ਮੁਆਮਰ ਗੱਦਾਫ਼ੀ: ਕਿਸਾਨ ਦਾ ਪੁੱਤ ਜਿਸ ਦੀ ਸੁਰੱਖਿਆ ਲਈ ਔਰਤਾਂ ਤਾਇਨਾਤ ਹੁੰਦੀਆਂ ਸਨ, ਕਿਵੇਂ 40 ਸਾਲ ਦੇ ਸ਼ਾਸ਼ਨ ’ਚ ਦੁਨੀਆਂ ਦੀ ਖਿੱਚ ਦਾ ਕਾਰਨ ਬਣਿਆ

ਮੁਆਮਰ ਗੱਦਾਫ਼ੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁਆਮਰ ਗੱਦਾਫ਼ੀ ਦੇ ਬਿਹਤਰ ਸਿੱਖਿਆ ਹਾਸਲ ਕਰਨ ਦੇ ਮਕਸਦ ਨਾਲ ਫ਼ੌਜ ਵਿੱਚ ਜਾਣ ਦਾ ਫ਼ੈਸਲਾ ਲਿਆ
    • ਲੇਖਕ, ਵਲੀਦ ਬਦਰਾਨ
    • ਰੋਲ, ਬੀਬੀਸੀ ਪੱਤਰਕਾਰ

16 ਜਨਵਰੀ 1970 ਨੂੰ ਲੀਬੀਆ ਦੇ ਪ੍ਰਧਾਨ ਮੰਤਰੀ ਬਣਨ ਵਾਲੇ ਮੁਆਮਰ ਗੱਦਾਫ਼ੀ ਨੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦਾ ਰਾਜ 42 ਸਾਲ ਤੱਕ ਚੱਲੇਗਾ ਅਤੇ ਇਸ ਦਾ ਅੰਜਾਮ ਕਿਸ ਤਰ੍ਹਾਂ ਦਾ ਹੋਵੇਗਾ।

ਆਪਣੇ ਸੱਤਾ ਦੇ ਦੌਰ ਵਿੱਚ ਉਨ੍ਹਾਂ ਨੇ ਆਪਣੇ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੇ ਵਿਰੋਧ ਨੂੰ ਬੇਹੱਦ ਬੇਰਹਿਮੀ ਨਾਲ ਕੁਚਲ ਮੁਕਾਇਆ।

ਸ਼ਾਇਦ ਇਹੀ ਕਾਰਨ ਸੀ ਕਿ ਉਨ੍ਹਾਂ ਸਾਹਮਣੇ ਕੋਈ ਹੋਰ ਆਗੂ ਉਭਰ ਨਹੀਂ ਸਕਿਆ ਅਤੇ ਫਿਰ ਸਾਲ 2011 ਵਿੱਚ ਟਿਊਨੀਸ਼ੀਆ ਤੋਂ ਸ਼ੁਰੂ ਹੋਈ ਸਰਕਾਰ ਵਿਰੋਧ ਲਹਿਰ 'ਅਰਬ ਸਪਰਿੰਗ' ਕਰਨਲ ਮੁਆਮਰ ਗੱਦਾਫ਼ੀ ਲਈ ਭਾਰੀ ਪਈ।

20 ਅਕਤੂਬਰ 2011 ਨੂੰ ਮੁਆਮਰ ਗੱਦਾਫ਼ੀ ਬਾਗ਼ੀਆਂ ਹੱਥੋਂ ਮਾਰੇ ਗਏ। ਉਹ ਅਰਬ ਦੇ ਖ਼ਾਨਾਬਦੋਸ਼ਾਂ ਦੇ ਕਬੀਲੇ ਦੇ ਇੱਕ ਕਿਸਾਨ ਦਾ ਪੁੱਤਰ ਸੀ।

ਆਓ ਸਮਝੀਏ ਕਿ ਇੱਕ ਪਿੰਡ ਤੋਂ ਸ਼ੁਰੂਆਤ ਕਰਕੇ ਉਹ ਅਰਬ ਦੀ ਦੁਨੀਆਂ ਦੇ ਪ੍ਰਭਾਵਸ਼ਾਲੀ ਆਗੂ ਕਿਵੇਂ ਬਣੇ?

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਫ਼ੌਜ ਵਿੱਚ ਭਰਤੀ ਅਤੇ ਤਰੱਕੀ

ਐੱਨਸਾਈਕਲੋਪੀਡੀਆ ਬ੍ਰਿਟੈਨਿਕਾ ਮੁਤਾਬਕ ਮੁਆਮਰ ਗੱਦਾਫ਼ੀ ਦਾ ਜਨਮ 1942 ਵਿੱਚ ਹੋਇਆ ਸੀ ਅਤੇ ਉਨ੍ਹਾਂ ਦੇ ਪਿਤਾ ਇੱਕ ਕਿਸਾਨ ਸਨ।

ਆਪਣੀ ਸਕੂਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ, ਮੁਆਮਰ ਗੱਦਾਫ਼ੀ ਯੂਨੀਵਰਸਿਟੀ ਦੀ ਸਿੱਖਿਆ ਹਾਸਲ ਕਰਨ ਲਈ ਬੇਨਗਾਜ਼ੀ ਗਏ।

1961 ਵਿੱਚ, ਉਨ੍ਹਾਂ ਦੇ ਰਾਜਨੀਤਿਕ ਝੁਕਾਅ ਅਤੇ ਵਿਚਾਰਧਾਰਾ ਦੇ ਕਾਰਨ ਉਨ੍ਹਾਂ ਨੂੰ ਯੂਨੀਵਰਸਿਟੀ ਵਿੱਚੋਂ ਕੱਢ ਦਿੱਤਾ ਗਿਆ ਸੀ।

ਮੁਆਮਰ ਗੱਦਾਫ਼ੀ ਨੇ ਇਸ ਸਮੇਂ ਦੌਰਾਨ ਯੂਨੀਵਰਸਿਟੀ ਆਫ਼ ਲੀਬੀਆ ਤੋਂ ਕਾਨੂੰਨ ਦੀ ਡਿਗਰੀ ਹਾਸਿਲ ਕੀਤੀ। ਇੱਥੇ ਉਨ੍ਹਾਂ ਨੂੰ ਲੀਬੀਆ ਦੀ ਫ਼ੌਜ ਵਿੱਚ ਭਰਤੀ ਹੋਣ ਦਾ ਮੌਕਾ ਮਿਲਿਆ।

ਫ਼ੌਜ ਵਿੱਚ ਨੌਕਰੀ ਕਰਕੇ ਲੀਬੀਆ ਵਿੱਚ ਬਿਹਤਰ ਸਿੱਖਿਆ ਹਾਸਲ ਕੀਤੀ ਜਾ ਸਕਦੀ ਸੀ। ਫ਼ੌਜ ਨੂੰ ਇੱਕ ਚੰਗੇ ਆਰਥਿਕ ਵਿਕਲਪ ਵਜੋਂ ਦੇਖਿਆ ਗਿਆ ਸੀ।

ਸ਼ਾਇਦ ਇਸੇ ਲਈ ਉਹ ਆਪਣੀ ਉੱਚ ਸਿੱਖਿਆ ਪੂਰੀ ਕਰਨ ਤੋਂ ਪਹਿਲਾਂ ਹੀ ਫ਼ੌਜ ਵਿੱਚ ਭਰਤੀ ਹੋ ਗਏ ਸਨ। ਉਨ੍ਹਾਂ ਦੇ ਇਸੇ ਫ਼ੈਸਲੇ ਨੇ ਗੱਦਾਫ਼ੀ ਨੂੰ ਸੱਤਾ ਦੇ ਗਲਿਆਰਿਆਂ ਵਿੱਚ ਪਹੁੰਚਾ ਦਿੱਤਾ।

ਮੁਆਮਰ ਗੱਦਾਫ਼ੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁਆਮਰ ਗੱਦਾਫ਼ੀ ਇੱਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਸਨ

ਆਪਣੀ ਜਵਾਨੀ ਵਿੱਚ, ਮੁਆਮਰ ਗੱਦਾਫ਼ੀ ਮਿਸਰ ਦੇ ਜਮਾਲ ਅਬਦੁਲ ਨਾਸਿਰ ਅਤੇ ਉਨ੍ਹਾਂ ਦੀਆਂ ਨੀਤੀਆਂ ਦਾ ਪ੍ਰਸ਼ੰਸਕ ਸੀ।

ਮੁਆਮਰ ਗੱਦਾਫ਼ੀ ਨੇ ਵੀ ਉਨ੍ਹਾਂ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ ਸੀ ਜਿਹੜੇ 1956 ਵਿੱਚ ਮਿਸਰ ਵੱਲੋਂ ਸੁਏਜ਼ ਨਹਿਰ ਰਾਸ਼ਟਰੀ ਕਬਜ਼ੇ ਤੋਂ ਬਾਅਦ ਬ੍ਰਿਟੇਨ, ਫਰਾਂਸ ਅਤੇ ਇਜ਼ਰਾਈਲ ਦੇ ਹਮਲੇ ਖ਼ਿਲਾਫ਼ ਅਰਬ ਦੁਨੀਆਂ ਨੇ ਸ਼ੁਰੂ ਕੀਤਾ ਸੀ।

ਲੀਬੀਆ ਵਿੱਚ ਫ਼ੌਜੀ ਸਿਖਲਾਈ ਪੂਰੀ ਕਰਨ ਤੋਂ ਬਾਅਦ ਗੱਦਾਫ਼ੀ ਨੂੰ 1965 ਵਿੱਚ ਸਿਖਲਾਈ ਲਈ ਬਰਤਾਨੀਆ ਭੇਜਿਆ ਗਿਆ ਸੀ।

ਮੁਆਮਰ ਗੱਦਾਫ਼ੀ ਨੇ ਲੀਬੀਆ ਦੀ ਫ਼ੌਜ ਵਿੱਚ ਅਸਧਾਰਨ ਤਰੀਕੇ ਨਾਲ ਤਰੱਕੀ ਕੀਤੀ ਅਤੇ ਇਸ ਦੌਰਾਨ ਸ਼ਾਹੀ ਪਰਿਵਾਰ ਦੇ ਵਿਰੁੱਧ ਬਗ਼ਾਵਤ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ।

ਲੀਬੀਆ ਵਿੱਚ ਰਾਜਸ਼ਾਹੀ ਦੇ ਖ਼ਿਲਾਫ਼ ਬਗ਼ਾਵਤ ਦੀ ਯੋਜਨਾ ਮੁਆਮਰ ਗੱਦਾਫ਼ੀ ਦੇ ਦਿਮਾਗ ਵਿੱਚ ਉਨ੍ਹਾਂ ਦੇ ਫ਼ੌਜੀ ਸਿਖਲਾਈ ਦੇ ਦਿਨਾਂ ਤੋਂ ਹੀ ਸੀ।

ਅੰਤ ਵਿੱਚ, ਸਾਲ 1969 ਵਿੱਚ, ਬਰਤਾਨੀਆਂ ਤੋਂ ਸਿਖਲਾਈ ਲੈਣ ਤੋਂ ਬਾਅਦ, ਉਨ੍ਹਾਂ ਨੇ ਬੇਨਗਾਜ਼ੀ ਸ਼ਹਿਰ ਨੂੰ ਕੇਂਦਰ ਬਣਾਕੇ ਫ਼ੌਜੀ ਵਿਦਰੋਹ ਕਰ ਦਿੱਤਾ।

ਇਸ ਬਗਾਵਤ ਦੇ ਅੰਤ ਵਿੱਚ ਉਹ ਲੀਬੀਆ ਦਾ ਸ਼ਾਸਕ ਬਣ ਕੇ ਉਭਰਿਆ।

ਬਗ਼ਾਵਤ ਅਤੇ ਤੇਲ

ਮੁਆਮਰ ਗੱਦਾਫ਼ੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁਆਮਰ ਗੱਦਾਫ਼ੀ ਨੇ ਰਾਜ ਵਿੱਚ ਸ਼ਰਾਬ ਅਤੇ ਜੂਏ ’ਤੇ ਪਾਬੰਦੀ ਲਾਈ ਸੀ

1 ਸਤੰਬਰ 1969 ਨੂੰ ਕਰਨਲ ਮੁਆਮਰ ਗੱਦਾਫ਼ੀ ਦੀ ਅਗਵਾਈ ਹੇਠ ਫ਼ੌਜ ਨੇ ਲੀਬੀਆ ਦੇ ਰਾਜੇ ਦਾ ਤਖ਼ਤਾ ਪਲਟ ਦਿੱਤਾ।

ਗੱਦਾਫ਼ੀ ਖ਼ੁਦ ਫ਼ੌਜ ਦੇ ਕਮਾਂਡਰ ਇਨ ਚੀਫ਼ ਬਣ ਗਏ ਅਤੇ ਨਾਲ ਹੀ ਇਨਕਲਾਬੀ ਕੌਂਸਲ ਦੇ ਨਵੇਂ ਚੇਅਰਮੈਨ ਦੀ ਹੈਸੀਅਤ ਨਾਲ ਰਾਜ ਦੇ ਮੁਖੀ ਵੀ ਬਣ ਗਏ। ਪਰ ਉਨ੍ਹਾਂ ਨੇ ਕਰਨਲ ਦਾ ਰੈਂਕ ਵੀ ਬਰਕਰਾਰ ਰੱਖਿਆ।

ਗੱਦਾਫ਼ੀ ਨੇ ਸੱਤਾ ਵਿੱਚ ਆਉਂਦੇ ਹੀ ਅਮਰੀਕੀ ਅਤੇ ਬਰਤਾਨਵੀ ਫ਼ੌਜੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਅਤੇ 1970 ਵਿੱਚ ਇਟਾਲੀਅਨ ਅਤੇ ਯਹੂਦੀ ਲੋਕਾਂ ਨੂੰ ਵੀ ਦੇਸ਼ ਵਿੱਚੋਂ ਕੱਢ ਦਿੱਤਾ।

1973 ਵਿੱਚ, ਕਰਨਲ ਗੱਦਾਫ਼ੀ ਨੇ ਦੇਸ਼ ਦੇ ਸਾਰੇ ਤੇਲ ਕੇਂਦਰਾਂ 'ਤੇ ਰਾਸ਼ਟਰੀ ਕਬਜ਼ੇ ਦਾ ਐਲਾਨ ਕਰ ਦਿੱਤਾ। ਉਨ੍ਹਾਂ ਨੇ ਦੇਸ਼ ਵਿੱਚ ਸ਼ਰਾਬ ਅਤੇ ਜੂਏ 'ਤੇ ਵੀ ਪਾਬੰਦੀ ਲਗਾ ਦਿੱਤੀ।

ਇਸ ਦੌਰਾਨ ਉਨ੍ਹਾਂ ਨੇ ਕੌਮਾਤਰੀ ਤੇਲ ਕੰਪਨੀਆਂ ਦੇ ਅਧਿਕਾਰੀਆਂ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਸੀ, "ਜਿਹੜੇ ਲੋਕ ਪੰਜ ਹਜ਼ਾਰ ਸਾਲ ਤੱਕ ਬਿਨਾਂ ਤੇਲ ਦੇ ਜਿਉਂਦੇ ਰਹੇ, ਉਹ ਆਪਣੇ ਹੱਕਾਂ ਦੀ ਲੜਾਈ ਲੜਨ ਲਈ ਕੁਝ ਹੋਰ ਸਾਲ ਵੀ ਜਿਉਂਦੇ ਰਹਿ ਸਕਦੇ ਹਨ।"

ਉਨ੍ਹਾਂ ਵੱਲੋਂ ਦਿੱਤੀ ਗਈ ਇਸ ਚੁਣੌਤੀ ਨੇ ਕੰਮ ਕੀਤਾ ਅਤੇ ਲੀਬੀਆ ਆਪਣੇ ਤੇਲ ਉਤਪਾਦਨ ਦਾ ਵੱਡਾ ਹਿੱਸਾ ਪ੍ਰਾਪਤ ਕਰਨ ਵਾਲੇ ਵਿਕਾਸਸ਼ੀਲ ਦੇਸ਼ਾਂ ਵਿੱਚੋਂ ਪਹਿਲਾ ਦੇਸ਼ ਬਣ ਗਿਆ।

ਹੋਰ ਅਰਬ ਦੇਸ਼ਾਂ ਨੇ ਜਲਦੀ ਹੀ ਇਸ ਉਦਾਹਰਣ ਤੋਂ ਸਬਕ ਲਿਆ ਅਤੇ 1970 ਦੇ ਦਹਾਕੇ ਵਿੱਚ ਅਰਬ ਪੈਟਰੋਲ ਬੂਮ ਯਾਨੀ ਅਰਬ ਦੇਸ਼ਾਂ ਵਿੱਚ ਤੇਲ ਕ੍ਰਾਂਤੀ ਦੀ ਬੁਨਿਆਦ ਰੱਖੀ।

ਇਸ ਤਰ੍ਹਾਂ ਲੀਬੀਆ 'ਕਾਲੇ ਸੋਨੇ' ਤੋਂ ਲਾਭ ਲੈਣ ਦੀ ਚੰਗੀ ਸਥਿਤੀ ਵਿੱਚ ਆ ਗਿਆ ਸੀ ਕਿਉਂਕਿ ਇੱਥੇ ਤੇਲ ਦਾ ਉਤਪਾਦਨ ਖਾੜੀ ਦੇਸ਼ਾਂ ਜਿੰਨਾ ਸੀ ਪਰ ਅਫ਼ਰੀਕਾ ਦੇ ਇਸ ਦੇਸ਼ ਦੀ ਕੁੱਲ ਆਬਾਦੀ ਸਿਰਫ਼ 30 ਲੱਖ ਸੀ।

ਇਸ ਤਰ੍ਹਾਂ ਤੇਲ ਨੇ ਲੀਬੀਆ ਨੂੰ ਬਹੁਤ ਜਲਦੀ ਅਮੀਰ ਬਣਾ ਦਿੱਤਾ।

ਕਰਨਲ ਗੱਦਾਫ਼ੀ ਇਜ਼ਰਾਈਲ ਨਾਲ ਗੱਲਬਾਤ ਦੇ ਕੱਟੜ ਵਿਰੋਧੀ ਸਨ ਅਤੇ ਇਸੇ ਕਰਕੇ ਉਹ ਅਰਬ ਜਗਤ ਵਿੱਚ ਇੱਕ ਅਜਿਹੇ ਆਗੂ ਵਜੋਂ ਉੱਭਰੇ ਜਿਸ ਨੇ ਮਿਸਰ ਅਤੇ ਇਜ਼ਰਾਈਲ ਦਰਮਿਆਨ ਸ਼ਾਂਤੀ ਸਮਝੌਤੇ ਨੂੰ ਵੀ ਰੱਦ ਕਰ ਦਿੱਤਾ।

ਗੱਦਾਫ਼ੀ ਦਾ ਨਜ਼ਰੀਆ

ਮੁਆਮਰ ਗੱਦਾਫ਼ੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੱਦਾਫ਼ੀ ਦੀ ਸਰਕਾਰ ਉੱਤੇ ਕਈ ਜਾਨਲੇਵਾ ਹਮਲੇ ਹੋਏ

1970 ਦੇ ਦਹਾਕੇ ਦੇ ਸ਼ੁਰੂ ਵਿੱਚ ਗੱਦਾਫ਼ੀ ਨੇ 'ਗ੍ਰੀਨ ਬੁੱਕ' ਨਾਂ ਦੀ ਕਿਤਾਬ ਵਿੱਚ ਆਪਣੇ ਸਿਆਸੀ ਵਿਚਾਰ ਸਾਂਝੇ ਕੀਤੇ ਸਨ।

ਇਸ ਤਹਿਤ ਇਸਲਾਮੀ ਸਮਾਜਵਾਦ ਨੂੰ ਪਹਿਲ ਦਿੱਤੀ ਗਈ ਅਤੇ ਆਰਥਿਕ ਸੰਸਥਾਵਾਂ ਨੂੰ ਕੌਮੀ ਕਬਜ਼ੇ ਹੇਠ ਲੈਣ ਦਾ ਐਲਾਨ ਕੀਤਾ ਗਿਆ ਸੀ।

ਇਸ ਪੁਸਤਕ ਮੁਤਾਬਕ ਸਮਾਜ ਦੀਆਂ ਸਮੱਸਿਆਵਾਂ ਦਾ ਹੱਲ ਲੋਕਤੰਤਰ ਜਾਂ ਕਿਸੇ ਹੋਰ ਪ੍ਰਣਾਲੀ ਵਿੱਚ ਨਹੀਂ ਸੀ। ਗੱਦਾਫ਼ੀ ਨੇ ਲੋਕਤੰਤਰ ਨੂੰ ਸਭ ਤੋਂ ਵੱਡੀ ਪਾਰਟੀ ਦੀ ਤਾਨਾਸ਼ਾਹੀ ਕਰਾਰ ਦਿੱਤਾ ਸੀ।

ਗੱਦਾਫ਼ੀ ਮੁਤਾਬਕ, ਸਰਕਾਰ ਨੂੰ ਅਜਿਹੀਆਂ ਕਮੇਟੀਆਂ ਵੱਲੋਂ ਚਲਾਇਆ ਜਾਣਾ ਚਾਹੀਦਾ ਹੈ ਜੋ ਹਰ ਚੀਜ਼ ਲਈ ਜ਼ਿੰਮੇਵਾਰ ਹਨ।

1979 ਵਿੱਚ, ਗੱਦਾਫ਼ੀ ਨੇ ਲੀਬੀਆ ਦੀ ਰਸਮੀ ਅਗਵਾਈ ਛੱਡ ਦਿੱਤੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਹੁਣ ਉਹ ਸਿਰਫ਼ ਇੱਕ ਇਨਕਲਾਬੀ ਆਗੂ ਹੈ। ਪਰ ਸੱਤਾ ਅਤੇ ਅਧਿਕਾਰ ਉਨ੍ਹਾਂ ਦੇ ਹੱਥਾਂ ਵਿੱਚ ਹੀ ਰਿਹਾ।

ਕਰਨਲ ਗੱਦਾਫ਼ੀ ਅਤੇ ਉਨ੍ਹਾਂ ਦੀ ਸਰਕਾਰ ਆਪਣੇ ਅਣਕਿਆਸੇ ਫ਼ੈਸਲਿਆਂ ਕਾਰਨ ਕੌਮਾਂਤਰੀ ਪੱਧਰ 'ਤੇ ਮਸ਼ਹੂਰ ਹੋ ਗਈ।

ਉਨ੍ਹਾਂ ਨੇ ਕਈ ਸੰਸਥਾਵਾਂ ਨੂੰ ਫੰਡ ਦੇਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਵਿੱਚ ਅਮਰੀਕੀ ਬਲੈਕ ਪੈਂਥਰਜ਼ ਅਤੇ ਨੇਸ਼ਨ ਆਫ਼ ਇਸਲਾਮ ਵੀ ਸ਼ਾਮਲ ਸਨ।

ਮੁਆਰਮ ਗੱਦਾਫ਼ੀ

ਗੱਦਾਫ਼ੀ ਨੇ ਉੱਤਰੀ ਆਇਰਲੈਂਡ ਵਿੱਚ ਆਇਰਿਸ਼ ਰਿਪਬਲਿਕਨ ਆਰਮੀ (ਆਈਆਰਏ) ਦਾ ਵੀ ਸਮਰਥਨ ਕੀਤਾ। ਲੀਬੀਆ ਦੇ ਖੁਫ਼ੀਆ ਏਜੰਟ ਵਿਦੇਸ਼ਾਂ ਵਿੱਚ ਆਲੋਚਕਾਂ ਨੂੰ ਨਿਸ਼ਾਨਾ ਬਣਾਉਂਦੇ ਰਹੇ ਸਨ।

ਉਸ ਸਮੇਂ ਦੌਰਾਨ ਗੱਦਾਫ਼ੀ ਸਰਕਾਰ 'ਤੇ ਕਈ ਜਾਨਲੇਵਾ ਘਟਨਾਵਾਂ ਦੇ ਇਲਜ਼ਾਮ ਵੀ ਲੱਗ ਚੁੱਕੇ ਸਨ। ਫ਼ਿਰ 1986 ਵਿੱਚ ਇੱਕ ਘਟਨਾ ਵਾਪਰੀ ਜੋ ਬਹੁਤ ਮਹੱਤਵਪੂਰਨ ਸਾਬਤ ਹੋਈ।

ਇਹ ਮਾਮਲਾ ਜਰਮਨੀ ਦੀ ਰਾਜਧਾਨੀ ਬਰਲਿਨ ਦੇ ਇੱਕ ਕਲੱਬ ਵਿੱਚ ਹੋਏ ਧਮਾਕੇ ਦਾ ਹੈ, ਜਿੱਥੇ ਅਮਰੀਕੀ ਸੈਨਿਕ ਜਾਂਦੇ ਸਨ। ਇਸ ਧਮਾਕੇ ਲਈ ਲੀਬੀਆ ਦੇ ਏਜੰਟਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ।

ਉਸ ਸਮੇਂ ਅਮਰੀਕੀ ਰਾਸ਼ਟਰਪਤੀ ਰੌਨਲਡ ਰੇਗਨ ਨੇ ਦੋ ਸੈਨਿਕਾਂ ਦੀ ਮੌਤ ਤੋਂ ਬਾਅਦ ਤ੍ਰਿਪੋਲੀ ਅਤੇ ਬੇਨਗਾਜ਼ੀ 'ਤੇ ਹਵਾਈ ਹਮਲੇ ਕਰਨ ਦਾ ਹੁਕਮ ਦਿੱਤਾ ਸੀ।

ਇਨ੍ਹਾਂ ਹਮਲਿਆਂ ਵਿੱਚ ਲੀਬੀਆ ਨੂੰ ਭਾਰੀ ਨੁਕਸਾਨ ਹੋਇਆ ਅਤੇ ਕਈ ਨਾਗਰਿਕਾਂ ਦੀ ਮੌਤ ਹੋ ਗਈ।

ਜਿਨ੍ਹਾਂ ਲੋਕਾਂ ਦੀ ਮੌਤ ਹੋਈ ਉਨ੍ਹਾਂ ਵਿੱਚ ਕਥਿਤ ਤੌਰ 'ਤੇ ਕਰਨਲ ਗੱਦਾਫ਼ੀ ਦੀ ਗੋਦ ਲਈ ਧੀ ਵੀ ਸ਼ਾਮਲ ਸੀ, ਪਰ ਗੱਦਾਫੀ ਖੁਦ ਬਚ ਗਏ ਸਨ। ਇਸ ਤੋਂ ਬਾਅਦ 1988 'ਚ ਜਦੋਂ ਸਕਾਟਲੈਂਡ ਦੇ ਸ਼ਹਿਰ ਲਾਕਰਬੀ 'ਚ ֲ'ਪੈਨ ਐੱਮ' ਯਾਤਰੀ ਜਹਾਜ਼ ਕਰੈਸ਼ ਹੋਇਆ ਤਾਂ 270 ਲੋਕਾਂ ਦੀ ਜਾਨ ਚਲੀ ਗਈ।

ਇਸ ਹਾਦਸੇ ਲਈ ਲੀਬੀਆ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਗਿਆ ਸੀ।

ਲਾਕਰਬੀ ਸਮਝੌਤਾ

ਮੁਆਮਰ ਗੱਦਾਫ਼ੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁਆਮਰ ਗੱਦਾਫ਼ੀ ਅਕਸਰ ਟੈਲੀਵੀਜ਼ਨ ਉੱਤੇ ਤੰਬੂ ਵਿੱਚ ਨਜ਼ਰ ਆਉਂਦੇ ਸਨ

ਗੱਦਾਫ਼ੀ ਨੇ ਸ਼ੁਰੂ ਵਿੱਚ ਦੋ ਲਾਕਰਬੀ ਬੰਬ ਧਮਾਕਿਆਂ ਦੇ ਸ਼ੱਕੀਆਂ ਨੂੰ ਸਕਾਟਲੈਂਡ ਹਵਾਲੇ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਇਸ ਤੋਂ ਬਾਅਦ ਪਾਬੰਦੀਆਂ ਅਤੇ ਗੱਲਬਾਤ ਦਾ ਇੱਕ ਸਿਲਸਿਲਾ ਸ਼ੁਰੂ ਹੋਇਆ ਜੋ 1999 ਵਿੱਚ ਉਸ ਸਮੇਂ ਖ਼ਤਮ ਹੋਇਆ ਜਦੋਂ ਗੱਦਾਫ਼ੀ ਨੇ ਆਖਰਕਾਰ ਦੋਵਾਂ ਨੂੰ ਸਕਾਟਲੈਂਡ ਦੇ ਹਵਾਲੇ ਕਰ ਦਿੱਤਾ।

ਇਨ੍ਹਾਂ ਵਿੱਚੋਂ ਇੱਕ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਜਦਕਿ ਦੂਜੇ ਨੂੰ ਬਰੀ ਕਰ ਦਿੱਤਾ ਗਿਆ ਸੀ।

ਅਗਸਤ 2003 ਵਿੱਚ, ਲੀਬੀਆ ਨੇ ਸੰਯੁਕਤ ਰਾਸ਼ਟਰ ਨੂੰ ਇੱਕ ਪੱਤਰ ਲਿਖਿਆ ਸੀ ਜਿਸ ਵਿੱਚ ਇਸ ਧਮਾਕੇ ਦੀ ਜ਼ਿੰਮੇਵਾਰੀ ਸਵੀਕਾਰ ਕੀਤੀ ਅਤੇ ਇਸ ਘਟਨਾ ਤੋਂ ਪ੍ਰਭਾਵਿਤ ਲੋਕਾਂ ਨੂੰ ਤਕਬੀਨ 2.7 ਅਰਬ ਡਾਲਰ ਮੁਆਵਜ਼ੇ ਵਜੋਂ ਅਦਾ ਕੀਤਾ।

ਇਸਦੇ ਜਵਾਬ ਵਿੱਚ, ਸਤੰਬਰ 2003 ਵਿੱਚ, ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਲੀਬੀਆ ਉੱਤੇ ਲਗਾਈਆਂ ਪਾਬੰਦੀਆਂ ਨੂੰ ਖ਼ਤਮ ਕਰ ਦਿੱਤਾ।

ਇਸ ਤੋਂ ਬਾਅਦ, ਲੀਬੀਆ ਨੇ 1989 ਵਿੱਚ ਤਬਾਹ ਹੋਣ ਵਾਲੇ ਇੱਕ ਫਰਾਂਸੀਸੀ ਯਾਤਰੀ ਜਹਾਜ਼ ਦੇ ਨਾਲ-ਨਾਲ ਬਰਲਿਨ ਕਲੱਬ ਦੇ ਪੀੜਤਾਂ ਨੂੰ ਵੀ ਮੁਆਵਜ਼ਾ ਦਿੱਤਾ।

ਲਾਕਰਬੀ ਸਮਝੌਤਾ ਅਤੇ ਕਰਨਲ ਗੱਦਾਫ਼ੀ ਵੱਲੋਂ ਖ਼ੁਫ਼ੀਆ ਪ੍ਰਮਾਣੂ ਅਤੇ ਰਸਾਇਣਕ ਪ੍ਰੋਗਰਾਮਾਂ ਦੀ ਗੱਲ ਸਵਿਕਾਰ ਕਰਨ ਅਤੇ ਉਨ੍ਹਾਂ ਨੂੰ ਛੱਡਣ ਦੇ ਐਲਾਨ ਨਾਲ ਪੱਛਮੀ ਤਾਕਤਾਂ ਵੱਲੋਂ ਲੀਬੀਆ ਨਾਲ ਬਿਹਤਰ ਸਬੰਧਾਂ ਦਾ ਰਾਹ ਪੱਧਰਾ ਕੀਤਾ।

ਕੌਮਾਂਤਰੀ ਪਾਬੰਦੀਆਂ ਖ਼ਤਮ ਹੋ ਜਾਣ ਤੋਂ ਬਾਅਦ, ਲੀਬੀਆ ਦੀ ਕੌਮਾਂਤਰੀ ਰਾਜਨੀਤੀ ਵਿੱਚ ਵਾਪਸੀ ਹੋ ਗਈ।

ਇਸ ਤੋਂ ਬਾਅਦ ਬਰਤਾਨੀਆ ਦੇ ਪ੍ਰਧਾਨ ਮੰਤਰੀ ਟੋਨੀ ਬਲੇਅਰ ਸਣੇ ਕਈ ਵੱਡੀਆਂ ਹਸਤੀਆਂ ਗੱਦਾਫ਼ੀ ਦੇ ਸ਼ਾਨਦਾਰ ਮਹਿਲ 'ਚ ਉਨ੍ਹਾਂ ਦੇ ਬੇਦੋਇਨ ਤੰਬੂ 'ਚ ਨਜ਼ਰ ਆਈਆਂ।

ਇਹ ਟੈਂਟ ਕਰਨਲ ਗੱਦਾਫ਼ੀ ਦੇ ਨਾਲ ਯੂਰਪ ਅਤੇ ਅਮਰੀਕਾ ਦੇ ਕੌਮਾਂਤਰੀ ਦੌਰਿਆਂ 'ਤੇ ਜਾਂਦਾ ਸੀ।

ਉਸ ਸਮੇਂ ਦੌਰਾਨ, ਲੀਬੀਆ ਨੇ ਯੂਰਪੀਅਨ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਅਤੇ ਤੇਲ ਕੰਪਨੀਆਂ ਨਾਲ ਕਈ ਵਪਾਰਕ ਸਮਝੌਤਿਆਂ 'ਤੇ ਦਸਤਖ਼ਤ ਕੀਤੇ।

ਅਨੋਖੇ ਤਰੀਕੇ ਅਪਣਾਉਣ ਲਈ ਮਸ਼ਹੂਰ ਕਰਨਲ ਗੱਦਾਫ਼ੀ ਅਕਸਰ ਟੈਲੀਵਿਜ਼ਨ ਉੱਤੇ ਟੈਂਟ 'ਚ ਰਹਿੰਦੇ ਨਜ਼ਰ ਆਉਂਦੇ ਸਨ।

ਕਿਹਾ ਜਾਂਦਾ ਸੀ ਕਿ ਉਨ੍ਹਾਂ ਦੀਆਂ ਨਿੱਜੀ ਸੁਰੱਖਿਆ ਕਰਮੀ ਜ਼ਿਆਦਾਤਰ ਔਰਤਾਂ ਸਨ।

ਅਰਬ ਜਗਤ ਵਿੱਚ ਫੇਰ ਬਦਲ

ਮੁਆਮਰ ਗੱਦਾਫ਼ੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਦਰੋਹ ਦੇ ਬਾਵਜੂਦ ਵੀ ਤ੍ਰਿਪੋਲੀ ’ਤੇ ਗੱਦਾਫ਼ੀ ਦਾ ਕਬਜ਼ਾ ਬਰਕਰਾਰ ਰਿਹਾ

ਫ਼ਰਵਰੀ 2011 ਵਿੱਚ ਟਿਊਨੀਸ਼ੀਆ ਤੇ ਮਿਸਰ ਵਿੱਚ ਆਮ ਲੋਕਾਂ ਦੇ ਪ੍ਰਦਰਸ਼ਨਾਂ ਨੇ ਜ਼ੈਨੁਲ ਆਬੇਦੀਨ ਅਤੇ ਹੁਸਨੀ ਮੁਬਾਰਕ ਦੇ ਲੰਬੇ ਰਾਜ਼ ਨੂੰ ਖਤਮ ਕੀਤਾ ਤਾਂ ਲੀਬੀਆ ਵਿੱਚ ਮੁਆਮਰ ਗੱਦਾਫ਼ੀ ਦੇ ਖਿਲਾਫ਼ ਪ੍ਰਦਰਸ਼ਨ ਸ਼ੁਰੂ ਹੋ ਗਏ।

ਪੂਰੇ ਦੇਸ਼ ਵਿੱਚ ਹੋ ਰਹੇ ਪ੍ਰਦਰਸ਼ਨਾਂ ਨਾਲ ਨਜਿੱਠਣ ਦੇ ਲ਼ਈ ਗੱਦਾਫ਼ੀ ਦੀ ਸਰਕਾਰ ਨੇ ਤਾਕਤ ਨਾਲ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਪੁਲਿਸ ਤੇ ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਨੇ ਪ੍ਰਦਰਸ਼ਨਕਾਰੀਆਂ ਉੱਤੇ ਗੋਲੀਆਂ ਵੀ ਚਲਾਈਆਂ।

ਪ੍ਰਦਰਸ਼ਨਕਾਰੀਆਂ ਦੇ ਖ਼ਿਲਾਫ਼ ਲੜਾਕੂ ਹਵਾਈ ਜਹਾਜ਼ਾਂ ਤੇ ਹੈਲੀਕਾਪਟਰਾਂ ਦਾ ਇਸਤੇਮਾਲ ਵੀ ਕੀਤਾ ਗਿਆ। ਕੌਮਾਂਤਰੀ ਭਾਈਚਾਰੇ ਅਤੇ ਮਨੁੱਖੀ ਹੱਕਾਂ ਦੇ ਸੰਗਠਨਾਂ ਨੇ ਵੀ ਲੀਬੀਆ ਦੇ ਇਨ੍ਹਾਂ ਕਦਮਾਂ ਦੀ ਨਿਖੇਧੀ ਕੀਤੀ ਸੀ।

ਦੂਜੇ ਪਾਸੇ ਖੁਦ ਕਰਨਲ ਗੱਦਾਫ਼ੀ ਦੀ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਇਸ ਸਥਿਤੀ ਕਾਰਨ ਨਰਾਜ਼ ਹੋ ਗਏ ਸਨ। ਇਸ ਕਰਕੇ ਕਾਨੂੰਨੀ ਮੰਤਰੀ ਨੇ ਅਸਤੀਫ਼ਾ ਦਿੱਤਾ ਅਤੇ ਕਈ ਰਾਜਦੂਤਾਂ ਨੇ ਵੀ ਸਰਕਾਰ ਦੀ ਨਿੰਦਾ ਕੀਤੀ ਸੀ।

22 ਫਰਵਰੀ ਨੂੰ ਕਰਨਲ ਗੱਦਾਫੀ ਨੇ ਸਰਕਾਰੀ ਟੀਵੀ ਉੱਤੇ ਇੱਕ ਸੰਬੋਧਨ ਵਿੱਚ ਅਸਤੀਫ਼ਾ ਦੇਣ ਤੋਂ ਇਨਕਾਰ ਕਰਦੇ ਹੋਏ ਪ੍ਰਦਰਸ਼ਨਕਾਰੀਆਂ ਨੂੰ 'ਗੱਦਾਰ' ਦੱਸਿਆ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਵਿਰੋਧੀ ਅਲ-ਕਾਇਦਾ ਦੀ ਸ਼ਹਿ ਵਿੱਚ ਹਨ ਅਤੇ ਪ੍ਰਦਸ਼ਨਕਾਰੀ ਡਰੱਗਜ਼ ਦਾ ਇਸਤੇਮਾਲ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਹਮਾਇਤੀਆਂ ਨੂੰ ਕਿਹਾ ਕਿ ਉਹ ਪ੍ਰਦਸ਼ਨਕਾਰੀਆਂ ਤੋਂ ਉਨ੍ਹਾਂ ਦੀ ਰੱਖਿਆ ਕਰਨ।

ਪਰ ਹੌਲੀ-ਹੌਲੀ ਗੱਦਾਫ਼ੀ ਦੀ ਸੱਤਾ ਉੱਤੇ ਪਕੜ ਕਮਜ਼ੋਰ ਹੁੰਦੀ ਗਈ ਅਤੇ ਉਨ੍ਹਾਂ ਦੇ ਵਿਰੋਧੀ ਫਰਵਰੀ ਦੇ ਆਖਿਰ ਤੱਕ ਲੀਬੀਆ ਦੇ ਵੱਡੇ ਇਲਾਕੇ ਉੱਤੇ ਕਬਜ਼ਾ ਕਰ ਚੁੱਕੇ ਸਨ।

ਇਸ ਤੋਂ ਬਾਅਦ ਤ੍ਰਿਪੋਲੀ ਦੀ ਵੀ ਘੇਰਾਬੰਦੀ ਕਰ ਲਈ ਗਈ ਜਿੱਥੇ ਗੱਦਾਫ਼ੀ ਇਕੱਲੇ ਪੈ ਚੁੱਕੇ ਸਨ ਅਤੇ ਉਨ੍ਹਾਂ ਉੱਤੇ ਅਸਤੀਫ਼ਾ ਦੇਣ ਦਾ ਦਬਾਅ ਵਧ ਰਿਹਾ ਸੀ।

28 ਫਰਵਰੀ ਨੂੰ ਸੰਯੁਕਤ ਰਾਸ਼ ਦੀ ਸੁਰੱਖਿਆ ਕੌਂਸਲ ਨੇ ਗੱਦਾਫ਼ੀ ਸਰਕਾਰ ਉੱਤੇ ਨਵੀਆਂ ਪਾਬੰਦੀਆਂ ਲਗਾਈਆਂ ਤੇ ਉਨ੍ਹਾਂ ਦੇ ਪਰਿਵਾਰ ਦੀਆਂ ਜਾਇਦਾਦਾਂ ਵੀ ਫ੍ਰੀਜ਼ ਕਰ ਦਿੱਤੀਆਂ ਸਨ।

28 ਫਰਵਰੀ ਨੂੰ ਸੰਯੁਕਤ ਰਾਸ਼ਟਰ ਨੇ ਐਲਾਨ ਕੀਤਾ ਕਿ ਕਰਨਲ ਗੱਦਾਫ਼ੀ ਨਾਲ ਜੁੜੀ 30 ਅਰਬ ਡਾਲਰ ਦੀ ਜਾਇਦਾਦ ਫ੍ਰੀਜ਼ ਹੋ ਚੁੱਕੀ ਹੈ।

ਉਸੇ ਦਿਨ ਪੱਛਮੀ ਮੀਡੀਆ ਨੂੰ ਦਿੱਤੇ ਆਪਣੇ ਇੰਟਰਵਿਊ ਵਿੱਚ ਕਰਨਲ ਗੱਦਾਫ਼ੀ ਨੇ ਦਾਅਵਾ ਕੀਤਾ ਕਿ ਜਨਤਾ ਹੁਣ ਵੀ ਉਨ੍ਹਾਂ ਨੂੰ ਪਿਆਰ ਕਰਦੀ ਹੈ।

ਉਨ੍ਹਾਂ ਨੇ ਇਸ ਇਲਜ਼ਾਮ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਦੇ ਖਿਲਾਫ਼ ਤਾਕਤ ਦਾ ਇਸਤੇਮਾਲ ਕੀਤਾ। ਉਨ੍ਹਾਂ ਨੇ ਦਾਅਵਾ ਮੁੜ ਦੋਹਰਾਇਆ ਕਿ ਉਨ੍ਹਾਂ ਦੇ ਵਿਰੋਧੀ ਅਲ ਕਾਇਦਾ ਦੀ ਸਹਿ ਵਿੱਚ ਕੰਮ ਕਰ ਰਹੇ ਹਨ।

ਕਰਨਲ ਗੱਦਾਫੀ ਦੀ ਫੌਜ ਨੇ ਵੀ ਹੈਰਾਨੀ ਵਾਲੇ ਢੰਗ ਨਾਲ ਕਾਫੀ ਇਲਾਕੇ ਵਿਰੋਧੀਆਂ ਦੇ ਕਬਜ਼ੇ ਤੋਂ ਵਾਪਸ ਲੈ ਲਏ। ਅਜਿਹੇ ਵਿੱਚ ਜਦੋਂ ਲੀਬੀਆ ਦੀ ਫੌਜ ਬੇਨਗਾਜ਼ੀ ਵੱਲ ਵਧ ਰਹੀ ਸੀ ਤਾਂ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਨੇ 17 ਮਾਰਚ ਨੂੰ ਫੌਜੀ ਦਖਲ ਲਈ ਵੋਟ ਕੀਤਾ ਅਤੇ ਨੈਟੋ ਵੱਲੋਂ ਹਵਾਈ ਬੰਬਾਰੀ ਨੇ ਕਰਨਲ ਗੱਦਾਫੀ ਦੀ ਫੌਜ ਨੂੰ ਭਾਰੀ ਨੁਕਸਾਨ ਪਹੁੰਚਾਇਆ।

ਮਾਰਚ ਦੇ ਅੰਤ ਵਿੱਚ ਕਰਨਲ ਗੱਦਾਫ਼ੀ ਦੀ ਸਰਕਾਰ ਨੂੰ ਉਸ ਵੇਲੇ ਬਹੁਤ ਵੱਡਾ ਝਟਕਾ ਲਗਿਆ ਜਦੋਂ ਦੋ ਸੀਨੀਅਰ ਅਧਿਕਾਰੀਆਂ ਨੇ ਵਫ਼ਾਦਾਰੀ ਬਦਲ ਲਈ ਪਰ ਗੱਦਾਫ਼ੀ ਨੇ ਤ੍ਰਿਪੋਲੀ ਉੱਤੇ ਕਬਜ਼ਾ ਕਾਇਮ ਕੀਤਾ ਹੋਇਆ ਸੀ ਅਤੇ ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਹਰ ਸੰਭਵ ਤਰੀਕੇ ਨਾਲ ਲੜਾਈ ਲੜਨਗੇ।

30 ਅਪ੍ਰੈਲ ਨੂੰ ਨੈਟੋ ਦੀ ਹਵਾਈ ਫੌਜ ਨੇ ਤ੍ਰਿਪੋਲੀ ਵਿੱਚ ਗੱਦਾਫ਼ੀ ਦੇ ਬਾਬ ਅਲ-ਅਜੀਜ਼ੀਆ ਉੱਤੇ ਹਮਲਾ ਕੀਤਾ ਜਿਸ ਵਿੱਚ ਉਨ੍ਹਾਂ ਦੇ ਛੋਟੇ ਬੇਟੇ ਸੈਫ ਅਲ-ਅਰਬ ਅਤੇ ਤਿੰਨ ਪੌਤੇ ਮਾਰ ਗਏ। ਇਸ ਹਮਲੇ ਵਿੱਚ ਗੱਦਾਫ਼ੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਪਰ ਉਹ ਬਚ ਗਏ।

ਕਰਨਲ ਗੱਦਾਫ਼ੀ ਦੀ ਮੌਤ

ਮੁਆਮਰ ਗੱਦਾਫ਼ੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁਆਮਰ ਗੱਦਾਫ਼ੀ ਦਾ ਇਲਜ਼ਾਮ ਸੀ ਕਿ ਉਨ੍ਹਾਂ ਦੇ ਵਿਰੋਧੀਆਂ ਨੂੰ ਅਲ ਕਾਇਦਾ ਵੱਲੋਂ ਸੁਰੱਖਿਆ ਮੁਹੱਈਆ ਕਰਦੀ ਹੈ

27 ਜੂਨ ਨੂੰ ਗੱਦਾਫ਼ੀ, ਉਨ੍ਹਾਂ ਦੇ ਬੇਟੇ ਅਤੇ ਇੰਟੈਲੀਜੈਂਸ ਚੀਫ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕਰ ਦਿੱਤੇ ਗਏ। ਇਸ ਤੋਂ ਬਾਅਦ ਅਗਸਤ ਵਿੱਚ ਵਿਰੋਧੀ ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਵਿੱਚ ਵੜ ਗਏ ਅਤੇ 23 ਅਗਸਤ ਨੂੰ ਗੱਦਾਫ਼ੀ ਦੇ ਹੈਡਕੁਆਰਟਰ ਬਾਬ ਅਲ-ਅਜੀਜ਼ੀਆ ਕੰਪਾਉਂਡ ਉੱਤੇ ਕਬਜ਼ਾ ਕਰ ਲਿਆ।

ਪਰ ਖੁਦ ਗੱਦਾਫ਼ੀ ਦਾ ਕੁਝ ਪਤਾ ਨਹੀਂ ਚਲ ਸਕਿਆ ਸੀ। ਉਨ੍ਹਾਂ ਨੇ ਕਈ ਆਡੀਓ ਸੰਦੇਸ਼ਾਂ ਰਾਹੀਂ ਲੀਬੀਆ ਦੀ ਜਨਤਾ ਨੂੰ ਬਾਗੀਆਂ ਦੇ ਖਿਲਾਫ਼ ਉੱਠ ਖੜ੍ਹੇ ਹੋਣ ਦੀ ਅਪੀਲ ਕੀਤੀ।

ਬਾਗੀਆਂ ਵੱਲੋਂ ਗੱਦਾਫ਼ੀ ਬਾਰੇ ਜਾਣਕਾਰੀ ਦੇਣ ਲਈ 1.17 ਮਿਲੀਅਨ ਡਾਲਰ ਦੀ ਇਨਾਮੀ ਰਾਸ਼ੀ ਵੀ ਐਲਾਨੀ ਗਈ ਸੀ।

ਅਜਿਹੇ ਵਿੱਚ ਸਿਏਰਤ ਨਾਮ ਦੇ ਸ਼ਹਿਰ ਦੀ ਘੇਰਾਬੰਦੀ ਹੋਈ ਅਤੇ ਕੁਝ ਸੂਤਰਾਂ ਨੇ ਅਨੁਸਾਰ ਕਰਨਲ ਗੱਦਾਫ਼ੀ ਨੇ ਆਪਣੇ ਕੁਝ ਹਮਾਇਤੀਆਂ ਦੇ ਨਾਲ ਇਸ ਘੇਰਾਬੰਦੀ ਨੂੰ ਤੋੜ ਕੇ ਨਿਕਲਣ ਦੀ ਕੋਸ਼ਿਸ਼ ਕੀਤੀ।

ਗੱਡੀਆਂ ਵਿੱਚ ਸਵਾਲ ਕਰਨਲ ਗੱਦਾਫ਼ੀ ਅਤੇ ਉਨ੍ਹਾਂ ਦੇ ਸਾਥੀ ਲੜਦੇ ਹੋਏ ਬਾਗੀਆਂ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸੀ।

ਗੱਡੀਆਂ ਦੇ ਇਸ ਕਾਫਲੇ ਵਿੱਚ ਕਰਨਲ ਗੱਦਾਫ਼ੀ ਦੀ ਫੌਜ ਦੇ ਮੁਖੀ ਅਬੂ ਬਕਰ ਯੂਨੁਸ ਅਤੇ ਗੱਦਾਫ਼ੀ ਦੇ ਬੇਟੇ ਮੋਤਸਿਮ ਵੀ ਸ਼ਾਮਿਲ ਸਨ। ਉਸ ਵੇਲੇ ਨੈਟੋ ਦੇ ਫਾਇਟਰ ਜੈਟ ਨੇ ਇਸ ਕਾਫਿਲੇ ਉੱਤੇ ਹਮਲਾ ਬੋਲ ਦਿੱਤਾ ਸੀ।

ਨੈਟੋ ਦੇ ਇਸ ਹਮਲੇ ਵਿੱਚ ਹਥਿਆਰਾਂ ਨਾਲ ਲੈਸ 15 ਗੱਡੀਆਂ ਤਬਾਹ ਹੋ ਗਈਆਂ ਪਰ ਕਰਨਲ ਗੱਦਾਫ਼ੀ ਅਤੇ ਉਨ੍ਹਾਂ ਦੇ ਕੁਝ ਸਾਥੀ ਇਸ ਹਮਲੇ ਵਿੱਚ ਬਚ ਗਏ।

ਗੱਦਾਫੀ ਪਾਣੀ ਦੀ ਨਿਕਾਸੀ ਦੇ ਦੋ ਵੱਡੇ ਪਾਇਪਾਂ ਵਿੱਚ ਲੁਕ ਗਏ। ਕੁਝ ਦੇਰ ਵਿੱਚ ਗੱਦਾਫ਼ੀ ਦੇ ਵਿਰੋਧੀ ਉੱਥੇ ਪਹੁੰਚ ਗਏ।

ਸਾਲਿਮ ਬਕੇਰ ਨਾਮ ਦੇ ਇੱਕ ਲੜਾਕੇ ਨੇ ਰੌਇਟਰਜ਼ ਨੂੰ ਦੱਸਿਆ, "ਪਹਿਲਾਂ ਅਸੀਂ ਐਂਟੀ ਏਅਰਕ੍ਰਾਫਟ ਗਨਾਂ ਨਾਲ ਕਰਨਲ ਗੱਦਾਫ਼ੀ ਅਤੇ ਉਨ੍ਹਾਂ ਦੇ ਸਾਥੀਆਂ ਵੱਲ ਫਾਇਰਿੰਗ ਕੀਤੀ ਪਰ ਇਸ ਦਾ ਕੋਈ ਫਾਇਦਾ ਨਹੀਂ ਹੋਇਆ।"

"ਫਿਰ ਅਸੀਂ ਪੈਦਲ ਉਨ੍ਹਾਂ ਵੱਲ ਗਏ। ਜਦੋਂ ਅਸੀਂ ਉਸ ਥਾਂ ਉੱਤੇ ਪਹੁੰਚੇ ਜਿੱਥੇ ਕਰਨਲ ਗੱਦਾਫੀ ਅਤੇ ਉਨ੍ਹਾਂ ਦੇ ਸਾਥੀ ਲੁਕੇ ਹੋਏ ਸੀ ਤਾਂ ਅਚਾਨਕ ਗੱਦਾਫ਼ੀ ਦਾ ਇੱਕ ਲੜਾਕਾ ਆਪਣੀ ਬੰਦੂਕ ਲਹਿਰਾਉਂਦਾ ਹੋਇਆ ਬਾਹਰ ਆਇਆ ਅਤੇ ਜਿਵੇਂ ਹੀ ਮੈਨੂੰ ਵੇਖਿਆ ਤਾਂ ਮੇਰੇ ਵੱਲ ਫਾਇਰਿੰਗ ਸ਼ੁਰੂ ਕਰ ਦਿੱਤੀ।"

ਸਾਲਿਮ ਬਕੇਰ

ਸਾਲਿਮ ਬਕੇਰ ਨੇ ਕਿਹਾ, "ਉਸ ਲੜਾਕੇ ਨੇ ਚੀਖ ਕੇ ਕਿਹਾ ਕਿ ਮੇਰੇ ਮਾਲਿਕ ਇੱਥੇ ਹਨ ਅਤੇ ਉਹ ਜ਼ਖ਼ਮੀ ਹਨ।"

ਸਾਲਿਮ ਬੇਕਰ ਦਾ ਕਹਿਣਾ ਸੀ, "ਅਸੀਂ ਕਰਨਲ ਗੱਦਾਫ਼ੀ ਨੂੰ ਬਾਹਰ ਨਿਕਲਣ ਵਾਸਤੇ ਮਜ਼ਬੂਰ ਕਰ ਦਿੱਤਾ, ਉਸ ਵਕਤ ਉਨ੍ਹਾਂ ਨਕੇ ਕਿਹਾ ਕਿ ਇਹ ਕੀ ਹੋ ਰਿਹਾ ਹੈ।"

ਇੱਕ ਹੋਰ ਚਸ਼ਮਦੀਦ ਨੇ ਦੱਸਿਆ ਕਿ ਗੱਦਾਫ਼ੀ ਨੂੰ ਵੇਖਦੇ ਹੀ ਉਨ੍ਹਾਂ ਨੂੰ 9ਐੱਮਐੱਮ ਗਨ ਨਾਲ ਗੋਲੀ ਮਾਰ ਦਿੱਤੀ ਗਈ। ਇਸ ਤੋਂ ਬਾਅਦ ਕਰਨਲ ਗੱਦਾਫ਼ੀ ਨੂੰ ਗੰਭੀਰ ਰੂਪ ਨਾਲ ਜ਼ਖਮੀ ਹਾਲਤ ਵਿੱਚ ਗ੍ਰਿਫ਼ਤਾਰ ਕੀਤਾ ਗਿਆ।

ਅਲ-ਜਜ਼ੀਰਾ ਟੀਵੀ ਚੈਨਲ ਉੱਤੇ ਜੋ ਫੁਟੇਜ ਦਿਖਾਈ ਗਈ ਉਸ ਵਿੱਚ ਗੱਦਾਫ਼ੀ ਗੰਭੀਰ ਰੂਪ ਨਾਲ ਜ਼ਖ਼ਮੀ ਸੀ ਅਤੇ ਉਨ੍ਹਾਂ ਨਾਲ ਬਾਗੀ ਉਸੇ ਹਾਲਤ ਵਿੱਚ ਕੁੱਟਮਾਰ ਕਰ ਰਹੇ ਸੀ।

ਇਸ ਤੋਂ ਬਾਅਦ ਦੀਆਂ ਘਟਨਾਵਾਂ ਦਾ ਜੋ ਸਿਲਸਿਲਾ ਹੋਇਆ ਉਹ ਸਾਫ਼ ਨਹੀਂ ਹੈ ਪਰ ਲੀਬੀਆ ਦੀ ਅਸਥਾਈ ਕੌਮੀ ਕੌਂਸਲ ਦੇ ਪ੍ਰਧਾਨ ਮੰਤਰੀ ਮਹਿਮੂਦ ਜਿਬ੍ਰਿਲ ਨੇ ਬਾਅਦ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਕਰਨਲ ਗੱਦਾਫ਼ੀ ਦੀ ਪੋਸਟਮਾਰਮ ਰਿਪੋਰਟ ਅਨੁਸਾਰ ਉਨ੍ਹਾਂ ਦੀ ਮੌਤ 9 ਗੋਲੀਆਂ ਲੱਗਣ ਕਰਕੇ ਹੋਈ।

ਮਹਿਮੂਦ ਜਿਬ੍ਰਿਲ ਨੇ ਦੱਸਿਆ, "ਕਰਨਲ ਗੱਦਾਫ਼ੀ ਨੂੰ ਜ਼ਿੰਦਾ ਫੜਿਆ ਗਿਆ ਸੀ ਅਤੇ ਉਨ੍ਹਾਂ ਨੇ ਕੋਈ ਵਿਰੋਧ ਨਹੀਂ ਕੀਤਾ ਸੀ। ਜਦੋਂ ਉਨ੍ਹਾਂ ਨੰ ਗੱਡੀ ਵਿੱਚ ਪਾ ਕੇ ਉੱਥੋਂ ਲੈ ਕੇ ਜਾਇਆ ਜਾ ਰਿਹਾ ਸੀ ਤਾਂ ਉਹ ਗੱਡੀ ਦੋਵਾਂ ਪਾਸਓਂ ਫਾਇਰਿੰਗ ਵਿਚਾਲੇ ਆ ਗਈ ਅਤੇ ਇੱਕ ਗੋਲੀ ਕਰਨਲ ਗੱਦਾਫ਼ੀ ਦੇ ਸਿਰ ਵਿੱਚ ਲੱਗੀ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।"

'ਖ਼ਿਲਾਫ਼ਤ ਦਾ ਸੁਪਨਾ'

ਮੁਆਮਰ ਗੱਦਾਫ਼ੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁਆਮਰ ਗੱਦਾਫ਼ੀ ਖ਼ੁਦ ਨੂੰ ‘ਅਫ਼ਰੀਕਾ ਦੇ ਬਾਦਸ਼ਾਹਾਂ ਦਾ ਬਾਦਸ਼ਾਹ’ ਦੱਸਦੇ ਸਨ

ਕਰਨਲ ਗੱਦਾਫ਼ੀ ਇੱਕ ਤਾਨਾਸ਼ਾਹ ਸੀ ਜਿਸਨੇ ਚਾਰ ਦਹਾਕਿਆਂ ਤੱਕ ਲੀਬੀਆ 'ਤੇ ਰਾਜ ਕੀਤਾ।

ਉਨ੍ਹਾਂ ਦਾ ਪਰਿਵਾਰ ਤੇਲ ਅਤੇ ਹੋਰ ਬਹੁਤ ਸਾਰੇ ਕਾਰੋਬਾਰਾਂ ਕਾਰਨ ਅਮੀਰ ਹੋ ਗਿਆ। ਕਿਹਾ ਜਾਂਦਾ ਹੈ ਕਿ ਕਰਨਲ ਗੱਦਾਫ਼ੀ ਦੀ ਨੀਤੀ ਵਫ਼ਾਦਾਰੀ ਖਰੀਦਣ ਦੀ ਸੀ ਜਿਸ ਤਹਿਤ ਉਨ੍ਹਾਂ ਨੇ ਦੌਲਤ ਵੰਡੀ।

ਦੂਜੇ ਪਾਸੇ ਗੱਦਾਫ਼ੀ ਨੇ ਕਈ ਪ੍ਰਾਜੈਕਟ ਸ਼ੁਰੂ ਕਰਵਾਏ, ਜਿਨ੍ਹਾਂ ਵਿੱਚੋਂ ਇੱਕ ਦੇਸ਼ ਦੇ ਉੱਤਰ ਵਿੱਚ ਪਾਣੀ ਮੁਹੱਈਆ ਕਰਵਾਉਣਾ ਸੀ।

ਉਹ ਆਪਣੇ ਪਹਿਰਾਵੇ ਲਈ ਹੀ ਨਹੀਂ ਸਗੋਂ ਆਪਣੇ ਬਿਆਨਾਂ ਲਈ ਵੀ ਮਸ਼ਹੂਰ ਸੀ।

ਇਸੇ ਤਰ੍ਹਾਂ ਦੇ ਇੱਕ ਬਿਆਨ ਵਿਚ ਉਨ੍ਹਾਂ ਕਿਹਾ ਸੀ ਕਿ ਫ਼ਲਸਤੀਨੀਆਂ ਅਤੇ ਇਜ਼ਰਾਈਲੀਆਂ ਨੂੰ ਇੱਕ ਦੇਸ਼ਾਂ ਵਿੱਚ ਇਕਜੁੱਟ ਹੋਣਾ ਚਾਹੀਦਾ ਹੈ ਕਿਉਂਕਿ ਦੋ ਵੱਖ-ਵੱਖ ਦੇਸ਼ ਬਣਾਉਣ ਲਈ ਲੋੜੀਂਦੀ ਜ਼ਮੀਨ ਨਹੀਂ ਹੈ।

ਉਹ ਅਰਬ ਲੀਗ ਦੀਆਂ ਮੀਟਿੰਗਾਂ ਵਿੱਚ ਸਿਗਾਰ ਦਾ ਧੂੰਆ ਛੱਡਦੇ ਅਤੇ ਆਪਣੇ ਆਪ ਨੂੰ ਅਫ਼ਰੀਕਾ ਦੇ 'ਬਾਦਸ਼ਾਹਾਂ ਦਾ ਬਾਦਸ਼ਾਹ' ਦੱਸਦੇ ਸਨ।

ਗੱਦਾਫ਼ੀ ਦੀ ਵਿਚਾਰਧਾਰਾ ਵੀ ਸਮੇਂ ਦੇ ਨਾਲ ਬਦਲਦੀ ਰਹੀ ਹੈ।

ਸ਼ੁਰੂ ਵਿੱਚ ਉਨ੍ਹਾਂ ਨੇ ਅਰਬ ਰਾਸ਼ਟਰ ਨੂੰ ਇਕਜੁੱਟ ਕਰਨ ਦਾ ਨਾਅਰਾ ਦਿੱਤਾ ਅਤੇ ਆਪਣੇ ਆਪ ਨੂੰ ਜਮਾਲ ਅਬਦੁਲ ਨਾਸਰ ਵਰਗੇ ਅਰਬ ਰਾਸ਼ਟਰਵਾਦੀ ਆਗੂਆਂ ਵਜੋਂ ਪੇਸ਼ ਕੀਤਾ ਸੀ।

ਪਰ ਜਦੋਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇਹ ਸੁਫ਼ਨਾ ਸਾਕਾਰ ਹੋਣਾ ਔਖਾ ਹੈ, ਤਾਂ ਉਨ੍ਹਾਂ ਨੇ ਅਫਰੀਕਾ ਵੱਲ ਦੇਖਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਆਪ ਨੂੰ ਅਫ਼ਰੀਕਾ ਦੇ ਆਗੂ ਵਜੋਂ ਪੇਸ਼ ਕਰਨਾ ਸ਼ੁਰੂ ਕਰ ਦਿੱਤਾ।

ਫਿਰ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਨ੍ਹਾਂ ਨੇ ਇਸਲਾਮੀ ਸੰਸਾਰ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਅਤੇ ਇਹ ਵੀ ਕਿਹਾ

ਉੱਤਰੀ ਅਫਰੀਕਾ ਵਿੱਚ ਸੁੰਨੀ ਅਤੇ ਸ਼ੀਆ ਵਿਚਲੇ ਮਤਭੇਦਾਂ ਨੂੰ ਖਤਮ ਕਰਨ ਲਈ, ਦੂਜੀ ਫ਼ਾਤਮੀ ਖ਼ਿਲਾਫ਼ਤ ਸਥਾਪਤ ਕੀਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)