ਭਾਰਤ ਵਿੱਚ ਆਪਣੀ ਮੌਤ ਦੀ ਚੋਣ ਕੌਣ ਕਰ ਸਕਦਾ ਹੈ, ਬਿਮਾਰ ਵਿਅਕਤੀ ਕਿਵੇਂ ਆਪਣੀ ਵਸੀਅਤ ਤਿਆਰ ਕਰ ਸਕਦਾ ਹੈ

    • ਲੇਖਕ, ਸੈਰਿਲ ਮੋਲਨ
    • ਰੋਲ, ਬੀਬੀਸੀ ਪੱਤਰਕਾਰ

2010 ਵਿੱਚ, ਦੱਖਣੀ ਭਾਰਤੀ ਸੂਬੇ ਕੇਰਲ ਦੇ ਇੱਕ ਸਰਜਨ ਆਈਪੀ ਯਾਦਵ ਨੂੰ ਆਪਣੀ ਜ਼ਿੰਦਗੀ ਦੇ ਸਭ ਤੋਂ ਔਖੇ ਫ਼ੈਸਲਿਆਂ ਵਿੱਚੋਂ ਇੱਕ ਦਾ ਸਾਹਮਣਾ ਕਰਨਾ ਪਿਆ।

ਉਨ੍ਹਾਂ ਨੂੰ ਆਪਣੇ ਪਿਤਾ ਜੋ ਕਿ ਟਰਮੀਨਲ ਕੈਂਸਰ ਦੇ ਮਰੀਜ਼ ਸਨ, ਦੀ ਇੱਛਾ ਦਾ ਸਨਮਾਨ ਕਰਦਿਆਂ ਇਲਾਜ ਰੋਕਣ ਦਾ ਫ਼ੈਸਲਾ ਲੈਣਾ ਪਿਆ ਤਾਂ ਜੋ ਉਨ੍ਹਾਂ ਦੇ ਦੁੱਖ-ਤਕਲੀਫ਼ ਦਾ ਅੰਤ ਹੋ ਸਕੇ।

ਚੇਤਾਵਨੀ: ਇਸ ਲੇਖ ਵਿੱਚ ਕੁਝ ਵੇਰਵੇ ਦੁੱਖ ਭਰੇ ਹਨ

ਆਈਪੀ ਯਾਦਵ ਕਹਿੰਦੇ ਹਨ, "ਇੱਕ ਪੁੱਤਰ ਹੋਣ ਦੇ ਨਾਤੇ, ਮੈਂ ਮਹਿਸੂਸ ਕੀਤਾ ਕਿ ਇਹ ਮੇਰਾ ਫਰਜ਼ ਹੈ ਕਿ ਮੈਂ ਆਪਣੇ ਪਿਤਾ ਦੇ ਲੰਬਾ ਜਿਉਣ ਲਈ ਜੋ ਵੀ ਸਕਦਾ ਹੈ, ਉਹ ਕਰਾਂ।"

"ਇਸ ਗੱਲ ਨੇ ਉਨ੍ਹਾਂ ਨੂੰ ਨਾਖ਼ੁਸ਼ ਕੀਤਾ ਕਿਉਂਕਿ ਉਹ ਇੰਟੈਂਸਿਵ ਕੇਅਰ ਯੂਨਿਟ ਵਿੱਚ ਇਕੱਲਿਆਂ ਦੁਨੀਆਂ ਤੋਂ ਗਏ।"

ਡਾਕਟਰ ਯਾਦਵ ਕਹਿੰਦੇ ਹਨ,"ਉਨ੍ਹਾਂ ਨੂੰ ਜਿਉਂਦੇ ਰੱਖਣ ਦੀਆਂ ਡਾਕਟਰ ਦੀਆਂ ਆਖਰੀ ਕੋਸ਼ਿਸ਼ਾਂ ਨੇ ਉਨ੍ਹਾਂ ਦੀਆਂ ਪਸਲੀਆਂ ਤੋੜ ਦਿੱਤੀਆਂ। ਇਹ ਇੱਕ ਤਕਲੀਫ਼ਦੇਹ ਮੌਤ ਸੀ।"

ਉਹ ਕਹਿੰਦੇ ਹਨ, ਇਸ ਤਜ਼ਰਬੇ ਨੇ ਉਨ੍ਹਾਂ ਨੂੰ ਡੂੰਘੇ ਤੌਰ ਉੱਤੇ ਪ੍ਰਭਾਵਿਤ ਕੀਤਾ ਅਤੇ ਉਨ੍ਹਾਂ ਨੂੰ ਐਡਵਾਂਸ ਮੈਡੀਕਲ ਡਾਰੈਕਟਿਵਜ਼ (ਏਐੱਮਡੀ) ਦੀ ਅਹਿਮੀਅਤ ਨੂੰ ਸਮਝਣ ਵਿੱਚ ਮਦਦ ਕੀਤੀ, ਜਿਸ ਨੂੰ 'ਲਿਵਿੰਗ ਵਿਲਜ਼ֹ' ਯਾਨੀ ਜਿਉਣ ਸਬੰਧੀ ਕੀਤੀ ਵਸੀਅਤ, ਵਜੋਂ ਵੀ ਜਾਣਿਆ ਜਾਂਦਾ ਹੈ।

ਲਿਵਿੰਗ ਵਿਲ

ਇੱਕ ਲਿਵਿੰਗ ਵਿਲ ਇੱਕ ਕਾਨੂੰਨੀ ਦਸਤਾਵੇਜ਼ ਹੈ ਜੋ 18 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਜੋ ਗੰਭੀਰ ਤੌਰ 'ਤੇ ਬਿਮਾਰ ਹੈ ਅਤੇ ਉਸਦੇ ਠੀਕ ਹੋਣ ਦੀ ਆਸ ਨਾ ਬਰਾਬਰ ਹੈ, ਨੂੰ ਉਸ ਲਈ ਡਾਕਟਰੀ ਦੇਖਭਾਲ ਦੀ ਚੋਣ ਕਰਨ ਦੀ ਇਜਾਜ਼ਤ ਦਿੰਦਾ ਹੈ।

ਉਦਾਹਰਨ ਲਈ, ਉਹ ਫ਼ੈਸਲਾ ਲੈ ਸਕਦੇ ਹਨ ਕਿ ਉਹ ਜੀਵਨ-ਸਹਾਇਤਾ ਮਸ਼ੀਨਾਂ ਦੀ ਮਦਦ ਨਾਲ ਜਿਉਣਾ ਚਾਹੁੰਦੇ ਹਨ ਜਾਂ ਨਹੀਂ ਅਤੇ ਇਹ ਵੀ ਕਿ, ਕੀ ਉਨ੍ਹਾਂ ਨੂੰ ਲੋੜੀਂਦੀ ਦਰਦ-ਰਹਿਤ ਦਵਾਈ ਦਿੱਤੀ ਜਾਣੀ ਚਾਹੀਦੀ ਹੈ।

2018 ਵਿੱਚ, ਭਾਰਤ ਦੀ ਸੁਪਰੀਮ ਕੋਰਟ ਨੇ ਲੋਕਾਂ ਨੂੰ ਲਿਵਿੰਗ ਵਿਲ ਬਣਾਉਣ ਅਤੇ ਇਸ ਤਰ੍ਹਾਂ ਪੈਸਿਵ ਇੱਛਾ ਮੌਤ ਦੀ ਚੋਣ ਕਰਨ ਦੀ ਇਜਾਜ਼ਤ ਦਿੱਤੀ ਸੀ। ਜਿੱਥੇ ਕਿਸੇ ਵਿਅਕਤੀ ਦੀ ਮੌਤ ਨੂੰ ਜਲਦੀ ਕਰਨ ਲਈ ਸਖਤ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਡਾਕਟਰੀ ਇਲਾਜ ਬੰਦ ਕੀਤਾ ਜਾ ਸਕਦਾ ਹੈ।

ਭਾਰਤ ਵਿੱਚ ਸਵੈ-ਇੱਛਾ ਨਾਲ ਮੌਤ ਗ਼ੈਰ-ਕਾਨੂੰਨੀ ਹੈ।

ਪਰ ਕਾਨੂੰਨੀ ਤੌਰ 'ਤੇ ਅੱਗੇ ਵਧਣ ਦੇ ਬਾਵਜੂਦ, ਭਾਰਤ ਵਿੱਚ ਲਿਵਿੰਗ ਵਸੀਅਤ ਦਾ ਸੰਕਲਪ ਅਸਲ ਵਿੱਚ ਹਾਲੇ ਲਾਗੂ ਨਹੀਂ ਹੋਇਆ।

ਮਾਹਰਾਂ ਦਾ ਕਹਿਣਾ ਹੈ ਕਿ ਇਸ ਦਾ ਸਬੰਧ ਭਾਰਤੀਆਂ ਦੇ ਮੌਤ ਬਾਰੇ ਗੱਲ ਨਾ ਕਰਨ ਨਾਲ ਜੁੜੀ ਹੋਈ ਝਿਜਕ ਨਾਲ ਹੈ।

ਮੌਤ ਨੂੰ ਅਕਸਰ ਵਰਜਿਤ ਵਿਸ਼ਾ ਮੰਨਿਆ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਇਸ ਦਾ ਕੋਈ ਵੀ ਜ਼ਿਕਰ ਮਾੜੀ ਕਿਸਮਤ ਲਿਆਉਂਦਾ ਹੈ।

ਪਰ ਹੁਣ ਇਸ ਮੱਤ ਨੂੰ ਬਦਲਣ ਲਈ ਯਤਨ ਕੀਤੇ ਜਾ ਰਹੇ ਹਨ।

ਮੌਤ ਬਾਰੇ ਗੱਲ ਕਰਨ ਦੀ ਲੋੜ

ਨਵੰਬਰ ਵਿੱਚ, ਡਾਕਟਰ ਯਾਦਵ ਅਤੇ ਉਨ੍ਹਾਂ ਦੀ ਟੀਮ ਨੇ ਲਿਵਿੰਗ ਵਿਲ ਸਬੰਧੀ ਜਾਗਰੂਕਤਾ ਫ਼ੈਲਾਉਣ ਲਈ ਭਾਰਤ ਦਾ ਪਹਿਲਾ ਪ੍ਰੋਗਰਾਮ ਲਾਂਚ ਕੀਤਾ। ਇਸ ਦੀ ਸ਼ੁਰੂਆਤ ਕੇਰਲਾ ਦੇ ਕੋਲਮ ਜ਼ਿਲ੍ਹੇ ਵਿੱਚ ਸਰਕਾਰੀ ਮੈਡੀਕਲ ਕਾਲਜ ਵਿੱਚ ਕੀਤੀ ਗਈ ਜਿੱਥੇ ਤੁਸੀਂ ਜਾ ਕੇ ਜਾਂ ਫ਼ਿਰ ਫ਼ੋਨ ਜ਼ਰੀਏ ਜਾਣਕਾਰੀ ਲੈ ਸਕਦੇ ਹੋ।

ਵਲੰਟੀਅਰ ਜਾਗਰੂਕਤਾ ਮੁਹਿੰਮਾਂ ਵੀ ਚਲਾਉਂਦੇ ਹਨ ਅਤੇ ਲਿਵਿੰਗ ਵਿਲ ਕਿਸ ਤਰ੍ਹਾਂ ਬਣਾਈ ਜਾਵੇ ਇਸ ਦੇ ਸੈਂਪਲ ਵੀ ਲੋਕਾਂ ਨੂੰ ਵੰਡਦੇ ਹਨ।

ਜੀਵਤ ਵਸੀਅਤ ਬਣਾਉਣ ਲਈ ਪਰਿਵਾਰ ਦੇ ਮੈਂਬਰਾਂ ਨੂੰ ਮੌਤ ਬਾਰੇ ਖੁੱਲ੍ਹ ਕੇ ਅਤੇ ਇਮਾਨਦਾਰੀ ਨਾਲ ਗੱਲਬਾਤ ਕਰਨ ਦੀ ਲੋੜ ਹੁੰਦੀ ਹੈ।

ਕੁਝ ਵਿਰੋਧ ਦੇ ਬਾਵਜੂਦ, ਕਾਰਕੁੰਨ ਅਤੇ ਸੰਸਥਾਵਾਂ ਜਾਗਰੂਕਤਾ ਪੈਦਾ ਕਰਨ ਲਈ ਕਦਮ ਚੁੱਕ ਰਹੀਆਂ ਹਨ ਅਤੇ ਲੋਕ ਇਸ ਵਿੱਚ ਸੀਮਤ ਹੱਦ ਤੱਕ ਦਿਲਚਸਪੀ ਵੀ ਦਿਖਾ ਰਹੇ ਹਨ।

ਕੇਰਲਾ ਇਨ੍ਹਾਂ ਮਸਲਿਆਂ ਵਿੱਚ ਮੂਹਰੀ ਹੈ।

ਕੇਰਲਾ ਦੇਸ਼ ਦਾ ਅਜਿਹਾ ਸੂਬਾ ਹੈ ਜਿੱਥੇ ਉੱਚ ਚੋਟੀ ਦੀਆਂ ਸਿਹਤ ਸੰਭਾਲ ਸੰਸਥਾਵਾਂ ਮੌਜੂਦ ਹਨ ਅਤੇ ਇਨ੍ਹਾਂ ਨੇ ਹੁਣ ਜੀਵਤ ਇੱਛਾਵਾਂ ਬਾਰੇ ਜਾਗਰੂਕਤਾ ਮੁਹਿੰਮਾਂ ਸ਼ੁਰੂ ਕੀਤੀਆਂ ਹਨ।

ਮਾਰਚ ਵਿੱਚ, ਤ੍ਰਿਸੂਰ ਸ਼ਹਿਰ ਵਿੱਚ ਦਰਦ ਅਤੇ ਉਪਚਾਰਕ ਦੇਖਭਾਲ ਸੁਸਾਇਟੀ ਦੇ ਤਕਰੀਬਨ 30 ਲੋਕਾਂ ਨੇ ਲਿਵਿੰਗ ਵਸੀਅਤਾਂ 'ਤੇ ਦਸਤਖਤ ਕੀਤੇ।

ਸੁਸਾਇਟੀ ਦੇ ਸੰਸਥਾਪਕ ਡਾਕਟਰ ਈ ਦਿਵਾਕਰਨ ਦਾ ਕਹਿਣਾ ਹੈ ਕਿ ਇਸ ਸੰਕੇਤ ਦਾ ਮਕਸਦ ਇਸ ਬਾਰੇ ਵੱਧ-ਵੱਧ ਲੋਕਾਂ ਵਿੱਚ ਸਹਿਜਤਾ ਨਾਲ ਸਮਝ ਪੈਦਾ ਕਰਨਾ ਹੈ।

ਡਾਕਟਰ ਯਾਦਵ ਦੱਸਦੇ ਹਨ ਕਿ ਜ਼ਿਆਦਾਤਰ ਪੁੱਛਗਿੱਛ ਬਜ਼ੁਰਗਾਂ ਵੱਲੋਂ ਕੀਤੀ ਗਈ ਹੈ।

"ਬਹੁਤੇ ਲੋਕਾਂ ਨੇ ਇਸ ਸ਼ਬਦ ਬਾਰੇ ਕਦੇ ਨਹੀਂ ਸੁਣਿਆ ਹੈ, ਇਸ ਲਈ ਉਨ੍ਹਾਂ ਦੇ ਸਵਾਲਾਂ ਦੀ ਲਿਸਟ ਵੀ ਲੰਬੀ ਹੈ, ਜਿਵੇਂ ਕਿ ਕੀ ਅਜਿਹੀ ਵਸੀਅਤ ਦੀ ਦੁਰਵਰਤੋਂ ਕੀਤੀ ਜਾ ਸਕਦੀ ਹੈ ਜਾਂ ਕੀ ਉਹ ਬਾਅਦ ਵਿੱਚ ਆਪਣੀ ਇੱਛਾ ਵਿੱਚ ਬਦਲਾਅ ਕਰ ਸਕਦੇ ਹਨ।"

"ਹਾਲ ਦੀ ਘੜੀ, ਇਹ ਪੜ੍ਹਿਆ-ਲਿਖਿਆ, ਉੱਚ-ਮੱਧ ਵਰਗ ਹੈ ਜੋ ਇਸ ਸਬੰਧੀ ਜਾਣਕਾਰੀ ਲੈਣ ਲਈ ਪਹੁੰਚ ਕਰ ਰਿਹਾ ਹੈ।"

ਉਹ ਕਹਿੰਦੇ ਹਨ ਕਿ ਜ਼ਮੀਨੀ ਪੱਧਰ 'ਤੇ ਜਾਗਰੂਕਤਾ ਮੁਹਿੰਮਾਂ ਨਾਲ ਉਹ ਵੱਡੀ ਗਿਣਤੀ ਲੋਕਾਂ ਤੱਕ ਪਹੁੰਚਣ ਦੀ ਆਸ ਕਰ ਰਹੇ ਹਨ।

ਲਿਵਿੰਗ ਵਿਲ ਤਿਆਰ ਕਰਨਾ

ਸੁਪਰੀਮ ਕੋਰਟ ਦੇ ਹੁਕਮਾਂ ਦੇ ਮੁਤਾਬਕ, ਇੱਕ ਵਿਅਕਤੀ ਨੂੰ ਵਸੀਅਤ ਦਾ ਖਰੜਾ ਤਿਆਰ ਕਰਨਾ ਚਾਹੀਦਾ ਹੈ, ਦੋ ਗਵਾਹਾਂ ਦੀ ਮੌਜੂਦਗੀ ਵਿੱਚ ਇਸ 'ਤੇ ਦਸਤਖਤ ਕਰਨੇ ਚਾਹੀਦੇ ਹਨ ਅਤੇ ਇਸ ਨੂੰ ਕਿਸੇ ਨੋਟਰੀ ਜਾਂ ਗਜ਼ਟਿਡ ਅਧਿਕਾਰੀ ਵੱਲੋਂ ਤਸਦੀਕ ਕਰਵਾਉਣਾ ਚਾਹੀਦਾ ਹੈ।

ਇਸ ਤੋਂ ਬਾਅਦ ਵਸੀਅਤ ਦੀ ਇੱਕ ਕਾਪੀ ਸੂਬਾ ਸਰਕਾਰ ਵੱਲੋਂ ਨਿਯੁਕਤ ਨਿਗਰਾਨ ਨੂੰ ਜਮ੍ਹਾਂ ਕਰਾਉਣੀ ਚਾਹੀਦੀ ਹੈ।

ਹਾਲਾਂਕਿ ਦਿਸ਼ਾ-ਨਿਰਦੇਸ਼ ਕਾਗਜ਼ਾਂ 'ਤੇ ਮੌਜੂਦ ਹਨ, ਬਹੁਤ ਸਾਰੀਆਂ ਸੂਬਾ ਸਰਕਾਰਾਂ ਨੇ ਅਜੇ ਤੱਕ ਉਨ੍ਹਾਂ ਨੂੰ ਲਾਗੂ ਕਰਨ ਲਈ ਕੋਈ ਕਦਮ ਨਹੀਂ ਚੁੱਕੇ।

ਮੁੰਬਈ ਸ਼ਹਿਰ ਦੇ ਇੱਕ ਗਾਇਨੀਕੋਲੋਜਿਸਟ ਡਾਕਟਰ ਨਿਖਿਲ ਦਾਤਾਰ ਕਹਿੰਦੇ ਹਨ ਕਿ ਉਨ੍ਹਾਂ ਨੇ ਦੋ ਸਾਲ ਪਹਿਲਾਂ ਆਪਣੀ ਵਸੀਅਤ ਬਣਾ ਲਈ ਸੀ ਪਰ ਕੋਈ ਸਰਕਾਰੀ ਅਧਿਕਾਰੀ ਨਹੀਂ ਸੀ ਜਿਸ ਨੂੰ ਉਹ ਇਹ ਵਸੀਅਤ ਸੌਂਪ ਸਕਦੇ ਹੋਣ।

ਇਸ ਲਈ ਉਹ ਅਦਾਲਤ ਵਿੱਚ ਗਏ ਅਤੇ ਇਸ ਦੇ ਨਤੀਜੇ ਵਜੋਂ ਮਹਾਰਾਸ਼ਟਰ ਸਰਕਾਰ ਨੇ ਸੂਬੇ ਦੀਆਂ ਸਥਾਨਕ ਸੰਸਥਾਵਾਂ ਵਿੱਚ ਤਕਰੀਬਨ 400 ਅਧਿਕਾਰੀਆਂ ਨੂੰ ਜੀਵਤ ਵਸੀਅਤ ਦੇ ਨਿਗਰਾਨ ਵਜੋਂ ਨਿਯੁਕਤ ਕੀਤਾ।

ਹੋਰ ਕਿਹੜੇ ਸੂਬਿਆਂ ਵਿੱਚ ਲਿਵਿੰਗ ਵਿਲ ਲਾਗੂ ਹੈ

ਜੂਨ ਵਿੱਚ, ਗੋਆ ਨੇ ਵੀ ਲਿਵਿੰਗ ਵਸੀਅਤ ਬਾਰੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਲਾਗੂ ਕੀਤਾ ਸੀ। ਸੂਬੇ ਵਿੱਚ ਇੱਕ ਹਾਈ ਕੋਰਟ ਦਾ ਜੱਜ ਆਪਣੀ ਲਿਵਿੰਗ ਵਿਲ ਰਜਿਸਟਰ ਕਰਨ ਵਾਲਾ ਪਹਿਲਾ ਵਿਅਕਤੀ ਬਣਿਆ ਹੈ।

ਸ਼ਨੀਵਾਰ ਨੂੰ, ਕਰਨਾਟਕ ਨੇ ਜ਼ਿਲ੍ਹਾ ਸਿਹਤ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਉਹ ਲਿਵਿੰਗ ਵਿਲ ਨੂੰ ਪ੍ਰਮਾਣਿਤ ਕਰਨ ਲਈ ਲੋੜੀਂਦੇ ਮੁੱਖ ਮੈਡੀਕਲ ਬੋਰਡ 'ਤੇ ਕੰਮ ਕਰਨ ਲਈ ਲੋਕਾਂ ਨੂੰ ਨਾਮਜ਼ਦ ਕਰਨ।

ਦੋ ਮੈਡੀਕਲ ਬੋਰਡਾਂ ਨੂੰ ਇਹ ਤਸਦੀਕ ਕਰਨਾ ਪੈਂਦਾ ਹੈ ਕਿ ਕੋਈ ਮਰੀਜ਼ ਲਿਵਿੰਗ ਵਿਲ ਨੂੰ ਲਾਗੂ ਕਰਨ ਲਈ ਜ਼ਰੂਰੀ ਮਾਪਦੰਡਾਂ ਨੂੰ ਪੂਰਾ ਕਰਦਾ ਹੈ।

ਦਾਤਾਰ ਦੇਸ਼ ਭਰ ਵਿੱਚ ਲਿਵਿੰਗ ਵਿਲ ਸਬੰਧੀ ਇੱਕ ਡਿਜੀਟਲ ਸੁਵਿਧਾ ਦੇ ਹੱਕ ਵਿੱਚ ਹਨ।

ਉਨ੍ਹਾਂ ਨੇ ਇੱਕ ਟੈਂਪਲੇਟ ਦੇ ਰੂਪ ਵਿੱਚ ਆਪਣੀ ਵੈਬਸਾਈਟ 'ਤੇ ਆਪਣੀ ਵਸੀਅਤ ਵੀ ਮੁਫ਼ਤ ਉਪਲਬਧ ਕਰਵਾਈ ਹੋਈ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਇੱਕ ਲਿਵਿੰਗ ਵਸੀਅਤ ਪਰਿਵਾਰ ਅਤੇ ਡਾਕਟਰਾਂ ਦੋਵਾਂ ਲਈ ਸਮੱਸਿਆਵਾਂ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ।

"ਅਕਸਰ, ਪਰਿਵਾਰਕ ਮੈਂਬਰ ਨਹੀਂ ਚਾਹੁੰਦੇ ਕਿ ਵਿਅਕਤੀ ਨੂੰ ਹੋਰ ਇਲਾਜ ਸਹਿਣਾ ਪਵੇ ਪਰ ਕਿਉਂਕਿ ਉਹ ਘਰ ਵਿੱਚ ਮਰੀਜ਼ ਦੀ ਦੇਖਭਾਲ ਨਹੀਂ ਕਰ ਸਕਦੇ, ਉਹ ਉਸਨੂੰ ਹਸਪਤਾਲ ਵਿੱਚ ਲੈ ਜਾਂਦੇ ਹਨ।"

"ਡਾਕਟਰ, ਡਾਕਟਰੀ ਨੈਤਿਕਤਾ ਅਧੀਨ ਬੰਨ੍ਹੇ ਹੋਏ ਹੁੰਦੇ ਅਤੇ ਇਲਾਜ ਨੂੰ ਰੋਕ ਨਹੀਂ ਸਕਦੇ, ਇਸ ਤਰ੍ਹਾਂ ਮਰੀਜ਼ ਅਸਹਿ ਤਕਲੀਫ਼ ਜ਼ਰਦਾ ਹੈ ਅਤੇ ਆਪਣੀ ਇੱਛਾ ਵੀ ਪ੍ਰਗਟ ਨਹੀਂ ਕਰ ਸਕਦਾ।"

ਲਿਵਿੰਗ ਵਸੀਅਤ ਸਿਰਫ਼ ਪੈਸਿਵ ਈਥਨੇਸੀਆ ਦੀ ਚੋਣ ਨਾਲ ਸਬੰਧਿਤ ਨਹੀਂ ਹੈ।

ਡਾਕਟਰ ਯਾਦਵ ਇੱਕ ਕੇਸ ਨੂੰ ਯਾਦ ਕਰਦੇ ਹਨ ਜਿੱਥੇ ਇੱਕ ਵਿਅਕਤੀ ਆਪਣੀ ਵਸੀਅਤ ਵਿੱਚ ਇਹ ਸਪੱਸ਼ਟ ਕਰਨਾ ਚਾਹੁੰਦਾ ਸੀ ਕਿ ਜੇਕਰ ਉਸਦੀ ਸਿਹਤ ਲਈ ਲੋੜ ਪੈਂਦੀ ਹੈ ਤਾਂ ਜੀਵਨ ਸਹਾਇਤਾ 'ਤੇ ਰੱਖਿਆ ਜਾਣਾ ਚਾਹੀਦਾ ਹੈ।

ਡਾਕਟਰ ਯਾਦਵ ਦੱਸਦੇ ਹਨ, "ਉਸ ਵਿਅਕਤੀ ਨੇ ਸਮਝਾਇਆ ਸੀ ਕਿ ਉਨ੍ਹਾਂ ਦਾ ਇਕਲੌਤਾ ਬੱਚਾ ਵਿਦੇਸ਼ ਵਿੱਚ ਰਹਿ ਰਿਹਾ ਸੀ ਅਤੇ ਉਹ ਉਦੋਂ ਤੱਕ ਮਰਨਾ ਨਹੀਂ ਚਾਹੁੰਦਾ ਸੀ ਜਦੋਂ ਤੱਕ ਉਸਦਾ ਪੁੱਤਰ ਮਿਲ ਨਹੀਂ ਲੈਂਦਾ।"

ਉਹ ਕਹਿੰਦੇ ਹਨ, "ਤੁਹਾਡੇ ਕੋਲ ਇਹ ਚੁਣਨ ਦੀ ਆਜ਼ਾਦੀ ਹੈ ਕਿ ਤੁਸੀਂ ਕਿਵੇਂ ਮਰਨਾ ਚਾਹੁੰਦੇ ਹੋ। ਇਹ ਸਾਡੇ ਲਈ ਉਪਲਬਧ ਸਭ ਤੋਂ ਵੱਡੇ ਅਧਿਕਾਰਾਂ ਵਿੱਚੋਂ ਇੱਕ ਹੈ, ਤਾਂ ਕਿਉਂ ਨਾ ਇਸਦੀ ਵਰਤੋਂ ਕੀਤੀ ਜਾਵੇ?"

ਸਿਹਤ ਸੰਭਾਲ ਦੀ ਵਕਾਲਤ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਪੈਲੀਏਟਿਵ ਕੇਅਰ ਬਾਰੇ ਗੱਲਬਾਤ ਹੌਲੀ-ਹੌਲੀ ਵਧ ਰਹੀ ਹੈ, ਜਿਸ ਨਾਲ ਲਿਵਿੰਗ ਵਿਲ ਨੂੰ ਉਤਸ਼ਾਹ ਮਿਲਦਾ ਹੈ।

ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੀ ਡਾਕਟਰ ਸੁਸ਼ਮਾ ਭਟਨਾਗਰ ਦਾ ਕਹਿਣਾ ਹੈ ਕਿ ਹਸਪਤਾਲ ਮਰੀਜ਼ਾਂ ਨੂੰ ਲਿਵਿੰਗ ਵਿਲ ਬਾਰੇ ਜਾਗਰੂਕ ਕਰਨ ਲਈ ਇੱਕ ਵਿਭਾਗ ਸ਼ੁਰੂ ਕਰ ਰਿਹਾ ਹੈ।

ਉਹ ਕਹਿੰਦੇ ਹਨ, "ਆਦਰਸ਼ ਤੌਰ 'ਤੇ, ਡਾਕਟਰਾਂ ਨੂੰ ਮਰੀਜ਼ਾਂ ਨਾਲ ਇਸ ਵਿਸ਼ੇ 'ਤੇ ਚਰਚਾ ਕਰਨੀ ਚਾਹੀਦੀ ਹੈ, ਪਰ ਹਾਲੇ ਤੱਕ ਗੱਲਬਾਤ ਸਹਿਜ ਨਹੀਂ ਹੋਈ ਹੈ। ਇਸ ਸਬੰਧੀ ਗੱਲ ਕਰਨ ਦੇ ਤਰੀਕਿਆਂ ਬਾਰੇ ਡਾਕਟਰਾਂ ਨੂੰ ਵੀ ਜਾਗਰੂਕ ਕਰਨ ਦੀ ਲੋੜ ਹੈ।"

ਯਾਦਵ ਕਹਿੰਦੇ ਹਨ, "ਸਾਡੀ ਜ਼ਿੰਦਗੀ ਦੌਰਾਨ, ਸਾਡੀਆਂ ਚੋਣਾਂ ਸਾਡੇ ਅਜ਼ੀਜ਼ਾਂ ਦੀਆਂ ਇੱਛਾਵਾਂ ਜਾਂ ਸਮਾਜ ਵੱਲੋਂ ਵਿਕਸਿਤ ਕੀਤੀ ਗਈ ਸੋਚ ਤੋਂ ਪ੍ਰੇਰਿਤ ਹੁੰਦੀਆਂ ਹਨ।"

"ਘੱਟੋ ਘੱਟ ਮੌਤ ਦੇ ਮਸਲੇ ਉੱਤੇ, ਆਓ ਅਸੀਂ ਉਹ ਚੋਣ ਕਰੀਏ ਜੋ ਸਾਡੇ ਹਿੱਤ ਵਿੱਚ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)