ਕੌਣ ਹੈ ਤਹੱਵੁਰ ਰਾਣਾ ਜਿਸ ਨੂੰ ਮੁੰਬਈ ਹਮਲਿਆਂ ਦੇ ਕੇਸ ਵਿੱਚ ਅਮਰੀਕਾ ਭਾਰਤ ਦੇ ਹਵਾਲੇ ਕਰੇਗਾ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ 26 ਨਵੰਬਰ 2008 ਦੇ ਮੁੰਬਈ ਹਮਲਿਆਂ ਦੇ ਸਾਜ਼ਿਸ਼ ਰਚਣ ਵਾਲੇ ਤਹੱਵੁਰ ਰਾਣਾ ਨੂੰ ਭਾਰਤ ਹਵਾਲੇ ਕਰ ਦਿੱਤਾ ਜਾਵੇਗਾ।

ਅਮਰੀਕਾ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ, "ਮੁੰਬਈ 'ਤੇ ਹੋਏ ਅੱਤਵਾਦੀ ਹਮਲੇ ਨਾਲ ਜੁੜੇ ਰਾਣਾ ਨੂੰ ਭਾਰਤ 'ਚ ਨਿਆਂ ਦਾ ਸਾਹਮਣਾ ਕਰਨਾ ਪਵੇਗਾ।"

ਭਾਰਤ ਲੰਬੇ ਸਮੇਂ ਤੋਂ ਰਾਣਾ ਦੀ ਹਵਾਲਗੀ ਦੀ ਮੰਗ ਕਰ ਰਿਹਾ ਸੀ।

ਇੱਕ ਵਾਰ ਅਮਰੀਕੀ ਅਦਾਲਤ ਨੇ ਤਹੱਵੁਰ ਰਾਣਾ ਨੂੰ ਭਾਰਤ ਹਵਾਲੇ ਕਰਨ ਦੀ ਇਜਾਜ਼ਤ ਵੀ ਦੇ ਦਿੱਤੀ ਸੀ। ਪਰ ਪਿਛਲੇ ਸਾਲ ਨਵੰਬਰ 'ਚ ਰਾਣਾ ਨੇ ਅਦਾਲਤ ਦੇ ਇਸ ਫ਼ੈਸਲੇ 'ਤੇ ਰੀਵਿਊ ਪਟੀਸ਼ਨ ਦਾਇਰ ਕੀਤੀ ਸੀ।

ਇਸ ਪਟੀਸ਼ਨ ਨੂੰ ਵੀ ਪਿਛਲੇ ਮਹੀਨੇ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਸੀ।

ਪਾਕਿਸਤਾਨੀ ਮੂਲ ਦੇ ਕੈਨੇਡੀਅਨ ਨਾਗਰਿਕ ਰਾਣਾ ਇਸ ਸਮੇਂ ਅਮਰੀਕਾ ਦੀ ਜੇਲ੍ਹ ਵਿੱਚ ਹੈ।

ਤਹੱਵੁਰ ਰਾਣਾ ਨੂੰ 2013 ਵਿੱਚ ਅਮਰੀਕਾ ਵਿੱਚ ਆਪਣੇ ਦੋਸਤ ਡੇਵਿਡ ਕੋਲਮੈਨ ਹੈਡਲੀ ਨਾਲ ਮੁੰਬਈ ਹਮਲਿਆਂ ਨੂੰ ਅੰਜਾਮ ਦੇਣ ਅਤੇ ਡੈੱਨਮਾਰਕ ਵਿੱਚ ਹਮਲਿਆਂ ਦੀ ਯੋਜਨਾ ਬਣਾਉਣ ਲਈ ਦੋਸ਼ੀ ਪਾਇਆ ਗਿਆ ਸੀ।

ਇਨ੍ਹਾਂ ਮਾਮਲਿਆਂ ਵਿੱਚ ਤਹੱਵੁਰ ਹੁਸੈਨ ਰਾਣਾ ਨੂੰ ਅਮਰੀਕੀ ਅਦਾਲਤ ਨੇ 14 ਸਾਲ ਦੀ ਸਜ਼ਾ ਸੁਣਾਈ ਸੀ।

ਤਹੱਵੁਰ ਹੁਸੈਨ ਰਾਣਾ ਕੌਣ ਹੈ ਅਤੇ ਮੁੰਬਈ ਹਮਲਿਆਂ ਵਿੱਚ ਉਨ੍ਹਾਂ ਦੀ ਕੀ ਭੂਮਿਕਾ ਸਣੇ ਹੋਰ ਕਿਹੜੇ ਮਾਮਲਿਆਂ ਮਾਮਲਿਆਂ ਵਿੱਚ ਸਜ਼ਾ ਸੁਣਾਈ ਗਈ ਹੈ?

ਇਸ ਨਾਲ ਸਬੰਧਤ ਬੀਬੀਸੀ ਦੀ ਕਹਾਣੀ ਪਹਿਲੀ ਵਾਰ 18 ਮਈ 2023 ਨੂੰ ਪ੍ਰਕਾਸ਼ਿਤ ਹੋਈ ਸੀ।

ਤਹੱਵੁਰ ਰਾਣਾ ਬਾਰੇ ਖ਼ਾਸ ਗੱਲਾਂ:

  • ਤਹੱਵੁਰ ਰਾਣਾ ਦਾ ਜਨਮ ਪਾਕਿਸਤਾਨ ਵਿੱਚ ਹੋਇਆ ਹੈ ਤੇ ਉਹ ਕੈਨੇਡਾ ਦਾ ਨਾਗਰਿਕ ਹੈ।
  • 2011 ਵਿੱਚ ਰਾਣਾ ਨੂੰ ਇੱਕ ਇਸਲਾਮਿਕ ਅੱਤਵਾਦੀ ਗਰੁੱਪ ਦੀ ਮਦਦ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ।
  • ਤਹੱਵੁਰ ਰਾਣਾ ਨੇ ਆਪਣੇ ਉੱਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਖਾਰਿਜ ਕੀਤਾ ਹੈ।
  • ਸਾਲ 2020 ਵਿੱਚ ਭਾਰਤ ਵੱਲੋਂ ਉਸ ਦੀ ਹਵਾਲਗੀ ਦੀ ਮੰਗ ਕੀਤੀ ਗਈ ਸੀ।
  • ਹੁਣ ਅਮਰੀਕਾ ਰਾਣਾ ਨੂੰ ਭਾਰਤ ਭੇਜਣ ਲਈ ਤਿਆਰ ਹੋ ਗਿਆ ਹੈ

ਜ਼ਿਕਰਯੋਗ ਹੈ ਕਿ 2011 ਵਿੱਚ ਰਾਣਾ ਨੂੰ ਇੱਕ ਇਸਲਾਮਿਕ ਅੱਤਵਾਦੀ ਗਰੁੱਪ ਦੀ ਮਦਦ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ ਜਿਸ ਉੱਤੇ 2008 ਵਿੱਚ ਮੁੰਬਈ ਹਮਲੇ ਕਰਵਾਉਣ ਦਾ ਇਲਜ਼ਾਮ ਸੀ।

2008 ਵਿੱਚ 10 ਲੋਕਾਂ ਦੇ ਇੱਕ ਗਰੁੱਪ ਨੇ ਸਟੇਸ਼ਨ, ਹੋਟਲਾਂ, ਕੈਫੇ ਤੇ ਯਹੂਦੀਆਂ ਦੇ ਸੈਂਟਰ ਉੱਤੇ ਗੋਲੀਬਾਰੀ ਕੀਤੀ ਸੀ ਤੇ ਬੰਬ ਸੁੱਟੇ ਸਨ।

ਰਾਣਾ ਤਹੱਵੁਰ ਦਾ ਜਨਮ ਪਾਕਿਸਤਾਨ ਵਿੱਚ ਹੋਇਆ ਹੈ ਤੇ ਉਹ ਕੈਨੇਡਾ ਦੇ ਨਾਗਰਿਕ ਹਨ। ਉਨ੍ਹਾਂ ਉੱਤੇ ਭਾਰਤ ਸਰਕਾਰ ਵੱਲੋਂ ਇਲਜ਼ਾਮ ਲਗਾਏ ਗਏ ਸਨ ਕਿ ਰਾਣਾ ਨੇ ਆਪਣੇ ਬਚਪਨ ਦੇ ਦੋਸਤ ਡੇਵਿਡ ਕੋਲੇਮਨ ਹੇਡਲੀ ਨਾਲ ਮਿਲ ਕੇ ਪਾਕਿਸਤਾਨ ਦੇ ਅੱਤਵਾਦੀ ਗਰੁੱਪ ਲਸ਼ਕਰ-ਏ-ਤਾਇਬਾ ਦੀ ਮੁੰਬਈ ਹਮਲਿਆਂ ਵਿੱਚ ਮਦਦ ਕੀਤੀ ਸੀ।

ਅਮਰੀਕਾ ਵਿੱਚ ਬਾਅਦ ਵਿੱਚ ਰਾਣਾ ਉੱਤੇ ਹਮਲੇ ਵਿੱਚ ਮਦਦ ਕਰਨ ਦੇ ਗੰਭੀਰ ਇਲਜ਼ਾਮਾਂ ਨੂੰ ਹਟਾ ਦਿੱਤਾ ਗਿਆ ਸੀ।

ਸਾਲ 2020 ਵਿੱਚ ਭਾਰਤ ਵੱਲੋਂ ਉਸ ਦੀ ਹਵਾਲਗੀ ਦੀ ਮੰਗ ਕੀਤੀ ਗਈ ਸੀ ਜਿਸ ਮਗਰੋਂ ਉਸ ਦੀ ਮੁੜ ਗ੍ਰਿਫ਼ਤਾਰੀ ਹੋਈ ਸੀ।

ਤਹੱਵੁਰ ਰਾਣਾ ਨੇ ਆਪਣੇ ਉੱਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ। ਰਾਣਾ ਵੱਲੋਂ ਉਸ ਦੀ ਹਵਾਲਗੀ ਨੂੰ ਚੁਣੌਤੀ ਦਿੱਤੀ ਗਈ ਸੀ। ਉਸ ਦੀ ਹਵਾਲਗੀ ਦੇਣ ਨੂੰ ਅਮਰੀਕੀ ਸਰਕਾਰ ਦੀ ਵੀ ਹਮਾਇਤ ਸੀ।

ਕੌਣ ਹੈ ਤਹੱਵੁਰ ਰਾਣਾ

ਤਹੱਵੁਰ ਰਾਣਾ ਦਾ ਬਚਪਨ ਪਾਕਿਸਤਾਨ ਵਿੱਚ ਬੀਤਿਆ ਹੈ ਅਤੇ ਉਸ ਨੇ ਪਾਕਿਸਤਾਨ ਦੇ ਹੀ ਇੱਕ ਸਕੂਲ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ।

ਇਸ ਮਗਰੋਂ, ਆਪਣੀ ਮੈਡੀਕਲ ਡਿਗਰੀ ਹਾਸਿਲ ਕਰਨ ਤੋਂ ਬਾਅਦ ਰਾਣਾ ਪਾਕਿਸਤਾਨ ਫੌਜ ਦੀ ਮੈਡੀਕਲ ਕੌਰ 'ਚ ਸ਼ਾਮਲ ਹੋ ਗਿਆ।

ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਮੁਤਾਬਕ, ਰਾਣਾ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਹਸਨ ਅਬਦਾਲ ਵਿਖੇ ਇੱਕ ਫੌਜੀ ਸਕੂਲ ਤੋਂ ਪੜ੍ਹਾਈ ਕੀਤੀ ਹੈ।

ਇਸੇ ਸਕੂਲ ਵਿੱਚ, ਮੁੰਬਈ ਹਮਲਿਆਂ ਦੇ ਮੁਲਜ਼ਮ ਡੇਵਿਡ ਹੇਡਲੀ ਨੇ ਵੀ 5 ਸਾਲਾਂ ਤੱਕ ਪੜ੍ਹਾਈ ਕੀਤੀ ਸੀ।

ਰਾਣਾ ਦੀ ਪਤਨੀ ਵੀ ਇੱਕ ਡਾਕਟਰ ਹੈ ਅਤੇ ਉਨ੍ਹਾਂ ਨੇ ਸਾਲ 2001 ਵਿੱਚ ਕੈਨੇਡਾ ਦੀ ਨਾਗਰਿਕਤਾ ਲੈ ਲਈ ਸੀ।

ਸਾਲ 2008 ਦੇ ਮੁੰਬਈ ਧਮਾਕਿਆਂ ਮਗਰੋਂ ਸਾਲ 2009 ਵਿੱਚ ਫੜ੍ਹੇ ਜਾਣ ਤੋਂ ਪਹਿਲਾਂ ਤੱਕ ਉਹ ਅਮਰੀਕਾ ਦੇ ਸ਼ਿਕਾਗੋ ਵਿੱਚ ਰਹਿ ਰਿਹਾ ਸੀ।

ਜਾਣਕਾਰੀ ਮੁਤਾਬਕ, ਰਾਣਾ ਨੇ ਇੱਥੇ ਕਈ ਤਰ੍ਹਾਂ ਦੇ ਬਿਜ਼ਨਸ ਕਰਨ ਦੇ ਨਾਲ-ਨਾਲ ਇੱਕ ਇਮੀਗ੍ਰੇਸ਼ਨ ਫ਼ਰਮ ਅਤੇ ਟਰੈਵਲ ਏਜੰਸੀ ਵੀ ਖੋਲ੍ਹੀ ਹੋਈ ਸੀ।

ਮੁੰਬਈ ਹਮਲਿਆਂ ਵਿੱਚ ਰਾਣਾ ਦੀ ਸ਼ਮੂਲੀਅਤ

ਮੁੰਬਈ ਹਮਲਿਆਂ ਵਿੱਚ ਮੁਲਜ਼ਮ, ਡੇਵਿਡ ਹੇਡਲੀ ਅਤੇ ਤਹੱਵੁਰ ਰਾਣਾ ਪਾਕਿਸਤਾਨ ਤੋਂ ਹੀ ਸਕੂਲ ਵੇਲੇ ਦੇ ਦੋਸਤ ਸਨ ਅਤੇ ਮੁੰਬਈ ਹਮਲਿਆਂ ਤੋਂ ਪਹਿਲਾਂ ਰਾਣਾ ਨੇ ਹੀ ਹੇਡਲੀ ਨੂੰ ਮੁੰਬਈ ਵਿੱਚ ਇਮੀਗ੍ਰੇਸ਼ਨ ਆਫਿਸ ਦੀ ਇੱਕ ਸ਼ਾਖਾ ਖੋਲ੍ਹਣ 'ਚ ਮਦਦ ਕੀਤੀ ਸੀ।

ਰਾਣਾ ਅਤੇ ਹੇਡਲੀ 'ਤੇ ਇਲਜ਼ਾਮ ਲਗਾਉਣ ਵਾਲੇ ਪੱਖ ਦੇ ਵਕੀਲਾਂ ਦੀ ਦਲੀਲ ਹੈ ਕਿ ਉਨ੍ਹਾਂ ਦੋਵਾਂ ਨੇ ਇਹ ਦਫ਼ਤਰ ਇਸੇ ਲਈ ਖੋਲ੍ਹਿਆ ਸੀ ਤਾਂ ਜੋ ਮੁੰਬਈ ਵਿੱਚ ਹਮਲਿਆਂ ਲਈ ਥਾਵਾਂ ਤੈਅ ਕੀਤੀਆਂ ਜਾ ਸਕਣ।

ਹੇਡਲੀ, ਜਿਸ ਨੇ ਮੁੰਬਈ ਹਮਲਿਆਂ ਲਈ ਟਿਕਾਣਿਆਂ ਦੀ ਪਛਾਣ ਕਰਨ ਦਾ ਦੋਸ਼ ਸਵੀਕਾਰ ਕੀਤਾ- ਉਹ ਇਲਜ਼ਾਮ ਵਾਲੇ ਪੱਖ ਦਾ ਮੁੱਖ ਗਵਾਹ ਸੀ। ਉਸ ਨੇ ਮੰਨਿਆ ਕਿ ਉਸ ਦੇ, ਹਮਲਿਆਂ ਲਈ ਜ਼ਿੰਮੇਵਾਰ ਮੰਨੇ ਜਾਂਦੇ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਨਾਲ ਸਬੰਧ ਸਨ।

ਉਸ ਨੇ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐਸਆਈ ਨਾਲ ਵੀ ਆਪਣੇ ਸਬੰਧ ਕਬੂਲੇ ਹਨ।

ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ, ਹੇਡਲੀ ਨੇ ਹਮਲੇ ਤੋਂ ਪਹਿਲਾਂ ਕਈ ਵਾਰ ਮੁੰਬਈ ਦੌਰਾ ਕੀਤਾ ਤਾਂ ਜੋ ਹਮਲੇ ਲਈ ਥਾਵਾਂ ਨਿਸ਼ਚਿਤ ਕੀਤੀਆਂ ਜਾ ਸਕਣ।

ਅਦਾਲਤ ਵਿੱਚ ਸੁਣਵਾਈ ਦੌਰਾਨ, ਅਮਰੀਕੀ ਸਰਕਾਰ ਦੇ ਵਕੀਲਾਂ ਨੇ ਦਲੀਲ ਦਿੱਤੀ ਸੀ ਕਿ 'ਰਾਣਾ ਨੂੰ ਪਤਾ ਸੀ ਕਿ ਉਸ ਦਾ ਬਚਪਨ ਦਾ ਦੋਸਤ ਪਾਕਿਸਤਾਨੀ-ਅਮਰੀਕੀ ਡੇਵਿਡ ਕੋਲਮੈਨ ਹੇਡਲੀ ਲਸ਼ਕਰ-ਏ-ਤਾਇਬਾ ਵਿਚ ਸ਼ਾਮਲ ਸੀ ਅਤੇ ਇਸ ਤਰ੍ਹਾਂ ਹੇਡਲੀ ਦੀ ਮਦਦ ਕਰਕੇ ਅਤੇ ਉਸ ਦੀਆਂ ਗਤੀਵਿਧੀਆਂ ਲਈ ਉਸ ਨੂੰ ਬਚਾ ਕੇ ਰਾਣਾ ਨੇ ਅੱਤਵਾਦੀ ਸੰਗਠਨ ਅਤੇ ਉਸ ਨਾਲ ਜੁੜੇ ਲੋਕਾਂ ਦੀ ਮਦਦ ਕੀਤੀ।'

ਕਿਵੇਂ ਗ੍ਰਿਫ਼ਤਾਰ ਹੋਇਆ ਰਾਣਾ

ਰਾਣਾ ਅਤੇ ਹੇਡਲੀ ਨੂੰ ਅਕਤੂਬਰ 2009 ਵਿਚ ਜੈਲੈਂਡਸ-ਪੋਸਟਨ ਅਖ਼ਬਾਰ ਦੇ ਦਫਤਰਾਂ 'ਤੇ ਹਮਲੇ ਦੀ ਸਾਜ਼ਿਸ਼ ਰਚਣ ਅਤੇ ਮੁੰਬਈ ਹਮਲਿਆਂ ਵਿੱਚ ਅੱਤਵਾਦੀਆਂ ਦੀ ਮਦਦ ਕਾਰਨ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ।

ਇਸ ਅਖ਼ਬਾਰ ਨੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ (ਸਲੱਲਲਾਹੂ ਅਲਾਹੇ ਵਸੱਲਮ) ਦੇ ਕਾਰਟੂਨ ਪ੍ਰਕਾਸ਼ਿਤ ਕੀਤੇ ਸਨ।

ਸ਼ਿਕਾਗੋ ਦੀ ਸੰਘੀ ਅਦਾਲਤ ਨੇ ਰਾਣਾ ਅਤੇ ਹੇਡਲੀ ਸਣੇ ਇਸ ਮਾਮਲੇ ਵਿਚ ਚਾਰ ਹੋਰ ਵਿਅਕਤੀਆਂ 'ਤੇ ਇਲਜ਼ਾਮ ਲਗਾਏ ਸਨ।

ਰਾਣਾ ਕਿਸ ਮਾਮਲੇ ਵਿੱਚ ਦੋਸ਼ੀ

ਰਾਣਾ ਨੂੰ 12 ਮਾਮਲਿਆਂ ਦਾ ਦੋਸ਼ੀ ਪਾਇਆ ਗਿਆ ਹੈ, ਜਿਸ ਵਿਚ ਅਮਰੀਕੀ ਨਾਗਰਿਕਾਂ ਨੂੰ ਮਾਰਨ ਵਿੱਚ ਮਦਦ ਦਾ ਦੋਸ਼ ਵੀ ਸ਼ਾਮਲ ਹੈ।

ਉਸ 'ਤੇ ਹੇਡਲੀ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਅਤੇ ਹੇਡਲੀ ਅਤੇ "ਮੇਜਰ ਇਕਬਾਲ" ਵਜੋਂ ਜਾਣੇ ਜਾਂਦੇ ਵਿਅਕਤੀ ਵਿਚਕਾਰ ਸੰਦੇਸ਼ ਭੇਜਣ ਦੀ ਵਿਵਸਥਾ ਕਰਵਾਉਣ ਦਾ ਇਲਜ਼ਾਮ ਵੀ ਲਾਇਆ ਗਿਆ ਸੀ।

ਕੁਝ ਲੋਕਾਂ ਦਾ ਮੰਨਣਾ ਹੈ ਕਿ ਮੇਜਰ ਇਕਬਾਲ ਪਾਕਿਸਤਾਨ ਦੀ ਇੰਟਰ-ਸਰਵਿਸ ਇੰਟੈਲੀਜੈਂਸ ਏਜੰਸੀ ਦਾ ਹਿੱਸਾ ਸੀ।

ਰਾਣਾ ਨੂੰ ਲਸ਼ਕਰ-ਏ-ਤਾਇਬਾ ਨੂੰ ਸਮੱਗਰੀ ਸਬੰਧੀ ਸਹਾਇਤਾ ਮੁਹੱਈਆ ਕਰਵਾਉਣ ਅਤੇ ਡੈਨਿਸ਼ ਅਖਬਾਰ ਦੇ ਖ਼ਿਲਾਫ਼ ਇੱਕ ਅਧੂਰੀ ਸਾਜ਼ਿਸ਼ ਵਿੱਚ ਉਸ ਦੀ ਭੂਮਿਕਾ ਲਈ ਦੋਸ਼ੀ ਠਹਿਰਾਇਆ ਗਿਆ ਸੀ।

ਹਾਲਾਂਕਿ, ਪਾਕਿਸਤਾਨੀ ਮੂਲ ਦੇ ਇਸ ਕੈਨੇਡੀਅਨ ਨੂੰ ਮੁੰਬਈ ਹਮਲਿਆਂ ਵਿੱਚ ਸਿੱਧੀ ਸ਼ਮੂਲੀਅਤ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)