ਦਿੱਲੀ ਦੀ ਹਾਰ ਤੋਂ ਬਾਅਦ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਸਿਆਸਤ ਦਾ ਹੁਣ ਕੀ ਹੋਵੇਗਾ?

ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਹਾਰ ਗਈ ਹੈ ਅਤੇ ਭਾਜਪਾ ਨੇ ਜਿੱਤ ਦਰਜ ਕੀਤੀ ਹੈ
    • ਲੇਖਕ, ਰਜਨੀਸ਼ ਕੁਮਾਰ
    • ਰੋਲ, ਬੀਬੀਸੀ ਪੱਤਰਕਾਰ

ਅਰਵਿੰਦ ਕੇਜਰੀਵਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਵਾਰਾਣਸੀ ਤੋਂ ਨਰਿੰਦਰ ਮੋਦੀ ਖ਼ਿਲਾਫ਼ ਮੈਦਾਨ 'ਚ ਸਨ ਅਤੇ ਉਨ੍ਹਾਂ ਨੂੰ 3 ਲੱਖ 71 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਉਸ ਸਮੇਂ ਆਮ ਆਦਮੀ ਪਾਰਟੀ ਨੂੰ ਬਣਿਆਂ ਮੁਸ਼ਕਿਲ ਨਾਲ ਦੋ ਸਾਲ ਵੀ ਨਹੀਂ ਹੋਏ ਸਨ।

ਹੁਣ ਜਦੋਂ ਆਮ ਆਦਮੀ ਪਾਰਟੀ 12 ਸਾਲ ਦੀ ਹੋ ਗਈ ਹੈ, ਕੇਜਰੀਵਾਲ ਆਪਣੀ ਨਵੀਂ ਦਿੱਲੀ ਵਿਧਾਨ ਸਭਾ ਸੀਟ ਭਾਜਪਾ ਦੇ ਪਰਵੇਸ਼ ਵਰਮਾ ਤੋਂ ਚਾਰ ਹਜ਼ਾਰ ਤੋਂ ਵੱਧ ਵੋਟਾਂ ਨਾਲ ਹਾਰ ਗਏ ਹਨ।

ਪਹਿਲੀ ਹਾਰ ਕੇਜਰੀਵਾਲ ਨੂੰ ਭਾਜਪਾ ਦੇ ਚੋਟੀ ਦੇ ਆਗੂ ਨਰਿੰਦਰ ਮੋਦੀ ਤੋਂ ਮਿਲੀ ਸੀ ਅਤੇ ਦੂਜੀ ਹਾਰ ਭਾਜਪਾ ਦੇ ਸੂਬਾ ਪੱਧਰੀ ਆਗੂ ਪਰਵੇਸ਼ ਵਰਮਾ ਤੋਂ ਮਿਲੀ ਹੈ।

ਆਮ ਆਦਮੀ ਪਾਰਟੀ ਦਿੱਲੀ ਵਿੱਚ ਉੱਭਰੀ ਸੀ ਅਤੇ ਇਸ ਨੂੰ ਆਪਣੀ ਪਹਿਲੀ ਜਿੱਤ ਵੀ ਦਿੱਲੀ ਵਿੱਚ ਹੀ ਮਿਲੀ ਸੀ। 'ਆਪ' 2013 ਤੋਂ ਲਗਾਤਾਰ ਦਿੱਲੀ ਵਿਧਾਨ ਸਭਾ ਚੋਣਾਂ ਜਿੱਤ ਰਹੀ ਸੀ, ਪਰ 2025 ਵਿੱਚ ਇਸ ਦਾ ਵਿਜੈ ਰਥ ਖੜ੍ਹ ਗਿਆ ਹੈ।

ਅਰਵਿੰਦ ਕੇਜਰੀਵਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 'ਆਪ' ਦੀ ਇਸ ਹਾਰ ਨਾਲ ਅਰਵਿੰਦ ਕੇਜਰੀਵਾਲ ਦੀ ਸਿਆਸਤ ਬਾਰੇ ਵੀ ਚਰਚੇ ਹੋਣ ਲੱਗੇ ਹਨ ਕਿ ਹੁਣ ਅੱਗੇ ਉਨ੍ਹਾਂ ਦਾ ਕੀ ਹੋਵੇਗਾ

ਅਰਵਿੰਦ ਕੇਜਰੀਵਾਲ ਨੂੰ ਇਸ ਹਾਰ ਦਾ ਸਾਹਮਣਾ ਉਦੋਂ ਕਰਨਾ ਪਿਆ ਹੈ ਜਦੋਂ ਉਹ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਏ ਹੋਏ ਹਨ।

ਅਰਵਿੰਦ ਕੇਜਰੀਵਾਲ ਨੇ ਜ਼ਮਾਨਤ 'ਤੇ ਰਿਹਾਅ ਹੋਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਕਿਹਾ ਸੀ ਕਿ ਜਨਤਾ ਫੈਸਲਾ ਕਰੇਗੀ ਕਿ ਉਹ ਇਮਾਨਦਾਰ ਹਨ ਜਾਂ ਨਹੀਂ।

ਜੇਕਰ ਕੇਜਰੀਵਾਲ ਜਿੱਤ ਜਾਂਦੇ, ਤਾਂ ਇਸ ਨਾਲ ਉਨ੍ਹਾਂ ਦਾ ਆਤਮਵਿਸ਼ਵਾਸ ਵਧ ਜਾਂਦਾ ਅਤੇ ਉਹ ਭਾਜਪਾ 'ਤੇ ਇਹ ਕਹਿ ਕੇ ਹਮਲਾ ਕਰ ਸਕਦੇ ਸਨ ਕਿ ਉਨ੍ਹਾਂ ਨੂੰ ਜਾਣਬੁੱਝ ਕੇ ਫਸਾਇਆ ਗਿਆ ਹੈ, ਜਿਸ ਦਾ ਜਵਾਬ ਜਨਤਾ ਨੇ ਦੇ ਦਿੱਤਾ ਹੈ।

ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਦਾ ਅਰਵਿੰਦ ਕੇਜਰੀਵਾਲ ਦੀ ਸਿਆਸਤ 'ਤੇ ਡੂੰਘਾ ਪ੍ਰਭਾਵ ਪਵੇਗਾ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ਼ ਪੰਜਾਬ ਵਿੱਚ ਹੀ ਬਚੀ ਹੈ। ਇਸ ਹਾਰ ਨਾਲ ਪੰਜਾਬ ਵਿੱਚ ਵੀ 'ਆਪ' ਦੀ ਸਿਆਸਤ ਪ੍ਰਭਾਵਿਤ ਹੋ ਸਕਦੀ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ 'ਤੇ ਕਲਿੱਕ ਕਰੋ

ਪੰਜਾਬ 'ਤੇ ਅਸਰ

ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਦਾ ਮੰਨਣਾ ਹੈ ਕਿ ਦਿੱਲੀ ਵਿੱਚ ਕੇਜਰੀਵਾਲ ਦੀ ਹਾਰ ਨਾਲ 'ਆਪ' ਦੀ ਪੰਜਾਬ ਇਕਾਈ ਦੀ ਖੁਦਮੁਖਤਿਆਰੀ ਵਧੇਗੀ ਅਤੇ ਕੇਜਰੀਵਾਲ ਦਾ ਦਖਲ ਘਟ ਜਾਵੇਗਾ।

ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਕਹਿੰਦੇ ਹਨ, "ਪੰਜਾਬ ਵਿੱਚ ਕਿਹਾ ਜਾਂਦਾ ਹੈ ਕਿ ਸਰਕਾਰ ਦਿੱਲੀ ਤੋਂ ਚਲਾਈ ਜਾਂਦੀ ਹੈ। ਹੁਣ 'ਆਪ' ਦੀ ਪੰਜਾਬ ਇਕਾਈ ਆਪਣਾ ਫੈਸਲਾ ਆਪ ਲੈਣ ਦੀ ਹਿੰਮਤ ਕਰ ਸਕਦੀ ਹੈ। ਪੰਜਾਬ ਵਿੱਚ ਸਰਕਾਰ ਨਹੀਂ ਡਿੱਗੇਗੀ ਕਿਉਂਕਿ 'ਆਪ' ਕੋਲ 90 ਤੋਂ ਵੱਧ ਵਿਧਾਇਕ ਹਨ ਅਤੇ ਕੋਈ ਵੀ ਇਸ ਵੇਲੇ ਸੱਤਾ ਤੋਂ ਬਾਹਰ ਨਹੀਂ ਰਹਿਣਾ ਚਾਹੇਗਾ। ਭਗਵੰਤ ਮਾਨ ਨੂੰ ਕੇਜਰੀਵਾਲ ਦਾ ਵਫ਼ਾਦਾਰ ਮੰਨਿਆ ਜਾਂਦਾ ਹੈ ਪਰ ਹੁਣ ਉਹ ਵੀ ਸਿਰ ਚੁੱਕ ਸਕਦਾ ਹਨ। ਹਾਲਾਂਕਿ, ਭਗਵੰਤ ਮਾਨ ਦੇ ਅਮਿਤ ਸ਼ਾਹ ਨਾਲ ਵੀ ਚੰਗੇ ਸਬੰਧ ਹਨ।''

ਕਿਹਾ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਹਾਰ ਦਾ ਪੰਜਾਬ ਵਿੱਚ ਕਾਂਗਰਸ ਨੂੰ ਸਿੱਧਾ ਫਾਇਦਾ ਹੋਵੇਗਾ। ਕਾਂਗਰਸ ਪੰਜਾਬ ਵਿੱਚ ਵੈਸੇ ਵੀ ਮਜ਼ਬੂਤ ਹੈ ਪਰ ਕੇਜਰੀਵਾਲ ਦੀ ਹਾਰ ਨਾਲ ਇਸ ਦਾ ਆਤਮ-ਵਿਸ਼ਵਾਸ ਹੋਰ ਵੀ ਵਧ ਜਾਵੇਗਾ।

ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਿਰਾਂ ਦਾ ਮੰਨਣਾ ਹੈ ਕਿ ਇਸ ਹਾਰ ਦਾ ਅਸਰ ਪਾਰਟੀ, ਕੇਜਰੀਵਾਲ ਦੇ ਨਾਲ-ਨਾਲ ਪੰਜਾਬ 'ਚ ਉਨ੍ਹਾਂ ਦੀ ਸਿਆਸਤ 'ਤੇ ਵੀ ਪੈ ਸਕਦਾ ਹੈ

ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਕਹਿੰਦੇ ਹਨ, "2027 ਹਾਲੇ ਬਹੁਤ ਦੂਰ ਹੈ ਪਰ ਪੰਜਾਬ ਵਿੱਚ 'ਆਪ' ਦੀ ਵਾਪਸੀ ਸੌਖੀ ਨਹੀਂ ਹੈ। ਕੇਜਰੀਵਾਲ ਦੀ ਹਾਰ ਨਾ ਸਿਰਫ਼ ਪੰਜਾਬ ਵਿੱਚ ਕਾਂਗਰਸ ਲਈ ਸਗੋਂ ਭਗਵੰਤ ਮਾਨ ਲਈ ਵੀ ਚੰਗੀ ਹੈ।''

''ਹਰਿਆਣਾ ਵਿੱਚ, ਆਮ ਆਦਮੀ ਪਾਰਟੀ ਚਾਹੁੰਦੀ ਸੀ ਕਿ ਕਾਂਗਰਸ ਨਾਲ ਗੱਠਜੋੜ ਹੋਵੇ ਪਰ ਰਾਹੁਲ ਗਾਂਧੀ ਤਿਆਰ ਨਹੀਂ ਸਨ। ਦਿੱਲੀ ਵਿੱਚ, ਕਾਂਗਰਸ ਚਾਹੁੰਦੀ ਸੀ ਕਿ ਆਮ ਆਦਮੀ ਪਾਰਟੀ ਨਾਲ ਗੱਠਜੋੜ ਹੋਵੇ ਪਰ ਅਰਵਿੰਦ ਕੇਜਰੀਵਾਲ ਤਿਆਰ ਨਹੀਂ ਸਨ। ਜੇਕਰ ਗੱਠਜੋੜ ਹੁੰਦਾ ਤਾਂ ਦਿੱਲੀ ਦੀ ਤਸਵੀਰ ਵੱਖਰੀ ਹੋ ਸਕਦੀ ਸੀ।''

ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਸੁਨੇਹਾ ਸਿਰਫ਼ ਦਿੱਲੀ ਤੱਕ ਹੀ ਸੀਮਤ ਨਹੀਂ ਰਹੇਗਾ। ਇਸੇ ਸਾਲ ਬਿਹਾਰ ਵਿੱਚ ਵੀ ਵਿਧਾਨ ਸਭਾ ਚੋਣਾਂ ਹਨ। ਜੇਕਰ ਅਰਵਿੰਦ ਕੇਜਰੀਵਾਲ ਜਿੱਤ ਜਾਂਦੇ, ਤਾਂ ਬਿਹਾਰ ਵਿੱਚ ਵਿਰੋਧੀ ਧਿਰ ਭਾਜਪਾ ਵਿਰੁੱਧ ਭਰੋਸੇ ਨਾਲ ਇੱਕਜੁੱਟ ਹੋ ਸਕਦੀ ਸੀ।

ਅਰਵਿੰਦ ਕੇਜਰੀਵਾਲ 'ਆਪ' ਨੂੰ ਦਿੱਲੀ ਅਤੇ ਪੰਜਾਬ ਤੋਂ ਬਾਹਰ ਲੈ ਕੇ ਜਾਣ ਦੀ ਸ਼ੁਰੂ ਤੋਂ ਹੀ ਕੋਸ਼ਿਸ਼ ਕਰ ਰਹੇ ਸਨ ਪਰ ਇਹ ਹਾਰ ਨਾਲ ਉਨ੍ਹਾਂ ਦੀ ਇਸ ਕੋਸ਼ਿਸ਼ 'ਤੇ ਬ੍ਰੇਕ ਲੱਗ ਸਕਦੀ ਹੈ।

ਗੁਜਰਾਤ ਯੂਨੀਵਰਸਿਟੀ ਦੇ ਸਮਾਜਿਕ ਵਿਗਿਆਨ ਦੇ ਪ੍ਰੋਫੈਸਰ ਗੌਰਾਂਗ ਜਾਨੀ ਦਾ ਮੰਨਣਾ ਹੈ ਕਿ ਇਸ ਹਾਰ ਤੋਂ ਬਾਅਦ ਕੇਜਰੀਵਾਲ ਦੀ ਸਿਆਸਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ।

ਇਹ ਵੀ ਪੜ੍ਹੋ-

ਕੇਜਰੀਵਾਲ ਹੁਣ ਕੀ ਕਰਨਗੇ?

ਪ੍ਰੋਫੈਸਰ ਜਾਨੀ ਕਹਿੰਦੇ ਹਨ, "ਦਿੱਲੀ ਵਿੱਚ ਆਮ ਆਦਮੀ ਪਾਰਟੀ 'ਤੇ ਬ੍ਰੇਕ ਲੱਗਣਾ ਪ੍ਰਤੀਕਾਤਮਕ ਤੌਰ 'ਤੇ ਵੀ ਬਹੁਤ ਮਾਅਨੇ ਰੱਖਦਾ ਹੈ। ਇਹ ਉਸੇ ਤਰ੍ਹਾਂ ਹੈ ਜਿਵੇਂ ਅਯੁੱਧਿਆ ਵਿੱਚ ਭਾਜਪਾ ਹਾਰ ਗਈ। ਜੇਕਰ ਕੇਜਰੀਵਾਲ ਜਿੱਤ ਜਾਂਦੇ ਤਾਂ ਉਨ੍ਹਾਂ ਨੂੰ ਇਹ ਕਹਿਣ ਦੀ ਹਿੰਮਤ ਮਿਲ ਜਾਂਦੀ ਕਿ ਭਾਜਪਾ ਨੇ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਫਸਾ ਦਿੱਤਾ ਸੀ, ਪਰ ਹੁਣ ਉਹ ਇਹ ਕਹਿਣ ਦੇ ਵੀ ਯੋਗ ਨਹੀਂ ਰਹੇ।''

ਪ੍ਰੋਫੈਸਰ ਗੌਰਾਂਗ ਜਾਨੀ ਕਹਿੰਦੇ ਹਨ, "ਕੇਜਰੀਵਾਲ ਨੂੰ ਹੁਣ ਸੋਚਣਾ ਪਵੇਗਾ ਕਿ ਉਨ੍ਹਾਂ ਨੇ ਭਾਜਪਾ ਨਾਲ ਲੜਨਾ ਹੈ ਜਾਂ ਕਾਂਗਰਸ ਨਾਲ। ਕੇਜਰੀਵਾਲ ਨੇ ਦੇਸ਼ ਭਰ ਵਿੱਚ ਕਾਂਗਰਸ ਨੂੰ ਕਮਜ਼ੋਰ ਕੀਤਾ ਹੈ। ਜੇਕਰ ਤੁਸੀਂ ਗੁਜਰਾਤ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ 'ਤੇ ਨਜ਼ਰ ਮਾਰੋ, ਉਨ੍ਹਾਂ ਨੇ ਸਿਰਫ਼ ਭਾਜਪਾ ਨੂੰ ਹੀ ਫਾਇਦਾ ਪਹੁੰਚਾਇਆ ਹੈ। ਆਮ ਆਦਮੀ ਪਾਰਟੀ ਦੀ ਸਿਆਸਤ ਵਿਚਾਰਕ ਤੌਰ 'ਤੇ ਉਲਝਾਉਣ ਵਾਲੀ ਹੈ। ਇਸ ਹਾਰ ਤੋਂ ਬਾਅਦ, ਸ਼ਾਇਦ ਉਹ ਆਪਣੀ ਲਾਈਨ ਸਪਸ਼ਟ ਕਰ ਸਕਦੇ ਹਨ।''

ਕੁਝ ਲੋਕ ਅਰਵਿੰਦ ਕੇਜਰੀਵਾਲ ਨੂੰ ਨਰਿੰਦਰ ਮੋਦੀ ਨੂੰ ਚੁਣੌਤੀ ਦੇਣ ਵਾਲੇ ਵਜੋਂ ਦੇਖਦੇ ਸਨ। ਕੁਝ ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਸੀ ਕਿ ਕੇਜਰੀਵਾਲ ਭਾਜਪਾ ਦੀ ਬਹੁਗਿਣਤੀਵਾਦ ਦੀ ਸਿਆਸਤ ਦਾ ਗਵਰਨੈਂਸ ਦੇ ਮੁੱਦੇ ਤੋਂ ਬਹੁਤ ਵਧੀਆ ਢੰਗ ਨਾਲ ਮੁਕਾਬਲਾ ਕਰ ਰਹੇ ਸਨ।

ਅਰਵਿੰਦ ਕੇਜਰੀਵਾਲ ਅਤੇ ਆਤਿਸ਼ੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰੋਫੈਸਰ ਗੌਰਾਂਗ ਜਾਨੀ ਕਹਿੰਦੇ ਹਨ ਕਿ ਇਸ ਹਾਰ ਤੋਂ ਬਾਅਦ, ਸ਼ਾਇਦ ਕੇਜਰੀਵਾਲ ਸਿਆਸਤ ਨੂੰ ਲੈ ਕੇ ਆਪਣੀ ਲਾਈਨ ਸਪਸ਼ਟ ਕਰ ਸਕਣ

ਜੇਐਨਯੂ ਵਿੱਚ ਰਾਜਨੀਤੀ ਸ਼ਾਸਤਰ ਦੇ ਐਸੋਸੀਏਟ ਪ੍ਰੋਫੈਸਰ ਸੁਧੀਰ ਕੁਮਾਰ ਕਹਿੰਦੇ ਹਨ, "ਕੁਝ ਲੋਕਾਂ ਦਾ ਮੰਨਣਾ ਸੀ ਕਿ ਕੇਜਰੀਵਾਲ ਬਹੁਗਿਣਤੀਵਾਦ ਦੀ ਰਾਜਨੀਤੀ ਵਿੱਚ ਆਪਣੇ ਲਈ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਮੇਰਾ ਮੰਨਣਾ ਹੈ ਕਿ ਕੇਜਰੀਵਾਲ ਗਵਰਨੈਂਸ ਦੇ ਮੁੱਦੇ 'ਤੇ ਭਾਜਪਾ ਦੀ ਬਹੁਗਿਣਤੀਵਾਦੀ ਰਾਜਨੀਤੀ ਦਾ ਬਹੁਤ ਵਧੀਆ ਢੰਗ ਨਾਲ ਮੁਕਾਬਲਾ ਕਰ ਰਹੇ ਸਨ।''

ਉਨ੍ਹਾਂ ਮੁਤਾਬਕ, "ਕੇਜਰੀਵਾਲ ਦੀ ਹਾਰ ਤੋਂ ਬਾਅਦ, ਇਹ ਸਵਾਲ ਵੱਡਾ ਹੋ ਗਿਆ ਹੈ ਕਿ ਬਹੁਗਿਣਤੀਵਾਦ ਦੀ ਰਾਜਨੀਤੀ ਦਾ ਮੁਕਾਬਲਾ ਕਰਨ ਲਈ ਹੁਣ ਹੋਰ ਕਿਹੜਾ ਢੁਕਵਾਂ ਤਰੀਕਾ ਅਪਣਾਇਆ ਜਾ ਸਕਦਾ ਹੈ। ਭਾਜਪਾ ਹੁਣ ਹਿੰਦੂਤਵ ਅਤੇ ਗਵਰਨੈਂਸ ਦੋਵਾਂ ਨੂੰ ਨਾਲ ਲੈ ਕੇ ਚੱਲ ਰਹੀ ਹੈ। ਅਜਿਹੀ ਸਥਿਤੀ ਵਿੱਚ, ਵਿਰੋਧੀ ਧਿਰ ਕੋਲ ਇਸ ਸਿਆਸਤ ਨੂੰ ਚੁਣੌਤੀ ਦੇਣ ਲਈ ਬਹੁਤੇ ਹਥਿਆਰ ਨਜ਼ਰ ਨਹੀਂ ਆ ਰਹੇ।"

ਸੁਧੀਰ ਕੁਮਾਰ ਦਾ ਕਹਿਣਾ ਹੈ ਕਿ ਇਸ ਹਾਰ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਰਾਜਨੀਤੀ ਵਿੱਚ ਆਪਣੇ ਆਪ ਨੂੰ ਸਾਰਥਕ ਬਣਾਉਣ ਲਈ ਬਹੁਤ ਸੰਘਰਸ਼ ਕਰਨਾ ਪਵੇਗਾ।

ਦਿੱਲੀ ਚੋਣਾਂ

ਵਿਰੋਧੀ ਧਿਰ 'ਤੇ ਕੀ ਪ੍ਰਭਾਵ ਪਵੇਗਾ?

ਸੁਧੀਰ ਕੁਮਾਰ ਕਹਿੰਦੇ ਹਨ, "ਆਮ ਆਦਮੀ ਪਾਰਟੀ ਨੇ ਨਰਿੰਦਰ ਮੋਦੀ ਦੀ ਭਾਜਪਾ ਵਿਰੁੱਧ ਲੜਨਾ ਹੈ। ਅਰਵਿੰਦ ਕੇਜਰੀਵਾਲ ਉਦੋਂ ਨੇਤਾ ਬਣੇ ਸਨ ਜਦੋਂ ਕਾਂਗਰਸ ਦੀ ਸਰਕਾਰ ਸੀ। ਹੁਣ ਕਿਸੇ ਵੀ ਵਿਅਕਤੀ ਕੋਲ ਇੰਨਾ ਸਪੇਸ ਨਹੀਂ ਹੈ ਕਿ ਉਹ ਸਰਕਾਰ ਨੂੰ ਚੁਣੌਤੀ ਦੇ ਸਕੇ। ਅਰਵਿੰਦ ਕੇਜਰੀਵਾਲ ਲਈ ਅਜਿਹੇ ਰਾਜਨੀਤਿਕ ਮਾਹੌਲ ਵਿੱਚ ਆਪਣੇ ਆਪ ਨੂੰ ਮੁੜ ਮਜ਼ਬੂਤ ਕਰਨਾ ਸੌਖਾ ਨਹੀਂ ਹੋਵੇਗਾ।"

2014 ਵਿੱਚ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਲੋਕ ਸਭਾ ਚੋਣਾਂ ਜਿੱਤਣ ਵਾਲੇ ਧਰਮਵੀਰ ਗਾਂਧੀ ਨੇ ਯੋਗੇਂਦਰ ਯਾਦਵ ਦੇ ਨਾਲ ਪਾਰਟੀ ਛੱਡ ਦਿੱਤੀ ਸੀ। ਇਸ ਵੇਲੇ ਗਾਂਧੀ ਪਟਿਆਲਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਹਨ।

ਗਾਂਧੀ ਕਹਿੰਦੇ ਹਨ, "ਦਿੱਲੀ ਵਿੱਚ ਹਾਰ ਦਾ ਸਿੱਧਾ ਅਸਰ ਪੰਜਾਬ 'ਤੇ ਪਵੇਗਾ। ਅਰਵਿੰਦ ਕੇਜਰੀਵਾਲ ਨੂੰ ਪੰਜਾਬ ਤੋਂ ਪੈਸਾ ਮਿਲਦਾ ਹੈ। ਦਿੱਲੀ ਵਿੱਚ ਹਾਰ ਤੋਂ ਬਾਅਦ, ਹੁਣ ਪੰਜਾਬ ਦੀ 'ਆਪ' ਇਕਾਈ ਅੱਖ ਨਾਲ ਅੱਖ ਮਿਲਾ ਕੇ ਗੱਲ ਕਰ ਸਕਦੀ ਹੈ।''

ਰਾਹੁਲ ਗਾਂਧੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਿਰਾਂ ਮਾਹਿਰਾਂ ਮੁਤਾਬਕ, ਕੇਜਰੀਵਾਲ ਲਈ ਮੁੜ ਵਾਪਸੀ ਔਖੀ ਹੋ ਸਕਦੀ ਹੈ ਅਤੇ ਅਜਿਹੇ ਵਿੱਚ ਵਿਰੋਧੀ ਧਿਰ ਤੋਂ ਮੋਦੀ ਨੂੰ ਕੌਣ ਟੱਕਰ ਦੇਵੇਗਾ, ਇਹ ਵੀ ਵੱਡਾ ਸਵਾਲ ਹੈ

ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਹਾਰ ਤੋਂ ਬਾਅਦ, ਇਹ ਸਵਾਲ ਵੱਡਾ ਹੋ ਗਿਆ ਹੈ ਕਿ ਵਿਰੋਧੀ ਧਿਰ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਕੌਣ ਚੁਣੌਤੀ ਦੇਵੇਗਾ? ਕੀ ਰਾਹੁਲ ਗਾਂਧੀ ਲਈ ਮੈਦਾਨ ਖਾਲੀ ਹੋ ਗਿਆ ਹੈ?

ਸੁਧੀਰ ਕੁਮਾਰ ਕਹਿੰਦੇ ਹਨ, "ਇਹ ਕਹਿਣਾ ਮੁਸ਼ਕਿਲ ਹੈ ਕਿ ਰਾਹੁਲ ਨੂੰ ਅਰਵਿੰਦ ਕੇਜਰੀਵਾਲ ਦੀ ਹਾਰ ਦਾ ਫਾਇਦਾ ਹੋਵੇਗਾ ਜਾਂ ਨਹੀਂ। ਭਾਜਪਾ ਤਾਂ ਆਪਣੀਆਂ ਕਮਜ਼ੋਰੀਆਂ ਦਾ ਵੀ ਫਾਇਦਾ ਵੀ ਚੁੱਕ ਲੈਂਦੀ ਹੈ। ਗੁਜਰਾਤ ਵਿੱਚ ਭਾਜਪਾ ਕਮਜ਼ੋਰ ਹੋਈ ਪਰ ਕਾਂਗਰਸ ਇਸ ਦਾ ਫਾਇਦਾ ਨਹੀਂ ਚੁੱਕ ਸਕੀ। ਮੱਧ ਪ੍ਰਦੇਸ਼ ਵਿੱਚ ਭਾਜਪਾ ਕਮਜ਼ੋਰ ਹੋਈ ਪਰ ਕਾਂਗਰਸ ਨੂੰ ਥੋੜ੍ਹਾ ਵੀ ਫਾਇਦਾ ਨਹੀਂ ਹੋਇਆ। ਮੈਨੂੰ ਲੱਗਦਾ ਹੈ ਕਿ ਕੇਜਰੀਵਾਲ ਦੀ ਹਾਰ ਤੋਂ ਬਾਅਦ ਇਹ ਸਵਾਲ ਵੱਡਾ ਹੋ ਗਿਆ ਹੈ ਕਿ ਵਿਰੋਧੀ ਧਿਰ ਵੱਲੋਂ ਮੋਦੀ ਨੂੰ ਚੁਣੌਤੀ ਕੌਣ ਦੇਵੇਗਾ?''

ਪ੍ਰੋਫੈਸਰ ਗੌਰਾਂਗ ਜਾਨੀ ਕਹਿੰਦੇ ਹਨ, "ਹਿੰਦੂਤਵ ਦੀ ਰਾਜਨੀਤੀ ਵਿੱਚ ਭਾਜਪਾ ਹੁਣ ਇਕਲੌਤੀ ਖਿਡਾਰੀ ਹੈ, ਇੱਥੋਂ ਤੱਕ ਕਿ ਇਸ ਨੇ ਸ਼ਿਵ ਸੈਨਾ ਨੂੰ ਵੀ ਬਾਹਰ ਕਰ ਦਿੱਤਾ ਹੈ। ਕੇਜਰੀਵਾਲ ਨੇ ਇਸ ਰਾਜਨੀਤੀ ਦੀ ਕਾਟ ਚੰਗੇ ਸ਼ਾਸਨ ਦੇ ਮੁੱਦਿਆਂ ਰਾਹੀਂ ਲੱਭਣ ਦੀ ਕੋਸ਼ਿਸ਼ ਕੀਤੀ ਪਰ ਅਜਿਹਾ ਨਾ ਕਰ ਸਕੇ। ਕਾਂਗਰਸ ਧਰਮ ਨਿਰਪੱਖਤਾ ਦੀ ਗੱਲ ਕਰਦੀ ਹੈ ਪਰ ਬਹੁਗਿਣਤੀਵਾਦ ਦੀ ਰਾਜਨੀਤੀ ਵਿੱਚ ਇਹ ਗੱਲ ਕੌਣ ਸੁਣੇਗਾ? ਹੁਣ ਜੇ ਕੇਜਰੀਵਾਲ ਕਮਜ਼ੋਰ ਹੋ ਜਾਂਦੇ ਹਨ ਤਾਂ ਰਾਹੁਲ ਨੂੰ ਇਸ ਦਾ ਫਾਇਦਾ ਹੋਵੇਗਾ, ਇਹ ਕਹਿਣਾ ਮੁਸ਼ਕਿਲ ਹੈ।''

ਦੇਸ਼ ਵਿੱਚ ਖੇਤਰੀ ਪਾਰਟੀਆਂ ਦੀ ਪਕੜ ਕਮਜ਼ੋਰ ਹੋਈ ਹੈ। ਭਾਜਪਾ ਨੇ ਓਡੀਸ਼ਾ ਵਿੱਚ ਨਵੀਨ ਪਟਨਾਇਕ ਨੂੰ ਹਰਾਇਆ, ਬਿਹਾਰ ਵਿੱਚ ਜੇਡੀਯੂ ਨੂੰ ਆਪਣਾ ਜੂਨੀਅਰ ਸਾਥੀ ਬਣਾਇਆ, ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਨੂੰ ਕਮਜ਼ੋਰ ਕੀਤਾ, ਹਰਿਆਣਾ ਵਿੱਚ ਆਈਐਨਐਲਡੀ ਬੇਅਸਰ ਹੋ ਗਈ ਹੈ, ਤੇਲੰਗਾਨਾ ਵਿੱਚ ਬੀਆਰਐਸ ਕਮਜ਼ੋਰ ਹੋ ਗਈ ਹੈ ਅਤੇ ਹੁਣ ਅਰਵਿੰਦ ਕੇਜਰੀਵਾਲ ਦੀ ਸਰਕਾਰ ਦਿੱਲੀ ਤੋਂ ਵਿਦਾ ਹੋ ਰਹੀ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)