ਟਰੰਪ ਅਤੇ ਜ਼ੇਲੇਂਸਕੀ ਦਰਮਿਆਨ ਕਿਹੜੀ ਗੱਲ ਕਰਕੇ ਬਹਿਸ ਹੋ ਗਈ, ਜ਼ੇਲੇਂਸਕੀ ਦੇ ਚਲੇ ਜਾਣ ਬਾਅਦ ਟਰੰਪ ਨੇ ਕੀ ਕਿਹਾ

ਟਰੰਪ - ਜ਼ੇਲੇਂਸਕੀ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਰਾਸ਼ਟਰਪਤੀ ਡੌਨਲਡ ਟਰੰਪ ਅਤੇ ਜ਼ੇਲੇਂਸਕੀ ਦੀ ਮੁਲਾਕਾਤ ਦੌਰਾਨ ਬਹਿਸ ਹੋਈ
    • ਲੇਖਕ, ਮਾਈਰੋਸਲਾਵਾ ਪੇਟਸਾ ਅਤੇ ਡੈਨੀਅਲ ਵਿਟਨਬਰਗ
    • ਰੋਲ, ਬੀਬੀਸੀ ਯੂਕਰੇਨੀਅਨ, ਓਵਲ ਆਫਿਸ ਤੋਂ

ਅਮਰੀਕਾ ਦੇ ਵ੍ਹਾਈਟ ਹਾਊਸ ਵਿੱਚ ਦਿਨ ਦੀ ਸ਼ੁਰੂਆਤ ਰੋਜ਼ਾਨਾ ਦੀ ਤਰ੍ਹਾਂ ਹੋਈ ਸੀ, ਜਿਸ ਵਿੱਚ ਵਿਦੇਸ਼ੀ ਮਹਿਮਾਨਾਂ ਲਈ ਰਾਖਵਾਂ ਸਮਾਂ ਰੱਖਿਆ ਜਾਂਦਾ ਹੈ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦਾ ਵ੍ਹਾਈਟ ਹਾਊਸ ਦੇ ਵੈਸਟ ਵਿੰਗ ਦੇ ਦਰਵਾਜ਼ੇ 'ਤੇ ਸਵਾਗਤ ਕੀਤਾ ਅਤੇ ਦੋਵਾਂ ਦੇਸ਼ਾਂ ਦੇ ਆਗੂਆਂ ਨੇ ਬੜੀ ਨਿਮਰਤਾ ਨਾਲ ਹੱਥ ਮਿਲਾਇਆ।

ਅਸੀਂ ਵੀ, ਯੂਕਰੇਨੀ ਮੀਡੀਆ ਪੂਲ ਦੇ ਹਿੱਸੇ ਵਜੋਂ ਓਵਲ ਆਫਿਸ ਵਿੱਚ ਸੀ ਅਤੇ ਦੇਖ ਰਹੇ ਸੀ ਕਿ ਸਾਰੀਆਂ ਰਸਮਾਂ ਦੀ ਚੰਗੀ ਤਰ੍ਹਾਂ ਰਿਹਰਸਲ ਹੋਈ ਅਤੇ ਲਗਭਗ ਅੱਧੇ ਘੰਟੇ ਤੱਕ ਨਿਮਰਤਾ ਭਰੀ ਗੱਲਬਾਤ ਹੁੰਦੀ ਰਹੀ।

ਜ਼ੇਲੇਂਸਕੀ ਨੇ ਟਰੰਪ ਨੂੰ ਯੂਕਰੇਨੀ ਮੁੱਕੇਬਾਜ਼ ਓਲੇਕਸੈਂਡਰ ਉਸਿਕ ਦੀ ਚੈਂਪੀਅਨਸ਼ਿਪ ਬੈਲਟ ਭੇਟ ਕੀਤੀ।

ਟਰੰਪ ਨੇ ਜ਼ੇਲੇਂਸਕੀ ਦੇ ਕੱਪੜਿਆਂ ਦੀ ਪ੍ਰਸ਼ੰਸਾ ਕੀਤੀ।

ਹੁਣ ਤੱਕ, ਸਭ ਕੁਝ ਕੂਟਨੀਤਕ ਢੰਗ ਨਾਲ ਚੱਲ ਰਿਹਾ ਸੀ।

ਬੀਬੀਸੀ ਪੰਜਾਬੀ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਪਰ ਕੁਝ ਮਿੰਟਾਂ ਬਾਅਦ, ਜੋ ਹੋਇਆ ਉਸ ਨੂੰ ਬਿਆਨ ਕਰਨਾ ਬੜਾ ਔਖਾ ਹੈ।

ਦੋਸਤੀ ਭਰੇ ਸੁਰ ਗੁੱਸੇ ਵਿੱਚ ਬਦਲ ਗਏ। ਆਵਾਜ਼ਾਂ ਉੱਚੀਆਂ ਹੋ ਗਈਆਂ, ਅੱਖਾਂ ਫੇਰੀਆਂ ਗਈਆਂ, ਇਲਜ਼ਾਮ ਲਗਾਏ ਗਏ ਅਤੇ ਇਹ ਸਭ ਦੁਨੀਆਂ ਭਰ ਦੇ ਟੀਵੀ ਕੈਮਰਿਆਂ ਦੇ ਸਾਹਮਣੇ ਹੋਇਆ।

ਅਮਰੀਕੀ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਨੇ ਦੌਰੇ 'ਤੇ ਆਏ ਯੂਕਰੇਨੀ ਆਗੂ ਨੂੰ ਨਿੰਦਿਆ ਕੀਤੀ ਅਤੇ ਜ਼ੇਲੇਂਸਕੀ 'ਤੇ ਇਲਜ਼ਾਮ ਲਗਾਇਆ ਕਿ ਉਹ ਯੂਕਰੇਨ ਦੇ ਯੁੱਧ ਦੇ ਯਤਨਾਂ ਲਈ ਅਮਰੀਕਾ ਵੱਲੋਂ ਲਗਾਤਾਰ ਮਿਲੇ ਸਮਰਥਨ ਲਈ ਉਸ ਤਰ੍ਹਾਂ ਸ਼ੁਕਰਗੁਜ਼ਾਰ ਨਹੀਂ ਹਨ ਜਿਸ ਤਰ੍ਹਾਂ ਉਨ੍ਹਾਂ ਨੂੰ ਹੋਣਾ ਚਾਹੀਦਾ ਹੈ।

ਟਰੰਪ - ਜ਼ੇਲੇਂਸਕੀ ਵਿਚਕਾਰ ਬਹਿਸ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਟਰੰਪ - ਜ਼ੇਲੇਂਸਕੀ ਦੀ ਮੀਟਿੰਗ ਵਿੱਚ ਉਪ ਰਾਸ਼ਟਰਪਤੀ ਵੈਂਸ ਵੀ ਮੌਜੂਦ ਸਨ

ਤਣਾਅ ਉਦੋਂ ਹੋਰ ਵੱਧ ਗਿਆ ਜਦੋਂ ਉਪ-ਰਾਸ਼ਟਰਪਤੀ ਜੇਡੀ ਵੈਂਸ ਨੇ ਜ਼ੇਲੇਂਸਕੀ ਨੂੰ ਕਿਹਾ ਕਿ ਯੁੱਧ ਨੂੰ ਕੂਟਨੀਤੀ ਰਾਹੀਂ ਖ਼ਤਮ ਕੀਤਾ ਜਾਣਾ ਚਾਹੀਦਾ ਹੈ।

ਅੱਗੋਂ ਜ਼ੇਲੇਂਸਕੀ ਨੇ ਜਵਾਬ ਦਿੱਤਾ- ਕਿਹੋ ਜਿਹੀ ਕੂਟਨੀਤੀ।

ਵੈਂਸ ਨੇ ਜ਼ੇਲੇਂਸਕੀ ਨੂੰ ਕਿਹਾ ਕਿ ਉਨ੍ਹਾਂ ਲਈ ਓਵਲ ਦਫ਼ਤਰ ਆਉਣਾ ਅਤੇ ਅਮਰੀਕੀ ਮੀਡੀਆ ਸਾਹਮਣੇ ਆਪਣਾ ਪੱਖ ਰੱਖਣਾ "ਅਪਮਾਨਜਨਕ" ਸੀ ਅਤੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਜ਼ੇਲੇਂਸਕੀ ਟਰੰਪ ਨੂੰ ਉਨ੍ਹਾਂ ਦੀ ਅਗਵਾਈ ਲਈ ਧੰਨਵਾਦ ਕਰਨ।

ਕਮਰੇ ਵਿੱਚ ਮੌਜੂਦ ਪੱਤਰਕਾਰ ਇਸ ਸਾਰੀ ਤਿੱਖੀ ਗੱਲਬਾਤ ਨੂੰ ਦੇਖ ਰਹੇ ਸਨ।

ਟਰੰਪ - ਜ਼ੇਲੇਂਸਕੀ ਵਿਚਕਾਰ ਬਹਿਸ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਰਾਸ਼ਟਰਪਤੀ ਟਰੰਪ ਅਤੇ ਜ਼ੇਲੇਂਸਕੀ ਵਿਚਕਾਰ ਬਹਿਸ ਹੋਈ ਹੈ

ਇੱਕ ਮੌਕਾ ਅਜਿਹਾ ਆਇਆ ਜਦੋਂ ਟਰੰਪ ਨੇ ਜ਼ੇਲੇਂਸਕੀ ਨੂੰ ਕਿਹਾ ਕਿ "ਤੁਸੀਂ ਕਾਫ਼ੀ ਬੋਲ ਚੁੱਕੇ ਹੋ। ਤੁਸੀਂ ਇਹ ਨਹੀਂ ਜਿੱਤ ਰਹੇ। ਤੁਹਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਪੱਤੇ ਤੁਹਾਡੇ ਹੱਥ ਨਹੀਂ ਹਨ।"

ਅੱਗੋਂ ਜ਼ੇਲੇਂਸਕੀ ਨੇ ਜਵਾਬ ਦਿੱਤਾ "ਮੈਂ ਪੱਤੇ ਨਹੀਂ ਖੇਡ ਰਿਹਾ। ਮੈਂ ਇਸ ਬਾਰੇ ਬਹੁਤ ਗੰਭੀਰ ਹਾਂ, ਸ਼੍ਰੀਮਾਨ ਰਾਸ਼ਟਰਪਤੀ। ਮੈਂ ਉਹ ਰਾਸ਼ਟਰਪਤੀ ਹਾਂ ਜੋ ਯੁੱਧ ਦੀ ਸਥਿਤੀ ਵਿੱਚ ਹੈ।"

ਟਰੰਪ ਨੇ ਕਿਹਾ, "ਤੁਸੀਂ ਤੀਜੇ ਵਿਸ਼ਵ ਯੁੱਧ ਦਾ ਜੂਆ ਖੇਡ ਰਹੇ ਹੋ ਅਤੇ ਤੁਸੀਂ ਜੋ ਕਰ ਰਹੇ ਹੋ ਉਹ ਦੇਸ਼ ਦਾ ਨਿਰਾ ਨਿਰਾਦਰ ਹੈ, ਇਸ ਦੇਸ਼ ਨੇ ਤੁਹਾਨੂੰ ਬਹੁਤ ਸਾਰੇ ਲੋਕਾਂ ਦੀ ਉਮੀਦ ਤੋਂ ਕਿਤੇ ਵੱਧ ਸਮਰਥਨ ਦਿੱਤਾ ਹੈ।"

ਵੈਂਸ ਨੇ ਕਿਹਾ, "ਕੀ ਤੁਸੀਂ ਇਸ ਪੂਰੀ ਮੀਟਿੰਗ ਵਿੱਚ ਇੱਕ ਵਾਰ ਵੀ 'ਧੰਨਵਾਦ' ਕਿਹਾ ਹੈ? ਨਹੀਂ।"

ਇਸ ਦੌਰਾਨ, ਅਮਰੀਕਾ ਵਿੱਚ ਯੂਕਰੇਨ ਦੇ ਰਾਜਦੂਤ ਆਪਣਾ ਸਿਰ ਫੜ੍ਹ ਕੇ ਬੈਠੇ ਸਨ।

ਯੂਕਰੇਨ ਦੀ ਰਾਜਦੂਤ ਓਕਸਾਨਾ ਮਾਰਕਾਰੋਵਾ

ਤਸਵੀਰ ਸਰੋਤ, Social Media

ਤਸਵੀਰ ਕੈਪਸ਼ਨ, ਯੂਕਰੇਨ ਦੀ ਰਾਜਦੂਤ ਓਕਸਾਨਾ ਮਾਰਕਾਰੋਵਾ

ਮਾਹੌਲ ਪੂਰੀ ਤਰ੍ਹਾਂ ਬਦਲ ਗਿਆ ਸੀ - ਅਤੇ ਸਭ ਕੁਝ ਖੁੱਲ੍ਹ ਕੇ ਸਾਹਮਣੇ ਸੀ।

ਸਾਡੇ ਅਮਰੀਕੀ ਸਾਥੀਆਂ ਨੇ ਕਿਹਾ ਕਿ ਉਨ੍ਹਾਂ ਨੇ ਅਜਿਹਾ ਕਦੇ ਨਹੀਂ ਦੇਖਿਆ।

ਇੱਕ ਨੇ ਮੈਨੂੰ ਦੱਸਿਆ ਕਿ "ਵ੍ਹਾਈਟ ਹਾਊਸ ਵਿੱਚ ਅਜਿਹੇ ਦ੍ਰਿਸ਼ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ।''

ਜਦੋਂ ਪੱਤਰਕਾਰ ਓਵਲ ਦਫ਼ਤਰ ਤੋਂ ਬਾਹਰ ਆਏ, ਤਾਂ ਬਹੁਤ ਸਾਰੇ ਲੋਕ ਇਓਂ ਖੜ੍ਹੇ ਸਨ ਜਿਵੇਂ ਉਨ੍ਹਾਂ ਨੂੰ ਕੋਈ ਧੱਕਾ ਲੱਗਿਆ ਹੋਵੇ।

ਜਿੱਥੇ ਥੋੜ੍ਹੀ ਦੇਰ ਬਾਅਦ ਵ੍ਹਾਈਟ ਹਾਊਸ ਦੇ ਬ੍ਰੀਫਿੰਗ ਰੂਮ ਵਿੱਚ ਗੱਲਬਾਤ ਦੁਬਾਰਾ ਹੋਈ, ਉਸ ਵੇਲੇ ਵੀ ਬਾਕੀ ਮੀਡੀਆ ਜੋ ਪਹਿਲਾਂ ਕਮਰੇ ਵਿੱਚ ਨਹੀਂ ਸੀ, ਉਸ ਨੇ ਬੜੇ ਹੀ ਬੇਭਰੋਸਗੀ ਨਾਲ ਦੇਖਿਆ।

ਉਲਝਣ ਵਾਲੀ ਸਥਿਤੀ ਪੈਦਾ ਹੋ ਗਈ ਸੀ।

ਤੁਰੰਤ ਹੀ ਬਹੁਤ ਸਾਰੇ ਸਵਾਲ ਉੱਠਣ ਲੱਗੇ ਕਿ ਕੀ ਯੋਜਨਾਬੱਧ ਪ੍ਰੈਸ ਕਾਨਫਰੰਸ ਹੋਵੇਗੀ ਜਾਂ ਨਹੀਂ - ਜਾਂ ਕੀ ਅਮਰੀਕਾ ਅਤੇ ਯੂਕਰੇਨ ਵਿਚਕਾਰ ਖਣਿਜ ਸਰੋਤਾਂ ਵਾਲੇ ਸਮਝੌਤੇ 'ਤੇ ਦਸਤਖ਼ਤ ਕੀਤੇ ਜਾਣਗੇ ਜਾਂ ਨਹੀਂ।

ਕੁਝ ਮਿੰਟਾਂ ਬਾਅਦ, ਟਰੰਪ ਨੇ ਟਰੂਥ ਸੋਸ਼ਲ 'ਤੇ ਲਿਖਿਆ ਕਿ ਜ਼ੇਲੇਂਸਕੀ "ਜਦੋਂ ਸ਼ਾਂਤੀ ਲਈ ਤਿਆਰ ਹੋ ਜਾਣ ਤਾਂ ਵਾਪਸ ਆ ਸਕਦੇ ਹਨ।"

ਵ੍ਹਾਈਟ ਹਾਊਸ ਦੇ ਈਸਟ ਰੂਮ ਲਈ ਮਿੱਥੀ ਕੀਤੀ ਗਈ ਪ੍ਰੈਸ ਕਾਨਫਰੰਸ ਅਤੇ ਸੌਦੇ 'ਤੇ ਦਸਤਖ਼ਤ ਸਮਾਗਮ ਨੂੰ ਵੀ ਅਧਿਕਾਰਤ ਤੌਰ 'ਤੇ ਰੱਦ ਕਰ ਦਿੱਤਾ ਗਿਆ ਸੀ।

ਟਰੰਪ ਦੀ ਪੋਸਟ

ਤਸਵੀਰ ਸਰੋਤ, Truth Social

ਤਸਵੀਰ ਕੈਪਸ਼ਨ, ਟਰੰਪ ਵੱਲੋਂ ਘਟਨਾਕ੍ਰਮ ਬਾਰੇ ਪ੍ਰਤੀਕਿਰਿਆ ਵੀ ਦਿੱਤੀ ਗਈ

ਥੋੜ੍ਹੀ ਦੇਰ ਬਾਅਦ ਜ਼ੇਲੇਂਸਕੀ ਬਾਹਰ ਆਏ ਅਤੇ ਉਨ੍ਹਾਂ ਦੇ ਇੰਤਜ਼ਾਰ ਵਿੱਚ ਖੜ੍ਹੀ ਗੱਡੀ ਵਿੱਚ ਬੈਠ ਗਏ, ਉਨ੍ਹਾਂ ਦੇ ਰਾਜਦੂਤ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਆ ਰਹੇ ਸਨ।

ਕਾਫ਼ੀ ਤਿੱਖੀ ਬਹਿਸ ਹੋਣ ਦੇ ਬਾਵਜੂਦ ਵੀ ਹੋ ਸਕਦਾ ਹੈ ਕਿ ਦੋਵੇਂ ਦੇਸ਼ਾਂ ਵਿਚਕਾਰ ਛੇਤੀ ਹੀ ਜਾਂ ਕੁਝ ਸਮੇਂ ਬਾਅਦ ਖਣਿਜ ਸਰੋਤਾਂ ਵਾਲਾ ਸਮਝੌਤਾ ਹੋ ਜਾਵੇ।

ਪਰ ਇੱਕ ਗੱਲ ਪੱਕੀ ਹੈ ਕਿ ਜ਼ੇਲੇਂਸਕੀ ਦੇ ਇਸ ਦੌਰੇ ਨੂੰ ਬਿਲਕੁਲ ਵੱਖਰੇ ਕਾਰਨਾਂ ਕਰਕੇ ਯਾਦ ਰੱਖਿਆ ਜਾਵੇਗਾ।

ਜ਼ੇਲੇਂਸਕੀ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਬਹਿਸ ਬਾਅਦ ਜ਼ੇਲੇਂਸਕੀ ਇੰਤਜ਼ਾਰ ਕਰ ਰਹੀ ਕਾਰ ਵਿੱਚ ਬੈਠੇ ਅਤੇ ਚਲੇ ਗਏ

ਹੁਣ ਦੁਨੀਆਂ ਨੇ ਆਪ ਦੇਖ ਲਿਆ ਹੈ ਕਿ ਅਮਰੀਕਾ ਅਤੇ ਯੂਕਰੇਨ ਵਿਚਕਾਰ ਗੱਲਬਾਤ ਕਿਵੇਂ ਅੱਗੇ ਵੱਧ ਰਹੀ ਹੈ, ਇਹ ਮੁਸ਼ਕਲ, ਭਾਵਨਾਤਮਕ ਅਤੇ ਤਣਾਅਪੂਰਨ ਹੈ।

ਇਹ ਵੀ ਸਪਸ਼ਟ ਸੀ ਕਿ ਇਹ ਦੋਵਾਂ ਧਿਰਾਂ ਲਈ ਇੱਕ ਮੁਸ਼ਕਲ ਗੱਲਬਾਤ ਸੀ।

ਯੂਕਰੇਨੀ ਮੁੱਕੇਬਾਜ਼ ਓਲੇਕਸੈਂਡਰ ਉਸਿਕ ਦੀ ਤੋਹਫ਼ੇ ਵਜੋਂ ਦਿੱਤੀ ਬੈਲਟ ਵੀ ਸਥਿਤੀ ਨੂੰ ਨਹੀਂ ਸੰਭਾਲ ਸਕੀ। ਅਤੇ ਵ੍ਹਾਈਟ ਹਾਊਸ ਵਿੱਚ ਹੋਏ ਇਸ ਸ਼ਬਦਾਂ ਵਿੱਚ ਟਕਰਾਅ ਤੋਂ ਬਾਅਦ, ਹੁਣ ਅਸਲ ਸਵਾਲ ਇਹ ਹੈ ਕਿ ਇਸਦਾ ਯੂਕਰੇਨ ਦੀ ਜੰਗ ਅਤੇ ਜ਼ੇਲੇਂਸਕੀ ਦੇ ਆਪਣੇ ਭਵਿੱਖ ਲਈ ਕੀ ਅਰਥ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)