ਸੋਕਰੇਟੀਜ਼: ਦੁਨੀਆਂ ਦਾ ਬਿਹਤਰੀਨ ਫੁੱਟਬਾਲਰ ਜੋ ਡਾਕਟਰ, ਫ਼ਿਲਾਸਫ਼ਰ ਸੀ, ਪਰ ਵਿਸ਼ਵ ਕੱਪ ਨਹੀਂ ਜਿੱਤ ਸਕਿਆ

ਤਸਵੀਰ ਸਰੋਤ, SIMON & SCHUSTER PUBLICATION
- ਲੇਖਕ, ਪ੍ਰਦੀਪ ਕੁਮਾਰ
- ਰੋਲ, ਬੀਬੀਸੀ ਪੱਤਰਕਾਰ
ਇਸ ਸਾਲ ਦੇ ਵਿਸ਼ਵ ਕੱਪ ਦਾ ਖਿਤਾਬੀ ਮੁਕਾਬਲਾ ਐਤਵਾਰ ਨੂੰ ਹੋ ਰਿਹਾ ਹੈ। ਇਸ ਵਾਰ ਇਹ ਮੁਕਾਬਲਾ ਫ਼ਰਾਂਸ ਅਤੇ ਅਰਜਨਟੀਨਾ ਦੀਆਂ ਟੀਮਾਂ ਵਿਚਕਾਰ ਹੋ ਰਿਹਾ ਹੈ।
ਇਸ ਮੁਕਾਬਲੇ ’ਤੇ ਦੁਨੀਆਂ ਭਰ ਦੀਆਂ ਨਜ਼ਰਾਂ ਇਸ ਲਈ ਵੀ ਟਿਕੀਆਂ ਹਨ ਕਿਉਂਕਿ ਇਸੀ ਮੁਕਾਬਲੇ ’ਤੇ ਕ੍ਰਿਸ਼ਮਾਈ ਲਿਓਨੇਲ ਮੈਸੀ ਦਾ ਉਹ ਸੁਪਨਾ ਟਿਕਿਆ ਹੋਇਆ ਹੈ ਜੋ ਵਾਰ-ਵਾਰ ਟੁੱਟਦਾ ਰਿਹਾ ਹੈ।
ਅਰਜਨਟੀਨਾ ਦੇ ਮੈਸੀ ਦੇ ਨਾਂ ਫੁੱਟਬਾਲ ਦੀ ਦੁਨੀਆਂ ਦੀਆਂ ਅਣਗਿਣਤ ਉਪਲਬਧੀਆਂ ਹਨ ਸਿਵਾਏ ਵਿਸ਼ਵ ਕੱਪ ਦੇ। 2006 ਤੋਂ ਕਿਸਮਤ ਅਜ਼ਮਾਉਂਦੇ-ਅਜ਼ਮਾਉਂਦੇ ਮੈਸੀ ਪੰਜਵੀਂ ਵਾਰ ਵਿਸ਼ਵ ਕੱਪ ਵਿੱਚ ਹਿੱਸਾ ਲੈ ਰਹੇ ਹਨ।
ਫੁੱਟਬਾਲ ਦੀ ਖੇਡ ਨੂੰ ਲੈ ਕੇ ਜਾਦੂ ਭਰਿਆ ਅਤੇ ਆਕਰਸ਼ਕ ਅਕਸ ਹੋਣ ਦੇ ਬਾਵਜੂਦ ਉਨ੍ਹਾਂ ਦੇ ਕਰੀਅਰ ਦਾ ਇੱਕ ਕੋਨਾ ਖਾਲੀ ਦਿਖਦਾ ਹੈ।
ਇਹ ਕੋਈ ਮੈਸੀ ਨਾਲ ਹੀ ਨਹੀਂ ਹੋ ਰਿਹਾ ਹੈ, ਇਸੀ ਵਿਸ਼ਵ ਕੱਪ ਵਿੱਚ ਅਸੀਂ ਦੇਖਿਆ ਹੈ ਕਿ ਕੁਆਰਟਰ ਫਾਈਨਲ ਵਿੱਚ ਮੋਰੱਕੋ ਦੇ ਸਾਹਮਣੇ ਕਿਸ ਤਰ੍ਹਾਂ ਕ੍ਰਿਸਟਿਆਨੋ ਰੋਨਾਲਡੋ ਦਾ ਸੁਪਨਾ ਟੁੱਟ ਗਿਆ।
ਮੈਸੀ ਨੂੰ ਲਗਭਗ ਬਰਾਬਰੀ ਦੀ ਟੱਕਰ ਦੇਣ ਵਾਲੇ ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ ਦਾ ਵੀ ਸ਼ਾਇਦ ਇਹ ਆਖਰੀ ਵਿਸ਼ਵ ਕੱਪ ਸੀ ਅਤੇ ਵਿਸ਼ਵ ਕੱਪ ਤੋਂ ਬਾਹਰ ਹੋਣ ਦਾ ਦਰਦ ਉਨ੍ਹਾਂ ਦੇ ਹੰਝੂਆਂ ਵਿੱਚ ਸਾਫ਼ ਦਿਖਾਈ ਦਿੱਤਾ।

ਤਸਵੀਰ ਸਰੋਤ, Getty Images
ਰੋਨਾਲਡੋ ਤੋਂ ਇਲਾਵਾ ਕ੍ਰੋਏਸ਼ੀਆ ਦੇ ਲੁਕਾ ਮਾਡਰਿਚ ਅਤੇ ਬ੍ਰਾਜ਼ੀਲ ਦੇ ਨੇਮਾਰ ਨੂੰ ਵੀ ਇਸ ਸੂਚੀ ਵਿੱਚ ਸ਼ਾਮਲ ਕਰ ਸਕਦੇ ਹਾਂ। ਇਹ ਦੋਵੇਂ ਦੁਨੀਆਂ ਦੇ ਸਭ ਤੋਂ ਬਿਹਤਰੀਨ ਖਿਡਾਰੀਆਂ ਵਿੱਚ ਸ਼ਾਮਲ ਹਨ, ਪਰ ਵਿਸ਼ਵ ਕੱਪ ਜਿੱਤਣ ਦਾ ਕਰਿਸ਼ਮਾ ਇਹ ਦੋਵੇਂ ਵੀ ਨਹੀਂ ਕਰ ਸਕੇ ਹਨ।
ਕਤਰ ਵਿਸ਼ਵ ਕੱਪ ਦੇ ਕੁਆਰਟਰ ਫਾਇਨਲ ਵਿੱਚ ਬਿਹਤਰੀਨ ਗੋਲ ਕਰਨ ਤੋਂ ਬਾਅਦ ਵੀ ਕ੍ਰੋਏਸ਼ੀਆ ਦੇ ਹੱਥੋਂ ਬ੍ਰਾਜ਼ੀਲ ਨੂੰ ਹਾਰ ਮਿਲੀ ਅਤੇ ਨੇਮਾਰ ਨੇ ਕਿਹਾ ਕਿ ਇਹ ਹਾਰ ਉਹ ਲੰਬੇ ਸਮੇਂ ਤੱਕ ਨਹੀਂ ਭੁੱਲ ਸਕਣਗੇ।
ਨਾਲ ਹੀ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਹ ਉਨ੍ਹਾਂ ਦਾ ਆਖਰੀ ਵਿਸ਼ਵ ਕੱਪ ਨਹੀਂ ਹੈ।
ਇਹੀ ਹੈ ਵਿਸ਼ਵ ਕੱਪ ਦਾ ਉਹ ਜਾਦੂ ਜੋ ਮਹਾਨ ਖਿਡਾਰੀਆਂ ਨੂੰ ਵੀ ਵਾਰ-ਵਾਰ ਮੈਦਾਨ ਵਿੱਚ ਵਾਪਸ ਲਿਆਉਂਦਾ ਰਿਹਾ ਹੈ ਅਤੇ ਕਈ ਮਹਾਨ ਖਿਡਾਰੀ ਸਭ ਕੁਝ ਝੋਂਕਣ ਦੇ ਬਾਅਦ ਵੀ ਸਭ ਤੋਂ ਅਹਿਮ ਉਪਲਬਧੀ ਹਾਸਲ ਨਹੀਂ ਕਰ ਪਾਉਂਦੇ ਹਨ।
ਜੇਕਰ ਬੀਤੇ ਦਿਨਾਂ ਦੇ ਚੈਂਪੀਅਨ ਖਿਡਾਰੀਆਂ ’ਤੇ ਹੀ ਨਜ਼ਰ ਮਾਰੀਏ ਤਾਂ ਸਾਨੂੰ ਕਈ ਦਿੱਗਜ ਨਜ਼ਰ ਆਉਂਦੇ ਹਨ।
ਇੱਕ ਨਾਂ ਤਾਂ ਉੱਤਰੀ ਆਇਰਲੈਂਡ ਦੇ ਫੁੱਟਬਾਲਰ ਜਾਰਜ ਬੈਸਟ ਦਾ ਹੈ, ਦੂਜਾ ਨੀਦਰਲੈਂਡਜ਼ ਦੇ ਜੋਹਾਨ ਕ੍ਰੋਅਫ਼ ਹੈ।
ਇਨ੍ਹਾਂ ਤੋਂ ਇਲਾਵਾ ਹੰਗਰੀ ਦੇ ਫ੍ਰੇਨੇਕ ਪੁਸਕਾਸ, ਫਰਾਂਸ ਦੇ ਮਾਈਕਲ ਪਲਾਟਿਨੀ ਅਤੇ ਰੂਸ ਦੇ ਗੋਲਕੀਪਰ ਲੇਵ ਯਾਸ਼ਿਨ ਦਾ ਨਾਂ ਵੀ ਸ਼ਾਮਲ ਕਰ ਸਕਦੇ ਹਾਂ।

ਤਸਵੀਰ ਸਰੋਤ, Getty Images
ਪਰ ਅੱਜ ਤੁਹਾਨੂੰ ਅਜਿਹੇ ਖਿਡਾਰੀ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਬਾਰੇ ਕਈ ਸਮੀਖਿਅਕਾਂ ਨੇ ਮੰਨਿਆ ਹੈ ਕਿ ਇਹ ਉਹ ਸਭ ਤੋਂ ਬਿਹਤਰੀਨ ਖਿਡਾਰੀ ਰਹੇ ਹਨ ਜੋ ਵਿਸ਼ਵ ਕੱਪ ਨਹੀਂ ਜਿੱਤ ਸਕੇ।
ਅਰਜਨਟੀਨਾ ਦੀ ਟੀਮ ਜੇਕਰ ਫਰਾਂਸ ਦੇ ਸਾਹਮਣੇ ਨਾਕਾਮ ਰਹੀ ਤਾਂ ਹੋ ਸਕਦਾ ਹੈ ਕਿ ਸਮੀਖਿਅਕਾਂ ਦੀ ਰਾਇ ਬਦਲ ਜਾਵੇ।
1982 ਵਿਸ਼ਵ ਕੱਪ ਵਿੱਚ ਦਿਖਿਆ ਸੀ ਜਲਵਾ
ਇਹ ਕਹਾਣੀ ਹੈ, ਉਸ ਖਿਡਾਰੀ ਦੀ ਜਿਨ੍ਹਾਂ ਬਾਰੇ ਨਾ ਕੇਵਲ ਇਹ ਕਿਹਾ ਜਾਂਦਾ ਹੈ ਕਿ ਉਹ ਅਜਿਹੇ ਬਿਹਤਰੀਨ ਖਿਡਾਰੀ ਰਹੇ ਜੋ ਵਿਸ਼ਵ ਕੱਪ ਨਹੀਂ ਜਿੱਤ ਸਕੇ, ਬਲਕਿ ਉਨ੍ਹਾਂ ਦੀ ਪੂਰੀ ਟੀਮ ਬਾਰੇ ਵੀ ਇਹੀ ਧਾਰਨਾ ਹੈ ਕਿ ਇਹ ਸਭ ਤੋਂ ਬਿਹਤਰੀਨ ਟੀਮ ਸੀ ਜੋ ਵਿਸ਼ਵ ਕੱਪ ਨਹੀਂ ਜਿੱਤ ਸਕੀ।
ਇਹ ਟੀਮ ਸੀ 1982 ਦੇ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਵਾਲੀ ਬ੍ਰਾਜ਼ੀਲ ਦੀ ਟੀਮ ਅਤੇ ਉਸ ਖਿਡਾਰੀ ਦਾ ਨਾਂ ਸੀ ਸੋਕਰੇਟੀਜ਼।
ਉਹ ਕਿਸ ਤਬੀਅਤ ਦੇ ਫੁੱਟਬਾਲਰ ਰਹੇ ਹੋਣਗੇ, ਇਸ ਨੂੰ ਸਮਝਣ ਲਈ ਉਨ੍ਹਾਂ ਦਾ ਜੀਵਨ ਚਰਿੱਤਰ ਦੱਸਣ ਵਾਲੀ ਪੁਸਤਕ ਦਾ ਟਾਈਟਲ ਹੀ ਕਾਫ਼ੀ ਹੋਵੇਗਾ।
ਇਸ ਪੁਸਤਕ ਦਾ ਨਾਂ ਹੈ ‘ਡਾਕਟਰ ਸੋਕਰੇਟੀਜ਼-ਫੁੱਟਬਾਲਰ, ਫਿਲਾਸਫਰ ਅਤੇ ਲੀਜੈਂਡ।’
ਖੇਡ ਦੀ ਦੁਨੀਆਂ ਵਿੱਚ ਸ਼ਾਇਦ ਹੀ ਕੋਈ ਦੂਜਾ ਸਿਤਾਰਾ ਹੋਵੇਗਾ, ਜਿਸ ਬਾਰੇ ਦੱਸਣ ਲਈ ਤੁਹਾਨੂੰ ਇੰਨਾ ਕੁਝ ਕਹਿਣਾ ਪੈ ਰਿਹਾ ਹੈ, ਡਾਕਟਰ ਵੀ, ਫੁੱਟਬਾਲਰ ਵੀ, ਫ਼ਿਲਾਸਫ਼ਰ ਵੀ ਅਤੇ ਲੀਜੈਂਡ ਵੀ, ਪਰ ਸੋਕਰੇਟੀਜ਼ ਦੀ ਇਹੀ ਖਾਸੀਅਤ ਸੀ।

ਤਸਵੀਰ ਸਰੋਤ, Getty Images
ਉਨ੍ਹਾਂ ’ਤੇ ਇਹ ਕਿਤਾਬ ਲਿਖਣ ਵਾਲੇ ਫੁੱਟਬਾਲ ਪੱਤਰਕਾਰ ਐਂਡਰਯੂ ਡੋਅਨੇ ਨੇ ਰਾਇਟਰਜ਼ ਖ਼ਬਰ ਏਜੰਸੀ ਲਈ 17 ਸਾਲ ਬ੍ਰਾਜ਼ੀਲ ਵਿੱਚ ਬਿਤਾ ਕੇ ਇਹ ਪੁਸਤਕ ਲਿਖੀ ਹੈ।
ਇਸ ਪੁਸਤਕ ਦੀ ਪ੍ਰਸਤਾਵਨਾ ਵਿੱਚ ਜੋਹਾਨ ਕ੍ਰੋਅਫ਼ ਨੇ ਲਿਖਿਆ ਹੈ, ‘‘ਸੋਕਰੇਟੀਜ਼ ਗੇਂਦ ਤੋਂ ਜੋ ਚਾਹੁੰਦੇ, ਉਹ ਕਮਾਲ ਦਿਖਾਉਣ ਵਿੱਚ ਸਮਰੱਥ ਸਨ। ਉਹ ਬਹੁਤ ਤੇਜ਼ ਨਹੀਂ ਭੱਜਦੇ ਸਨ, ਉਹ ਦੂਜੇ ਖਿਡਾਰੀਆਂ ਨੂੰ ਜ਼ਿਆਦਾ ਚਕਮਾ ਨਹੀਂ ਦਿੰਦੇ ਸਨ ਅਤੇ ਨਾ ਹੀ ਬਿਹਤਰੀਨ ਹੈਡਰ ਲਗਾਉਂਦੇ ਸਨ, ਪਰ ਉਹ ਜੋ ਚਾਹੁੰਦੇ, ਉਹ ਕਰ ਸਕਦੇ ਸਨ।’’
‘‘ਦਰਅਸਲ, ਉਹ ਉਨ੍ਹਾਂ ਖਿਡਾਰੀਆਂ ਵਿੱਚ ਸ਼ਾਮਲ ਸਨ ਜੋ ਸਭ ਕੁਝ ਥੋੜ੍ਹਾ ਬਹੁਤ ਕਰ ਸਕਦੇ ਸਨ ਅਤੇ ਉਨ੍ਹਾਂ ਦਾ ਥੋੜ੍ਹਾ ਬਹੁਤ ਬੈਸਟ ਜਿੰਨਾ ਸੀ।’’
ਹਾਲਾਂਕਿ, ਸੋਕਰੇਟੀਜ਼ ਦੇ ਪਿਤਾ ਕਾਫ਼ੀ ਪੜ੍ਹਾਕੂ ਸਨ ਅਤੇ ਉਨ੍ਹਾਂ ’ਤੇ ਗਰੀਕ ਦਰਸ਼ਨ ਦਾ ਚੰਗਾ ਖਾਸਾ ਪ੍ਰਭਾਵ ਸੀ ਅਤੇ ਇਸ ਦੀ ਵਜ੍ਹਾ ਨਾਲ ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂ ਰੱਖਿਆ ਸੋਕਰੇਟੀਜ਼।
ਉਨ੍ਹਾਂ ਦੇ ਪਿਤਾ ਨੂੰ ਫੁੱਟਬਾਲ ਨਾਲ ਵੀ ਲਗਾਅ ਸੀ ਤਾਂ ਜਦੋਂ ਸੋਕਰੇਟੀਜ਼ ਛੇ ਸਾਲ ਦੇ ਹੋਏ ਤਾਂ ਪਿਤਾ ਨੇ ਉਨ੍ਹਾਂ ਨੂੰ ਬ੍ਰਾਜ਼ੀਲ ਦੇ ਮਸ਼ਹੂਰ ਕਲੱਬ ਸੈਂਟੋਸ ਦੀ ਟੀ-ਸ਼ਰਟ ਦਿਵਾਈ।
ਸੈਂਟੋਸ ਉਹ ਕਲੱਬ ਸੀ ਜਿੱਥੋਂ ਪੇਲੇ ਨਿਕਲੇ ਸਨ ਅਤੇ ਸੋਕਰੇਟੀਜ਼ ਨੂੰ ਉਨ੍ਹਾਂ ਦੇ ਕਈ ਮੈਚ ਦੇਖਣ ਦਾ ਮੌਕਾ ਮਿਲਿਆ।
ਬਚਪਨ ਵਿੱਚ ਉਨ੍ਹਾਂ ਨੂੰ ਫੁੱਟਬਾਲ ਦੇ ਇਲਾਵਾ ਜੂਡੋ ਅਤੇ ਬਾਕਸਿੰਗ ਵੀ ਪਸੰਦ ਸੀ, ਪਰ ਜਲਦ ਹੀ ਉਨ੍ਹਾਂ ਨੂੰ ਬੋਟਾਫੋਗੋ ਕਲੱਬ ਤੋਂ ਖੇਡਣ ਦਾ ਮੌਕਾ ਮਿਲ ਗਿਆ।
ਇਹੀ ਉਹ ਕਲੱਬ ਸੀ ਜਿੱਥੋਂ ਗਰਿੰਚਾ ਵਰਗੇ ਮਹਾਨ ਖਿਡਾਰੀ ਖੇਡ ਚੁੱਕੇ ਸਨ।

ਤਸਵੀਰ ਸਰੋਤ, Getty Images
ਮੈਡੀਸਨ ਦੀ ਪੜ੍ਹਾਈ ਦੀ ਡਿਗਰੀ
ਜ਼ਾਹਿਰ ਹੈ ਕਿ ਫੁੱਟਬਾਲ ਦੇ ਮੈਦਾਨ ਵਿੱਚ ਕੋਈ ਵੱਡਾ ਕਾਰਨਾਮਾ ਕਰਨ ਤੋਂ ਪਹਿਲਾਂ ਸੋਕਰੇਟੀਜ਼ ਨੇ ਮੈਡੀਸਨ ਦੀ ਪੜ੍ਹਾਈ ਪੂਰੀ ਕੀਤੀ ਸੀ।
ਉਨ੍ਹਾਂ ਨੇ ਸਾਓ ਪਾਓਲੋ ਯੂਨੀਵਰਸਿਟੀ ਦੇ ਮੈਡੀਕਲ ਸਕੂਲ ਤੋਂ ਐੱਮਬੀਬੀਐੱਸ ਦੀ ਡਿਗਰੀ ਹਾਸਲ ਕੀਤੀ ਸੀ।
ਉਨ੍ਹਾਂ ਦੀ ਬਾਇਓਗ੍ਰਾਫੀ ਤੋਂ ਪਤਾ ਚੱਲਦਾ ਹੈ ਕਿ ਪੜ੍ਹਾਈ ਅਤੇ ਖੇਡ ਦਾ ਦਬਾਅ ਸੋਕਰੇਟੀਜ਼ ਲਈ ਮੁਸ਼ਕਿਲਾਂ ਭਰਿਆ ਹੋ ਰਿਹਾ ਸੀ ਅਤੇ ਉਨ੍ਹਾਂ ਨੇ ਪੜ੍ਹਾਈ ਛੱਡ ਦਿੱਤੀ, ਪਰ ਘਰ ਵਿੱਚ ਕਿਸੇ ਨੂੰ ਦੱਸਿਆ ਨਹੀਂ।
ਉਹ ਘਰ ਤੋਂ ਪੜ੍ਹਨ ਲਈ ਨਿਕਲਦੇ, ਪਰ ਸਿਨੇਮਾ ਅਤੇ ਪਬ ਜਾ ਕੇ ਪਰਤ ਆਉਂਦੇ। ਉਨ੍ਹਾਂ ਦੇ ਘਰਦਿਆਂ ਨੂੰ ਇਹ ਸਭ ਉਦੋਂ ਪਤਾ ਲੱਗਿਆ ਜਦੋਂ ਸੋਕਰੇਟੀਜ਼ ਪ੍ਰੀਖਿਆ ਵਿੱਚੋਂ ਫੇਲ੍ਹ ਹੋ ਗਏ।
ਇਸ ਦੇ ਬਾਅਦ ਪੰਜ ਬੱਚਿਆਂ ਦੇ ਪਰਿਵਾਰ ਨੂੰ ਚਲਾਉਣ ਵਾਲੇ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਸਮਝਾਇਆ ਕਿ ਪੜ੍ਹਾਈ ਕਿਉਂ ਜ਼ਰੂਰੀ ਹੈ।
18 ਸਾਲ ਦੀ ਉਮਰ ਵਿੱਚ ਸੋਕਰੇਟੀਜ਼ ਨੇ ਮੈਡੀਸਨ ਦੀ ਪੜ੍ਹਾਈ ਲਈ ਚਾਰ ਯੂਨੀਵਰਸਿਟੀਆਂ ਦੀ ਪ੍ਰੀਖਿਆ ਦਿੱਤੀ ਅਤੇ ਚਾਰਾਂ ਵਿੱਚ ਉਨ੍ਹਾਂ ਦੀ ਚੋਣ ਹੋ ਗਈ।
ਘਰਦਿਆਂ ਦੇ ਕਰੀਬ ਰਹਿਣ ਲਈ ਉਨ੍ਹਾਂ ਨੇ ਸਾਓ ਪਾਓਲੋ ਨੂੰ ਹੀ ਚੁਣਿਆ।

- ਫ਼ਰਾਂਸ ਦੇ ਸਾਬਕਾ ਫੁੱਟਬਾਲ ਖਿਡਾਰੀ ਸੋਕਰੇਟੀਜ਼ ਨੂੰ ਦੁਨੀਆਂ ਦੇ ਮਹਾਨ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ
- ਉਹ 1982 ਤੇ 86 ਵਿਸ਼ਵ ਕੱਪ ਖੇਡਣ ਵਾਲੀ ਟੀਮ ਦਾ ਹਿੱਸਾ ਰਹੇ ਪਰ ਆਪਣੇ ਕਰੀਅਰ ਦੌਰਾਨ ਉਹ ਕਦੇ ਵਿਸ਼ਵ ਕੱਪ ਨਾ ਜਿੱਤ ਸਕੇ
- ਫੁੱਟਬਾਲਰ ਹੋਣ ਦੇ ਨਾਲ-ਨਾਲ ਉਹ ਡਾਕਟਰ ਤੇ ਫ਼ਿਲਾਸਫ਼ਰ ਵੀ ਸਨ ਅਤੇ ਗਰੀਬਾਂ ਦੀ ਮਦਦ ਲਈ ਜਾਣੇ ਜਾਂਦੇ ਸਨ
- ਉਨ੍ਹਾਂ ਦੇ ਛੋਟੇ ਭਰਾ ਨੇ 1994 ਦਾ ਵਿਸ਼ਵ ਕੱਪ ਜਿੱਤ ਕੇ ਸੋਕਰੇਟੀਜ਼ ਦਾ ਸੁਪਨਾ ਪੂਰਾ ਕੀਤਾ
- ਬਹੁਤ ਜ਼ਿਆਦਾ ਸ਼ਰਾਬ ਦੇ ਸੇਵਨ ਦੇ ਚੱਲਦੇ 4 ਦਸੰਬਰ, 2011 ਨੂੰ ਸਿਰਫ਼ 57 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ

ਡਾਕਟਰੀ ਦੀ ਪੜ੍ਹਾਈ ਪੂਰੀ ਕਰਨ ਦੇ ਨਾਲ ਹੀ ਸੋਕਰੇਟੀਜ਼ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਸੀ, ਉਨ੍ਹਾਂ ਨੂੰ ਬ੍ਰਾਜ਼ੀਲ ਦੀ ਫੁੱਟਬਾਲ ਟੀਮ ਨੂੰ ਉਸ ਮੁਕਾਮ ਤੱਕ ਲਿਆਉਣਾ ਸੀ ਜਿੱਥੇ 1970 ਦੀ ਕਾਮਯਾਬੀ ਦੇ ਬਾਅਦ ਟੀਮ ਪਹੁੰਚੀ ਸੀ।
1979 ਵਿੱਚ ਬ੍ਰਾਜ਼ੀਲ ਟੀਮ ਵਿੱਚ ਪਹੁੰਚਣ ਤੋਂ ਬਾਅਦ ਉਨ੍ਹਾਂ ਦੇ ਸਾਹਮਣੇ 1982 ਦਾ ਵਰਲਡ ਕੱਪ ਟੀਚਾ ਸੀ।
ਉਦੋਂ ਤੱਕ ਸੋਕਰੇਟੀਜ਼ ਦੇ ਲੰਬੇ ਵਾਲ ਅਤੇ ਦਾੜ੍ਹੀ, ਲੰਬਾਈ, ਕੱਦ ਕਾਠੀ ਇਹ ਸਭ ਮਿਲ ਕੇ ਉਨ੍ਹਾਂ ਨੂੰ ਕੂਲ ਫੁੱਟਬਾਲਰ ਬਣਾ ਚੁੱਕੇ ਸਨ।
ਪਰ ਸੋਕਰੇਟੀਜ਼ ਨੂੰ ਬ੍ਰਾਜ਼ੀਲ ਵਿੱਚ ਅੱਜ ਵੀ ਫੁੱਟਬਾਲਰ ਤੋਂ ਜ਼ਿਆਦਾ ਫੁੱਟਬਾਲ ਅਤੇ ਸਮਾਜ-ਰਾਜਨੀਤੀ ਦੀ ਸਮਝ ਰੱਖਣ ਵਾਲੇ ਫੁੱਟਬਾਲਰ ਦੇ ਤੌਰ ’ਤੇ ਦੇਖਿਆ ਜਾਂਦਾ ਹੈ।
ਉਨ੍ਹਾਂ ਨੇ ਫੁੱਟਬਾਲ ਬਾਰੇ ਕਿਹਾ ਸੀ, ‘‘ਫੁੱਟਬਾਲ ਤੁਹਾਨੂੰ ਸੱਚ ਨਾਲ ਮਿਲਾਉਂਦਾ ਹੈ। ਕੋਈ ਦੂਜਾ ਪੇਸ਼ਾ ਅਜਿਹਾ ਨਹੀਂ ਕਰ ਸਕਦਾ। ਫੁੱਟਬਾਲ ਇੰਨੀ ਲੋਕਤੰਤਰੀ ਹੈ।’’
‘‘ਮੈਂ ਹਮੇਸ਼ਾ ਅਜਿਹੇ ਖਿਡਾਰੀਆਂ ਨਾਲ ਘਿਰਿਆ ਰਹਿੰਦਾ ਹੈ, ਜਿਨ੍ਹਾਂ ਦੀ ਸਮਾਜਿਕ ਸਥਿਤੀ ਅਤੇ ਸਿੱਖਿਆ ਬਹੁਤ ਅਲੱਗ ਹੈ। ਇਸ ਲਈ ਤੁਹਾਨੂੰ ਸਮਾਜ ਦੀ ਸੱਚਾਈ ਨਜ਼ਦੀਕ ਤੋਂ ਦੇਖਣ ਦਾ ਮੌਕਾ ਮਿਲਦਾ ਹੈ।’’
ਟੀਮ ਦੇ ਕਾਲੇ ਅਤੇ ਗਰੀਬ ਖਿਡਾਰੀਆਂ ਨੂੰ ਦੇਖ ਕੇ ਉਨ੍ਹਾਂ ਦੇ ਲੋਕਤੰਤਰੀ ਮਨ ਵਿੱਚ ਖਿਡਾਰੀਆਂ ਨੂੰ ਕਲੱਬ ਤੋਂ ਮੁਕਤ ਕਰਾਉਣ ਜਾਂ ਫਿਰ ਬਿਹਤਰ ਪੈਸੇ ਦਿਵਾਉਣ ਦਾ ਅੰਦੋਲਨ ਖਿਆਲ ਵਿੱਚ ਆਇਆ ਸੀ।
ਉਨ੍ਹਾਂ ਦਾ ਮੰਨਣਾ ਸੀ ਕਿ ਕਲੱਬ ਦੇ ਨਾਲ ਇਕਰਾਰਨਾਮਾ ਖਿਡਾਰੀਆਂ ਤੋਂ ਜ਼ਿਆਦਾ ਕਲੱਬ ਦੇ ਫਾਇਦੇ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਜਾਂਦਾ ਹੈ, ਅਜਿਹੇ ਵਿੱਚ ਖਿਡਾਰੀਆਂ ਦੇ ਕੋਲ ਮੋਲ ਭਾਅ ਕਰਨ ਲਈ ਕੁਝ ਨਹੀਂ ਹੁੰਦਾ ਹੈ।
ਇਹੀ ਵਜ੍ਹਾ ਹੈ ਕਿ ਉਨ੍ਹਾਂ ਨੂੰ ਇੰਟਲੈਕਚੂਅਲ ਫੁੱਟਬਾਲਰ ਦੇ ਤੌਰ ’ਤੇ ਦੇਖਿਆ ਜਾਂਦਾ ਹੈ।
ਇਹ ਇੰਟਲੈਕਟ ਇਸ ਤਰ੍ਹਾਂ ਦਾ ਸੀ ਕਿ ਆਮ ਤੌਰ ’ਤੇ ਗੋਲ ਕਰਨ ਦੇ ਬਾਅਦ ਉਹ ਟੀਮ ਦੇ ਖਿਡਾਰੀਆਂ ਨਾਲ ਜਸ਼ਨ ਵੀ ਨਹੀਂ ਮਨਾਉਂਦੇ ਸਨ।
ਬ੍ਰਾਜ਼ੀਲ ਦੀ ਨੈਸ਼ਨਲ ਟੀਮ ਵਿੱਚ ਦਸਤਕ ਦੇਣ ਤੋਂ ਪਹਿਲਾਂ ਸੋਕਰੇਟੀਜ਼ ਬ੍ਰਾਜ਼ੀਲ ਦੇ ਕਲੱਬ ਕੋਰਾਂਥਿਯੰਸ ਦੇ ਸਟਾਰ ਬਣ ਚੁੱਕੇ ਸਨ।
ਦਰਅਸਲ ਇਹ ਕਲੱਬ ਬ੍ਰਾਜ਼ੀਲ ਦੇ ਮਜ਼ਦੂਰ ਕਲਾਸ ਦੇ ਲੋਕਾਂ ਦਾ ਕਲੱਬ ਸੀ ਅਤੇ ਇੱਥੇ ਉਨ੍ਹਾਂ ਨੇ ਖਿਡਾਰੀਆਂ ਦੇ ਹੀ ਕਲੱਬ ਦੇ ਕਾਮਿਆਂ ਦੇ ਹਿੱਤਾਂ ਦੀ ਲੜਾਈ ਵੀ ਲੜੀ।
ਇਸ ਨੂੰ ਕੋਰਾਂਥਿਯੰਸ ਡੈਮੋਕਰੇਸੀ ਦੇ ਨਾਂ ਨਾਲ ਮਸ਼ਹੂਰੀ ਮਿਲੀ ਅਤੇ ਕਲੱਬ ਦੇ ਅੰਦਰ ਪੈਸਿਆਂ ਦਾ ਭ੍ਰਿਸ਼ਟਾਚਾਰ ਕਾਫ਼ੀ ਹੱਦ ਤੱਕ ਘੱਟ ਹੋ ਗਿਆ। ਇਸ ਲੜਾਈ ਨੇ ਸੋਕਰੇਟੀਜ਼ ਨੂੰ ਹੀਰੋ ਬਣਾ ਦਿੱਤਾ ਸੀ।
ਨਾਲ ਹੀ ਖੇਡ ਦੇ ਮੈਦਾਨ ਵਿੱਚ ਉਨ੍ਹਾਂ ਨੂੰ ਮੁਕਾਬਲਤਨ ਹੌਲੀ ਰਫ਼ਤਾਰ ਵਾਲਾ ਖਿਡਾਰੀ ਮੰਨਿਆ ਜਾਂਦਾ ਸੀ, ਪਰ ਤਕਨੀਕੀ ਤੌਰ ’ਤੇ ਉਹ ਖੇਡ ਪਹਿਲਾਂ ਹੀ ਜਾਣ ਲੈਂਦੇ ਸਨ।
ਇਸ ਲਈ ਉਨ੍ਹਾਂ ਦੇ ਸਾਰੇ ਸ਼ਾਟਸ ਕਾਰਗਰ ਸਾਬਤ ਹੁੰਦੇ ਸਨ। ਉਨ੍ਹਾਂ ਦੇ ਪਾਸ ਸਟੀਕ ਹੁੰਦੇ ਸਨ ਅਤੇ ਗੋਲ ਹੋਰ ਵੀ ਸਟੀਕ।


1982 ਵਿਸ਼ਵ ਕੱਪ ਵਿੱਚ ਇਟਲੀ ਤੋਂ ਮਿਲੀ ਹਾਰ
ਬਾਵਜੂਦ ਇਨ੍ਹਾਂ ਸਭ ਦੇ ਬਤੌਰ ਕਪਤਾਨ ਉਹ ਆਪਣੀ ਟੀਮ ਨੂੰ 1982 ਵਿੱਚ ਅਜਿਹੀ ਸਥਿਤੀ ਵਿੱਚ ਲੈ ਆਏ ਸਨ, ਜਿਸ ਨੂੰ ਟੂਰਨਾਮੈਂਟ ਵਿੱਚ ਸਭ ਤੋਂ ਪਸੰਦੀਦਾ ਟੀਮ ਮੰਨਿਆ ਜਾ ਰਿਹਾ ਸੀ।
ਇਸ ਟੂਰਨਾਮੈਂਟ ਵਿੱਚ ਉਹ ਟੀਮ ਦੇ ਕਪਤਾਨ ਸਨ ਅਤੇ ਸੈਂਟਰ ਮਿਡਫੀਲਡਰ ਦੀ ਭੂਮਿਕਾ ਨਿਭਾ ਰਹੇ ਸਨ। ਉਨ੍ਹਾਂ ਨਾਲ ਜ਼ੀਕੋ, ਕ੍ਰੇਜੋ, ਇਡਰ ਅਤੇ ਫਲਕਾਓ ਵਰਗੇ ਮਿਡਫੀਲਡਰ ਮੌਜੂਦ ਸਨ।
ਇਨ੍ਹਾਂ ਦੀ ਕਮਾਨ ਸੋਕਰੇਟੀਜ਼ ਦੇ ਹੱਥ ਵਿੱਚ ਸੀ ਜੋ ਕਿਸੇ ਵੀ ਰੱਖਿਆ ਕਤਾਰ ਨੂੰ ਪਾਰ ਕਰਨ ਦੀ ਸਮਰੱਥਾ ਰੱਖਦੇ ਸਨ।
ਟੂਰਨਾਮੈਂਟ ਤੋਂ ਪਹਿਲਾਂ ਉਨ੍ਹਾਂ ਤੋਂ ਪ੍ਰੈੱਸ ਕਾਨਫਰੰਸ ਵਿੱਚ ਪੁੱਛਿਆ ਗਿਆ ਕਿ ਡੱਚ ਦੀ ਟੀਮ ਨੇ ਟੋਟਲ ਫੁੱਟਬਾਲ ਨੂੰ ਇਜ਼ਾਦ ਕੀਤਾ ਹੈ ਅਤੇ ਪੇਲੇ ਦੀ ਟੀਮ ਮਾਰਸ਼ਲ ਆਰਟ ਦੀ ਸ਼ੈਲੀ ਗਿੰਗਾ ਵਿੱਚ ਖੇਡਦੀ ਰਹੀ, ਤੁਹਾਡੀ ਟੀਮ ਕਿਵੇਂ ਖੇਡੇਗੀ।
ਤਾਂ ਉਨ੍ਹਾਂ ਨੇ ਕੁਝ ਪਲ ਰੁਕਦੇ ਹੋਏ ਜਵਾਬ ਦਿੱਤਾ, ‘‘ਆਰਗੇਨਾਈਜ਼ਡ ਕੇਓਸ।’’
ਪਰ ਰੂਸ ਦੇ ਖਿਲਾਫ਼ ਪਹਿਲੇ ਮੈਚ ਵਿੱਚ ਬ੍ਰਾਜ਼ੀਲ ਦੀ ਟੀਮ ਪਿਛੜ ਗਈ ਸੀ। 75 ਮਿੰਟ ਦੀ ਖੇਡ ਦੇ ਬਾਅਦ ਟੀਮ ਇੱਕ ਗੋਲ ਨਾਲ ਪਿੱਛੇ ਚੱਲ ਰਹੀ ਸੀ, ਉਦੋਂ ਗੇਂਦ ਗੋਲਪੋਸਟ ਤੋਂ 40 ਗਜ ਦੂਰ ਸੋਕਰੇਟੀਜ਼ ਨੂੰ ਮਿਲੀ।
ਉਨ੍ਹਾਂ ਨੇ ਪਲਕ ਝਪਕਦੇ ਹੀ ਦੋ ਡਿਫੈਂਡਰਾਂ ਨੂੰ ਚਕਮਾ ਦਿੰਦੇ ਹੋਏ ਧਮਾਕੇਦਾਰ ਸ਼ਾਟ ਲਾਇਆ ਜੋ ਗੋਲਪੋਸਟ ਦੇ ਖੱਬੇ ਪਾਸੇ ਜਾ ਸਮਾਇਆ।
ਇਸ ਦੇ ਬਾਅਦ ਇਡਰ ਦੇ ਗੋਲ ਨਾਲ ਟੀਮ ਨੂੰ ਜਿੱਤ ਮਿਲੀ। ਆਪਣੇ ਗੋਲ ਬਾਰੇ ਸੋਕਰੇਟੀਜ਼ ਨੇ ਬਾਅਦ ਵਿੱਚ ਕਿਹਾ, ‘‘ਨਾਟ ਏ ਗੋਲ, ਐਂਡਲੈਸ ਆਰਗੇਜ਼ਮ।’’
ਪਰ ਇਹੀ ਟੀਮ ਇਟਲੀ ਦੇ ਖਿਲਾਫ਼ ਐਨ ਮੌਕੇ ’ਤੇ ਪਿਛੜ ਗਈ। ਇਸ ਮੈਚ ਵਿੱਚ ਵੀ ਸੋਕਰੇਟੀਜ਼ ਨੇ ਗੋਲ ਕਰਕੇ ਟੀਮ ਨੂੰ ਅੱਗੇ ਰੱਖਿਆ। ਪਰ 2-2 ਦੀ ਬਰਾਬਰੀ ਦੇ ਬਾਅਦ ਇਟਲੀ ਦੇ ਪਾਓਲੀ ਰੋਸੀ ਦੇ ਆਖਰੀ ਅਤੇ ਹੈਟ੍ਰਿਕ ਵਾਲੇ ਗੋਲ ਨਾਲ ਬ੍ਰਾਜ਼ੀਲ ਟੂਰਨਾਮੈਂਟ ਤੋਂ ਬਾਹਰ ਹੋ ਗਿਆ।
ਬ੍ਰਾਜ਼ੀਲ ਇਹ ਮੁਕਾਬਲਾ 2-3 ਦੇ ਅੰਤਰ ਨਾਲ ਹਾਰ ਗਿਆ ਸੀ ਅਤੇ ਸੈਮੀਫਾਈਨਲ ਵਿੱਚ ਜਗ੍ਹਾ ਨਹੀਂ ਬਣਾ ਸਕਿਆ ਸੀ।

ਤਸਵੀਰ ਸਰੋਤ, Getty Images
5 ਜੁਲਾਈ, 1982 ਨੂੰ ਜਦੋਂ ਬ੍ਰਾਜ਼ੀਲ ਦੀ ਟੀਮ ਹਾਰੀ ਤਾਂ ਉਸ ਦਿਨ ਮੈਦਾਨ ਵਿੱਚ ਹਰ ਦਰਸ਼ਕ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਰਹੇ ਸਨ।
ਪਰ ਸੋਕਰੇਟੀਜ਼ ਨੇ ਇਸ ਮੈਚ ਦੇ ਬਾਅਦ ਟੀਮ ਦੇ ਖਿਡਾਰੀਆਂ ਨੂੰ ਕਿਹਾ ਸੀ, ‘‘ਦੋਸਤੋ, ਅਸੀਂ ਮੈਚ ਹਾਰ ਗਏ ਹਾਂ, ਪਰ ਸਾਡੇ ਕੋਲ ਜੋ ਹੈ, ਉਸ ਨੂੰ ਨਹੀਂ ਖੋਣਾ ਹੈ। ਸਾਡੀ ਟੀਮ ਦੇ ਖਿਡਾਰੀਆਂ ਦੀ ਅਦੁੱਤੀ ਏਕਤਾ ਅਤੇ ਭਾਈਚਾਰਾ ਜੀਵਨ ਭਰ ਰਹੇਗਾ। ਇਹ ਗੱਲ ਮਾਅਨੇ ਰੱਖਦੀ ਹੈ।’’
ਹਾਲਾਂਕਿ ਇਹ ਸਭ ਕਹਿੰਦੇ-ਕਹਿੰਦੇ ਸੋਕਰੇਟੀਜ਼ ਖੁਦ ਹੀ ਰੋਣ ਲੱਗੇ ਸਨ।
ਇਸ ਟੀਮ ਦੀ ਤਾਕਤ ਅਤੇ ਵਿਸ਼ਵ ਕੱਪ ਨਾ ਜਿੱਤਣ ਦੇ ਦੁੱਖ ’ਤੇ ਪੇਲੇ ਨੇ ਆਪਣੀ ਆਟੋਬਾਇਓਗ੍ਰਾਫੀ ਵਿੱਚ ਲਿਖਿਆ ਹੈ, ‘‘ਸੋਕਰੇਟੀਜ਼ ਬਿਹਤਰੀਨ ਮਿਡਫੀਲਡਰ ਸਨ ਅਤੇ ਉਨ੍ਹਾਂ ਦੀ ਟੀਮ ਵੀ ਕਮਾਲ ਦੀ ਸੀ। ਇਹੀ ਟੀਮ ਦੀ ਤਾਕਤ ਸੀ ਅਤੇ ਇਹੀ ਕਮਜ਼ੋਰੀ ਵੀ, ਟੀਮ ਕੋਲ ਸਟਰਾਈਕਿੰਗ ਫੋਰਵਰਡਜ਼ ਨਹੀਂ ਸਨ।’’
ਸੋਕਰੇਟੀਜ਼ ਦੀ ਬਾਇਓਗ੍ਰਾਫੀ ਵਿੱਚ ਦੱਸਿਆ ਗਿਆ ਹੈ ਕਿ ਉਹ ਹਾਰ ਦੇ ਬਾਅਦ ਟੀਮ ਦੇ ਸਾਥੀ ਖਿਡਾਰੀਆਂ ਨਾਲ ਪਬ ਵਿੱਚ ਡ੍ਰਿੰਕ ਕਰਨ ਚਲੇ ਗਏ ਅਤੇ ਸਵੇਰੇ ਪੰਜ ਵਜੇ ਤੱਕ ਪੀਂਦੇ ਰਹੇ।
ਪਰ ਅਗਲੀ ਸਵੇਰ ਉਨ੍ਹਾਂ ਨੇ ਕਿਹਾ, ‘‘ਇਸ ਹਾਰ ਨੂੰ ਸਮਝਣਾ ਮੁਸ਼ਕਿਲ ਹੈ, ਕਿਉਂਕਿ ਅਸੀਂ ਲੋਕਾਂ ਨੇ ਕੋਈ ਗਲਤੀ ਨਹੀਂ ਕੀਤੀ ਸੀ। ਮੇਰੇ ਖਿਆਲ ਵਿੱਚ ਕਿਧਰੇ ਕੋਈ ਗਲਤੀ ਨਹੀਂ ਹੋਈ।’’
‘‘ਸਾਨੂੰ ਹਾਰ ਲਈ ਤਿਆਰ ਰਹਿਣਾ ਚਾਹੀਦਾ ਹੈ। ਖਾਸ ਕਰ ਫੁੱਟਬਾਲ ਦੀ ਖੇਡ ਵਿੱਚ। ਪਰ ਇਹ ਕਿਸੇ ਆਪਣੇ ਦੀ ਮੌਤ ਵਰਗਾ ਹੀ ਹੁੰਦਾ ਹੈ। ਤੁਹਾਨੂੰ ਪਤਾ ਹੈ ਕਿ ਉਹ ਚਲੇ ਜਾਣਗੇ, ਪਰ ਫਿਰ ਵੀ ਦੁੱਖ ਘੱਟ ਨਹੀਂ ਹੁੰਦਾ ਹੈ।’’
ਇਸ ਹਾਰ ਨੇ ਥਿੰਕਰ ਸੋਕਰੇਟੀਜ਼ ’ਤੇ ਅਜਿਹਾ ਪ੍ਰਭਾਵ ਪਾਇਆ ਕਿ ਉਹ ਵੀ ਇਸ ਦੁੱਖ ਤੋਂ ਕਦੇ ਬਾਹਰ ਨਹੀਂ ਆਏ। ਹਾਲਾਂਕਿ, ਉਹ ਖੇਡ ਦੇ ਮੈਦਾਨ ’ਤੇ ਸਰਗਰਮ ਰਹੇ, ਪਰ ਖੇਡ ਦੇ ਪ੍ਰਤੀ ਉਨ੍ਹਾਂ ਦੀ ਇਹ ਸਮਰਪਣ ਦੀ ਭਾਵਨਾ ਦੁਬਾਰਾ ਉਸ ਤਰ੍ਹਾਂ ਨਹੀਂ ਦਿਖੀ।
ਇੱਧਰ ਇਸ ਹਾਰ ਦਾ ਅਸਰ ਬ੍ਰਾਜ਼ੀਲ ਵਿੱਚ ਵੀ ਹੋਇਆ ਅਤੇ ਸਮਾਜ ਦੇ ਪੈਸੇ ਵਾਲੇ ਤਬਕੇ ਨੂੰ ਲੱਗਿਆ ਕਿ ਕੋਰਾਂਥਿਯੰਸ ਡੈਮੇਕ੍ਰੇਸੀ ਦਾ ਅੰਦੋਲਨ ਬੰਦ ਹੋ ਜਾਵੇਗਾ, ਪਰ ਬ੍ਰਾਜ਼ੀਲ ਦੇ ਘਰੇਲੂ ਟੂਰਨਾਮੈਂਟ ਵਿੱਚ ਸੋਕਰੇਟੀਜ਼ ਨੇ ਆਪਣੀ ਟੀਮ ਨੂੰ ਸਾਲ ਦਰ ਸਾਲ ਚੈਂਪੀਅਨ ਬਣਾ ਕੇ ਇਸ ਅੰਦੋਲਨ ਨੂੰ ਜੀਵਤ ਰੱਖਿਆ।

ਤਸਵੀਰ ਸਰੋਤ, SIMON & SCHUSTER PUBLICATION
ਲੋਕਤੰਤਰੀ ਕਦਰਾਂ ਕੀਮਤਾਂ ’ਤੇ ਭਰੋਸਾ
ਅਜਿਹਾ ਨਹੀਂ ਸੀ ਕਿ ਸੋਕਰੇਟੀਜ਼ ਦਾ ਖੇਡ ਜੀਵਨ ਇਸ ਦੇ ਬਾਅਦ ਖਤਮ ਹੋ ਗਿਆ। ਉਹ 1986 ਦੇ ਵਿਸ਼ਵ ਕੱਪ ਵਿੱਚ ਵੀ ਖੇਡੇ।
1986 ਵਿੱਚ ਮੈਕਸੀਕੋ ਵਿੱਚ ਖੇਡੇ ਗਏ ਵਿਸ਼ਵ ਕੱਪ ਵਿੱਚ ਵੀ ਉਹ ਟੀਮ ਵਿੱਚ ਸ਼ਾਮਲ ਕੀਤੇ ਗਏ, ਹਾਲਾਂਕਿ ਸੱਟ ਦੀ ਵਜ੍ਹਾ ਨਾਲ ਉਹ ਕਪਤਾਨ ਨਹੀਂ ਚੁਣੇ ਗਏ।
ਸਪੇਨ ਦੇ ਖਿਲਾਫ਼ ਪਹਿਲੇ ਮੈਚ ਵਿੱਚ ਪੈਨਲਟੀ ’ਤੇ ਗੋਲ ਵੀ ਕੀਤਾ, ਪਰ ਕੁਆਰਟਰ ਫਾਈਨਲ ਵਿੱਚ ਪੈਨਲਟੀ ਸ਼ੂਟ ਆਊਟ ਵਿੱਚ ਉਹ ਰਹਿ ਗਏ ਅਤੇ ਉਨ੍ਹਾਂ ਦੀ ਟੀਮ ਫਰਾਂਸ ਦੇ ਸਾਹਮਣੇ ਆਪਣਾ ਮੁਕਾਬਲਾ ਹਾਰ ਗਈ। ਇਹ ਉਨ੍ਹਾਂ ਦਾ ਆਖਰੀ ਮੈਚ ਸਾਬਤ ਹੋਇਆ।
ਪਰ ਸੋਕਰੇਟੀਜ਼ ਆਪਣੀ ਬਿੰਦਾਸ ਜੀਵਨਸ਼ੈਲੀ, ਸਿਗਰਟ ਅਤੇ ਸ਼ਰਾਣ ਪੀਣ ਦੀ ਆਦਤ ਦੇ ਬਾਵਜੂਦ ਫੁੱਟਬਾਲ ਦੀ ਦੁਨੀਆਂ ਵਿੱਚ ਚਰਚਾ ਵਿੱਚ ਰਹੇ।
ਉਨ੍ਹਾਂ ਦੇ ਲੋਕਤੰਤਰੀ ਵਿਚਾਰਾਂ ਨੇ ਉਨ੍ਹਾਂ ਨੂੰ ਫ਼ਿਲਾਸਫ਼ਰ ਅਤੇ ਲੀਜੈਂਡ ਦਾ ਦਰਜਾ ਦਿਵਾਇਆ।
ਉਹ ਹਮੇਸ਼ਾ ਗਰੀਬਾਂ ਦੀ ਮਦਦ ਲਈ ਜਾਣੇ ਗਏ ਅਤੇ ਬ੍ਰਾਜ਼ੀਲ ਫੁੱਟਬਾਲਰ ਹੋਣ ਦੇ ਬਾਅਦ ਵੀ ਉਨ੍ਹਾਂ ਦੇ ਹੀਰੋ ਪੇਲੇ, ਗਰਿੰਚਾ ਵਰਗੇ ਦਿੱਗਜ ਨਹੀਂ ਸਨ।
ਉਹ ਕਹਿੰਦੇ ਸਨ ਕਿ ਉਨ੍ਹਾਂ ਦੇ ਹੀਰੋ ਫਿਡੇਲ ਕਾਸਤਰੋ ਅਤੇ ਚੇ ਗਵੇਰਾ ਰਹੇ। ਇਸ ਦੇ ਇਲਾਵਾ ਬੀਟਲ ਗਰੁੱਪ ਦੇ ਐਂਟੀ ਵਾਰ ਪ੍ਰੋਟੈਸਟਰ ਜਾਨ ਲੇਨਨ ਦਾ ਉਨ੍ਹਾਂ ’ਤੇ ਅਸਰ ਰਿਹਾ।
ਫਿਡੇਲ ਕਾਸਤਰੋ ਦਾ ਉਨ੍ਹਾਂ ’ਤੇ ਅਜਿਹਾ ਅਸਰ ਰਿਹਾ ਕਿ ਉਨ੍ਹਾਂ ਨੇ ਆਪਣੇ ਇੱਕ ਬੇਟੇ ਦਾ ਨਾਂ ਫਿਡੇਲ ਰੱਖਿਆ ਸੀ। ਜਦੋਂ ਉਹ ਆਪਣੇ ਬੱਚੇ ਦਾ ਇਹ ਨਾਮ ਰੱਖ ਰਹੇ ਸਨ ਤਾਂ ਉਨ੍ਹਾਂ ਦੀ ਮਾਂ ਨੇ ਕਿਹਾ, ‘‘ਬੱਚੇ ਲਈ ਤੂੰ ਇਹ ਇੱਕ ਮੁਸ਼ਕਿਲ ਸ਼ਖ਼ਸੀਅਤ ਦਾ ਨਾਂ ਚੁਣ ਲਿਆ ਹੈ।’’
ਉਦੋਂ ਉਨ੍ਹਾਂ ਨੇ ਆਪਣੀ ਮਾਂ ਨੂੰ ਕਿਹਾ ਸੀ, ‘‘ਦੇਖੋ, ਤੁਸੀਂ ਮੇਰੇ ਨਾਲ ਕੀ ਕੀਤਾ।’’
ਉਹ ਆਪਣੀ ਮਾਂ ਨੂੰ ਗਰੀਕ ਫ਼ਿਲਾਸਫ਼ਰ ਸੋਕਰੇਟੀਜ਼ ਦੀ ਯਾਦ ਦਿਵਾ ਰਹੇ ਸਨ।
ਹਾਲਾਂਕਿ, ਉਨ੍ਹਾਂ ਦਾ ਨਿੱਜੀ ਜੀਵਨ ਉਥਲ-ਪੁਥਲ ਨਾਲ ਭਰਿਆ ਰਿਹਾ। ਚਾਰ ਵਿਆਹਾਂ ਵਿੱਚੋਂ ਉਨ੍ਹਾਂ ਦੇ ਪੰਜ ਬੱਚੇ ਹੋਏ।
ਇਨ੍ਹਾਂ ਸਭ ਦੇ ਵਿਚਕਾਰ ਉਹ ਨਾ ਕੇਵਲ ਰਾਜਨੀਤੀ ਅਤੇ ਅਰਥਨੀਤੀ ’ਤੇ ਅਖ਼ਬਾਰਾਂ ਅਤੇ ਮੈਗਜ਼ੀਨਾਂ ਲਈ ਲਗਾਤਾਰ ਲਿਖਦੇ ਰਹੇ ਬਲਕਿ ਦੁਨੀਆਂ ਭਰ ਦੇ ਫੁੱਟਬਾਲ ਪ੍ਰੇਮੀਆਂ ਦਾ ਪਿਆਰ ਵੀ ਉਨ੍ਹਾਂ ਨੂੰ ਮਿਲਦਾ ਰਿਹਾ।
ਬਹੁਤ ਜ਼ਿਆਦਾ ਸ਼ਰਾਬ ਦੇ ਸੇਵਨ ਦੇ ਚੱਲਦਿਆਂ 4 ਦਸੰਬਰ, 2011 ਨੂੰ ਸਿਰਫ਼ 57 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਉਂਝ ਦਿਲਚਸਪ ਗੱਲ ਇਹ ਹੈ ਕਿ ਸੋਕਰੇਟੀਜ਼ ਖੁਦ ਤਾਂ ਬ੍ਰਾਜ਼ੀਲ ਨੂੰ ਵਿਸ਼ਵ ਕੱਪ ਨਹੀਂ ਦਿਵਾ ਸਕੇ, ਪਰ ਉਨ੍ਹਾਂ ਦੇ ਛੋਟੇ ਭਰਾ ਰਾਇ ਦੀ ਕਪਤਾਨੀ ਵਿੱਚ ਬ੍ਰਾਜ਼ੀਲ ਨੇ 1970 ਦੇ 24 ਸਾਲ ਬਾਅਦ 1994 ਦਾ ਵਿਸ਼ਵ ਕੱਪ ਜਿੱਤਿਆ ਸੀ।
ਜੋ ਸੁਪਨਾ ਸੋਕਰੇਟੀਜ਼ ਨੇ ਦੇਖਿਆ ਸੀ, ਉਸ ਨੂੰ ਛੋਟੇ ਭਰਾ ਨੇ ਉਨ੍ਹਾਂ ਦੇ ਸਾਹਮਣੇ ਹੀ ਪੂਰਾ ਕਰਕੇ ਦਿਖਾਇਆ ਸੀ।













