ਬਾਇਜੂਜ਼: ਕਦੇ ਦੇਸ਼ ਦਾ ਸਭ ਤੋਂ ਵੱਡਾ ਸਟਾਰਟ-ਅੱਪ, ਕਿਉਂ ਹੋਂਦ ਬਚਾਉਣ ਦੀ ਲੜਾਈ ਲੜ ਰਿਹਾ ਹੈ

ਤਸਵੀਰ ਸਰੋਤ, Getty Images
- ਲੇਖਕ, ਮੈਰਿਲ ਸੇਬੇਸਟੀਅਨ
- ਰੋਲ, ਬੀਬੀਸੀ ਨਿਊਜ਼
2018 ਵਿੱਚ ਬਾਇਜੂ ਰਵੀਂਦਰਨ ਦੀ ਭਾਰਤ ਦੀ ਸਟਾਰਟ-ਅੱਪ ਦੁਨੀਆ ਵਿੱਚ ਬੱਲੇ-ਬੱਲੇ ਸੀ ਕਿਉਂਕਿ ਉਸ ਦੀ ਐਡਟੈਕ ਕੰਪਨੀ ਬਾਇਜੂਜ਼ ਯੂਨੀਕੋਰਨ ਕੰਪਨੀ ਬਣੀ ਸੀ।
ਕਰੋਨਾ ਮਹਾਮਾਰੀ ਦੌਰਾਨ ਜਿਵੇਂ ਹੀ ਸਕੂਲ ਬੰਦ ਹੋਏ, ਬਾਇਜੂਜ਼ ਦਾ ਲਗਾਤਾਰ ਵਿਕਾਸ ਅਤੇ ਵਿਸਥਾਰ ਉਦੋਂ ਤੱਕ ਹੁੰਦਾ ਰਿਹਾ ਜਦੋਂ ਤੱਕ ਸਭ ਕੁਝ ਠੀਕ ਹੋਣਾ ਸ਼ੁਰੂ ਨਹੀਂ ਹੋਇਆ।
ਇੱਕ ਸਮੇਂ ਭਾਰਤ ਦੀ ਪ੍ਰਮੁੱਖ ਨਿੱਜੀ ਮਾਲਕੀ ਵਾਲੀ ਇਸ ਕੰਪਨੀ ਦੀ ਕੀਮਤ 22 ਬਿਲੀਅਨ ਡਾਲਰ (£17.38bn) ਸੀ।
ਹੁਣ ਇਸ ਨੂੰ ਕੁਝ ਲੋਕ ਘਰੇਲੂ ਸਟਾਰਟ-ਅੱਪਸ ਲਈ ਇੱਕ ਚਿਤਾਵਨੀ ਦੇ ਰੂਪ ਵਿੱਚ ਦੇਖ ਰਹੇ ਹਨ ਕਿਉਂਕਿ ਨਿਵੇਸ਼ ਕੰਪਨੀ ਬਲੈਕਰੌਕ ਨੇ ਹਾਲ ਹੀ ਵਿੱਚ ਇਸ ਸਬੰਧੀ ਆਪਣਾ ਮੁਲਾਂਕਣ (ਵੈਲੂਏਸ਼ਨ) 1 ਬਿਲੀਅਨ ਡਾਲਰ ਘਟਾ ਦਿੱਤਾ ਹੈ।
23 ਫਰਵਰੀ ਨੂੰ ਬਾਇਜੂਜ਼ ਦੀ ਮੂਲ ਕੰਪਨੀ ਥਿੰਕ ਐਂਡ ਲਰਨ (T&L) ਦੇ ਬਹੁਗਿਣਤੀ ਸ਼ੇਅਰਧਾਰਕਾਂ ਨੇ "ਕੁਪ੍ਰਬੰਧਨ ਅਤੇ ਅਸਫਲਤਾਵਾਂ" ਦੇ ਦੋਸ਼ਾਂ ਦਾ ਹਵਾਲਾ ਦਿੰਦੇ ਹੋਏ, ਇੱਕ ਅਸਧਾਰਨ ਜਨਰਲ ਮੀਟਿੰਗ (EGM) ਦੌਰਾਨ ਰਵੀਂਦਰਨ ਨੂੰ ਸੀਈਓ ਦੇ ਅਹੁਦੇ ਤੋਂ ਹਟਾਉਣ ਲਈ ਵੋਟ ਪਾਈ।
ਰਵੀਂਦਰਨ ਅਤੇ ਉਨ੍ਹਾਂ ਦੇ ਪਰਿਵਾਰ ਨੇ ਇਲਜ਼ਾਮਾਂ ਤੋਂ ਇਨਕਾਰ ਕਰਦੇ ਹੋਏ ਵੋਟਿੰਗ ਦੀ ਵੈਧਤਾ ਨੂੰ ਲੈ ਕੇ ਵਿਵਾਦ ਕੀਤਾ ਅਤੇ ਦਾਅਵਾ ਕੀਤਾ ਕਿ ਇਸ ਨੇ ਕੰਪਨੀ ਦੇ ਅੰਦਰੂਨੀ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ ਜਿਸ ਲਈ ਈਜੀਐੱਮ ਵਿੱਚ ਘੱਟੋ-ਘੱਟ ਇੱਕ ਸੰਸਥਾਪਕ-ਨਿਰਦੇਸ਼ਕ ਦੀ ਮੌਜੂਦਗੀ ਦੀ ਲੋੜ ਹੁੰਦੀ ਹੈ।
ਅਗਲੇ ਦਿਨ ਕਰਮਚਾਰੀਆਂ ਨੂੰ ਲਿਖੇ ਇੱਕ ਪੱਤਰ ਵਿੱਚ ਰਵੀਂਦਰਨ ਨੇ ਮੀਟਿੰਗ ਨੂੰ ਇੱਕ ‘ਤਮਾਸ਼ਾ’ ਕਿਹਾ ਅਤੇ ਇਸ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ।

ਤਸਵੀਰ ਸਰੋਤ, Getty Images
ਕਰਨਾਟਕ ਹਾਈ ਕੋਰਟ ਨੇ ਕੇਸ ਦੀ ਸੁਣਵਾਈ ਕਰਦਿਆਂ ਈਜੀਐੱਮ ਵਿੱਚ ਪਾਸ ਕੀਤੇ ਮਤਿਆਂ ਨੂੰ ਲਾਗੂ ਕਰਨ ’ਤੇ ਅਸਥਾਈ ਤੌਰ 'ਤੇ ਰੋਕ ਲਗਾ ਦਿੱਤੀ ਹੈ।
ਇਹ ਘਟਨਾਵਾਂ ਕੰਪਨੀ ਦੇ ਕਾਨੂੰਨੀ ਅਤੇ ਵਿੱਤੀ ਸੰਕਟਾਂ ਦੇ ਵਧ ਰਹੇ ਪਹਾੜ ਵਿੱਚ ਨਵੀਆਂ ਸਨ ਜਿਸ ਨਾਲ ਇਹ ਐਡਟੈਕ ਫਰਮ ਪਿਛਲੇ ਸਾਲਾਂ ਤੋਂ ਜੂਝ ਰਹੀ ਹੈ।
ਇਕੱਲੇ ਪਿਛਲੇ ਸਾਲ ਵਿੱਚ ਬਾਇਜੂਜ਼ ਨੂੰ ਵਧਦੇ ਕਰਜ਼ੇ, ਨਾਖੁਸ਼ ਨਿਵੇਸ਼ਕਾਂ, ਉਧਾਰ ਦੇਣ ਵਾਲਿਆਂ ਦੁਆਰਾ ਮੁਕੱਦਮੇ, ਭਾਰਤ ਦੀ ਵਿੱਤੀ ਅਪਰਾਧ ਏਜੰਸੀ ਦੁਆਰਾ ਜਾਂਚ, ਹਜ਼ਾਰਾਂ ਕਰਮਚਾਰੀਆਂ ਦੀ ਛਾਂਟੀ, ਤਨਖਾਹਾਂ ਦੇਣ ਵਿੱਚ ਦੇਰੀ ਅਤੇ ਬੈਂਕ ਨਕਦੀ ਦੇ ਸੰਕਟ ਦਾ ਸਾਹਮਣਾ ਕਰਨਾ ਪਿਆ।
ਜਨਵਰੀ ਵਿੱਚ ਕਈ ਸਮਾਂ-ਸੀਮਾਵਾਂ ਖੁੰਝਣ ਤੋਂ ਬਾਅਦ ਟੀਐਂਡਐੱਲ ਨੇ 2022 ਲਈ 82.3 ਬਿਲੀਅਨ ਰੁਪਏ (1 ਬਿਲੀਅਨ, 729.3 ਮਿਲੀਅਨ ਡਾਲਰ) ਦਾ ਕੁੱਲ ਘਾਟਾ (ਸੰਚਿਤ ਘਾਟਾ) ਦਰਜ ਕੀਤਾ ਸੀ।
ਕੰਪਨੀ ਨੇ ਹੁਣ ਤੱਕ 2023 ਲਈ ਆਪਣੇ ਆਡਿਟ ਕੀਤੇ ਗਏ ਵਿੱਤੀ ਅੰਕੜੇ ਪੇਸ਼ ਨਹੀਂ ਕੀਤੇ ਜੋ ਪਿਛਲੇ ਸਾਲ ਨਿਰਧਾਰਤ ਕੀਤੀ ਗਈ ਦਸੰਬਰ ਦੀ ਸਮਾਂ ਸੀਮਾ ਤੋਂ ਖੁੰਝ ਗਏ ਹਨ।
ਬਾਇਜੂਜ਼ ’ਤੇ ਗਾਹਕਾਂ ਦੁਆਰਾ ਦਬਾਅ ਪਾ ਕੇ ਕੋਰਸ ਵੇਚਣ ਦਾ ਦੋਸ਼ ਵੀ ਲਗਾਇਆ ਗਿਆ ਹੈ। ਕਥਿਤ ਤੌਰ 'ਤੇ ਮਾਪਿਆਂ ਨੂੰ ਉਨ੍ਹਾਂ ਕੋਰਸਾਂ ਨੂੰ ਖਰੀਦਣ ਲਈ ਮਜਬੂਰ ਕੀਤਾ ਜਾਂਦਾ ਹੈ ਜਿਨ੍ਹਾਂ ਦਾ ਭਾਰ ਉਹ ਉਠਾ ਨਹੀਂ ਸਕਦੇ।
ਬਾਇਜੂਜ਼ ਕਿਵੇਂ ਬਣੀ ਵੱਡੀ ਐੱਡਟੈੱਕ ਕੰਪਨੀ

ਤਸਵੀਰ ਸਰੋਤ, Getty Images
ਸੋਸ਼ਲ ਮੀਡੀਆ ’ਤੇ ਕੰਪਨੀ ’ਤੇ ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਦੀ ਬੱਚਤ ਨੂੰ ਖ਼ਤਰੇ ਵਿੱਚ ਪਾਉਣ ਦਾ ਦੋਸ਼ ਲਗਾਉਣ ਵਾਲੀਆਂ ਸ਼ਿਕਾਇਤਾਂ ਦੀ ਭਰਮਾਰ ਹੋ ਗਈ ਸੀ। 2021 ਵਿੱਚ ਕੰਪਨੀ ਨੇ ਇਨ੍ਹਾਂ ਦੋਸ਼ਾਂ ਨੂੰ "ਬੇਬੁਨਿਆਦ ਅਤੇ ਪ੍ਰੇਰਿਤ" ਕਹਿ ਕੇ ਖਾਰਜ ਕਰ ਦਿੱਤਾ।
ਇਸ ਮਹੀਨੇ ਬਾਇਜੂਜ਼ ਨੇ ਆਪਣੇ ਕਰਮਚਾਰੀਆਂ ਨੂੰ ਕਿਹਾ ਕਿ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਦੇਰੀ ਹੋਵੇਗੀ ਕਿਉਂਕਿ ਉਹ ‘ਅਧਿਕਾਰਾਂ ਦੇ ਮੁੱਦੇ’ ਦੇ ਵਿਵਾਦ ਦੌਰਾਨ ਇਕੱਤਰ ਕੀਤੀ ਗਈ ਧਨ ਰਾਸ਼ੀ ਦਾ ਉਪਯੋਗ ਨਹੀਂ ਕਰ ਸਕਣਗੇ।
ਇੱਕ ਮਹੀਨਾ ਪਹਿਲਾਂ ਕੰਪਨੀ ਨੇ ਕਿਹਾ ਸੀ ਕਿ ਉਸ ਨੂੰ ਪੈਸੇ ਦੀ ਘਾਟ ਕਾਰਨ ਤਨਖਾਹ ਦੇਣ ਵਿੱਚ ਮੁਸ਼ਕਿਲ ਹੋ ਰਹੀ ਹੈ।
ਸਾਲ 2011 ਵਿੱਚ ਇੱਕ ਔਨਲਾਈਨ ਟਿਊਸ਼ਨ ਫਰਮ ਵਜੋਂ ਸਥਾਪਿਤ ਬਾਇਜੂਜ਼ ਨੇ ਸ਼ੁਰੂਆਤ ਵਿੱਚ ਭਾਰਤ ਵਿੱਚ ਸਕੂਲੀ ਬੱਚਿਆਂ ਲਈ ਕਲਾਸਾਂ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ 'ਤੇ ਧਿਆਨ ਕੇਂਦਰਿਤ ਕੀਤਾ।
ਬਾਅਦ ਵਿੱਚ ਕੰਪਨੀ ਨੇ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਸਿਖਲਾਈ ਐਪਸ ਨੂੰ ਪੇਸ਼ ਕਰਨ ਲਈ ਇਸ ਦਾ ਵਿਸਤਾਰ ਕੀਤਾ। ਬਾਇਜੂਜ਼ ਦੀ ਆਮਦਨ ਦਾ ਇੱਕ ਮਹੱਤਵਪੂਰਨ ਹਿੱਸਾ ਇਸ ਦੀ ਵਿਦਿਅਕ ਸਮੱਗਰੀ ਉਪਲੱਬਧ ਕਰਾਉਣ ਵਾਲੇ ਟੈਬਲੇਟਾਂ, ਐੱਸਡੀ ਕਾਰਡ ਅਤੇ ਲੈਪਟਾਪਾਂ ਵਰਗੇ ਹਾਰਡਵੇਅਰ ਦੀ ਵਿਕਰੀ ਤੋਂ ਆਇਆ।
2021 ਵਿੱਚ ਕੰਪਨੀ ਨੇ ਵਿਸ਼ਵ ਪੱਧਰ 'ਤੇ ਵਿਸਤਾਰ ਕਰਨ ਲਈ ਅਰਬਾਂ ਡਾਲਰ ਖਰਚ ਕੀਤੇ, ਹੋਰ ਐਡਟੈਕ ਸਟਾਰਟ-ਅਪਸ ਅਤੇ ਫਰਮਾਂ ਜਿਵੇਂ ਕਿ ਆਕਾਸ਼, ਟੌਪਰ, ਐਪਿਕ, ਅਤੇ ਗ੍ਰੇਟ ਲਰਨਿੰਗ ਵਰਗਿਆਂ ਨੂੰ ਖਰੀਦ ਲਿਆ।
ਨਿਵੇਸ਼ਕਾਂ ਨੂੰ ਕੀ ਪਸੰਦ ਨਹੀਂ ਹੈ
ਬਾਇਜੂਜ਼ ਅਤੇ ਇਸ ਦੇ ਨਿਵੇਸ਼ਕਾਂ ਵਿਚਕਾਰ ਮੌਜੂਦਾ ਅੜਿੱਕਾ ‘ਅਧਿਕਾਰਾਂ ਦੇ ਮੁੱਦੇ’ ਦਾ ਪ੍ਰਸਤਾਵ ਦੇ ਕੇ ਨਕਦੀ ਦੀ ਕਮੀ ਨੂੰ ਦੂਰ ਕਰਨ ਲਈ ਕੰਪਨੀ ਦੇ ਯਤਨਾਂ ਤੋਂ ਪੈਦਾ ਹੋਇਆ ਜਿਸ ਤਹਿਤ 200 ਮਿਲੀਅਨ ਡਾਲਰ ਤੱਕ ਜੁਟਾਉਣ ਦੀ ਮੰਗ ਕਰਦਿਆਂ ਉਨ੍ਹਾਂ ਨੇ ਕੰਪਨੀ ਦੇ ਵਾਧੂ ਨਵੇਂ ਸ਼ੇਅਰ ਖਰੀਦਣ ਲਈ ਮੌਜੂਦਾ ਸ਼ੇਅਰਧਾਰਕਾਂ ਨੂੰ ਸੱਦਾ ਦਿੱਤਾ।
ਈਜੀਐੱਮ ਤੋਂ ਪਹਿਲਾਂ ਰਵੀਂਦਰਨ ਨੇ ਕਿਹਾ ਕਿ ਇਸ ਮੁੱਦੇ ਦੀ ਮੁਕੰਮਲ ਤਾਈਦ ਕੀਤੀ ਗਈ ਹੈ ਅਤੇ ਕੰਪਨੀ ਇਸ ਗੱਲ ਦੀ ਨਿਗਰਾਨੀ ਕਰਨ ਲਈ ਇੱਕ ਤੀਜੀ ਧਿਰ ਦੀ ਏਜੰਸੀ ਨਿਯੁਕਤ ਕਰੇਗੀ ਕਿ ਇਹ ਫੰਡ ਕਿਵੇਂ ਵਰਤੇ ਜਾਂਦੇ ਹਨ।
ਪਰ ਕੰਪਨੀ ਦੇ ਮੁਲਾਂਕਣ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। ਇਸ ਦਾ ਮਤਲਬ ਹੈ ਕਿ ਜਿਨ੍ਹਾਂ ਨਿਵੇਸ਼ਕਾਂ ਨੇ ਅਧਿਕਾਰਾਂ ਦੇ ਮੁੱਦੇ ਵਿੱਚ ਹਿੱਸਾ ਨਹੀਂ ਲਿਆ, ਉਨ੍ਹਾਂ ਦੀ ਕੰਪਨੀ ਵਿੱਚ ਹਿੱਸੇਦਾਰੀ ਕਾਫ਼ੀ ਘੱਟ ਹੋ ਸਕਦੀ ਹੈ।
ਭਾਰਤ ਦੇ ਸਭ ਤੋਂ ਵੱਡੇ ਔਨਲਾਈਨ ਗਰੌਸਰਜ਼ ਵਿੱਚੋਂ ਇੱਕ ਬਿਗਬਾਸਕੇਟ ਦੀ ਸਥਾਪਨਾ ਕਰਨ ਵਾਲੇ ਕੇ. ਗਣੇਸ਼ ਕਹਿੰਦੇ ਹਨ, ‘‘ਕਿਸੇ ਵੀ ਨਿਵੇਸ਼ਕ ਨੂੰ ਇਹ ਪਸੰਦ ਨਹੀਂ ਹੈ।’’
‘‘ਜੇਕਰ ਤੁਸੀਂ ਪੈਸਾ ਨਹੀਂ ਲਗਾਉਂਦੇ ਹੋ, ਤਾਂ ਤੁਸੀਂ ਟਿਕੇ ਨਹੀਂ ਰਹਿ ਸਕਦੇ। ਪਰ ਜੇ ਤੁਸੀਂ ਪੈਸੇ ਲਗਾਉਂਦੇ ਹੋ, ਤਾਂ ਇਹ ਖਰਾਬ ਪੈਸੇ ਦੇ ਮੁਕਾਬਲੇ ਚੰਗਾ ਪੈਸਾ ਹੈ। ਇੱਥੇ ਕੋਈ ਜੇਤੂ ਨਹੀਂ ਹੈ।’’
ਬਾਇਜੂਜ਼ ਦੇ ਚਾਰ ਨਿਵੇਸ਼ਕਾਂ ਨੇ ਅਧਿਕਾਰਾਂ ਦੇ ਮੁੱਦੇ ਨੂੰ ਰੋਕਣ ਦੀ ਮੰਗ ਕਰਦੇ ਹੋਏ ਕਾਰਪੋਰੇਟ ਵਿਵਾਦਾਂ ਦੀ ਨਿਗਰਾਨੀ ਕਰਨ ਵਾਲੀ ਇੱਕ ਅਰਧ ਨਿਆਂਇਕ ਅਥਾਰਿਟੀ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NCLT) ਕੋਲ ਇੱਕ ਪਟੀਸ਼ਨ ਦਾਇਰ ਕੀਤੀ।

ਤਸਵੀਰ ਸਰੋਤ, Getty Images
ਟ੍ਰਿਬਿਊਨਲ ਨੇ ਬਾਇਜੂਜ਼ ਨੂੰ ਨਿਵੇਸ਼ਕਾਂ ਦੀ ਪਟੀਸ਼ਨ ਦਾ ਹੱਲ ਹੋਣ ਤੱਕ ਅਧਿਕਾਰਾਂ ਦੇ ਮੁੱਦੇ ਤੋਂ ਪ੍ਰਾਪਤ ਆਮਦਨ ਨੂੰ ਇੱਕ ਅਲੱਗ ਖਾਤੇ ਵਿੱਚ ਰੱਖਣ ਦਾ ਨਿਰਦੇਸ਼ ਦਿੱਤਾ।
ਨਿਵੇਸ਼ਕਾਂ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਬਾਇਜੂਜ਼ ਵੱਲੋਂ ਟ੍ਰਿਬਿਊਨਲ ਦੇ ਫੈਸਲੇ ਨੂੰ ਚੁਣੌਤੀ ਦੇਣ ਦੀ ਸੂਰਤ ਵਿੱਚ ਸੁਣਵਾਈ ਦੀ ਮੰਗ ਕੀਤੀ ਹੈ।
ਇਸ ਦੌਰਾਨ ਫਲੋਰੀਡਾ ਦੀ ਇੱਕ ਅਦਾਲਤ ਵਿੱਚ ਕਰਜ਼ ਦੇਣ ਵਾਲਿਆਂ ਨੇ ਕੰਪਨੀ ਉੱਤੇ ਅਮਰੀਕਾ ਵਿੱਚ ਇੱਕ ਅਸਪੱਸ਼ਟ ਹੇਜ ਫੰਡ ਵਿੱਚ 533 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਇਲਜ਼ਾਮ ਲਗਾਇਆ।
ਪਰ ਕੰਪਨੀ ਨੇ ਇਲਜ਼ਾਮ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ‘‘ਇੱਕ ਵਿਦੇਸ਼ੀ ਸਹਾਇਕ ਕੰਪਨੀ ਪੈਸੇ ਦੀ ਲਾਭਪਾਤਰੀ ਬਣੀ ਹੋਈ ਹੈ" ਜਿਸ ਨੂੰ ਉਸ ਨੇ ਅਮਰੀਕਾ ਵਿੱਚ ਕਈ ਸੌ ਅਰਬ ਡਾਲਰ ਦੇ ਫੰਡ ਨਾਲ "ਉੱਚ ਸੁਰੱਖਿਆ ਫਿਕਸਡ ਇਨਕਮ ਉਪਕਰਨਾਂ" ਵਿੱਚ ਨਿਵੇਸ਼ ਕੀਤਾ ਹੈ।
ਪੈਸਿਆਂ ਦਾ ਪ੍ਰਬੰਧਨ ਕਰਨ ਵਾਲੇ ਪੈਸਾ ਪ੍ਰਬੰਧਕ ਕੈਂਸ਼ਾਫਟ ਨੇ ਅਦਾਲਤ ਨੂੰ ਦੱਸਿਆ ਕਿ ਪੈਸਾ ਬਾਇਜੂਜ਼ ਦੀ 100% ਸਹਾਇਕ ਕੰਪਨੀ ਨੂੰ ਟ੍ਰਾਂਸਫਰ ਕਰ ਦਿੱਤਾ ਗਿਆ ਸੀ।
ਕੰਪਨੀ ਲਈ ਕਿਹੜੀਆਂ ਚੁਣੌਤੀਆਂ

ਤਸਵੀਰ ਸਰੋਤ, GETTY IMAGES
ਇੱਕ ਬਿਆਨ ਵਿੱਚ ਬਾਇਜੂਜ਼ ਨੇ ਕਿਹਾ ਕਿ ਇਹ ਉਸ ਦੀ ਸਥਿਤੀ ਦੇ ਅਨੁਰੂਪ ਹੈ ਕਿ "ਸਮੂਹ ਸੰਸਥਾਵਾਂ ਪੈਸੇ ਦੀਆਂ ਲਾਭਪਾਤਰੀ ਧਾਰਕ ਬਣੀਆਂ ਰਹਿਣਗੀਆਂ।’’
2023 ਤੱਕ ਭਾਰਤੀ ਕ੍ਰਿਕਟ ਟੀਮ ਦਾ ਮੁੱਖ ਸਪਾਂਸਰ ਬਾਇਜੂਜ਼ ਕਥਿਤ ਤੌਰ ’ਤੇ ਆਪਣੀਆਂ ਸਪਾਂਸਰਸ਼ਿਪ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਹਿਣ ਅਤੇ 1.58 ਬਿਲੀਅਨ ਰੁਪਏ ਦੇ ਬਕਾਏ ਦਾ ਭੁਗਤਾਨ ਨਾ ਕਰਨ ਲਈ ਮੁਕੱਦਮਾ ਕੀਤੇ ਜਾਣ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨਾਲ ਮਾਮਲਾ ਸੁਲਝਾਉਣ ਲਈ ਗੱਲਬਾਤ ਕਰ ਰਿਹਾ ਹੈ।
22 ਫਰਵਰੀ ਨੂੰ ਭਾਰਤ ਦੀ ਵਿੱਤੀ ਅਪਰਾਧ ਏਜੰਸੀ, ਇਨਫੋਰਸਮੈਂਟ ਡਾਇਰੈਕਟੋਰੇਟ ਨੇ 93 ਅਰਬ ਰੁਪਏ ਨਾਲ ਜੁੜੇ ਕਥਿਤ ਵਿਦੇਸ਼ੀ ਮੁਦਰਾ ਉਲੰਘਣਾ ਦੇ ਸਬੰਧ ਵਿੱਚ ਰਵੀਂਦਰਨ ਦੇ ਖਿਲਾਫ਼ ਲੁੱਕ-ਆਊਟ ਨੋਟਿਸ ਜਾਰੀ ਕੀਤਾ।
ਬੀਬੀਸੀ ਨੂੰ ਦਿੱਤੇ ਬਿਆਨ ਵਿੱਚ ਬਾਇਜੂ ਨੇ ਕਿਹਾ ਕਿ ਈਡੀ ਨੇ ਆਪਣੀ ਜਾਂਚ ਪੂਰੀ ਕਰ ਲਈ ਹੈ।
ਕੰਪਨੀ ਨੇ ਕਿਹਾ, "ਬਾਇਜੂ’ ਸਾਰੇ ਪ੍ਰਸੰਗਿਕ ਫੇਮਾ (ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ) ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦਾ ਹੈ ਅਤੇ ਇਸ ਦੀ ਪਾਲਣਾ ਕਰਨਾ ਜਾਰੀ ਰੱਖੇਗਾ।"
ਸਥਾਨਕ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਰਵੀਂਦਰਨ ਇਸ ਸਮੇਂ ਦੁਬਈ ਵਿੱਚ ਹਨ ਅਤੇ ਪਿਛਲੇ ਤਿੰਨ ਸਾਲਾਂ ਤੋਂ ਦਿੱਲੀ ਅਤੇ ਦੁਬਈ ਵਿਚਕਾਰ ਆਉਂਦੇ ਜਾਂਦੇ ਰਹੇ ਹਨ। ਬਾਇਜੂਜ਼ ਨੇ ਰਵੀਂਦਰਨ ਦੇ ਟਿਕਾਣੇ 'ਤੇ ਕੋਈ ਟਿੱਪਣੀ ਨਹੀਂ ਕੀਤੀ।
ਇੱਕ ਸੁਤੰਤਰ ਕਾਰਪੋਰੇਟ ਗਵਰਨੈਂਸ ਰਿਸਰਚ ਅਤੇ ਸਲਾਹਕਾਰ ਫਰਮ ਦੇ ਮੁਖੀ ਸ਼੍ਰੀਰਾਮ ਸੁਬਰਾਮਣੀਅਨ ਕਹਿੰਦੇ ਹਨ ਕਿ ਕੰਪਨੀ ਲਈ ਸਭ ਤੋਂ ਵੱਡੀ ਚੁਣੌਤੀ ਫੰਡ ਜੁਟਾਉਣਾ ਹੋਵੇਗੀ।
ਪਿਛਲੇ ਸਾਲ ਇਸ ਦੇ ਤਿੰਨ ਬੋਰਡ ਮੈਂਬਰਾਂ - ਸਿਕੋਈਆ ਕੈਪੀਟਲ (ਹੁਣ ਪੀਕ XV ਪਾਰਟਨਰਜ਼) ਦੇ ਵੀ ਰਵੀਸ਼ੰਕਰ, ਚੈਨ ਜ਼ੁਕਰਬਰਗ ਇਨੀਸ਼ੀਏਟਿਵ ਦੇ ਵਿਵਿਅਨ ਵੂ ਅਤੇ ਪ੍ਰੋਸਸ ਦੇ ਰਸਲ ਡਰੇਸਨਸਟੌਕ ਨੇ ਅਸਤੀਫਾ ਦੇ ਦਿੱਤਾ, ਇਸ ਨਾਲ ਬੋਰਡ ਵਿੱਚ ਸਿਰਫ਼ ਰਵੀਂਦਰਨ, ਉਨ੍ਹਾਂ ਦੀ ਪਤਨੀ ਦਿਵਿਆ ਗੋਕੁਲਨਾਥ ਅਤੇ ਭਰਾ ਰਿਜੂ ਰਵੀਂਦਰਨ ਹੀ ਰਹਿ ਗਏ।
ਸੁਬਰਾਮਣੀਅਨ ਕਹਿੰਦੇ ਹਨ ਕਿ ਕਦੇ-ਕਦੇ ਕੰਪਨੀਆਂ ਦਾ ‘‘ਫੇਲ੍ਹ ਹੋਣਾ ਅਤੇ ਤੇਜ਼ੀ ਨਾਲ ਅਸਫਲ’’ ਹੋਣਾ ਚੰਗੀ ਗੱਲ ਹੁੰਦੀ ਹੈ।
ਦੁਨੀਆਂ ਇਸ ਵੱਲ ਦੇਖ ਰਹੀ ਹੈ

ਤਸਵੀਰ ਸਰੋਤ, Getty Images
ਉਨ੍ਹਾਂ ਦਾ ਕਹਿਣਾ ਹੈ ਕਿ ਮੁੱਲਾਂਕਣ (ਵੈਲੂਏਸ਼ਨ) ਦੇ ਪਿੱਛੇ ਭੱਜਣ ਦੀ ਬਜਾਏ, ਕੰਪਨੀਆਂ ਨੂੰ ਮਜ਼ਬੂਤ ਵਪਾਰਕ ਅਭਿਆਸਾਂ ਨੂੰ ਅਪਣਾਉਣਾ ਚਾਹੀਦਾ ਹੈ ਅਤੇ "ਲੰਬੀ ਪਾਰੀ ਖੇਡਣੀ ਚਾਹੀਦੀ ਹੈ।’’
‘‘ਪੈਸਾ ਜੁਟਾਉਣਾ ਅਤੇ ਹਰ ਕੁਝ ਦਿਨਾਂ ਬਾਅਦ ਮੁੱਲਾਂਕਣ ਕਰਾਉਣ ਲਈ ਜਾਣਾ ਇਹ ਸਭ ਧੋਖਾ ਹੈ।’’
ਹਾਲਾਂਕਿ, ਦੂਜੇ ਲੋਕਾਂ ਦਾ ਮੰਨਣਾ ਹੈ ਕਿ ਕੰਪਨੀ ਦੀਆਂ ਸਮੱਸਿਆਵਾਂ ਨੂੰ ਸਿਰਫ਼ ਲਾਭ-ਨੁਕਸਾਨ ਦੀ ਨਜ਼ਰ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ।
ਐੱਸਓਏਐੱਸ ਯੂਨੀਵਰਸਿਟੀ ਦੇ ਮਾਨਵ-ਵਿਗਿਆਨ ਅਤੇ ਸਮਾਜ ਸ਼ਾਸਤਰ ਵਿਭਾਗ ਦੇ ਪ੍ਰੋਫੈਸਰ ਸੰਜੇ ਸ਼੍ਰੀਵਾਸਤਵ ਨੇ ਇੰਡੀਅਨ ਐਕਸਪ੍ਰੈੱਸ ਅਖ਼ਬਾਰ ਵਿੱਚ ਲਿਖਿਆ, ਬਾਇਜੂਜ਼ ਦੇ ਕਾਰਪੋਰੇਟ ਪ੍ਰਬੰਧਨ ਬਾਰੇ ਜਨਤਕ ਪੱਧਰ ’ਤੇ ਚੰਗਾ ਤੇ ਮੰਦਾ ਸਭ ਕੁਝ ਕਿਹਾ ਜਾ ਰਿਹਾ ਹੈ।’’
ਸ਼੍ਰੀਵਾਸਤਵ ਨੇ ਇਸ ਦਾ "ਸਿੱਖਿਆ ਦੇ ਇੱਕ ਫਾਸਟ-ਫੂਡ ਮਾਡਲ" ਦੇ ਰੂਪ ਵਿੱਚ ਵਰਣਨ ਕੀਤਾ, ਜਿਸ ਨੂੰ "ਮੁਨਾਫਾ ਕਮਾਉਣ ਲਈ ਇੱਕ ਮਸ਼ੀਨ ਵਿੱਚ ਬਦਲ ਦਿੱਤਾ ਗਿਆ ਹੈ, ਬਿਨਾਂ ਕਿਸੇ ਸਬੂਤ ਦੇ ਕਿ ਇਹ ਕੋਈ ਜਨਤਕ ਵਸਤੂ ਦਾ ਉਤਪਾਦਨ ਕਰਦੀ ਹੈ।’’
ਮਾਹਿਰਾਂ ਦਾ ਕਹਿਣਾ ਹੈ ਕਿ ਨਤੀਜਾ ਚਾਹੇ ਜੋ ਵੀ ਹੋਵੇ, ਇਸ ਸੰਕਟ ਦਾ ਰਵੀਂਦਰਨ ’ਤੇ ਕੋਈ ਪ੍ਰਭਾਵ ਪੈਣ ਦੀ ਸੰਭਾਵਨਾ ਨਹੀਂ ਹੈ।
ਗਣੇਸ਼ ਦਾ ਕਹਿਣਾ ਹੈ ਕਿ ਜਿੱਥੇ ਸੀਈਓ ਵਜੋਂ ਵਾਪਸੀ "ਇੱਕ ਔਖਾ ਕੰਮ’’ ਹੋਵੇਗਾ, ਉੱਥੇ ਹੀ ਰਵੀਂਦਰਨ ਅਜੇ ਵੀ "ਇੱਕ ਸ਼ਾਨਦਾਰ ਉਦਯੋਗਪਤੀ" ਹੈ ਜਿਨ੍ਹਾਂ ਨੇ ਇੱਕ ਵੱਡਾ ਕਾਰੋਬਾਰ ਖੜ੍ਹਾ ਕੀਤਾ ਅਤੇ ਮੋਟਾ ਪੈਸਾ ਜੁਟਾਇਆ ਹੈ।
ਉਹ ਅੱਗੇ ਕਹਿੰਦੇ ਹਨ, ਇਸ ਤੋਂ ਇਲਾਵਾ ਕੰਪਨੀ ਲਈ "ਉਚਿਤ, ਸਥਿਰ ਨਤੀਜਾ" ਭਾਰਤ ਦੇ ਸਟਾਰਟ-ਅੱਪ ਈਕੋਸਿਸਟਮ ਲਈ ਵੀ ਮਹੱਤਵਪੂਰਨ ਹੈ।
‘‘ਇਹ ਭਾਰਤ ਦਾ ਸਭ ਤੋਂ ਵੱਡਾ ਸਟਾਰਟ-ਅੱਪ ਹੈ ਅਤੇ ਦੁਨੀਆ ਇਸ ਵੱਲ ਦੇਖ ਰਹੀ ਹੈ।’’








