ਧਾਰਮਿਕ ਜਥੇ ਨਾਲ ਪਕਿਸਤਾਨ ਗਈ ਮਹਿਲਾ ਦੇ ਲਾਪਤਾ ਹੋਣ ਦਾ ਕੀ ਹੈ ਮਾਮਲਾ, ਪੁਲਿਸ ਕੀ ਦੱਸ ਰਹੀ

ਤਸਵੀਰ ਸਰੋਤ, Getty Images
ਗੁਰਪੁਰਬ ਮੌਕੇ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਵਿੱਚੋਂ ਇੱਕ ਮਹਿਲਾ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਕ, ਸਰਬਜੀਤ ਕੌਰ ਨਾਮ ਦੀ ਇਹ ਮਹਿਲਾ ਭਾਰਤ ਤੋਂ 4 ਨਵੰਬਰ ਨੂੰ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ 'ਚ ਸਿੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਲਈ ਰਵਾਨਾ ਹੋਈ ਸੀ ਪਰ ਜਦੋਂ 13 ਨਵੰਬਰ ਨੂੰ ਜਥੇ ਦੇ ਹੋਰ ਮੈਂਬਰ ਭਾਰਤ ਪਰਤੇ ਤਾਂ ਇਹ ਮਹਿਲਾ ਉਨ੍ਹਾਂ ਦੇ ਨਾਲ ਵਾਪਸ ਨਹੀਂ ਆਈ।
ਉਦੋਂ ਤੋਂ ਹੀ ਮਹਿਲਾ ਦੇ ਲਾਪਤਾ ਹੋਣ ਦੀਆਂ ਖਬਰਾਂ ਚਰਚਾ ਵਿੱਚ ਹਨ।
ਪੁਲਿਸ ਨੇ ਦੱਸਿਆ ਕਿ ਸਰਬਜੀਤ ਨਾਮ ਦੀ ਇਹ ਮਹਿਲਾ ਪਿੰਡ ਅਮਾਨੀਪੁਰ, ਤਲਵੰਡੀ ਚੋਧਰੀਆਂ, ਜ਼ਿਲ੍ਹਾ ਕਪੂਰਥਲਾ ਦੀ ਰਹਿਣ ਵਾਲੀ ਹੈ ਅਤੇ ਵਿਆਹੁਤਾ ਹੈ।
ਵੱਖ-ਵੱਖ ਧਾਰਮਿਕ ਮੌਕਿਆਂ 'ਤੇ ਸਿੱਖ ਸ਼ਰਧਾਲੂਆਂ ਦੇ ਜਥੇ ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਸਣੇ ਹੋਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਲਈ ਜਾਂਦੇ ਹਨ।
ਇਸ ਵਾਰ ਵੀ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੂਰਬ ਮੌਕੇ 1932 ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਰਵਾਨਾ ਹੋਇਆ ਸੀ। ਪਰ ਜਦੋਂ ਜਥਾ ਵਾਪਸ ਆਇਆ ਤਾਂ ਉਨ੍ਹਾਂ ਵਿੱਚੋਂ ਇੱਕ ਮਹਿਲਾ ਲਾਪਤਾ ਸੀ।
ਪੁਲਿਸ ਨੇ ਕੀ ਦੱਸਿਆ

ਤਸਵੀਰ ਸਰੋਤ, Pradeep Sharma/BBC
ਬੀਬੀਸੀ ਸਹਿਯੋਗੀ ਪ੍ਰਦੀਪ ਸ਼ਰਮਾ ਨਾਲ ਗੱਲ ਕਰਦਿਆਂ ਤਲਵੰਡੀ ਚੋਧਰੀਆਂ ਦੇ ਐਸਐਚਓ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਦੇ ਸਰਪੰਚ ਨਾਲ ਰਾਬਤਾ ਕਾਇਮ ਕਰਕੇ ਇਸ ਬਾਰੇ ਜਾਣਕਾਰੀ ਮਿਲੀ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਦੀ ਸਰਬਜੀਤ ਕੌਰ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਨਹੀਂ ਹੋ ਸਕੀ ਹੈ ਕਿਉਂਕਿ ਉਨ੍ਹਾਂ ਦੇ ਪੁੱਤਰ ਇਸ ਵੇਲੇ ਘਰ ਵਿੱਚ ਨਹੀਂ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਸਰਬਜੀਤ ਕੌਰ 'ਤੇ ਤਿੰਨ ਮੁੱਕਦਮੇ ਵੀ ਦਰਜ ਹਨ, ਜਿਨ੍ਹਾਂ ਵਿੱਚੋਂ ਦੋ ਕਪੂਰਥਲਾ ਵਿੱਚ ਅਤੇ ਇੱਕ ਬਠਿੰਡਾ ਵਿੱਚ ਦਰਜ ਹੈ।
ਐਸਐਚਓ ਨਿਰਮਲ ਸਿੰਘ ਨੇ ਕਿਹਾ ਕਿ ਇਹ ਮਾਮਲੇ ਲਗਭਗ ਨਿੱਬੜੇ ਹੋਏ ਹੀ ਲੱਗ ਰਹੇ ਹਨ, ਬਾਕੀ ਇਨ੍ਹਾਂ ਬਾਰੇ ਜ਼ਿਆਦਾ ਜਾਣਕਾਰੀ ਅਜੇ ਜੁਟਾਈ ਜਾ ਰਹੀ ਹੈ।
ਮੀਡੀਆ ਵਿੱਚ ਚੱਲ ਰਹੇ ਧਰਮ ਪਰਿਵਰਤਨ ਦੇ ਦਾਅਵਿਆਂ ਬਾਰੇ ਪੁਲਿਸ ਨੇ ਕੀ ਦੱਸਿਆ

ਤਸਵੀਰ ਸਰੋਤ, Pradeep Sharma/BBC
ਕਪੂਰਥਲਾ ਦੇ ਐਸਿਸਟੈਂਟ ਸੁਪਰੀਟੈਂਡੇਂਟ ਆਫ ਪੁਲਿਸ ਧੀਰੇਂਦਰ ਵਰਮਾ ਨੇ ਦੱਸਿਆ ਕਿ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਪੁੱਛੇ ਜਾਣ 'ਤੇ ਕਿ ਸੋਸ਼ਲ ਮੀਡੀਆ ਅਤੇ ਹੋਰ ਮੀਡੀਆ ਵਿੱਚ ਇਹ ਖਬਰਾਂ ਆ ਰਹੀਆਂ ਹਨ ਕਿ ਸਰਬਜੀਤ ਕੌਰ ਨੇ ਧਰਮ ਪਰਿਵਰਤਨ ਕਰਕੇ ਨਾਮ ਬਦਲ ਲਿਆ ਅਤੇ ਨਿਕਾਹ ਕਰਾ ਲਿਆ ਹੈ, ਇਸ ਬਾਰੇ ਕੋਈ ਜਾਣਕਾਰੀ ਪੁਲਿਸ ਨੂੰ ਹੈ, ਧੀਰੇਂਦਰ ਵਰਮਾ ਨੇ ਕਿਹਾ ਕਿ ਉਨ੍ਹਾਂ ਕੋਲ ਅਜਿਹੀ ਕੋਈ ਜਾਣਕਾਰੀ ਅਜੇ ਤੱਕ ਨਹੀਂ ਆਈ ਹੈ।
ਉਨ੍ਹਾਂ ਕਿਹਾ ਕਿ ਅਸੀਂ ਵੀ ਮੀਡੀਆ ਵਿੱਚ ਇਹ ਦੇਖਿਆ ਹੈ ਪਰ ਪੁਲਿਸ ਕੋਲ ਇਸ ਬਾਰੇ ਕੋਈ ਪੁਖਤਾ ਸਬੂਤ ਜਾਂ ਜਾਣਕਾਰੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਜਿਵੇਂ ਹੀ ਕੋਈ ਜਾਣਕਾਰੀ ਸ੍ਹਾਮਣੇ ਆਵੇਗੀ, ਮੀਡੀਆ ਨਾਲ ਸਾਂਝੀ ਕੀਤੀ ਜਾਵੇਗੀ।
ਐਸਜੀਪੀਸੀ ਨੇ ਕੀ ਲਿਆ ਫੈਸਲਾ

ਤਸਵੀਰ ਸਰੋਤ, Getty Images
ਬੀਬੀਸੀ ਪੰਜਾਬੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨਾਲ ਗੱਲ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਕਮੇਟੀ ਨੇ ਇਸ ਮਾਮਲੇ ਨੂੰ ਦੇਖਦਿਆਂ ਫੈਸਲਾ ਕੀਤਾ ਹੈ ਕਿ ਅਜਿਹੇ ਜਥਿਆਂ ਵਿੱਚ ਹੁਣ ਤੋਂ ਕਿਸੇ ਇੱਕਲੀ ਮਹਿਲਾ ਨੂੰ ਨਹੀਂ ਭੇਜਿਆ ਜਾਵੇਗਾ।

ਤਸਵੀਰ ਸਰੋਤ, Paramjit Singh Sarna/FB
ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸਰਬਜੀਤ ਕੌਰ ਨੂੰ ਪਾਕਿਸਤਾਨ ਤੋਂ ਤੁਰੰਤ ਵਾਪਸ ਭੇਜਣ ਦੀ ਮੰਗ ਕੀਤੀ ਹੈ।
ਸਰਨਾ ਨੇ ਕਿਹਾ ਕਿ ਇਹ ਘਟਨਾ ਦੋਵਾਂ ਦੇਸ਼ਾਂ ਦੁਆਰਾ ਧਾਰਮਿਕ ਸਥਾਨ-ਯਾਤਰਾ ਪ੍ਰਬੰਧ ਤਹਿਤ ਸ਼ਰਧਾਲੂਆਂ ਦੀ ਆਵਾਜਾਈ ਦੀ ਨਿਗਰਾਨੀ ਵਿੱਚ ਗੰਭੀਰ ਕੋਤਾਹੀ ਨੂੰ ਦਰਸਾਉਂਦੀ ਹੈ। ਉਨ੍ਹਾਂ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਜਥੇ ਦਾ ਕੋਈ ਵੀ ਰਜਿਸਟਰਡ ਮੈਂਬਰ ਆਪਣੇ ਆਪ ਨੂੰ ਜਥੇ ਤੋਂ ਅਲੱਗ ਨਾ ਕਰ ਸਕੇ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਤੀਰਥ ਯਾਤਰਾ ਦਾ ਰਸਤਾ ਭਾਈਚਾਰੇ ਲਈ ਡੂੰਘਾ ਮਹੱਤਵ ਰੱਖਦਾ ਹੈ ਅਤੇ ਵਿਸ਼ਵਾਸ, ਵਿਵਸਥਾ ਅਤੇ ਸਪਸ਼ਟ ਨਿਗਰਾਨੀ 'ਤੇ ਨਿਰਭਰ ਕਰਦਾ ਹੈ।
ਉਨ੍ਹਾਂ ਕਿਹਾ ਕਿ "ਧਾਰਮਿਕ ਕਾਰਜਾਂ ਲਈ ਦਿੱਤਾ ਗਿਆ ਵੀਜ਼ਾ ਉਸ ਵਿਵਸਥਾ ਤੋਂ ਬਾਹਰ ਕਿਸੇ ਵੀ ਉਦੇਸ਼ ਲਈ ਨਹੀਂ ਹੈ।''
ਉਨ੍ਹਾਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਤੋਂ ਮਾਮਲੇ ਦੀ ਡੂੰਘੀ ਜਾਂਚ ਮੰਗ ਕੀਤੀ ਅਤੇ ਸਰਬਜੀਤ ਕੌਰ ਦੀ ਤੁਰੰਤ ਵਾਪਸੀ ਦੀ ਵੀ ਮੰਗ ਕੀਤੀ।
ਕਿਰਨ ਬਾਲਾ ਦਾ ਮਾਮਲਾ ਕੀ ਸੀ?

ਤਸਵੀਰ ਸਰੋਤ, Getty Images
ਸਾਲ 2018 ਵਿੱਚ ਵੀ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ। ਉਸ ਵੇਲੇ ਕਿਰਨ ਬਾਲਾ ਨਾਮ ਦੀ ਮਹਿਲਾ ਜਥੇ ਦਾ ਹਿੱਸਾ ਬਣ ਕੇ ਪਾਕਿਸਤਾਨ ਪਹੁੰਚੀ ਸੀ ਅਤੇ ਉੱਥੇ ਪਹੁੰਚ ਕੇ ਇਸਲਾਮ ਕਬੂਲ ਕਰ ਲਿਆ ਸੀ ਅਤੇ ਉੱਥੇ ਇੱਕ ਵਿਅਕਤੀ ਨਾਲ ਨਿਕਾਹ ਕਰ ਲਿਆ ਸੀ।
ਉਸ ਵੇਲੇ ਪਾਕਿਸਤਾਨ 'ਚ ਮੌਜੂਦ ਭਾਰਤੀ ਅਧਿਕਾਰੀਆਂ ਨੂੰ ਦਿੱਤੇ ਪੱਤਰ ਵਿੱਚ ਕਿਰਨ ਨੇ ਖ਼ੁਦ ਨੂੰ ਅਮੀਨਾ ਬੀਬੀ ਦੱਸਿਆ ਸੀ।
ਉਸ ਮੌਕੇ ਪਾਕਿਸਤਾਨ ਵਿੱਚ ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਨੇ ਉਸ ਮਹਿਲਾ ਨਾਲ ਗੱਲ ਕਰਕੇ ਪੂਰਾ ਮਾਮਲਾ ਜਾਣਨ ਦੀ ਕੋਸ਼ਿਸ਼ ਕੀਤੀ ਸੀ।
ਉਸ ਵੇਲੇ ਕਿਰਨ ਬਾਲਾ ਉਰਫ਼ ਅਮੀਨਾ ਬੀਬੀ ਨੇ ਕਿਹਾ ਸੀ, ''ਮੈਂ ਮੁਹੰਮਦ ਆਜ਼ਮ ਨੂੰ ਡੇਢ ਸਾਲ ਤੋਂ ਜਾਣਦੀ ਹਾਂ, ਅਸੀਂ ਸੋਸ਼ਲ ਮੀਡੀਆ 'ਤੇ ਮਿਲੇ ਸੀ ਅਤੇ ਫ਼ਿਰ ਇੱਕ-ਦੂਜੇ ਦੇ ਮੋਬਾਈਲ ਨੰਬਰ ਲਏ ਤੇ ਗੱਲਬਾਤ ਹੋਣ ਲੱਗੀ।''
''ਸਾਡੇ ਦੋਹਾਂ ਵਿਚਾਲੇ 6-7 ਮਹੀਨਿਆਂ ਬਾਅਦ ਵਿਆਹ ਦੀ ਯੋਜਨਾ ਬਣਨ ਲੱਗੀ ਅਤੇ ਮੈਂ ਪਾਕਿਸਤਾਨੀ ਵੀਜ਼ਾ ਪ੍ਰਾਪਤ ਕਰਨ ਲਈ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਬਣੀ।''
''ਮੈਨੂੰ ਪਤਾ ਲੱਗਿਆ ਕਿ ਅੰਮ੍ਰਿਤਸਰ ਤੋਂ ਪਾਕਿਸਤਾਨ ਜਥਾ ਜਾਵੇਗਾ, ਮੈਂ ਅਪਲਾਈ ਕੀਤਾ ਅਤੇ ਮੈਂ ਇੱਥੇ ਆ ਗਈ।''

ਤਸਵੀਰ ਸਰੋਤ, Getty Images
''ਪਹਿਲਾਂ ਮੈਂ ਪਾਕਿਸਤਾਨ ਦੇ ਪੰਜਾ ਸਾਹਿਬ ਗਈ ਅਤੇ ਫ਼ਿਰ ਨਨਕਾਣਾ ਸਾਹਿਬ। ਉੱਥੋਂ ਮੈਂ ਲਾਹੌਰ ਆਈ, ਜਿੱਥੇ ਇਨ੍ਹਾਂ ਨਾਲ (ਆਜ਼ਮ ਨਾਲ) ਨਿਕਾਹ ਕੀਤਾ ਤੇ ਮੁਸਲਮਾਨ ਬਣ ਗਈ।''
''ਮੇਰਾ ਵਿਆਹ ਹੋਇਆ ਸੀ ਪਰ ਪਤੀ ਦੀ ਮੌਤ ਹੋ ਗਈ, ਮੈਂ ਭਾਰਤ 'ਚ ਫ਼ਿਲਹਾਲ ਭੂਆ ਦੇ ਨਾਲ ਰਹਿ ਰਹੀ ਸੀ ਕਿਉਂਕਿ ਮੈਂ ਅੰਮ੍ਰਿਤਸਰ ਤੋਂ ਪਾਕਿਸਤਾਨ ਆਉਣਾ ਸੀ।''
''ਮੈਂ ਆਪਣੇ ਮਾਤਾ-ਪਿਤਾ ਦੇ ਨਾਲ ਰਹਿ ਰਹੀ ਸੀ, ਮੇਰੇ ਕੋਈ ਬੱਚੇ ਨਹੀਂ ਹਨ।''
''ਮੇਰੀ ਭੂਆ ਦੇ ਬੱਚਿਆਂ ਨੂੰ ਮੇਰਾ ਬਣਾ ਦਿੱਤਾ ਗਿਆ, ਫ਼ਾਲਤੂ ਦੀਆਂ ਗੱਲਾਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਮੈਂ ਭਾਰਤ ਆ ਜਾਵਾਂ ਪਰ ਹੁਣ ਇਹ ਹੋ ਨਹੀਂ ਸਕਦਾ।''
ਦੂਜੇ ਪਾਸੇ ਕਿਰਨ ਬਾਲਾ ਦੇ ਸੁਹਰੇ ਪਰਿਵਾਰ ਦਾ ਕਹਿਣਾ ਸੀ ਕਿ ਉਹ ਬੱਚੇ ਕਿਰਨ ਬਾਲਾ ਦੇ ਹੀ ਹਨ ਅਤੇ ਉਸ ਨੂੰ ਵਾਪਸ ਆ ਕੇ ਆਪਣੇ ਬੱਚਿਆਂ ਨੂੰ ਸੰਭਾਲਣਾ ਚਾਹੀਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












