ਬ੍ਰਿਟੇਨ ਦੇ ਸਭ ਤੋਂ ਪੁਰਾਣੇ ਖਾਲਸਾ ਜਥਾ ਗੁਰਦੁਆਰੇ ਦੀ ਸੁਰੱਖਿਆ ਕਿਉਂ ਵਧਾਉਣੀ ਪੈ ਰਹੀ ਹੈ

1913 ਵਿੱਚ ਸਥਾਪਿਤ ਇਹ ਗੁਰਦੁਆਰਾ ਨਾ ਸਿਰਫ਼ ਯੂਕੇ ਵਿੱਚ ਸਗੋਂ ਪੱਛਮੀ ਯੂਰਪ ਵਿੱਚ ਵੀ ਸਭ ਤੋਂ ਪੁਰਾਣਾ ਹੈ
ਤਸਵੀਰ ਕੈਪਸ਼ਨ, 1913 ਵਿੱਚ ਸਥਾਪਿਤ ਖਾਲਸਾ ਜਥਾ ਗੁਰਦੁਆਰਾ ਨਾ ਸਿਰਫ਼ ਯੂਕੇ ਵਿੱਚ ਸਗੋਂ ਪੱਛਮੀ ਯੂਰਪ ਵਿੱਚ ਵੀ ਸਭ ਤੋਂ ਪੁਰਾਣਾ ਹੈ
    • ਲੇਖਕ, ਅਲਪਾ ਪਟੇਲ
    • ਰੋਲ, ਖਾਲਸਾ ਜਥਾ ਗੁਰਦੁਆਰਾ, ਸ਼ੈਫਰਡਜ਼ ਬੁਸ਼, ਲੰਡਨ

"ਇਹ ਸਿਰਫ਼ ਸਿੱਖ ਹੋਣ ਬਾਰੇ ਨਹੀਂ ਹੈ। ਇਹ ਭੂਰੇ (ਰੰਗ) ਹੋਣ ਬਾਰੇ ਹੈ। ਲੋਕ ਸਿੱਖਾਂ, ਮੁਸਲਮਾਨਾਂ, ਹਿੰਦੂਆਂ ਵਿੱਚ ਫ਼ਰਕ ਨਹੀਂ ਕਰਦੇ।"

ਮਨਦੀਪ ਸਿੰਘ ਬ੍ਰਿਟੇਨ ਦੇ ਸਭ ਤੋਂ ਪੁਰਾਣੇ ਸਿੱਖ ਗੁਰਦੁਆਰੇ, ਪੱਛਮੀ ਲੰਡਨ ਦੇ ਸ਼ੈਫਰਡਜ਼ ਬੁਸ਼ ਵਿਖੇ ਖਾਲਸਾ ਜਥਾ ਗੁਰਦੁਆਰੇ ਦੇ ਟਰੱਸਟੀ ਹਨ।

ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਭਾਈਚਾਰੇ ਦੇ ਲੋਕ ਸਿਆਸੀ ਮਾਹੌਲ, ਯੂਨਾਈਟ ਦਿ ਕਿੰਗਡਮ ਮਾਰਚ ਵਰਗੀਆਂ ਘਟਨਾਵਾਂ ਅਤੇ ਹਾਲ ਹੀ ਵਿੱਚ ਨਸਲੀ ਤੌਰ 'ਤੇ ਪ੍ਰੇਰਿਤ ਹਮਲਿਆਂ ਕਾਰਨ ਚਿੰਤਾ ਵਿੱਚ ਹਨ।

ਉਹ ਕਹਿੰਦੇ ਹਨ, "ਇਹ ਫਿਰ 1970 ਦੇ ਦਹਾਕੇ ਵਰਗਾ ਮਹਿਸੂਸ ਹੋ ਰਿਹਾ ਹੈ। ਮੈਨੂੰ ਨੈਸ਼ਨਲ ਫਰੰਟ ਯਾਦ ਹੈ। ਹੁਣ ਫ਼ਰਕ ਇਹ ਹੈ ਕਿ ਸੋਸ਼ਲ ਮੀਡੀਆ ਨਫ਼ਰਤ ਨੂੰ ਵਧਾ ਰਿਹਾ ਹੈ।"

ਇਹ ਗੁਰਦੁਆਰਾ ਸੁਰੱਖਿਆ 'ਤੇ ਪ੍ਰਤੀ ਸਾਲ 40,000 ਪੌਂਡ ਖਰਚ ਕਰਨ ਦਾ ਅਨੁਮਾਨ ਲਗਾ ਰਿਹਾ ਹੈ ਅਤੇ ਹੁਣ ਗੁਰਦੁਆਰਿਆਂ ਨੂੰ ਉਹੀ ਸਰਕਾਰੀ ਗ੍ਰਾਂਟ ਜਾਰੀ ਕਰਨ ਦੀ ਮੰਗ ਕਰ ਰਿਹਾ ਹੈ ਜੋ ਮਸਜਿਦਾਂ ਅਤੇ ਸਿਨਾਗੌਗਾਂ (ਯਹੂਦੀਆਂ ਦਾ ਪ੍ਰਾਰਥਨਾ ਸਥਾਨ) ਨੂੰ ਪਹਿਲਾਂ ਹੀ ਮਿਲਦੀ ਹੈ।

ਦਾਨ ਮਿਲਦੀ ਰਾਸ਼ੀ ਨਾਲ ਵਧਾ ਰਹੇ ਸੁਰੱਖਿਆ

ਗੁਰਦੁਆਰੇ ਦੇ ਟਰੱਸਟੀ ਮਨਦੀਪ ਸਿੰਘ ਕਹਿੰਦੇ ਹਨ ਕਿ ਹਾਲ ਹੀ ਭਾਈਚਾਰੇ ਵਿਰੁੱਧ ਵਧੀ ਹਿੰਸਾ ਕਾਰਨ ਡਰ ਦਾ ਮਾਹੌਲ ਹੈ
ਤਸਵੀਰ ਕੈਪਸ਼ਨ, ਗੁਰਦੁਆਰੇ ਦੇ ਟਰੱਸਟੀ ਮਨਦੀਪ ਸਿੰਘ ਕਹਿੰਦੇ ਹਨ ਕਿ ਹਾਲ ਹੀ ਵਿੱਚ ਭਾਈਚਾਰੇ ਵਿਰੁੱਧ ਵਧੀ ਹਿੰਸਾ ਕਾਰਨ ਡਰ ਦਾ ਮਾਹੌਲ ਹੈ

1913 ਵਿੱਚ ਸਥਾਪਿਤ ਇਹ ਗੁਰਦੁਆਰਾ ਨਾ ਸਿਰਫ਼ ਯੂਕੇ ਵਿੱਚ ਸਗੋਂ ਪੱਛਮੀ ਯੂਰਪ ਵਿੱਚ ਵੀ ਸਭ ਤੋਂ ਪੁਰਾਣਾ ਹੈ।

ਇੱਕ ਟਰੱਸਟੀ ਵਜੋਂ ਆਪਣੇ ਕੰਮ ਰਾਹੀਂ ਮਨਦੀਪ ਦੇਸ਼ ਭਰ ਦੇ 90 ਗੁਰਦੁਆਰਿਆਂ ਨਾਲ ਸੰਪਰਕ ਵਿੱਚ ਹਨ ਅਤੇ ਰਾਜਧਾਨੀ ਲੰਡਨ ਵਿੱਚ ਸਿੱਖ ਭਾਈਚਾਰੇ ਨਾਲ ਵੀ ਉਨ੍ਹਾਂ ਦੇ ਨੇੜਲੇ ਸਬੰਧ ਹਨ।

ਇੱਥੇ ਸੀਸੀਟੀਵੀ, ਲੋਹੇ ਦੇ ਗੇਟ ਅਤੇ 24 ਘੰਟੇ ਸੁਰੱਖਿਆ ਗਾਰਡ ਨਾਲ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ ਹਨ। ਇਹ ਸਾਰੇ ਪ੍ਰਬੰਧ ਪੂਰੀ ਤਰ੍ਹਾਂ ਦਾਨ 'ਚ ਮਿਲੇ ਫ਼ੰਡ ਨਾਲ ਕੀਤੇ ਗਏ ਹਨ।

ਮਨਦੀਪ ਨੇ ਕਿਹਾ ਕਿ ਯੂਕੇ ਵਿੱਚ ਇੱਕ ''ਡਰ ਆਮ'' ਹੈ, ਅਸਥਿਰ ਸਿਆਸੀ ਮਾਹੌਲ ਹੈ, ਮਾਰਚ ਅਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਅਤੇ "ਆਮ ਤੌਰ 'ਤੇ ਵਧੇਰੇ ਸੱਜੇ-ਪੱਖੀ ਸੰਦੇਸ਼ ਆ ਰਹੇ ਹਨ ਜਿਨ੍ਹਾਂ ਵਿੱਚ ਨਸਲਵਾਦੀ ਪ੍ਰਭਾਵ ਪਿਆ ਹੈ। ਇਹ ਚਿੰਤਾਜਨਕ ਹੈ"।

ਉਨ੍ਹਾਂ ਨੇ 9 ਸਤੰਬਰ ਨੂੰ ਓਲਡਬਰੀ ਵਿੱਚ ਇੱਕ ਸਿੱਖ ਮਹਿਲਾ ਨਾਲ ਹੋਏ ਬਲਾਤਕਾਰ, ਵੁਲਵਰਹੈਂਪਟਨ ਵਿੱਚ ਦੋ ਸਿੱਖ ਟੈਕਸੀ ਡਰਾਈਵਰਾਂ 'ਤੇ ਹਮਲਾ ਅਤੇ ਬ੍ਰਿਸਟਲ ਵਿੱਚ ਇੱਕ ਨੌਂ ਸਾਲ ਦੀ ਬੱਚੀ ਨੂੰ ਏਅਰ ਗਨ ਨਾਲ ਗੋਲੀ ਮਾਰਨ ਦੀ ਘਟਨਾ ਦੇ ਨਾਲ-ਨਾਲ ਪਰਵਾਸੀ ਹੋਟਲਾਂ ਦੇ ਬਾਹਰ ਵਿਰੋਧ ਪ੍ਰਦਰਸ਼ਨਾਂ ਦਾ ਹਵਾਲਾ ਦਿੱਤਾ।

ਉਨ੍ਹਾਂ ਕਿਹਾ, "ਇਹ ਚੀਜ਼ਾਂ ਡਰ ਦਾ ਮਾਹੌਲ ਪੈਦਾ ਕਰ ਰਹੀਆਂ ਹਨ।''

"ਸਾਨੂੰ ਸਾਵਧਾਨੀਆਂ ਵਰਤਣੀਆਂ ਸ਼ੁਰੂ ਕਰਨੀਆਂ ਪੈਣਗੀਆਂ ਅਤੇ ਸਾਨੂੰ ਆਪਣੀਆਂ ਸੰਗਤਾਂ ਨੂੰ ਹੋਰ ਚੌਕਸ ਰਹਿਣ ਲਈ ਕਹਿਣਾ ਸ਼ੁਰੂ ਕਰਨਾ ਪਵੇਗਾ।"

ਲੰਡਨ 'ਚ ਕਿੰਨੇ ਵਧੇ ਨਸਲੀ ਅਪਰਾਧ

ਮੈਟ ਪੁਲਿਸ ਦੇ ਅੰਕੜਿਆਂ ਅਨੁਸਾਰ, ਅਗਸਤ ਦੇ ਅੰਤ ਤੱਕ ਲੰਦਨ ਵਿੱਚ ਸਾਲ ਭਰ ਵਿੱਚ 21,054 ਤੋਂ ਵੱਧ ਨਫ਼ਰਤੀ ਅਪਰਾਧ ਦਰਜ ਕੀਤੇ ਗਏ ਸਨ
ਤਸਵੀਰ ਕੈਪਸ਼ਨ, ਮੈਟ ਪੁਲਿਸ ਦੇ ਅੰਕੜਿਆਂ ਅਨੁਸਾਰ, ਅਗਸਤ ਦੇ ਅੰਤ ਤੱਕ ਲੰਡਨ ਵਿੱਚ ਸਾਲ ਭਰ ਵਿੱਚ 21,054 ਤੋਂ ਵੱਧ ਨਫ਼ਰਤੀ ਅਪਰਾਧ ਦਰਜ ਕੀਤੇ ਗਏ ਸਨ

ਮੈਟ ਪੁਲਿਸ ਦੇ ਅੰਕੜਿਆਂ ਅਨੁਸਾਰ, ਅਗਸਤ ਦੇ ਅੰਤ ਤੱਕ ਲੰਡਨ ਵਿੱਚ ਸਾਲ ਭਰ ਵਿੱਚ 21,054 ਤੋਂ ਵੱਧ ਨਫ਼ਰਤੀ ਅਪਰਾਧ ਦਰਜ ਕੀਤੇ ਗਏ ਸਨ।

ਜਦਕਿ ਇਹ ਅਸਲ ਵਿੱਚ ਪਿਛਲੇ 12 ਮਹੀਨਿਆਂ ਦੇ ਮੁਕਾਬਲੇ ਇਸ ਵਿੱਚ 17.4% ਦੀ ਗਿਰਾਵਟ ਹੈ। ਇਸ ਸਾਲ ਜੂਨ, ਜੁਲਾਈ ਅਤੇ ਅਗਸਤ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਘਟਨਾਵਾਂ ਵਿੱਚ ਔਸਤ ਤੋਂ ਵੱਧ ਵਾਧਾ ਹੋਇਆ ਹੈ, ਉਨ੍ਹਾਂ ਤਿੰਨ ਮਹੀਨਿਆਂ ਵਿੱਚ ਹਰੇਕ ਵਿੱਚ 2,000 ਤੋਂ ਵੱਧ ਨਫ਼ਰਤੀ ਅਪਰਾਧ ਹੋਏ ਹਨ।

ਟਰਾਂਸਪੋਰਟ ਫਾਰ ਲੰਡਨ ਦੇ ਅੰਕੜੇ ਦਰਸਾਉਂਦੇ ਹਨ ਕਿ ਐਲਿਜ਼ਾਬੈਥ ਲਾਈਨ 'ਤੇ ਨਫ਼ਰਤੀ ਅਪਰਾਧ ਦੀਆਂ ਰਿਪੋਰਟਾਂ ਵਿੱਚ ਪਿਛਲੇ ਸਾਲ ਲਗਭਗ 50% ਵਾਧਾ ਹੋਇਆ ਹੈ, ਜਦਕਿ ਪੂਰੇ ਨੈੱਟਵਰਕ ਵਿੱਚ 28% ਵਾਧਾ ਹੋਇਆ ਹੈ।

ਇਸ ਸਾਲ ਗਰਮੀਆਂ ਦੇ ਹਰੇਕ ਮਹੀਨੇ ਵਿੱਚ 2,000 ਤੋਂ ਵੱਧ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ-

"ਗੁਰਦੁਆਰਿਆਂ ਨੂੰ ਵੀ ਸੁਰੱਖਿਆ ਲਈ ਗ੍ਰਾਂਟਾਂ ਚਾਹੀਦੀਆਂ ਹਨ"

ਮਨਦੀਪ ਸਿੰਘ, ਟਰੱਸਟੀ, ਖਾਲਸਾ ਜਥਾ ਗੁਰਦੁਆਰਾ

ਇਸ ਸਮੇਂ, ਦੇਸ਼ ਭਰ ਦੇ ਸਿੱਖ ਗੁਰਦੁਆਰੇ, ਖਾਲਸਾ ਜਥਾ ਗੁਰਦੁਆਰੇ ਵਾਂਗ ਹੀ ਕਰ ਰਹੇ ਹਨ - ਜੋ ਕਿ ਆਮ ਤੌਰ 'ਤੇ ਭਾਈਚਾਰਕ ਸੇਵਾਵਾਂ ਲਈ ਮਿਲਣ ਵਾਲੇ ਦਾਨ ਨੂੰ ਸੁਰੱਖਿਆ ਉਪਾਵਾਂ ਲਈ ਇਸਤੇਮਾਲ ਕਰ ਰਹੇ ਹਨ।

ਮਨਦੀਪ ਸਿੰਘ ਨੇ ਕਿਹਾ, "ਮਸਜਿਦਾਂ ਅਤੇ ਸਿਨਾਗੌਗਾਂ ਨੂੰ ਸੁਰੱਖਿਆ ਲਈ ਗ੍ਰਾਂਟਾਂ ਮਿਲਦੀਆਂ ਹਨ।''

"ਗੁਰਦੁਆਰਿਆਂ ਨੂੰ ਵੀ ਇਹ ਚਾਹੀਦੀਆਂ ਹਨ।"

ਗੁਰਪ੍ਰੀਤ ਸਿੰਘ ਆਨੰਦ ਖਾਲਸਾ ਜਥਾ ਗੁਰਦੁਆਰੇ ਦੇ ਚੇਅਰਮੈਨ ਹਨ।

ਉਨ੍ਹਾਂ ਕਿਹਾ, "ਅਫ਼ਸੋਸ ਦੀ ਗੱਲ ਹੈ ਕਿ ਗੁਰਦੁਆਰਿਆਂ ਲਈ ਗ੍ਰਹਿ ਦਫ਼ਤਰ ਦੀ ਫੰਡਿੰਗ ਮਸਜਿਦਾਂ ਅਤੇ ਸਿਨਾਗੌਗਾਂ ਨੂੰ ਮਿਲਦੀ ਸਹਾਇਤਾ ਦੇ ਮੁਕਾਬਲੇ ਘੱਟ ਹੈ।''

ਖਾਲਸਾ ਜਥਾ ਗੁਰਦੁਆਰਾ
ਤਸਵੀਰ ਕੈਪਸ਼ਨ, ਖ਼ਾਲਸਾ ਜਥਾ ਗੁਰਦੁਆਰਾ ਇਸ ਸਾਲ ਸੁਰੱਖਿਆ ਕਰਮਚਾਰੀਆਂ 'ਤੇ 40,000 ਪੌਂਡ ਤੋਂ ਵੱਧ ਖਰਚ ਕਰਨ ਦਾ ਅਨੁਮਾਨ ਲਗਾ ਰਿਹਾ ਹੈ

"ਮਿਸਾਲ ਵਜੋਂ, ਖ਼ਾਲਸਾ ਜਥਾ ਗੁਰਦੁਆਰਾ ਇਸ ਸਾਲ ਸੁਰੱਖਿਆ ਕਰਮਚਾਰੀਆਂ 'ਤੇ 40,000 ਪੌਂਡ ਤੋਂ ਵੱਧ ਖਰਚ ਕਰਨ ਦਾ ਅਨੁਮਾਨ ਲਗਾ ਰਿਹਾ ਹੈ - ਉਹ ਖਰਚੇ ਚੈਰੀਟੇਬਲ ਫੰਡਾਂ ਤੋਂ ਪੂਰੇ ਕੀਤੇ ਜਾਂਦੇ ਹਨ।''

"ਇਸ ਦੇ ਉਲਟ, ਮਸਜਿਦਾਂ ਅਤੇ ਸਿਨਾਗੌਗਾਂ ਲਈ ਇਸ ਦੇ ਬਾਰਬਰ ਦੇ ਸੁਰੱਖਿਆ ਖਰਚੇ ਗ੍ਰਹਿ ਦਫ਼ਤਰ ਦੁਆਰਾ ਕਵਰ ਕੀਤੇ ਜਾਂਦੇ ਹਨ। ਇਹ ਅਸਮਾਨਤਾ ਕਿਉਂ?''

"ਗੁਰਦੁਆਰੇ ਵੀ ਮਹੱਤਵਪੂਰਨ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ ਅਤੇ ਅਕਸਰ ਗਲਤੀ ਨਾਲ ਮਸਜਿਦਾਂ ਸਮਝ ਕੇ ਨਿਸ਼ਾਨਾ ਬਣਾਏ ਜਾਂਦੇ ਹਨ।"

ਪੂਜਾ ਸਥਾਨ ਸੁਰੱਖਿਆ ਯੋਜਨਾ (ਪਲੇਸ ਆਫ਼ ਵਰਸ਼ਿਪ ਪ੍ਰੋਟੈਕਟਿਵ ਸਿਕਿਓਰਿਟੀ ਸਕੀਮ) ਰਾਹੀਂ ਫੰਡਿੰਗ ਉਪਲੱਬਧ ਹੈ ਪਰ ਇਸਦੀ ਵਰਤੋਂ ਸੁਰੱਖਿਆ ਕਰਮਚਾਰੀਆਂ ਨੂੰ ਭੁਗਤਾਨ ਕਰਨ ਲਈ ਨਹੀਂ ਕੀਤੀ ਜਾ ਸਕਦੀ ਅਤੇ ਇਹ ਹੋਰ ਸਾਰੇ ਧਰਮਾਂ ਲਈ ਵੀ ਖੁੱਲ੍ਹੀ ਹੈ।

ਗ੍ਰਹਿ ਦਫ਼ਤਰ ਨੇ ਕੀ ਕਿਹਾ

ਗ੍ਰਹਿ ਦਫ਼ਤਰ ਦੇ ਬੁਲਾਰੇ ਮੁਤਾਬਕ, ਭੈਅ ਪੈਦਾ ਕਰਨ ਵਾਲੇ ਵਿਰੋਧ ਪ੍ਰਦਰਸ਼ਨਾਂ ਤੋਂ ਪੂਜਾ ਸਥਾਨਾਂ ਦੀ ਬਿਹਤਰ ਸੁਰੱਖਿਆ ਲਈ ਸਰਕਾਰ ਪੁਲਿਸ ਨੂੰ ਵਧੇਰੇ ਸ਼ਕਤੀਆਂ ਦੇ ਰਹੀ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗ੍ਰਹਿ ਦਫ਼ਤਰ ਦੇ ਬੁਲਾਰੇ ਮੁਤਾਬਕ, ਭੈਅ ਪੈਦਾ ਕਰਨ ਵਾਲੇ ਵਿਰੋਧ ਪ੍ਰਦਰਸ਼ਨਾਂ ਤੋਂ ਪੂਜਾ ਸਥਾਨਾਂ ਦੀ ਬਿਹਤਰ ਸੁਰੱਖਿਆ ਲਈ ਸਰਕਾਰ ਪੁਲਿਸ ਨੂੰ ਵਧੇਰੇ ਸ਼ਕਤੀਆਂ ਦੇ ਰਹੀ ਹੈ

ਗ੍ਰਹਿ ਦਫ਼ਤਰ ਦੇ ਬੁਲਾਰੇ ਨੇ ਕਿਹਾ, "ਇਹ ਬਹੁਤ ਜ਼ਰੂਰੀ ਹੈ ਕਿ ਹਰ ਭਾਈਚਾਰਾ ਸੁਰੱਖਿਅਤ ਮਹਿਸੂਸ ਕਰੇ, ਖਾਸ ਕਰਕੇ ਪ੍ਰਾਰਥਨਾ ਸਥਾਨਾਂ ਵਿੱਚ, ਇਸੇ ਕਰਕੇ ਗੁਰਦੁਆਰੇ ਅਤੇ ਸਬੰਧਤ ਸਿੱਖ ਭਾਈਚਾਰਕ ਸਥਾਨ ਸਰਕਾਰ ਦੀ ਪੂਜਾ ਸਥਾਨ ਸੁਰੱਖਿਆ ਸੁਰੱਖਿਆ ਯੋਜਨਾ ਲਈ ਅਰਜ਼ੀ ਦੇ ਸਕਦੇ ਹਨ।

ਉਨ੍ਹਾਂ ਕਿਹਾ, "ਧਾਰਮਿਕ ਭਾਈਚਾਰਿਆਂ ਲਈ ਪ੍ਰੋਟੈਕਟਿਵ ਸਿਕਿਓਰਿਟੀ ਫੰਡਿੰਗ ਪ੍ਰਦਾਨ ਕਰਨ ਦੇ ਨਾਲ-ਨਾਲ, ਭੈਅ ਪੈਦਾ ਕਰਨ ਵਾਲੇ ਵਿਰੋਧ ਪ੍ਰਦਰਸ਼ਨਾਂ ਤੋਂ ਪੂਜਾ ਸਥਾਨਾਂ ਦੀ ਬਿਹਤਰ ਸੁਰੱਖਿਆ ਲਈ ਸਰਕਾਰ ਪੁਲਿਸ ਨੂੰ ਵਧੇਰੇ ਸ਼ਕਤੀਆਂ ਦੇ ਰਹੀ ਹੈ।"

'ਮੈਂ ਸਾਰੀ ਉਮਰ ਸੁਣਿਆ ਹੈ ਕਿ ਆਪਣੇ ਦੇਸ਼ ਵਾਪਸ ਜਾਓ'

ਗੁਰਦੁਆਰੇ ਦੇ ਮਹਿਲਾ ਵਲੰਟੀਅਰ ਰਵੀ ਬਖਸ਼ੀ
ਤਸਵੀਰ ਕੈਪਸ਼ਨ, ਕਹਿੰਦੇ ਹਨ ਕਿ ਉਨ੍ਹਾਂ ਨੂੰ ਬ੍ਰਿਟਿਸ਼ ਅਤੇ ਸਿੱਖ ਹੋਣ 'ਤੇ ਮਾਣ ਹੈ ਅਤੇ ਇਸ ਤਰ੍ਹਾਂ ਦੀ ਨਫ਼ਰਤ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ

ਗੁਰਦੁਆਰੇ ਦੇ ਇੱਕ ਮਹਿਲਾ ਵਲੰਟੀਅਰ ਰਵੀ ਬਖਸ਼ੀ ਕਹਿੰਦੇ ਹਨ ਕਿ ਨਸਲਵਾਦੀ ਦੁਰਵਿਵਹਾਰ ਜੀਵਨ ਭਰ ਦਾ ਤਜਰਬਾ ਰਿਹਾ ਹੈ।

ਉਨ੍ਹਾਂ ਕਿਹਾ: "ਮੈਂ ਸਾਰੀ ਉਮਰ ਸੁਣਿਆ ਹੈ, 'ਆਪਣੇ ਦੇਸ਼ ਵਾਪਸ ਜਾਓ'। ਪਰ ਮੇਰਾ ਜਨਮ ਇੱਥੇ ਹੋਇਆ ਸੀ। ਮੈਨੂੰ ਬ੍ਰਿਟਿਸ਼ ਅਤੇ ਸਿੱਖ ਹੋਣ 'ਤੇ ਮਾਣ ਹੈ - ਤੁਸੀਂ ਇਸ ਤਰ੍ਹਾਂ ਦੀ ਨਫ਼ਰਤ ਨੂੰ ਕਿਵੇਂ ਜਾਇਜ਼ ਠਹਿਰਾ ਸਕਦੇ ਹੋ?"

ਭੁਪਿੰਦਰ ਸਿੰਘ ਭਸੀਨ ਬਚਪਨ ਤੋਂ ਹੀ ਗੁਰਦੁਆਰੇ ਆ ਰਹੇ ਹਨ।

ਉਨ੍ਹਾਂ ਕਿਹਾ, "ਯੂਕੇ ਵਿੱਚ ਪੈਦਾ ਹੋਏ ਅਤੇ ਵੱਡੇ ਹੋਏ ਇੱਕ ਵਿਅਕਤੀ ਦੇ ਨਾਤੇ ਮੈਨੂੰ 70 ਅਤੇ 80 ਦੇ ਦਹਾਕੇ ਦੌਰਾਨ ਦਾ ਇੱਕ ਸਮਾਂ ਯਾਦ ਹੈ, ਜਦੋਂ ਨਸਲਵਾਦ ਬਹੁਤ ਜ਼ਿਆਦਾ ਸੀ।''

"ਇੱਥੇ ਇੰਨੇ ਸਾਲਾਂ ਤੱਕ ਰਹਿ ਕੇ ਮੈਂ ਸੋਚਿਆ ਸੀ ਕਿ ਅਸੀਂ ਸਮਾਜ ਵਿੱਚ ਬਹੁਤ ਸਾਰੇ ਮੁੱਦਿਆਂ 'ਤੇ ਕਾਬੂ ਪਾ ਲਿਆ ਹੈ, ਇਸ ਲਈ ਨਸਲਵਾਦ ਦੇ ਬਦਸੂਰਤ ਪੱਖ ਨੂੰ ਦੁਬਾਰਾ ਉੱਭਰਦੇ ਹੋਏ ਦੇਖ ਕੇ ਦੁੱਖ ਹੁੰਦਾ ਹੈ।"

ਭੁਪਿੰਦਰ ਅੱਗੇ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਸੁਨੇਹਾ ਇਹ ਹੈ ਕਿ ਸਾਨੂੰ ਇੱਕ ਭਾਈਚਾਰੇ ਵਜੋਂ ਇਕੱਠੇ ਹੋਣ ਦੀ ਲੋੜ ਹੈ, ਭਾਵੇਂ ਅਸੀਂ ਕਿਸੇ ਵੀ ਪਰੰਪਰਾ ਦੀ ਪਾਲਣਾ ਕਰਦੇ ਹਾਂ, ਭਾਵੇਂ ਅਸੀਂ ਕਿਸੇ ਵੀ ਰੰਗ, ਕਿਸੇ ਵੀ ਨਸਲ ਨਾਲ ਸਬੰਧਤ ਹਾਂ, ਸਾਨੂੰ ਆਪਣੇ ਆਪ ਨੂੰ ਇੱਕ ਬ੍ਰਿਟਿਸ਼ ਭਾਈਚਾਰੇ ਵਜੋਂ ਸੋਚਣ ਦੀ ਲੋੜ ਹੈ।''

"ਮੈਂ ਆਪਣੇ ਆਪ ਨੂੰ ਇੱਕ ਬ੍ਰਿਟਿਸ਼ ਸਿੱਖ ਮੰਨਦਾ ਹਾਂ।''

"ਮੈਂ ਬਸ ਇਹ ਚਾਹੁੰਦਾ ਹਾਂ ਕਿ ਅਸੀਂ ਸਾਰਿਆਂ ਨੂੰ ਇਹ ਸਿੱਖਿਅਤ ਕਰਨ ਵਿੱਚ ਮਦਦ ਕਰ ਸਕੀਏ ਕਿ ਅਸੀਂ ਸਾਰੇ ਬਰਾਬਰ ਹਾਂ।''

"ਅਸੀਂ ਇੱਕ ਭਾਈਚਾਰੇ ਵਿੱਚ ਰਹਿੰਦੇ ਹਾਂ ਅਤੇ ਸਾਨੂੰ ਇੱਕ-ਦੂਜੇ ਨਾਲ ਬਿਨ੍ਹਾਂ ਕਿਸੇ ਵਿਤਕਰੇ ਅਤੇ ਸਤਿਕਾਰ ਨਾਲ ਪੇਸ਼ ਆਉਣ ਦੀ ਲੋੜ ਹੈ।"

ਬਚਪਨ ਤੋਂ ਹੀ ਗੁਰਦੁਆਰੇ ਆ ਰਹੇ ਭੁਪਿੰਦਰ ਸਿੰਘ ਭਸੀਨ ਕਹਿੰਦੇ ਹਨ ਕਿ ਉਨ੍ਹਾਂ ਨੂੰ 70-80 ਦੇ ਦਹਾਕੇ ਦੌਰਾਨ ਦਾ ਸਮਾਂ ਯਾਦ ਹੈ, ਜਦੋਂ ਨਸਲਵਾਦ ਬਹੁਤ ਜ਼ਿਆਦਾ ਸੀ
ਤਸਵੀਰ ਕੈਪਸ਼ਨ, ਬਚਪਨ ਤੋਂ ਹੀ ਗੁਰਦੁਆਰੇ ਆ ਰਹੇ ਭੁਪਿੰਦਰ ਸਿੰਘ ਭਸੀਨ ਕਹਿੰਦੇ ਹਨ ਕਿ ਉਨ੍ਹਾਂ ਨੂੰ 70-80 ਦੇ ਦਹਾਕੇ ਦੌਰਾਨ ਦਾ ਸਮਾਂ ਯਾਦ ਹੈ, ਜਦੋਂ ਨਸਲਵਾਦ ਬਹੁਤ ਜ਼ਿਆਦਾ ਸੀ

ਉਹ ਭਾਈਚਾਰਕ ਭਾਵਨਾ ਗੁਰਦੁਆਰੇ ਦੇ ਚੈਰੀਟੇਬਲ ਕੰਮ ਵਿੱਚ ਦਿਖਾਈ ਦਿੰਦੀ ਹੈ।

ਕੋਵਿਡ ਦੌਰਾਨ ਇੱਕ ਦਿਨ ਵਿੱਚ ਲਗਭਗ 500 ਲੋੜਵੰਦਾਂ ਨੂੰ ਭੋਜਨ ਪਹੁੰਚਾਇਆ ਜਾਂਦਾ ਸੀ।

ਉਨ੍ਹਾਂ ਕਿਹਾ, "ਹੁਣ ਅਸੀਂ ਹਫ਼ਤੇ ਵਿੱਚ 1,000 ਲੋਕਾਂ ਦਾ ਭੋਜਨ ਫੂਡਬੈਂਕਾਂ ਨੂੰ ਭੇਜਦੇ ਹਾਂ।''

ਹਾਲਾਂਕਿ ਉਹ ਉਮੀਦ ਕਰਦੇ ਹਨ ਕਿ ਸਰਕਾਰ ਗ੍ਰਾਂਟਾਂ ਪ੍ਰਦਾਨ ਕਰੇਗੀ, ਪਰ ਉਹ ਹਾਲ ਹੀ ਦੀਆਂ ਘਟਨਾਵਾਂ ਅਤੇ ਆਪਣੇ ਭਾਈਚਾਰੇ ਦੁਆਰਾ ਮਹਿਸੂਸ ਕੀਤੇ ਗਏ ਡਰ ਨੂੰ ਵੀ ਪ੍ਰਗਟਾਉਂਦੇ ਹਨ।

ਉਹ ਕਹਿੰਦੇ ਹਨ, "ਅਸੀਂ ਇਸ ਸਮਾਜ ਦੇ ਤਾਣੇ-ਬਾਣੇ ਦਾ ਹਿੱਸਾ ਹਾਂ, ਤਾਂ ਹੁਣ ਅਜਿਹਾ ਕਿਉਂ ਹੋ ਰਿਹਾ ਹੈ?"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)