ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕੀਤਾ ਤੇ ਫਿਰ ਬੇਰਹਿਮੀ ਨਾਲ ਲਾਸ਼ ਨੂੰ ਟਿਕਾਣੇ ਲਗਾ ਦਿੱਤਾ, ਪੁਲਿਸ ਨੇ ਕੇਸ ਬਾਰੇ ਕੀ ਕੁਝ ਦੱਸਿਆ

ਪੁਲਿਸ ਅਤੇ ਮੁਲਜ਼ਮ

ਤਸਵੀਰ ਸਰੋਤ, @meerutpolice

ਤਸਵੀਰ ਕੈਪਸ਼ਨ, ਮੀਡੀਆ ਸਾਹਮਣੇ ਦੋਵਾਂ ਮੁਲਜ਼ਮਾਂ ਨੂੰ ਪੇਸ਼ ਕਰਦੀ ਹੋਈ ਪੁਲਿਸ
    • ਲੇਖਕ, ਸ਼ਹਿਬਾਜ਼ ਅਨਵਰ
    • ਰੋਲ, ਬੀਬੀਸੀ ਪੱਤਰਕਾਰ

ਚੇਤਾਵਨੀ - ਰਿਪੋਰਟ ਦੇ ਕੁਝ ਵੇਰਵੇ ਪਾਠਕਾਂ ਨੂੰ ਪਰੇਸ਼ਾਨ ਕਰ ਸਕਦੇ ਹਨ।

ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਇੱਕ ਹੈਰਾਨ ਕਰਨ ਵਾਲਾ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਸ਼ਹਿਰ ਦੇ ਸੌਰਭ ਰਾਜਪੂਤ ਨਾਮ ਦੇ ਇੱਕ ਵਿਅਕਤੀ ਦਾ ਉਸਦੀ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕਤਲ ਕਰ ਦਿੱਤਾ ਹੈ।

ਹਾਲਾਂਕਿ ਜਿਸ ਤਰ੍ਹਾਂ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਉਹ ਬੇਹੱਦ ਖੌਫ਼ਨਾਕ ਹੈ।

29 ਸਾਲਾ ਸੌਰਭ ਰਾਜਪੂਤ, ਲੰਡਨ ਵਿੱਚ ਕੰਮ ਕਰਦੇ ਸਨ ਅਤੇ ਪਿਛਲੇ ਮਹੀਨੇ ਹੀ ਭਾਰਤ ਵਾਪਸ ਆਏ ਸਨ।

ਜਦੋਂ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕੀਤੀ, ਤਾਂ ਇਸ ਗੰਭੀਰ ਅਪਰਾਧ ਬਾਰੇ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ।

ਬੀਬੀਸੀ ਪੰਜਾਬੀ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਮੇਰਠ ਦੇ ਪੁਲਿਸ ਸੁਪਰੀਟੇਂਡੈਂਟ ਆਯੂਸ਼ ਵਿਕਰਮ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ।

ਸੌਰਭ ਦੇ ਪਰਿਵਾਰ ਨੇ ਮੇਰਠ ਪੁਲਿਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ।

ਕੀ ਹੈ ਪੂਰਾ ਮਾਮਲਾ?

ਮੇਰਠ ਦੇ ਪੁਲਿਸ ਸੁਪਰੀਟੇਂਡੈਂਟ ਆਯੂਸ਼ ਵਿਕਰਮ ਸਿੰਘ

ਤਸਵੀਰ ਸਰੋਤ, @meerutpolice

ਤਸਵੀਰ ਕੈਪਸ਼ਨ, ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਮੁਲਜ਼ਮਾਂ ਨੇ ਪਹਿਲਾਂ ਹੀ ਕਤਲ ਦੀ ਸਾਜ਼ਿਸ਼ ਰਚ ਲਈ ਸੀ

ਮੇਰਠ ਪੁਲਿਸ ਦੇ ਅਨੁਸਾਰ, 28 ਸਾਲਾ ਮੁਸਕਾਨ ਰਸਤੋਗੀ ਨੇ ਆਪਣੇ ਪ੍ਰੇਮੀ ਸਾਹਿਲ ਸ਼ੁਕਲਾ ਨਾਲ ਮਿਲ ਕੇ 3 ਮਾਰਚ ਦੀ ਰਾਤ ਨੂੰ ਆਪਣੇ ਪਤੀ ਸੌਰਭ ਰਾਜਪੂਤ ਦਾ ਕਤਲ ਕਰ ਦਿੱਤਾ।

ਕਤਲ ਤੋਂ ਬਾਅਦ, ਉਨ੍ਹਾਂ ਨੇ ਲਾਸ਼ ਨੂੰ ਇੱਕ ਡਰੱਮ ਵਿੱਚ ਪਾ ਦਿੱਤਾ ਅਤੇ ਫਿਰ ਇਸ ਡਰੱਮ ਨੂੰ ਕੰਕਰੀਟ ਨਾਲ ਭਰ ਦਿੱਤਾ।

ਪੁਲਿਸ ਨੇ ਇਸ ਡਰੱਮ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਇਸ ਨੂੰ ਥਾਣੇ ਲੈ ਆਈ। ਫਿਰ ਡਰੱਮ ਨੂੰ ਕਟਰ ਨਾਲ ਕੱਟ ਕੇ ਲਾਸ਼ ਨੂੰ ਬਾਹਰ ਕੱਢਿਆ ਗਿਆ।

ਸੌਰਭ ਰਾਜਪੂਤ ਦੇ ਵੱਡੇ ਭਰਾ ਰਾਹੁਲ ਉਰਫ਼ ਬਬਲੂ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਸਟੇਸ਼ਨ ਵਿੱਚ ਰਿਪੋਰਟ ਦਰਜ ਕਰ ਲਈ ਗਈ ਹੈ। ਦੋਵਾਂ ਮੁਲਜ਼ਮਾਂ ਨੂੰ ਮੰਗਲਵਾਰ ਨੂੰ ਹੀ ਹਿਰਾਸਤ ਵਿੱਚ ਲੈ ਲਿਆ ਗਿਆ ਸੀ।

ਤਲਾਕ ਦੀ ਨੌਬਤ

ਮੁਲਜ਼ਮ ਨੂੰ ਲੈ ਕੇ ਜਾਂਦੀ ਪੁਲਿਸ

ਤਸਵੀਰ ਸਰੋਤ, SHIV PRAKASH

ਤਸਵੀਰ ਕੈਪਸ਼ਨ, ਮੁਲਜ਼ਮ ਨੂੰ ਲੈ ਕੇ ਜਾਂਦੀ ਪੁਲਿਸ

ਮੇਰਠ ਦੇ ਏਐੱਸਪੀ ਆਯੁੂਸ਼ ਵਿਕਰਮ ਸਿੰਘ ਨੇ ਬੁੱਧਵਾਰ ਨੂੰ ਕਤਲ ਬਾਰੇ ਮੀਡੀਆ ਨੂੰ ਦੱਸਦਿਆਂ ਕਿਹਾ, "ਸੌਰਭ ਰਾਜਪੂਤ ਨੂੰ 4 ਮਾਰਚ ਤੋਂ ਨਹੀਂ ਦੇਖਿਆ ਗਿਆ ਸੀ। ਸ਼ੱਕ ਦੇ ਆਧਾਰ 'ਤੇ, ਉਨ੍ਹਾਂ ਦੀ ਪਤਨੀ ਮੁਸਕਾਨ ਅਤੇ ਉਸਦੇ ਪ੍ਰੇਮੀ ਸਾਹਿਲ ਸ਼ੁਕਲਾ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ।"

"ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਸਾਹਿਲ ਨੇ ਮੁਸਕਾਨ ਨਾਲ ਮਿਲ ਕੇ ਸੌਰਭ ਦਾ ਕਤਲ ਕੀਤਾ ਸੀ। ਕਤਲ ਤੋਂ ਬਾਅਦ, ਲਾਸ਼ ਦਾ ਸਿਰ ਅਤੇ ਦੋਵਾਂ ਹੱਥਾਂ ਦੀਆਂ ਹਥੇਲੀਆਂ ਕੱਟ ਕੇ ਇੱਕ ਡਰੱਮ ਵਿੱਚ ਪਾ ਕੇ ਉਸ 'ਚ ਸੀਮਿੰਟ ਅਤੇ ਰੇਤ ਦਾ ਮਿਸ਼ਰਣ ਭਰ ਦਿੱਤਾ ਗਿਆ। ਇਸ ਤੋਂ ਬਾਅਦ, ਦੋਵੇਂ ਮੁਲਜ਼ਮ ਸ਼ਿਮਲਾ, ਮਨਾਲੀ ਅਤੇ ਕਸੌਲੀ ਘੁੰਮਣ ਲਈ ਚਲੇ ਗਏ।"

ਮੇਰਠ ਦੇ ਬ੍ਰਹਮਪੁਰੀ ਇਲਾਕੇ ਦੇ ਰਹਿਣ ਵਾਲੇ ਸੌਰਭ ਰਾਜਪੂਤ ਨੇ ਸਾਲ 2016 ਵਿੱਚ ਆਪਣੇ ਘਰ ਤੋਂ ਥੋੜ੍ਹੀ ਦੂਰੀ 'ਤੇ ਰਹਿਣ ਵਾਲੀ ਮੁਸਕਾਨ ਰਸਤੋਗੀ ਨਾਲ ਪ੍ਰੇਮ ਵਿਆਹ ਕੀਤਾ ਸੀ।

ਦੋਵਾਂ ਨੇ ਆਪਣੇ ਪਰਿਵਾਰਾਂ ਦੇ ਵਿਰੋਧ ਦੇ ਬਾਵਜੂਦ ਵਿਆਹ ਕਰਵਾ ਲਿਆ ਸੀ। ਸਾਲ 2019 ਵਿੱਚ, ਮੁਸਕਾਨ ਨੇ ਇੱਕ ਧੀ ਨੂੰ ਜਨਮ ਦਿੱਤਾ ਸੀ।

ਮੇਰਠ ਕਤਲ ਕੇਸ

ਪੁਲਿਸ ਦੇ ਅਨੁਸਾਰ, ਮਾੜੀ ਆਰਥਿਕ ਸਥਿਤੀ ਕਾਰਨ ਸੌਰਭ ਦੀ ਆਪਣੇ ਮਾਪਿਆਂ ਨਾਲ ਅਣਬਣ ਹੋ ਗਈ ਸੀ, ਜਿਸ ਤੋਂ ਬਾਅਦ ਉਹ ਗੁਆਂਢ ਦੇ ਹੀ ਇੰਦਰਾ ਨਗਰ ਵਿੱਚ ਮੁਸਕਾਨ ਨਾਲ ਰਹਿਣ ਲੱਗ ਪਏ ਸਨ।

ਸੌਰਭ ਦੀ ਗੈਰਹਾਜ਼ਰੀ ਵਿੱਚ, ਮੁਸਕਾਨ ਅਤੇ ਸਾਹਿਲ ਸ਼ੁਕਲਾ ਵਿਚਕਾਰ ਨੇੜਤਾ ਵਧੀ।

ਏਐੱਸਪੀ ਆਯੂਸ਼ ਵਿਕਰਮ ਸਿੰਘ ਨੇ ਕਿਹਾ, "27 ਸਾਲਾ ਸਾਹਿਲ, ਸੌਰਭ ਦੇ ਘਰ ਤੋਂ ਥੋੜ੍ਹੀ ਦੂਰੀ 'ਤੇ ਹੀ ਰਹਿੰਦਾ ਸੀ। ਉਹ ਅਤੇ ਮੁਸਕਾਨ ਅੱਠਵੀਂ ਜਮਾਤ ਵਿੱਚ ਸਹਿਪਾਠੀ ਸਨ। ਸਾਹਿਲ ਨੇ ਬੀ.ਕਾਮ ਤੱਕ ਪੜ੍ਹਾਈ ਕੀਤੀ ਹੈ ਅਤੇ ਔਨਲਾਈਨ ਟ੍ਰੇਡਿੰਗ ਕਾਰੋਬਾਰ ਨਾਲ ਜੁੜਿਆ ਹੋਇਆ ਸੀ।''

ਉਨ੍ਹਾਂ ਮੁਤਾਬਕ, ਜਦੋਂ ਸੌਰਭ ਨੂੰ ਆਪਣੀ ਪਤਨੀ ਅਤੇ ਸਾਹਿਲ ਦੇ ਰਿਸ਼ਤੇ ਬਾਰੇ ਪਤਾ ਲੱਗਾ, ਤਾਂ ਉਨ੍ਹਾਂ ਨੇ ਸਾਲ 2021 ਵਿੱਚ ਤਲਾਕ ਲਈ ਕਾਨੂੰਨੀ ਰਾਹ ਫੜ੍ਹੀ, ਪਰ ਇੱਕ ਛੋਟੀ ਧੀ ਹੋਣ ਕਾਰਨ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਸਮਝਾਏ ਜਾਣ ਤੋਂ ਬਾਅਦ ਉਹ ਸ਼ਿਕਾਇਤ ਵਾਪਸ ਲੈ ਲਈ ਗਈ।

ਪਰ ਇਸ ਤੋਂ ਬਾਅਦ ਵੀ ਦੋਵਾਂ ਵਿਚਕਾਰ ਅਕਸਰ ਤਣਾਅ ਹੀ ਰਹਿੰਦਾ ਸੀ।

3-4 ਮਾਰਚ ਨੂੰ ਕੀ ਹੋਇਆ

ਪੁਲਿਸ

ਤਸਵੀਰ ਸਰੋਤ, SHIV PRAKASH

ਤਸਵੀਰ ਕੈਪਸ਼ਨ, ਪੁਲਿਸ ਮੁਤਾਬਕ, ਲਾਸ਼ ਨੂੰ ਟਿਕਾਣੇ ਲਗਾਉਣ ਤੋਂ ਬਾਅਦ ਦੋਵੇਂ ਮੁਲਜ਼ਮ ਆਪ ਘੁੰਮਣ ਲਈ ਮਨਾਲੀ-ਸ਼ਿਮਲਾ ਚਲੇ ਗਏ ਸਨ

ਪੁਲਿਸ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਸਕਾਨ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।

ਮੁਸਕਾਨ ਨੇ ਪੁਲਿਸ ਨੂੰ ਦੱਸਿਆ ਕਿ ਸੌਰਭ ਦੋ ਸਾਲ ਪਹਿਲਾਂ ਕੰਮ ਕਰਨ ਲਈ ਲੰਡਨ ਗਏ ਸਨ। ਇਸੇ ਦੌਰਾਨ, ਮੁਸਕਾਨ ਅਤੇ ਸਾਹਿਲ ਦੀ ਦੋਸਤੀ ਹੋਰ ਵੀ ਵਧ ਗਈ।

ਮੁਸਕਾਨ ਨੇ ਪੁਲਿਸ ਨੂੰ ਦੱਸਿਆ ਕਿ ਸੌਰਭ ਦੇ ਪਾਸਪੋਰਟ ਦੀ ਮਿਆਦ ਖਤਮ ਹੋਣ ਵਾਲੀ ਸੀ ਅਤੇ ਉਹ 24 ਫਰਵਰੀ ਨੂੰ ਇਸ ਨੂੰ ਰੀਨਿਊ ਕਰਵਾਉਣ ਲਈ ਭਾਰਤ ਆ ਰਹੇ ਸਨ।

ਪੁਲਿਸ ਦੇ ਅਨੁਸਾਰ, ਮੁਸਕਾਨ ਅਤੇ ਸਾਹਿਲ ਨੇ ਪਹਿਲਾਂ ਹੀ ਕਤਲ ਦੀ ਪੂਰੀ ਯੋਜਨਾ ਬਣਾ ਲਈ ਸੀ ਅਤੇ ਇੱਕ ਚਾਕੂ ਅਤੇ ਬੇਹੋਸ਼ੀ ਦੀਆਂ ਦਵਾਈਆਂ ਵੀ ਖਰੀਦੀਆਂ ਸਨ।

ਪੁਲਿਸ ਮੁਤਾਬਕ ਕਤਲ ਵਾਲੇ ਦਿਨ, ਯਾਨੀ 3 ਮਾਰਚ ਦੀ ਰਾਤ ਨੂੰ ਮੁਸਕਾਨ ਨੇ ਸੌਰਭ ਦੇ ਖਾਣੇ ਵਿੱਚ ਬੇਹੋਸ਼ੀ ਦੀ ਦਵਾਈ ਮਿਲਾ ਦਿੱਤੀ ਅਤੇ ਜਦੋਂ ਸੌਰਭ ਬੇਹੋਸ਼ ਹੋ ਗਏ ਤਾਂ ਸਾਹਿਲ ਨੇ ਉਨ੍ਹਾਂ ਦਾ ਹੱਥ ਫੜ੍ਹਿਆ ਅਤੇ ਮੁਸਕਾਨ ਨੇ ਉਨ੍ਹਾਂ 'ਤੇ ਚਾਕੂ ਨਾਲ ਕਈ ਵਾਰ ਕੀਤੇ।

ਪੁਲਿਸ ਦੇ ਅਨੁਸਾਰ, ਦੋਵੇਂ ਲਾਸ਼ ਨੂੰ ਬਾਥਰੂਮ ਵਿੱਚ ਲੈ ਗਏ ਅਤੇ ਇਸ ਦੇ ਤਿੰਨ ਟੁਕੜੇ ਕਰ ਦਿੱਤੇ। ਸਬੂਤ ਮਿਟਾਉਣ ਲਈ ਉਨ੍ਹਾਂ ਨੇ ਕਮਰੇ ਨੂੰ ਬਲੀਚਿੰਗ ਪਾਊਡਰ ਨਾਲ ਧੋ ਦਿੱਤਾ ਸੀ।

ਅਗਲੇ ਦਿਨ 4 ਮਾਰਚ ਨੂੰ, ਮੁਸਕਾਨ ਨੇ ਬਾਜ਼ਾਰ ਤੋਂ ਇੱਕ ਡਰੱਮ ਅਤੇ ਸੀਮਿੰਟ ਖਰੀਦਿਆ ਅਤੇ ਫਿਰ ਸਰੀਰ ਦੇ ਸਾਰੇ ਅੰਗਾਂ ਨੂੰ ਉਸ ਵਿੱਚ ਸੀਮਿੰਟ ਨਾਲ ਭਰ ਦਿੱਤਾ।

ਕਿਵੇਂ ਖੁੱਲ੍ਹਿਆ ਭੇਦ

ਸੌਰਭ

ਤਸਵੀਰ ਸਰੋਤ, SHIV PRAKASH

ਤਸਵੀਰ ਕੈਪਸ਼ਨ, ਸੌਰਭ ਲੰਡਨ ਵਿੱਚ ਰਹਿੰਦੇ ਸਨ ਅਤੇ ਇਸੇ ਸਾਲ ਫਰਵਰੀ ਮਹੀਨੇ 'ਚ ਭਾਰਤ ਆਏ ਸਨ

ਪੁਲਿਸ ਅਨੁਸਾਰ, ਲਾਸ਼ ਲੁਕਾਉਣ ਤੋਂ ਬਾਅਦ ਮੁਸਕਾਨ ਨੇ ਆਪਣੀ ਧੀ ਨੂੰ ਆਪਣੀ ਮਾਂ ਕੋਲ ਛੱਡਿਆ ਅਤੇ ਖੁਦ ਉਹ ਸਾਹਿਲ ਨਾਲ ਘੁੰਮਣ ਚਲੀ ਗਈ।

ਪੁਲਿਸ ਦਾ ਕਹਿਣਾ ਹੈ ਕਿ ਵਿਆਹ ਤੋਂ ਬਾਅਦ ਤੋਂ ਹੀ ਸੌਰਭ ਨੂੰ ਉਸਦੇ ਪਰਿਵਾਰ ਨੇ ਬੇਦਖ਼ਲ ਕਰ ਦਿੱਤਾ ਸੀ ਅਤੇ ਉਨ੍ਹਾਂ ਦਾ ਉਸ ਨਾਲ ਜ਼ਿਆਦਾ ਸੰਪਰਕ ਨਹੀਂ ਸੀ। ਇਸੇ ਕਰਕੇ ਇਸ ਮਾਮਲੇ ਦਾ ਕਈ ਦਿਨਾਂ ਤੱਕ ਪਤਾ ਹੀ ਨਹੀਂ ਲੱਗ ਸਕਿਆ।

ਜਦੋਂ 17 ਮਾਰਚ ਨੂੰ ਮੁਸਕਾਨ ਵਾਪਸ ਆਈ, ਤਾਂ ਉਸਦੀ ਛੇ ਸਾਲ ਦੀ ਧੀ ਨੇ ਆਪਣੇ ਪਿਤਾ ਸੌਰਭ ਬਾਰੇ ਪੁੱਛਿਆ। ਇਸ 'ਤੇ ਮੁਸਕਾਨ ਭਾਵੁਕ ਹੋ ਗਈ।

ਉਹ ਆਪਣੇ ਪੇਕੇ ਘਰ ਪਹੁੰਚੀ ਅਤੇ ਆਪਣੇ ਸਹੁਰਿਆਂ 'ਤੇ ਸੌਰਭ ਦੇ ਕਤਲ ਦਾ ਇਲਜ਼ਾਮ ਲਗਾਉਣ ਲੱਗੀ, ਹਾਲਾਂਕਿ ਮੁਸਕਾਨ ਦੇ ਪਰਿਵਾਰ ਨੂੰ ਵਿਸ਼ਵਾਸ ਨਹੀਂ ਹੋਇਆ ਅਤੇ ਉਹ ਖੁਦ ਉਸ ਨੂੰ ਪੁਲਿਸ ਸਟੇਸ਼ਨ ਲੈ ਗਏ।

ਪੁੱਛਗਿੱਛ ਦੌਰਾਨ ਮੁਸਕਾਨ ਨੇ ਆਪਣਾ ਅਪਰਾਧ ਕਬੂਲ ਕਰ ਲਿਆ, ਜਿਸ ਤੋਂ ਬਾਅਦ ਪੁਲਿਸ ਨੇ ਡਰੱਮ ਬਰਾਮਦ ਕਰ ਲਿਆ।

ਸੌਰਭ ਦੇ ਭਰਾ ਨੇ ਕੀ ਕਿਹਾ?

ਵਾਰਦਾਤ ਵਾਲੇ ਘਰ ਦੇ ਬਾਹਰ ਇਕੱਠੀ ਹੋਈ ਭੀੜ

ਤਸਵੀਰ ਸਰੋਤ, SHIV PRAKASH

ਤਸਵੀਰ ਕੈਪਸ਼ਨ, ਵਾਰਦਾਤ ਵਾਲੇ ਘਰ ਦੇ ਬਾਹਰ ਇਕੱਠੀ ਹੋਈ ਭੀੜ

ਸੌਰਭ ਤਿੰਨ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ। ਉਨ੍ਹਾਂ ਦੇ ਭਰਾ ਰਾਹੁਲ ਉਰਫ਼ ਬਬਲੂ ਨੇ ਬੀਬੀਸੀ ਨੂੰ ਦੱਸਿਆ, "ਮੇਰੇ ਭਰਾ ਨੂੰ ਜ਼ਾਲਮਾਂ ਨੇ ਮਾਰ ਦਿੱਤਾ। ਮੁਸਕਾਨ ਨੇ ਹੀ ਮੇਰੇ ਭਰਾ ਨੂੰ ਪਰਿਵਾਰ ਤੋਂ ਖੋਹ ਕੇ ਵੱਖ ਕਰ ਦਿੱਤਾ ਸੀ, ਇਸ ਪਿੱਛੇ ਕੋਈ ਵੱਡੀ ਸਾਜ਼ਿਸ਼ ਵੀ ਹੋ ਸਕਦੀ ਹੈ। ਮੈਨੂੰ ਮੁਸਕਾਨ ਦੇ ਪਰਿਵਾਰਕ ਮੈਂਬਰਾਂ ਦੀ ਸ਼ਮੂਲੀਅਤ ਦਾ ਸ਼ੱਕ ਹੈ। ਜੋ ਵੀ ਦੋਸ਼ੀ ਹੈ, ਉਸ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।"

ਸੌਰਭ ਜਿਸ ਮਕਾਨ ਵਿੱਚ ਰਹਿੰਦੇ ਸਨ ਉਸ ਦੇ ਮਾਲਕ ਓਮਪਾਲ ਸਿੰਘ ਨੇ ਬੀਬੀਸੀ ਨੂੰ ਦੱਸਿਆ, "ਮੈਨੂੰ ਜ਼ਰਾ ਵੀ ਯਕੀਨ ਨਹੀਂ ਹੋ ਰਿਹਾ ਸੀ ਕਿ ਮੁਸਕਾਨ ਅਜਿਹਾ ਕੁਝ ਕਰ ਸਕਦੀ ਹੈ।"

ਸਥਾਨਕ ਪਾਰਸ਼ਦ ਰਾਜੀਵ ਗੁਪਤਾ ਨੇ ਕਿਹਾ, "ਮੁਸਕਾਨ ਦਾ ਸਾਹਿਲ ਨਾਲ ਅਫੇਅਰ ਸੀ, ਸੌਰਭ ਨਾਲ ਰਿਸ਼ਤੇ ਪਹਿਲਾਂ ਹੀ ਖ਼ਰਾਬ ਸਨ।"

ਦੂਜੇ ਪਾਸੇ, ਮੁਸਕਾਨ ਦਾ ਪਰਿਵਾਰ ਵੀ ਉਸ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰ ਰਿਹਾ ਹੈ। ਮੁਸਕਾਨ ਰਸਤੋਗੀ ਦੇ ਮਾਂ-ਪਿਉ ਨੇ ਆਪਣੀ ਧੀ ਨੂੰ ਸਮਾਜ ਲਈ ਖ਼ਤਰਾ ਦੱਸਦੇ ਹੋਏ ਉਸ ਦੇ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ।

ਉਨ੍ਹਾਂ ਨੇ ਨਿਊਜ਼ ਏਜੰਸੀ ਏਐਨਆਈ ਨੂੰ ਕਿਹਾ, "ਮੇਰੀ ਧੀ ਨੇ ਆਪਣੇ ਇੱਕ ਦੋਸਤ ਨਾਲ ਮਿਲ ਕੇ ਆਪਣੇ ਹੀ ਕਮਰੇ 'ਚ ਆਪਣੇ ਪਤੀ ਦਾ ਕਤਲ ਕਰ ਦਿੱਤਾ। ਉਹ ਇਸ ਸਮਾਜ ਦੇ ਲਾਇਕ ਨਹੀਂ ਹੈ ਅਤੇ ਦੂਜਿਆਂ ਲਈ ਵੀ ਖ਼ਤਰਨਾਕ ਹੈ... ਉਸ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ।"

ਏਐਨਆਈ ਨੇ ਮੁਸਕਾਨ ਦੀ ਮਾਂ ਨਾਲ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸੌਰਭ ਬਹੁਤ ਚੰਗਾ ਮੁੰਡਾ ਸੀ ਅਤੇ ਉਨ੍ਹਾਂ ਦੀ ਧੀ ਨੇ ਉਸ ਨਾਲ ਗਲਤ ਕੀਤਾ ਹੈ।

ਬੁੱਧਵਾਰ ਨੂੰ ਜਦੋਂ ਪੁਲਿਸ ਸਾਹਿਲ ਸ਼ੁਕਲਾ ਅਤੇ ਮੁਸਕਾਨ ਰਸਤੋਗੀ ਨੂੰ ਸੁਣਵਾਈ ਲਈ ਅਦਾਲਤ ਲੈ ਜਾ ਰਹੀ ਸੀ, ਕੁਝ ਵਕੀਲਾਂ ਨੇ ਉਨ੍ਹਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਭੀੜ ਤੋਂ ਬਚਾਇਆ ਅਤੇ ਉੱਥੋਂ ਲੈ ਕੇ ਗਏ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)