ਰਾਤ ਅਤੇ ਸਵੇਰ ਦੇ ਖਾਣੇ ਦੇ ਵਿਚਾਲੇ 12 ਘੰਟੇ ਦੇ ਵਕਫ਼ੇ ਨਾਲ ਕਿੰਨਾ ਲਾਹਾ ਮਿਲ ਸਕਦਾ ਹੈ

ਖਾਣਾ

ਤਸਵੀਰ ਸਰੋਤ, getty images

    • ਲੇਖਕ, ਸੂ ਕੁਈਨ
    • ਰੋਲ, ਬੀਬੀਸੀ ਨਿਊਜ਼

ਭਾਵੇਂ ਤੁਸੀਂ ਆਪਣੇ ਰਾਤ ਦਾ ਖਾਣਾ ਥੋੜ੍ਹਾ ਪਹਿਲਾਂ ਖਾ ਕੇ ਅਤੇ ਸਵੇਰ ਦਾ ਨਾਸ਼ਤਾ ਥੋੜ੍ਹਾ ਦੇਰੀ ਨਾਲ ਖਾ ਕੇ ਰਾਤੇ ਤੋਂ ਸਵੇਰ ਵਿਚਾਲੇ ਖਾਣੇ ਦਾ ਵਕਫ਼ੇ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹੋ।

ਜਾਂ ਇਸ ਤੋਂ ਵੀ ਇੱਕ ਕਦਮ ਅੱਗੇ ਵੱਧ ਕੇ ਇੰਟਰਮੀਟੈਂਟ ਫਾਸਟਿੰਗ (ਯਾਨਿ ਰੁਕ-ਰੁਕ ਕੇ ਵਰਤ) ਕਰ ਰਹੇ ਹੋ ਤਾਂ ਕੁਝ ਵਿਗਿਆਨੀਆਂ ਦਾ ਮੰਨਣਾ ਹੈ ਕਿ ਖਾਣੇ ਵਿਚਾਲੇ ਵਕਫ਼ੇ ਨਾਲ ਭਾਰ ਘੱਟ ਕਰਨ ਦੇ ਨਾਲ-ਨਾਲ ਤੁਹਾਡੇ ਪਾਚਨ ਤੰਤਰ ਨੂੰ ਵੀ ਲਾਭ ਮਿਲਦਾ ਹੈ।

ਉਹ ਇਹ ਵੀ ਦਲੀਲ ਦਿੰਦੇ ਹਨ ਕਿ ਇਹ ਬਹੁਤ ਲੋਕਾਂ ਲਈ ਪਾਚਨ ਪ੍ਰਕਿਰਿਆ ਅਤੇ ਸਮੁੱਚੀ ਸਿਹਤ ਵਿੱਚ ਸੁਧਾਰ ਕਰ ਸਕਦਾ ਹੈ।

ਖਾਣਾ

ਤਸਵੀਰ ਸਰੋਤ, Getty Images

‘ਫਾਸਟਿੰਗ’ ਕੀ ਹੈ ਅਤੇ ਇਹ ਕਿਵੇਂ ਕੰਮ ਕਰਦੀ ਹੈ ?

ਯੂਨੀਵਰਸਿਟੀ ਆਫ ਸਰੀ ਵਿੱਚ ਨਿਊਟ੍ਰੀਸ਼ਨ ਦੇ ਪ੍ਰਿੰਸੀਪਲ ਟੀਚਿੰਗ ਫੈਲੋ, ਡਾ. ਐਡਮ ਕੋਲਿਨਜ਼ ਦੇ ਅਨੁਸਾਰ, ਜੋ ਲੋਕ ਆਪਣੇ ਪਾਚਕ ਅਤੇ ਸਿਹਤ ਵਿੱਚ ਸੁਧਾਰ ਲਈ ਵਰਤ ਰੱਖਣ ਦੀ ਇੱਛਾ ਰੱਖਦੇ ਹਨ ਤਾਂ ਉਨ੍ਹਾਂ ਲਈ ਚੰਗਾ ਨਿਯਮ ਇਹ ਹੈ ਕਿ ਉਹ ਰੇਗੂਲਰ ਖਾਣੇ ਵਿਚਾਲੇ ਘੱਟੋ-ਘੱਟ 12 ਘੰਟੇ ਦਾ ਵਕਫ਼ਾ ਰੱਖਣ।

ਸਮੇਂ ਦੇ ਪਾਬੰਦ ਹੋ ਕੇ ਖਾਣਾ ਖਾਣ ਦਾ ਤਰੀਕਾ ਅਕਸਰ ਭਾਰ ਘਟਾਉਣ ਲਈ ਵਰਤਿਆ ਜਾਂਦਾ ਹੈ ਅਤੇ ਕੁਝ ਲੋਕ ਰੋਜ਼ਾਨਾ ਵਰਤ ਰੱਖਣ ਦੀ ਮਿਆਦ ਨੂੰ 14 ਘੰਟੇ ਜਾਂ 16 ਘੰਟਿਆਂ ਤੱਕ ਵਧਾ ਦਿੰਦੇ ਹਨ।

ਇੱਥੇ ‘ਇੰਟਰਮੀਟੈਂਟ ਫਾਸਟਿੰਗ’ ਦੇ ਹੋਰ ਵੀ ਰੂਪ ਹਨ, ਜਿਨ੍ਹਾਂ ਵਿੱਚ 5:2 ਦ੍ਰਿਸ਼ਟੀਕੋਣ ਵੀ ਸ਼ਾਮਿਲ ਹੈ, ਜਿਸ ਵਿੱਚ ਹਫ਼ਤੇ ਦੇ ਦੋ ਦਿਨਾਂ ਵਿੱਚ ਸੀਮਤ ਭੋਜਨ ਕਰਨਾ ਸ਼ਾਮਲ ਹੁੰਦਾ ਹੈ, ਜਦਕਿ ਬਾਕੀ ਪੰਜ ਦਿਨਾਂ ਵਿੱਚ ਆਮ ਖਾਣਾ ਸ਼ਾਮਲ ਹੁੰਦਾ ਹੈ।

4:3, ਜਾਂ ‘ਹਰ ਦੂਜੇ ਦਿਨ’, ਦ੍ਰਿਸ਼ਟੀਕੋਣ ਵਿੱਚ ਬਦਲਵੇ ਦਿਨਾਂ ‘ਤੇ ਸਮਾਨ ਪਾਬੰਦੀਆਂ ਸ਼ਾਮਲ ਹੁੰਦੀਆਂ ਹਨ।

ਡਾ. ਕੋਲਿਨਜ਼ ਸਲਾਹ ਦਿੰਦੇ ਹਨ, “ਤੁਸੀਂ ਜੋ ਵੀ ਚੁਣਦੇ ਹੋ, ਨਿਸ਼ਚਿਤ ਕਰੋ ਕਿ ਤੁਸੀਂ ਉਹ ਲਗਾਤਾਰ ਕਰ ਰਹੇ ਹੋ।"

‘ਇੰਟਰਮੀਟੈਂਟ ਫਾਸਟਿੰਗ’ ਦਾ ਪਾਲਣ ਉਹਨਾਂ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਦਾ ਭਾਰ ਘੱਟ ਹੋਵੇ।

(ਜਿਸ ਦਾ ਭਾਰ ਘੱਟ ਹੋਵੇ, ਉਸ ਨੂੰ ਕਦੇ ਵੀ ਇੰਟਰਮੀਟੈਂਟ ਫਾਸਟਿੰਗ ਨਹੀਂ ਕਰਨੀ ਚਾਹੀਦੀ ਹੈ।)

ਖਾਣਾ

ਤਸਵੀਰ ਸਰੋਤ, Getty Images

ਕੀ ਸਾਨੂੰ ਸਾਰਿਆਂ ਨੂੰ ਇੱਕੋ-ਜਿਹਾ ਲਾਹਾ ਮਿਲਦਾ ਹੈ?

ਕੋਲਿਨਜ਼ ਕਹਿੰਦੇ ਹਨ ਕਿ ਕੋਈ ਵੀ ਸ਼ਾਸਨ ਹਰ ਸਮੇਂ ਹਰ ਕਿਸੇ ਲਈ ਸਹੀ ਨਹੀ ਹੋਵੇਗਾ।

ਉਹ ਆਖਦੇ ਹਨ, “ਬਹੁਤ ਕੁਝ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕੀ ਖਾਂਦੇ ਹੋ ਅਤੇ ਕੁਝ ਹੱਦ ਇਹ ਵੀ ਕਿ ਤੁਸੀਂ ਕਦੋਂ ਖਾਂਦੇ ਹੋ।"

ਇਹ ਇਸ ਗੱਲ 'ਤੇ ਵੀ ਨਿਰਭਰ ਕਰਦਾ ਹੈ ਕਿ ਤੁਸੀਂ ਗਤੀਵਿਧੀਆਂ ਨਾਲ ਖਾਣਾ ਖਾਂਦੇ ਹੋ ਜਾਂ ਅਕਿਰਿਆਸ਼ੀਲਤਾ ਨਾਲ ਅਤੇ ਕੀ ਪੂਰੇ ਦਿਨ ਵਿੱਚ ਬਹੁਤ ਸਾਰੀ ਕੈਲੋਰੀਜ਼ ਇੱਕਠੀ ਕਰ ਲਈ ਹੈ।”

ਹਰ ਮਨੁੱਖ ਦਾ ਸ਼ਰੀਰ ਖਾਣ ਅਤੇ ਵਰਤ ਰੱਖਣ ‘ਤੇ ਵੱਖੋ-ਵੱਖਰੀ ਪ੍ਰਤੀਕਿਰਿਆ ਕਰਦਾ ਹੈ।

ਇੱਕ ਹੋਰ ਯੋਗਦਾਨ ਪਾਉਣ ਵਾਲਾ ਕਾਰਕ ਤੁਹਾਡੀ ਸਰਕੇਡੀਅਨ ਰਿਦਮ ਯਾਨਿ ਨੀਂਦ ਅਤੇ ਗਤੀਵਿਧੀ ਦੇ ਕੁਦਰਤੀ ਚੱਕਰ ਹੈ।

ਬਹੁਤ ਸਾਰੀਆਂ ਹਾਜ਼ਮਾ, ਪਾਚਕ ਅਤੇ ਸੈਲੂਲਰ ਪ੍ਰਕਿਰਿਆਵਾਂ ਤੁਹਾਡੀ ਨੀਂਦ ਦੇ ਪੈਟਰਨਾਂ ਵਾਂਗ, ਰੋਸ਼ਨੀ ਅਤੇ ਹਨੇਰੇ ਦੇ ਚੱਕਰਾਂ ਦੇ ਅਧਾਰ 'ਤੇ ਦੈਨਿਕ ਲੈਅ ਦੀ ਪਾਲਣਾ ਕਰਦੀਆਂ ਹਨ।

ਪੋਸ਼ਣ ਵਿਗਆਨੀ ਹੁਣ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਸਾਡੀ ਸਰਕੇਡੀਅਨ ਰਿਦਮ ਮੁਤਾਬਕ ਜਦੋਂ ਤੁਹਾਡੇ ਸਰੀਰ ਸੌਣ ਦਾ ਸੰਕੇਤ ਦੇ ਰਿਹਾ ਹੋਵੇ ਤਾਂ ਕੀ ਉਸ ਵੇਲੇ ਭਾਰੀ ਭੋਜਨ ਖਾਣਾ, ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।

ਵੀਡੀਓ ਕੈਪਸ਼ਨ, ਕਸਰਤ ਤੋਂ ਪਹਿਲਾਂ ਅਤੇ ਬਾਅਦ 'ਚ ਕੀ ਖਾਣਾ ਚਾਹੀਦਾ ਹੈ

ਹਰ ਸਮੇਂ ਢਿੱਡ ਭਰ ਕੇ ਨਾ ਖਾਣ ਦੇ ਫਾਇਦੇ?

ਡਾ. ਕੋਲਿਨਜ਼ ਦੇ ਅਨੁਸਾਰ, ਖਾਣ ਦੇ ਵਿਚਕਾਰ ਰੇਗੂਲਰ ਬ੍ਰੇਕ ਨਾਲ ਸਾਡੇ ਸਰੀਰ ਨੂੰ ਲਾਜ਼ਮੀ 'ਹਾਊਸਕੀਪਿੰਗ' ਕਰਨ ਲਈ ਸਮਾਂ ਮਿਲ ਜਾਂਦਾ ਹੈ।

ਭੋਜਨ ਤੋਂ ਬਾਅਦ, ਤੁਸੀਂ ਊਰਜਾ ਲਈ ਭੋਜਨ ਵਿੱਚ ਕਾਰਬੋਹਾਈਡਰੇਟ ਤੋਂ ਗਲੂਕੋਜ਼ ਨੂੰ ਸੋਖਦੇ ਲੈਂਦੇ ਹੋ ਅਤੇ ਜਾਂ ਤਾਂ ਇਸ ਨੂੰ ਤੁਰੰਤ ਵਰਤਦੇ ਹੋ ਜਾਂ ਫਿਰ ਬਾਅਦ ਲਈ ਸਟੋਰ ਕਰ ਲੈਂਦੇ ਹੋ।

ਇੱਕ 'ਵਰਤ' ਅਵਸਥਾ ਵਿੱਚ, ਜੋ ਆਮ ਤੌਰ 'ਤੇ ਤੁਹਾਡੇ ਆਖ਼ਰੀ ਭੋਜਨ ਤੋਂ 10-12 ਘੰਟੇ ਬਾਅਦ ਸ਼ੁਰੂ ਹੁੰਦੀ ਹੈ, ਸਰੀਰ ਵਿੱਚ ਗਲੂਕੋਜ਼ ਦੇ ਇਸ ਰੂਪ ਦੀ ਕਮੀ ਹੋ ਜਾਂਦੀ ਹੈ।

ਫਿਰ ਲੀਵਰ, ਸਟੋਰ ਕੀਤੀ ਹੋਈ ਚਰਬੀ ਨੂੰ ਕੀਟੋਨਸ ਨਾਮ ਦੇ ਫੈਟੀ ਐਸੀਡਾਂ ਵਿੱਚ ਤੋੜਨਾ ਸ਼ੁਰੂ ਕਰ ਦਿੰਦਾ ਹੈ। ਇਸ ਪ੍ਰਕਿਰਿਆ ਨੂੰ 'ਮੈਟਾਬੋਲਿਕ ਸਵਿਚਿੰਗ' ਵਜੋਂ ਜਾਣਿਆ ਜਾਂਦਾ ਹੈ ਅਤੇ ਇਹ ਇੱਕ ਕਾਰਨ ਹੈ ਕਿ ਵਰਤ ਰੱਖਣ ਨਾਲ ਭਾਰ ਘੱਟ ਸਕਦਾ ਹੈ।

ਪਰ ਉਭਰਦਾ ਵਿਗਿਆਨ ਸੁਝਾਅ ਦਿੰਦਾ ਹੈ ਕਿ ਵਰਤ ਰੱਖਣ ਨਾਲ ਕੁਝ ਰਸਾਇਣ ਅਤੇ ਪ੍ਰਕਿਰਿਆਵਾਂ ਸਰਗਰਮ ਹੁੰਦੀਆਂ ਹਨ ਜੋ ਭਾਰ ਘਟਾਉਣ ਤੋਂ ਇਲਾਵਾ ਸਿਹਤ ਲਾਭ ਪ੍ਰਦਾਨ ਕਰਦੀਆਂ ਹਨ।

ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਲਾਭਦਾਇਕ ਅੰਤੜੀਆਂ, ਬੈਕਟੀਰੀਆ ਦੇ ਵਿਕਾਸ ਨੂੰ ਉਤਸ਼ਾਹਿਤ ਕਰਦੀਆਂ ਹਨ, ਜੋ ਸਾਡੇ ਲਈ ਕਈ ਵੱਖ-ਵੱਖ ਤਰੀਕਿਆਂ ਨਾਲ ਲਾਭਦਾਇਕ ਹੋ ਸਕਦਾ ਹੈ।

ਕੋਲਿਨਜ਼ ਕਹਿੰਦੇ ਹਨ, "ਸਮੱਸਿਆ ਇਹ ਹੈ ਕਿ ਸਾਡੇ ਵਿੱਚੋਂ ਬਹੁਤ ਸਾਰੇ ਇਹਨਾਂ ਲਾਭਾਂ ਦਾ ਅਨੁਭਵ ਕਰਨ ਲਈ ਜ਼ਿਆਦਾਤਰ ਸਮੇਂ ਲਈ ਢਿੱਡ ਭਰ ਕੇ ਖਾਂਦੇ ਹਨ।"

ਪੇਟ ਦੀ ਸਿਹਤ

ਤਸਵੀਰ ਸਰੋਤ, Getty Images

ਇੱਕ ਦਿਨ ਵਿੱਚ ਤਿੰਨ ਵਾਰ ਭੋਜਨ ਕਰਨਾ, ਜਿਵੇਂ ਕਿ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਕਰਦੇ ਹਨ, ਇਸ ਦਾ ਮਤਲਬ ਹੈ ਕਿ 'ਅਸੀਂ ਲਗਾਤਾਰ ਭੋਜਨ ਕਰਨ ਦੀ ਹੀ ਹਾਲਤ ਵਿੱਚ ਰਹਿੰਦੇ ਹਾਂ।'

ਨਤੀਜੇ ਵਜੋਂ, ਸਾਡਾ ਸਰੀਰ ਚਰਬੀ ਦੇ ਭੰਡਾਰਾਂ ਨਾਲ ਨਜਿੱਠਣ ਦੀ ਬਜਾਏ ਲਗਾਤਾਰ ਨਵੇਂ ਖਾਣੇ ਦੇ ਸੇਵਨ ਦੀ ਪ੍ਰਕਿਰਿਆ ਕਰਦਾ ਰਹਿੰਦਾ ਹੈ।

ਉਹ ਕਹਿੰਦੇ ਹਨ, "ਉਹ ਸਾਰੀਆਂ ਚੀਜ਼ਾਂ ਜੋ ਅਸੀਂ ਮਾੜੇ ਪਾਚਨ ਅਤੇ ਬਿਮਾਰੀ ਦੇ ਜੋਖ਼ਮ ਨਾਲ ਜੋੜਦੇ ਹਾਂ ਜਿਵੇਂ ਕਿ ਕਾਰਡੀਓਵੈਸਕੁਲਰ ਬਿਮਾਰੀ, ਇਨਸੁਲਿਨ ਪ੍ਰਤੀਰੋਧ, ਸ਼ੂਗਰ ਅਤੇ ਘੱਟ ਊਰਜਾ, ਉਹ ਮੂਲ ਤੌਰ 'ਤੇ ਊਰਜਾ ਦੇ ਮਾੜੇ ਪ੍ਰਬੰਧਨ ਕਰਕੇ ਹੈ।"

"ਬਿਨਾਂ ਯੋਜਨਾ ਅਤੇ ਲਗਾਤਾਰ ਖਾਣ ਦੇ ਪੈਟਰਨ ਵਿੱਚ ਰਹਿਣ ਦਾ ਮਤਲਬ ਹੈ ਕਿ ਤੁਸੀਂ ਸਹੀ ਢੰਗ ਨਾਲ ਇਕੱਠੀ ਕੀਤੀ ਊਰਜਾ, ਮੁਕਤ ਕਰਨ ਅਤੇ ਵਰਤਣ ਦੇ ਯੋਗ ਨਹੀਂ ਹੋ।"

ਕੋਲਿਨਜ਼ ਦੇ ਅਨੁਸਾਰ, ਵਰਤ ਰੱਖਣਾ ਇੱਕ ਬਹੁਤ ਹੀ ਗੁੰਝਲਦਾਰ ਖੇਤਰ ਹੈ, ਜਿੱਥੇ ਖੋਜ ਜਾਰੀ ਹੈ ਅਤੇ ਮਜ਼ਬੂਤ ਕਲੀਨਿਕਲ ਨਤੀਜਿਆਂ ਦੀ ਘਾਟ ਹੈ। ਜ਼ਿਆਦਾਤਰ ਰੁਕ-ਰੁਕ ਕੇ ਵਰਤ ਰੱਖਣ ਦੀ ਖੋਜ ਜਾਨਵਰਾਂ 'ਤੇ ਕੀਤੀ ਗਈ ਹੈ ਅਤੇ ਮਨੁੱਖਾਂ ਲਈ ਇਹ ਲਾਭ ਅਜੇ ਸਾਬਤ ਨਹੀਂ ਹੋਏ ਹਨ।

ਖਾਣਾ ਅਤੇ ਸਿਹਤ

ਅੰਤੜੀਆਂ ਦੀ ਸਿਹਤ ਲਈ ਲਾਭ

ਕਿੰਗਜ਼ ਕਾਲਜ ਲੰਡਨ ਦੇ ਪ੍ਰੋਫ਼ੈਸਰ ਟਿਮ ਸਪੈਕਟਰ ਨੇ ਆਪਣੀ ਕਿਤਾਬ ਸਪੂਨ-ਫੈੱਡ ਵਿੱਚ ਦੱਸਿਆ ਹੈ ਕਿ ਥੋੜ੍ਹੇ ਸਮੇਂ ਲਈ ਵਰਤ, ਜਿਵੇਂ ਨਾਸ਼ਤਾ ਛੱਡਣਾ (ਜਾਂ ਰਾਤ ਦਾ ਖਾਣਾ ਪਹਿਲਾਂ ਖਾਣਾ), ਤੁਹਾਡੇ ਅੰਤੜੀਆਂ ਦੇ ਰੋਗਾਣੂਆਂ ਨੂੰ ਲਾਭ ਪਹੁੰਚ ਸਕਦਾ ਹੈ।

ਹਾਲਾਂਕਿ ਇਸ ਖੇਤਰ ਵਿੱਚ ਖੋਜ ਆਪਣੇ ਸ਼ੁਰੂਆਤੀ ਗੇੜਾਂ ਵਿੱਚ ਹੈ, ਪਰ ਸਬੂਤ ਇਕੱਠੇ ਕਰਨ ਤੋਂ ਇਹ ਸੰਕੇਤ ਮਿਲਦਾ ਹੈ ਕਿ ਵਰਤ ਦੇ ਦੌਰਾਨ, ਰੋਗਾਣੂਆਂ ਦੀਆਂ ਕੁਝ ਕਿਸਮਾਂ ਅੰਤੜੀਆਂ ਵਿੱਚ ਕਾਰਬੋਹਾਈਡਰੇਟ ਨੂੰ ਦੁਹਰਾਉਂਦੀਆਂ ਹਨ ਅਤੇ ਖਵਾਉਂਦੀਆਂ ਹਨ।

ਇਹ ਅੰਤੜੀਆਂ ਦੀ ਰੁਕਾਵਟ (ਜੋ ਇਮਿਊਨ ਸਿਸਟਮ ਵਿੱਚ ਭੂਮਿਕਾ ਨਿਭਾਉਂਦਾ ਹੈ) ਨੂੰ ਸਿਹਤਮੰਦ ਅਤੇ ਵਧੇਰੇ ਕੁਸ਼ਲ ਬਣਾਉਂਦਾ ਹੈ।

ਇਸ ਦਾ ਇੱਕ ਸਪੱਸ਼ਟੀਕਰਨ ਇਹ ਹੋ ਸਕਦਾ ਹੈ ਕਿ ਅੰਤੜੀਆਂ ਦੇ ਰੋਗਾਣੂ ਤੁਹਾਡੇ ਵਾਂਗ ਸਰਕੇਡੀਅਨ ਰਿਦਮ ਦੀ ਪਾਲਣਾ ਕਰਦੇ ਹਨ।

ਖਾਣਾ

ਸਪੈਕਟਰ ਲਿਖਦੇ ਹਨ ,”ਸਾਡੇ ਵਰਗੇ ਸੂਖ਼ਮ ਰੋਗਾਣੂ ਭਾਈਚਾਰਿਆਂ ਨੂੰ ਵੀ ਰੋਜ਼ਾਨਾ ਸਰਕੇਡੀਅਨ ਰਿਦਮ ਦੇ ਹਿੱਸੇ ਵਜੋਂ ਆਰਾਮ ਕਰਨ ਅਤੇ ਸਿਹਤਮੰਦ ਹੋਣ ਦੀ ਲੋੜ ਹੋ ਸਕਦਾ ਹੈ, ਜੋ ਸਾਡੇ ਪੇਟ ਦੀ ਸਿਹਤ ਲਈ ਮਹੱਤਵਪੂਰਨ ਹੋ ਸਕਦਾ ਹੈ।"

ਹਰ ਕਿਸੇ ਦਾ ਸਰੀਰ ਭੋਜਨ ਛੱਡਣ 'ਤੇ ਵੱਖਰੇ ਤਰੀਕੇ ਨਾਲ ਪ੍ਰਤੀਕਿਰਿਆ ਕਰਦਾ ਹੈ, ਇਸ ਲਈ ਸਪੈਕਟਰ ਇਹ ਦੇਖਣ ਲਈ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ, ਨਾਸ਼ਤਾ ਜਾਂ ਕੋਈ ਹੋਰ ਭੋਜਨ ਛੱਡ ਕੇ ਪ੍ਰਯੋਗ ਕਰਨ ਦਾ ਸੁਝਾਅ ਦਿੰਦੇ ਹਨ।

ਉਹ ਦਲੀਲ ਦਿੰਦੇ ਹਨ ਕਿ ਖਾਣੇ ਦੇ ਵਿਚਕਾਰ ਘੱਟੋ-ਘੱਟ 12 ਘੰਟੇ ਵਕਫ਼ਾ ਦਿਓ, ਬੇਸ਼ੱਕ ਇਹ ਕਦੇ-ਕਦਾਈਂ ਹੀ ਹੋਵੇ, ਥੋੜ੍ਹੇ ਸਮੇਂ ਵਿੱਚ ਇਹ ਤੁਹਾਡੇ ਮੂਡ ਅਤੇ ਊਰਜਾ ਦੇ ਪੱਧਰ ਵਿੱਚ ਸੁਧਾਰ ਕਰ ਸਕਦਾ ਹੈ (ਅਤੇ ਪੂਰਨ ਤੌਰ ‘ਤੇ ਲੰਬੇ ਸਮੇਂ ਵਿੱਚ ਭਾਰ ਘੱਟ ਕਰ ਸਕਦਾ ਹੈ)।

ਵੀਡੀਓ ਕੈਪਸ਼ਨ, ਕੀ ਸਰੀਰਕ ਅਤੇ ਮਾਨਸਿਕ ਸਿਹਤ ਲਈ ਵਿਟਾਮਿਨ ਦੀਆਂ ਗੋਲੀਆਂ ਖਾਣਾ ਜ਼ਰੂਰੀ ਹੈ

ਸੋਜਿਸ਼ ਲਾਗ ਖਿਲਾਫ਼ ਮਦਦ ਕਰਦੀ ਹੈ

ਸੋਜਿਸ਼ ਲਾਗ ਨੂੰ ਕਾਬੂ ਕਰਨ, ਇਸ ਨਾਲ ਲੜਨ ਅਤੇ ਟੀਸ਼ੂ ਦੇ ਨੁਕਸਾਨ ਦੀ ਮੁਰੰਮਤ ਕਰਨ ਲਈ ਤੁਹਾਡੇ ਸਰੀਰ ਦੀ ਆਮ ਪ੍ਰਤੀਕਿਰਿਆ ਹੈ।

ਪਰ ਜਦੋਂ ਇਹ ਇਮਿਊਨ ਪ੍ਰਤੀਕ੍ਰਿਆ ਲੰਬੇ ਸਮੇਂ ਤੱਕ ਰਹਿੰਦੀ ਹੈ ਤਾਂ ਪੁਰਾਣੀ (ਕ੍ਰੋਨਿਕ) ਸੋਜਸ਼ ਹੋ ਸਕਦੀ ਹੈ, ਜਿਸ ਨਾਲ 'ਆਕਸੀਡੇਟਿਵ ਤਣਾਅ' ਹੁੰਦਾ ਹੈ।

ਇਹ ਦਿਲ ਦੀ ਬਿਮਾਰੀ, ਟਾਈਪ-2 ਸ਼ੂਗਰ ਰੋਗ, ਕੈਂਸਰ, ਮਲਟੀਪਲ ਸਕਲੇਰੋਸਿਸ, ਅੰਤੜੀਆਂ ਦੇ ਸੋਜਿਸ਼ ਰੋਗ ਅਤੇ ਹੋਰ ਹਾਲਤਾਂ ਨਾਲ ਜੁੜਿਆ ਹੋਇਆ ਹੈ।

ਕੁਝ ਖੋਜਕਾਰਾਂ ਅਨੁਸਾਰ, ਰੁਕ-ਰੁਕ ਕੇ ਵਰਤ ਰੱਖਣ ਵਿੱਚ ਪੁਰਾਣੀ ਸੋਜਿਸ਼ ਨਾਲ ਨਜਿੱਠਣ ਲਈ ਜਾਂ ਰੋਕਣ ਦੀ ਸਮਰੱਥਾ ਹੈ।

ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਕੁਝ ਸਮੂਹਾਂ ਵਿੱਚ, ਵਰਤ ਰੱਖਣ ਦੌਰਾਨ ਪੈਦਾ ਹੋਏ ਕੀਟੋਨਸ ਸੋਜਿਸ਼ ਨੂੰ ਦਬਾਉਣ ਅਤੇ ਨੁਕਸਾਨ ਦੀ ਮੁਰੰਮਤ ਕਰਨ ਲਈ ਸੈੱਲਾਂ ਦੀ ਸਮਰੱਥਾ ਵਿੱਚ ਸੁਧਾਰ ਕਰਦੇ ਹਨ।

ਬੀਬੀਸੀ

ਅਮਰੀਕਾ ਦੇ ਮਾਊਂਟ ਸਿਨਾਈ ਹਸਪਤਾਲ ਵਿੱਚ ਇੱਕ ਟੀਮ ਦੁਆਰਾ ਕੀਤੇ ਗਏ ਇੱਕ ਵੱਖਰੇ ਸਟੱਡੀ ਵਿੱਚ ਪਾਇਆ ਗਿਆ ਕਿ ਰੁਕ-ਰੁਕ ਕੇ ਵਰਤ ਰੱਖਣ ਨਾਲ ਮੋਨੋਸਾਈਟਸ ਨਾਮਕ ਪ੍ਰੋ-ਇੰਫਲੇਮੇਟਰੀ ਸੈੱਲਾਂ ਦੀ ਰਿਹਾਈ ਘੱਟ ਹੋ ਜਾਂਦੀ ਹੈ ਅਤੇ ਉਨ੍ਹਾਂ ਨੂੰ ਸਲੀਪ ਮੋਡ ਵਿੱਚ ਪਾ ਦਿੱਤਾ ਜਾਂਦਾ ਹੈ।

ਪੁਰਾਣੀ ਸੋਜਿਸ਼ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੀ ਵਿਸ਼ਾਲ ਸ਼੍ਰੇਣੀ ਨੂੰ ਦੇਖਦੇ ਹੋਏ, ਖੋਜਕਾਰਾਂ ਨੇ ਕਿਹਾ ਕਿ ਰੁਕ-ਰੁਕ ਕੇ ਵਰਤ ਰੱਖਣ ਦੇ “ਵੱਡੇ” ਪ੍ਰਭਾਵਾਂ ਬਾਰੇ ਵਧੇਰੇ ਖੋਜ ਕਰਨ ਦੀ "ਵੱਡੀ ਸੰਭਾਵਨਾ" ਹੈ।

ਇਸ ਤੋਂ ਇਲਾਵਾ, ਕਈ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਰੁਕ-ਰੁਕ ਕੇ ਵਰਤ ਰੱਖਣ ਨਾਲ ਜ਼ਿਆਦਾ ਭਾਰ ਵਾਲੇ ਅਤੇ ਮੋਟੇ ਲੋਕਾਂ ਵਿੱਚ ਇਨਸੁਲਿਨ ਪ੍ਰਤੀਰੋਧ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ।

ਇਸ ਦੇ ਨਾਲ ਹੀ ਉਹ ਉੱਚ ਇਨਸੁਲਿਨ ਅਤੇ ਬਲੱਡ ਸ਼ੂਗਰ ਦਾ ਪੱਧਰ ਵਧ ਸਕਦਾ ਹੈ ਅਤੇ ਟਾਈਪ-2 ਡਾਇਬਿਟੀਜ਼ ਦੇ ਵਿਕਾਸ ਦਾ ਖ਼ਤਰਾ ਵਧ ਸਕਦਾ ਹੈ।

ਹਾਲਾਂਕਿ, ਇਸ ਬਾਰੇ ਵਿਵਾਦਪੂਰਨ ਸਬੂਤ ਹਨ ਕਿ ਕੀ ਉਨ੍ਹਾਂ ਲੋਕਾਂ ਲਈ ਰੁਕ-ਰੁਕ ਕੇ ਵਰਤ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ ਜਿਨ੍ਹਾਂ ਨੂੰ ਪਹਿਲਾਂ ਹੀ ਟਾਈਪ-2 ਡਾਇਬਿਟੀਜ਼ ਹੈ।

ਯੂਕੇ ਦੇ ਸੀਨੀਅਰ ਡਾਇਬੀਟੀਜ਼ ਕਲੀਨਿਕਲ ਸਲਾਹਕਾਰ ਕਰੇਨ ਡੇਵਿਸ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਡਾਇਬਿਟੀਜ਼ ਨਾਲ ਪੀੜਤ ਕਿਸੇ ਵੀ ਵਿਅਕਤੀ ਲਈ ਆਪਣੀ ਖੁਰਾਕ ਬਦਲਣ ਤੋਂ ਪਹਿਲਾਂ ਡਾਕਟਰੀ ਸਲਾਹ ਲੈਣੀ ਜ਼ਰੂਰੀ ਹੈ।

ਉਹ ਅੱਗੇ ਕਹਿੰਦੀ ਹੈ, "ਟਾਈਪ-2 ਡਾਇਬਿਟੀਜ਼ ਵਾਲੇ ਲੋਕਾਂ ਲਈ ਜੋ ਕੁਝ ਦਵਾਈਆਂ ਜਾਂ ਇਨਸੁਲਿਨ ਲੈ ਰਹੇ ਹਨ, ਉਨ੍ਹਾਂ ਲਈ ਰੁਕ-ਰੁਕ ਕੇ ਵਰਤ ਰੱਖਣ ਨਾਲ ਬਲੱਡ ਸ਼ੂਗਰ ਦੇ ਪੱਧਰ ਘੱਟ ਹੋਣ ਦਾ ਖ਼ਤਰਾ ਵੱਧ ਸਕਦਾ ਹੈ।"

ਖੋਜ ਜਾਰੀ ਹੈ ਕੀ ਇਹ ਲਾਭ ਭਾਰ ਘਟਾਉਣ ਨਾਲ ਮਿਲਦੇ ਹਨ ਜਾਂ ਵਰਤ ਰੱਖਣ ਨਾਲ।

ਖਾਣਾ

ਪਾਚਕ ਲਾਭ

ਚੰਗੀ ਪਾਚਕ ਸਿਹਤ ਦਾ ਮਤਲਬ ਹੈ ਬਲੱਡ ਸ਼ੂਗਰ (ਗਲੂਕੋਜ਼), ਚਰਬੀ (ਟਰਾਈਗਲਿਸਰਾਈਡਜ਼), 'ਚੰਗਾ' ਕੋਲੇਸਟ੍ਰੋਲ (ਐੱਚਡੀਐੱਲ), ਬਲੱਡ ਪ੍ਰੈਸ਼ਰ ਅਤੇ ਹੋਰ ਮਾਰਕਰ, ਜੋ ਤੁਹਾਡੇ ਦਿਲ ਦੀ ਬਿਮਾਰੀ, ਸਟ੍ਰੋਕ ਅਤੇ ਹੋਰ ਪੁਰਾਣੀਆਂ ਸਥਿਤੀਆਂ ਦੇ ਜੋਖਮ ਨੂੰ ਦਰਸਾਉਂਦੇ ਹਨ।

ਡਾ ਕੋਲਿਨਜ਼ ਕਹਿੰਦੇ ਹਨ, "ਯਕੀਨਨ, ਇੱਕ ਪਾਚਕ ਦ੍ਰਿਸ਼ਟੀਕੋਣ ਤੋਂ ਅਸੀਂ ਯਕੀਨੀ ਤੌਰ 'ਤੇ ਰੁਕ-ਰੁਕ ਕੇ ਵਰਤ ਰੱਖਣ ਦੇ ਲਾਭ ਦੇਖਦੇ ਹਾਂ।"

"ਜਦੋਂ ਤੁਸੀਂ ਰੁਕ-ਰੁਕ ਕੇ ਵਰਤ ਰੱਖਦੇ ਹੋ ਤਾਂ ਤੁਸੀਂ ਕਾਰਬੋਹਾਈਡਰੇਟ ਅਤੇ ਚਰਬੀ ਨੂੰ ਸਾਫ਼ ਕਰਨ, ਸਟੋਰ ਕਰਨ, ਭੰਡਾਰਨ ਕਰਨ ਅਤੇ ਵਰਤਣ ਵਿੱਚ ਬਿਹਤਰ ਹੁੰਦੇ ਹੋ। ਇਸ ਲਈ ਇਨਸੁਲਿਨ ਸੰਵੇਦਨਸ਼ੀਲਤਾ, ਖ਼ੂਨ ਵਿੱਚ ਲਿਪਿਡ (ਚਰਬੀ) ਅਤੇ ਹੋਰ ਦਿਲ ਸਬੰਧੀ ਜੋਖ਼ਮ ਦੇ ਕਾਰਕਾਂ ਵਿੱਚ ਸੁਧਾਰ ਹੁੰਦੇ ਹਨ।"

ਉਹ ਕਹਿੰਦੇ ਹਨ ਅਜਿਹੇ ਸੁਧਾਰ ਪਤਲੇ ਲੋਕਾਂ ਦੇ ਨਾਲ-ਨਾਲ ਜ਼ਿਆਦਾ ਭਾਰ ਵਾਲੇ ਲੋਕਾਂ ਵਿੱਚ ਵੀ ਸਪੱਸ਼ਟ ਹਨ।

ਇਹ ਸੰਭਵ ਤੌਰ ‘ਤੇ ਇਸ ਲਈ ਹੈ ਕਿਉਂਕੀ ਸਿਹਤਮੰਦ ਵਜ਼ਨ ਵਾਲੇ ਲੋਕ ਅਜੇ ਵੀ ਜਿਗਰ ਸਣੇ ਆਪਣੇ ਅੰਦਰੂਨੀ ਅੰਗਾਂ ਵਿੱਚ ਚਰਬੀ ਦੇ ਨੁਕਸਾਨਦੇਹ ਜਮਾਵ ਨੂੰ ਜਮ੍ਹਾਂ ਕਰ ਸਕਦੇ ਹਨ।

ਪਰ ਵਰਤ ਦੌਰਾਨ ਹੋਣ ਵਾਲੀਆਂ ਹੋਰ ਪ੍ਰਕਿਰਿਆਵਾਂ ਤੋਂ ਭਾਰ ਘਟਾਉਣ ਦੇ ਪ੍ਰਭਾਵਾਂ ਨੂੰ ਸੁਲਝਾ ਸਕਣਾ ਮੁਸ਼ਕਲ ਹੁੰਦਾ ਹੈ।

ਡਾਕਟਰ ਕੋਲਿਨਜ਼ ਇਹ ਪਤਾ ਲਗਾਉਣ ਲਈ ਹੋਰ ਵਧੇਰੇ ਖੋਜ ਕਰ ਰਹੇ ਹਨ ਕਿ ਰੁਕ-ਰੁਕ ਕੇ ਵਰਤ ਰੱਖਣ ਵਾਲੇ ਪ੍ਰੋਗਰਾਮਾਂ 'ਤੇ ਲੋਕਾਂ ਦੀ ਸਮੁੱਚੀ ਕੈਲੋਰੀ ਦੀ ਮਾਤਰਾ ਨੂੰ ਘਟਾਏ ਬਿਨਾਂ ਪਾਚਕ ਸਿਹਤ ਨੂੰ ਸੁਧਾਰਿਆ ਜਾ ਸਕਦਾ ਹੈ।

ਵੀਡੀਓ ਕੈਪਸ਼ਨ, ਚਿਕਨ ਨੂੰ ਧੋਣਾ ਤੁਹਾਡੀ ਸਿਹਤ ਲਈ ਖ਼ਤਰਨਾਕ ਕਿਵੇਂ ਹੋ ਸਕਦਾ ਹੈ

ਕੁਝ ਵਿਗਿਆਨੀਆਂ ਮੁਤਾਬਕ ਅਜੇ ਤੱਕ ਲੋੜੀਂਦੇ ਸਬੂਤ ਨਹੀਂ ਹੈ

ਦਿ ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ ਅਧਿਐਨ ਸਣੇ ਕਈ ਅਧਿਐਨਾਂ ਨੇ ਸੁਝਾਅ ਦਿੱਤਾ ਹੈ ਕਿ ਰੁਕ-ਰੁਕ ਕੇ ਵਰਤ ਰੱਖਣ ਨਾਲ ਅਲਜ਼ਾਈਮਰ ਰੋਗ ਅਤੇ ਪਾਰਕਿੰਸਨ ਰੋਗ ਸਣੇ ਕੁਝ ਹਾਲਾਤ ਵਿੱਚ ਵੀ ਉਪਯੋਗੀ ਹੋ ਸਕਦਾ ਹੈ।

ਕੁਝ ਪ੍ਰਕਾਰ ਦੇ ਕੈਂਸਰ ਦੇ ਵਿਕਾਸ ਨੂੰ ਹੌਲੀ ਕਰ ਸਕਦਾ ਹੈ, ਟਿਸ਼ੂਆਂ ਦੇ ਨੁਕਸਾਨ ਦੀ ਮੁਰੰਮਤ ਵਿੱਚ ਸੁਧਾਰ ਕਰ ਸਕਦਾ ਹੈ ਅਤੇ ਐਥਲੈਟਿਕ ਪ੍ਰਦਰਸ਼ਨ ਨੂੰ ਵਧਾ ਸਕਦਾ ਹੈ।

ਇਲੀਨੋਇਸ ਯੂਨੀਵਰਸਿਟੀ, ਸ਼ਿਕਾਗੋ ਵਿੱਚ ਪੋਸ਼ਣ ਦੀ ਪ੍ਰੋਫੈਸਰ ਅਤੇ ਭਾਰ ਘਟਾਉਣ ਲਈ ਰੁਕ-ਰੁਕ ਕੇ ਵਰਤ ਰੱਖਣ ਦੀ ਇੱਕ ਵਿਸ਼ਵ ਮਾਹਰ ਕ੍ਰਿਸਟਾ ਵਰਾਡੀ ਦਾ ਕਹਿੰਦੇ ਹਨ, “'ਹਰ ਦੂਜੇ ਦਿਨ' ਨੂੰ ਦਿਖਾਉਣ ਲਈ ਚੰਗੇ ਸਬੂਤ ਹਨ ਅਤੇ 5:2 ਭੋਜਨ ਸਭ ਤੋਂ ਪ੍ਰਭਾਵਸ਼ਾਲੀ ਵਰਤ ਰੱਖਣ ਦੇ ਨਮੂਨੇ ਹਨ, ਭਾਰ ਘਟਾਉਣਾ ਅਤੇ ਸਿਹਤ ਲਾਭ।"

"ਸਮੇਂ ਦੀ ਪਾਬੰਦੀ ਨਾਲ ਭੋਜਨ ਦੇ ਨਾਲ, ਭਾਰ ਘਟਾਉਣਾ ਥੋੜ੍ਹਾ ਘੱਟ ਅਸਰਦਾਰ ਜਾਪਦਾ ਹੈ, ਬਾਕੀ ਦੋ ਨਾਲੋਂ ਅੱਧਾ। ਪਰ ਉਹ ਲਾਭਾਂ ਬਾਰੇ ਸਾਵਧਾਨੀ ਵਰਤਣ ਦੀ ਤਾਕੀਦ ਕਰਦੀ ਹੈ।"

ਮੋਟਾਪਾ

ਤਸਵੀਰ ਸਰੋਤ, Getty Images

ਉਹ ਕਹਿੰਦੀ ਹੈ, "ਰੁਕ-ਰੁਕ ਕੇ ਵਰਤ ਰੱਖਣ ਦੇ ਫਾਇਦਿਆਂ ਬਾਰੇ ਬਹੁਤ ਸਾਰੇ ਦਾਅਵੇ ਵਧਾ-ਚੜ੍ਹਾ ਕੇ ਕੀਤੇ ਜਾਂਦੇ ਹਨ। ਜਾਨਵਰਾਂ 'ਤੇ ਕੀਤੇ ਗਏ ਅਧਿਐਨ ਦੇ ਬਹੁਤ ਸਾਰੇ ਨਤੀਜੇ ਮਨੁੱਖਾਂ ਵਿੱਚ ਦੁਹਰਾਏ ਨਹੀਂ ਗਏ ਹਨ।"

ਉੱਭਰਦੇ ਸਬੂਤ ਸੁਝਾਅ ਦਿੰਦੇ ਹਨ ਕਿ ਨਿਯਮਤ ਤੌਰ 'ਤੇ ਵਰਤ ਰੱਖਣ ਨਾਲ ਭਾਰ ਘਟਾਉਣ ਤੋਂ ਇਲਾਵਾ ਸਿਹਤ ਨੂੰ ਵੀ ਲਾਭ ਹੋ ਸਕਦਾ ਹੈ, ਪਰ ਵਿਗਿਆਨ ਤੋਂ ਅਜੇ ਤੱਕ ਸਾਬਤ ਨਹੀਂ ਹੋਇਆ ਹੈ।

ਰੁਕ-ਰੁਕ ਕੇ ਖਾਣ ਵਾਲੇ ਭੋਜਨ ਉਨ੍ਹਾਂ ਲੋਕਾਂ ਲਈ ਲਾਹੇਵੰਦ ਨਹੀਂ ਹੈ ਜਿਨ੍ਹਾਂ ਨੂੰ ਖਾਣ ਸਬੰਧੀ ਵਿਗਾੜਾਂ ਦਾ ਖ਼ਤਰਾ ਹੈ ਜਾਂ ਉਨ੍ਹਾਂ ਦਾ ਇਤਿਹਾਸ ਹੈ।

ਸ਼ੂਗਰ ਰੋਗੀਆਂ ਅਤੇ ਪਹਿਲਾਂ ਤੋਂ ਮੌਜੂਦ ਕਿਸੇ ਬਿਮਾਰੀ ਨਾਲ ਪੀੜਤ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦਾ ਵਰਤ ਕਰਨ ਤੋਂ ਪਹਿਲਾਂ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)