ਜੰਮੂ ਕਸ਼ਮੀਰ: 'ਮੈਂ ਹਮੇਸ਼ਾ ਖ਼ਬਰਾਂ ਦੇਖਦੀ ਸੀ ਕਿ ਮੇਰਾ ਪੁੱਤ ਉੱਥੇ ਹੈ, ਬਸ ਕੱਲ੍ਹ ਹੀ ਖ਼ਬਰਾਂ ਨਹੀਂ ਦੇਖੀਆਂ'

ਤਸਵੀਰ ਸਰੋਤ, ANI, Gen. VK Singh
ਬੁੱਧਵਾਰ ਨੂੰ ਭਾਰਤ ਸ਼ਾਸਿਤ ਕਸ਼ਮੀਰ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਭਾਰਤੀ ਫੌਜ ਦੇ ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼ ਧੌਂਚਕ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਇੱਕ ਡੀਐਸਪੀ ਹੁਮਾਯੂੰ ਭੱਟ ਦੀ ਮੌਤ ਹੋ ਗਈ ਹੈ।
ਅਨੰਤਨਾਗ ਦੇ ਗਰੋਲ ਇਲਾਕੇ 'ਚ ਅੱਤਵਾਦੀਆਂ ਨਾਲ ਗੋਲੀਬਾਰੀ 'ਚ ਇਹ ਤਿੰਨੇ ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਇਨ੍ਹਾਂ ਅਧਿਕਾਰੀਆਂ ਦੀ ਇਲਾਜ ਦੌਰਾਨ ਮੌਤ ਹੋ ਗਈ।
ਪਾਬੰਦੀਸ਼ੁਦਾ ਰੈਜਿਸਟੈਂਸ ਫਰੰਟ ਨੇ ਇਸ ਹਮਲੇ ਦੀ ਕਥਿਤ ਤੌਰ ਉੱਤੇ ਜ਼ਿੰਮੇਵਾਰੀ ਲਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਪਾਕਿਸਤਾਨ ਦੇ ਲਸ਼ਕਰ-ਏ-ਤੈਇਬਾ ਦਾ ਪ੍ਰੌਕਸੀ ਸੰਗਠਨ ਹੈ।
ਇਸ ਮੁਕਾਬਲੇ 'ਚ ਮਾਰੇ ਗਏ ਤਿੰਨੇ ਅਧਿਕਾਰੀਆਂ ਦੇ ਘਰ ਇਸ ਵੇਲੇ ਮਾਤਮ ਦਾ ਮਾਹੌਲ ਹੈ।
ਕਸ਼ਮੀਰ ਪੁਲਿਸ ਦੇ ਡੀਐਸਪੀ ਹੁਮਾਯੂੰ ਭੱਟ ਨੂੰ ਸਪੁਰਦ ਏ ਖ਼ਾਕ ਕਰ ਦਿੱਤਾ ਗਿਆ ਹੈ ਜਦਕਿ ਕਰਨਲ ਮਨਪ੍ਰੀਤ ਅਤੇ ਮੇਜਰ ਆਸ਼ੀਸ਼ ਦੇ ਘਰ ਵਾਲੇ ਅਜੇ ਵੀ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਦੀ ਉਡੀਕ ਕਰ ਰਹੇ ਹਨ।

ਤਸਵੀਰ ਸਰੋਤ, Gen.VK Singh, Sat Singh/BBC, Jammu Kashmir Police
ਕਰਨਲ ਮਨਪ੍ਰੀਤ ਸਿੰਘ ਕਰ ਰਹੇ ਸਨ ਟੀਮ ਦੀ ਅਗਵਾਈ
ਪੰਜਾਬ ਦੇ ਮੋਹਾਲੀ ਨੇੜੇ ਮੁਲ੍ਹਾਪੁਰ ਦੇ ਭੜੋਂਜੀਆਂ ਪਿੰਡ ਦੇ ਰਹਿਣ ਵਾਲੇ ਕਰਨਲ ਮਨਪ੍ਰੀਤ ਸਿੰਘ 12ਵੀਂ ਸਿੱਖ ਐਲਆਈ ਨਾਲ ਸਬੰਧਤ ਸਨ ਅਤੇ ਸੈਨਾ ਮੈਡਲ ਪ੍ਰਾਪਤ ਫੌਜੀ ਸਨ।
ਅਧਿਕਾਰੀਆਂ ਮੁਤਾਬਕ, ਜਦੋਂ ਰਾਤ ਦੀ ਕਾਰਵਾਈ ਮਗਰੋਂ ਸਵੇਰੇ ਇੱਕ ਵਾਰ ਫਿਰ ਫੌਜ ਨੇ ਅੱਤਵਾਦੀਆਂ ਖ਼ਿਲਾਫ਼ ਆਪਣੀ ਕਾਰਵਾਈ ਸ਼ੁਰੂ ਕੀਤੀ ਤਾਂ ਆਪਣੀ ਟੀਮ ਦੀ ਅਗਵਾਈ ਕਰ ਰਹੇ ਕਰਨਲ ਮਨਪ੍ਰੀਤ ਸਿੰਘ ਨੇ ਅੱਤਵਾਦੀਆਂ 'ਤੇ ਹਮਲਾ ਕਰ ਦਿੱਤਾ।
ਹਾਲਾਂਕਿ ਅੱਤਵਾਦੀਆਂ ਵਲੋਂ ਚਲਾਈਆਂ ਗਈਆਂ ਗੋਲੀਆਂ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਸਨ।
ਜਦੋਂ ਤੋਂ ਉਨ੍ਹਾਂ ਦੇ ਪਿੰਡ ਦੇ ਵਿੱਚ ਉਨ੍ਹਾਂ ਦੀ ਮੌਤ ਦੀ ਖ਼ਬਰ ਪਹੁੰਚੀ ਹੈ, ਉੱਥੇ ਮਾਤਮ ਦਾ ਮਾਹੌਲ ਹੈ।
ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਮਰਹੂਮ ਮਨਪ੍ਰੀਤ ਸਿੰਘ ਦੇ ਪਰਿਵਾਰ ਨਾਲ ਗੱਲਬਾਤ ਕੀਤੀ।

‘... ਤਾਂ ਮਾਵਾਂ ਦੇ ਪੁੱਤ ਨਾ ਮਰਨ’
ਮਨਪ੍ਰੀਤ ਸਿੰਘ ਦੇ ਮਾਂ ਮਨਜੀਤ ਕੌਰ ਵਿਰਲਾਪ ਕਰਦਿਆਂ ਕਹਿੰਦੇ ਹਨ ਕਿ ''ਉਹ ਨਾ ਹੀ ਵੱਡਾ ਰੈਂਕ ਲੈਂਦਾ, ਛੋਟੇ ਰੈਂਕ 'ਚ ਹੀ ਰਹਿ ਜਾਂਦਾ।''
''ਸਰਕਾਰ ਅੱਤਵਾਦੀ ਖ਼ਤਮ ਨਹੀਂ ਕਰਦੀ, ਅੱਤਵਾਦੀ ਖ਼ਤਮ ਕਰ ਦੇਵੇ, ਤਾਂ ਮਾਵਾਂ ਦੇ ਪੁੱਤ ਨਾ ਮਰਨ।''
''ਮੈਂ ਹਮੇਸ਼ਾਂ ਖ਼ਬਰਾਂ ਦੇਖਦੀ ਸੀ ਕਿ ਮੇਰਾ ਪੁੱਤ ਹੈ ਉੱਥੇ, ਬਸ ਕੱਲ੍ਹ ਹੀ ਨਹੀਂ ਦੇਖੀਆਂ ਖ਼ਬਰਾਂ।''
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੁੱਤ ਬਹੁਤ ਕੰਮ ਕਰਦਾ ਸੀ, ਉਸ ਕੋਲ ਤਾਂ ਫੋਨ 'ਤੇ ਗੱਲ ਕਰਨ ਦਾ ਸਮਾਂ ਵੀ ਨਹੀਂ ਹੁੰਦਾ ਸੀ।
ਮਨਪ੍ਰੀਤ ਦੇ ਇੱਕ ਰਿਸ਼ਤੇਦਾਰ ਦੱਸਦੇ ਹਨ ਕਿ ''ਉਹ ਬਹੁਤ ਬਹਾਦਰ ਮੁੰਡਾ ਸੀ। ਜਿਸ ਰੈਜੀਮੈਂਟ 'ਚ ਉਸ ਦੇ ਪਿਤਾ ਨੇ ਨਾਇਕ ਦੀ ਡਿਊਟੀ ਨਿਭਾਈ, ਉਸੇ 'ਚ ਪੁੱਤ ਅਫ਼ਸਰ ਬਣ ਕੇ ਗਿਆ ਸੀ।''
‘ਡੈਡੀ ਦੀਆਂ ਵਰਦੀਆਂ ਦੇ ਪੁਰਾਣੇ ਕਮੀਜ਼ ਪਹਿਨਦਾ ਸੀ’
ਮਨਪ੍ਰੀਤ ਦੀ ਮਾਂ ਰੋਂਦੇ ਹੋਏ ਕਹਿੰਦੇ ਹਨ ''ਕੱਲ੍ਹ ਮੈਨੂੰ ਘਰ ਵਾਲੇ ਇਹੀ ਕਹਿੰਦੇ ਰਹੇ ਕਿ ਹਸਪਤਾਲ 'ਚ ਹੈ। ਨਾ ਕਿਸੇ ਮੈਨੂੰ ਫੋਨ ਦੇਖਣ ਦਿੱਤਾ ਤੇ ਨਾ ਟੀਵੀ। ਫਿਰ ਮੈਂ ਸਵੇਰੇ ਖ਼ਬਰਾਂ ਲਗਾ ਕੇ ਦੇਖਣ ਲੱਗ ਗਈ।''
''ਅੱਠ-ਅੱਠ ਦਿਨ ਸਾਡੀ ਗੱਲ ਨਹੀਂ ਹੁੰਦੀ ਸੀ। ਉਹ ਸ਼ਨੀਵਾਰ-ਐਤਵਾਰ ਨੂੰ ਫ਼ੋਨ ਕਰਦਾ ਸੀ। ਜਦੋਂ ਉਹ ਆਪ੍ਰੇਸ਼ਨ 'ਤੇ ਹੁੰਦਾ ਸੀ ਤਾਂ ਫੋਨ ਨਹੀਂ ਸੀ ਚੁੱਕ ਸਕਦਾ। ਅਸੀਂ ਰਿੰਗ ਕਰਕੇ ਛੱਡ ਦਿੰਦੇ ਸੀ, ਫਿਰ ਉਹ ਆਪ ਫ਼ੋਨ ਕਰਦਾ ਸੀ।''
ਮਨਪ੍ਰੀਤ ਸਿੰਘ ਦੇ ਦਾਦਾ ਅਤੇ ਪਿਤਾ ਵੀ ਫੌਜ ਵੀ 'ਚ ਸਨ। ਮਨਪ੍ਰੀਤ ਦੇ ਮਾਂ ਕਹਿੰਦੇ ਹਨ ਕਿ ''ਉਸ ਦੇ ਪਿਤਾ ਉਸ ਨੂੰ ਫੌਜ 'ਚ ਨਹੀਂ ਭੇਜਣਾ ਚਾਹੁੰਦੇ ਸੀ। ਉਹ ਪੜ੍ਹਾਈ 'ਚ ਚੰਗਾ ਸੀ, ਪਿਤਾ ਚਾਹੁੰਦੇ ਸਨ ਕਿ ਇੱਥੇ ਰਹਿ ਕੇ ਹੀ ਕੁਝ ਹੋਰ ਕਰ ਲਵੇ।''
''ਪਰ ਉਸ ਨੂੰ ਫੌਜ 'ਚ ਜਾਣ ਦਾ ਬਹੁਤ ਸੌਂਕ ਸੀ। ਸਕੂਲ ਪੜ੍ਹਨ ਵੇਲੇ ਉਹ ਆਪਣੇ ਡੈਡੀ ਦੀਆਂ ਵਰਦੀਆਂ ਦੇ ਪੁਰਾਣੇ ਕਮੀਜ਼ ਪਹਿਨਦਾ ਸੀ।''
''ਮੈਂ ਉਸ ਦੇ ਡੈਡੀ ਨੂੰ ਮਨਾਇਆ ਕਿ ਇਸ ਦਾ ਮਨ 'ਚ ਫੌਜ 'ਚ ਜਾਣ ਦਾ ਹੈ, ਇਸ ਨੇ ਦੇਸ਼ ਦੀ ਸੇਵਾ ਕਰਨੀ ਹੈ ਤਾਂ ਇਸ ਨੂੰ ਜਾਣ ਦਿਓ।''


- ਭਾਰਤ ਸ਼ਾਸਿਤ ਕਸ਼ਮੀਰ 'ਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਫੌਜ ਦੇ ਇੱਕ ਕਰਨਲ, ਇੱਕ ਮੇਜਰ ਅਤੇ ਕਸ਼ਮੀਰ ਪੁਲਿਸ ਦੇ ਡੀਐਸਪੀ ਦੀ ਜਾਨ ਚਲੀ ਗਈ ਹੈ
- ਫੌਜ ਨੇ ਮੰਗਲਵਾਰ ਨੂੰ ਇਨ੍ਹਾਂ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਸੀ ਪਰ ਰਾਤ ਨੂੰ ਇਸ ਨੂੰ ਟਾਲ ਦਿੱਤਾ ਗਿਆ ਸੀ
- ਬੁੱਧਵਾਰ ਸਵੇਰੇ ਇੱਕ ਵਾਰ ਫਿਰ ਫੌਜ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ ਤੇ ਉਸੇ ਦੌਰਾਨ ਇਹ ਤਿੰਨ ਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ
- ਅਧਿਕਾਰੀਆਂ ਮੁਤਾਬਕ, ਹਸਪਤਾਲ ਵਿੱਚ ਇਲਾਜ ਦੌਰਾਨ ਤਿੰਨਾਂ ਅਧਿਕਾਰੀਆਂ ਨੇ ਆਪਣੀ ਜਾਨ ਗੁਆ ਦਿੱਤੀ
- ਮ੍ਰਿਤਕ ਕਰਨਲ ਮਨਪ੍ਰੀਤ ਸਿੰਘ ਪੰਜਾਬ, ਮੇਜਰ ਆਸ਼ੀਸ਼ ਹਰਿਆਣਾ ਅਤੇ ਡੀਐਸਪੀ ਹੁਮਾਯੂੰ ਭੱਟ ਕਸ਼ਮੀਰ ਦੇ ਰਹਿਣ ਵਾਲੇ ਸਨ
- ਪਾਬੰਦੀਸ਼ੁਦਾ ਰੈਜਿਸਟੈਂਸ ਫਰੰਟ ਨੇ ਇਸ ਹਮਲੇ ਦੀ ਕਥਿਤ ਤੌਰ ਉੱਤੇ ਜ਼ਿੰਮੇਵਾਰੀ ਲਈ ਹੈ
- ਅਧਿਕਾਰੀਆਂ ਅਨੁਸਾਰ, ਇਸ ਮੁਕਾਬਲੇ ਵਾਲਾ ਅੱਤਵਾਦੀ ਸਮੂਹ ਉਹੀ ਕੱਟੜਪੰਥੀ ਸਮੂਹ ਹੈ, ਜਿਨ੍ਹਾਂ ਨੇ 4 ਅਗਸਤ ਨੂੰ ਕੁਲਗਾਮ 'ਚ ਫੌਜ ਦੇ ਜਵਾਨਾਂ 'ਤੇ ਹਮਲਾ ਕੀਤਾ ਸੀ
- ਇਸ ਹਮਲੇ ਵਿੱਚ ਵੀ ਭਾਰਤੀ ਫੌਜ ਦੇ ਤਿੰਨ ਫੌਜੀਆਂ ਦੀ ਜਾਨ ਚਲੀ ਗਈ ਸੀ


'ਜਿਸ ਯੂਨਿਟ ਤੋਂ ਮੇਰੇ ਪਾਪਾ ਪੈਨਸ਼ਨ ਆਏ ਹਨ, ਮੈਨੂੰ ਉਸੇ ਯੂਨਿਟ ਭੇਜ ਦਿਓ'
ਕਰਨਲ ਮਨਪ੍ਰੀਤ ਇੱਕ ਆਮ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਅਤੇ ਉਨ੍ਹਾਂ ਦੇ ਪਤਨੀ ਦੋ ਬੱਚਿਆਂ ਨਾਲ ਚੰਡੀ ਮੰਦਿਰ ਨੇੜੇ ਰਹਿੰਦੇ ਹਨ।
ਉਨ੍ਹਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਨ੍ਹਾਂ ਦਾ ਇੱਕ ਹੋਰ ਭਰਾ ਅਤੇ ਭੈਣ ਹਨ।
ਮਨਪ੍ਰੀਤ ਨੇ ਆਪਣੀ ਪੜ੍ਹਾਈ ਕੇਂਦਰੀ ਵਿਦਿਆਲਿਆ ਤੋਂ ਕੀਤੀ ਸੀ। ਮਨਪ੍ਰੀਤ ਸਿੰਘ ਦੇ ਚਾਚਾ ਮੁਤਾਬਕ, ਉਨ੍ਹਾਂ ਨੇ ਸਕੂਲ ਤੋਂ ਬਾਅਦ ਸੀਏ ਦੀ ਪੜ੍ਹਾਈ ਕੀਤੀ ਸੀ।
ਉਹ ਦੱਸਦੇ ਹਨ ਕਿ ਫੌਜ ਦੀ ਟਰੇਨਿੰਗ ਤੋਂ ਬਾਅਦ ਕੈਪਟਨ ਬਣਨ ਵੇਲੇ ਜਦੋਂ ਉਨ੍ਹਾਂ ਨੂੰ ਪੋਸਟਿੰਗ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ 'ਜਿਸ ਯੂਨਿਟ ਤੋਂ ਮੇਰੇ ਪਾਪਾ ਪੈਨਸ਼ਨ ਆਏ ਹਨ, ਮੈਨੂੰ ਉਸੇ ਯੂਨਿਟ ਭੇਜ ਦਿਓ'।
ਮਨਪ੍ਰੀਤ ਸਿੰਘ 2004 'ਚ ਭਾਰਤੀ ਫੌਜ 'ਚ ਭਰਤੀ ਹੋਏ ਸਨ ਅਤੇ ਪਿਛਲੇ ਚਾਰ ਸਾਲਾਂ ਤੋਂ ਕਸ਼ਮੀਰ ਵਿੱਚ ਸਨ।
ਉਨ੍ਹਾਂ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਜਨਵਰੀ 'ਚ ਘਰ ਆਇਆ ਸੀ ਅਤੇ ਉਸ ਨੇ ਹੁਣ ਘਰ ਆਉਣਾ ਸੀ।

ਤਸਵੀਰ ਸਰੋਤ, @Gen_VKSingh
‘ਉਸ ਦੀ ਪਤਨੀ ਤਾਂ ਕੁਝ ਵੀ ਬੋਲਣ ਦੀ ਹਾਲਤ 'ਚ ਨਹੀਂ’
ਮਨਪ੍ਰੀਤ ਸਿੰਘ ਦੇ ਸਹੁਰੇ ਜਗਦੇਵ ਸਿੰਘ ਨੇ ਖ਼ਬਰ ਏਜੰਸੀ ਏਐਨਆਈ ਨਾਲ ਕਰਦਿਆਂ ਕਿਹਾ ਕਿ ''ਸਾਨੂੰ ਕੱਲ੍ਹ ਸ਼ਾਮ ਨੂੰ ਪਤਾ ਲੱਗਿਆ ਅਤੇ ਅਸੀਂ ਬਹੁਤ ਦੁਖੀ ਹਾਂ।''
ਆਪਣੀ ਧੀ ਦਾ ਹਾਲ ਦੱਸਦਿਆਂ ਉਨ੍ਹਾਂ ਕਿਹਾ ਕਿ ''ਉਹ ਕੁਝ ਵੀ ਬੋਲਣ ਦੀ ਹਾਲਤ 'ਚ ਨਹੀਂ। ਹਾਲਤ ਹੀ ਅਜਿਹੀ ਹੋ ਗਈ ਹੈ, ਅਸੀਂ ਨਹੀਂ ਬੋਲ ਪਾ ਰਹੇ ਉਹ ਤਾਂ ਕੀ ਬੋਲੇਗੀ ਵਿਚਾਰੀ।''
ਮਨਪ੍ਰੀਤ ਸਿੰਘ ਦਾ ਇੱਕ 6 ਸਾਲ ਪੁੱਤਰ ਹੈ ਅਤੇ ਇੱਕ ਨਿੱਕੀ ਧੀ ਵੀ ਹੈ।

ਤਸਵੀਰ ਸਰੋਤ, ANI

ਮੇਜਰ ਆਸ਼ੀਸ਼ ਨੇ ਅਗਲੇ ਮਹੀਨੇ ਛੁੱਟੀ ਆਉਣਾ ਸੀ

ਤਸਵੀਰ ਸਰੋਤ, Sat Singh/BBC
ਅਧਿਕਾਰੀਆਂ ਨੇ ਦੱਸਿਆ ਕਿ ਮੇਜਰ ਆਸ਼ੀਸ਼ ਧੌਂਚਕ ਅਤੇ ਡੀਐਸਪੀ ਭੱਟ ਨੂੰ ਵੀ ਗੋਲੀਆਂ ਲੱਗੀਆਂ ਜਿਸ ਕਾਰਨ ਉਹ ਦੋਵੇਂ ਵੀ ਗੰਭੀਰ ਜ਼ਖਮੀ ਹੋ ਗਏ ਸਨ।
ਬੀਬੀਸੀ ਸਹਿਯੋਗੀ ਸਤ ਸਿੰਘ ਮੁਤਾਬਕ, ਮੇਜਰ ਆਸ਼ੀਸ਼ ਹਰਿਆਣਾ ਦੇ ਪਾਣੀਪਤ ਦੇ ਪਿੰਡ ਬਿੰਝੌਲ ਦੇ ਰਹਿਣ ਵਾਲੇ ਸਨ।
ਉਨ੍ਹਾਂ ਦੇ ਪਿਤਾ ਲਾਲਚੰਦ ਐਨਐਫਐਲ ਤੋਂ ਸੇਵਾਮੁਕਤ ਹਨ ।
36 ਸਾਲਾ ਮੇਜਰ ਆਸ਼ੀਸ਼ ਧੌਂਚਕ ਨੇ ਆਪਣੀ ਵਾਅਦਾ ਕੀਤਾ ਸੀ ਕਿ ਉਹ ਆਪਣੇ ਨਵੇਂ ਘਰ ਦੇ ਗ੍ਰਹਿ ਪ੍ਰਵੇਸ਼ ਵਿੱਚ ਜ਼ਰੂਰ ਸ਼ਾਮਿਲ ਹੋਣਗੇ, ਜੋ ਅਗਲੇ ਮਹੀਨੇ ਉਨ੍ਹਾਂ ਦੇ ਜਨਮ ਦਿਨ ਵਾਲੇ ਦਿਨ 23 ਅਕਤੂਬਰ ਨੂੰ ਹੋਣਾ ਸੀ।
ਫਿਲਹਾਲ ਉਨ੍ਹਾਂ ਦੇ ਮਾਪੇ, ਉਨ੍ਹਾਂ ਦੀ ਪਤਨੀ ਆਪਣੀ ਦੋ ਸਾਲਾ ਦੀ ਧੀ ਨਾਲ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ।
ਆਸ਼ਿਸ਼ ਦਾ ਮਾ ਕਮਲਾ ਨੇ ਆਪਣੇ ਪੁੱਤਰ ਨੂੰ ਗਲੇ ਲਗਾਉਣ ਦੀ ਇੱਛਾ ਜ਼ਾਹਰ ਕੀਤੀ ਤਾਂ ਜੋ ਉਨ੍ਹਾਂ ਦੇ ਪਰਿਵਾਰ ਅਤੇ ਦੇਸ਼ ਦਾ ਮਾਣ ਵਧਾਇਆ ਹੈ।
ਉਨ੍ਹਾਂ ਨੇ ਭਾਵੁਕ ਹੋ ਕੇ ਐਲਾਨ ਕੀਤਾ, "ਮੈਂ ਉਸ ਨੂੰ ਗਲੇ ਲਗਾ ਲਵਾਂਗੀ ਅਤੇ ਮਾਤ ਭੂਮੀ ਦੀ ਸੇਵਾ ਲਈ ਉਸ ਦੀ ਪਿੱਠ ਥਾਪੜਾਂਗੀ। ਉਸ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਇਸ ਕੌਮ ਦਾ ਹੈ ਅਤੇ ਮੇਰਾ ਹੈ।"
ਪਰ ਅਜਿਹੀਆਂ ਗੱਲਾਂ ਕਰਦਿਆਂ ਉਨ੍ਹਾਂ ਰੋਣਾ ਰੁਕ ਨਹੀਂ ਰਿਹਾ ਸੀ।
ਦੁਖੀ ਪਰਿਵਾਰ ਨੇ ਸਵਾਲ ਕੀਤਾ, "ਆਸ਼ੀਸ਼ ਵਰਗੇ ਨੌਜਵਾਨ ਨਾਇਕ ਕਦੋਂ ਤੱਕ ਤਿਰੰਗੇ 'ਚ ਲਪੇਟ ਕੇ ਘਰ ਪਰਤਣਗੇ, ਜਦਕਿ ਅੱਤਵਾਦੀ ਦੇਸ਼ ਦੀਆਂ ਸਰਹੱਦਾਂ 'ਤੇ ਖ਼ਤਰਾ ਬਣਦੇ ਰਹੇ।"
ਉਨ੍ਹਾਂ ਨੇ ਸਰਕਾਰ ਨੂੰ ਅੱਤਵਾਦ ਦੇ ਖ਼ਤਰੇ ਨੂੰ ਹਮੇਸ਼ਾ ਲਈ ਖ਼ਤਮ ਕਰਨ ਲਈ ਫ਼ੈਸਲਾਕੁੰਨ ਕਾਰਵਾਈ ਲਈ ਕਿਹਾ।

ਤਸਵੀਰ ਸਰੋਤ, Sat Singh/BBC
ਮੇਜਰ ਆਸ਼ੀਸ਼ ਦੇ ਸਾਲੇ ਨੇ ਦੱਸਿਆ ਕਿ ਉਨ੍ਹਾਂ ਨੂੰ ਮੀਡੀਆ ਰਾਹੀਂ ਖ਼ਬਰ ਮਿਲੀ ਸੀ। ਇਸ ਤੋਂ ਪਹਿਲਾਂ ਫੌਜ ਦੇ ਹੈੱਡਕੁਆਟਰ ਤੋਂ ਫੋਨ ਆਇਆ ਸੀ ਕਿ ਆਸ਼ਿਸ਼ ਜਖਮੀ ਹੋ ਗਏ ਸਨ।
ਉਨ੍ਹਾਂ ਨੇ ਦੱਸਿਆ, 'ਆਸ਼ੀਸ਼ 2012 ਵਿੱਚ ਫੌਜ ਵਿੱਚ ਭਰਤੀ ਹੋਏ ਸਨ ਅਤੇ ਉਨ੍ਹਾਂ ਦੀ ਮੇਰਠ ਤੋਂ ਬਾਅਦ ਕਸ਼ਮੀਰ ਵਿੱਚ ਪੋਸਟਿੰਗ ਹੋਈ ਸੀ।"
ਸ਼ੁਰੇਸ਼ ਨੇ ਅੱਗੇ ਦੱਸਿਆ ਕਿ ਆਸ਼ੀਸ਼ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ ਉਨ੍ਹਾਂ ਦੀ ਟੀਮ ਇੱਕ ਅਪਰੇਸ਼ਨ 'ਤੇ ਸੀ ਅਤੇ ਇਸਨੂੰ ਸਫਲਤਾਪੂਰਵਕ ਅੰਜਾਮ ਦੇ ਰਹੀ ਹੈ।
ਉਨ੍ਹਾਂ ਦੇ ਚਾਚਾ ਨੇ ਗੱਲਬਾਤ ਦੌਰਾਨ ਦੱਸਿਆ ਕਿ 3 ਦਿਨ ਪਹਿਲਾਂ ਆਸ਼ੀਸ਼ ਦੀ ਉਨ੍ਹਾਂ ਨਾਲ ਫੋਨ 'ਤੇ ਗੱਲ ਹੋਈ ਸੀ। ਉਨ੍ਹਾਂ ਕਿਹਾ ਸੀ ਕਿ ਉਹ 13 ਅਕਤੂਬਰ ਨੂੰ ਘਰ ਆਉਣਗੇ ਅਤੇ ਉਸ ਤੋਂ ਬਾਅਦ ਨਵੇਂ ਘਰ 'ਚ ਗ੍ਰਹਿ ਪ੍ਰਵੇਸ਼ ਕਰਨਗੇ।
ਡੀਐੱਸਪੀ ਹੁਮਾਯੂੰ ਭੱਟ ਹੋਏ ਸਪੁਰਦ-ਏ-ਖ਼ਾਕ

ਤਸਵੀਰ ਸਰੋਤ, @JmuKmrPolice
ਜੰਮੂ-ਕਸ਼ਮੀਰ ਪੁਲਿਸ ਦੇ ਡੀਐੱਸਪੀ ਹੁਮਾਯੂੰ ਭੱਟ ਦੀ ਵੀ ਦੋ ਮਹੀਨੇ ਦੀ ਬੇਟੀ ਹੈ। ਉਹ ਜੰਮੂ-ਕਸ਼ਮੀਰ ਦੇ ਸੇਵਾਮੁਕਤ ਆਈਜੀ ਦੇ ਪੁੱਤਰ ਹਨ।
ਜ਼ਖਮੀ ਹੋਣ ਤੋਂ ਬਾਅਦ ਜ਼ਿਆਦਾ ਖੂਨ ਵਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਡੀਐਸਪੀ ਹੁਮਾਯੂੰ ਭੱਟ ਨੂੰ ਸਪੁਰਦ ਏ ਖ਼ਾਕ ਕਰ ਦਿੱਤਾ ਗਿਆ ਹੈ।
ਅਧਿਕਾਰੀਆਂ ਨੇ ਮੁਕਾਬਲੇ ਬਾਰੇ ਕੀ ਦੱਸਿਆ

ਤਸਵੀਰ ਸਰੋਤ, @JmuKmrPolice
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਅਧਿਕਾਰੀਆਂ ਦਾ ਮੰਨਣਾ ਹੈ ਕਿ ਜਿਸ ਅੱਤਵਾਦੀ ਸਮੂਹ ਨਾਲ ਇਹ ਮੁਕਾਬਲਾ ਹੋਇਆ ਹੈ ਉਹ ਉਹੀ ਕੱਟੜਪੰਥੀ ਸਮੂਹ ਹੈ, ਜਿਨ੍ਹਾਂ ਨੇ 4 ਅਗਸਤ ਨੂੰ ਕੁਲਗਾਮ 'ਚ ਫੌਜ ਦੇ ਜਵਾਨਾਂ 'ਤੇ ਹਮਲਾ ਕਰਕੇ ਤਿੰਨ ਫੌਜੀਆਂ ਨੂੰ ਮਾਰ ਦਿੱਤਾ ਸੀ।
ਫੌਜ ਨੇ ਮੰਗਲਵਾਰ ਨੂੰ ਇਨ੍ਹਾਂ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਸੀ ਪਰ ਰਾਤ ਨੂੰ ਇਸ ਨੂੰ ਟਾਲ ਦਿੱਤਾ ਗਿਆ ਸੀ।
ਅਧਿਕਾਰੀਆਂ ਮੁਤਾਬਕ, ਜਦੋਂ ਸਵੇਰੇ ਸੂਚਨਾ ਮਿਲੀ ਕਿ ਅੱਤਵਾਦੀ ਉੱਚੀਆਂ ਥਾਵਾਂ 'ਤੇ ਲੁਕੇ ਹੋਏ ਹਨ ਤਾਂ ਕਾਰਵਾਈ ਮੁੜ ਸ਼ੁਰੂ ਕਰ ਦਿੱਤੀ ਗਈ।
ਇਸ ਦੌਰਾਨ ਸਾਹਮਣੇ ਤੋਂ ਹੋ ਰਹੀ ਗੋਲੀਬਾਰੀ ਵਿੱਚ ਕਰਨਲ, ਮੇਜਰ ਅਤੇ ਡੀਐਸਪੀ ਨੂੰ ਗੋਲੀ ਲੱਗ ਗਈ ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।

ਤਸਵੀਰ ਸਰੋਤ, @JmuKmrPolice
ਕਸ਼ਮੀਰ ਦੀ 15ਵੀਂ ਕਾਪਰਸ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਸਹੀ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਫੌਜ ਅਤੇ ਪੁਲਿਸ ਨੇ 12-13 ਸਤੰਬਰ ਦੀ ਰਾਤ ਨੂੰ ਅਨੰਤਨਾਗ ਦੇ ਗੈਰੋਲ ਖੇਤਰ ਵਿੱਚ ਇੱਕ ਸੰਯੁਕਤ ਆਪ੍ਰੇਸ਼ਨ ਸ਼ੁਰੂ ਕੀਤਾ ਸੀ।
ਇਕ ਹੋਰ ਫੌਜੀ ਦੇ ਬਾਰੇ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ ਅਤੇ ਖਦਸ਼ਾ ਹੈ ਕਿ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਸਕਦਾ ਹੈ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਡੀਜੀਪੀ ਦਿਲਬਾਗ ਸਿੰਘ ਨੇ ਪੁਲਿਸ ਅਤੇ ਫੌਜ ਦੇ ਬਹਾਦਰ ਅਧਿਕਾਰੀਆਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ।
ਉਨ੍ਹਾਂ ਹਰ ਜਾਨੀ ਨੁਕਸਾਨ ਨੂੰ ਮੰਦਭਾਗਾ ਦੱਸਿਆ ਅਤੇ ਜ਼ੋਰ ਦੇ ਕੇ ਕਿਹਾ ਕਿ ਇਸ ਅਪਰਾਧ ਲਈ ਦੋਸ਼ੀਆਂ ਨੂੰ ਜਲਦੀ ਹੀ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਭੱਟ, ਇੱਕ ਦੋ ਮਹੀਨੇ ਦੀ ਧੀ ਦੇ ਪਿਤਾ ਅਤੇ ਜੰਮੂ ਅਤੇ ਕਸ਼ਮੀਰ ਪੁਲਿਸ ਦੇ ਸੇਵਾਮੁਕਤ ਇੰਸਪੈਕਟਰ ਜਨਰਲ ਗੁਲਾਮ ਹਸਨ ਭੱਟ ਦੇ ਪੁੱਤਰ ਸਨ, ਜਿਨ੍ਹਾਂ ਦੀ ਬਹੁਤ ਜ਼ਿਆਦਾ ਲਹੂ ਵਗਣ ਕਾਰਨ ਮੌਤ ਹੋ ਗਈ।

ਤਸਵੀਰ ਸਰੋਤ, @OfficeOfLGJandK














