ਰੋਹਤਕ ਦੀ ਡਾਕਟਰ ਦਾ ਵਾਇਰਲ ਵੀਡੀਓ : 'ਉਹ ਮੈਨੂੰ ਜ਼ਬਰੀ ਕਾਰ ਵਿੱਚ ਸੁੱਟ ਕੇ ਲੈ ਗਿਆ ਤੇ ਮੇਰੀ ਕੁੱਟਮਾਰ ਕੀਤੀ'

ਮੈਡੀਕਲ ਕਰਮੀਆਂ ਦਾ ਵਿਰੋਧ ਪ੍ਰਦਰਸ਼ਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੈਡੀਕਲ ਕਰਮੀਆਂ ਦਾ ਵਿਰੋਧ ਪ੍ਰਦਰਸ਼ਨ - ਸੰਕੇਤਕ ਫੋਟੋ
    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਸਹਿਯੋਗੀ

ਪੱਛਮੀ ਬੰਗਾਲ ਦੇ ਮੈਡੀਕਲ ਕਾਲਜ ਵਿੱਚ ਇੱਕ ਮਹਿਲਾ ਡਾਕਟਰ ਨਾਲ ਬਲਾਤਕਾਰ ਤੇ ਕਤਲ ਦੀ ਘਟਨਾ ਤੋਂ ਬਾਅਦ ਦੇਸ਼ ਵਿੱਚ ਕਾਫੀ ਰੋਸ ਹੈ।

ਹੁਣ ਹਰਿਆਣਾ ਦੇ ਰੋਹਤਕ ਦੇ ਪੀਜੀਆਈਐੱਮਐੱਸ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ।

ਪੁਲਿਸ ਦਾ ਦਾਅਵਾ ਹੈ ਕਿ ਹਰਿਆਣਾ ਵਿੱਚ ਇੱਕ ਮੈਡੀਕਲ ਦੀ ਵਿਦਿਆਰਥਣ ਨੂੰ ਅਗਵਾ ਕਰਕੇ ਉਸ ਦੀ ਕੁੱਟਮਾਰ ਦੀ ਘਟਨਾ ਵਾਪਰੀ ਸੀ ਜਿਸ ਵਿੱਚ ਮੁਲਜ਼ਮ ਡਾਕਟਰ ਨੂੰ ਗ੍ਰਿਫ਼ਤਾਰ ਕਰਕੇ ਦੋ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।

ਮੈਡੀਕਲ ਕਾਲਜ ਪੀਜੀਆਈਐੱਮਐੱਸ, ਰੋਹਤਕ ਨੇ ਪੀਜੀ ਕਰ ਰਹੇ ਮੁਲਜ਼ਮ ਡਾਕਟਰ ਨੂੰ ਮੈਡੀਕਲ ਕਾਲਜ ਤੋਂ ਕੱਢ ਦਿੱਤਾ ਹੈ ਅਤੇ ਉਸ ਦੇ ਮੈਡੀਕਲ ਕੈਂਪਸ ਵਿੱਚ ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ।

ਪੀਜੀਆਈਐੱਮਐੱਸ ਰੋਹਤਕ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਰੋਸ਼ਨ ਲਾਲ ਮੁਤਾਬਕ, ਮੁਲਜ਼ਮ ਡਾਕਟਰ ਨੂੰ ਐਤਵਾਰ ਸਵੇਰੇ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਹਮਲਾ ਅਤੇ ਅਗਵਾ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਮੁਲਜ਼ਮ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ।

ਮੈਡੀਕਲ ਦੀ ਵਿਦਿਆਰਥਣ ਨੇ ਪੀਜੀਆਈਐੱਮਐੱਸ ਪ੍ਰਸ਼ਾਸਨ ਨੂੰ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ ਸੀ ਅਤੇ 17 ਅਗਸਤ ਨੂੰ ਪੀਜੀਆਈਐੱਮਐੱਸ ਥਾਣੇ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ 'ਤੇ ਕਾਰਵਾਈ ਕਰਦਿਆਂ ਮੁਲਜ਼ਮ ਡਾਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਸ਼ਿਕਾਇਤ 'ਚ ਪੀੜਤਾ ਨੇ ਦੱਸਿਆ ਕਿ ਮੁਲਜ਼ਮ ਉਸ ਨੂੰ ਜ਼ਬਰਦਸਤੀ ਮੈਡੀਕਲ ਕਾਲਜ ਤੋਂ ਕਾਰ 'ਚ ਬਿਠਾ ਕੇ ਲੈ ਗਿਆ ਸੀ ਜਿਸ ਦੌਰਾਨ ਉਸ ਨੂੰ ਵੱਖ-ਵੱਖ ਸ਼ਹਿਰਾਂ ਵਿੱਚ ਲਿਜਾਇਆ ਗਿਆ ਅਤੇ ਉਸ ਦੀ ਕੁੱਟਮਾਰ ਵੀ ਕੀਤੀ ਗਈ।

ਬੀਬੀਸੀ ਪੰਜਾਬੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਪੀੜਤਾ ਨੇ ਵੀਡੀਓ ਵਿੱਚ ਕੀਤੇ ਖੁਲਾਸੇ

ਪੀੜਤਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਜਾਰੀ ਕੀਤੀ ਹੈ ਅਤੇ ਰੋਂਦਿਆਂ ਉਨ੍ਹਾਂ ਨਾਲ ਹੋਏ ਤਸ਼ੱਦਦ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਵੀਡੀਓ ਵਿੱਚ ਪੀੜਤਾ ਨੇ ਆਪਣੇ ਸਰੀਰ ਉੱਤੇ ਪਏ ਕੁੱਟਮਾਰ ਦੇ ਨਿਸ਼ਾਨ ਵੀ ਦਿਖਾਏ।

ਸੋਸ਼ਲ ਮੀਡੀਆ ਉੱਤੇ ਮੌਜੂਦ ਵੀਡੀਓ ਵਿੱਚ ਪੀੜਤਾ ਨੇ ਇਲਜ਼ਾਮ ਲਾਇਆ ਕਿ ਮੁਲਜ਼ਮ ਡਾਕਟਰ ਉਨ੍ਹਾਂ ਨੂੰ ਸੱਤ ਮਹੀਨਿਆਂ ਤੋਂ ਤੰਗ-ਪ੍ਰੇਸ਼ਾਨ ਕਰ ਰਿਹਾ ਸੀ ਅਤੇ ਉਨ੍ਹਾਂ ਦਾ ਦਾਖ਼ਲਾ ਖ਼ਾਰਜ ਕਰਨ, ਕਾਲਜ ਵਿੱਚ ਹਾਜ਼ਰੀ ਘੱਟ ਕਰਨ ਜਾਂ ਇੰਟਰਨਲ ਨੰਬਰ ਨਾ ਲਾਉਣ ਦੀਆਂ ਧਮਕੀਆਂ ਦਿੰਦਾ ਸੀ।

ਉਨ੍ਹਾਂ ਕਿਹਾ ਧਮਕੀ ਦਿੱਤੀ ਗਈ ਸੀ ਕਿ ਪੇਪਰ ਨਹੀਂ ਦੇਣ ਦਿੱਤੇ ਜਾਣਗੇ ਅਤੇ ਲਗਾਤਾਰ ਤਸ਼ੱਦਦ ਕੀਤਾ ਜਾ ਰਿਹਾ ਸੀ।

ਵੀਡੀਓ ਵਿੱਚ ਪੀੜਤਾ ਦੇ ਹੱਥਾਂ ਅਤੇ ਗਰਦਨ 'ਤੇ ਸੱਟਾਂ ਦੇ ਨਿਸ਼ਾਨ ਵੀ ਦੇਖੇ ਜਾ ਸਕਦੇ ਸਨ।

ਸਿਹਤ ਕਰਮੀ ਵਿਰੋਧ ਪ੍ਰਦਰਸ਼ਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੱਛਮੀ ਬੰਗਾਲ ਵਿੱਚ ਇੱਕ ਮਹਿਲਾ ਡਾਕਟਰ ਨਾਲ ਬਲਾਤਕਾਰ ਦੇ ਖ਼ਿਲਾਫ਼ ਦੇਸ਼ ਭਰ ਵਿੱਚ ਸਿਹਤ ਕਰਮੀ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਹ ਤਸਵੀਰ ਦਿੱਲੀ ਦੀ ਹੈ

ਪੁਲਿਸ ਨੇ ਕੀ ਦੱਸਿਆ

ਰੋਹਤਕ ਮੈਡੀਕਲ ਕਾਲਜ ਪ੍ਰਸ਼ਾਸਨ ਨੇ ਮੀਡੀਆ ਨੂੰ ਦੱਸਿਆ ਕਿ ਇੱਥੇ ਪੀਜੀ ਕੋਰਸ ਕਰ ਰਹੇ ਮੁਲਜ਼ਮ ਡਾਕਟਰ ਨੂੰ ਨੌਕਰੀ ਤੋਂ ਕੱਢਣ ਦਾ ਫੈਸਲਾ ਕੀਤਾ ਹੈ।

ਰੋਹਤਕ ਦੇ ਡਿਪਟੀ ਸੁਪਰਡੈਂਟ ਆਫ਼ ਪੁਲਿਸ, ਵਰਿੰਦਰ ਸਿੰਘ ਨੇ ਦੱਸਿਆ ਕਿ ਪੀਜੀਆਈਐੱਮਐੱਸ ਬੀਡੀਐੱਸ ਦੀ ਵਿਦਿਆਰਥਣ ਨੇ ਐਤਵਾਰ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਟੀਮ ਅਤੇ ਪੀਜੀਆਈਐੱਮਐੱਸ ਦੇ ਸੀਨੀਅਰ ਅਧਿਕਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ।

ਪੁਲਿਸ ਨੇ ਫ਼ੌਰਨ ਮਾਮਲੇ ਦਾ ਨੋਟਿਸ ਲੈਂਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਅਤੇ ਪੀਜੀਆਈਐੱਮਐੱਸ ਥਾਣੇ ਵਿੱਚ ਐੱਫ਼ਆਈਆਰ ਦਰਜ ਕੀਤੀ।

ਉਨ੍ਹਾਂ ਦੱਸਿਆ ਕਿ, ਵਿਦਿਆਰਥਣ ਦੀ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਕਾਨੂੰਨੀ ਵਕੀਲ ਦੇ ਸਾਹਮਣੇ ਕਾਊਂਸਲਿੰਗ ਕੀਤੀ ਗਈ। ਵਿਦਿਆਰਥਣ ਦੀ ਮੈਡੀਕਲ ਜਾਂਚ ਵੀ ਕੀਤੀ ਗਈ ਹੈ।

ਪੀੜਤ ਵਿਦਿਆਰਥੀ ਦੇ ਬਿਆਨ ਮੈਜਿਸਟਰੇਟ ਦੇ ਸਾਹਮਣੇ ਦਰਜ ਕਰਵਾਏ ਗਏ।

ਸ਼ਿਕਾਇਤ 'ਚ ਲੜਕੀ ਨੇ ਦੱਸਿਆ ਕਿ 16.08.2024 ਨੂੰ ਉਕਤ ਨੌਜਵਾਨਾਂ ਨੇ ਉਸ ਨੂੰ ਪੀਜੀਆਈਐੱਮਐੱਸ ਤੋਂ ਅਗਵਾ ਕਰ ਲਿਆ ਅਤੇ ਅੰਬਾਲਾ ਅਤੇ ਚੰਡੀਗੜ੍ਹ ਲੈ ਗਏ ਅਤੇ ਉਸ ਦੀ ਕੁੱਟਮਾਰ ਕੀਤੀ।

ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪੀੜਤ ਵਿਦਿਆਰਥਣ ਅਤੇ ਮੁਲਜ਼ਮ ਡਾਕਟਰ ਦੋਵੇਂ ਪੀਜੀਆਈਐੱਮਐੱਸ ਨਾਲ ਸਬੰਧਤ ਹਨ।

ਪੀੜਤ ਵਿਦਿਆਰਥਣ ਬੀਡੀਐੱਸ ਦੀ ਪੜ੍ਹਾਈ ਕਰ ਰਹੀ ਹੈ ਜਦਕਿ ਮੁਲਜ਼ਮ ਡਾਕਟਰ ਐਨਾਟੋਮੀ ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦਾ ਹੈ।

ਦੋਵੇਂ ਇੱਕ ਦੂਜੇ ਨੂੰ ਕਰੀਬ ਛੇ ਮਹੀਨਿਆਂ ਤੋਂ ਜਾਣਦੇ ਹਨ।

ਲੜਕੀ ਦੇ ਬਿਆਨਾਂ ਅਤੇ ਜਾਂਚ ਵਿੱਚ ਹੁਣ ਤੱਕ ਜਿਨਸੀ ਸ਼ੋਸ਼ਣ ਜਾਂ ਬਲਾਤਕਾਰ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਵਰਿੰਦਰ ਸਿੰਘ ਨੇ ਦੱਸਿਆ ਕਿ, “ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਲਗਾਤਾਰ ਲੜਕੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਸੰਪਰਕ ਵਿੱਚ ਹੈ। ਪੀੜਤ ਵਿਦਿਆਰਥਣ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ।”

ਸਿਹਤ ਮੰਤਰੀ ਨੇ ਲਿਆ ਨੋਟਿਸ

ਪੱਛਮੀ ਬੰਗਾਲ ਮੈਡੀਕਲ ਕਾਲਜ 'ਚ ਬਲਾਤਕਾਰ ਅਤੇ ਕਤਲ ਮਾਮਲੇ 'ਚ ਇਨਸਾਫ ਦੀ ਮੰਗ ਨੂੰ ਲੈ ਕੇ ਪਿਛਲੇ ਇੱਕ ਹਫ਼ਤੇ ਤੋਂ ਪੀਜੀਆਈਐੱਮਐੱਸ ਰੋਹਤਕ 'ਚ ਡਾਕਟਰ ਹੜਤਾਲ 'ਤੇ ਹਨ।

ਇਸ ਤੋਂ ਬਾਅਦ ਮੈਡੀਕਲ ਦੀ ਵਿਦਿਆਰਥਣ ਨੂੰ ਅਗਵਾ ਕਰਕੇ ਉਸ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ।

ਹਰਿਆਣਾ ਦੇ ਸਿਹਤ ਮੰਤਰੀ ਡਾਕਟਰ ਕਮਲ ਗੁਪਤਾ ਸੋਮਵਾਰ ਨੂੰ ਰੋਹਤਕ ਮੈਡੀਕਲ ਕਾਲਜ ਆਏ ਅਤੇ ਪੂਰੇ ਮਾਮਲੇ ਦੀ ਜਾਣਕਾਰੀ ਲਈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਪਤਾ ਨੇ ਕਿਹਾ ਕਿ ਮੈਡੀਕਲ ਦੀ ਵਿਦਿਆਰਥਣ ਦਾ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਉਹ ਖ਼ੁਦ ਆਏ ਹਨ ਤਾਂ ਜੋ ਡਾਕਟਰਾਂ ਦੀ ਸੁਰੱਖਿਆ ਨਾਲ ਜੁੜੇ ਮਸਲੇ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾ ਸਕੇ।

ਗੁਪਤਾ ਨੇ ਦੱਸਿਆ ਕਿ ਇਸ ਮਾਮਲੇ 'ਚ ਰੋਹਤਕ ਮੈਡੀਕਲ ਕਾਲਜ ਨੇ ਇਸ ਮਾਮਲੇ ਵਿੱਚ ਫ਼ੌਰੀ ਤੌਰ ਉੱਤੇ ਸਖ਼ਤ ਕਾਰਵਾਈ ਕੀਤੀ ਹੈ।

“ਜਿੱਥੋਂ ਤੱਕ ਮਹਿਲਾ ਡਾਕਟਰਾਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਦਾ ਸਵਾਲ ਹੈ, ਇਹ ਇੱਕ ਅਹਿਮ ਮੁੱਦਾ ਹੈ ਅਤੇ ਸੂਬੇ ਦੇ ਸਰਕਾਰੀ ਅਤੇ ਨਿੱਜੀ ਮੈਡੀਕਲ ਕਾਲਜ ਦੋਵੇਂ ਇਸ ਪ੍ਰਤੀ ਸੁਚੇਤ ਹਨ। ਸੁਰੱਖਿਆ ਪਹਿਲਾਂ ਹੀ ਮੌਜੂਦ ਹੈ ਅਤੇ ਲੋੜ ਪੈਣ 'ਤੇ ਸੁਰੱਖਿਆ ਵਧਾਈ ਜਾ ਰਹੀ ਹੈ।”

ਹਰਿਆਣਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰਿਆਣਾ ਵਿੱਚ 2022 ਵਿੱਚ ਔਰਤਾਂ ਵਿਰੁੱਧ ਅਪਰਾਧਾਂ ਦੇ 16,743 ਮਾਮਲੇ ਦਰਜ ਕੀਤੇ ਗਏ ਸਨ

ਐੱਨਸੀਆਰਬੀ ਡੇਟਾ

3 ਦਸੰਬਰ ਨੂੰ ਐੱਨਸੀਆਰਬੀ ਦੀ 2023 ਦੀ ਸਾਲਾਨਾ ਰਿਪੋਰਟ ਜਾਰੀ ਕੀਤੀ ਸੀ।

ਹਰਿਆਣਾ ਵਿੱਚ 2022 ਵਿੱਚ ਔਰਤਾਂ ਵਿਰੁੱਧ ਅਪਰਾਧਾਂ ਦੇ 16,743 ਮਾਮਲੇ ਦਰਜ ਕੀਤੇ ਗਏ, ਜਦੋਂ ਕਿ 2021 ਵਿੱਚ 16,658 ਅਤੇ 2020 ਵਿੱਚ 13,000 ਮਾਮਲੇ ਦਰਜ ਕੀਤੇ ਗਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)