ਸ਼ੂਗਰ, ਮੋਟਾਪਾ ਤੇ ਬਲੱਡ ਪ੍ਰੈਸ਼ਰ ਜਿਹੇ ਰੋਗ ਭਾਰਤ ਵਿੱਚ ਤੇਜ਼ੀ ਨਾਲ ਫੈਲਣ ਦਾ ਇਹ ਹੈ ਕਾਰਨ

ਤਸਵੀਰ ਸਰੋਤ, Getty Images
- ਲੇਖਕ, ਪਾਇਲ ਭੂਯਨ
- ਰੋਲ, ਬੀਬੀਸੀ ਪੱਤਰਕਾਰ
ਖਾਣ ਲਈ ਖ਼ਰੀਦੀ ਕਿਸੇ ਵੀ ਚੀਜ਼ ਦਾ ਪੈਕੇਟ ਖਰੀਦਣ ਤੋਂ ਪਹਿਲਾਂ ਤੁਸੀਂ ਕਿੰਨਾ ਸਮਾਂ ਉਸ ’ਤੇ ਲਿਖੀ ਜਾਣਕਾਰੀ ਪੜ੍ਹਨ ਵਿੱਚ ਲਗਾਉਂਦੇ ਹੋ?
ਜੇਕਰ ਤੁਸੀਂ ਕਿਸੇ ਚਿਪਸ ਦੇ ਪੈਕੇਟ ’ਚੋਂ ਚਿਪਸ ਖਾਂਦੇ ਹੋ ਤਾਂ ਕੀ ਤੁਹਾਨੂੰ ਅੰਦਾਜ਼ਾ ਹੈ ਕਿ ਇਸ ’ਚ ਕਿੰਨਾ ਫੈਟ ਅਤੇ ਕਿੰਨਾ ਕਾਰਬੋਹਾਈਡ੍ਰੇਟ ਸੀ ?
ਇਨ੍ਹਾਂ ਸਵਾਲਾਂ ਦੇ ਜਵਾਬ ਸ਼ਾਇਦ ਤੁਹਾਡੇ ਕੋਲ ਨਹੀਂ ਹੋਣਗੇ।
ਬਜ਼ਾਰ ’ਚ ਪ੍ਰੋਸੈਸਡ ਅਤੇ ਅਲਟਰਾ ਪ੍ਰੋਸੈਸਡ ਕੀਤੇ ਗਏ ਖਾਣੇ ਦੀ ਭਰਮਾਰ ਹੈ। ਅਜਿਹੇ ’ਚ ਕਿਸੇ ਵੀ ਵਿਅਕਤੀ ਲਈ ਇੰਨੀਆਂ ਸਾਰੀਆਂ ਚੀਜ਼ਾਂ ਵਿੱਚੋਂ ਆਪਣੇ ਲਈ ਸਹੀ ਚੀਜ਼ ਦੀ ਚੋਣ ਕਰਨਾ ਸੌਖਾ ਕੰਮ ਨਹੀਂ ਹੈ।
ਮੈਡੀਕਲ ਜਰਨਲ ਲੈਂਸੇਟ ਦੀ ਇੱਕ ਰਿਪੋਰਟ ਮੁਤਾਬਕ ਦੇਸ਼ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ’ਚ ਖਪਤ ਕੀਤੀ ਜਾ ਰਹੀ ਕੁੱਲ ਕੈਲੋਰੀ ਦਾ ਔਸਤਨ 10% ਅਲਟਰਾ ਪ੍ਰੋਸੈਸਡ ਫੂਡ ਦੇ ਰਾਹੀਂ ਪਹੁੰਚ ਰਿਹਾ ਹੈ।
ਆਰਥਿਕ ਤੌਰ ’ਤੇ ਬਿਹਤਰ ਸ਼ਹਿਰੀ ਪਰਿਵਾਰਾਂ ’ਚ ਇਹ ਵਧ ਕੇ 30% ਤੱਕ ਪਹੁੰਚ ਗਿਆ ਹੈ।
ਵਿਸ਼ਵ ਸਿਹਤ ਸੰਗਠਨ ਦੀ ਇੱਕ ਰਿਪੋਰਟ ਦੇ ਮੁਤਾਬਕ ਭਾਰਤ ’ਚ ਪ੍ਰੋਸੈਸਡ ਫੂਡ ਦਾ ਰਿਟੇਲ ਬਜ਼ਾਰ 2021 ’ਚ 2535 ਅਰਬ ਰੁਪਏ ਤੱਕ ਪਹੁੰਚ ਗਿਆ ਸੀ।
ਇਸ ਦੇ ਨਾਲ ਹੀ ਯੂਰੋਮੋਨੀਟਰ ਡੇਟਾਬੇਸ ਦੇ ਅਨੁਸਾਰ ਭਾਰਤ ’ਚ ਅਲਟਰਾ ਪ੍ਰੋਸੈਸਡ ਫੂਡ ਦੀ ਬਿਕਰੀ ’ਚ ਛੋਟੀਆਂ ਕਰਿਆਨੇ ਦੀਆਂ ਦੁਕਾਨਾਂ ਸਭ ਤੋਂ ਅੱਗੇ ਹਨ।

ਤਸਵੀਰ ਸਰੋਤ, Getty Images
ਸਾਲ 2021 ਦੇ ਅੰਕੜੇ ਦਸੱਦੇ ਹਨ ਕਿ ਨਮਕੀਨ ਸਨੈਕਸ ਸਭ ਤੋਂ ਵੱਧ ਕਰਿਆਨੇ ਦੀਆਂ ਛੋਟੀਆਂ ਦੁਕਾਨਾਂ ਉੱਤੇ ਵਿਕਦੇ ਹਨ।
ਉੱਤਰਾਖੰਡ ਦੇ ਰਿਸ਼ੀਕੇਸ਼ ਵਿੱਚ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ’ਚ ਕਮਿਊਨਿਟੀ ਅਤੇ ਪਰਿਵਾਰਕ ਮੈਡੀਸਨ ਵਿਭਾਗ ’ਚ ਵਧੀਕ ਪ੍ਰੋਫੈਸਰ ਡਾ. ਪ੍ਰਦੀਪ ਅਗਰਵਾਲ ਦੱਸਦੇ ਹਨ ਕਿ ਪਿਛਲੇ ਦੋ ਦਹਾਕਿਆਂ ’ਚ ਭਾਰਤ ’ਚ ਇੱਕ ਤੋਂ ਦੂਜੇ ਵਿੱਚ ਨਾ ਫੈਲਣ ਵਾਲੀਆਂ (ਨੋਨ ਕਮਿਊਨੀਕੇਬਲ) ਬਿਮਾਰੀਆਂ ਜਿਵੇਂ ਕਿ ਮੋਟਾਪਾ, ਹਾਈਪਰਟੈਂਸ਼ਨ, ਸ਼ੂਗਰ ਨਾਲ ਪੀੜਤ ਲੋਕਾਂ ਦੀ ਗਿਣਤੀ ’ਚ ਕਾਫੀ ਵਾਧਾ ਹੋਇਆ ਹੈ।
ਇਸ ਦਾ ਕਾਰਨ ਡੱਬਾ ਬੰਦ ਖਾਣਾ ਹੈ, ਜਿਸ ਦਾ ਰੁਝਾਨ ਸ਼ਹਿਰੀ ਇਲਾਕਿਆਂ ਦੇ ਨਾਲ-ਨਾਲ ਪੇਂਡੂ ਖੇਤਰਾਂ ’ਚ ਵਧਿਆ ਹੈ।
ਉਨ੍ਹਾਂ ਦਾ ਕਹਿਣਾ ਹੈ, “ਪਿਛਲੇ ਕਈ ਸਾਲਾਂ ਤੋਂ ਲੋਕਾਂ ਦੇ ਜੀਵਨ ਢੰਗ ਵਿੱਚ ਬਹੁਤ ਤਬਦੀਲੀ ਆਈ ਹੈ। ਇਨ੍ਹਾਂ ਸਾਲਾਂ ਦੌਰਾਨ ਪੈਕਡ ਪ੍ਰੋਸੈਸਡ ਫੂਡ ਸਾਡੇ ਜੀਵਨ ਦਾ ਅਹਿਮ ਹਿੱਸਾ ਬਣ ਗਏ।
"ਅਜਿਹਾ ਖਾਣਾ ਤੁਹਾਨੂੰ ਫੌਰੀ ਤੌਰ ’ਤੇ ਊਰਜਾ ਤਾਂ ਦਿੰਦਾ ਹੈ, ਪਰ ਇਸ ’ਚ ਪੋਸ਼ਟਿਕ ਤੱਤਾਂ ਦੀ ਭਾਰੀ ਕਮੀ ਹੁੰਦੀ ਹੈ। ਇਨ੍ਹਾਂ ’ਚ ਮਿੱਠੇ, ਨਮਕ ਅਤੇ ਐਮਪਟੀ ਜਾਂ ਖਾਲੀ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ।”
ਐਮਪਟੀ ਕੈਲੋਰੀ ਉਨ੍ਹਾਂ ਖਾਦ ਪਦਾਰਥਾਂ ਤੋਂ ਮਿਲਦੀ ਹੈ ਜਿੰਨ੍ਹਾਂ ’ਚ ਪੌਸ਼ਟਿਕ ਤੱਤ ਨਾ ਦੇ ਬਰਾਬਰ ਹੁੰਦੇ ਹਨ।

ਖਾਣ ਤੋਂ ਪਹਿਲਾਂ ਪੜ੍ਹਨਾ ਕਿਉਂ ਜ਼ਰੂਰੀ ?
ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ (ਪੈਕੇਜਿੰਗ ਅਤੇ ਲੇਬਲਿੰਗ) ਰੇਗੂਲੇਸ਼ਨ, 2011 ਦੇ ਅਨੁਸਾਰ, ਭਾਰਤ ’ਚ ਵਿਕਣ ਵਾਲੇ ਹਰੇਕ ਪ੍ਰੀ-ਪੈਕਡ ਪ੍ਰੋਸੈਸਡ ਫੂਡ ਦੇ ਪੈਕੇਟ ’ਤੇ ਉਸ ਦੇ ਪੌਸ਼ਟਿਕ ਤੱਤਾਂ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ।
ਐਫਐਸਐਸਏਆਈ ਦਾ ਮੰਨਣਾ ਹੈ ਕਿ ਇਹ ਜਾਣਕਾਰੀ ਉਪਭੋਗਤਾ ਨੂੰ ਕਿਸੇ ਵੀ ਖਾਣ ਵਾਲੀ ਚੀਜ਼ ਦਾ ਪੈਕੇਟ ਖਰੀਦਣ ਤੋਂ ਪਹਿਲਾਂ ਜਾਗਰੂਕ ਫ਼ੈਸਲਾ ਲੈਣ ’ਚ ਸਹਾਇਤਾ ਕਰਦੀ ਹੈ।
ਦਰਅਸਲ ਇਹ ਇਸ ਲਈ ਜ਼ਰੂਰੀ ਹੈ ਕਿਉਂਕਿ ਪੈਕੇਜਡ ਫੂਡ ਇੰਡਸਟਰੀ ’ਤੇ ਇਲਜ਼ਾਮ ਲੱਗਦੇ ਰਹੇ ਹਨ ਕਿ ਉਹ ਅਜਿਹਾ ਖਾਣਿਆ ਦਾ ਪ੍ਰਚਾਰ ਕਰਦੇ ਹਨ, ਜਿੰਨ੍ਹਾਂ ’ਚ ਖੰਡ, ਲੂਣ, ਚਰਬੀ ਦੀ ਮਾਤਰਾ ਤੈਅ ਕੀਤੀ ਮਾਤਰਾ ਨਾਲੋਂ ਵੱਧ ਹੁੰਦੀ ਹੈ।
ਸਵਾਲ ਇਹ ਹੈ ਕਿ ਜਦੋਂ ਖਾਣ ਵਾਲੀਆਂ ਚੀਜ਼ਾਂ ਦੀ ਜਾਣਕਾਰੀ ਪਿੱਛੇ ਦਿੱਤੀ ਗਈ ਹੁੰਦੀ ਹੈ ਤਾਂ ਫਿਰ ਸਾਹਮਣੇ ਵਾਲੇ ਪਾਸੇ ’ਤੇ ਲਿਖਣ ਦੀ ਕੀ ਜ਼ਰੂਰਤ ਹੈ।
ਦਰਅਸਲ ਭਾਰਤ ਦੀ ਇੱਕ ਵੱਡੀ ਆਬਾਦੀ ਅਜਿਹੀ ਹੈ, ਜੋ ਕਿ ਹਿੰਦੀ ਜਾਂ ਅੰਗ੍ਰੇਜ਼ੀ ’ਚ ਲਿਖੀਆਂ ਚੀਜ਼ਾਂ ਨੂੰ ਪੜ੍ਹ ਨਹੀਂ ਸਕਦੀ।
ਇਸ ਦੇ ਨਾਲ ਹੀ ਬਹੁਤ ਲੋਕਾਂ ਦੀ ਇਹ ਸ਼ਿਕਾਇਤ ਵੀ ਰਹਿੰਦੀ ਹੈ ਕਿ ਪੈਕੇਟ ’ਤੇ ਜੋ ਕੁਝ ਵੀ ਲਿਖਿਆ ਹੁੰਦਾ ਹੈ, ਉਸ ਦਾ ਆਕਾਰ ਬਹੁਤ ਹੀ ਛੋਟਾ ਹੁੰਦਾ ਹੈ।
ਜਿਸ ਦੇ ਕਾਰਨ ਛੋਟੇ ਸ਼ਬਦਾਂ ’ਚ ਲਿਖੀ ਜਾਣਕਾਰੀ ਨਜ਼ਰ ਨਹੀਂ ਆਉਂਦੀ ਹੈ। ਇਸ ਲਈ ਇੱਕ ਅਜਿਹੀ ਪ੍ਰਣਾਲੀ ਦੀ ਲੋੜ ਹੈ ਜਿਸ ਨੂੰ ਕੋਈ ਵੀ ਵਿਅਕਤੀ ਆਸਾਨੀ ਨਾਲ ਸਮਝ ਸਕੇ, ਭਾਂਵੇ ਉਸ ਨੂੰ ਪੜ੍ਹਨਾ ਆਉਂਦਾ ਹੈ ਜਾਂ ਨਹੀਂ।

ਤਸਵੀਰ ਸਰੋਤ, Getty Images
ਕੀ ਹੈ ਇੰਡੀਅਨ ਨਿਊਟ੍ਰੀਸ਼ਨ ਰੇਟਿੰਗ ਮਾਡਲ?
ਸਤੰਬਰ 2022 ’ਚ ਐੱਫ਼ਐਸਐਸਏਆਈ ਨੇ ‘ਫਰੰਟ ਆਫ਼ ਪੈਕ ਲੇਬਲਿੰਗ ਦਾ ਇੱਕ ਖਰੜਾ ਪੇਸ਼ ਕੀਤਾ ਸੀ।
ਇਸ ਖਰੜੇ ’ਚ ਇੰਡੀਅਨ ਨਿਊਟ੍ਰੀਸ਼ਨ ਰੇਟਿੰਗ ਮਾਡਲ ਨੂੰ ਲਿਆਉਣ ਦਾ ਸੁਝਾਅ ਰੱਖਿਆ ਗਿਆ ਸੀ।
ਇਸ ਤਹਿਤ ਖਾਣੇ ਨੂੰ ਉਸ ਵਿਚਲੇ ਪੌਸ਼ਟਿਕ ਤੱਤਾਂ ਦੇ ਅਧਾਰ ’ਤੇ ਰੇਟਿੰਗ ਦਿੱਤੀ ਜਾਵੇਗੀ।
ਜੇਕਰ ਕਿਸੇ ਖਾਣੇ ’ਚ ਪੌਸ਼ਟਿਕ ਤੱਤ ਵੱਧ ਹਨ ਤਾਂ ਉਸ ਨੂੰ 5 ਦੀ ਰੇਟਿੰਗ ਮਿਲੇਗੀ।
ਜੇਕਰ ਕਿਸੇ ਖਾਣ ’ਚ ਘੱਟ ਹਨ ਤਾਂ ਇਸ ਦਾ ਅਸਰ ਰੇਟਿੰਗ ਉੱਤੇ ਪਵੇਗਾ।
ਪਰ ਕਿਸੇ ਨੂੰ ਵੀ ਅੱਧੇ ਤੋਂ ਘੱਟ ਸਟਾਰ ਨਹੀਂ ਦਿੱਤਾ ਜਾ ਸਕੇਗਾ। ਇਹ ਖਰੜਾ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਅਹਿਮਦਾਬਾਦ ਵੱਲੋਂ ਕੀਤੇ ਗਏ ਅਧਿਐਨ ’ਤੇ ਅਧਾਰਤ ਸੀ।

ਖਪਤਕਾਰ ਅਧਿਕਾਰ ਕਾਰਕੁਨ ਅਤੇ ਸਿਟੀਜ਼ਨ ਕੰਜ਼ਿਊਮਰ ਐਂਡ ਸਿਵਿਕ ਐਕਸ਼ਨ ਗਰੁੱਪ ਦੀ ਕਾਰਜਕਾਰੀ ਨਿਰਦੇਸ਼ਕ ਐਸ ਸਰੋਜਾ ਦਾ ਕਹਿਣਾ ਹੈ, “ਅਸੀਂ ਸਟਾਰ ਰੇਟਿੰਗ ਦੀ ਬਜਾਏ ਸਪੱਸ਼ਟ ਚੇਤਾਵਨੀ ਵਾਲੇ ਲੇਬਲਾਂ ਦੀ ਮੰਗ ਕਰ ਰਹੇ ਹਾਂ।”
ਉਹ ਅੱਗੇ ਕਹਿੰਦੇ ਹਨ, “ਪੈਕੇਟ ’ਤੇ ਅਜਿਹੇ ਲੇਬਲ ਹੋਣੇ ਚਾਹੀਦੇ ਹਨ ਜਿਨ੍ਹਾਂ ਨੂੰ ਹਰ ਕੋਈ ਆਸਾਨੀ ਨਾਲ ਸਮਝ ਸਕੇ, ਭਾਵੇਂ ਕਿ ਉਸ ਨੂੰ ਪੜ੍ਹਨਾ ਆਉਂਦਾ ਹੋਵੇ ਜਾਂ ਫਿਰ ਨਹੀਂ। ਭਾਵੇਂ ਉਹ ਅੰਗ੍ਰੇਜ਼ੀ ਬੋਲਦਾ ਹੋਵੇ ਜਾਂ ਹਿੰਦੀ। ਅਸੀਂ ਚਾਹੁੰਦੇ ਹਾਂ ਕਿ ਇਸ ਨੂੰ ਬਹੁਤ ਹੀ ਸਰਲ ਰੱਖਿਆ ਜਾਣਾ ਚਾਹੀਦਾ ਹੈ।”
ਉਨ੍ਹਾਂ ਕਿਹਾ, “ਫਰੰਟ ਆਫ਼ ਪੈਕ ਲੇਬਲਿੰਗ ’ਤੇ ਐਫਐਸਐਸਏਆਈ ਦੀ ਜੋ ਬੈਠਕ ਹੋਈ ਸੀ ਉਸ ’ਚ ਐਫਐਸਐਸਏਆਈ ਵੱਲੋਂ ਸਟਾਰ ਰੇਟਿੰਗ ਦੀ ਗੱਲ ਕਹੀ ਗਈ ਸੀ। ਮਤਲਬ ਕਿ ਅੱਧੇ ਸਟਾਰ ਤੋਂ ਲੈ ਕੇ ਪੰਜ ਸਟਾਰ।”
“ਇਸ ਦਾ ਮਤਲਬ ਇਹ ਹੋਇਆ ਕਿ ਜੇਕਰ ਕਿਸੇ ਖਾਣੇ ਨੂੰ 5 ਸਟਾਰ ਮਿਲਦੇ ਹਨ ਤਾਂ ਉਹ ਬਹੁਤ ਹੀ ਸਿਹਤਮੰਦ ਹੈ ਪਰ ਜੇਕਰ ਕਿਸੇ ਨੂੰ ਅੱਧਾ ਸਟਾਰ ਮਿਲਦਾ ਹੈ ਤਾਂ ਉਸ ਬਹੁਤ ਹੀ ਘੱਟ ਸਿਹਤਮੰਦ ਹੈ।

ਤਸਵੀਰ ਸਰੋਤ, Getty Images
ਉਨ੍ਹਾਂ ਕਿਹਾ ਕਿ ਇਸ ਰੇਟਿੰਗ ਸਿਸਟਮ ’ਚ ਸਾਨੂੰ ਜੋ ਕਮੀ ਲੱਗੀ ਉਹ ਇਹ ਹੈ ਕਿ ਤੁਸੀਂ ਕਿਸੇ ਨੂੰ ਅੱਧੇ ਤੋਂ ਘੱਟ ਸਟਾਰ ਨਹੀਂ ਦੇ ਸਕਦੇ ਹੋ। ਸਟਾਰ ਦਾ ਮਤਲਬ ਹੋਇਆ ਕਿ ਇਸ ਵਿੱਚ ਕੁਝ ਨਾ ਕੁਝ ਵਧੀਆ ਹੈ। ਇਹ ਗੱਲ ਸੱਚ ਨਹੀਂ ਹੈ।”
ਸਰਕਾਰ ਦੇ ਅੱਗੇ ਖਰੜਾ ਪੇਸ਼ ਕਰਨ ਤੋਂ ਪਹਿਲਾਂ ਐਫਐਸਐਸਏਆਈ ਨੇ ਲੋਕਾਂ ਦੀ ਰਾਇ ਜਾਣਨ ਦੀ ਕੋਸ਼ਿਸ ਕੀਤੀ। ਇਸ ਦੇ ਲਈ ਉਸ ਨੇ ਨਵੰਬਰ 2022 ’ਚ ਇਸ ਖਰੜੇ ਨੂੰ ਜਨਤਕ ਕੀਤਾ। ਇਸ ਖਰੜੇ ’ਤੇ ਕਾਫੀ ਬਹਿਸ ਵੀ ਹੋਈ।
ਮਾਹਰਾਂ ਨੇ ਇਸ ਦੀ ਬਹੁਤ ਆਲੋਚਨਾ ਵੀ ਕੀਤੀ। ਉਨ੍ਹਾਂ ਨੇ ਆਈਐਨਆਰ ਸਿਸਟਮ ’ਚ ਸਿੱਖਿਆ ਸਬੰਧੀ ਭਾਗ (ਐਜੂਕੇਸ਼ਨਲ ਕੰਪੋਨੈੱਟ) ਜੋੜਨ ਦੀ ਬੇਨਤੀ ਕੀਤੀ, ਜੋ ਕਿ ਗਾਇਬ ਸੀ।
ਡਾ. ਪ੍ਰਦੀਪ ਅਗਰਵਾਲ ਦਾ ਕਹਿਣਾ ਹੈ, “ਔਸਤਨ ਇੱਕ ਵਿਅਕਤੀ ਕੋਈ ਵੀ ਫੂਡ ਪੈਕੇਟ ਖਰੀਦਣ ਤੋਂ ਪਹਿਲਾਂ 7 ਤੋਂ 8 ਸੰਕਿਟ ਲਗਾਉਂਦਾ ਹੈ। ਸਾਨੂੰ ਇਨ੍ਹਾਂ 7 ਤੋਂ 8 ਸੰਕਿਟਾ ’ਚ ਪੜ੍ਹਿਆ ਜਾਣ ਵਾਲਾ ਇੱਕ ਅਜਿਹਾ ਫਰੰਟ ਆਫ਼ ਪੈਕ ਲੇਬਲ ਤਿਆਰ ਕਰਨਾ ਚਾਹੀਦਾ ਹੈ ਜੋ ਕਿ ਸਪੱਸ਼ਟ ਤੌਰ ’ਤੇ ਸਮਝਾ ਸਕੇ ਕਿ ਇਸ ਨੂੰ ਖਰੀਦਿਆ ਜਾਵੇ ਜਾ ਨਾ।
ਉਨ੍ਹਾਂ ਕਿਹਾ, “ਪਹਿਲਾ ਤਾਂ ਉਹ ਆਸਾਨੀ ਨਾਲ ਸਮਝ ਆਉਣਾ ਚਾਹੀਦਾ ਹੈ ਅਤੇ ਦੂਜਾ ਉਹ ਸੰਕੇਤਕ ਭਾਸ਼ਾ ’ਚ ਹੋਵੇ। ਸਾਨੂੰ ਆਪਣੇ ਦੇਸ਼ ਦੀ ਵੱਖਰਤਾ ਨੂੰ ਧਿਆਨ ’ਚ ਰੱਖਦਿਆਂ ਫਰੰਟ ਆਫ਼ ਪੈਕ ਲੇਬਲ ਦੀ ਚੋਣ ਕਰਨੀ ਪਵੇਗੀ।”
ਪਰ ਕਈ ਮਾਹਰਾਂ ਦੀਆਂ ਕਮੇਟੀਆਂ ਦੀਆਂ ਸਿਫਾਰਸ਼ਾਂ ਅਤੇ ਖਰੜਾ ਨਿਯਮਾਂ ਤੋਂ ਬਾਅਦ ਵੀ ਭਾਰਤ ’ਚ ਅਜੇ ਵੀ ਪੈਕੇਟ ਦੇ ਸਾਹਮਣੇ ਇੱਕ ਸਪੱਸ਼ਟ ਲੇਬਲਿੰਗ ਜਾਂ ‘ਫਰੰਟ ਆਫ਼ ਪੈਕ ਲੇਬਲਿੰਗ ਪ੍ਰਣਾਲੀ’ ’ਤੇ ਸਹਿਮਤੀ ਨਹੀਂ ਬਣੀ ਹੈ।

ਕਿਹੜੇ ਦੇਸ਼ਾਂ ’ਚ ਫਰੰਟ ਆਫ਼ ਪੈਕ ਲੇਬਲਿੰਗ ਸਿਸਟਮ ਮੌਜੂਦ ਹੈ?

ਤਸਵੀਰ ਸਰੋਤ, Getty Images
ਲੈਂਸੇਟ ’ਚ ਪ੍ਰਕਾਸ਼ਿਤ ਇੱਕ ਲੇਖ ਦੇ ਮੁਤਾਬਕ ਫਰੰਟ ਆਫ਼ ਪੈਕ ਲੇਬਲਿੰਗ ਨੂੰ ਤਿੰਨ ਸ਼੍ਰੇਣੀਆ ’ਚ ਵੰਡਿਆ ਜਾ ਸਕਦਾ ਹੈ।
- ‘ਨੋਰਡਿਕ ਕੀ ਹੋਲ ਲੋਗੋ’ ਅਤੇ ‘ਹੈਲਥਿਅਰ ਚੁਆਈਸ ਲੋਗੋ’
- ਵਾਰਨਿੰਗ ਲੇਬਲ
- ਸਪੈਕਟ੍ਰਮ ਲੋਗੋ
ਨੋਰਡਿਕ ਕੀ ਹੋਲ ਲੋਗੋ ਉੱਤਰੀ ਯੂਰਪੀਨ ਦੇਸ਼ਾਂ ’ਚ ਲਾਗੂ ਹੈ।
ਹੈਲਥ ਕੇਅਰ ਚੁਆਈਸ ਲੋਗੋ ਸਿੰਗਾਪੁਰ ’ਚ ਲਾਗੂ ਹੈ। ਇਹ ਦੋਵੇਂ ਤਰ੍ਹਾਂ ਦੇ ਲੋਗੋ ਖਾਣੇ ਦੇ ਖੇਤਰ ਵਿੱਚ ਵੱਧ ਪ੍ਰਵਾਨਿਤ ਹਨ ਕਿਉਂਕਿ ਇਹ ਪੈਕਡ ਭੋਜਨ ਨੂੰ ਸਕਾਰਾਤਮਕ ਤਰੀਕੇ ਨਾਲ ਪੇਸ਼ ਕਰਦੇ ਹਨ।
ਇਹ ਲੇਬਲਿੰਗ ਗਾਹਕਾਂ ਨੂੰ ਸਪੱਸ਼ਟ ਤੌਰ ’ਤੇ ਇਹ ਦੱਸਣ ਦੇ ਸਮਰੱਥ ਨਹੀਂ ਹੈ ਕਿ ਇਹ ਭੋਜਨ ਪੌਸ਼ਟਿਕ ਹੈ ਜਾਂ ਨਹੀਂ।
ਐਫਓਪੀਐਲ ਦੀ ਦੂਜੀ ਸ਼੍ਰੇਣੀ ਵਾਰਨਿੰਗ ਲੇਬਲ ਦੀ ਹੈ। ਇਹ ਲੇਬਲਿੰਗ ਸਿਸਟਮ ਚਿਲੀ ਅਤੇ ਮੈਕਸੀਕੋ ’ਚ ਲਾਗੂ ਹੈ। ਵਾਰਨਿੰਗ ਲੇਬਲ ਪੈਕਟ ’ਚ ਮੌਜੂਦ ਖਾਣ ਦੀਆਂ ਅਜਿਹੀਆਂ ਚੀਜ਼ਾਂ ਨੂੰ ਸਪੱਸ਼ਟ ਤੌਰ ’ਤੇ ਦਰਸਾਉਂਦੇ ਹਨ, ਜੋ ਨਿਰਧਾਰਤ ਸੀਮਾਂ ਤੋਂ ਵੱਧ ਹਨ ਅਤੇ ਸਾਨੂੰ ਉਨ੍ਹਾਂ ਦਾ ਨਿਯਮਿਤ ਤੌਰ ’ਤੇ ਸੇਵਨ ਨਹੀਂ ਕਰਨਾ ਚਾਹੀਦਾ ਹੈ।

ਤਸਵੀਰ ਸਰੋਤ, Getty Images
ਤੀਜੀ ਸ਼੍ਰੇਣੀ ਸਪੈਕਟ੍ਰਮ ਲੇਬਲਿੰਗ ਦੀ ਹੈ। ਇਸ ’ਚ ਨਿਊਟ੍ਰੀ ਸਕੋਰ ਅਤੇ ਟ੍ਰੈਫਿਕ ਲਾਈਟ ਸਿਗਨਲ ਵਰਗੀ ਵਾਰਨਿੰਗ ਅਤੇ ਹੈਲਥ ਸਟਾਰ ਰੇਟਿੰਗ ਆਉਂਦੀ ਹੈ।
ਨਿਊਟਰੀ ਸਕੋਰ ਯੂਰਪੀਅਨ ਦੇਸ਼ਾਂ ’ਚ, ਮਲਟੀਪਲ ਟ੍ਰੈਫਿਕ ਲਾਈਟ ਯੂਨਾਈਟਿਡ ਕਿੰਗਡਮ ’ਚ ਅਤੇ ਹੈਲਥ ਸਟਾਰ ਰੇਟਿੰਗ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ’ਚ ਲਾਗੂ ਹਨ।
ਪਰ ਇੰਨ੍ਹਾਂ ਸਾਰੇ ਹੀ ਲੇਬਲਿੰਗ ਸਿਸਟਮ ਦਰਮਿਆਨ ਕੋਈ ਅਜਿਹਾ ਪੈਕੇਟ ਲੇਬਲਿੰਗ ਹੈ ਜੋ ਕਿ ਦੂਜਿਆਂ ਨਾਲੋਂ ਬਿਹਤਰ ਹੋਵੇ।
ਇਸ ਮਾਮਲੇ ’ਤੇ ਐਸ ਸਰੋਜਾ ਦਾ ਕਹਿਣਾ ਹੈ, “ਚਿਲੀ ਅਤੇ ਇਜ਼ਰਾਈਲ ’ਚ ਵਾਰਨਿੰਗ ਲੇਬਲ ਦੀ ਵਰਤੋਂ ਹੁੰਦੀ ਹੈ। ਬਹੁਤ ਸਾਰੇ ਅਧਿਐਨਾਂ ’ਚ ਵੇਖਿਆ ਗਿਆ ਹੈ ਕਿ ਲੋਕਾਂ ਨੇ ਅਜਿਹੇ ਖਾਣਿਆਂ ਜਿੰਨ੍ਹਾਂ ’ਚ ਖੰਡ, ਲੂਣ ਜਾਂ ਚਰਬੀ ਦੀ ਮਾਤਰਾ ਵੱਧ ਹੁੰਦੀ ਹੈ ਦਾ ਸੇਵਨ ਕਰਨਾ ਹੌਲੀ-ਹੌਲੀ ਘੱਟ ਕਰ ਦਿੱਤਾ ਹੈ।”
“ਇਸ ਦੇ ਨਾਲ ਹੀ ਜੋ ਕੰਪਨੀਆਂ ਇੰਨ੍ਹਾਂ ਫੂਡ ਪੈਕਟਾਂ ਨੂੰ ਬਣਾਉਂਦੀਆਂ ਹਨ, ਉਨ੍ਹਾਂ ਨੂੰ ਵੀ ਆਪਣਾ ਖਾਣੇ ਬਣਾਉਣ ਦਾ ਤਰੀਕਾ ਬਦਲਣਾ ਪਿਆ ਹੈ।”
ਕਿਵੇਂ ਕੀਤੀ ਜਾਵੇ ਸਹੀ ਖਾਣੇ ਦੀ ਚੋਣ?

ਯੂਨੀਵਰਸਿਟੀ ਆਫ਼ ਕੈਲੀਫੋਰਨੀਆ ’ਚ ਪੀਡੀਆਟ੍ਰਿਕ ਐਨਡੋਕਰੋਨੋਲੋਜਿਸਟ ਅਤੇ ‘ਸ਼ੂਗਰ ਦ ਬਿਟਰ ਟਰੁੱਥ’ ਦੇ ਲੇਖਕ, ਪ੍ਰਸਿੱਧ ਅਮਰੀਕੀ ਡਾਕਟਰ ਰਾਬਰਟ ਲਸਟਿਗ ਦਾ ਮੰਨਣਾ ਹੈ ਕਿ “ਪੈਕੇਟ ਦੇ ਪਿੱਛੇ ਕੀਤੀ ਗਈ ਲੇਬਲਿੰਗ ਦਾ ਕੋਈ ਮਤਲਬ ਨਹੀਂ ਹੈ ਅਤੇ ਫਰੰਟ ਆਫ਼ ਪੈਕ ਲੇਬਲ ਸਿਸਟਮ ਵੀ ਕੋਈ ਪੁਖ਼ਤਾ ਹੱਲ ਨਹੀਂ ਹੈ।”
ਉਨ੍ਹਾਂ ਦਾ ਕਹਿਣਾ ਹੈ, “ ਪਿੱਛੇ ਛਾਪੀ ਗਈ ਲੇਬਲਿੰਗ ਨੂੰ ਬਹੁਤ ਹੀ ਘੱਟ ਲੋਕ ਪੜ੍ਹਦੇ ਹਨ। ਦੂਜਾ ਕੰਪਨੀ ਤੁਹਾਨੂੰ ਸਹੀ ਜਾਣਕਾਰੀ ਨਹੀਂ ਦਿੰਦੀ ਹੈ। ਉਹ ਅਜਿਹੇ ਸ਼ਬਦਾਂ ਦੀ ਵਰਤੋਂ ਕਰਦੀ ਹੈ ਜੋ ਕਿ ਆਮ ਲੋਕਾਂ ਦੀ ਸਮਝ ਤੋਂ ਬਾਹਰ ਹੁੰਦੇ ਹਨ। ਇਸ ਨੂੰ ਅਸੀਂ ‘ਹਾਈਡਿੰਗ ਇਨ ਪਲੇਨ ਸਾਈਟ’ ਕਹਿੰਦੇ ਹਾਂ।”
ਦਰਅਸਲ ਮੁਸ਼ਕਲ ਇਹ ਨਹੀਂ ਹੈ ਕਿ ਭੋਜਨ ’ਚ ਕੀ ਹੈ। ਮੁਸ਼ਕਲ ਤਾਂ ਇਹ ਹੈ ਕਿ ਇਨ੍ਹਾਂ ਲੋਕਾਂ ਨੇ ਭੋਜਨ ਨਾਲ ਕੀ ਕੀਤਾ ਹੈ। ਮੇਰੇ ਹਿਸਾਬ ਨਾਲ ਇਸ ਸਮੇਂ ਦੁਨੀਆ ਭਰ ’ਚ ਜੋ ਫਰੰਟ ਆਫ਼ ਪੈਕ ਲੇਬਲਿੰਗ ਮੌਜੂਦ ਹੈ, ਉਹ ਵੀ ਇਸ ਮੁਸ਼ਕਲ ਦਾ ਹੱਲ ਨਹੀਂ ਹੈ।”
ਖਾਣ ਵਾਲੀ ਚੀਜ਼ ਦਾ ਪੈਕੇਟ ਖਰੀਦਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
ਇਸ ਸਵਾਲ ਦੇ ਜਵਾਬ ’ਚ ਡਾਕਟਰ ਰਾਬਰਟ ਨੇ ਕਿਹਾ ਕਿ ਕੋਈ ਵੀ ਪੈਕੇਟ ਖਰੀਦਦੇ ਸਮੇਂ ਜਾਂ ਆਪਣੇ ਭੋਜਨ ਦੀ ਚੋਣ ਕਰਦੇ ਸਮੇਂ ਤਿੰਨ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਖਾਣਾ ਅਜਿਹਾ ਹੋਵੇ ਜੋ ਕਿ ਪੇਟ ਦੀਆਂ ਅੰਤੜੀਆਂ ਦਾ ਖਿਆਲ ਰੱਖੇ, ਤੁਹਾਡੇ ਕਲੇਜੇ ਦੀ ਰੱਖਿਆ ਕਰੇ ਅਤੇ ਤੁਹਾਡੇ ਦਿਮਾਗ ਨੂੰ ਤਾਕਤ ਦੇਵੇ।
ਗਟ ਜਾਂ ਅੰਤੜੀਆਂ ਨੂੰ ਠੀਕ ਰੱਖਣ ਲਈ ਖਾਦ ਪਦਾਰਥਾਂ ’ਚ ਰਫ਼ੇਜ ਦੀ ਮਾਤਰਾ ਕਾਫੀ ਹੋਣੀ ਚਾਹੀਦੀ ਹੈ।
ਕਲੇਜੇ ਨੂੰ ਖੰਡ ਅਤੇ ਕੈਡਮਿਅਮ ਤੋਂ ਬਚਾ ਕੇ ਰੱਖੋ। ਜਿੰਨ੍ਹਾਂ ਚੀਜ਼ਾਂ ’ਚ ਸ਼ੂਗਰ/ਖੰਡ ਹੁੰਦੀ ਹੈ, ਉਹ ਤੁਹਾਡੇ ਕਲੇਜੇ ਉੱਤੇ ਅਸਰ ਪਾਉਂਦੀਆਂ ਅਤੇ ਇਸ ਲਈ ਤੁਸੀਂ ਵੇਖ ਸਕਦੇ ਹੋ ਕਿ ਹੁਣ ਬਹੁਤ ਸਾਰੇ ਲੋਕਾਂ ’ਚ ਫੈਟੀ ਲੀਵਰ ਦੀ ਸਮੱਸਿਆ ਆਮ ਹੈ।
ਦਿਮਾਗ ਦੇ ਲਈ ਓਮੇਗਾ 3 ਫੈਟੀ ਐਸਿਡ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ, “ਮੇਰੀ ਸਲਾਹ ਇਹ ਹੋਵੇਗੀ ਕਿ ਜਿੰਨ੍ਹਾਂ ’ਚ ਇੰਨ੍ਹਾਂ ਤਿੰਨਾਂ ’ਚੋਂ ਕੁਝ ਵੀ ਨਹੀਂ ਹੈ, ਉਸ ਨੂੰ ਬਿਲਕੁਲ ਵੀ ਨਾ ਖਰੀਦੋ।”












