ ਕਹਿੰਦੇ ਹਨ ਕਿ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਨੌਨ-ਐਲਕੋਹਲਿਕ ਡ੍ਰਿੰਕਸ ਕੈਲੋਰੀ-ਮੁਕਤ ਨਹੀਂ ਹੁੰਦੀਆਂ।

ਮੇਲਰ ਕਹਿੰਦੇ ਹਨ, "ਹਾਲਾਂਕਿ, ਪੀਣ ਦੀ ਕਿਸਮ 'ਤੇ ਨਿਰਭਰ ਕਰਦਾ ਹੈ ਕਿ ਉਸ ਵਿੱਚ ਕਿੰਨੀ ਕੈਲੋਰੀ ਹੈ ਅਤੇ ਇਹ ਮਿੱਠੇ ਵੀ ਹੋ ਸਕਦੇ ਹਨ। ਅਜਿਹੇ ਪੀਣ ਵਾਲੇ ਪਦਾਰਥਾਂ ਨੂੰ ਮਿੱਠਾ ਜਾਂ ਸ਼ਰਬਤੀ ਬਣਾਉਣ ਲਈ ਚੰਗੀ ਮਾਤਰਾ ਵਿੱਚ ਖੰਡ ਪਾਈ ਹੋ ਸਕਦੀ ਹੈ।"

ਕੀ ਨੌਨ-ਐਲਕੋਹਲਿਕ ਡ੍ਰਿੰਕਸ ਤੁਹਾਡੇ ਲੀਵਰ ਲਈ ਠੀਕ ਹਨ?

ਲੋਗ ਕਹਿੰਦੇ ਹਨ, "ਲੰਬੇ ਸਮੇਂ ਲਈ ਬਹੁਤ ਜ਼ਿਆਦਾ ਸ਼ਰਾਬ ਦਾ ਸੇਵਨ ਲੀਵਰ ਲਈ ਨੁਕਸਾਨਦੇਹ ਹੋ ਸਕਦਾ ਹੈ। ਜੇਕਰ ਤੁਸੀਂ ਇਸ ਗਣਨਾ ਤੋਂ ਐਲਕੋਹਲ ਨੂੰ ਹਟਾ ਦਿੰਦੇ ਹੋ, ਤਾਂ ਅਜਿਹਾ ਕੋਈ ਪ੍ਰਭਾਵ ਨਹੀਂ ਮਿਲੇਗਾ।"

ਹਾਲਾਂਕਿ, ਖੁਰਾਕ ਵਿਗਿਆਨੀ ਬਹੁਤ ਜ਼ਿਆਦਾ ਮਾਤਰਾ ਵਿੱਚ ਮੁਫਤ ਮਿੱਠੇ ਦਾ ਸੇਵਨ ਕਰਨ ਤੋਂ ਸਾਵਧਾਨ ਕਰਦੇ ਹਨ। ਇਹ ਧਿਆਨ ਦੇਣ ਯੋਗ ਹੈ ਕਿ ਮੁਫ਼ਤ ਮਿੱਠੇ ਦਾ ਅਰਥ ਹੈ ਭੋਜਨ ਜਾਂ ਪੀਣ ਵਾਲੇ ਪਦਾਰਥਾਂ ਵਿੱਚ ਪਾਇਆ ਗਿਆ ਕਿਸੇ ਪ੍ਰਕਾਰ ਦਾ ਮਿੱਠਾ, ਨਾਲ ਹੀ ਸ਼ਰਬਤ, ਸ਼ਹਿਦ, ਸਵੀਟਨਰ ਅਤੇ ਬਿਨਾਂ ਮਿੱਠੇ ਫਲਾਂ ਦੇ ਰਸ, ਸਬਜ਼ੀਆਂ ਦੇ ਰਸ ਅਤੇ ਸਮੂਦੀ ਵਿੱਚ ਪਾਇਆ ਜਾਣ ਵਾਲਾ ਮਿੱਠਾ।

ਉਹ ਦੱਸਦੇ ਹਨ ਕਿ ਐਲਕੋਹਲ-ਮੁਕਤ ਬਦਲਾਂ ਰਾਹੀਂ ਬਹੁਤ ਜ਼ਿਆਦਾ ਮੁਫ਼ਤ ਸ਼ੱਕਰ ਦਾ ਸੇਵਨ ਕਰਨ ਦਾ ਜੋਖ਼ਮ ਵੀ ਰਹਿੰਦਾ ਹੈ।

ਉਹ ਕਹਿੰਦੇ ਹਨ, "ਜ਼ਿਆਦਾ ਸੇਵਨ ਲੀਵਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ।"

ਕੀ ਨੌਨ-ਐਲਕੋਹਲਿਕ ਡ੍ਰਿੰਕਸ ਸਿਹਤ ਲਈ ਚੰਗੇ ਹਨ?

ਲੋਗ ਕਹਿੰਦੇ ਹਨ ਕਿ ਬਹੁਤ ਘੱਟ ਐਲਕੋਹਲ ਵਾਲੀ ਰੈੱਡ ਵਾਈਨ ਦਿਲ ਦੀ ਬਿਮਾਰੀ ਨੂੰ ਰੋਕਣ ਵਿੱਚ ਮਦਦ ਕਰ ਸਕਦੀ ਹੈ। ਇਸ ਤੋਂ ਇਲਾਵਾ, ਬੇਨੇਲਮ ਕਹਿੰਦੇ ਹਨ ਕਿ ਕੁਝ ਨੌਨ-ਐਲਕੋਹਲਿਕ ਵਾਲੀਆਂ ਬੀਅਰਾਂ ਵਿੱਚ ਬੀ ਵਿਟਾਮਿਨ ਹੁੰਦੇ ਹਨ।

ਮੇਲਰ ਅੱਗੇ ਕਹਿੰਦੇ ਹਨ, "ਖ਼ਾਸ ਕਰਕੇ ਬੀਅਰ ਵਰਗੇ ਉਤਪਾਦਾਂ ਵਿੱਚ ਕੁਝ ਮਿਸ਼ਰਣ ਹੁੰਦੇ ਹਨ ਜੋ ਦਿਲਚਸਪ ਹੋ ਸਕਦੇ ਹਨ।"

ਹਾਲਾਂਕਿ, ਬੇਨੇਲਮ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਨੌਨ-ਐਲਕੋਹਲਿਕ ਡ੍ਰਿੰਕਸ ਨੂੰ ਆਮ ਤੌਰ 'ਤੇ ਪੋਸ਼ਣ ਦਾ ਮੁੱਖ ਸਰੋਤ ਨਹੀਂ ਮੰਨਿਆ ਜਾਣਾ ਚਾਹੀਦਾ ਹੈ।

ਉਹ ਕਹਿੰਦੇ ਹਨ, "ਜਦੋਂ ਅਸੀਂ ਪੌਸ਼ਟਿਕ ਤੱਤਾਂ ਬਾਰੇ ਗੱਲ ਕਰਦੇ ਹਾਂ ਅਤੇ ਉਨ੍ਹਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਦੇ ਹਾਂ, ਤਾਂ ਇਹ ਇੱਕ ਸਿਹਤਮੰਦ ਅਤੇ ਸੰਤੁਲਿਤ ਖੁਰਾਕ ਦੇ ਆਲੇ-ਦੁਆਲੇ ਹੁੰਦਾ ਹੈ।"

ਮੇਲਰ ਬਹੁਤ ਜ਼ਿਆਦਾ ਤਰਲ ਪਦਾਰਥਾਂ ਅਤੇ ਮਿੱਠੇ ਦੀ ਖਪਤ ਦੇ ਜੋਖ਼ਮਾਂ ਦੇ ਨਾਲ-ਨਾਲ ਦੰਦਾਂ 'ਤੇ ਤੇਜ਼ਾਬ (ਇਨੇਮਲ) ਵਾਲੇ ਪੀਣ ਵਾਲੇ ਪਦਾਰਥਾਂ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਚੇਤਾਵਨੀ ਦਿੰਦਾ ਹੈ।

ਆਪਣੀ ਡ੍ਰਿਕ ਖ਼ੁਦ ਬਣਾਓ

ਜੇਕਰ ਤੁਹਾਨੂੰ ਬਾਜ਼ਾਰ ਵਿੱਚ ਮਿਲਣ ਵਾਲੇ ਨੌਨ-ਐਲਕੋਹਲਿਕ ਡ੍ਰਿੰਕਸ ਨਹੀਂ ਪਸੰਦ ਹਨ ਤਾਂ ਆਪਣੀ ਡ੍ਰਿੰਕ ਆਪ ਬਣਾਉਣਾ ਚੰਗਾ ਬਦਲ ਹੈ।

ਕਾਕਟੇਲ ਮਾਹਰ ਪ੍ਰੀਤੇਸ਼ ਮੋਦੀ ਕਹਿੰਦੇ ਹਨ, "ਜਿਵੇਂ ਤੁਸੀਂ ਆਪਣੇ ਅਲਕੋਹਲਿਕ ਡ੍ਰਿੰਕਸ ਦੀ ਦਿੱਖ ਵੱਲ ਧਿਆਨ ਦਿੰਦੇ ਹੋ, ਉਸੇ ਤਰ੍ਹਾਂ ਨੌਨ-ਐਲਕੋਹਲਿਕ ਡ੍ਰਿੰਕਸ ਦੀ ਦਿੱਖ ਵੱਲ ਧਿਆਨ ਦੇਣਾ ਵੀ ਓਨਾਂ ਹੀ ਮਹੱਤਵਪੂਰਨ ਹੁੰਦਾ ਹੈ।"

"ਐਲਕੋਹਲ ਵਾਲੇ ਡ੍ਰਿੰਕਸ ਦੇ ਮਾਮਲੇ ਵਿੱਚ ਪੀਣ ਵਾਲੇ ਪਦਾਰਥ ਦਾ ਸੁਆਦ ਬਾਲਗਾਂ ਦੀ ਡ੍ਰਿੰਕ ਵਾਂਗ ਹੋਣਾ ਚਾਹੀਦਾ ਹੈ, ਇਸ ਲਈ ਕੁੜੱਤਣ ਅਤੇ ਐਸਿਡਿਟੀ ਵੀ ਮਹੱਤਵਪੂਰਨ ਹੈ।"

ਇਹ ਮਾਹਰ ਕੌਫੀ ਅਤੇ ਟੌਨਿਕ, ਕੌਫੀ ਅਤੇ ਜਿੰਜਰ ਏਲ ਅਤੇ ਫਲੈਵਰਡ ਚਾਹਾਂ ਦਾ ਸ਼ੌਕੀਨ ਹੈ।

ਉਨ੍ਹਾਂ ਨੇ ਅੱਗੇ ਕਿਹਾ, "ਸੇਬ ਦਾ ਰਸ, ਨਿੰਬੂ ਦਾ ਰਸ ਅਤੇ ਅਦਰਕ ਵਾਲੀ ਬੀਅਰ, ਇਹ ਸਾਰੇ ਬਹੁਤ ਸੁਆਦਲੇ ਡ੍ਰਿੰਕਸ ਹੁੰਦੇ ਹਨ।"

ਮੋਦੀ ਕੋਂਬੁਚਾ ਦਾ ਵੀ ਸੁਝਾਅ ਦਿੰਦੇ ਹਨ। ਹਾਲਾਂਕਿ, ਕਿਣਵਨ ਪ੍ਰਕਿਰਿਆ ਦੇ ਕਾਰਨ ਇਸ ਵਿੱਚ ਕੁਝ ਮਾਤਰਾ ਵਿੱਚ ਐਲਕੋਹਲਿਕ ਹੋਣ ਦੀ ਸੰਭਾਵਨਾ ਹੈ।

ਉਹ ਸਟਾਰਟਰ ਵਜੋਂ ਵਰਜਿਨ ਐਸਪ੍ਰੈਸੋ ਮਾਰਟਿਨੀ ਅਤੇ ਸਾਈਡਰ ਦੇ ਬਦਲ ਵਜੋਂ ਸਾਈਡਰ ਵਿਨੇਗਰ, ਸੇਬ ਦਾ ਰਸ ਅਤੇ ਸੋਡਾ ਦਾ ਵਰਤਣ ਦੀ ਵੀ ਸਲਾਹ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)