You’re viewing a text-only version of this website that uses less data. View the main version of the website including all images and videos.
ਪੇਸ਼ਾਵਰ :'ਗੁਰਦੁਆਰੇ 'ਚ ਜ਼ਬਰੀ ਦਾਖ਼ਲ ਹੋ ਕੇ ਕੀਰਤਨ ਬੰਦ ਕਰਵਾਉਣ ਦੀ ਕੋਸ਼ਿਸ਼, ਐਫ਼ਆਈਆਰ ਵੀ ਨਹੀਂ ਹੋਈ ਦਰਜ'
- ਲੇਖਕ, ਅਜ਼ੀਜ਼ਉੱਲਾ ਖ਼ਾਨ
- ਰੋਲ, ਬੀਬੀਸੀ ਪੱਤਰਕਾਰ
ਪਾਕਿਸਤਾਨ ਦੇ ਪੇਸ਼ਵਾਰ ਵਿੱਚ ਸਿੱਖਾਂ ਤੇ ਹੋਰ ਘੱਟ ਗਿਣਤੀ ਭਾਈਚਾਰਿਆਂ ਉੱਤੇ ਹਮਲਿਆਂ ਦਰਮਿਆਨ ਇੱਕ ਬੇਅਦਬੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਸ ਬਾਬਤ ਇੱਕ ਵੀਡੀਓ ਸਾਂਝਾ ਕੀਤਾ ਹੈ।
ਇਹ ਵੀਡੀਓ ਵਿੱਚ ਦਿਖ ਰਿਹਾ ਹੈ ਕਿ ਗੁਰਦੁਆਰੇ ਨਾਲ ਸਬੰਧਤ ਰਾਗੀ ਅਤੇ ਕਈ ਹੋਰ ਲੋਕ ਪੁਲਿਸ ਥਾਣੇ ਵਿੱਚ ਬੈਠੇ ਹੋਏ ਹਨ, ਇਨ੍ਹਾਂ ਵਿਚੋਂ ਇੱਕ ਰਾਗੀ ਅਜੇ ਸਿੰਘ ਵੀਡੀਓ ਵਿੱਚ ਇਲਜ਼ਾਮ ਲਾ ਰਹੇ ਹਨ ਕਿ ਜਦੋਂ ਕੀਰਤਨ ਚੱਲ ਰਿਹਾ ਸੀ ਤਾਂ ਕੁਝ ਕੱਟੜਪੰਥੀ ਗੁਰਦੁਆਰੇ ਦੇ ਅੰਦਰ ਦਾਖਲ ਹੋ ਗਏ, ਉਨ੍ਹਾਂ ਜ਼ਬਰੀ ਕੀਰਤਨ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ।
ਅਜੇ ਸਿੰਘ ਮੁਤਾਬਕ, ‘‘ਸਿੱਖ ਸੰਗਤਾਂ ਨੇ ਇਨ੍ਹਾਂ ਨੂੰ ਫੜ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ, ਪਰ ਸਿੱਖ ਸੰਗਤਾਂ ਦੇ ਥਾਣੇ ਪਹੁੰਚਣ ਤੋਂ ਪਹਿਲਾਂ ਹੀ ਇਨ੍ਹਾਂ ਲੋਕਾਂ ਨੂੰ ਰਿਹਾਅ ਕਰ ਦਿੱਤਾ ਗਿਆ।’’
ਰਾਗੀ ਅਜੇ ਸਿੰਘ ਦਾ ਦਾਅਵਾ ਹੈ, ‘‘ਸੱਖਰ ਦਾ ਇਹ ਗੁਰਦੁਆਰਾ 100 ਸਾਲ ਤੋਂ ਵੱਧ ਪੁਰਾਣਾ ਹੈ ਅਤੇ ਇੱਥੇ ਪੁਰਾਣੇ ਸਮੇਂ ਤੋਂ ਹੀ ਕੀਰਤਨ ਹੁੰਦੇ ਆਏ ਹਨ, ਪਹਿਲਾਂ ਕਦੇ ਕੋਈ ਸਮੱਸਿਆ ਨਹੀਂ ਹੋਈ। ਪਰ ਹੁਣ ਕਿਹਾ ਗਿਆ ਕਿ ਈਦ ਦੇ ਦਿਨ ਕੋਈ ਹੋਰ ਧਾਰਮਿਕ ਸਮਾਗਮ ਨਹੀਂ ਹੋ ਸਕਦਾ।’’
ਅਜੇ ਸਿੰਘ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਦੀ ਐੱਫ਼ਆਈਆਰ ਵੀ ਦਰਜ ਨਹੀਂ ਕੀਤੀ ਜਾ ਰਹੀ ਤੇ ਗ੍ਰਿਫ਼ਤਾਰ ਬੰਦੇ ਵੀ ਰਿਹਾਅ ਕਰ ਦਿੱਤੇ ਗਏ।
ਮਨਜਿੰਦਰ ਸਿੰਘ ਸਿਰਸਾ ਨੇ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਪੇਸ਼ਾਵਰ ਦੇ ਸਿੱਖਾਂ ਦੀ ਜਾਨ-ਮਾਲ ਦੀ ਰਾਖੀ ਦੀ ਅਪੀਲ ਕੀਤੀ ਹੈ।
ਸਿੱਖਾਂ ਉੱਤੇ ਜਾਨ ਲੇਵਾ ਹਮਲੇ
ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ 'ਚ ਬੀਤੇ ਹਫ਼ਤੇ 'ਚ ਵੱਖ-ਵੱਖ ਥਾਵਾਂ 'ਤੇ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਤਿੰਨ ਲੋਕਾਂ 'ਤੇ ਹਮਲੇ ਹੋਏ ਹਨ।
ਜਿਸ 'ਚ ਇੱਕ ਦੀ ਮੌਤ ਹੋ ਗਈ ਹੈ ਅਤੇ ਦੋ ਜ਼ਖਮੀ ਹੋ ਗਏ ਹਨ। ਇਨ੍ਹਾਂ ਵਿੱਚ ਦੋ ਸਿੱਖ ਅਤੇ ਇੱਕ ਈਸਾਈ ਭਾਈਚਾਰੇ ਨਾਲ ਸਬੰਧਿਤ ਸਨ।
ਪੀਟੀਆਈ ਦੀ ਰਿਪੋਰਟ ਮੁਤਾਬਕ ਅਪ੍ਰੈਲ ਅਤੇ ਜੂਨ ਦੌਰਾਨ ਪੇਸ਼ਾਵਰ ਵਿੱਚ ਸਿਰਫ਼ ਸਿੱਖਾਂ ਉੱਤੇ ਹਮਲਿਆਂ ਦੀਆਂ ਚਾਰ ਘਟਨਾਵਾਂ ਵਾਪਰੀਆਂ ਹਨ।
ਪੇਸ਼ਾਵਰ ਖਿੱਤੇ ਵਿਚ 15 ਹਜ਼ਾਰ ਦੇ ਕਰੀਬ ਸਿੱਖ ਰਹਿੰਦੇ ਹਨ, ਇੱਥੇ ਭਾਈਚਾਰ ਦੇ ਲੋਕ ਜੜੀਆਂ-ਬੂਟੀਆਂ ਦੇ ਵਪਾਰ ਸਣੇ ਕਈ ਕਿਸਮ ਦੇ ਕਾਰੋਬਾਰ ਕਰਦੇ ਹਨ। ਪਰ ਹੁਣ ਲਗਾਤਾਰ ਇੱਥੋਂ ਪਲਾਇਨ ਹੋ ਰਿਹਾ ਹੈ।
ਪੁਲਿਸ ਅਧਿਕਾਰੀਆਂ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਮਨਮੋਹਨ ਸਿੰਘ ਦਾ ਸ਼ਨੀਵਾਰ ਨੂੰ ਪੇਸ਼ਾਵਰ 'ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਮਨਮੋਹਨ ਸਿੰਘ ਇੱਕ ਵਪਾਰੀ ਸਨ ਅਤੇ ਕਿਸੇ ਕੰਮ ਲਈ ਸ਼ਹਿਰ ਤੋਂ ਬਾਹਰ ਗਏ ਹੋਏ ਸਨ।
ਜਿਸ ਸ਼ਾਮ ਉਨ੍ਹਾਂ ’ਤੇ ਹਮਲਾ ਹੋਇਆ ਉਹ ਆਟੋ ਰਿਕਸ਼ਾ 'ਤੇ ਸਵਾਰ ਹੋ ਆਪਣੇ ਘਰ ਵਾਪਸ ਜਾ ਰਹੇ ਸਨ।
ਮਨਮੋਹਨ ਸਿੰਘ 30 ਸਾਲ ਦੇ ਸਨ ਤੇ ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਤੇ ਉਨ੍ਹਾਂ ਦੇ ਇੱਕ ਬੇਟਾ ਬਚੇ ਹਨ। ਗੋਲੀ ਮਾਰਨ ਵਾਲਿਆਂ ਦੀ ਪਛਾਣ ਨਹੀਂ ਹੋਈ ਹੈ।
ਹਫ਼ਤੇ ਵਿੱਚ ਤੀਜੀ ਘਟਨਾ
ਇਸ ਘਟਨਾ ਤੋਂ ਇੱਕ ਦਿਨ ਪਹਿਲਾਂ ਪੇਸ਼ਾਵਰ ਸ਼ਹਿਰ ਵਿੱਚ ਹੀ ਇੱਕ ਸਿੱਖ ਦੁਕਾਨਦਾਰ ਤਰਲੋਗ ਸਿੰਘ 'ਤੇ ਵੀ ਗੋਲੀਆਂ ਚਲਾਈਆਂ ਗਈਆਂ ਸਨ। ਉਸ ਸਮੇਂ ਉਹ ਆਪਣੀ ਦੁਕਾਨ 'ਤੇ ਬੈਠੇ ਸਨ। ਇਸ ਹਮਲੇ ਵਿੱਚ ਤਰਲੋਗ ਸਿੰਘ ਦੀ ਲੱਤ ’ਤੇ ਗੋਲੀ ਲੱਗੀ।
ਬੀਤੇ ਐਤਵਾਰ ਸ਼ਾਮ ਵੇਲੇ ਪੇਸ਼ਾਵਰ ਦੇ ਯੂਨੀਵਰਸਿਟੀ ਟਾਊਨ ਨੇੜੇ ਕੁਝ ਅਣਪਛਾਤੇ ਲੋਕਾਂ ਨੇ ਇੱਕ ਈਸਾਈ ਅਧਿਕਾਰੀ 'ਤੇ ਉਸ ਸਮੇਂ ਗੋਲੀਆਂ ਚਲਾ ਦਿੱਤੀਆਂ ਜਦੋਂ ਉਹ ਆਪਣੀ ਪਤਨੀ ਨਾਲ ਸੈਰ ਕਰ ਰਿਹਾ ਸੀ।
ਕਮਰ ਮਸੀਹ ਏਅਰਪੋਰਟ ਸਕਿਓਰਿਟੀ ਫ਼ੋਰਸ 'ਚ ਤਾਇਨਾਤ ਹਨ।
ਸਿੱਖਾਂ ਭਾਈਚਾਰੇ ਦੇ ਵਿਅਕਤੀਆਂ 'ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਗ਼ੈਰ-ਕਾਨੂੰਨੀ ਸੰਗਠਨ ਦਾਏਸ਼ ਨੇ ਲਈ ਹੈ। ਇਸ ਤੋਂ ਪਹਿਲਾਂ ਵੀ ਪੇਸ਼ਾਵਰ ਵਿੱਚ ਸਿੱਖਾਂ ਉੱਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਇਸੇ ਸੰਗਠਨ ਨੇ ਲਈ ਸੀ।
ਸੀਨੀਅਰ ਐੱਸਪੀ ਹਾਰੂਨ ਰਸ਼ੀਦ ਨੇ ਬੀਬੀਸੀ ਨੂੰ ਦੱਸਿਆ ਕਿ ਪੁਲਿਸ ਇਨ੍ਹਾਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਇਸ ਵਿੱਚ ਸ਼ਾਮਲ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਵੱਖ-ਵੱਖ ਏਜੰਸੀਆਂ ਜਾਂਚ ਕਰ ਰਹੀਆਂ ਹਨ ਅਤੇ ਸਿੱਖਾਂ ਜਾਂ ਹੋਰ ਘੱਟ ਗਿਣਤੀ ਭਾਈਚਾਰਿਆਂ ਦੇ ਇਲਾਕਿਆਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਸਿੱਖਾਂ 'ਤੇ ਹਮਲੇ ਵਧਣ ਦਾ ਕਾਰਨ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਸ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਸਿੱਖ ਭਾਈਚਾਰੇ ਦੇ ਲੋਕਾਂ ਦੀ ਪਛਾਣ ਸੌਖਿਆ ਹੋ ਜਾਂਦੀ ਹੈ।
ਸਿੱਖ ਭਾਈਚਾਰੇ ਵਿੱਚ ਡਰ
ਪੇਸ਼ਾਵਰ ਅਤੇ ਹੋਰ ਇਲਾਕਿਆਂ 'ਚ ਸਿੱਖਾਂ 'ਤੇ ਹੋਏ ਹਮਲਿਆਂ ਤੋਂ ਬਾਅਦ ਸਿੱਖ ਭਾਈਚਾਰੇ 'ਚ ਡਰ ਦਾ ਮਾਹੌਲ ਹੈ। ਘਟਨਾ ਤੋਂ ਬਾਅਦ ਪੇਸ਼ਾਵਰ 'ਚ ਸਿੱਖਾਂ ਦੀਆਂ ਦੁਕਾਨਾਂ ਤਿੰਨ ਦਿਨ ਤੱਕ ਬੰਦ ਰਹੀਆਂ।
ਬਲਬੀਰ ਸਿੰਘ ਪੇਸ਼ਾਵਰ ਦੇ ਇੱਕ ਸਕੂਲ ਦਾ ਵਾਈਸ ਪ੍ਰਿੰਸੀਪਲ ਹੈ।
ਬਲਬੀਰ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਸਿੱਖ ਭਾਈਚਾਰੇ ਦੇ ਜ਼ਿਆਦਾਤਰ ਲੋਕ ਵਪਾਰ ਨਾਲ ਜੁੜੇ ਹੋਏ ਹਨ, ਕੁਝ ਕੋਲ ਕਰਿਆਨੇ ਦੀ ਦੁਕਾਨ ਹੈ ਅਤੇ ਕੁਝ ਇੱਕ ਜਨਰਲ ਸਟੋਰ ਚਲਾਉਂਦੇ ਹਨ। ਕੁਝ ਲੋਕ ਸ਼ਿੰਗਾਰ ਦੇ ਸਮਾਨ ਦਾ ਕੰਮ ਕਰਦੇ ਹਨ। ਇਸੇ ਤਰ੍ਹਾਂ ਕੁਝ ਇੱਕ ਦਾ ਦਵਾਈ ਦਾ ਕੰਮ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੰਮ ਤੋਂ ਇੱਕ ਦਿਨ ਦੀ ਛੁੱਟੀ ਵੀ ਕਰਨ ਤਾਂ ਉਨ੍ਹਾਂ ਦੇ ਘਰ ਦਾ ਖਰਚਾ ਚੱਲਣਾ ਔਖਾ ਹੋ ਜਾਂਦਾ ਹੈ।
"ਮੌਜੂਦ ਹਾਲਾਤ ਅਜਿਹੇ ਹਨ ਕਿ ਵਿੱਚ ਜੇਕਰ ਮਰਦ ਕੰਮ 'ਤੇ ਜਾਣਾ ਚਾਹੁੰਦੇ ਹਨ ਤਾਂ ਘਰ ਦੀਆਂ ਔਰਤਾਂ ਉਨ੍ਹਾਂ ਨੂੰ ਜਾਣ ਨਹੀਂ ਦਿੰਦੀਆਂ, ਕਿਉਂਕਿ ਡਰ ਵਧ ਗਿਆ ਹੈ ਕਿ ਜੇਕਰ ਉਹ ਸਵੇਰੇ ਕੰਮ 'ਤੇ ਚਲੇ ਜਾਂਦੇ ਹਨ, ਤਾਂ ਪਤਾ ਨਹੀਂ ਉਹ ਸ਼ਾਮ ਨੂੰ ਘਰ ਵਾਪਸ ਆਉਣਗੇ ਜਾਂ ਨਹੀਂ।"
ਪੇਸ਼ਾਵਰ ਵਿੱਚ ਸਿੱਖ ਭਾਈਚਾਰੇ ਦੇ ਕਰੀਬ 300 ਪਰਿਵਾਰ ਰਹਿੰਦੇ ਹਨ ਅਤੇ ਸਾਲ 2022 ਤੋਂ ਹੁਣ ਤੱਕ ਪੰਜਾਹ ਦੇ ਕਰੀਬ ਪਰਿਵਾਰ ਅਜਿਹੇ ਹਨ ਜੋ ਪੇਸ਼ਾਵਰ ਛੱਡ ਕੇ ਪੰਜਾਬ ਵਿੱਚ ਆ ਕੇ ਵਸੇ ਹਨ।
ਬਲਬੀਰ ਸਿੰਘ ਦਾ ਕਹਿਣਾ ਸੀ ਕਿ ਕਈ ਪਰਿਵਾਰ ਤਾਂ ਪਾਕਿਸਤਾਨ ਵਿੱਚਲੇ ਪੰਜਾਬ ਹੀ ਗਏ ਹਨ ਪਰ ਕਈ ਅਜਿਹੇ ਵੀ ਹਨ ਜੋ ਭਾਰਤ ਜਾ ਕੇ ਵੱਸ ਗਏ ਹਨ।
“ਉਨ੍ਹਾਂ ਲੋਕਾਂ ਲਈ ਆਪਣਾ ਘਰ ਛੱਡਣਾ ਇੱਕ ਔਖਾ ਫ਼ੈਸਲਾ ਸੀ ਪਰ ਜਦੋਂ ਜਾਨ ਦਾ ਖ਼ਤਰਾ ਹੋਵੇ ਤਾਂ ਘਰ-ਬਾਰ ਛੱਡਣਾ ਹੀ ਪੈਂਦਾ ਹੈ।”
ਗੁਰਪਾਲ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ 2008 ਤੋਂ ਬਾਅਦ ਸਿੱਖਾਂ 'ਤੇ ਹਮਲੇ ਵਧੇ ਹਨ ਅਤੇ ਇਸ ਸਮੇਂ ਦੌਰਾਨ 30 ਦੇ ਕਰੀਬ ਹਮਲੇ ਹੋਏ ਹਨ, ਜਿਨ੍ਹਾਂ ਵਿੱਚ ਸਿੱਖ ਭਾਈਚਾਰੇ ਦੇ ਮੈਂਬਰ ਜ਼ਖਮੀ ਹੋਏ ਹਨ ਜਾਂ ਆਪਣੀ ਜਾਨ ਗੁਆ ਚੁੱਕੇ ਹਨ।
ਪਿਛਲੇ ਇੱਕ-ਦੋ ਸਾਲਾਂ ਵਿੱਚ ਇਹ ਹਮਲੇ ਵਧੇ ਹਨ। ਅਕਤੂਬਰ 2021 ਵਿੱਚ, ਚਾਰਸਾਡਾ ਰੋਡ 'ਤੇ ਫਕੀਰਾਬਾਦ ਥਾਣੇ ਦੀ ਹੱਦ ਵਿੱਚ ਸਥਿਤ ਹਕੀਮ ਸਤਨਾਮ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ।
ਇਸ ਤੋਂ ਬਾਅਦ ਅਪ੍ਰੈਲ 2022 ਵਿੱਚ ਦੋ ਸਿੱਖ ਕਾਰੋਬਾਰੀਆਂ ਦੀ ਹੱਤਿਆ ਕਰ ਦਿੱਤੀ ਗਈ ਸੀ। ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਵੀ ਦਾਏਸ਼ ਨੇ ਲਈ ਹੈ।
ਪੇਸ਼ਾਵਰ ਵਿੱਚ ਘੱਟ ਗਿਣਤੀਆਂ ’ਤੇ ਹਮਲੇ
- 2008 ਤੋਂ ਬਾਅਦ ਸਿੱਖਾਂ 'ਤੇ ਹਮਲੇ ਵਧੇ ਹਨ ਅਤੇ ਇਸ ਸਮੇਂ ਦੌਰਾਨ 30 ਦੇ ਕਰੀਬ ਹਮਲੇ ਹੋਏ ਹਨ
- ਅਕਤੂਬਰ 2021 ਵਿੱਚ, ਚਾਰਸਾਡਾ ਰੋਡ 'ਤੇ ਫਕੀਰਾਬਾਦ ਥਾਣੇ ਦੀ ਹੱਦ ਵਿੱਚ ਸਥਿਤ ਹਕੀਮ ਸਤਨਾਮ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ।
- ਅਪ੍ਰੈਲ 2022 ਵਿੱਚ ਦੋ ਸਿੱਖ ਕਾਰੋਬਾਰੀਆਂ ਦੀ ਹੱਤਿਆ ਕਰ ਦਿੱਤੀ ਗਈ ਸੀ।
- ਪੇਸ਼ਾਵਰ ਤੋਂ ਵੱਡੀ ਗਿਣਤੀ ਸਿੱਖ ਆਪਣਾ ਘਰ ਬਾਰ ਛੱਡ ਜਾਂ ਤਾਂ ਪਾਕਿਸਤਾਨ ਵਿੱਚਲੇ ਪੰਜਾਬ ਜਾ ਰਹਿਣ ਲੱਗੇ ਹਨ ਜਾਂ ਭਾਰਤ ਆ ਗਏ ਹਨ।
- ਪੁਲਿਸ ਦਾ ਕਹਿਣਾ ਹੈ ਕਿ ਘੱਟ ਗਿਣਤੀਆਂ ਵਾਲੇ ਇਲਾਕਿਆਂ ਵਿੱਚ ਪੁਲਿਸ ਸੁਰੱਖਿਆ ਵਧਾਈ ਗਈ ਹੈ
ਸਿੱਖ ਕੌਮ ਦੀ ਅਪੀਲ
ਬਲਬੀਰ ਸਿੰਘ ਦਾ ਕਹਿਣਾ ਹੈ ਕਿ,“ਸਿੱਖ ਭਾਈਚਾਰੇ ਲਈ ਪਾਕਿਸਤਾਨ ਬਹੁਤ ਅਹਿਮ ਹੈ ਕਿਉਂਕਿ ਇੱਥੇ ਬਾਬਾ ਗੁਰੂ ਨਾਨਕ ਦੇਵ ਦਾ ਜਨਮ ਹੋਇਆ ਸੀ ਅਤੇ ਅਸੀਂ ਪਾਕਿਸਤਾਨ ਨੂੰ ਬਹੁਤ ਪਿਆਰ ਕਰਦੇ ਹਾਂ।"
“ਪਹਿਲਾਂ ਅਸੀਂ ਕਬਾਇਲੀ ਇਲਾਕਿਆਂ ਜਿਵੇਂ ਕਿ ਖ਼ੈਬਰ, ਓਰਕਜ਼ਈ, ਕੁਰੱਮ ਵਰਗੇ ਇਲਾਕਿਆਂ ਵਿੱਚ ਰਹਿੰਦੇ ਸੀ। ਜਦੋਂ ਉਨ੍ਹਾਂ ਇਲਾਕਿਆਂ ਵਿੱਚ ਹਾਲਾਤ ਵਿਗੜ ਗਏ ਤਾਂ ਅਸੀਂ ਆਪਣੇ ਘਰ-ਬਾਰ ਅਤੇ ਕਾਰੋਬਾਰ ਛੱਡ ਕੇ ਪੇਸ਼ਾਵਰ ਵਿੱਚ ਆ ਕੇ ਵੱਸ ਗਏ। ਹੁਣ ਸਾਡੇ ਲਈ ਇੱਥੇ ਰਹਿਣਾ ਵੀ ਔਖਾ ਹੋ ਗਿਆ ਹੈ।"
ਉਨ੍ਹਾਂ ਕਹਿੰਦੇ ਹਨ, "ਰੋਜ਼ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਹੈ ਅਤੇ ਹਰ ਘਟਨਾ ਤੋਂ ਬਾਅਦ ਅਧਿਕਾਰੀ ਕਹਿੰਦੇ ਹਨ ਕਿ ਉਹ ਜਾਂਚ ਕਰ ਰਹੇ ਹਨ ਅਤੇ ਜਲਦੀ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ ਪਰ ਅੱਜ ਤੱਕ ਨਾ ਤਾਂ ਕਿਸੇ ਨੂੰ ਸਜ਼ਾ ਹੋਈ ਹੈ ਅਤੇ ਨਾ ਹੀ ਕਿਸੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।"
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਤਾਂ ਜੋ ਉਹ ਸ਼ਾਂਤੀ ਨਾਲ ਰਹਿ ਸਕਣ ਅਤੇ ਆਪਣਾ ਕਾਰੋਬਾਰ ਕਰ ਸਕਣ।
ਸਿੱਖ ਭਾਈਚਾਰੇ ਦਾ ਇੱਕ ਵਫ਼ਦ ਖ਼ੈਬਰ ਪਖ਼ਤੂਨਖਵਾ ਦੇ ਗਵਰਨਰ ਨੂੰ ਵੀ ਮਿਲਿਆ ਹੈ। ਇਸ ਵਫ਼ਦ ਵਿੱਚ ਗੁਰਪਾਲ ਸਿੰਘ ਵੀ ਸ਼ਾਮਲ ਸਨ।
ਉਨ੍ਹਾਂ ਕਹਿੰਦੇ ਹਨ ਕਿ ਉਨ੍ਹਾਂ ਆਪਣੀਆਂ ਸਮੱਸਿਆਵਾਂ ਰਾਜਪਾਲ ਨੂੰ ਦੱਸੀਆਂ ਹਨ।
ਰਾਜਪਾਲ ਨੇ ਸੇਫ਼ ਸਿਟੀ ਪ੍ਰੋਜੈਕਟ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਅਤੇ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਵਧਾਉਣ ਲਈ ਕਦਮ ਚੁੱਕਣ 'ਤੇ ਜ਼ੋਰ ਦਿੱਤਾ ਹੈ।