You’re viewing a text-only version of this website that uses less data. View the main version of the website including all images and videos.
ਕੈਨੇਡਾ ਨੇ ਭਾਰਤ 'ਤੇ ਲਗਾਏ ਚੋਣਾਂ ਵਿੱਚ ਦਖ਼ਲਅੰਦਾਜ਼ੀ ਕਰਨ ਦੇ ਇਲਜ਼ਾਮ, ਜਾਣੋ ਪੂਰਾ ਮਸਲਾ ਕੀ ਹੈ
- ਲੇਖਕ, ਨਦੀਨ ਯੂਸਫ਼
- ਰੋਲ, ਬੀਬੀਸੀ ਪੱਤਰਕਾਰ
ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪਿਏਰ ਪੋਲੀਏਵ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੀ ਲੀਡਰਸ਼ਿੱਪ ਨਿਰਪੱਖ ਅਤੇ ਸਪੱਸ਼ਟ ਢੰਗ ਨਾਲ ਜਿੱਤੀ ਹੈ।
ਉਨ੍ਹਾਂ ਦਾ ਇਹ ਬਿਆਨ ਉਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਆਇਆ ਹੈ, ਜਿਸ ਵਿੱਚ ਭਾਰਤ ਵੱਲੋਂ ਕਥਿਤ ਤੌਰ 'ਤੇ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੀ ਚੋਣ ਵਿੱਚ ਦਖਲਅੰਦਾਜ਼਼ੀ ਕਰਨ ਦੇ ਇਲਜ਼ਾਮ ਲੱਗੇ ਹਨ।
ਉੱਚ ਸੁਰੱਖਿਆ ਕਲੀਅਰੈਂਸ ਵਾਲੇ ਇੱਕ ਸਰੋਤ ਦਾ ਹਵਾਲਾ ਦਿੰਦੇ ਹੋਏ, ਕੈਨੇਡਾ ਦੇ ਗਲੋਬ ਐਂਡ ਮੇਲ ਅਖਬਾਰ ਨੇ ਇਲਜ਼ਾਮ ਲਗਾਏ ਹਨ ਕਿ ਭਾਰਤੀ ਏਜੰਟਾਂ ਵੱਲੋਂ 2022 ਵਿੱਚ ਪਾਰਟੀ ਦੇ ਲੀਡਰਸ਼ਿਪ ਚੋਣਾਂ ਸਮੇਂ ਪਿਏਰ ਪੋਲੀਏਵ ਲਈ ਕੈਨੇਡਾ ਦੇ ਏਸ਼ੀਆਈ ਭਾਈਚਾਰੇ ਦੇ ਵਿਚਕਾਰ ਫੰਡ ਇਕੱਠਾ ਕੀਤਾ ਗਿਆ ਸੀ ਅਤੇ ਲੋਕਾਂ ਨੂੰ ਸੰਗਠਿਤ ਕਰਨ ਵਿੱਚ ਭੂਮਿਕਾ ਅਦਾ ਕੀਤੀ ਗਈ ਸੀ।
ਹਾਲਾਂਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਪਿਏਰ ਪੋਲੀਏਵ ਜਾਂ ਉਨ੍ਹਾਂ ਦੀ ਟੀਮ ਕਥਿਤ ਦਖਲਅੰਦਾਜ਼ੀ ਤੋਂ ਪਹਿਲਾਂ ਹੀ ਜਾਣੂ ਸੀ।
ਕੈਨੇਡਾ ਦੀਆਂ ਆਮ ਚੋਣਾਂ ਵਿੱਚ ਪ੍ਰਚਾਰ ਦੇ ਦੂਜੇ ਦਿਨ ਭਾਰਤ ਦੀ ਕਥਿਤ ਦਖ਼ਲਅੰਦਾਜ਼ੀ ਦੇ ਇਲਜ਼ਾਮਾਂ ਦੀ ਚਰਚਾ ਸਿਖਰਾਂ 'ਤੇ ਰਹੀ।
ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ 28 ਅਪ੍ਰੈਲ ਨੂੰ ਆਮ ਚੋਣਾਂ ਹੋਣ ਜਾ ਰਹੀਆਂ ਹਨ।
ਭਾਰਤ 'ਤੇ ਪਹਿਲਾਂ ਵੀ ਲੱਗੇ ਹਨ ਇਲਜ਼ਾਮ
ਭਾਰਤ 'ਤੇ ਪਹਿਲਾਂ ਵੀ ਕੈਨੇਡਾ ਦੀਆਂ ਚੋਣਾਂ ਵਿੱਚ ਦਖਲਅੰਦਾਜ਼ੀ ਦਾ ਇਲਜ਼ਾਮ ਲਗਾਇਆ ਜਾਂਦਾ ਰਿਹਾ ਹੈ। ਹਾਲਾਂਕਿ ਭਾਰਤ ਸਰਕਾਰ ਵੱਲੋਂ ਲਗਾਤਾਰ ਇਲਜ਼ਾਮਾਂ ਤੋਂ ਇਨਕਾਰ ਕੀਤਾ ਗਿਆ ਹੈ।
ਸੋਮਵਾਰ ਨੂੰ, ਗਲੋਬ ਐਂਡ ਮੇਲ ਨੇ ਰਿਪੋਰਟ ਦਿੱਤੀ ਕਿ ਕੈਨੇਡੀਅਨ ਖੁਫੀਆ ਏਜੰਟ ਪਿਏਰ ਪੋਲੀਏਵ ਨਾਲ ਭਾਰਤ ਦੇ ਕਥਿਤ ਦਖਲਅੰਦਾਜ਼ੀ ਦੇ ਮੁੱਦੇ ਨੂੰ ਚੁੱਕਣ ਵਿੱਚ ਅਸਮੱਰਥ ਰਹੇ ਕਿਉਂਕਿ ਉਨ੍ਹਾਂ ਕੋਲ ਲੋੜੀਂਦੀ ਸੁਰੱਖਿਆ ਪ੍ਰਵਾਨਗੀ ਨਹੀਂ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵੱਲੋਂ ਦਖਲਅੰਦਾਜ਼ੀ ਦੀਆਂ ਕਥਿਤ ਕੋਸ਼ਿਸ਼ਾਂ ਕੈਨੇਡਾ ਦੀਆਂ ਸਾਰੀਆਂ ਪਾਰਟੀਆਂ ਦੇ ਸਿਆਸਤਦਾਨਾਂ ਨੂੰ ਪ੍ਰਭਾਵਿਤ ਕਰਨ ਲਈ ਕੀਤੀਆਂ ਗਈਆਂ ਹਨ।
ਪਿਏਰ ਪੋਲੀਏਵ ਕੈਨੇਡਾ ਦੇ ਪ੍ਰਧਾਨ ਮੰਤਰੀ ਲਈ ਚੋਣ ਲੜ ਰਹੇ ਇਕਲੌਤੇ ਕੈਨੇਡੀਅਨ ਸੰਘੀ ਪਾਰਟੀ ਲੀਡਰ ਹਨ ਜਿਨ੍ਹਾਂ ਨੇ ਸੁਰੱਖਿਆ ਪ੍ਰਵਾਨਗੀ ਹਾਸਲ ਕਰਨ ਤੋਂ ਇਨਕਾਰ ਕੀਤਾ ਹੈ।
ਉਨ੍ਹਾਂ ਨੇ ਮੰਗਲਵਾਰ ਨੂੰ ਆਪਣੇ ਫੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਪ੍ਰਕਿਰਿਆ ਰਾਜਨੀਤਿਕ ਹੈ ਅਤੇ ਇਹ ਉਨ੍ਹਾਂ ਨੂੰ ਕੌਮੀ ਮਹੱਤਤਾ ਦੇ ਮਸਲਿਆਂ 'ਤੇ ਬੋਲਣ ਤੋਂ ਵਰਜੇਗੀ।
ਪਿਏਰ ਪੋਲੀਏਵ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, "ਮੈਂ ਭੇਦ ਗੁਪਤ ਰੱਖਣ ਦੀ ਸਹੁੰ ਨਹੀਂ ਚੁੱਕਾਂਗਾ, ਜੋ ਲਿਬਰਲ ਪਾਰਟੀ ਦੇ ਆਗੂ ਮੇਰੇ 'ਤੇ ਥੋਪਣਾ ਚਾਹੁੰਦੇ ਹਨ।"
"ਲਿਬਰਲ ਆਗੂ ਨਹੀਂ ਚਾਹੁੰਦੇ ਕਿ ਮੈਂ ਇਨ੍ਹਾਂ ਕੌਮੀ ਮਾਮਲਿਆਂ ਬਾਰੇ ਖੁੱਲ ਕੇ ਗੱਲ ਕਰਾਂ।"
"ਉਹ ਮੈਨੂੰ ਇੱਕ ਹਨੇਰੇ ਕਮਰੇ ਵਿੱਚ ਲੈ ਕੇ ਜਾਣਗੇ ਅਤੇ ਕਹਿਣਗੇ, ਅਸੀਂ ਤੁਹਾਨੂੰ ਖੁਫੀਆ ਜਾਣਕਾਰੀ ਦੇਵਾਂਗੇ ਅਤੇ ਫਿਰ ਉਹ ਦੱਸਣਗੇ ਕਿ ਤੁਸੀਂ ਇਸ ਬਾਰੇ ਹੋਰ ਗੱਲ ਨਹੀਂ ਕਰ ਸਕਦੇ।"
ਪਿਏਰ ਪੋਲੀਏਵ ਨੇ 2022 ਦੀ ਲੀਡਰਸ਼ਿਪ ਚੋਣ 68 ਫ਼ੀਸਦ ਵੋਟਾਂ ਨਾਲ ਜਿੱਤੀ ਸੀ। ਗਲੋਬ ਐਂਡ ਮੇਲ ਦੀ ਰਿਪੋਰਟ ਅਨੁਸਾਰ, ਕੈਨੇਡੀਅਨ ਖੁਫੀਆ ਏਜੰਟਾਂ ਨੇ ਕਿਹਾ ਕਿ ਕਥਿਤ ਦਖਲਅੰਦਾਜ਼ੀ ਦੀ ਕੋਸ਼ਿਸ਼ ਕਾਰਨ ਨਤੀਜੇ ਦੇ ਪ੍ਰਭਾਵਿਤ ਹੋਣ ਦਾ ਕੋਈ ਪੁਖਤਾ ਸੰਕੇਤ ਨਹੀਂ ਸੀ।
ਗਲੋਬ ਦੀ ਰਿਪੋਰਟ ਦੀ ਪੁਸ਼ਟੀ ਪ੍ਰਸਾਰਕ ਰੇਡੀਓ-ਕੈਨੇਡਾ ਦੁਆਰਾ ਵੀ ਕੀਤੀ ਗਈ ਸੀ।
ਇਹ ਇਲਜ਼ਾਮ ਲਿਬਰਲ ਲੀਡਰ ਮਾਰਕ ਕਾਰਨੀ ਲਈ ਰਾਜਨੀਤਿਕ ਹਥਿਆਰ ਵਜੋਂ ਸਹਾਈ ਹੁੰਦੇ ਹਨ। ਉਹ ਲਗਾਤਾਰ ਪਿਏਰ ਪੋਲੀਏਵ ਨੂੰ ਸੁਰੱਖਿਆ ਕਲੀਅਰੈਂਸ ਨਾ ਮਿਲਣ ਦੀ ਆਲੋਚਨਾ ਕਰਦੇ ਰਹੇ ਹਨ।
ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਕਾਫੀ ਹੈਰਾਨੀ ਭਰਿਆ ਹੈ।
ਕਾਰਨੀ ਨੇ ਕਿਹਾ, "ਇਹ ਬੇਹੱਦ ਗੈਰ-ਜ਼ਿੰਮੇਵਾਰਾਨਾ ਲੱਗਦਾ ਹੈ ਕਿ ਵਿਰੋਧੀ ਧਿਰ ਦੇ ਲੀਡਰ ਦਿਨ-ਬ-ਦਿਨ, ਮਹੀਨੇ-ਦਰ-ਮਹੀਨਾ, ਸਾਲ-ਦਰ-ਸਾਲ ਸੁਰੱਖਿਆ ਕਲੀਅਰੈਂਸ ਹਾਸਲ ਕਰਨ ਤੋਂ ਇਨਕਾਰ ਕਰਦੇ ਆ ਰਹੇ ਹਨ।"
ਕੈਨੇਡਾ ਦੀਆਂ ਚੋਣਾਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਹਾਲ ਹੀ ਦੇ ਸਾਲਾਂ ਵਿੱਚ ਵਧਦੀ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਮੁੱਦੇ ਦੀ ਜਾਂਚ ਲਈ ਪਿਛਲੇ ਸਾਲ ਇੱਕ ਜਨਤਕ ਜਾਂਚ ਸ਼ੁਰੂ ਕੀਤੀ ਗਈ ਸੀ।
ਵਿਦੇਸ਼ੀ ਦਖਲਅੰਦਾਜ਼ੀ ਜਾਂਚ ਮੁਤਾਬਕ ਚੀਨ ਅਤੇ ਭਾਰਤ ਨੇ ਕੈਨੇਡਾ ਦੀਆਂ ਪਿਛਲੀਆਂ ਦੋ ਚੋਣਾਂ ਵਿੱਚ ਦਖਲਅੰਦਾਜ਼ੀ ਦੀ ਕੋਸ਼ਿਸ਼ ਕੀਤੀ ਸੀ।
ਜਾਂਚ ਰਿਪੋਰਟ ਵਿੱਚ ਕਿਹਾ ਗਿਆ ਕਿ ਵਿਦੇਸ਼ੀ ਦਖ਼ਲਅੰਦਾਜ਼ੀ ਦੀਆਂ ਕੋਸ਼ਿਸ਼ਾਂ ਪ੍ਰੇਸ਼ਾਨ ਕਰਨ ਵਾਲੀਆਂ ਹਨ ਅਤੇ ਹਾਲਾਂਕਿ ਇਸ ਦਾ ਪ੍ਰਭਾਵ ਘੱਟੋ-ਘੱਟ ਸੀ ਪਰ ਰਿਪੋਰਟ ਨੇ ਚੇਤਾਵਨੀ ਦਿੱਤੀ ਕਿ ਗਲਤ ਜਾਣਕਾਰੀ ਦੇਸ਼ ਦੇ ਲੋਕਤੰਤਰ ਲਈ ਖ਼ਤਰਾ ਪੈਦਾ ਕਰਦੀ ਹੈ।
ਕੈਨੇਡੀਅਨ ਇਲੈਕਸ਼ਨ ਇਟੀਗ੍ਰਿਟੀ ਫੋਰਸ ਨੇ ਸੋਮਵਾਰ ਨੂੰ ਕਿਹਾ ਕਿ ਚੀਨ, ਰੂਸ ਅਤੇ ਭਾਰਤ ਨਾਲ ਜੁੜੇ ਏਜੰਟ ਚੱਲ ਰਹੀ ਚੋਣ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨਗੇ।
ਦਿ ਸਿਕੋਰਿਟੀ ਐਂਡ ਇਟੈਲੀਜੈਂਸ ਟੂ ਇਲੈਕਸ਼ਨ ਟਾਸਕ ਫੋਰਸ ਨੇ ਕਿਹਾ ਕਿ ਵਿਦੇਸ਼ੀ ਏਜੰਟ ਕੈਨੇਡਾ ਵਿੱਚ ਵਿਦੇਸ਼ੀ ਭਾਈਚਾਰਿਆਂ ਨੂੰ ਪ੍ਰਭਾਵਿਤ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ, ਪ੍ਰੌਕਸੀ ਅਤੇ ਆਨਲਾਈਨ ਗਲਤ ਜਾਣਕਾਰੀ ਵਰਗੇ ਤਰੀਕਿਆਂ ਦੀ ਵਰਤੋਂ ਕਰ ਸਕਦੇ ਹਨ ਤਾਂ ਜੋ ਉਨ੍ਹਾਂ ਦੀ ਵੋਟ ਨੂੰ ਪ੍ਰਭਾਵਿਤ ਕੀਤਾ ਜਾ ਸਕੇ।
ਅਧਿਕਾਰੀਆਂ ਨੇ ਕਿਹਾ ਕਿ ਕੈਨੇਡਾ ਦੇ ਲੋਕ ਸੰਭਾਵਤ ਤੌਰ 'ਤੇ ਗਲਤ ਜਾਣਕਾਰੀ ਦੇ ਮੁੱਦਿਆਂ 'ਤੇ ਸਰਕਾਰ ਦੀ ਵਧੇਰੇ ਸਰਗਰਮ ਪ੍ਰਤੀਕਿਰਿਆ ਦੇਖਣਗੇ।
ਕੈਨੇਡਾ ਵਿੱਚ ਸਮੇਂ ਤੋਂ ਪਹਿਲਾਂ ਚੋਣਾਂ ਦਾ ਐਲਾਨ
ਕੈਨੇਡਾ ਵਿੱਚ ਸੰਘੀ ਚੋਣਾਂ 28 ਅਪ੍ਰੈਲ ਨੂੰ ਵੋਟਾਂ ਹੋਣਗੀਆਂ।
ਇਹ ਚੋਣ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਕੈਨੇਡਾ ਅਮਰੀਕਾ ਨਾਲ ਵਪਾਰ ਯੁੱਧ ਦਾ ਸਾਹਮਣਾ ਕਰ ਰਿਹਾ ਹੈ ਅਤੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਸਨੂੰ 51ਵਾਂ ਅਮਰੀਕੀ ਸੂਬਾ ਬਣਨ ਦਾ ਸੱਦਾ ਦਿੱਤਾ ਹੈ।
ਇਨ੍ਹਾਂ ਚੋਣਾਂ ਵਿੱਚ ਅਜਿਹੇ ਹੀ ਕਈ ਮੁੱਦੇ ਹਨ ਜੋ ਵੋਟਰਾਂ ਦੇ ਦਿਮਾਗ 'ਚ ਸਭ ਤੋਂ ਜ਼ਿਆਦਾ ਹੋਣਗੇ।
ਐਤਵਾਰ ਨੂੰ ਮਾਰਕ ਕਾਰਨੀ ਨੇ ਓਟਾਵਾ ਵਿੱਚ ਬੋਲਦਿਆਂ ਕਿਹਾ ਕਿ ਟਰੰਪ ਨਾਲ ਨਜਿੱਠਣ ਲਈ ਉਨ੍ਹਾਂ ਨੂੰ ਇੱਕ ਸਪੱਸ਼ਟ, ਸਕਾਰਾਤਮਕ ਫਤਵੇ ਦੀ ਲੋੜ ਹੈ।
ਜਸਟਿਨ ਟਰੂਡੋ ਦੇ ਅਸਤੀਫ਼ੇ ਤੋਂ ਬਾਅਦ ਲਿਬਰਲ ਪਾਰਟੀ ਦੇ ਮਾਰਕ ਕਾਰਨੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ ਤੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਨੌਂ ਦਿਨ ਬਾਅਦ ਹੀ ਚੋਣਾਂ ਦਾ ਐਲਾਨ ਹੋ ਗਿਆ ਹੈ।
ਚੋਣਾਂ ਵਿੱਚ ਕਾਰਨੀ ਦਾ ਸਾਹਮਣਾ ਕੰਜ਼ਰਵੇਟਿਵ ਆਗੂ ਪਿਏਰ ਪੋਲੀਏਵ ਨਾਲ ਹੋਵੇਗਾ, ਜਿਨ੍ਹਾਂ ਦੀ ਪਾਰਟੀ 2023 ਦੇ ਮੱਧ ਤੋਂ ਕੌਮੀ ਚੋਣਾਂ ਵਿੱਚ ਅੱਗੇ ਚੱਲ ਰਹੀ ਹੈ, ਹਾਲਾਂਕਿ ਹਾਲ ਹੀ ਦੇ ਸਰਵੇਖਣਾਂ ਤੋਂ ਪਤਾ ਚੱਲਦਾ ਹੈ ਕਿ ਮੁਕਾਬਲਾ ਹੁਣ ਬਰਾਬਰੀ ਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ