ਅੰਬੇਡਕਰ ʼਤੇ ਵਿਵਾਦ: ਅਮਿਤ ਸ਼ਾਹ ਦੀ ਟਿੱਪਣੀ ਨਾਲ ਕੀ ਦਲਿਤ ਸਿਆਸਤ ʼਤੇ ਭਾਜਪਾ ਘਿਰ ਗਈ ਹੈ

ਤਸਵੀਰ ਸਰੋਤ, Getty Images
- ਲੇਖਕ, ਦਿਲਨਵਾਜ਼ ਪਾਸ਼ਾ
- ਰੋਲ, ਬੀਬੀਸੀ ਪੱਤਰਕਾਰ
"ਹੁਣ ਇੱਕ ਫੈਸ਼ਨ ਬਣ ਗਿਆ ਹੈ... ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ। ਜੇ ਤੁਸੀਂ ਰੱਬ ਦਾ ਇੰਨਾ ਨਾਮ ਲਿਆ ਹੁੰਦਾ ਤਾਂ ਸੱਤ ਜਨਮਾਂ ਲਈ ਸਵਰਗ ਮਿਲ ਜਾਂਦਾ।"
ਸੰਸਦ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸੰਵਿਧਾਨ 'ਤੇ ਚਰਚਾ ਦੌਰਾਨ ਲੰਬੇ ਭਾਸ਼ਣ ਦੇ ਇਸ ਛੋਟੇ ਜਿਹੇ ਹਿੱਸੇ ਨੂੰ ਲੈ ਕੇ ਅਜਿਹਾ ਹੰਗਾਮਾ ਹੋਇਆ ਕਿ ਸੰਸਦ ਦੀ ਕਾਰਵਾਈ ਨੂੰ ਮੁਲਤਵੀ ਕਰਨਾ ਪਿਆ।
ਵਿਰੋਧੀ ਧਿਰ ਨੂੰ ਜਵਾਬ ਦੇਣ ਲਈ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ।
ਅਮਿਤ ਸ਼ਾਹ ਨੇ ਕਿਹਾ, "ਜਿਨ੍ਹਾਂ ਨੇ ਜੀਵਨ ਭਰ ਬਾਬਾ ਸਾਹਿਬ ਦਾ ਅਪਮਾਨ ਕੀਤਾ, ਉਨ੍ਹਾਂ ਦੇ ਸਿਧਾਂਤਾਂ ਦੀ ਅਣਦੇਖੀ ਕੀਤੀ, ਸੱਤਾ 'ਚ ਰਹਿੰਦਿਆਂ ਬਾਬਾ ਸਾਹਿਬ ਨੂੰ ਭਾਰਤ ਰਤਨ ਨਹੀਂ ਮਿਲਣ ਦਿੱਤਾ, ਰਾਖਵੇਂਕਰਨ ਦੇ ਸਿਧਾਂਤਾਂ ਨੂੰ ਛਿੱਕੇ ਟੰਗਿਆ, ਉਹੀ ਲੋਕ ਅੱਜ ਬਾਬਾ ਸਾਹਿਬ ਦੇ ਨਾਂ 'ਤੇ ਗ਼ਲਤਫ਼ਹਿਮੀਆਂ ਫੈਲਾਉਣਾ ਚਾਹੁੰਦੇ ਹਨ।"
ਇੰਨਾ ਹੀ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ 'ਤੇ ਬਿਆਨ ਜਾਰੀ ਕਰ ਕੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਭੀਮ ਰਾਓ ਅੰਬੇਡਕਰ ਦੇ ਸਨਮਾਨ 'ਚ ਕੀ-ਕੀ ਕੰਮ ਕੀਤੇ ਹਨ।
ਪਰ ਇਸ ਸਭ ਦੇ ਬਾਵਜੂਦ ਹੰਗਾਮਾ ਰੁਕਿਆ ਨਹੀਂ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅਮਿਤ ਸ਼ਾਹ 'ਤੇ ਅੰਬੇਡਕਰ ਦਾ ਅਪਮਾਨ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ।
ਖੜਗੇ ਨੇ ਕਿਹਾ, "ਉਨ੍ਹਾਂ ਨੇ ਬਾਬਾ ਸਾਹਿਬ ਦਾ ਅਪਮਾਨ ਕੀਤਾ ਹੈ, ਸੰਵਿਧਾਨ ਦਾ ਅਪਮਾਨ ਕੀਤਾ ਹੈ। ਉਨ੍ਹਾਂ ਦੀ ਆਰਐੱਸਐੱਸ ਦੀ ਵਿਚਾਰਧਾਰਾ ਦਰਸਾਉਂਦੀ ਹੈ ਕਿ ਉਹ ਖ਼ੁਦ ਬਾਬਾ ਸਾਹਿਬ ਦੇ ਸੰਵਿਧਾਨ ਦਾ ਸਨਮਾਨ ਨਹੀਂ ਕਰਨਾ ਚਾਹੁੰਦੇ। ਸਮੁੱਚਾ ਵਿਰੋਧੀ ਧਿਰ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ਕਰਦਾ ਹੈ।"
ਇਸ ਦੌਰਾਨ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੋਵੇਂ ਹੀ ਭੀਮ ਰਾਓ ਅੰਬੇਡਕਰ ਦੇ ਨਾਂ 'ਤੇ ਸਿਆਸਤ ਕਰ ਰਹੀਆਂ ਹਨ।

ਭਾਜਪਾ ਨੂੰ ਕਿਉਂ ਦੇਣੀ ਪਈ ਸਫਾਈ
ਅਮਿਤ ਸ਼ਾਹ ਦੇ ਇਸ ਬਿਆਨ ਨੂੰ ਅੰਬੇਡਕਰ ਦਾ ਅਪਮਾਨ ਕਿਉਂ ਮੰਨਿਆ ਜਾ ਰਿਹਾ ਹੈ ਅਤੇ ਇਸ ਦਾ ਭਾਜਪਾ ਦੀ ਦਲਿਤ ਸਿਆਸਤ 'ਤੇ ਕੀ ਅਸਰ ਪੈ ਸਕਦਾ ਹੈ?
ਇਸ ਦੇ ਜਵਾਬ ਵਿੱਚ ਦਲਿਤ ਖੋਜਕਾਰ ਅਤੇ ਪੰਜਾਬ ਦੀ ਦੇਸ਼ਭਗਤ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ. ਹੌਲਦਾਰ ਭਾਰਤੀ ਕਹਿੰਦੇ ਹਨ, "ਜੇਕਰ ਰੱਬ ਸ਼ੋਸ਼ਣ ਤੋਂ ਆਜ਼ਾਦੀ ਦੇਣ ਵਾਲਾ ਹੈ ਤਾਂ ਡਾ. ਭੀਮ ਰਾਓ ਅੰਬੇਡਕਰ ਜਾਤੀ ਵਿਵਸਥਾ ਵਿੱਚ ਵੰਡੇ ਭਾਰਤੀ ਸਮਾਜ ਦੇ ਉਨ੍ਹਾਂ ਕਰੋੜਾਂ ਲੋਕਾਂ ਦੇ ਰੱਬ ਹਨ ਜਿਨ੍ਹਾਂ ਨੇ ਸਦੀਆਂ ਤੱਕ, ਸਮਾਜਕ, ਆਰਥਿਕ, ਸਿਆਸੀ ਅਤੇ ਸਿੱਖਿਆ ਨੂੰ ਲੈ ਕੇ ਵਿਤਕਰਾ ਝੱਲਿਆ ਹੈ।"
"ਭੀਮਰਾਓ ਅੰਬੇਡਕਰ ਨੇ ਸੰਵਿਧਾਨ ਵਿੱਚ ਬਰਾਬਰੀ ਦਾ ਅਧਿਕਾਰ ਦੇ ਕੇ ਅਨੁਸੂਚਿਤ ਅਤੇ ਪੱਛੜੀਆਂ ਜਾਤੀਆਂ ਨੂੰ ਸ਼ੋਸ਼ਣ ਤੋਂ ਮੁਕਤੀ ਦਿੱਤੀ ਹੈ।"
ਡਾ. ਹੌਲਦਾਰ ਭਾਰਤੀ ਦਾ ਕਹਿਣਾ ਹੈ, "ਇਹੀ ਕਾਰਨ ਹੈ ਕਿ ਅੰਬੇਡਕਰ ਦੀ ਵਿਚਾਰਧਾਰਾ ਨਾਲ ਜੁੜੇ ਅਤੇ ਦਲਿਤ ਸਿਆਸਤ ਨਾਲ ਜੁੜੇ ਲੋਕ ਅਮਿਤ ਸ਼ਾਹ ਦੇ ਇਸ ਬਿਆਨ ਨੂੰ ਅੰਬੇਡਕਰ ਦੇ ਅਪਮਾਨ ਵਜੋਂ ਦੇਖ ਰਹੇ ਹਨ।"
ਪਰ ਭਾਰਤੀ ਦਾ ਇਹ ਵੀ ਕਹਿਣਾ ਹੈ ਕਿ ਇਸ ਵੇਲੇ ਸਾਰੀਆਂ ਸਿਆਸੀ ਪਾਰਟੀਆਂ ਵਿੱਚ ਅੰਬੇਡਕਰ ਨੂੰ ਅਪਣਾਉਣ ਦੀ ਦੌੜ ਲੱਗੀ ਹੋਈ ਹੈ ਅਤੇ ਸਿਆਸੀ ਪਾਰਟੀਆਂ ਅੰਬੇਡਕਰ ਦੇ ਵਿਚਾਰਾਂ ਨੂੰ ਲਾਗੂ ਕਰਨ ਦੀ ਬਜਾਏ ਉਨ੍ਹਾਂ ਦੀ ਪਛਾਣ ਦੀ ਵਰਤੋਂ ਕਰ ਕੇ ਦਲਿਤ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਅੰਬੇਡਕਰ 'ਤੇ ਅਮਿਤ ਸ਼ਾਹ ਦੇ ਬਿਆਨ ਤੋਂ ਬਾਅਦ ਭਾਜਪਾ ਬਚਾਅ ਪੱਖ 'ਤੇ ਹੈ, ਇੰਨਾ ਹੀ ਨਹੀਂ, ਭਾਰਤੀ ਜਨਤਾ ਪਾਰਟੀ ਨੇ ਪਿਛਲੇ ਕੁਝ ਸਾਲਾਂ 'ਚ ਦਲਿਤ ਅਤੇ ਪੱਛੜੇ ਵੋਟਰਾਂ ਨੂੰ ਲੁਭਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਇਸ ਦੇ ਕਈ ਕਾਰਨ ਹਨ।

ਤਸਵੀਰ ਸਰੋਤ, Getty Images
ਬ੍ਰਾਹਮਣਾਂ ਅਤੇ ਬਾਣੀਆਂ ਦੀ ਪਾਰਟੀ ਦੀ ਪਛਾਣ
ਭਾਰਤੀ ਜਨਤਾ ਪਾਰਟੀ ਬਾਰੇ ਲੰਬੇ ਸਮੇਂ ਤੋਂ ਇਹ ਕਿਹਾ ਜਾਂਦਾ ਰਿਹਾ ਕਿ ਇਹ ਬ੍ਰਾਹਮਣਾਂ ਅਤੇ ਬਾਣੀਆਂ ਦੀ ਪਾਰਟੀ ਹੈ। ਪਰ ਭਾਜਪਾ ਨੂੰ ਪਿਛਲੇ ਇੱਕ ਦਹਾਕੇ ਵਿੱਚ ਇਸ ਪਛਾਣ ਤੋਂ ਅੱਗੇ ਜਾ ਕੇ ਹਿੰਦੂ ਸਮਾਜ ਦੀਆਂ ਹੋਰ ਜਾਤਾਂ ਨੂੰ ਵੀ ਸ਼ਾਮਲ ਕਰਨ ਵਿੱਚ ਕਾਮਯਾਬ ਮਿਲੀ ਹੈ।
ਭਾਜਪਾ ਦੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਜਾਤੀ ਪਛਾਣ ਦੀ ਸਿਆਸਤ ਹਾਵੀ ਨਾ ਹੋਵੇ ਅਤੇ ਬਹੁਗਿਣਤੀ ਹਿੰਦੂਆਂ ਦੀ ਧਾਰਮਿਕ ਪਛਾਣ ਦੀ ਸਿਆਸਤ ਮਜ਼ਬੂਤ ਹੋਵੇ।
ਸਿਆਸੀ ਵਿਸ਼ਲੇਸ਼ਕ ਪ੍ਰੋਫੈਸਰ ਅਭੈ ਕੁਮਾਰ ਦੂਬੇ ਦਾ ਕਹਿਣਾ ਹੈ, "ਰਾਸ਼ਟਰੀ ਸਵੈਮ ਸੇਵਕ ਸੰਘ ਮੁੱਖ ਤੌਰ 'ਤੇ ਮਹਾਰਾਸ਼ਟਰ ਦੀਆਂ ਉੱਚ ਜਾਤੀਆਂ, ਖ਼ਾਸ ਤੌਰ ʼਤੇ ਬ੍ਰਾਹਮਣਾਂ ਦਾ ਸੰਗਠਨ ਸੀ ਅਤੇ ਸ਼ੁਰੂ ਵਿੱਚ ਅਨੁਸੂਚਿਤ ਜਾਤੀਆਂ ਇਸ ਵੱਲ ਧਿਆਨ ਨਹੀਂ ਦਿੰਦੀਆਂ ਸਨ।"
"ਆਰਐੱਸਐੱਸ ਵਿੱਚ ਨਾ ਉਸ ਵੇਲੇ ਬ੍ਰਾਹਮਣਵਾਦ ਦੀ ਆਲੋਚਨਾ ਦੀ ਕੋਈ ਗੁੰਜਾਇਸ਼ ਸੀ ਅਤੇ ਨਾ ਹੀ ਹੁਣ ਹੈ। ਆਰਐੱਸਐੱਸ ਦੀ ਵਿਚਾਰਧਾਰਾ ਬਰਾਬਰੀ ਦੀ ਨਹੀਂ, ਸਗੋਂ ਸਦਭਾਵਨਾ ਦੀ ਹੈ।"
"ਅੱਜ ਸਥਿਤੀ ਇਹ ਹੈ ਕਿ ਜੇਕਰ ਭਾਜਪਾ ਅਤੇ ਆਰਐੱਸਐੱਸ ਚੋਣ ਸਿਆਸਤ ਕਰਨੀ ਹੈ ਤਾਂ ਇਸਦੇ ਲਈ ਚੋਣਾਵੀ ਹਿੰਦੂ ਏਕਤਾ ਬਣਾਉਣ, ਜੋ ਦਲਿਤ ਅਤੇ ਓਬੀਸੀ ਭਾਈਚਾਰੇ ਦੀਆਂ ਵੋਟਾਂ ਹਾਸਿਲ ਕੀਤੇ ਬਿਨਾਂ ਸੰਭਵ ਨਹੀਂ ਹੈ।"
ਸੰਘ ਨੇ ਇਸ ਦੇ ਯਤਨ ਭਾਜਪਾ ਦੀ ਸਥਾਪਨਾ ਤੋਂ ਪਹਿਲਾਂ ਹੀ ਕਰ ਦਿੱਤੇ ਸਨ। 1974 ਵਿੱਚ ਜਦੋਂ ਬਾਲਾਸਾਹਿਬ ਦੇਵਰਸ ਸੰਘ ਦੇ ਆਗੂ ਸਨ ਤਾਂ ਸੰਘ ਨੇ ਆਪਣਾ ਰਵੱਈਆ ਬਦਲਿਆ।
ਅੰਬੇਡਕਰ, ਪੇਰੀਆਰ ਅਤੇ ਮਹਾਤਮਾ ਫੂਲੇ ਵਰਗੇ ਮਹਾਂਪੁਰਖਾਂ ਦੇ ਨਾਵਾਂ ਨੂੰ ਆਪਣੀ ਸਵੇਰ ਦੀ ਅਰਦਾਸ ਵਿੱਚ ਜੋੜਿਆ।
ਇਸ ਤੋਂ ਇਲਾਵਾ ਦਲਿਤਾਂ ਅਤੇ ਆਦਿਵਾਸੀਆਂ ਨੂੰ ਆਪਣੇ ਵੱਲ ਖਿੱਚਣ ਲਈ ਪ੍ਰੋਗਰਾਮ ਚਲਾਇਆ।
ਦਿੱਲੀ ਸਥਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰੋਫੈਸਰ ਪਰਵੇਸ਼ ਚੌਧਰੀ ਦਾ ਤਰਕ ਹੈ ਕਿ ਸੰਘ ਨੇ ਭਾਜਪਾ ਦੇ ਗਠਨ ਤੋਂ ਪਹਿਲਾਂ ਹੀ ਅੰਬੇਡਕਰ ਨੂੰ ਅਪਣਾ ਲਿਆ ਸੀ।
ਦਲਿਤਾਂ ਨੂੰ ਭਾਜਪਾ ਨਾਲ ਜੋੜਨ ਦੀ ਕੋਸ਼ਿਸ਼
ਪ੍ਰੋਫੈਸਰ ਪਰਵੇਸ਼ ਚੌਧਰੀ ਕਹਿੰਦੇ ਹਨ, "ਭਾਜਪਾ ਅੱਜ ਤੋਂ ਹੀ ਨਹੀਂ ਬਲਕਿ ਜਨ ਸੰਘ ਦੇ ਸਮੇਂ ਤੋਂ ਜਾਂ ਉਸ ਤੋਂ ਵੀ ਪਹਿਲਾਂ ਦਲਿਤਾਂ ਨੂੰ ਵਧਾਵਾ ਦਿੰਦੀ ਰਹੀ ਹੈ। ਬਾਬਾ ਸਾਹਿਬ ਅੰਬੇਡਕਰ ਦੇ ਚੋਣ ਏਜੰਟ ਮਹਾਰਾਸ਼ਟਰ ਦੇ ਪ੍ਰਚਾਰਕ ਦੱਤੋਪੰਤ ਠੇਂਗੜੀ ਸਨ, ਬਾਬਾ ਸਾਹਿਬ ਦਾ ਸੰਘ ਨਾਲ ਪਹਿਲਾਂ ਤੋਂ ਹੀ ਲਗਾਅ ਹੈ।"
"1970 ਦੇ ਦਹਾਕੇ ਵਿੱਚ, ਸੰਘ ਨੇ ਮਹਾਰਾਸ਼ਟਰ ਵਿੱਚ ਸਮਰਸਤਾ ਗੋਸ਼ਠੀ ਸ਼ੁਰੂ ਕੀਤੀ, ਜੋ ਭਾਜਪਾ ਦੇ ਗਠਨ ਤੋਂ ਪਹਿਲਾਂ ਹੀ ਹੋ ਗਿਆ ਸੀ। ਮੁੰਬਈ 'ਚ ਜਿੱਥੋਂ ਭਾਜਪਾ ਦੀ ਸ਼ੁਰੂਆਤ ਹੋਈ ਸੀ, ਉਸ ਥਾਂ ਦਾ ਨਾਮ ਸਮਤਾ ਨਗਰ ਰੱਖਿਆ ਗਿਆ ਸੀ।"
"ਦੱਤਾਰਾਓ ਸਿੰਦੇ ਨੇ ਇੱਥੇ ਪਹਿਲੀ ਨੀਂਹ ਰੱਖੀ ਅਤੇ ਉਹ ਦਲਿਤ ਪੈਂਥਰ ਅੰਦੋਲਨ ਦੇ ਆਗੂ ਸਨ ਅਤੇ ਬਾਅਦ ਵਿੱਚ ਕਾਂਗਰਸ ਤੇ ਫਿਰ ਭਾਜਪਾ ਵਿੱਚ ਸ਼ਾਮਲ ਹੋਏ। ਸੂਰਜ ਭਾਨ ਨੂੰ ਭਾਜਪਾ ਨੇ ਹੀ ਰਾਜਪਾਲ ਬਣਾਇਆ ਸੀ। ਬੰਗਾਰੂ ਲਕਸ਼ਮਣ ਨੂੰ ਪਾਰਟੀ ਦਾ ਰਾਸ਼ਟਰੀ ਪ੍ਰਧਾਨ ਬਣਾਇਆ ਗਿਆ ਸੀ।"
ਪਰ ਇਸ ਦੇ ਬਾਵਜੂਦ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਭਾਜਪਾ ਨੇ ਦਲਿਤਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੀ ਠੋਸ ਸਿਆਸਤ ਕੀਤੀ ਜਾਂ ਪ੍ਰਤੀਕਾਤਮਕ ਸਿਆਸਤ?
ਅਭੈ ਕੁਮਾਰ ਦੂਬੇ ਕਹਿੰਦੇ ਹਨ, "ਸਮਾਨਤਾ ਅਤੇ ਸਦਭਾਵਨਾ ਦੋ ਵੱਖ-ਵੱਖ ਚੀਜ਼ਾਂ ਹਨ। ਭਾਜਪਾ ਸਦਭਾਵਨਾ ਦੀ ਗੱਲ ਕਰਦੀ ਹੈ ਪਰ ਬਰਾਬਰੀ ਦੀ ਨਹੀਂ।"
"ਬਰਾਬਰੀ ਅੰਬੇਡਕਰ ਦਾ ਮੂਲ ਵਿਚਾਰ ਹੈ। ਚੋਣ ਸਿਆਸਤ ਵਿੱਚ ਕਈ ਚਾਲਾਂ ਚੱਲੀਆਂ ਜਾਂਦੀਆਂ ਹਨ, ਵਿਚਾਰਾਂ ਨੂੰ ਅਪਣਾਏ ਬਿਨਾਂ ਵੀ ਵੋਟਾਂ ਮਿਲ ਜਾਂਦੀਆਂ ਹਨ। ਭਾਜਪਾ ਇਹੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।"
ਦੂਬੇ ਕਹਿੰਦੇ ਹਨ, "ਅਮਿਤ ਸ਼ਾਹ ਦੇ ਮੂੰਹੋਂ ਬੇਸ਼ੱਕ ਹੀ ਨਿਕਲ ਗਿਆ ਹੋਵੇ ਪਰ ਇਸ ʼਤੇ ਬਹੁਤੀ ਹੈਰਾਨੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਉਹੀ ਬੋਲਿਆ ਹੈ ਜੋ ਉਹ ਮਹਿਸੂਸ ਕਰਦੇ ਹੋਣਗੇ।"
"ਨਰਿੰਦਰ ਮੋਦੀ ਦੀ ਸਰਕਾਰ ਨੇ ਭੀਮਾ ਕੋਰੇਗਾਓਂ ਕਾਂਡ ਤੋਂ ਬਾਅਦ ਦੇਸ਼ ਭਰ ਵਿੱਚ ਅੰਬੇਡਕਰਵਾਦੀਆਂ ਦਾ ਦਮਨ ਕੀਤਾ। ਅੰਬੇਡਕਰ ਦੀ ਵਿਚਾਰਧਾਰਾ ਨਹੀਂ, ਬਾਜਪਾ ਨੇ ਉਨ੍ਹਾਂ ਦੀ ਤਸਵੀਰ ਨੂੰ ਵਧਾਵਾ ਦਿੱਤਾ ਹੈ।"

ਤਸਵੀਰ ਸਰੋਤ, Getty Images
ਗ਼ੈਰ-ਜਾਟਵ ਜਾਤੀਆਂ ਨੂੰ ਵਧਾਵਾ
ਦਲਿਤਾਂ ਦੀ ਸਭ ਤੋਂ ਵੱਡੀ ਜਾਤ ਜਾਟਵ ਰਵਾਇਤੀ ਤੌਰ 'ਤੇ ਭਾਜਪਾ ਤੋਂ ਦੂਰ ਰਹੀ ਹੈ। ਪਰ ਭਾਜਪਾ ਨੇ ਗ਼ੈਰ-ਜਾਟਵ ਜਾਤੀਆਂ ਨੂੰ ਆਪਣੇ ਨਾਲ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਅੰਬੇਡਕਰ 'ਤੇ ਖੋਜ ਕਰਨ ਵਾਲੇ ਵਿਵੇਕ ਕੁਮਾਰ ਕਹਿੰਦੇ ਹਨ, "ਭਾਵੇਂ ਜਾਟਵ ਭਾਜਪਾ ਤੋਂ ਦੂਰ ਰਹੇ ਹਨ, ਪਰ ਭਾਜਪਾ ਸ਼ੁਰੂ ਤੋਂ ਹੀ ਗ਼ੈਰ-ਜਾਟਵ ਦਲਿਤ ਜਾਤੀਆਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੀ ਰਹੀ ਹੈ।"
ਪ੍ਰੋਫੈਸਰ ਵਿਵੇਕ ਕੁਮਾਰ ਕਹਿੰਦੇ ਹਨ, "ਭਾਜਪਾ ਨੇ ਵਾਲਮੀਕਿ ਦੁਆਰਾ ਲਿਖੀ ਰਾਮਾਇਣ ਦਾ ਪ੍ਰਚਾਰ ਕੀਤਾ ਅਤੇ ਵਾਲਮੀਕਿ ਭਾਈਚਾਰੇ ਨੂੰ ਆਪਣੇ ਵੱਲ ਖਿੱਚਿਆ। ਯੂਪੀ ਵਿੱਚ, ਪਾਸੀ ਸਮਾਜ, ਜਿਸ ਨੂੰ ਪਰਸ਼ੂਰਾਮ ਨਾਲ ਜੋੜਿਆ ਜਾਂਦਾ ਹੈ, ਨੂੰ ਭਾਜਪਾ ਨੇ ਆਕਰਸ਼ਿਤ ਕੀਤਾ।"
"ਭਾਜਪਾ ਨੇ ਖਟੀਕ ਭਾਈਚਾਰੇ ਅਤੇ ਧੋਬੀ ਭਾਈਚਾਰੇ ਨੂੰ ਆਪਣੇ ਵੱਲ ਖਿੱਚਿਆ ਯਾਨੀ ਗ਼ੈਰ-ਡਾਟਵ ਦਲਿਤ ਪਹਿਲਾਂ ਤੋਂ ਹੀ ਭਾਜਪਾ ਦੇ ਨਾਲ ਰਹੇ ਹਨ। ਅਖਿਲ ਭਾਰਤੀ ਪੱਧਰ ʼਤੇ ਦੇਖਿਆ ਜਾਵੇ ਤਾਂ ਮਹਾਨ ਨੇਤਾ ਰਾਮਦਾਸ ਅਠਾਵਲੇ ਵੀ ਭਾਜਪਾ ਦੇ ਨਾਲ ਹਨ।"
ਪਰ ਅਜਿਹਾ ਨਹੀਂ ਹੈ ਕਿ ਭਾਜਪਾ ਨੇ ਜਾਟਵ ਭਾਈਚਾਰੇ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਨਾ ਕੀਤੀ ਹੋਵੇ।

ਤਸਵੀਰ ਸਰੋਤ, Getty Images
ਪ੍ਰੋਫੈਸਰ ਦੂਬੇ ਕਹਿੰਦੇ ਹਨ, "ਭਾਜਪਾ ਨੇ ਦਲਿਤਾਂ ਨੂੰ ਭਰੋਸਾ ਦਿੱਤਾ ਹੈ ਕਿ ਜੇਕਰ ਤੁਸੀਂ ਸਾਨੂੰ ਵੋਟ ਦਿਓਗੇ ਤਾਂ ਅਸੀਂ ਤੁਹਾਨੂੰ ਸਿਆਸਤ ਵਿੱਚ ਬਰਾਬਰ ਦਾ ਸਥਾਨ ਦੇਵਾਂਗੇ। ਦਲਿਤਾਂ ਵਿੱਚ ਸਭ ਤੋਂ ਵੱਡੀ ਜਾਤ ਜਾਟਵ ਹੈ। ਬਹੁਜਨ ਸਮਾਜ ਪਾਰਟੀ ਨੇ ਖ਼ਾਸ ਤੌਰ 'ਤੇ ਜਾਟਵਾਂ ਨੂੰ ਆਪਣੇ ਨਾਲ ਜੋੜਿਆ ਹੋਇਆ ਹੈ।"
"ਬਸਪਾ ਦੇ ਉਭਾਰ ਨੇ ਜਾਟਵ ਜਾਤੀ ਨੂੰ ਸਿਆਸੀ ਥਾਂ ਦਿੱਤੀ। ਇਸ ਦੇ ਨਾਲ ਹੀ ਭਾਜਪਾ ਨੇ ਮਹਿਸੂਸ ਕੀਤਾ ਕਿ ਦੂਜੀਆਂ ਅਨੁਸੂਚਿਤ ਜਾਤੀਆਂ ਨੂੰ ਸਿਆਸਤ ਵਿੱਚ ਜਗ੍ਹਾ ਨਹੀਂ ਮਿਲ ਰਹੀ ਹੈ ਅਤੇ ਭਾਜਪਾ ਨੇ ਉਨ੍ਹਾਂ ਨੂੰ ਜਗ੍ਹਾ ਦੇਣ ਦੀ ਕੋਸ਼ਿਸ਼ ਕੀਤੀ।"
"ਇਸ ਦਾ ਨਤੀਜਾ ਇਹ ਹੋਇਆ ਕਿ ਜਾਟਵਾਂ ਤੋਂ ਇਲਾਵਾ ਬਾਕੀ ਦਲਿਤ ਜਾਤੀਆਂ ਨੇ ਭਾਜਪਾ ਵਿੱਚ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ।"
ਦੂਬੇ ਕਹਿੰਦੇ ਹਨ, "ਮਹਾਰਾਸ਼ਟਰ ਵਿੱਚ ਭਾਵੇਂ ਮਹਾਰ ਭਾਜਪਾ ਦੇ ਨਾਲ ਜ਼ਿਆਦਾ ਨਾ ਹੋਣ ਪਰ ਗ਼ੈਰ-ਮਹਾਰ ਦਲਿਤ ਜਾਤਾਂ ਮਹਾਰਾਸ਼ਟਰ ਵਿੱਚ ਭਾਜਪਾ ਦੇ ਨਾਲ ਹਨ।"
ਅਭੈ ਦੂਬੇ ਕਹਿੰਦੇ ਹਨ, "ਭਾਜਪਾ ਨੇ ਦਲਿਤਾਂ ਵਿੱਚ ਛੋਟੀਆਂ ਜਾਤੀਆਂ ਦੀ ਵੰਡ ਦਾ ਜ਼ਿਆਦਾ ਲਾਹਾ ਚੁੱਕੇ ਛੋਟੀਆਂ ਦਲਿਤ ਜਾਤੀਆਂ ਨੂੰ ਆਪਣੇ ਵੱਲ ਖਿੱਚਿਆ ਹੈ।"
"ਪਾਰਟੀ ਹੁਣ ਜਾਟਵਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸਦੇ ਲਈ ਅੰਬੇਡਕਰ ਨੂੰ ਅਪਨਾਉਣਾ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਅੱਗੇ ਵਧਾਉਣਾ ਜ਼ਰੂਰੀ ਹੈ।"
ਅੰਬੇਡਕਰ ਨੂੰ ਅਪਣਾਉਣ ਲਈ ਸਿਆਸੀ ਮੁਕਾਬਲਾ
ਇਸ ਸਮੇਂ ਭਾਰਤੀ ਸਿਆਸਤ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਅਪਣਾਉਣ ਦਾ ਮੁਕਾਬਲਾ ਚੱਲ ਰਿਹਾ ਹੈ।
ਕਾਂਗਰਸ ਲਗਾਤਾਰ ਸੰਵਿਧਾਨ, ਜਾਤੀ ਮਰਦਮਸ਼ੁਮਾਰੀ ਅਤੇ ਰਾਖਵੇਂਕਰਨ ਦੀ ਗੱਲ ਕਰ ਰਹੀ ਹੈ। ਕਾਂਗਰਸ ਦੇ ਪ੍ਰਧਾਨ ਦਲਿਤ ਨੇਤਾ ਮਲਿਕਾਰਜੁਨ ਖੜਗੇ ਹਨ।
ਪ੍ਰੋਫੈਸਰ ਵਿਵੇਕ ਕੁਮਾਰ ਕਹਿੰਦੇ ਹਨ, "ਕਾਂਗਰਸ ਦਲਿਤ ਸਿਆਸਤ ਦੇ ਮਾਮਲੇ ਵਿੱਚ ਭਾਜਪਾ ਤੋਂ ਅੱਗੇ ਜਾਪਦੀ ਰਹੀ ਹੈ ਅਤੇ ਜਾਤੀ ਪਛਾਣ ਨੂੰ ਲਗਾਤਾਰ ਅੱਗੇ ਵਧਾ ਰਹੀ ਹੈ।"
ਹਿੰਦੂਤਵ ਦੀ ਸਿਆਸਤ ਕਰਨ ਵਾਲੀ ਭਾਜਪਾ ਲਈ ਜਾਤੀ ਪਛਾਣ ਦਾ ਸਵਾਲ ਮੁਸ਼ਕਲਾਂ ਪੈਦਾ ਕਰ ਸਕਦਾ ਹੈ।
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਹਿੰਦੂਤਵ ਦੇ ਜਿਸ ਮਾਡਲ ਨੂੰ ਭਾਜਪਾ ਅੱਗੇ ਵਧਾ ਰਹੀ ਹੈ, ਉਸ ਵਿੱਚ ਜਾਤੀ ਪਛਾਣ ਦਾ ਸਵਾਲ ਹੀ ਨਹੀਂ ਹੈ।

ਤਸਵੀਰ ਸਰੋਤ, NAVAYANA PUBLISHING HOUSE
ਪ੍ਰੋਫੈਸਰ ਵਿਵੇਕ ਕੁਮਾਰ ਦਾ ਕਹਿਣਾ ਹੈ, "ਭਾਜਪਾ ਨਹੀਂ ਚਾਹੇਗੀ ਕਿ ਜਾਤੀ ਪਛਾਣ ਦਾ ਸਵਾਲ ਪੈਦਾ ਹੋਵੇ। ਕਾਂਗਰਸ ਨੇ ਲਗਾਤਾਰ ਜਾਤੀ ਪਛਾਣ ਨੂੰ ਅੱਗੇ ਵਧਾਇਆ ਹੈ ਅਤੇ ਹੁਣ ਭਾਜਪਾ ਇਸ ਦਾ ਜਵਾਬ ਦੇਣ ਦੀ ਲੋੜ ਮਹਿਸੂਸ ਕਰ ਰਹੀ ਹੈ।"
"ਅੰਬੇਡਕਰ ਦੇ ਆਲੇ-ਦੁਆਲੇ ਚਰਚਾ ਪੈਦਾ ਕਰ ਕੇ ਭਾਜਪਾ ਇਹੀ ਕੋਸ਼ਿਸ਼ ਕਰ ਰਹੀ ਹੈ।"
ਭਾਜਪਾ ਨੇ ਅੰਬੇਡਕਰ ਦੇ ਪੰਚਤੀਰਥ ਦੀ ਸਥਾਪਨਾ ਕੀਤੀ। ਲੰਡਨ ਜਾ ਕੇ ਅੰਬੇਡਕਰ ਦੀ ਯਾਦਗਾਰ ਬਣਾਈ। ਭਾਜਪਾ ਦੇ ਸੱਤਾ 'ਚ ਆਉਣ ਤੋਂ ਬਾਅਦ ਸੰਵਿਧਾਨ ਦਿਵਸ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ।
ਪ੍ਰੋਫੈਸਰ ਪਰਵੇਸ਼ ਚੌਧਰੀ ਕਹਿੰਦੇ ਹਨ, "ਭਾਜਪਾ ਨੇ ਬਾਬਾ ਸਾਹਿਬ ਅੰਬੇਡਕਰ ਨਾਲ ਜੁੜੀਆਂ ਸਾਰੀਆਂ ਥਾਵਾਂ ਨੂੰ ਸੁਰੱਖਿਅਤ ਰੱਖਿਆ ਅਤੇ ਉਨ੍ਹਾਂ ਨੂੰ ਤੀਰਥ ਸਥਾਨਾਂ ਵਜੋਂ ਵਿਕਸਤ ਕੀਤਾ। ਉਨ੍ਹਾਂ ਦੀ ਸ਼ਖਸੀਅਤ ਅਤੇ ਵਿਚਾਰਾਂ ਨੂੰ ਨਿਖਾਰਨ ਲਈ ਬਾਬਾ ਸਾਹਿਬ ਅੰਬੇਡਕਰ ਕੇਂਦਰ ਦੀ ਸਥਾਪਨਾ ਕੀਤੀ ਗਈ।"
'ਰਾਸ਼ਟਰ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ' ਪੁਸਤਕ ਦੇ ਲੇਖਕ ਡਾ. ਪਰਵੇਸ਼ ਚੌਧਰੀ ਦਾ ਕਹਿਣਾ ਹੈ, "ਬਾਬਾ ਸਾਹਿਬ ਅੰਬੇਡਕਰ ਸਿਰਫ਼ ਦਲਿਤਾਂ ਦੇ ਹੀ ਨਹੀਂ, ਸਗੋਂ ਪੂਰੇ ਭਾਰਤ ਅਤੇ ਵਿਸ਼ਵ ਦੇ ਆਗੂ ਹਨ।"
"ਭਾਜਪਾ ਨੇ ਇਸ ਵਿਚਾਰ ਨੂੰ ਅੱਗੇ ਵਧਾ ਦਿੱਤਾ ਹੈ। ਕਾਂਗਰਸ ਨੇ ਅੰਬੇਡਕਰ ਨੂੰ ਦਲਿਤ ਆਗੂ ਵਜੋਂ ਦਰਸਾਇਆ ਹੈ ਪਰ ਭਾਜਪਾ ਉਨ੍ਹਾਂ ਨੂੰ ਵਿਸ਼ਵ ਪੱਧਰ 'ਤੇ ਲਿਆ ਰਹੀ ਹੈ। ਉਨ੍ਹਾਂ ਦੇ ਹਰ ਪਹਿਲੂ ਨੂੰ ਭਾਜਪਾ ਨੇ ਅੱਗੇ ਵਧਾਇਆ ਹੈ।"

ਤਸਵੀਰ ਸਰੋਤ, Getty Images
ਕਮਜ਼ੋਰ ਹੁੰਦੀ ਆਤਮ-ਨਿਰਭਰ ਦਲਿਤ ਸਿਆਸਤ
ਆਪਣੇ ਦਮ ʼਤੇ ਸਿਆਸਤ ਸੱਤਾ ਤੱਕ ਪਹੁੰਚਾਦੀਆਂ ਰਹੀਆਂ ਦਲਿਤ ਪਾਰਟੀਆਂ ਅੱਜ ਹਾਸ਼ੀਏ 'ਤੇ ਹਨ। ਬਹੁਜਨ ਸਮਾਜ ਪਾਰਟੀ ਇਸ ਦੀ ਇੱਕ ਮਿਸਾਲ ਹੈ, ਜੋ ਅੱਜ ਆਪਣੇ ਬਲਬੂਤੇ ਸੰਸਦ ਮੈਂਬਰ ਨਹੀਂ ਭੇਜ ਸਕੀ।
ਪ੍ਰੋਫੈਸਰ ਵਿਵੇਕ ਕੁਮਾਰ ਕਹਿੰਦੇ ਹਨ, "ਮੌਜੂਦਾ ਸਮੇਂ ਵਿੱਚ ਬਾਬਾ ਸਾਹਿਬ ਅੰਬੇਡਕਰ ਨੂੰ ਸਾਰੀਆਂ ਪਾਰਟੀਆਂ ਵਿੱਚ ਸਵੀਕਾਰ ਕਰਨ ਦਾ ਜੋ ਇੱਕ ਕਾਰਨ ਹੈ ਕਿ ਆਤਮ-ਨਿਰਭਰ ਦਲਿਤ ਸਿਆਸਤ ਕਮਜ਼ੋਰ ਹੋ ਗਈ ਹੈ।"
"ਯੂਪੀ ਵਿੱਚ ਬਸਪਾ, ਬਿਹਾਰ ਵਿੱਚ ਲੋਕ ਜਨ ਸ਼ਕਤੀ ਜਾਂ ਫਿਰ ਮਹਾਰਾਸ਼ਟਰ ਵਿੱਚ ਪ੍ਰਕਾਸ਼ ਅੰਬੇਡਕਰ ਆਤਮ-ਨਿਰਭਰ ਦਲਿਤ ਸਿਆਸਤ ਨੂੰ ਫੜੇ ਹੋਏ ਸਨ, ਪਰ ਅਜੋਕੇ ਸਮੇਂ ਵਿੱਚ ਇਹ ਦਲਿਤ ਸਿਆਸਤ ਕਮਜ਼ੋਰ ਹੋ ਗਈ ਹੈ।"
ਉੱਤਰੀ ਭਾਰਤ ਹੋਵੇ, ਮੱਧ ਭਾਰਤ ਜਾਂ ਦੱਖਣੀ ਭਾਰਤ, ਸਵੈ-ਨਿਰਭਰ ਦਲਿਤ ਸਿਆਸਤ ਤੋਂ ਆਉਣ ਵਾਲੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀ ਗਿਣਤੀ ਘਟੀ ਹੈ।
ਅਜਿਹੇ ਵਿੱਚ ਸਿਆਸੀ ਪਾਰਟੀਆਂ ਨੂੰ ਲੱਗ ਰਿਹਾ ਹੈ ਕਿ ਦਲਿਤ ਸਿਆਸਤ ਲਈ ਜ਼ਮੀਨ ਖਾਲ੍ਹੀ ਹੋ ਗਈ ਹੈ।
ਪ੍ਰੋਫੈਸਰ ਵਿਵੇਕ ਕੁਮਾਰ ਦਾ ਕਹਿਣਾ ਹੈ, "ਹੁਣ ਕਾਂਗਰਸ ਦਲਿਤ ਸਿਆਸਤ ਦਾ ਏਜੰਡਾ ਚਲਾ ਰਹੀ ਹੈ। ਇੱਕ ਸਮੇਂ ਬਸਪਾ ਕਹਿੰਦੀ ਹੁੰਦੀ ਸੀ ਕਿ ਸੰਵਿਧਾਨ ਦੇ ਸਨਮਾਨ ਵਿੱਚ ਬਸਪਾ ਮੈਦਾਨ ਵਿੱਚ ਹੈ।"
"ਅੱਜ ਕਾਂਗਰਸ ਅਤੇ ਇੰਡੀਆ ਗਠਜੋੜ ਕਹਿ ਰਿਹਾ ਹੈ ਕਿ ਜਿਸ ਦੀ ਜਿੰਨੀ ਸੰਖਿਆ ਭਾਰੀ ਉਸ ਦੀ ਓਨੀ ਹਿੱਸੇਦਾਰੀ। ਇਹ ਕਾਰਨ ਹੈ ਕਿ ਭਾਜਪਾ ਵੀ ਦਲਿਤਾਂ ਦੀ ਸਿਆਸਤ ਨੂੰ ਲੈ ਕੇ ਹਮਲਾਵਰ ਹੋਈ ਹੈ ਅਤੇ ਦਲਿਤਾਂ ਨੂੰ ਆਪਣੇ ਪਾਸੇ ਖਿੱਚਣ ਦਾ ਯਤਨ ਕਰ ਰਹੀ ਹੈ।"
2011 ਦੀ ਮਰਦਮਸ਼ੁਮਾਰੀ ਅਨੁਸਾਰ ਭਾਰਤ ਵਿੱਚ ਦਲਿਤਾਂ ਦੀ ਆਬਾਦੀ ਲਗਭਗ 16.6 ਫੀਸਦੀ ਹੈ, ਪਰ ਦਲਿਤ ਸੰਗਠਨਾਂ ਦਾ ਮੰਨਣਾ ਹੈ ਕਿ ਭਾਰਤ ਵਿੱਚ ਦਲਿਤਾਂ ਦੀ ਅਸਲ ਆਬਾਦੀ 20 ਫੀਸਦੀ ਤੋਂ ਵੱਧ ਹੋ ਸਕਦੀ ਹੈ। ਲੋਕ ਸਭਾ ਦੀਆਂ 84 ਸੀਟਾਂ ਦਲਿਤਾਂ ਲਈ ਰਾਖਵੀਆਂ ਹਨ।
ਹਾਲਾਂਕਿ, ਭਾਰਤ ਵਿੱਚ ਜਾਤੀ ਮਰਦਮਸ਼ੁਮਾਰੀ ਨਹੀਂ ਹੋਈ ਹੈ ਅਤੇ ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਜਾਤੀ ਮਰਦਮਸ਼ੁਮਾਰੀ ਦੀ ਮੰਗ ਕਰ ਰਹੀਆਂ ਹਨ।
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸੱਤਾ ਲਈ ਦਲਿਤਾਂ ਨੂੰ ਨਾਲ ਲੈ ਕੇ ਤੁਰਨਾ ਪਾਰਟੀਆਂ ਦੀ ਸਿਆਸੀ ਮਜਬੂਰੀ ਹੈ।
ਰਾਖਵਾਂਕਰਨ, ਜਾਤੀ ਮਰਦਮਸ਼ੁਮਾਰੀ ਅਤੇ ਬਰਾਬਰ ਦੀ ਹਿੱਸੇਦਾਰੀ ਅਜਿਹੇ ਕਈ ਮੁੱਦੇ ਹਨ, ਜਿਨ੍ਹਾਂ ਬਾਰੇ ਹੁਣ ਦਲਿਤਾਂ ਵਿੱਚ ਜਾਗਰੂਕਤਾ ਵਧੀ ਹੈ।
ਭਾਰਤੀ ਜਨਤਾ ਪਾਰਟੀ ਨੇ ਆਰਥਿਕ ਆਧਾਰ 'ਤੇ ਰਾਖਵੇਂਕਰਨ ਦੀ ਵਿਵਸਥਾ ਵੀ ਕੀਤੀ ਹੈ, ਜਿਸ ਨੂੰ ਦਲਿਤ ਸੰਗਠਨ ਅਤੇ ਪੱਛੜੀਆਂ ਸ਼੍ਰੇਣੀਆਂ ਲਈ ਤੈਅ ਰਾਖਵੇਂਕਰਨ ਨੂੰ ਸੇਧ ਮੰਨਦੇ ਹਨ।
ਪ੍ਰੋਫੈਸਰ ਦੂਬੇ ਕਹਿੰਦੇ ਹਨ, "ਹੁਣ ਹੌਲੀ-ਹੌਲੀ ਫਿਰ ਦਲਿਤਾਂ ਅਤੇ ਪੱਛੜੇ ਵਰਗ ਦੇ ਲੋਕਾਂ ਨੂੰ ਲੱਗਣ ਲੱਗਾ ਹੈ ਕਿ ਭਾਜਪਾ ਮੁੱਖ ਤੌਰ ʼਤੇ ਬ੍ਰਾਹਮਣ-ਬਾਣੀਆਂ ਦੀ ਪਾਰਟੀ ਹੈ।"
"ਭਾਜਪਾ ਨੂੰ ਇਹ ਖਦਸ਼ਾ ਹੈ ਕਿ ਜੇਕਰ ਦਲਿਤ ਅਤੇ ਪੱਛੜੀਆਂ ਉਸ ਨਾਲ ਵੱਖ ਹੋਈਆਂ ਹਨ ਤਾਂ ਇਸ ਦਾ ਸਿਆਸੀ ਨੁਕਸਾਨ ਹੋ ਸਕਦੇ ਹਨ। ਅੱਜ ਹਰ ਪਾਰਟੀ ਜਾਣਦੀ ਹੈ ਕਿ ਦਲਿਤਾਂ ਦੀਆਂ ਵੋਟਾਂ ਹਾਸਿਲ ਕੀਤੇ ਬਿਨਾਂ ਸੱਤਾ ਤੱਕ ਨਹੀਂ ਪਹੁੰਚਿਆ ਜਾ ਸਕਦੀ ਹੈ।"
"ਇਹੀ ਕਾਰਨ ਹਨ ਕਿ ਭਾਜਪਾ ਦਲਿਤਾਂ ਅਤੇ ਪੱਛੜੇ ਲੋਕਾਂ ਨੂੰ ਲੈ ਕੇ ਵਧੇਰੇ ਸੰਵੇਦਨਸ਼ੀਲ ਜਾਪਦੀ ਹੈ। ਸਵਾਲ ਇਹੀ ਹੈ ਕਿ ਸੰਵੇਦਨਸ਼ੀਲਤਾ ਕੀ ਸਿਰਫ਼ ਵੋਟ ਹਾਸਿਲ ਕਰਨ ਤੱਕ ਸੀਮਤ ਹੈ ਜਾਂ ਇਸ ਦਾ ਮਕਸਦ ਦਲਿਤਾਂ ਦਾ ਅਸਲ ਉਭਾਰ ਵੀ ਹੈ।"

ਤਸਵੀਰ ਸਰੋਤ, Getty Images
ਕੀ ਨੁਕਸਾਨ ਪਹੁੰਚਾ ਸਕਦਾ ਹੈ ਅਮਿਤ ਸ਼ਾਹ ਦਾ ਬਿਆਨ
ਅਮਿਤ ਸ਼ਾਹ ਦੇ ਬਿਆਨ ਨੂੰ ਲੈ ਕੇ ਚੱਲ ਰਹੇ ਸਿਆਸੀ ਰੌਲੇ ਦਰਮਿਆਨ ਸਵਾਲ ਇਹ ਵੀ ਉੱਠਿਆ ਹੈ ਕਿ ਕੀ ਇਸ ਬਿਆਨ ਨਾਲ ਭਾਜਪਾ ਨੂੰ ਸਿਆਸੀ ਨੁਕਸਾਨ ਹੋ ਸਕਦਾ ਹੈ?
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਨਾਲ ਕੋਈ ਵੱਡਾ ਸਿਆਸੀ ਨੁਕਸਾਨ ਹੋਵੇਗਾ, ਅਜਿਹੀ ਪ੍ਰਤੀਤ ਨਹੀਂ ਹੁੰਦਾ।
ਅਭੈ ਕੁਮਾਰ ਦੂਬੇ ਕਹਿੰਦੇ ਹਨ, "ਅੰਬੇਡਕਰਵਾਦ ਅਤੇ ਦਲਿਤ ਸਮਾਜ ਇੱਕ-ਦੂਜੇ ਲਈ ਹਨ, ਪਰ ਜੇਕਰ ਅਮਲੀ ਤੌਰ 'ਤੇ ਦੇਖਿਆ ਜਾਵੇ ਤਾਂ ਅੰਬੇਡਕਰਵਾਦ ਨੂੰ ਮੰਨਣ ਵਾਲੇ ਦਲਿਤਾਂ ਦੀ ਗਿਣਤੀ ਬਹੁਤ ਘੱਟ ਹੈ।"
"ਇਹ ਦਲਿਤ ਆਬਾਦੀ ਦਾ ਇੱਕ ਛੋਟਾ ਜਿਹਾ ਹਿੱਸਾ ਹਨ। ਅਜਿਹੇ ਵਿੱਚ ਅਮਿਤ ਸ਼ਾਹ ਦੇ ਇਸ ਬਿਆਨ ਦਾ ਦਲਿਤ ਅਬਾਦੀ 'ਤੇ ਕੋਈ ਖ਼ਾਸ ਅਸਰ ਪਵੇਗਾ, ਇਸ ਦੀ ਸੰਭਾਵਨਾ ਘੱਟ ਹੈ।"
"ਅੰਬੇਡਕਰ ਪ੍ਰਤੀ ਸ਼ਰਧਾ ਸਾਰੇ ਦਲਿਤਾਂ ਵਿੱਚ ਹੈ ਪਰ ਉਨ੍ਹਾਂ ਦੇ ਨਾਮ ʼਤੇ ਵੋਟਾਂ ਕਿੰਨੀਆਂ ਪ੍ਰਭਾਵਿਤ ਹੁੰਦੀਆਂ ਹਨ, ਇਹ ਦੇਖਣ ਵਾਲੀ ਗੱਲ ਹੋਵੇਗੀ। ਖ਼ੁਦ ਅੰਬੇਡਕਰ ਨੂੰ ਆਪਣੇ ਜੀਵਨ ਵਿੱਚ ਸਿਆਸੀ ਸਫ਼ਲਤਾ ਨਹੀਂ ਮਿਲੀ ਸੀ।"
ਅਭੈ ਦੂਬੇ ਦਾ ਕਹਿਣਾ ਹੈ, "ਕੁਝ ਦਿਨਾਂ ਤੋਂ ਸਿਆਸੀ ਰੌਲੇ-ਰੱਪੇ ਨਾਲ ਇਹ ਮੁੱਦਾ ਨਹੀਂ ਬਣੇਗਾ। ਅੰਬੇਡਕਰ ਦੇ ਵਿਚਾਰਾਂ ਨੂੰ ਵਿਆਪਕ ਸਿਆਸੀ ਮੁੱਦਾ ਬਣਾਉਣਾ ਅਤੇ ਇਸ 'ਤੇ ਭਾਜਪਾ ਨੂੰ ਘੇਰਨ ਲਈ ਜ਼ਮੀਨੀ ਪੱਧਰ 'ਤੇ ਹੋਰ ਯਤਨ ਕਰਨੇ ਪੈਣਗੇ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ














