ਅਮ੍ਰਿਤਪਾਲ ਸਿੰਘ ਨਾਲ ਜੋੜ ਕੇ ਬੀਬੀਸੀ ਪੰਜਾਬੀ ਬਾਰੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਦਾ ਖੰਡਨ

ਪੰਜਾਬ ਦੇ ਜਲੰਧਰ, ਅਮ੍ਰਿਤਸਰ ਅਤੇ ਕੋਈ ਹੋਰ ਥਾਵਾਂ ਉੱਤੇ ਮੀਡੀਆ ਤੇ ਸੋਸ਼ਲ ਮੀਡੀਆ ਹਲਕਿਆਂ ਵਿੱਚ ਬੀਬੀਸੀ ਪੰਜਾਬੀ ਵਲੋਂ ਅਮ੍ਰਿਤਪਾਲ ਦੀ ਹਾਲ ਵਿੱਚ ਇੰਟਰਵਿਊ ਕੀਤੇ ਜਾਣ ਦੀਆਂ ਚੱਲ ਰਹੀਆਂ ਰਿਪੋਰਟਾਂ ਪੂਰੀ ਤਰ੍ਹਾਂ ਮਨਘੜਤ ਅਤੇ ਬੇਬੁਨਿਆਦ ਹਨ।
ਕਈ ਪੱਤਰਕਾਰਾਂ ਅਤੇ ਇੱਥੋਂ ਤੱਕ ਕਿ ਕੁਝ ਅਫ਼ਸਰਾਂ ਦੇ ਵੀ ਇਹ ਪਤਾ ਕਰਨ ਲਈ ਫੋਨ ਆ ਰਹੇ ਹਨ, ਕਿ ਕੀ ਬੀਬੀਸੀ ਪੰਜਾਬੀ ਨੇ ਹਾਲ ਵਿੱਚ ਖਾਲਿਸਤਾਨ ਸਮਰਥਕ ਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੀ ਇੰਟਰਵਿਊ ਕੀਤੀ ਹੈ ਜਾਂ ਕਰਨ ਜਾ ਰਿਹਾ ਹੈ।
ਜਿਸ ਦਿਨ 18 ਮਾਰਚ ਤੋਂ ਅਮ੍ਰਿਤਪਾਲ ਨੂੰ ਫਰਾਰ ਦੱਸਿਆ ਜਾ ਰਿਹਾ ਹੈ, ਉਸ ਤੋਂ ਬਾਅਦ ਬੀਬੀਸੀ ਪੰਜਾਬੀ ਦੇ ਕਿਸੇ ਵੀ ਪੱਤਰਕਾਰ ਦਾ ਅਮ੍ਰਿਤਪਾਲ ਜਾਂ ਉਸ ਦੇ ਕਿਸੇ ਸਾਥੀ ਨਾਲ ਕੋਈ ਸੰਪਰਕ ਨਹੀਂ ਹੋਇਆ ਹੈ।
ਬੀਬੀਸੀ ਪੰਜਾਬੀ ਨੇ ਨਾ ਉਸ ਦੀ ਹਾਲ਼ ਹੀ ਵਿੱਚ ਕੋਈ ਇੰਟਰਵਿਊ ਕੀਤੀ ਹੈ ਅਤੇ ਨਾ ਹੀ ਕਰਨ ਦੀ ਕੋਈ ਯੋਜਨਾ ਹੈ।
ਬੀਬੀਸੀ ਪੰਜਾਬੀ ਨੇ 28 ਫਰਵਰੀ ਨੂੰ ਅਮ੍ਰਿਤਪਾਲ ਸਿੰਘ ਦਾ ਇੰਟਰਵਿਊ ਉਨ੍ਹਾਂ ਦੇ ਜੱਦੀ ਪਿੰਡ ਜੱਲੂਪੁਰ ਖੇੜਾ ਵਿੱਚ ਕੀਤਾ ਸੀ।
ਪਰ 18 ਮਾਰਚ ਤੋਂ ਬਾਅਦ ਬੀਬੀਸੀ ਪੰਜਾਬੀ ਕੋਲ ਅਮ੍ਰਿਤਪਾਲ ਸਿੰਘ ਦੇ ਪਤੇ ਬਾਰੇ ਓਨੀ ਹੀ ਜਾਣਕਾਰੀ ਹੈ, ਜਿੰਨੀ ਪੁਲਿਸ ਦੱਸ ਰਹੀ ਹੈ।
ਬੀਬੀਸੀ ਪੰਜਾਬੀ ਇਹ ਸਾਫ਼ ਸ਼ਬਦਾਂ ਵਿੱਚ ਸਪੱਸ਼ਟ ਕਰਦਾ ਹੈ ਕਿ ਅਮ੍ਰਿਤਪਾਲ ਨਾਲ ਜੋੜ ਕੇ ਜੋ ਬੀਬੀਸੀ ਪੰਜਾਬੀ ਬਾਰੇ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ, ਉਹ ਪੂਰੀ ਤਰ੍ਹਾਂ ਝੂਠੀਆਂ ਤੇ ਗਲਤ ਹਨ।
ਇਸ ਫੇਕ ਨਿਊਜ਼ ਦਾ ਬੀਬੀਸੀ ਪੰਜਾਬੀ ਪੂਰੀ ਤਰ੍ਹਾਂ ਖੰਡਨ ਕਰਦਾ ਹੈ।

ਤਸਵੀਰ ਸਰੋਤ, Getty Images

ਅਮ੍ਰਿਤਪਾਲ ਕੌਣ ਹੈ
ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਹਨ, ਉਹ ਸਿੱਖਾਂ ਲਈ ਖੁਦਮੁਖਤਿਆਰ ਰਾਜ (ਖਾਲਿਸਤਾਨ) ਦੀ ਪਾਪ੍ਰਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਹਨ।
ਕਈ ਸਾਲ ਦੁਬਈ ਰਹਿਣ ਤੋਂ ਬਾਅਦ ਪਿਛਲੇ ਸਾਲ ਅਗਸਤ ਮਹੀਨੇ ਪੰਜਾਬ ਵਿੱਚ ਵਾਪਸ ਆਏ ਅਤੇ ਉਨ੍ਹਾਂ ਅਮ੍ਰਿਤ ਸੰਚਾਰ ਅਤੇ ਨਸ਼ਾ ਛੁਡਾਊ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾਂ ਸ਼ੁਰੂ ਕੀਤਾ।
ਪਰ ਉਹ ਆਪਣੇ ਗਰਮਸੁਰ ਵਾਲੇ ਭਾਸ਼ਣਾ ਅਤੇ ਗੁਰਦੁਆਰਿਆਂ ਵਿਚਲੇ ਬੈਂਚ ਸਾੜਨ ਤੇ ਅਜਨਾਲਾ ਥਾਣੇ ਅੱਗੇ ਹੋਈ ਹਿੰਸਾ ਕਾਰਨ ਵਿਵਾਦਾਂ ਵਿੱਚ ਆ ਗਏ।
ਪੁਲਿਸ ਪਿਛਲੇ ਸ਼ਨੀਵਾਰ ਤੋਂ ਉਸ ਦਾ ਪਿੱਛਾ ਕਰ ਰਹੀ ਹੈ ਅਤੇ ਪੰਜਾਬ ਵਿੱਚ ਉਸ ਦੇ ਸਮਰਥਕਾਂ ਦੀ ਵੱਡੇ ਪੱਧਰ ਉੱਤੇ ਫੜੋ-ਫੜੀ ਚੱਲ ਰਹੀ ਹੈ।

ਅਮ੍ਰਿਤਪਾਲ ’ਤੇ ਕਿਉਂ ਹੋਈ ਕਾਰਵਾਈ
ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੇ ਇੱਕ ਸਾਥੀ ਨੂੰ ਰਿਹਾਅ ਕਰਵਾਉਣ ਲਈ 23 ਫਰਵਰੀ ਨੂੰ ਅਜਨਾਲਾ ਥਾਣੇ ਦਾ ਘਿਰਾਓ ਕੀਤਾ ਸੀ। ਇਸ ਘਿਰਾਓ ਦੌਰਾਨ ਹਿੰਸਾ ਵੀ ਹੋਈ ਸੀ।
ਪੁਲਿਸ ਮੁਤਾਬਕ 18 ਮਾਰਚ ਨੂੰ ਇਸੇ ਮਾਮਲੇ ਤਹਿਤ ਜਲੰਧਰ ਦੇ ਸ਼ਾਹਕੋਟ-ਮਲਸੀਆਂ ਰੋਡ ਉੱਤੇ ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਨਾਕਾ ਲਗਾ ਕੇ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਨਾਕਾ ਤੋੜ ਕੇ ਫਰਾਰ ਹੋ ਗਿਆ ਸੀ।
ਉਸ ਸਮੇਂ ਤੋਂ ਲੈ ਕੇ ਹੁਣ ਤੱਕ ਅਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ।
ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ 353 ਲੋਕਾਂ ਵਿੱਚੋਂ 197 ਨੂੰ ਰਿਹਾਅ ਕਰ ਦਿੱਤਾ ਗਿਆ ਹੈ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)












