ਸ਼ਾਹਰੁਖ਼ ਖ਼ਾਨ ਦੁਨੀਆ ਦੇ ਸਭ ਤੋਂ ਅਮੀਰ ਸੈਲੇਬ੍ਰਿਟੀਜ਼ ਵਿੱਚ ਸ਼ਾਮਲ, ਰਿਤਿਕ ਰੋਸ਼ਨ ਤੇ ਕਰਨ ਜੌਹਰ ਕੋਲ ਕਿੰਨੀ ਜਾਇਦਾਦ ਹੈ

ਸ਼ਾਹਰੁਖ ਖਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ਾਹਰੁਖ਼ ਖਾਨ ਬਾਲੀਵੁੱਡ ਦੇ ਸਭ ਤੋਂ ਵੱਡੇ ਸਿਤਾਰਿਆਂ ਵਿੱਚੋਂ ਇੱਕ ਹਨ
    • ਲੇਖਕ, ਸ਼ਰਲਿਨ ਮੋਲਨ
    • ਰੋਲ, ਬੀਬੀਸੀ ਨਿਊਜ਼, ਮੁੰਬਈ

ਬਾਲੀਵੁੱਡ ਸੁਪਰਸਟਾਰ ਸ਼ਾਹਰੁਖ਼ ਖ਼ਾਨ ਪਹਿਲੀ ਵਾਰ ਅਰਬਪਤੀਆਂ ਦੇ ਕਲੱਬ ਵਿੱਚ ਸ਼ਾਮਲ ਹੋਏ ਹਨ, ਅਤੇ ਦੁਨੀਆ ਦੇ ਸਭ ਤੋਂ ਅਮੀਰ ਅਦਾਕਾਰਾਂ ਵਿੱਚ ਗਿਣੇ ਜਾ ਰਹੇ ਹਨ।

'ਅਰਬਪਤੀ ਕਲੱਬ' ਦਾ ਮਤਲਬ ਹੈ ਕਿ ਸ਼ਾਹਰੁਖ ਖ਼ਾਨ ਦੀ ਜਾਇਦਾਦ ਇੱਕ ਅਰਬ ਡਾਲਰ ਦੇ ਪਾਰ ਹੋ ਗਈ ਹੈ।

59 ਸਾਲਾ ਸ਼ਾਹਰੁਖ਼ ਦੀ ਕੁੱਲ ਜਾਇਦਾਦ ਲਗਭਗ 1.4 ਅਰਬ ਡਾਲਰ (ਕਰੀਬ12,490 ਕਰੋੜ ਰੁਪਏ) ਹੋਣ ਦਾ ਅਨੁਮਾਨ ਹੈ। ਇਹ ਅਨੁਮਾਨ ਹੁਰੂਨ ਇੰਡੀਆ ਰਿਚ ਲਿਸਟ 2025 'ਤੇ ਆਧਾਰਤ ਹੈ, ਜੋ ਹਰ ਸਾਲ ਭਾਰਤ ਦੇ ਸਭ ਤੋਂ ਅਮੀਰ ਵਿਅਕਤੀਆਂ ਨੂੰ ਦਰਜਾ ਦਿੰਦੀ ਹੈ।

ਇਸ ਨਾਲ ਉਹ ਅਰਨੋਲਡ ਸ਼ਵਾਰਜ਼ਨੇਗਰ, ਪੌਪ ਸਟਾਰ ਰਿਹਾਨਾ, ਗੋਲਫਰ ਟਾਈਗਰ ਵੁੱਡਸ ਅਤੇ ਗਾਇਕਾ ਟੇਲਰ ਸਵਿਫਟ ਵਰਗੀਆਂ ਵਿਸ਼ਵਵਿਆਪੀ ਮਸ਼ਹੂਰ ਹਸਤੀਆਂ ਦੀ ਸੂਚੀ ਵਿੱਚ ਆ ਗਏ ਹਨ। ਫੋਰਬਸ ਮੈਗਜ਼ੀਨ ਨੇ ਟੇਲਰ ਸਵਿਫਟ ਦੀ ਕੁੱਲ ਜਾਇਦਾਦ 1.6 ਅਰਬ ਡਾਲਰ (14,000 ਕਰੋੜ ਰੁਪਏ ਤੋਂ ਵੱਧ) ਹੋਣ ਦਾ ਅਨੁਮਾਨ ਲਗਾਇਆ ਹੈ।

ਇਸ ਸੂਚੀ ਵਿੱਚ ਅਦਾਕਾਰਾ ਜੂਹੀ ਚਾਵਲਾ, ਅਦਾਕਾਰ ਰਿਤਿਕ ਰੋਸ਼ਨ, ਅਮਿਤਾਭ ਬੱਚਨ ਅਤੇ ਫਿਲਮ ਡਾਇਰੈਕਟਰ ਕਰਨ ਜੌਹਰ ਵੀ ਸ਼ਾਮਲ ਹਨ।

ਸ਼ਾਹਰੁਖ਼ ਖਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ਾਹਰੁਖ਼ ਖਾਨ

ਤਿੰਨ ਦਹਾਕਿਆਂ ਤੋਂ ਇੰਡਸਟਰੀ ਵਿੱਚ

ਅਕਸਰ "ਰੋਮਾਂਸ ਦੇ ਬਾਦਸ਼ਾਹ" ਵਜੋਂ ਜਾਣੇ ਜਾਂਦੇ ਸ਼ਾਹਰੁਖ ਖਾਨ ਨੇ ਹਿੰਦੀ ਫਿਲਮ ਇੰਡਸਟਰੀ ਵਿੱਚ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਬਿਤਾਇਆ ਹੈ। ਉਨ੍ਹਾਂ ਨੇ ਆਪਣੇ ਆਪ ਨੂੰ ਨਾ ਸਿਰਫ਼ ਇੱਕ ਅਦਾਕਾਰ ਵਜੋਂ, ਸਗੋਂ ਇੱਕ ਵੱਡੀ ਪ੍ਰੋਡਕਸ਼ਨ ਕੰਪਨੀ ਅਤੇ ਇੱਕ ਕ੍ਰਿਕਟ ਟੀਮ ਦੇ ਮਾਲਕ ਵਜੋਂ ਵੀ ਸਥਾਪਿਤ ਕੀਤਾ ਹੈ।

ਹੁਰੂਨ ਇੰਡੀਆ ਦੇ ਸੰਸਥਾਪਕ ਅਤੇ ਮੁੱਖ ਖੋਜਕਰਤਾ ਅਨਸ ਰਹਿਮਾਨ ਜੁਨੈਦ ਨੇ ਬੀਬੀਸੀ ਨੂੰ ਦੱਸਿਆ, "ਖਾਨ ਦਾ ਅਰਬਪਤੀ ਰੁਤਬਾ ਮੁੱਖ ਤੌਰ 'ਤੇ ਰੈੱਡ ਚਿਲੀਜ਼ ਐਂਟਰਟੇਨਮੈਂਟ (ਉਸਦੀ ਪ੍ਰੋਡਕਸ਼ਨ ਕੰਪਨੀ) ਅਤੇ ਨਾਈਟ ਰਾਈਡਰਜ਼ ਸਪੋਰਟਸ (ਆਈਪੀਐਲ ਕ੍ਰਿਕਟ ਕਲੱਬ) ਵਿੱਚ ਉਸਦੇ ਹਿੱਸੇਦਾਰੀ ਕਾਰਨ ਹੈ।"

ਉਨ੍ਹਾਂ ਦੀ ਹੋਰ ਕਮਾਈ ਵਿੱਚ ਫਿਲਮ ਆਮਦਨ, ਇਸ਼ਤਿਹਾਰ ਅਤੇ ਦੁਨੀਆ ਭਰ ਦੀਆਂ ਜਾਇਦਾਦਾਂ ਵਿੱਚ ਨਿਵੇਸ਼ ਸ਼ਾਮਲ ਹਨ।

ਜੂਹੀ ਚਾਵਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੂਹੀ ਚਾਵਲਾ ਦੀ ਕੁੱਲ ਜਾਇਦਾਦ 880 ਮਿਲੀਅਨ ਡਾਲਰ (ਲਗਭਗ 8,000 ਕਰੋੜ ਰੁਪਏ) ਦੱਸੀ ਗਈ ਹੈ।

ਭਾਰਤ ਦੀ ਬਦਲਦੀ ਅਰਥਵਿਵਸਥਾ

ਅੰਕੜੇ

ਤਸਵੀਰ ਸਰੋਤ, Getty Images

ਜੁਨੈਦ ਦੇ ਅਨੁਸਾਰ, ਸ਼ਾਹਰੁਖ ਖਾਨ ਦਾ ਅਰਬਪਤੀਆਂ ਦੇ ਕਲੱਬ ਵਿੱਚ ਸ਼ਾਮਲ ਹੋਣਾ ਭਾਰਤ ਦੀ ਅਰਥਵਿਵਸਥਾ ਦੇ ਬਦਲਦੇ ਸਵਰੂਪ ਨੂੰ ਦਰਸਾਉਂਦਾ ਹੈ।

ਉਨ੍ਹਾਂ ਕਿਹਾ, "ਜਿਵੇਂ-ਜਿਵੇਂ ਭਾਰਤੀ ਅਰਥਵਿਵਸਥਾ ਪਰਿਪੱਕ ਹੋ ਰਹੀ ਹੈ ਅਤੇ ਦੌਲਤ ਸਿਰਜਣ ਦੇ ਅਗਲੇ ਪੜਾਅ ਵਿੱਚ ਜਾ ਰਹੀ ਹੈ, ਅਸੀਂ ਨਿਰਮਾਣ, ਆਈਟੀ ਅਤੇ ਬੈਂਕਿੰਗ ਵਰਗੇ ਰਵਾਇਤੀ ਖੇਤਰਾਂ ਤੋਂ ਪਰੇ ਨਵੇਂ ਖੇਤਰਾਂ ਨੂੰ ਉਭਰਦੇ ਦੇਖ ਰਹੇ ਹਾਂ।"

ਖੇਡਾਂ, ਮਨੋਰੰਜਨ ਅਤੇ ਆਈਪੀ-ਅਧਾਰਤ ਕਾਰੋਬਾਰ ਹੁਣ ਭਾਰਤ ਵਿੱਚ "ਦੌਲਤ ਸਿਰਜਣ ਦੇ ਮੁੱਖ ਸਰੋਤ" ਬਣ ਗਏ ਹਨ।

ਉਨ੍ਹਾਂ ਕਿਹਾ ਕਿ ਇਹ ਉਹੀ ਬਦਲਾਅ ਹੈ ਜੋ ਸੰਯੁਕਤ ਰਾਜ ਅਮਰੀਕਾ ਵਿੱਚ ਹੋਇਆ ਸੀ, ਜਿੱਥੇ ਅਮੀਰਾਂ ਦੀ ਸੂਚੀ ਕਦੇ ਉਦਯੋਗਪਤੀਆਂ ਅਤੇ ਬੈਂਕਰਾਂ ਦੇ ਨਾਮਾਂ ਨਾਲ ਭਰੀ ਰਹਿੰਦੀ ਸੀ। ਹੁਣ, ਇਸ ਵਿੱਚ ਖੇਡ ਟੀਮ ਦੇ ਮਾਲਕ, ਮੀਡੀਆ ਦਿੱਗਜ, ਅਤੇ ਮਸ਼ਹੂਰ ਹਸਤੀਆਂ ਅਧਾਰਿਤ ਬ੍ਰਾਂਡ ਸ਼ਾਮਲ ਹਨ—ਜਿਵੇਂ ਕਿ ਮਾਈਕਲ ਜੌਰਡਨ, ਲੇਬਰੋਨ ਜੇਮਜ਼, ਓਪਰਾ ਵਿਨਫ੍ਰੇ, ਅਤੇ ਬੇਯੋਂਸੇ।

ਫੋਰਬਸ ਦੇ ਅਨੁਸਾਰ, ਹਾਲਾਂਕਿ ਕਈ ਮਸ਼ਹੂਰ ਹਸਤੀਆਂ ਬਹੁਤ ਅਮੀਰ ਹਨ ਪਰ "ਉਨ੍ਹਾਂ ਦੀ ਦੌਲਤ ਦਾ ਅਰਬਾਂ ਡਾਲਰ ਤੱਕ ਪਹੁੰਚਣਾ ਬਹੁਤ ਘੱਟ ਹੁੰਦਾ ਹੈ।" ਦੁਨੀਆ ਵਿੱਚ ਸਿਰਫ਼ ਦੋ ਦਰਜਨ ਤੋਂ ਘੱਟ ਲੋਕਾਂ ਨੇ ਇਹ ਦਰਜਾ ਪ੍ਰਾਪਤ ਕੀਤਾ ਹੈ।

ਕਰਨ ਜੌਹਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਰਨ ਜੌਹਰ

ਬਾਲੀਵੁੱਡ ਨਾਲ ਜੁੜੇ ਹੋਰ ਨਾਮ

ਇਸ ਸਾਲ ਹੁਰੂਨ ਸੂਚੀ ਵਿੱਚ ਚਾਰ ਹੋਰ ਬਾਲੀਵੁੱਡ ਮਸ਼ਹੂਰ ਹਸਤੀਆਂ ਅਤੇ ਉਨ੍ਹਾਂ ਦੇ ਪਰਿਵਾਰ ਸ਼ਾਮਲ ਕੀਤੇ ਗਏ ਹਨ ਪਰ ਸ਼ਾਹਰੁਖ ਖਾਨ ਦੀ ਦੌਲਤ ਉਨ੍ਹਾਂ ਨਾਲੋਂ ਕਿਤੇ ਜ਼ਿਆਦਾ ਹੋਣ ਦਾ ਅਨੁਮਾਨ ਹੈ।

ਸ਼ਾਹਰੁਖ ਖਾਨ ਦੀ ਸਹਿ-ਕਲਾਕਾਰ ਜੂਹੀ ਚਾਵਲਾ ਅਤੇ ਉਨ੍ਹਾਂ ਦਾ ਪਰਿਵਾਰ ਦੂਜੇ ਸਥਾਨ 'ਤੇ ਹੈ, ਜਿਨ੍ਹਾਂ ਦੀ ਕੁੱਲ ਜਾਇਦਾਦ $880 ਮਿਲੀਅਨ (7,790 ਕਰੋੜ ਰੁਪਏ) ਹੈ।

ਰਿਤਿਕ ਰੋਸ਼ਨ ਤੀਜੇ ਸਥਾਨ 'ਤੇ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ 260 ਮਿਲੀਅਨ ਡਾਲਰ (2,160 ਕਰੋੜ ਰੁਪਏ) ਹੈ।

ਡਾਇਰੈਕਟਰ ਕਰਨ ਜੌਹਰ ਲਗਭਗ 200 ਮਿਲੀਅਨ ਡਾਲਰ (1,880 ਕਰੋੜ ਰੁਪਏ) ਦੀ ਕੁੱਲ ਜਾਇਦਾਦ ਨਾਲ ਸੂਚੀਬੱਧ ਹਨ, ਅਤੇ ਅਦਾਕਾਰ ਅਮਿਤਾਭ ਬੱਚਨ ਅਤੇ ਉਨ੍ਹਾਂ ਦਾ ਪਰਿਵਾਰ ਲਗਭਗ 183 ਮਿਲੀਅਨ ਡਾਲਰ (1,630 ਕਰੋੜ ਰੁਪਏ) ਦੀ ਕੁੱਲ ਜਾਇਦਾਦ ਨਾਲ ਸੂਚੀ ਵਿੱਚ ਸ਼ਾਮਲ ਹਨ।

ਕਰਨ ਜੌਹਰ ਨੇ 2024 ਵਿੱਚ ਸੁਰਖੀਆਂ ਬਟੋਰੀਆਂ ਜਦੋਂ ਉਨ੍ਹਾਂ ਨੇ ਆਪਣੀ ਪ੍ਰੋਡਕਸ਼ਨ ਕੰਪਨੀ, ਧਰਮਾ ਪ੍ਰੋਡਕਸ਼ਨ ਵਿੱਚ 50 ਫੀਸਦ ਹਿੱਸੇਦਾਰੀ ਅਰਬਪਤੀ ਅਦਾਰ ਪੂਨਾਵਾਲਾ (ਭਾਰਤ ਦੇ ਚੋਟੀ ਦੇ ਵੈਕਸੀਨ ਨਿਰਮਾਤਾ) ਨੂੰ 119 ਮਿਲੀਅਨ ਡਾਲਰ (1,055 ਕਰੋੜ ਰੁਪਏ) ਵਿੱਚ ਵੇਚ ਦਿੱਤੀ।

ਹੁਰੂਨ ਇੰਡੀਆ ਦੇ ਅਨੁਸਾਰ, ਇਸ ਸਾਲ ਭਾਰਤ ਵਿੱਚ ਅਰਬਪਤੀਆਂ ਦੀ ਕੁੱਲ ਗਿਣਤੀ 350 ਨੂੰ ਪਾਰ ਕਰ ਗਈ ਹੈ। ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਇਸ ਸੂਚੀ ਵਿੱਚ ਪਹਿਲੇ ਦੋ ਸਥਾਨਾਂ 'ਤੇ ਬਰਕਰਾਰ ਹਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)