You’re viewing a text-only version of this website that uses less data. View the main version of the website including all images and videos.
ਗੁਰਬਖ਼ਸ਼ ਸਿੰਘ ਪ੍ਰੀਤਲੜੀ: ਲੋਕਾਂ ਦੀ ਗੱਲ ਕਰਨ ਵਾਲੇ ਸਾਹਿਤਕਾਰ ਨੇ ਲਾਹੌਰ ਤੇ ਅੰਮ੍ਰਿਤਸਰ ਵਿਚਾਲੇ ਪ੍ਰੀਤਨਗਰ ਕਿਉਂ ਵਸਾਇਆ ਸੀ
- ਲੇਖਕ, ਰਾਜਵੀਰ ਕੌਰ ਗਿੱਲ
- ਰੋਲ, ਬੀਬੀਸੀ ਪੱਤਰਕਾਰ
ਸਾਹਿਤਕਾਰ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦਾ ਜ਼ਿਕਰ ਆਉਂਦਿਆਂ ਹੀ ਉਨ੍ਹਾਂ ਦਾ 'ਪ੍ਰੀਤਨਗਰ' ਵਸਾਉਣ ਦਾ ਸੁਫ਼ਨਾ ਅੱਖਾਂ ਮੂਹਰੇ ਆਪ ਮੁਹਾਰੇ ਆ ਜਾਂਦਾ ਹੈ।
ਆਪਣੀ ਸਾਹਿਤਕ ਰਚਨਾ ਅਤੇ ਜ਼ਿੰਦਗੀ ਨੂੰ 'ਪਿਆਰ ਕਬਜ਼ਾ ਨਹੀਂ ਪਛਾਣ ਹੈ' ਦੇ ਫ਼ਲਸਫ਼ੇ ਲੇਖੇ ਲਾਉਣ ਵਾਲੇ ਰਚਨਾਕਾਰ ਗੁਰਬਖ਼ਸ਼ ਸਿੰਘ ਦੇ ਨਾਮ ਨਾਲ ਪ੍ਰੀਤਲੜੀ ਉਨ੍ਹਾਂ ਦੇ ਪਾਠਕਾਂ ਅਤੇ ਚਾਹੁਣ ਵਾਲਿਆਂ ਨੇ ਲਾਇਆ ਸੀ।
ਉਹ ਖ਼ੁਦ ਤਾਂ ਪ੍ਰੀਤਲੜੀ ਰਸਾਲੇ ਅਤੇ ਪ੍ਰੀਤਨਗਰ ਵਸਾਉਣ ਦੇ ਸੁਫ਼ਨੇ ਜ਼ਰੀਏ ਹਾਸ਼ੀਆਂ ਤੋਂ ਪਾਰ ਦੀ ਅਮੁੱਕ ਮੁਹੱਬਤ ਦੀ ਹਾਮੀ ਭਰ ਰਹੇ ਸਨ।
ਆਧੁਨਿਕ ਵਾਰਤਾਕਾਰ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਪੰਜਾਬੀ ਵਿੱਚ ਆਮ ਜਨਜੀਵਨ ਦੇ ਵਿਸ਼ਿਆਂ ਅਤੇ ਆਧੁਨਿਕ ਤਰਜ਼ੇ-ਜ਼ਿੰਦਗੀ ਦਾ ਬਿਆਨ ਕੀਤਾ। ਉਨ੍ਹਾਂ ਨੇ ਜੀਵਨ ਸ਼ੈਲੀ, ਵਿਗਿਆਨਕ ਸੋਚ, ਮਨੋਵਿਗਿਆਨਿਕ ਵਿਸ਼ਿਆਂ ਬਾਰੇ ਬਾਖ਼ੂਬੀ ਲਿਖਿਆ।
ਆਈਆਈਟੀ ਰੁੜਕੀ ਤੋਂ ਇੰਜੀਨੀਅਰਿੰਗ ਕਰਨ ਤੋਂ ਬਾਅਦ ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਵਿੱਚ ਪੜ੍ਹੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਪਿਆਰ ਅਤੇ ਔਰਤ ਦੇ ਜਜ਼ਬਾਤਾਂ ਵਰਗੇ ਵਿਸ਼ਿਆਂ ਉੱਤੇ ਲਿਖਣ ਵਾਲੇ ਪੰਜਾਬੀ ਦੇ ਪਹਿਲੇ ਲੇਖਕਾਂ ਵਿੱਚੋਂ ਸਨ।
ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਬਰਸੀ ਮੌਕੇ ਅਸੀਂ ਉਨ੍ਹਾਂ ਦੀ ਜ਼ਿੰਦਗੀ, ਪ੍ਰੀਤਨਗਰ ਅਤੇ ਪ੍ਰੀਤਲੜੀ ਵੱਲ ਇੱਕ ਝਾਤ ਮਾਰੀ।
ਪਤਨੀ ਨੇ ਸੋਨਾ ਗਹਿਣੇ ਰੱਖ ਕੇ ਅਮਰੀਕਾ ਪੜ੍ਹਨ ਭੇਜਿਆ ਸੀ
ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ਉਨ੍ਹਾਂ ਦੀ ਪਤਨੀ ਜਗਜੀਤ ਕੌਰ ਜਿਸ ਨੂੰ ਉਹ ਜੀਤਾਂ ਕਹਿੰਦੇ ਸਨ, ਨਾਲ ਅਪਣੱਤ ਭਰੇ ਰਿਸ਼ਤੇ ਬਾਰੇ ਉਨ੍ਹਾਂ ਦੀ ਕਿਤਾਬ 'ਚਿੱਠੀਆਂ ਜੀਤਾਂ ਦੇ ਨਾਂ' ਤੋਂ ਲਾਇਆ ਜਾ ਸਕਦਾ ਹੈ।
ਪ੍ਰੀਤਲੜੀ ਹੋਰਾਂ ਦੀ ਪੋਤਨੂੰਹ ਪੂਨਮ ਸਿੰਘ ਦੱਸਦੇ ਹਨ ਕਿ ਪ੍ਰੀਤਲੜੀ ਨੇ ਪੜ੍ਹਾਈ ਕਾਫ਼ੀ ਔਖੇ ਹਾਲਾਤ ਵਿੱਚ ਮੁਕੰਮਲ ਕੀਤੀ ਸੀ।
ਪਹਿਲਾਂ ਉਨ੍ਹਾਂ ਨੇ ਆਈਆਈਟੀ ਰੁੜਕੀ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਫ਼ਿਰ ਕੁਝ ਸਮਾਂ ਨੌਕਰੀ ਕੀਤੀ। ਪਰ ਗੁਰਬਖ਼ਸ਼ ਸਿੰਘ ਦੇ ਮਨ ਨੂੰ ਕੁਝ ਹੋਰ ਮਨਜ਼ੂਰ ਸੀ।
ਸਮੇਂ ਤੋਂ ਅਗਾਂਹ ਦਾ ਸੋਚਣ ਵਾਲੇ ਗੁਰਬਖ਼ਸ਼ ਸਿੰਘ ਅਮਰੀਕਾ ਪੜ੍ਹਨ ਜਾਣਾ ਚਾਹੁੰਦੇ ਸਨ। ਪਰਿਵਾਰ ਵੱਡਾ ਸੀ ਅਤੇ ਜ਼ਿੰਮੇਵਾਰੀ ਪ੍ਰੀਤਲੜੀ ਦੇ ਸਿਰ ਉੱਤੇ ਹੀ ਸੀ।
ਪੂਨਮ ਕਹਿੰਦੇ ਹਨ ਕਿ ਤੰਗੀਆਂ ਦੇ ਬਾਵਜੂਦ ਜਗਜੀਤ ਕੌਰ ਨੇ ਆਪਣਾ ਸੋਨਾ ਗਹਿਣੇ ਰੱਖਿਆ ਅਤੇ ਗੁਰਬਖ਼ਸ਼ ਸਿੰਘ ਨੂੰ ਪੜ੍ਹਨ ਲਈ ਅਮਰੀਕਾ ਭੇਜਣ ਦਾ ਹੌਸਲਾ ਕੀਤਾ।
ਇਹ ਉਹ ਦੌਰ ਸੀ ਜਦੋਂ ਗੁਰਬਖ਼ਸ਼ ਸਿੰਘ ਦੇ ਮੁਕਾਬਲੇ ਘੱਟ ਪੜ੍ਹੀ-ਲਿਖੀ ਜਗਜੀਤ ਨੇ ਨਾ ਸਿਰਫ਼ ਆਪਣੀ ਅਗਾਂਹਵਧੂ ਸੋਚ ਦਾ ਮੁਜ਼ਾਹਰਾ ਕਰਦਿਆਂ ਪਤੀ ਨੂੰ ਅਮਰੀਕਾ ਪੜ੍ਹਨ ਭੇਜਿਆ ਬਲਕਿ ਪਿੱਛੇ ਰਹਿੰਦੇ ਪਰਿਵਾਰ ਦੀ ਜ਼ਿੰਮੇਵਾਰੀ ਵੀ ਚੁੱਕੀ ਅਤੇ ਉਨ੍ਹਾਂ ਨੂੰ ਜੋੜ ਕੇ ਰੱਖਣ ਦਾ ਕੰਮ ਵੀ ਕੀਤਾ।
ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ਦੋਹਤੇ ਸੁਕੀਰਤ ਦੱਸਦੇ ਹਨ ਕਿ ਜੀਤਾਂ ਦੀ ਤਬੀਅਤ ਉਨ੍ਹਾਂ ਦੇ ਆਖ਼ਰੀ ਦਿਨਾਂ ਵਿੱਚ ਕੁਝ ਨਾਸਾਜ਼ ਰਹੀ।
"10 ਦਸੰਬਰ, 1975 ਦੀ ਸਵੇਰ ਉਨ੍ਹਾਂ ਨੂੰ ਖ਼ਰਾਬ ਸਿਹਤ ਦੇ ਚਲਦਿਆਂ ਪਰਿਵਾਰ ਅੰਮ੍ਰਿਤਸਰ ਇਲਾਜ ਲਈ ਲੈ ਕੇ ਗਿਆ। ਉਸ ਦਿਨ ਗੁਰਬਖ਼ਸ਼ ਸਿੰਘ ਪ੍ਰੀਤਨਗਰ ਵਿੱਚ ਆਪਣੇ ਘਰ ਬੈੇਠੇ ਜੀਤਾਂ ਦੇ ਤੰਦਰੁਸਤ ਪਰਤਣ ਦੀ ਉਡੀਕ ਕਰ ਰਹੇ ਸਨ। ਪਰ ਜੀਤਾਂ ਦੁਨੀਆਂ ਨੂੰ ਅਲਵਿਦਾ ਕਹਿ ਗਏ ਅਤੇ ਕਦੇ ਨਾ ਪਰਤੇ।"
ਜਨਮ ਤੋਂ ਪਹਿਲਾਂ ਪੱਕਾ ਹੋ ਗਿਆ ਸੀ ਰਿਸ਼ਤਾ
ਪ੍ਰੀਤਲੜੀ ਦਾ ਜੀਤਾਂ ਨਾਲ ਵਿਆਹ ਛੋਟੀ ਉਮਰ ਵਿੱਚ ਹੀ ਹੋ ਗਿਆ ਸੀ। ਦੋਵਾਂ ਦੇ ਰਿਸ਼ਤੇ ਦਾ ਦਿਲਸਚਪ ਕਿੱਸਾ ਪੂਨਮ ਸੁਣਾਉਂਦੇ ਹਨ।
"ਗੁਰਬਖ਼ਸ਼ ਸਿੰਘ ਅਤੇ ਜਗਜੀਤ ਕੌਰ ਦੋਵਾਂ ਦੀਆਂ ਮਾਵਾਂ ਆਪਸ ਵਿੱਚ ਸਹੇਲੀਆਂ ਸਨ। ਦੋਵੇਂ ਆਪੋ-ਆਪਣੇ ਵਿਆਹ ਤੋਂ ਬਾਅਦ ਪੇਕੇ ਪਿੰਡ ਆਈਆਂ ਹੋਈਆਂ ਸਨ।"
"ਉਸ ਜ਼ਮਾਨੇ ਵਿੱਚ ਖ਼ੂਹ ਉੱਤੇ ਪਾਣੀ ਭਰਦੇ ਸਨ। ਦੋਵੇਂ ਸਹੇਲੀਆਂ ਖੂਹ ਉੱਤੇ ਮਿਲੀਆਂ ਤਾਂ ਗੱਲ ਹੋਈ ਕਿ ਦੋਵੇਂ ਗਰਭਵਤੀ ਹਨ।"
ਪੂਨਮ ਦੱਸਦੇ ਹਨ, "ਸਹੇਲੀਆਂ ਨੇ ਵਾਅਦਾ ਕਰ ਲਿਆ ਕਿ ਜੇ ਇੱਕ ਦੇ ਮੁੰਡਾ ਹੋਇਆ ਅਤੇ ਦੂਜੀ ਦੇ ਕੁੜੀ ਤਾਂ ਉਨ੍ਹਾਂ ਦਾ ਆਪਸ ਵਿੱਚ ਵਿਆਹ ਕਰ ਦੇਣਗੀਆਂ।"
"ਇਸ ਤਰ੍ਹਾਂ ਗੁਰਬਖ਼ਸ਼ ਸਿੰਘ ਦਾ ਰਿਸ਼ਤਾ ਉਨ੍ਹਾਂ ਦੇ ਜਨਮ ਤੋਂ ਪਹਿਲਾਂ ਹੀ ਪੱਕਾ ਹੋ ਗਿਆ ਸੀ। ਜਗਜੀਤ ਦਾ ਜਨਮ ਉਨ੍ਹਾਂ ਤੋਂ ਕੁਝ ਮਹੀਨੇ ਪਹਿਲਾਂ ਹੋਇਆ ਸੀ।"
ਪਰ ਗੁਰਬਖ਼ਸ਼ ਸਿੰਘ ਅਤੇ ਜਗਜੀਤ ਕੌਰ ਨੇ ਆਪਣੀਆਂ ਮਾਵਾਂ ਵੱਲੋਂ ਬੰਨ੍ਹੇ ਗਏ ਰਿਸ਼ਤੇ ਨੂੰ ਬਾਖ਼ੂਬੀ ਨਿਭਾਇਆ।
1975 ਵਿੱਚ ਜੀਤਾਂ ਦੀ ਮੌਤ ਤੋਂ ਬਾਅਦ ਗੁਰਬਖ਼ਸ਼ ਸਿੰਘ ਨੇ ਚਿੱਤਰਕਾਰ ਸੋਭਾ ਸਿੰਘ ਤੋਂ ਉਨ੍ਹਾਂ ਦੀ ਇੱਕ ਤਸਵੀਰ ਬਣਵਾਈ ਅਤੇ ਪ੍ਰੀਤਨਗਰ ਆਪਣੇ ਘਰ ਦੇ ਡਰਾਇੰਗ ਰੂਮ ਲਾਈ।
ਉਹ ਜਦੋਂ ਤੱਕ ਜਿਉਂਦੇ ਰਹੇ ਨਿੱਤ ਜੀਤਾਂ ਦੀ ਤਸਵੀਰ ਮੂਹਰੇ ਤਾਜ਼ਾ ਫ਼ੁੱਲ ਰੱਖਦੇ। ਪਰਿਵਾਰ ਨੇ ਇਹ ਸਿਲਸਿਲਾ ਹਾਲੇ ਤੱਕ ਵੀ ਬਾ-ਦਸਤੂਰ ਜਾਰੀ ਰੱਖਿਆ ਹੋਇਆ ਹੈ।
ਉਨ੍ਹਾਂ ਦੇ ਬੇਟੇ ਹਿਰਦੈਪਾਲ ਸਿੰਘ ਜੋ ਉਸ ਘਰ ਵਿੱਚ ਰਹਿੰਦੇ ਹਨ ਆਪਣੀ ਮਾਂ ਨੂੰ ਹਰ ਰੋਜ਼ ਆਪਣੇ ਪਿਤਾ ਦੀ ਪਾਈ ਰੀਤ ਅਨੁਸਾਰ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੰਦੇ ਹਨ।
ਪ੍ਰੀਤਨਗਰ ਵਸਾਉਣਾ
ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਪਿਆਰ ਦੇ ਅਹਿਸਾਸ ਬਾਰੇ ਲਿਖਿਆ ਅਤੇ ਇਸੇ ਜਜ਼ਬੇ ਵਿੱਚੋਂ ਹੀ ਪ੍ਰੀਤ ਸ਼ਬਦ ਦਾ ਜਨਮ ਹੋਇਆ ਜੋ ਉਨ੍ਹਾਂ ਦਾ ਲਿਖਤਾਂ ਅਤੇ ਰਿਹਾਇਸ਼ ਦਾ ਮੁੱਢ ਬਣਿਆ।
ਉਹ ਲਿਖਦੇ ਹਨ, "ਇਸ਼ਕ ਹੋ ਜਾਣਾ ਜ਼ਿੰਦਗੀ ਦੀ ਦਲੀਲੋਂ ਖ਼ਾਲ੍ਹੀ ਇੱਕੋ ਅਵਸਥਾ ਹੈ। ਹਰ ਹੋਣੀ ਦੀ ਕੋਈ ਦਲੀਲ ਹੁੰਦੀ ਹੈ, ਕੋਈ ਉਹ ਦਾ ਕਾਰਨ ਦਿੱਸਦਾ ਹੈ ਪਰ ਇਸ਼ਕ ਦਾ ਅਚਾਨਕ ਉੱਤਰ ਆਉਣਾ ਅਲੌਕਿਕ ਹੀ ਆਖਿਆ ਜਾ ਸਕਦਾ ਹੈ।"
ਇਸੇ ਅਹਿਸਾਸ ਵਿੱਚੋਂ ਉਨ੍ਹਾਂ ਪ੍ਰੀਤਨਗਰ ਦਾ ਸੁਫ਼ਨਾ ਦੇਖਿਆ ਸੀ। ਜਿਸ ਵਿੱਚ ਜਿੰਨੇ ਵੀ ਘਰ ਹਨ ਉਨ੍ਹਾਂ ਦੀਆਂ ਬਾਹਰੀ ਕੰਧਾਂ ਨਹੀਂ ਹਨ। ਹਾਲਾਂਕਿ ਸਮੇਂ ਦੇ ਨਾਲ ਹੁਣ ਬਹੁਤ ਕੁਝ ਬਦਲ ਚੁੱਕਿਆ ਹੈ।
ਗੁਰਬਖ਼ਸ਼ ਸਿੰਘ ਦੇ ਬੇਟੇ ਹਿਰਦੈਪਾਲ ਸਿੰਘ 92 ਸਾਲ ਦੀ ਉਮਰ ਵਿੱਚ ਵੀ ਆਪਣੇ ਪਿਤਾ ਦੇ ਵਸਾਏ ਪ੍ਰੀਤਨਗਰ ਵਿੱਚ ਰਹਿ ਰਹੇ ਹਨ।
ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨਾਲ ਗੱਲ ਕਰਦਿਆਂ ਉਹ ਪ੍ਰੀਤਨਗਰ ਬਾਰੇ ਕਹਿੰਦੇ ਹਨ, "ਲਾਹੌਰ 16 ਕਿਲੋਮੀਟਰ ਦੂਰ ਹੈ ਅਤੇ ਅੰਮ੍ਰਿਤਸਰ 25 ਕਿਲੋਮੀਟਰ ਦੂਰ ਹੈ। ਗੁਰਬਖ਼ਸ਼ ਸਿੰਘ ਨੇ ਇੱਕ ਵਿਰਾਨ ਜਗ੍ਹਾ 1938 ਵਿੱਚ ਲਈ ਸੀ ਜਿੱਥੇ 8 ਘਰਾਂ ਵਿੱਚ 16 ਪਰਿਵਾਰ ਆ ਕੇ ਵਸੇ। ਸਾਰੇ ਇੱਕੋ ਥਾਂ ਰੋਟੀ ਬਣਾਉਂਦੇ ਸਨ।"
"ਬਲਰਾਜ ਸਾਹਨੀ, ਸੋਭਾ ਸਿੰਘ ਅਤੇ ਨਾਨਕ ਸਿੰਘ ਵੀ ਇਸ ਨਗਰ ਆ ਕੇ ਵਸੇ। ਬਲਵੰਤ ਗਾਰਗੀ ਨੇ ਆਪਣਾ ਮਸ਼ਹੂਰ ਨਾਟਕ ਲੋਹਾ ਕੁੱਟ ਪਹਿਲੀ ਵਾਰ ਇੱਥੇ ਹੀ ਖੇਡਿਆ ਸੀ।"
ਮਹੀਨੇ ਦੇ ਹਰ ਤੀਸਰੇ ਬੁੱਧਵਾਰ ਇੱਥੇ ਹਾਲੇ ਵੀ ਨਾਟਕ ਖੇਡੇ ਜਾਂਦੇ ਹਨ।
"ਉਨ੍ਹਾਂ ਦੀ ਸੋਚ ਸੀ ਕਿ ਪ੍ਰੀਤਨਗਰ ਸਭ ਲਈ ਇੱਕ ਬਰਾਬਰਤਾ ਦੀ ਥਾਂ ਹੋਵੇਗੀ। ਉਨ੍ਹਾਂ ਦਾ ਇਹ ਅਹਿਸਾਸ ਬਹੁਤ ਪ੍ਰਪੱਕ ਸੀ ਕਿ ਜੇ ਸਾਰੀ ਦੁਨੀਆਂ ਸਾਂਝੀ ਹੋ ਸਕੇ ਤਾਂ ਕਿਉਂ ਨਾ ਕੀਤੀ ਜਾਵੇ।"
"ਇਸੇ ਲਈ ਪ੍ਰੀਤਨਗਰ ਵਿੱਚ ਨਾ ਕੋਈ ਗੁਰਦੁਆਰਾ ਸੀ, ਨਾ ਕੋਈ ਮੰਦਰ ਸੀ ਤੇ ਨਾ ਮਸਜਿਦ, ਇੱਥੇ ਵਸਣ ਵਾਲਿਆਂ ਦਾ ਸਾਂਝਾ ਧਰਮ ਸੀ ਪ੍ਰੀਤ ਦਾ। ਸੁੱਚੇ ਦਿਲ ਦਾ।"
ਹਿਰਦੈਪਾਲ ਸਿੰਘ ਦੱਸਦੇ ਹਨ, “ਉਨ੍ਹਾਂ ਨੇ ਜ਼ਿੰਦਗੀ ਭਰ ਉਨ੍ਹਾਂ ਲੋਕਾਂ ਨੂੰ ਯਾਦ ਰੱਖਿਆ ਜਿਨ੍ਹਾਂ ਨੇ ਕਦੇ ਉਨ੍ਹਾਂ ਦੀ ਮਦਦ ਕੀਤੀ ਸੀ। ਉਹ ਹਮੇਸ਼ਾ ਕਹਿੰਦੇ ਸਨ ਕਿ ਮੈਂ ਜੋ ਕੁਝ ਵੀ ਹਾਂ ਉਹ ਸਾਥ ਦੇਣ ਵਾਲੇ ਲੋਕਾਂ ਸਦਕਾ ਹੀ ਹਾਂ।"
"ਪਰ ਪ੍ਰੀਤਨਗਰ ਵਿੱਚ ਰਹਿਣ ਵਾਲਿਆਂ ਨੇ ਵੰਡ ਦੌਰਾਨ ਕਤਲੇਆਮ ਵੀ ਦੇਖਿਆ। ਪ੍ਰੀਤਲੜੀ ਦਾ ਪਰਿਵਾਰ ਵੀ 1945 ਵਿੱਚ ਪ੍ਰੀਤਨਗਰ ਛੱਡ ਕੇ ਦਿੱਲੀ ਚਲਿਆ ਗਿਆ ਸੀ।"
"ਇਹ ਉਹ ਸਮਾਂ ਸੀ ਜਦੋਂ ਉਹ ਕਹਿੰਦੇ ਸਨ 'ਮੇਰੇ ਸੁਫ਼ਨੇ ਖੰਡਰ ਹੋ ਗਏ। ਪਰ ਅਸੀਂ ਮੰਨਦੇ ਹਾਂ ਕਿ ਪ੍ਰੀਤਨਗਰ ਸੁੱਤਾ ਜ਼ਰੂਰ ਸੀ ਮਰਿਆ ਨਹੀਂ ਸੀ।"
"ਉਹ ਕਹਿੰਦੇ ਸਨ 'ਸੰਸਾਰ ਪ੍ਰੀਤ ਮੰਡਲ ਹੈ' ਇਸੇ ਵਿੱਚੋਂ ਪ੍ਰੀਤਲੜੀ ਰਸਾਲਾ ਸ਼ੁਰੂ ਹੋਇਆ। ਪ੍ਰੀਤਲੜੀ ਨੂੰ ਚਲਦਿਆਂ 95 ਤੋਂ ਵੱਧ ਸਾਲ ਹੋ ਗਏ ਹਨ ਅਤੇ ਹਾਲੇ ਤੱਕ ਇਹ ਸਫ਼ਰ ਜਾਰੀ ਹੈ।"
ਜ਼ਿਕਰਯੋਗ ਹੈ ਕਿ 1977 ਵਿੱਚ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਮੌਤ ਤੋਂ ਬਾਅਦ ਇਹ ਮੈਗਜ਼ੀਨ ਉਨ੍ਹਾਂ ਦੇ ਪੁੱਤ ਨਵਤੇਜ ਸਿੰਘ ਨੇ ਕੱਢਣਾ ਜਾਰੀ ਰੱਖਿਆ ਅਤੇ ਫ਼ਿਰ ਪੋਤਰੇ ਸੁਮੀਤ ਸਿੰਘ ਨੇ ਤੇ ਹੁਣ ਇਸ ਨੂੰ ਉਨ੍ਹਾਂ ਦੇ ਪੋਤੇ ਰਤੀਕਾਂਤ ਅਤੇ ਪੋਤਨੂੰਹ ਪੂਨਮ ਸਿੰਘ ਦੇਖਦੇ ਹਨ।
ਹਿਰਦੈਪਾਲ ਸਿੰਘ ਦੱਸਦੇ ਹਨ ਕਿ ਗੁਰਬਖ਼ਸ਼ ਸਿੰਘ ਨੇ ਪੰਜਾ ਸਾਹਿਬ ਗੁਰਦੁਆਰਾ ਬਣਵਾਉਣ ਵਿੱਚ ਯੋਗਦਾਨ ਪਾਇਆ ਸੀ।
ਮਨੁੱਖੀ ਭਾਵਾਂ ਵਿੱਚ ਗੜੁੱਚ ਲਿਖਤਾਂ
ਪਹਿਲਾਂ ਅਮਰੀਕਾ ਵਿੱਚ ਰਹਿੰਦਿਆਂ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਅੰਗਰੇਜ਼ੀ ਵਿੱਚ ਲਿਖਣਾ ਸ਼ੁਰੂ ਕੀਤਾ। ਪਰ ਉੱਥੇ ਹੀ ਉਨ੍ਹਾਂ ਨੂੰ ਕਿਸੇ ਨੇ ਆਪਣੀ ਮਾਂ ਬੋਲੀ ਵਿੱਚ ਲਿਖਣ ਦੀ ਸਲਾਹ ਦਿੱਤੀ।
ਫ਼ਿਰ ਭਾਰਤ ਆ ਕੇ ਪ੍ਰੀਤਲੜੀ ਪੰਜਾਬੀ ਵਿੱਚ ਲਿਖਣ ਲੱਗੇ। 1940 ਵਿੱਚ ਉਨ੍ਹਾਂ ਨੇ ਬਾਲ ਸੰਦੇਸ਼ ਨਾਮ ਦਾ ਮਹੀਨਾਵਰ ਪਰਚਾ ਸ਼ੁਰੂ ਕੀਤਾ।
ਪ੍ਰੀਤਲੜੀ ਪੰਜਾਬੀ ਵਿੱਚ ਜੀਵਨ ਜਾਚ ਸਿਖਾਉਣ ਬਾਰੇ ਨਿਬੰਧ ਲਿਖਣ ਲਈ ਵੀ ਜਾਣੇ ਗਏ। ਉਨ੍ਹਾਂ ਦੀਆਂ ਨਿਬੰਧਾਂ ਦੀਆਂ ਕਿਤਾਬਾਂ ਸਾਵੀਂ ਪੱਧਰੀ ਜ਼ਿੰਦਗੀ, ਪ੍ਰਸੰਨ ਲੰਮੀ ਉਮਰ, ਸਵੈ-ਪੂਰਨਤਾ ਦੀ ਲਗਨ, ਨਵਾਂ ਸ਼ਿਵਾਲਾ, ਜ਼ਿੰਦਗੀ ਦੀ ਰਾਸ ਅੱਜ ਵੀ ਪਾਠਕ ਪਸੰਦ ਕਰਦੇ ਹਨ।
ਔਰਤਾਂ ਦੇ ਭਾਵਾਂ ਨੂੰ ਪ੍ਰਗਾਉਂਦੀਆਂ ਉਨ੍ਹਾਂ ਦੀ ਕਹਾਣੀਆਂ ਭਾਬੀ ਮੈਨਾ, ਨਾਗ ਪ੍ਰੀਤ ਦਾ ਜਾਦੂ, ਵੀਣਾ ਵਿਨੋਦ, ਪ੍ਰੀਤਾਂ ਦੀ ਪਹਿਰੇਦਾਰ, ਪ੍ਰੀਤ ਕਹਾਣੀਆਂ, ਸ਼ਬਨਮ, ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ ਮੌਜੂਦਾ ਸਮੇਂ ਦੇ ਹਾਣ ਦੀਆਂ ਹਨ।
ਇਸ ਤੋਂ ਇਲਾਵਾ ਪ੍ਰੀਤਲੜੀ ਦਾ ਨਾਟਕ ਰਾਜਕੁਮਾਰੀ ਲਤਿਕਾ ਬੇਹੱਦ ਮਕਬੂਲ ਹੋਇਆ।
ਬਾਲ ਸਾਹਿਤ ਵਿੱਚ ਗੁਲਾਬੀ ਐਨਕਾਂ, ਪਰੀਆਂ ਦੀ ਮੋਰੀ, ਗੁਲਾਬੋ, ਮੁਰਾਦਾਂ ਪੂਰੀਆਂ ਕਰਨ ਵਾਲਾ ਖੂਹ, ਜੁੱਗਾਂ ਪੁਰਾਣੀ ਗੱਲ ਵੀ ਲਿਖੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ