ਡਿਜੀਟਲ ਨੌਮੈਡ: ਉਹ ਲੋਕ ਜੋ ਸਾਰਾ ਸਾਲ ਦੁਨੀਆਂ ਘੁੰਮਦੇ ਵੀ ਰਹਿੰਦੇ ਹਨ ਅਤੇ ਮੋਟੀਆਂ ਤਨਖ਼ਾਹਾਂ ਵੀ ਲੈਂਦੇ ਹਨ

ਤਸਵੀਰ ਸਰੋਤ, MAYANAK
- ਲੇਖਕ, ਫਾਤਿਮਾ ਫਰਹੀਨ
- ਰੋਲ, ਬੀਬੀਸੀ ਹਿੰਦੀ ਲਈ
ਬਚਪਨ ਵਿੱਚ, ਸਾਡੇ ਸਾਰਿਆਂ ਦਾ ਸੁਪਨਾ ਹੁੰਦਾ ਹੈ ਕਿ ਕਿ ਵੱਡੇ ਹੋ ਕੇ ਦੁਨੀਆਂ ਘੁੰਮਣੀ ਹੈ।
ਪਰ ਫਿਰ ਵੱਡੇ ਹੁੰਦਿਆਂ-ਹੁੰਦਿਆਂ ਪੜ੍ਹਾਈ-ਲਿਖਾਈ, ਨੌਕਰੀ, ਘਰ ਵਸਾਉਣਾ, ਪੈਸਾ ਕਮਾਉਣਾ... ਇਨ੍ਹਾਂ ਸਾਰੀਆਂ ਚੀਜ਼ਾਂ ਵਿੱਚ ਜ਼ਿੰਦਗੀ ਉਲਝ ਕੇ ਰਹਿ ਜਾਂਦਾ ਹੈ।
ਦੁਨੀਆਂ ਘੁੰਮਣ ਦਾ ਸੁਪਨਾ, ਦਿਲ ਵਿੱਚ ਕਿਤੇ ਦਬਿਆ-ਕੁਚਲਿਆ ਅਰਮਾਨ ਬਣ ਕੇ ਰਹਿ ਜਾਂਦਾ ਹੈ।
ਪਰ ਕੀ ਤੁਸੀਂ ਜਾਣਦੇ ਹੋ ਕਿ ਡਿਜੀਟਲ ਨੌਮੈਡ ਦਾ ਹਿੱਸਾ ਬਣ ਕੇ ਤੁਸੀਂ ਦੁਨੀਆਂ ਦਾ ਹਰੇਕ ਕੋਨਾ ਘੁੰਮ ਵੀ ਸਕਦੇ ਹੋ ਤੇ ਨੌਕਰੀ ਕਰ ਸਕਦੇ ਹੋ।

ਤਸਵੀਰ ਸਰੋਤ, MAYYUR NOMADGAO
ਡਿਜੀਟਲ ਨੌਮੈਡ ਕੌਣ ਹਨ?
ਤੁਸੀਂ ਹਿੰਦੀ ਫਿਲਮਾਂ 'ਚ ਵਣਜਾਰਿਆਂ ਨੂੰ ਜ਼ਰੂਰ ਦੇਖਿਆ ਹੋਣਾ ਜਾਂ ਤੁਸੀਂ ਖ਼ਾਨਾਬਦੋਸ਼ ਸ਼ਬਦ ਤਾਂ ਜ਼ਰੂਰ ਸੁਣਿਆ ਹੋਵੇਗਾ।
ਡਿਜੀਟਲ ਨੌਮੈਡ ਵੀ ਵਣਜਾਰਿਆਂ ਜਾਂ ਖ਼ਾਨਾਬਦੋਸ਼ਾਂ ਵਾਂਗ ਜ਼ਿੰਦਗੀ ਬਿਤਾਉਂਦੇ ਹਨ ਅਤੇ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਘੁੰਮਦੇ ਰਹਿੰਦੇ ਹਨ।
ਫਰਕ ਸਿਰਫ਼ ਇਹ ਹੈ ਕਿ ਆਧੁਨਿਕ ਖ਼ਾਨਾਬਦੋਸ਼ਾਂ ਕੋਲ ਮੋਬਾਈਲ ਫ਼ੋਨ, ਲੈਪਟਾਪ ਅਤੇ ਤੇਜ਼ ਰਫ਼ਤਾਰ ਇੰਟਰਨੈੱਟ ਦੀ ਸੁਵਿਧਾ ਹੈ ਜਿਸ ਦੀ ਮਦਦ ਨਾਲ ਉਹ ਆਪਣਾ ਮਨਪਸੰਦ ਕੰਮ ਕਰ ਸਕਦੇ ਹਨ।

ਤਸਵੀਰ ਸਰੋਤ, MAYYUR NOMADGAO
ਡਿਜੀਟਲ ਨੌਮੈਡ ਦਾ ਸਫ਼ਰ
ਕਿਹਾ ਜਾਂਦਾ ਹੈ ਕਿ ਸਟੀਵਨ ਕੇ ਰਾਬਰਟਸ ਦੁਨੀਆਂ ਦਾ ਪਹਿਲਾ ਡਿਜੀਟਲ ਨੌਮੈਡ ਸੀ।
ਉਨ੍ਹਾਂ ਨੇ 1983 ਅਤੇ 1991 ਵਿਚਾਲੇ ਪੂਰੇ ਅਮਰੀਕਾ ਵਿੱਚ ਸਾਈਕਲ 'ਤੇ ਲਗਭਗ ਦਸ ਹਜ਼ਾਰ ਕਿਲੋਮੀਟਰ ਦਾ ਸਫ਼ਰ ਕੀਤਾ।
ਉਨ੍ਹਾਂ ਕੋਲ ਰੇਡੀਓ ਅਤੇ ਹੋਰ ਸਾਮਾਨ ਸੀ ਜਿਸ ਰਾਹੀਂ ਉਹ ਕੰਮ ਕਰਦੇ ਸਨ। 90 ਦੇ ਦਹਾਕੇ ਵਿੱਚ ਡਿਜੀਟਲ ਨੌਮੈਡ ਸ਼ਬਦ ਦੀ ਵਰਤੋਂ ਸ਼ੁਰੂ ਹੋ ਗਈ ਸੀ। ਕੰਪਿਊਟਰ, ਇੰਟਰਨੈੱਟ, ਲੈਪਟਾਪ ਅਤੇ ਟੈਬਲੇਟ ਦੀ ਵਧਦੀ ਵਰਤੋਂ ਨੇ ਇਸ ਨੂੰ ਹੋਰ ਹੁਲਾਰਾ ਦਿੱਤਾ।
ਕਾਰਲ ਮੈਲਾਮਡ ਨੇ 1992 ਵਿੱਚ ਲਿਖੇ ਆਪਣੇ ਸਫ਼ਰਨਾਮੇ 'ਐਕਸਪਲੋਰਿੰਗ ਦਿ ਇੰਟਰਨੈੱਟ' ਵਿੱਚ ਪਹਿਲੀ ਵਾਰ ਡਿਜੀਟਲ ਨੋਮੈਡ ਸ਼ਬਦ ਦੀ ਵਰਤੋਂ ਕੀਤੀ ਸੀ।
1997 ਵਿੱਚ, ਸੁਗਿਓ ਮਾਕੀਮੋਟੋ ਅਤੇ ਡੇਵਿਡ ਮੈਨਰਸ ਨੇ ਡਿਜੀਟਲ ਨੋਮੈਡ ਨਾਮ ਦੀ ਇੱਕ ਕਿਤਾਬ ਲਿਖੀ। ਉਦੋਂ ਤੋਂ ਇਸ ਸ਼ਬਦ ਦੀ ਵਰਤੋਂ ਹੀ ਨਹੀਂ ਵਧੀ, ਸਗੋਂ ਅਜਿਹੇ ਲੋਕਾਂ ਦੀ ਗਿਣਤੀ ਵੀ ਵਧਦੀ ਗਈ।
ਅਮਰੀਕੀ ਕੰਪਨੀ ਐੱਮਬੀਓ ਪਾਰਟਨਰਜਸ ਦੀ 2023 ਦੀ ਰਿਪੋਰਟ ਮੁਤਾਬਕ, ਅਮਰੀਕਾ ਵਿੱਚ ਫਿਲਹਾਲ 73 ਲੱਖ ਕਾਮੇ ਡਿਜੀਟਲ ਨੌਮੈਡ ਹਨ ਅਤੇ ਲਗਭਗ 2 ਕਰੋੜ 40 ਲੱਖ ਲੋਕ ਅਗਲੇ ਦੋ ਤੋਂ ਤਿੰਨ ਸਾਲਾਂ ਵਿੱਚ ਡਿਜੀਟਲ ਨੌਮੈਡ ਬਣਨ ਦੀ ਇੱਛਾ ਰੱਖਦੇ ਹਨ।

ਤਸਵੀਰ ਸਰੋਤ, MAYYUR NOMADGAO
ਡਿਜੀਟਲ ਨੌਮੈਡ ਦਾ ਵਧਦਾ ਕਾਰੋਬਾਰ
2023 ਵਿੱਚ ਕੀਤੇ ਗਏ ਇੱਕ ਸਰਵੇ ਅਨੁਸਾਰ, ਡਿਜੀਟਲ ਨੌਮੈਡ ਵਿਸ਼ਵ ਅਰਥਵਿਵਸਥਾ ਵਿੱਚ ਲਗਭਗ 787 ਅਰਬ ਡਾਲਰ ਦਾ ਯੋਗਦਾਨ ਪਾਉਂਦੇ ਹਨ।
ਜਿਵੇਂ-ਜਿਵੇਂ ਡਿਜੀਟਲ ਨੌਮੈਡ ਦਾ ਰੁਝਾਨ ਵਧਣ ਲੱਗਾ, ਓਵੇਂ-ਓਵੇਂ ਹੀ ਇਸ ਨਾਲ ਜੁੜੇ ਕਾਰੋਬਾਰ ਵੀ ਵਧਣ ਲੱਗੇ।
ਸੇਫਟੀਵਿੰਗ ਇੱਕ ਸਟਾਰਟਅੱਪ ਹੈ ਜੋ ਦੂਰ-ਦੁਰਾਢੇ ਦੇ ਇਲਾਕਿਆਂ ਤੋਂ ਕੰਮ ਕਰਨ ਵਾਲੇ ਪੇਸ਼ੇਵਰਾਂ ਲਈ ਯਾਤਰਾ, ਸਿਹਤ ਅਤੇ ਮੈਡੀਕਲ ਬੀਮਾ ਦੀ ਸੁਵਿਧਾ ਪ੍ਰਦਾਨ ਕਰਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿਛਲੇ ਸਾਲ ਕਰੀਬ ਢਾਈ ਕਰੋੜ ਡਾਲਰ ਦਾ ਕਾਰੋਬਾਰ ਕੀਤਾ ਸੀ। ਸੇਲੀਨਾ ਡਿਜੀਟਲ ਨੌਮੈਡ ਲੋਕਾਂ ਲਈ ਹੋਸਟਲਾਂ ਅਤੇ ਹੋਟਲਾਂ ਦੀ ਇੱਕ ਗਲੋਬਲ ਚੇਨ ਹੈ।
ਉਨ੍ਹਾਂ ਨੇ ਸਾਲ 2022 ਵਿੱਚ 18 ਨਵੀਆਂ ਥਾਵਾਂ 'ਤੇ ਆਪਣਾ ਕੰਮ ਸ਼ੁਰੂ ਕੀਤਾ। ਉਨ੍ਹਾਂ ਦੀ ਸਾਲਾਨਾ ਰਿਪੋਰਟ ਦਰਸਾਉਂਦੀ ਹੈ ਕਿ ਕੰਪਨੀ ਦੇ ਕਾਰੋਬਾਰ ਵਿੱਚ ਸਾਲ 2021 ਦੇ ਮੁਕਾਬਲੇ ਸਾਲ 2022 ਵਿੱਚ ਲਗਭਗ 98 ਫੀਸਦ ਦਾ ਵਾਧਾ ਹੋਇਆ ਹੈ।
ਜਰਮਨੀ ਦੇ ਰਹਿਣ ਵਾਲੇ ਜੋਹਾਨਸ ਵੋਏਲਕਨਰ ਨੇ 2015 ਵਿੱਚ ਨੌਮੈਡ ਕਰੂਜ਼ ਦੀ ਸ਼ੁਰੂਆਤ ਕੀਤਾ ਸੀ।
ਇਹ ਡਿਜੀਟਲ ਨੌਮੈਡ ਲੋਕਾਂ ਲਈ ਪਹਿਲੀ ਮੋਬਾਈਲ ਕਾਨਫਰੰਸ ਸੀ। ਇਹ ਲੋਕ ਦੁਨੀਆ ਭਰ ਦੀ ਯਾਤਰਾ ਕਰਦੇ ਹਨ ਅਤੇ ਇਸ ਦੌਰਾਨ ਇੱਕ ਦੂਜੇ ਨਾਲ ਆਪਣੇ ਹੁਨਰ ਨੂੰ ਸਾਂਝਾ ਕਰਦੇ ਹਨ, ਨੈਟਵਰਕਿੰਗ ਕਰਦੇ ਹਨ ਅਤੇ ਸਭ ਤੋਂ ਮਹੱਤਵਪੂਰਨ ਗੱਲ ਮਿਲ ਕੇ ਜੀਵਨ ਦਾ ਆਨੰਦ ਮਾਣਦੇ ਹਨ।

ਤਸਵੀਰ ਸਰੋਤ, BBC
ਭਾਰਤ ਅਤੇ ਡਿਜੀਟਲ ਨੌਮੈਡ
ਸਪੱਸ਼ਟ ਹੈ ਕਿ ਜਦੋਂ ਇਹ ਸਭ ਦੁਨੀਆਂ ਭਰ ਵਿੱਚ ਇਹ ਸਭ ਹੋ ਰਿਹਾ ਹੈ ਤਾਂ ਭਾਰਤ ਇਸ ਤੋਂ ਵੱਖ ਕਿਵੇਂ ਰਹਿ ਸਕਦਾ ਸੀ।
ਭਾਰਤ ਵਿੱਚ ਵੀ ਡਿਜੀਟਲ ਨੌਮੈਡ ਦਾ ਰੁਝਾਨ ਵਧ ਰਿਹਾ ਹੈ। ਨਾ ਸਿਰਫ਼ ਇਹ ਕਿ ਕਈ ਭਾਰਤੀ ਇਸ ਪਾਸੇ ਆਕਰਸ਼ਿਤ ਹੋ ਰਹੇ ਹਨ, ਬਲਕਿ ਭਾਰਤ ਪੂਰੀ ਦੁਨੀਆਂ ਦੇ ਡਿਜੀਟਲ ਨੌਮੈਡ ਦੀ ਇੱਕ ਪਸੰਦੀਦਾ ਲੋਕੇਸ਼ਨ (ਥਾਂ) ਬਣਦਾ ਜਾ ਰਿਹਾ ਹੈ।
ਉਦੈਪੁਰ ਦਾ ਰਹਿਣ ਵਾਲਾ ਮਯੰਕ ਪੋਖਰਨਾ ਖ਼ੁਦ ਨੂੰ ਡਿਜੀਟਲ ਨੌਮੈਡ ਦੱਸਦੇ ਹਨ। ਉਨ੍ਹਾਂ ਨੇ 2015 ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਬੰਗਲੌਰ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।
ਉਨ੍ਹਾਂ ਨੇ ਘਰ ਤਲਾਸ਼ਣ ਵਿੱਚ ਦਿੱਕਤੀ ਹੋਈ ਤਾਂ ਉਨ੍ਹਾਂ ਨੇ ਆਪਣੇ ਕੁਝ ਦੋਸਤਾਂ ਦੇ ਨਾਲ ਮਿਲ ਕੇ ਕੋ-ਲਿਵਿੰਗ ਕੰਪਨੀ ਬਣਾਈ।
ਕੁਝ ਦਿਨ ਨੌਕਰੀ ਅਤੇ ਕੰਪਨੀ ਨਾਲ-ਨਾਲ ਚੱਲਦੀ ਰਹੀ ਫਿਰ 2017 ਵਿੱਚ ਮੈਂ ਨੌਕਰੀ ਛੱਡ ਦਿੱਤੀ ਅਤੇ ਕੰਪਨੀ ਵਿੱਚ ਫੁਲ ਟਾਈਮ ਲੱਗ ਗਏ।
ਪਰ ਕੋਰੋਨਾ ਤੋਂ ਬਾਅਦ, ਉਨ੍ਹਾਂ ਨੇ ਕੰਪਨੀ ਬੰਦ ਕਰ ਦਿੱਤੀ ਅਤੇ ਫ੍ਰੀਲਾਂਸਿੰਗ ਸ਼ੁਰੂ ਕਰ ਦਿੱਤੀ।
ਹੁਣ ਤੱਕ ਉਹ ਭਾਰਤ ਦੇ ਕਈ ਸ਼ਹਿਰਾਂ ਤੋਂ ਇਲਾਵਾ ਦੁਨੀਆਂ ਦੇ ਦਸ ਤੋਂ ਵੱਧ ਦੇਸ਼ਾਂ ਵਿੱਚ ਰਹਿ ਚੁੱਕੇ ਹਨ। ਉਹ ਕਹਿੰਦੇ ਹਨ ਕਿ ਉਹ ਆਪਣੀ ਪਤਨੀ ਨਾਲ ਹਰ ਥਾਂ ਜਾਂਦੇ ਹਨ ਤੇ ਉਹ ਕੰਮ ਵੀ ਕਰਦੀ ਹੈ।
ਬੀਬੀਸੀ ਨੂੰ ਉਨ੍ਹਾਂ ਨੇ ਕਿਹਾ ਕਿ ਡਿਜੀਟਲ ਨੌਮੈਡ ਕਿਸੇ ਵੀ ਦੇਸ਼ ਵਿੱਚ ਨਾਗਰਿਕਾਂ ਅਤੇ ਸੈਲਾਨੀਆਂ ਵਿਚਕਾਰ ਇੱਕ ਕੜੀ ਹਨ।
ਸੈਲਾਨੀ ਕੁਝ ਦਿਨਾਂ ਲਈ ਆਉਂਦੇ ਹਨ ਪਰ ਡਿਜੀਟਲ ਨੌਮੈਡ ਲੰਬੇ ਦਿਨਾਂ ਲਈ ਆਉਂਦੇ ਹਨ। ਇਹ ਲੋਕ ਕੁਝ ਮਹੀਨਿਆਂ ਲਈ ਜਾਂ ਕਈ ਵਾਰ ਇਕ-ਦੋ ਸਾਲ ਵੀ ਇਕ ਥਾਂ 'ਤੇ ਰਹਿੰਦੇ ਹਨ।

ਤਸਵੀਰ ਸਰੋਤ, MAYYUR NOMADGAO
ਸਭ ਤੋਂ ਜ਼ਰੂਰੀ ਕੀ ਹੈ?
ਉਨ੍ਹਾਂ ਅਨੁਸਾਰ ਭਾਰਤ ਵਿੱਚ ਉਹ ਸਾਰੇ ਗੁਣ ਹਨ ਜੋ ਭਾਰਤ ਨੂੰ ਡਿਜੀਟਲ ਨੌਮੈਡ ਲੋਕਾਂ ਲਈ ਇੱਕ ਆਉਣ ਵਾਲੀ ਮੰਜ਼ਿਲ ਬਣਾਉਂਦੇ ਹਨ।
ਉਨ੍ਹਾਂ ਅਨੁਸਾਰ ਹਾਈ ਸਪੀਡ ਇੰਟਰਨੈੱਟ ਸਭ ਤੋਂ ਬੁਨਿਆਦੀ ਲੋੜ ਹੈ ਅਤੇ ਭਾਰਤ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਇਸ ਖੇਤਰ ਵਿੱਚ ਕਾਫੀ ਤਰੱਕੀ ਹੋਈ ਹੈ।
ਭਾਰਤ ਸਰਕਾਰ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਇੰਨਾ ਪੈਸਾ ਖਰਚ ਕਰਦੀ ਹੈ।
ਮਯੰਕ ਦਾ ਕਹਿਣਾ ਹੈ ਕਿ ਡਿਜੀਟਲ ਨੌਮੈਡ ਸਥਾਨਕ ਸੱਭਿਆਚਾਰ ਅਤੇ ਆਰਥਿਕਤਾ ਦੋਵਾਂ ਨਾਲ ਜੁੜ ਜਾਂਦੇ ਹਨ। ਇਸ ਲਈ ਜੇਕਰ ਸਰਕਾਰ ਇਸ ਪਾਸੇ ਥੋੜ੍ਹਾ ਜਿਹਾ ਵੀ ਧਿਆਨ ਦੇਵੇ ਤਾਂ ਇਸ ਤੋਂ ਵੱਧ ਮੁਨਾਫ਼ਾ ਮਿਲੇਗਾ।
ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਇੰਨਾ ਵੱਡਾ ਦੇਸ਼ ਹੈ, ਇੱਥੇ ਕਈ ਤਰ੍ਹਾਂ ਦੇ ਮੌਸਮ ਹਨ ਕਿ ਦੁਨੀਆਂ ਭਰ ਦੇ ਲੋਕ ਇੱਥੇ ਆ ਸਕਦੇ ਹਨ ਅਤੇ ਮੌਸਮ ਦੇ ਹਿਸਾਬ ਨਾਲ ਸਾਲ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿ ਸਕਦੇ ਹਨ।
ਉਨ੍ਹਾਂ ਮੁਤਾਬਕ ਇਸ ਦਾ ਫਾਇਦਾ ਵਿਦੇਸ਼ਾਂ ਤੋਂ ਭਾਰਤ ਆਉਣ ਵਾਲੇ ਡਿਜੀਟਲ ਨੌਮੈਡ ਲੋਕਾਂ ਨੂੰ ਵੀ ਹੁੰਦਾ ਹੈ, ਕਿਉਂਕਿ ਇੱਥੇ ਖਰਚਾ ਘੱਟ ਹੁੰਦਾ ਹੈ।
ਜੇਕਰ ਉਹ ਵਿਦੇਸ਼ੀ ਕੰਪਨੀਆਂ ਲਈ ਕੰਮ ਕਰਦੇ ਹੋਏ ਡਾਲਰ ਜਾਂ ਪੌਂਡ ਕਮਾ ਰਹੇ ਹਨ ਤਾਂ ਭਾਰਤ ਵਿੱਚ ਰਹਿਣਾ ਉਨ੍ਹਾਂ ਲਈ ਬਹੁਤ ਫਾਇਦੇਮੰਦ ਹੋਵੇਗਾ।
ਮਯੰਕ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਦੁਨੀਆਂ 'ਚ ਭਾਰਤ ਨੂੰ ਲੈ ਕੇ ਜੋ ਗ਼ਲਤ ਧਾਰਨਾਵਾਂ ਹਨ, ਉਹ ਹੁਣ ਦੂਰ ਹੋ ਰਹੀਆਂ ਹਨ।
ਹੁਨਰ ਤਾਂ ਚਾਹੀਦਾ ਹੀ ਹੈ ਪਰ ਸਭ ਤੋਂ ਜ਼ਰੂਰੀ ਹੈ ਅਨੁਸ਼ਾਸਨ।
ਉਹ ਕਹਿੰਦੇ ਹਨ ਕਿ ਤੁਹਾਨੂੰ ਹਰ ਦੋ ਮਹੀਨੇ ਬਾਅਦ ਜਗ੍ਹਾ ਬਦਲਣੀ ਪੈਂਦੀ ਹੈ। ਇਸ ਲਈ ਤੁਹਾਨੂੰ ਆਪਣੀ ਫਿਟਨੈੱਸ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਮੁਤਾਬਕ ਜਿੰਨਾ ਘੱਟ ਸਾਮਾਨ ਤੁਸੀਂ ਆਪਣੇ ਨਾਲ ਲੈ ਕੇ ਜਾਓਗੇ, ਓਨਾ ਹੀ ਆਰਾਮਦਾਇਕ ਹੋਵੋਗੇ।

ਤਸਵੀਰ ਸਰੋਤ, MAYYUR NOMADGAO
ਭਾਰਤ ਦਾ ਨੌਮੈਡ ਪਿੰਡ
ਮਯੰਕ ਪੋਖਰਨਾ ਜੇਕਰ ਭਾਰਤ ਨੂੰ ਡਿਜੀਟਲ ਨੌਮੈਡ ਲਈ ਆਉਣ ਵਾਲੀ ਮੰਜ਼ਿਲ ਕਹਿ ਰਹੇ ਹਨ, ਤਾਂ ਸ਼ਾਇਦ ਇਸ ਦਾ ਇੱਕ ਕਾਰਨ ਨੋਮੇਡ ਵਿਲੇਜ ਹੈ।
ਮਹਾਰਾਸ਼ਟਰ ਦੇ ਇੱਕ ਛੋਟੇ ਜਿਹੇ ਸ਼ਹਿਰ ਕੋਲ੍ਹਾਪੁਰ ਦੇ ਵਸਨੀਕ ਮਯੂਰ ਸੋਨਟਾਕੇ ਨੇ ਨੋਮੈਡ ਪਿੰਡ ਦੀ ਸਥਾਪਨਾ ਕੀਤੀ ਹੈ।
2014 ਤੱਕ ਭਾਰਤ ਵਿੱਚ ਕਾਰਪੋਰੇਟ ਨੌਕਰੀ ਕਰਨ ਵਾਲੇ ਮਯੂਰ ਨੇ ਇੱਕ ਅਮਰੀਕੀ ਕੰਪਨੀ ਲਈ ਰਿਮੋਟ ਯਾਨਿ ਘਰੋਂ ਕੰਮ ਕੀਤਾ।
ਉਨ੍ਹਾਂ ਦਾ ਕਹਿਣਾ ਹੈ ਕਿ 2016 ਵਿੱਚ ਉਨ੍ਹਾਂ ਦਾ ਨੌਮੈਡ ਬਣਨ ਦਾ ਸਫ਼ਰ ਸ਼ੁਰੂ ਹੋਇਆ।
ਨੇਪਾਲ ਤੋਂ ਸ਼ੁਰੂ ਕਰਦੇ ਹੋਏ ਉਨ੍ਹਾਂ ਨੇ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਵੱਲ ਰੁਖ਼ ਕੀਤਾ। 2017 ਤੋਂ ਉਨ੍ਹਾਂ ਨੇ ਵਿਦੇਸ਼ੀਆਂ ਨੂੰ ਭਾਰਤ ਆਉਣ ਦਾ ਸੱਦਾ ਦੇਣਾ ਸ਼ੁਰੂ ਕਰ ਦਿੱਤਾ।
ਫਿਰ ਉਨ੍ਹਾਂ ਨੇ ਗੋਆ ਸਰਕਾਰ ਨਾਲ ਮਿਲ ਕੇ ਕੰਮ ਕੀਤਾ ਅਤੇ ਸਾਲ 2019 ਵਿੱਚ ਨੌਮੈਡ ਵਿਲੇਜ ਦੀ ਸਥਾਪਨਾ ਕੀਤੀ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਡਿਜੀਟਲ ਨੌਮੈਡ ਲੋਕਾਂ ਦੀਆਂ ਤਿੰਨ ਸਭ ਤੋਂ ਮਹੱਤਵਪੂਰਨ ਮੰਗਾਂ ਹਨ। ਪਹਿਲਾ, ਹਾਈ ਸਪੀਡ ਇੰਟਰਨੈਟ, ਦੂਜਾ ਉਹ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੁੰਦੇ ਹਨ ਅਤੇ ਤੀਜਾ ਘਰੋਂ ਦੂਰ ਇਕੱਲੇਪਣ ਦਾ ਅਹਿਸਾਸ।
ਮਯੂਰ ਨੇ ਇਨ੍ਹਾਂ ਤਿੰਨਾਂ ਮਾਮਲਿਆਂ 'ਤੇ ਉਨ੍ਹਾਂ ਨੂੰ ਭਰੋਸਾ ਦਿੱਤਾ। ਪਰ ਕੁਝ ਮਹੀਨਿਆਂ ਬਾਅਦ ਕੋਰੋਨਾ ਮਹਾਮਾਰੀ ਆ ਗਈ।
ਇਸ ਦੌਰਾਨ ਵਿਦੇਸ਼ੀ ਲੋਕ ਨਹੀਂ ਆ ਸਕੇ ਪਰ ਭਾਰਤ ਤੋਂ ਬਹੁਤ ਸਾਰੇ ਲੋਕ ਉਨ੍ਹਾਂ ਦੇ ਪਿੰਡ ਪਹੁੰਚੇ। ਅੱਜ ਇਨ੍ਹਾਂ ਵਿੱਚੋਂ ਅੱਧੇ ਭਾਰਤੀ ਹਨ ਅਤੇ ਅੱਧੇ ਤੀਹ ਤੋਂ ਵੱਧ ਦੇਸ਼ਾਂ ਦੇ ਵਿਦੇਸ਼ੀ ਲੋਕ ਹਨ।
ਮਯੂਰ ਦਾ ਮੰਨਣਾ ਹੈ ਕਿ ਭਾਰਤ ਵਿੱਚ ਡਿਜੀਟਲ ਨੌਮੈਡ ਲੋਕ ਵਧ ਰਹੇ ਹਨ, ਜਿਸ ਵਿੱਚ ਭਾਰਤੀ ਅਤੇ ਵੱਡੀ ਗਿਣਤੀ ਵਿੱਚ ਵਿਦੇਸ਼ੀ ਵੀ ਸ਼ਾਮਲ ਹਨ।
ਭਾਰਤ ਵਿੱਚ ਇਸ ਦੇ ਵਧਦੇ ਰੁਝਾਨ ਲਈ ਉਹ ਕਈ ਸਕਾਰਾਤਮਕ ਕਾਰਨਾਂ ਦਾ ਹਵਾਲਾ ਦਿੰਦੇ ਹਨ।
ਭਾਰਤ ਵਿੱਚ ਨੌਜਵਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ।
ਲੋਕ ਦੇਰ ਨਾਲ ਵਿਆਹ ਕਰ ਰਹੇ ਹਨ ਅਤੇ ਕੋਈ ਵੀ ਬੱਚੇ ਪੈਦਾ ਕਰਨ ਲਈ ਬਹੁਤ ਉਤਸੁਕ ਨਹੀਂ ਹੈ। ਇਸ ਲਈ ਜੋੜੇ ਅਜਿਹੇ ਮੌਕੇ ਗੁਆਉਣਾ ਨਹੀਂ ਚਾਹੁੰਦੇ ਹਨ।

ਤਸਵੀਰ ਸਰੋਤ, MAYYUR NOMADGAO
ਭਾਰਤ ਵਿੱਚ ਸੰਭਾਵਨਾਵਾਂ
ਭਾਰਤ ਅਤੇ ਦੁਨੀਆਂ ਵਿੱਚ ਤਕਨੀਕੀ ਵਿਕਾਸ ਹੋ ਰਿਹਾ ਹੈ। ਇੰਟਰਨੈੱਟ ਸੁਵਿਧਾ ਦੁਨੀਆਂ ਦੇ ਕਈ ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ ਬਿਹਤਰ ਹੈ। ਮਿਸਾਲ ਵਜੋਂ, ਜ਼ੂਮ ਜਾਂ ਗੂਗਲ ਮੀਟ ਅਤੇ ਨਵੇਂ-ਨਵੇਂ ਟੂਲ ਆ ਰਹੇ ਹਨ।
ਪਿਛਲੇ ਕੁਝ ਸਾਲਾਂ ਵਿੱਚ ਲੋਕਾਂ ਦੀ ਆਮਦਨੀ ਵਧੀ ਹੈ। ਇਸ ਨਾਲ ਨੌਜਵਾਨਾਂ ਦੀਕੋਲ ਡਿਸਪੋਜ਼ੈਬਲ ਆਮਦਨੀ ਵਧੀ ਹੈ।
ਨੌਜਵਾਨਾਂ ਵਿੱਚ ਜੋਖ਼ਮ ਲੈਣ ਦੀ ਸਮਰੱਥਾ ਵਧ ਰਹੀ ਹੈ। ਉਨ੍ਹਾਂ ਵਿੱਚ ਫ੍ਰੀਲਾਂਸਰ ਬਣਨ ਜਾਂ ਓਪਨ ਸਟਾਰਟਅੱਪ ਖੋਲ੍ਹਣ ਦੀ ਹਿੰਮਤ ਵਧ ਰਹੀ ਹੈ।
ਉਨ੍ਹਾਂ ਮੁਤਾਬਕ ਅਗਲੇ ਪੰਜ-ਦਸ ਸਾਲਾਂ ਵਿੱਚ ਭਾਰਤ ਵਿੱਚ ਡਿਜੀਟਲ ਨੌਮੈਡ ਲੋਕਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਵੇਗਾ।
ਇਸ ਦਾ ਖ਼ਾਸ ਕਾਰਨ ਦੱਸਦੇ ਹੋਏ ਉਹ ਕਹਿੰਦੇ ਹਨ ਕਿ ਜੋ ਨੌਜਵਾਨ ਇਸ ਸਮੇਂ ਫ੍ਰੀਲਾਂਸਰ ਜਾਂ ਦੂਰ-ਦੁਰਾਡੇ ਦੇ ਖੇਤਰਾਂ ਤੋਂ ਕੰਮ ਕਰ ਰਹੇ ਹਨ ਜਾਂ ਡਿਜੀਟਲ ਨੌਮੈਡ ਹਨ, ਉਹ ਅਗਲੇ ਕੁਝ ਸਾਲਾਂ ਵਿੱਚ ਮੈਨੇਜਰ ਬਣ ਜਾਣਗੇ।
ਉਹ ਹੁਣ ਪ੍ਰਬੰਧਕਾਂ ਦੀ ਤੁਲਨਾ ਵਿੱਚ ਉਨ੍ਹਾਂ ਨੌਜਵਾਨਾਂ 'ਤੇ ਜ਼ਿਆਦਾ ਯਕੀਨ ਕਰਨਗੇ ਜੋ ਦੁਰ-ਦੁਰਾਡਿਓਂ ਕੰਮ ਕਰਨਾ ਚਾਹੁਣਗੇ।
ਇਸ ਲਈ ਅਗਲੀ ਵਾਰ ਜੇਕਰ ਤੁਸੀਂ ਬਾਲੀ ਜਾਂ ਗੋਆ ਦੇ ਬੀਚ 'ਤੇ ਕਿਸੇ ਨੂੰ ਪ੍ਰਿੰਟ ਸ਼ਰਟ ਵਿੱਚ ਨਾਰੀਅਲ ਪਾਣੀ ਪੀਂਦਿਆਂ ਹੋਇਆ ਦੇਖੋ ਤਾਂ ਉਨ੍ਹਾਂ ਨੂੰ ਸਿਰਫ਼ ਇੱਕ ਵਿਦੇਸ਼ੀ ਸੈਲਾਨੀ ਨਾ ਸਮਝਣਾ, ਹੋ ਸਕਦਾ ਹੈ ਕਿ ਉਹ ਇੱਕ ਡਿਜੀਟਲ ਨੌਮੈਡ ਹੋਣ।












